ਦੋਸਤੋ ਮੀਡੀਆ ਆਦਿ ਕਾਲ ਤੋਂ ਹੀ ਮਨੁੱਖ ਦੇ ਨਾਲ-ਨਾਲ ਰਿਹਾ ਹੈ। ਜਦੋਂ ਵੀ ਕਿਸੇ ਵਿਅਕਤੀ ਨੇ ਆਪਣੀ ਗੱਲ (ਆਪਣੇ ਮਨ ਦੇ ਭਾਵ) ਦੂਸਰਿਆਂ ਨਾਲ ਸਾਂਝੀ ਕਰਨੀ ਚਾਹੀ ਤਾਂ ਕੋਈ ਨਾ ਕੋਈ ਮਾਧਿਅਮ ਵਰਤਿਆ ਹੀ ਗਿਆ ਚਾਹੇ ਉਹ ਅੰਗਾਂ ਦੇ ਇਸ਼ਾਰੇ ਹੋਣ ਧਰਤੀ ਤੇ ਵਾਹੀਆਂ ਲਕੀਰਾਂ ਹੋਣ ਜਾਂ ਆਪਣੀ ਜੁਬਾਨ ਹੀ ਕਿਉਂ ਨਾ ਵਰਤੀ ਗਈ ਹੋਵੇ। ਵਿਦਵਾਨ ਇਸ ਗੱਲ ਨਾਲ ਇਕਮੱਤ ਹਨ ਕਿ ਬਾਕੀ ਜੀਵਾਂ ਵਾਂਗ ਮਨੁੱਖ ਨੂੰ ਵੀ ਜੀਭ ਕੁਦਰਤ ਨੇ ਖਾਣਾ ਖਾਣ ਲਈ ਦਿੱਤੀ ਸੀ ਪਰ ਇਸ ਨੇ ਆਪਣੀ ਯੋਗਤਾ ਨਾਲ ਬਾਅਦ ਵਿਚ ਇਸ ਨੂੰ ਵਿਚਾਰ ਪ੍ਰਗਟਾਵੇ (ਭਾਸ਼ਾ/ਬੋਲੀ) ਦਾ ਸਾਧਨ ਬਣਾ ਲਿਆ। ਤੁਹਾਡੀ ਜੁਬਾਨ, ਤੁਹਾਡੇ ਬੋਲ, ਮੁਢਲਾ ਅਤੇ ਮੁੱਖ ਮਾਧਿਅਮ ਬਣੇ ਤੁਹਾਡੇ ਵਿਚਾਰ ਪ੍ਰਗਟਾਵੇ ਦਾ। ਲੋੜ ਅਨੁਸਾਰ ਇਹਨਾਂ ਵਿਚ ਤਬਦੀਲੀ ਆਉਂਦੀ ਗਈ। ਲੋਕ ਜਿਆਦਾ ਇਕੱਠੇ ਹੋ ਗਏ ਤਾਂ ਮਾਈਕ ਸਪੀਕਰ ਵਰਗੇ ਯੰਤਰਾਂ ਦੇ ਮੁਢਲੇ ਰੂਪ ਵਰਤੇ ਗਏ। ਸਰੋਤੇ ਦੂਰ ਹੋਏ ਤਾਂ ਸੋਚੇ ਸ਼ਬਦਾਂ ਨੂੰ ਲਿਖਤੀ ਰੂਪ ਦੇ ਕੇ ਚਿੱਠੀਆਂ ਰੁੱਕਿਆਂ ਦੇ ਰੂਪ ਵਿਚ ਪ੍ਰਗਾਇਆ ਗਿਆ।
ਘੇਰਾ ਵਧਣ ਨਾਲ, ਗਿਣਤੀ ਵਧਣ ਨਾਲ ਅਤੇ ਉਦੇਸ਼ ਬਦਲਣ ਨਾਲ ਮੀਡੀਆ ਦੇ ਰੂਪ ਵੀ ਬਦਲਦੇ ਗਏ। ਵਿਗਿਆਨਕ ਤਰੱਕੀ ਨਾਲ ਅਖਬਾਰਾਂ, ਰੇਡੀਓ, ਟੀ. ਵੀ. ਅਤੇ ਹੁਣ ਇੰਟਰਨੈੱਟ, ਕੰਪਿਊਟਰ, ਮੋਬਾਇਲ ਫੋਨ ਸੰਚਾਰ ਦੇ ਨਵੇਂ ਤੇਜ ਤਰਾਰ ਸਾਧਨ ਵੱਡੇ ਪੱਧਰ ਤੇ ਆਪਣਾ ਰੋਲ ਅਦਾ ਕਰ ਰਹੇ ਹਨ। ਸਵਾਲ ਇਹ ਹੈ ਕਿ ਮੀਡੀਆ ਕੀ ਰੋਲ ਅਦਾ ਕਰ ਰਿਹਾ ਹੈ। ਦੋਸਤੋ ਜਦੋਂ ਤੱਕ ਤਾਂ ਜਾਗੀਰਦਾਰੀ ਵਿਵਸਥਾ ਕਾਇਮ ਰਹੀ, ਰਾਜਸ਼ਹੀਆਂ ਦਾ ਦੌਰ ਰਿਹਾ ਉਦੋਂ ਤੱਕ ਤਾਂ ਹਰ ਕਿਸਮ ਦਾ ਮੀਡੀਆ ਇਕ ਹੀ ਰੋਲ ਅਦਾ ਕਰਦਾ ਰਿਹਾ ਉਪਰਲਿਆਂ ਗੱਲ ਹੇਠਲਿਆਂ ਨੂੰ ਦੱਸਣੀ ਬੱਸ। ਪਰ ਜਦੋਂ ਸਰਮਾਏਦਾਰੀ ਦੌਰ ਸ਼ੁਰੂ ਹੋਇਆ ਰਾਜਸ਼ਾਹੀਆਂ ਦੀ ਥਾਂ ਲੋਕਤੰਤਰ ਨੇ ਲਈ ਤਾਂ ਹੇਠਲੀਆਂ ਜਮਾਤਾਂ ਦੀ ਗੱਲ ਉੱਪਰ ਵੀ ਜਾਣ ਲੱਗੀ ਇੰਝ ਮੀਡੀਆ ਦਾ ਰੋਲ ਦੋ ਤਰਫਾ ਹੋ ਗਿਆ। ਮਨੁੱਖੀ ਸਮਾਜ ਵਿੱਚ ਆਏ ਸੁਧਾਰ, ਇਨਕਲਾਬ ਅਤੇ ਕ੍ਰਾਂਤੀਆਂ ਦੀ ਸਫਲਤਾ ਵਿੱਚ ਮੀਡੀਆ ਨੇ ਬੜੀ ਅਹਿਮ ਭੂਮਿਕਾ ਨਿਭਾਈ ਹੈ। ਤੁਸੀਂ ਇਹ ਗੱਲ ਭਲੀ ਭਾਂਤ ਜਾਣਦੇ ਹੋਵੋਗੇ ਕਿ 1879-80 ਵਿੱਚ ਅੰਗਰੇਜ਼ਾਂ ਖਿਲਾਫ ਪੰਜਾਬ ਵਿੱਚ ਸ਼ੁਰੂ ਹੋਏ ਪਹਿਲੇ ਵਿਦਰੋਹ ਦੌਰਾਨ ਬਾਬਾ ਰਾਮ ਸਿੰਘ ਜੀ ਦੀ ਅਗਵਾਈ ਵਿੱਚ ਕੂਕਿਆਂ ਨੇ ਆਪਣਾ ਹੀ ਮੀਡੀਆ (ਡਾਕ ਸਿਸਟਮ) ਖੜਾ ਕੀਤਾ ਸੀ। ਉਹ ਇਸ ਨੂੰ ਵਿਦਰੋਹ ਦੇ ਇਕ ਜਰੂਰੀ ਹਥਿਆਰ ਵਜੋਂ ਸਮਝਦੇ ਅਤੇ ਵਰਤਦੇ ਸਨ। ਉਹ ਖੁਦ ਆਪਣੇ ਸਾਧਨਾਂ (ਘੋੜਿਆਂ) ਰਾਹੀਂ ਚਿੱਠੀਆਂ ਇਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਂਦੇ ਸਨ ਤਾਂ ਜੋ ਉਹਨਾਂ ਦੀ ਯੋਜਨਾ ਦਾ ਅੰਗਰੇਜ਼ਾਂ ਨੂੰ ਪਤਾ ਨਾ ਲੱਗ ਸਕੇ।
ਸਾਡਾ ਸਰੋਕਾਰ ਅੱਜ ਦੇ ਸਮੇਂ ਵਿੱਚ ਮੀਡੀਆ ਦੇ ਰੋਲ ਬਾਰੇ ਹੈ। ਦੋਸਤੋ ਇਹ ਗੱਲ ਤਾਂ ਸਰਵਪ੍ਰਵਾਨਤ ਹੈ ਕਿ ਲੋਕਤੰਤਰੀ ਵਿਵਸਥਾ ਵਿਚ ਉਸੇ ਮੀਡੀਆ ਨੂੰ ਚੰਗਾ ਮੀਡੀਆ ਮੰਨਿਆ ਜਾਂਦਾ ਹੈ ਜੋ ਸਥਾਪਤੀ ਦੇ ਖਿਲਾਫ ਲੋਕ ਸੰਘਰਸ਼ ਨੂੰ, ਲੋਕ ਮੁੱਦਿਆਂ ਨੂੰ ਉਭਾਰਦਾ ਹੈ। ਦੂਜੇ ਪਾਸੇ ਅਸੀਂ ਵੇਖਦੇ ਹਾਂ ਕਿ ਸਰਕਾਰਾਂ ਨੇ ਮੀਡੀਆ ਦੀ ਤਾਕਤ ਨੂੰ ਸਮਝ ਲਿਆ ਹੈ ਤੇ ਹੁਣ ਉਹਨਾਂ ਦਾ ਬਹੁਤਾ ਜੋਰ ਇਸ ਧਿਰ ਨੂੰ ਆਪਣੇ ਪੱਖ ਵਿੱਚ ਭੁਗਤਾਉਣ (ਨੀਤੀਆਂ ਬਣਾ ਕੇ ਅਤੇ ਪੈਸਾ ਖਰਚ ਕੇ) ਵਿੱਚ ਲੱਗਦਾ ਹੈ। ਦੂਸਰੇ ਪਾਸੇ ਮੀਡੀਆ ਵੀ ਇਕ ਦਵੰਦ ਵਿਚ ਰਹਿੰਦਾ ਹੈ, ਉਸਦਾ ਜੀਵਨ ਲੋਕਾਂ ਦੇ ਹਿੱਤ ਵਿੱਚ ਭੁਗਤ ਕੇ ਬਣਦਾ ਹੈ ਪਰ ਉਸਦਾ ਫਾਇਦਾ ਸਥਾਪਤੀ ਨਾਲ ਰਲ ਕੇ ਚੱਲਣ ਵਿੱਚ ਹੁੰਦਾ ਹੈ। ਮੀਡੀਆ ਸਮਾਜ ਵਿੱਚ ਆਪਣੀ ਸਾਰਥਕਤਾ ਤਾਂ ਹੀ ਬਣਾ ਸਕਦਾ ਹੈ ਜੇਕਰ ਉਹ ਨਿਰਪੱਖ ਅਤੇ ਬੈਲੇਂਸ ਚਾਲ ਚੱਲਦਾ ਹੈ ਤਾਂ। ਮੀਡੀਆ ਦੀ ਨਿਰਪੱਖਤਾ ਉਸਦੀ ਆਜ਼ਾਦ ਹੋਂਦ ਵਿਚ ਪਈ ਹੁੰਦੀ ਹੈ, ਦੂਜੇ ਪਾਸੇ ਅੱਜ ਸਥਿਤੀ ਇਹ ਹੈ ਕਿ ਰਾਜਨੀਤਕ ਪਾਰਟੀਆਂ ਅਤੇ ਸਰਕਾਰਾਂ ਮੀਡੀਆ ਨੂੰ ਖਰੀਦ ਹੀ ਲੈਂਦੀਆਂ ਹਨ ਅਤੇ ਫਿਰ ਮੀਡੀਆ ਰਾਹੀਂ ਹੀ ਆਪਣੇ ਹੱਕ ਵਿਚ ਲੋਕ ਰਾਇ ਬਣਾਈ ਰੱਖਦੀਆਂ ਹਨ। ਅਜੋਕੇ ਸਮੇਂ ਵਿਚ ਨਿਆਂ ਪਾਲਿਕਾ ਸਮੇਤ ਮੀਡੀਆ ਤੇ ਵੀ ਵਿਕਾਊ ਅਤੇ ਇਕ ਪਾਸੜ ਸੋਚ ਵਾਲਾ ਬਣ ਜਾਣ ਦਾ ਦੋਸ਼ ਲਗਦਾ ਹੈ।
ਦੂਸਰੇ ਪਾਸੇ ਇਕ ਪੱਖ ਸਾਰਥਕ ਸੋਚ ਵਾਲਾ ਇਹ ਹੈ ਕਿ ਮੀਡੀਆ ਦੀ ਬਹੁਤਾਤ ਨੇ, ਇੰਟਰਨੈੱਟ ਨੇ, ਮੀਡੀਆ ਤੇ ਕਿਸੇ ਇਕ ਧਿਰ ਦਾ ਕੰਟਰੌਲ ਸੌਖਾ ਨਹੀਂ ਰਹਿਣ ਦਿੱਤਾ। ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਬਣ ਗਿਆ ਹੈ ਜਿਥੋਂ ਆਮ ਲੋਕ ਆਪਣੀ ਆਵਾਜ਼ ਵੀ ਉਠਾ ਰਹੇ ਹਨ। ਬਹੁਤ ਸਾਰੇ ਲੋਕ ਮੁੱਦਿਆ ਤੇ ਸੋਸ਼ਲ ਮੀਡੀਆ ਨੇ ਬੜੀ ਅਹਿਮ ਭੁਮਿਕਾ ਨਿਭਾਈ ਹੈ। ਸੰਖੇਪ ਵਿਚ ਕਹਿਣਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਤੱਕ ਲੋਕ ਸੁਚੇਤ ਚੇਤੰਨ ਹੋਣਗੇ ਸਰਕਾਰਾਂ ਅਤੇ ਸਮਾਜ ਵਿਰੋਧੀ ਆਨਸਰ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ਪਰ ਜਦੋਂ ਲੋਕ ਹੀ ਕਿਸੇ ਭਰਮ ਵਿਚ ਫਸ ਜਾਣ ਤਾਂ ਫਿਰ ਉਹਨਾਂ ਨੂੰ ਕਿਸੇ ਧੁਤੂ ਦੀ ਆਵਾਜ਼ ਨਹੀਂ ਜਗਾ ਸਕਦੀ ਜਿਵੇਂ ਤੁਸੀਂ ਅੱਜ ਸਾਡੇ ਦੇਸ਼ ਵਿਚ ਵੇਖ ਰਹੇ ਹੋ ਕਿ ਬਹੁਤੇ ਲੋਕ ਕੱਟੜ ਧਾਰਮਿਕ ਹਿੰਦੂ ਸੋਚ ਦੇ ਗਿਲਾਫ ਦੇ ਪ੍ਰਭਾਵ ਵਿਚ ਆ ਕੇ ਭਾਜਪਾਈ ਸੋਚ ਅਧੀਨ ਦੇਸ਼ ਦੇ ਆਰਥਿਕ ਮੁੱਦਿਆਂ/ਨੁਕਸਾਨ ਨੂੰ ਅਣਡਿੱਠ ਕਰੀ ਜਾ ਰਹੇ ਹਨ। ਅਜੋਕੀ ਸਰਕਾਰ ਮੀਡੀਆ ਨੂੰ ਇਸ ਪ੍ਰਕਾਰ ਦੇ ਪ੍ਰਚਾਰ ਲਈ ਮੁੱਦੇ ਦੇਂਦੀ ਹੈ ਜਿੰਨਾ ਦੀ ਕਾਵਾਂ ਰੌਲੀ ਵਿਚ ਉਹਨਾਂ ਦੀਆਂ ਦੇਸ਼ ਨੂੰ ਵੇਚਣ ਵਾਲੀਆਂ ਨੀਤੀਆਂ ਦਾ ਪਤਾ ਹੀ ਨਾ ਚੱਲੇ।
ਮੀਡੀਆ ਦਾ ਕੰਮ ਹੁੰਦਾ ਹੈ ਸੂਚਨਾਵਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣਾ। ਇਕ ਥਾਂ ਤੋਂ ਦੂਜੀ ਜਾਂਦੀ ਸੂਚਨਾ ਨੂੰ ਮੀਡੀਆ ਦੀ ਦੁਨੀਆਂ ਆਪਣਾ ਹੀ ਰੰਗ ਦੇ ਦੇਂਦੀ ਹੈ। ਲੋਕ ਰਾਤ ਨੂੰ ਸੌਂਦੇ ਹਨ ਤੇ ਸਵੇਰੇ ਜਾਗਕੇ ਅਖਬਾਰਾਂ ਅਤੇ ਟੀ. ਵੀ. ਰਾਹੀਂ ਜੋ ਕੁਝ ਸੁਣਦੇ ਹਨ ਉਸ ਬਾਰੇ ਚਰਚਾ ਕਰਨੀ ਸ਼ੁਰੂ ਕਰ ਦਿੰਦੇ ਹਨ ਉਹ ਖਬਰ ਦੇ ਸੱਚ ਝੂਠ ਬਾਰੇ ਨਹੀਂ ਚਰਚਾ ਕਰਦੇ ਸਗੋਂ ਸਹੀ ਗਲਤ ਜਾਂ ਚੰਗੀ ਮਾੜੀ ਬਾਰੇ ਹੀ ਸੋਚਦੇ ਵਿਚਾਰਦੇ ਹਨ। ਸਾਡੇ ਸਮਾਜ ਦੀ ਕਮਜੋਰੀ ਇਹ ਹੈ ਕਿ ਇਨਾਂ ਕੋਲ ਮੌਲਿਕ ਚਿੰਤਨ ਦੀ ਪਿਰਤ ਨਹੀਂ ਹੈ ਸਗੋਂ ਜੋ ਕੁਝ ਮੀਡੀਏ ਰਾਹੀਂ ਸਾਨੂੰ ਮਿਲਦਾ ਹੈ ਅਸੀਂ ਉਸੇ ਅਨੁਸਾਰ ਵਿਵਹਾਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਮੀਡੀਆ ਅਤੇ ਸਰਕਾਰਾਂ ਸਾਡੀ ਇਸ ਕਮਜੋਰੀ ਦਾ ਫਇਦਾ ਉਠਾਂਦੇ ਹਨ। ਉਹ ਆਪਣੀ ਮਰਜੀ ਦਾ ਪਰੋਸਦੇ ਹਨ ਤੇ ਅਸੀਂ ਉਹਨਾਂ ਅਨੁਸਾਰ ਜੁਗਾਲੀ ਕਰਨੀ ਸ਼ੁਰੂ ਕਰ ਦਿੰਦੇ ਹਾਂ। ਇੰਝ ਸਾਡੇ ਵਰਗੇ ਲਾਈਲੱਗ ਸਮਾਜ ਵਿੱਚ ਮੀਡੀਏ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ।
ਅੱਜ ਦੇ ਦੌਰ ਵਿੱਚ ਮੀਡੀਏ ਦਾ ਸੱਚ ਇਹ ਹੈ ਕਿ ਇਹ ਇਕ ਕਾਰੋਪਰੇਟ ਬਾਜ਼ਾਰ/ਬਿਜ਼ਨਿਸ ਦਾ ਰੂਪ ਧਾਰ ਚੁੱਕਾ ਹੈ। ਹੁਣ ਜਦੋਂ ਲੋਕ ਹਿੱਤ ਵਿਚ ਚੱਲਣ ਵਾਲੀਆਂ ਲਹਿਰਾਂ ਤਕਰੀਬਨ ਖਤਮ ਹੋ ਚੁੱਕੀਆਂ ਹਨ ਤਾਂ ਵਪਾਰਕ ਘਰਾਣਿਆਂ ਨੇ ਮੀਡੀਆ ਰਾਹੀਂ ਸਨਸਨੀ ਫੈਲਾ ਕੇ ਲੋਕਾਂ ਦੀ ਭਾਵਨਾਤਮਿਕ ਲੁੱਟ ਕਰਨੀ ਸ਼ੁਰੂ ਕਰ ਦਿੱਤੀ ਹੈ। ਕਾਰੋਬਾਰੀ ਲੋਕਾਂ ਨੇ ਆਪਣੇ ਸਮਾਨ ਦੀ ਵਿੱਕਰੀ ਲਈ ਮੀਡੀਆ ਨੂੰ ਪ੍ਰਮੁੱਖਤਾ ਦਿੱਤੀ ਹੈ। ਅੱਜ ਦਾ ਅਖਬਾਰ ਪਾਠਕਾਂ ਦੇ ਪੈਸਿਆਂ ਨਾਲ ਨਹੀਂ ਚੱਲਦਾ ਬਲਕਿ ਅਖਬਾਰ ਨੂੰ ਮਿਲਦੇ ਇਸ਼ਤਿਹਾਰ ਦੀ ਕਮਾਈ ਕਰਕੇ ਚੱਲਦਾ ਹੈ। ਸੋ ਅਖਬਾਰਾਂ ਵਾਲੇ ਉਹੀ ਖਬਰਾਂ ਲਗਾਉਣਗੇ ਜੋ ਉਹਨਾਂ ਦੇ ਆਕਾਵਾਂ ਦੇ ਹੱਕ ਵਿੱਚ ਜਾਣਗੀਆਂ ਬਾਕੀ ਤੇ ਸੈਂਸਰ ਲੱਗ ਜਾਵੇਗਾ। ਇੰਝ ਇਕ ਨੀਤੀ ਤਹਿਤ ਖਬਰਾਂ ਚੱਲਦੀਆਂ ਹਨ। ਲੋਕਾਂ ਵਿੱਚ ਆਪਣੀ ਥਾਂ ਬਣਾਈ ਰੱਖਣ ਲਈ ਕਈ ਵਾਰ ਲੋਕ ਹਿੱਤ ਦੀਆਂ ਖਬਰਾਂ ਨੂੰ ਪ੍ਰਸਾਰਿਤ ਕਰਨਾ ਮੀਡੀਆ ਦੀ ਮਜਬੂਰੀ ਵੀ ਬਣ ਜਾਂਦੀ ਹੈ।
ਇਕ ਗੱਲ ਧਿਆਨ ਨਾਲ ਸੋਚਣ ਵਾਲੀ ਹੈ ਕਿ ਹੁਣ ਮੀਡੀਆ ਬਹੁਤ ਤਾਕਤਵਰ ਬਣ ਚੁੱਕਾ ਹੈ। ਰਾਜਨੀਤੀ ਦੇ ਸਿਆਣੇ ਲੋਕਾਂ ਨੇ ਇਸ ਨੂੰ ਲੋਕਤੰਤਰ ਦਾ ਚੌਥਾ ਥੰਮ ਦੱਸਿਆ ਸੀ ਪਰ ਅੱਜ ਇਹ ਸਭ (ਵਿਧਾਨ ਪਾਲਿਕਾ, ਕਾਰਜ ਪਾਲਿਕਾ ਅਤੇ ਨਿਆਂ ਪਾਲਿਕਾ) ਤੋਂ ਵੱਧ ਤਾਕਤਵਰ ਬਣ ਚੁੱਕਾ ਹੈ ਰਾਜਨੀਤੀ ਅਤੇ ਆਰਥਿਕਤਾ ਦਾ ਸਟੇਅਰਿੰਗ ਇਸ ਦੇ ਹੱਥ ਵਿਚ ਹੋਣ ਕਰਕੇ ਰਾਜਨੀਤਕ ਅਤੇ ਆਰਥਿਕ ਸੰਸਥਾਵਾਂ ਵੀ ਇਸ ਦੀ ਤਾਕਤ ਨੂੰ ਮੰਨਦੀਆਂ ਹਨ। ਤੁਹਾਡੇ ਹੱਥ ਵਿਚਲੇ ਫੋਨ ਨੇ ਤੁਹਾਡੀ ਹਰ ਗੱਲ ਜੋ ਸ਼ਾਇਦ ਤੁਹਾਨੂੰ ਵੀ ਪਤਾ ਨਹੀਂ ਹੈ, ਉਹ ਵਿਵਸਥਾ ਨੂੰ ਦੱਸ ਦਿੱਤੀ ਹੈ। ਤੁਹਾਡਾ ਸਰੀਰ ਤੇ ਮਨ ਮੀਡੀਆ ਜਾਣਦਾ ਹੈ, ਉਹ ਵੀ ਬੜੀ ਬਾਰੀਕੀ ਨਾਲ। ਇਕ ਸਮਾਂ ਸੀ ਤਾਕਤਵਰ ਲੋਕ ਇਕ ਥਾਂ ਤੋਂ ਦੂਸਰੀ ਥਾਂ ਤੇ ਜਾ ਕੇ ਲੋਕਾਂ ਨੂੰ ਕੰਟਰੌਲ ਕਰਕੇ ਆਪਣੇ ਹਿੱਤ ਵਿੱਚ ਵਰਤਦੇ ਸਨ ਪਰ ਮੀਡੀਆ ਨੇ ਹੁਣ ਕਿਤੇ ਜਾਣ ਦੀ ਨੌਬਤ ਹਟਾ ਦਿੱਤੀ ਹੈ, ਤੁਸੀਂ ਆਪਣੀ ਥਾਂ ਬੈਠੇ ਹੀ ਦੂਸਰਿਆਂ ਦੇ ਮਨ ਬਦਲ ਕੇ ਉਹਨਾਂ ਨੂੰ ਆਪਣੇ ਅਨੁਸਾਰ ਚਲਾ ਸਕਦੇ ਹੋ। ਏਹੀ ਮੀਡੀਆ ਦੀ ਸ਼ਕਤੀ ਅਤੇ ਕਰਾਮਾਤ ਹੈ। ਮੀਡੀਆ ਦੀ ਤਾਕਤ ਨੇ ਤਾਂ ਸਾਡਾ ਮੁਹਾਵਰਾ ਕਿ ‘ਅੱਖਾਂ ਖੋਲ ਕੇ ਰੱਖੋਂ’, ਵੀ ਪੁੱਠਾ ਕਰ ਦਿੱਤਾ ਹੈ ਹੁਣ ਜਦੋਂ ਤੱਕ ਤੁਸੀਂ ਅੱਖਾਂ ਖੋਲ ਕੇ ਦੇਖ ਰਹੇ ਹੋ ਤੁਸੀਂ ਮੀਡੀਆ ਦੀ ਮਾਰ ਹੇਠ ਹੋ। ਮੀਡੀਆ ਦੇ ਕੰਟਰੌਲ ਵਿਚ ਹੋ। ਆਪਣੇ ਆਪ ਵਿਚ ਪਰਤਣ ਲਈ ਅੱਖਾਂ ਬੰਦ ਕਰਨੀਆਂ ਪੈਣੀਆਂ ਹਨ, ਆਪਣੇ ਆਪ ਨਾਲ ਗੱਲਾਂ ਕਰਨੀਆਂ ਪੈਣੀਆਂ ਹਨ।
ਜਦੋਂ ਲੋਕਾਂ ਨੇ ਮੀਡੀਆ ਦੇ ਕੰਮ ਢੰਗ ਵੇਖ ਕੇ ਇਸ ਦੀ ਵੰਡ ਸਰਕਾਰੀ ਮੀਡੀਆ ਅਤੇ ਲੋਕਾਂ ਦਾ ਮੀਡੀਆ ਵਿਚ ਕਰ ਦਿੱਤੀ ਤਾਂ ਹੁਣ ਸਰਕਾਰ ਨੇ ਸੋਸ਼ਲ ਮੀਡੀਆ ਤੇ ਵੀ ਕੰਟਰੌਲ ਕਰਨਾ ਸ਼ੁਰੂ ਕਰ ਦਿੱਤਾ ਹੈ। ਤੁਸੀਂ ਮਹਿਸੂਸ ਕਰਦੇ ਹੋਵੋਗੇ ਕਿ ਤੁਹਾਡੇ ਹੀ ਮੋਬਾਇਲ ਫੋਨ ਤੇ ਆਈਆਂ ਪੋਸਟਾਂ ਵਿਚੋਂ ਕੁਝ ਤਾਂ ਚਾਰ-ਚਾਰ ਪੰਜ-ਪੰਜ ਬੰਦਿਆਂ ਨੂੰ ਇਕੱਠੀਆਂ ਅੱਗੇ ਫਾਰਵਰਡ ਹੋ ਜਾਂਦੀਆਂ ਹਨ ਪਰ ਕੁਝ ਪੋਸਟਾਂ ਇਕ ਵਿਅਕਤੀ ਤੋਂ ਵੱਧ ਨੂੰ ਫਾਰਵਰਡ ਨਹੀਂ ਹੁੰਦੀਆਂ। ਇਹ ਇਸ ਲਈ ਹੈ ਕਿ ਜਿਹੜੀ ਪੋਸਟ ਸਰਕਾਰ ਦੇ ਹੱਕ ਵਿੱਚ ਹੈ ਜਾਂ ਲੋਕਾਂ ਨੂੰ ਊਲ ਜਲੂਲ ਪਰੋਸ ਰਹੀ ਹੈ ਉਹ ਵੱਡੇ ਪੱਧਰ ਤੇ ਸਰਕੂਲਰ ਹੋਵੇ ਪਰ ਜੋ ਪੋਸਟ ਸਰਕਾਰ ਸਿਸਟਮ ਦੇ ਵਿਰੋਧ ਵਿਚ ਜਾ ਸਕਦੀ ਹੋਵੇ ਭਾਵ ਸਰਕਾਰ ਸਿਸਟਮ ਦੀ ਕਮਜੋਰੀ ਸ਼ੋਅ ਕਰਦੀ ਹੋਵੇ ਉਸ ਦੀ ਸਰਕੂਲੇਸ਼ਨ ਤੇ ਕੰਟਰੌਲ ਕੀਤਾ ਜਾਂਦਾ ਹੈ। ਤੁਹਾਡੇ ਆਧਾਰ ਕਾਰਡ ਨੇ ਤੁਹਾਡੀ ਹਰ ਗਤੀਵਿਧੀ ਨੂੰ ਸਰਕਾਰ ਦੀ ਨਜ਼ਰ ਦੇ ਛਾਣਨੇ ਵਿਚੋਂ ਨਿਕਲਣ ਲਈ ਮਜਬੂਰ ਕਰ ਦਿੱਤਾ ਹੈ।
ਅੰਤ ਵਿਚ ਏਹੀ ਕਿਹਾ ਜਾ ਸਕਦਾ ਹੈ ਕਿ ਅੱਜ ਮੀਡੀਆ ਸਮਾਜ ਦੀ ਸਭ ਤੋਂ ਤਾਕਤਵਰ ਅਤੇ ਵਿਸ਼ਾਲ ਸੰਸਥਾ ਬਣ ਚੁੱਕੀ ਹੈ। ਕੋਈ ਇਨਸਾਨ ਇਸ ਦੇ ਪ੍ਰਭਾਵ ਤੋਂ ਅਛੂਤਾ ਨਹੀਂ ਰਿਹਾ। ਜਦੋਂ ਕੁਝ ਲੋਕਾਂ ਵੱਲੋਂ ਇਸ ਨੂੰ ਸਮੂਹ ਦੇ ਹਿੱਤ ਲਈ ਵਰਤਿਆ ਜਾਂਦਾ ਹੈ ਤਾਂ ਇਹ ਬੜੇ ਪ੍ਰਭਾਸ਼ਾਲੀ ਢੰਗ ਨਾਲ ਵੱਡੇ ਮਸਲਿਆਂ ਨੂੰ ਵੀ ਹੱਲ ਕਰ ਦਿੰਦਾ ਹੈ, ਮਨੁੱਖ ਦੀਆਂ ਬਹੁਤ ਸਾਰੀਆਂ ਮੁਸੀਬਤਾਂ ਦਾ ਹੱਲ ਮੀਡੀਆ ਨੇ ਪਲਾਂ ਵਿਚ ਲੱਭ ਦਿੱਤਾ ਹੈ। ਸਰੀਰਕ ਦੂਰੀ ਨੂੰ ਖਤਮ ਕਰਕੇ ਜਾਣਕਾਰੀਆਂ ਦਾ ਭੰਡਾਰ ਲਗਾ ਦਿੱਤਾ ਹੈ। ਲੋੜ ਇਹ ਹੈ ਕਿ ਮੀਡੀਆ ਰਾਹੀਂ ਮਿਲਦੀ ਜਾਣਕਾਰੀ ਨੂੰ ਤੱਟ ਫੱਟ ਨਾ ਵਰਤਿਆ ਜਾਵੇ ਉਸਦੀ ਪ੍ਰਮਾਣਿਕਤਾ ਦੀ ਪਰਖ ਕੀਤੀ ਜਾਵੇ। ਵਿਚਾਰ ਚਰਚਾ ਕਰਕੇ ਜਾਣਕਾਰੀ ਨੂੰ ਸਿਆਣਪ ਵਿਚ ਬਦਲਿਆ ਜਾਵੇ ਇੰਝ ਮੀਡੀਆ ਦੇ ਗਲਤ ਪ੍ਰਭਾਵ ਤੋਂ ਬਚ ਕੇ ਇਸ ਦਾ ਲਾਭ ਆਮ ਲੋਕ ਤੱਕ ਪਹੁੰਚਾ ਸਕਦੇ ਹਾਂ। ਜਿਵੇਂ ਵਿਗਿਆਨ ਅਤੇ ਵਿਗਿਆਨ ਦੁਆਰਾ ਬਣਾਏ ਸੰਦ ਕਦੇ ਮਾੜੇ ਨਹੀਂ ਹੁੰਦੇ ਸਗੋਂ ਇਸਨੂੰ ਵਰਤਣ ਵਾਲੇ ਲੋਕਾਂ ਦੀ ਸੋਚ ਚੰਗੀ ਮਾੜੀ ਹੁੰਦੀ ਹੈ ਠੀਕ ਇਵੇਂ ਹੀ ਮੀਡੀਆ ਤੇ ਵੀ ਚੰਗੇ ਲੋਕਾਂ ਦੀ ਨਿਗਰਾਨੀ/ਕੰਟਰੌਲ /ਦਬਦਬਾ ਬੇਹੱਦ ਜਰੂਰੀ ਹੈ।
ਡਾ. ਹੀਰਾ ਸਿੰਘ
ਖ਼ਾਲਸਾ ਕਾਲਜ, ਅੰਮ੍ਰਿਤਸਰ