ਅਨਿਲ ਆਦਮ ਨੂੰ ਮਿਜ਼ਰਾਬ ਦੀ ਸ਼ਰਧਾਂਜਲੀ

ਅਦੀਬ ਦੋਸਤ ਅਨਿਲ ਆਦਮ ਦੇ ਅਚਾਨਕ ਇਸ ਫਾਨੀ ਦੁਨੀਆ ਨੂੰ ਅਲਵਿਦਾ ਹੋਣ ਤੇ ਅਦਾਰਾ ਮਿਜ਼ਰਾਬ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕਰਦਾ ਹੈ।
ਆਦਮ ਦੇ ਪਰਿਵਾਰ ਦੇ ਹਿਸ ਦੁੱਖ਼ ਵਿੱਚ ਸ਼ਾਮਿਲ ਹੈ।
ਅਨਿਲ ਨੂੰ ਸ਼ਰਧਾਂਜਲੀ ਵੱਜੋ ਪੇਸ਼ ਹੈ ਉਸਦੀ ਇਕ ਕਵਿਤਾ।
-ਅਨਿਲ ਆਦਮ
ਐਥੇ ਤਾਂ
ਹਾਅ ਦਾ ਨਾਅਰਾ ਵੀ ਅਰਾਜਕਤਾ ਹੈ
ਤੇ ਬੇਵੱਸ ਚੁੱਪ ਵੀ ਸਾਜ਼ਿਸ਼
ਰੋਟੀ ਤਾਂ ਕੀ
ਰੋਟੀ ਦਾ ਖ਼ਾਬ ਵੀ ਬਗ਼ਾਵਤ ਹੈ
ਤੇ ਭੁੱਖੇ ਪੇਟ
ਚੁੱਪ-ਚਾਪ ਸੌਂ ਜਾਣਾ
ਸੰਵਿਧਾਨ ਦੀ ਮੁੱਖ ਧਾਰਾ ਹੈ
ਐਥੇ ਤਾਂ
ਮੁਹੱਬਤ ਵੀ ਸ਼ਰਾਬ ਦੀ ਭੱਠੀ ਵਾਂਗ
ਲੁਕ ਕੇ ਲਾਉਣੀ ਪੈਂਦੀ ਹੈ
ਸੁਫ਼ਨੇ
ਨਾਜਾਇਜ਼ ਬਾਲਾਂ ਦੀ ਤਰ੍ਹਾਂ ਨੇ
ਜੇ ਆਪ ਜਿਉਣਾ ਹੈ
ਤਾਂ ਇਨ੍ਹਾਂ ਦਾ ਗਰਭਪਾਤ ਲਾਜ਼ਮੀ ਹੈ
ਦਿਲਾਂ ਦੇ ਸੌਦੇ
ਐਥੇ ਹੁਣ ਕੌਣ ਕਰਦਾ ਹੈ                                                                                                    ( ਖੱਬੇ ਤੋਂ ਸੱਜੇ ਅਨਿਲ ਆਦਮ, ਰੋਜ਼ੀ ਸਿੰਘ, ਹਰਮੀਤ ਵਿਦਆਰਥੀ, ਰਾਜੀਵ ਖ਼ਿਆਲ)
ਐਥੇ ਤਾਂ
ਦੋਵੇਂ ਗੁਰਦੇ ਵੇਚ ਕੇ ਵੀ
ਲਾਡੋ ਰਾਣੀ ਦਾ ਵਿਆਹ ਨਹੀਂ ਹੋਣਾ
ਐਥੇ ਤੀਆਂ ਨਹੀਂ ਲਗਦੀਆਂ
ਧੀਆਂ ਬਲ਼ਦੀਆਂ ਨੇ
ਤੇ ਸੰਵੇਦਨਾ ਦੀ ਗੱਲ
ਕਿਸ ਨਾਲ਼ ਕਰੀਏ
ਐਥੇ ਤਾਂ ਬਲਾਤਕਾਰ
ਫ਼ਿਲਮ ਦਾ ਸਭ ਤੋਂ ਵਧੀਆਂ ਸੀਨ ਹੁੰਦਾ ਹੈ
ਐਥੇ ਤਾਂ ਹਰ ਪਲ
ਜਿਵੇਂ ਕੋਈ ਗੋਲ਼ੀ
ਪੁੜਪੁੜੀ ‘ਚ ਧਸ ਰਹੀ ਹੋਵੇ
ਹਰ ਛਿਣ
ਜਿਵੇਂ ਕੋਈ ਮੁਕੱਦਮਾ ਭੁਗਤਣਾ ਹੋਵੇ
ਹਰ ਕਦਮ
ਜਿਵੇਂ ਕਿਸੇ ਮੁਕਾਬਲੇ ‘ਚੋਂ ਗੁਜ਼ਰਨਾ ਹੋਵੇ
ਤੇ ਇਸ ਤੋਂ ਪਹਿਲਾਂ
ਕਿ ਸਾਡੇ ਅੱਥਰੂਆਂ ਨੂੰ ਵੀ
ਭਗੌੜਾ ਕਰਾਰ ਦੇ ਕੇ
ਉਹ ਬਣਾ ਦੇਣ ਕੋਈ ਪੁਲਸ ਮੁਕਾਬਲਾ
ਕੁਝ ਸੋਚੀਏ ਸਾਥੀ !!!