ਸੁਰਜੀਤ ਗੱਗ ਦੀ ਫੇਸਬੁੱਕ ਕੰਧ ਤੋਂ ਧੰਨਵਾਦ ਸਹਿਤ।
ਅਫਗਾਨਿਸਤਾਨ : ਬਦਲਦੇ ਕੌਮਾਂਤਰੀ ਸਮੀਕਰਣ
ਖੁਦ ਨੂੰ ਦੁਨੀਆਂ ਦਾ ਦਾਦਾ ਸਮਝਣ ਵਾਲਾ ਅਮਰੀਕਾ ਅਫਗਾਨਿਸਤਾਨ ਵਿੱਚੋਂ ਨਿਕਲ ਗਿਆ ਹੈ। ਕਾਬੁਲ ਨੇੜੇ ਬਗੜਮ ਫੌਜੀ ਅੱਡੇ ਵਿੱਚੋਂ ਅੱਧੀ ਰਾਤੀਂ, ਚੁੱਪ-ਚਾਪ ਹਵਾਈ ਜਹਾਜ਼ਾਂ ’ਚ ਆਪਣੇ ਫੌਜੀਆਂ ਨੂੰ ਕੱਢ ਕੇ ਲੈ ਗਿਆ ਹੈ। ਅਮਰੀਕਾ ਦੇ ਅਫਗਾਨਿਸਤਾਨ ਵਿੱਚੋਂ ਨਿਕਲਣ ਨੇ ਉਸ ਸ਼ੇਅਰ ਨੂੰ ਤਾਜ਼ਾ ਕਰਵਾ ਦਿੱਤਾ ਹੈ ਕਿ ‘ਬਹੁਤ ਬੇਆਬਰੂ ਹੋਕਰ ਤੇਰੇ ਕੂਚੇ ਸੇ ਹਮ ਨਿਕਲੇ’। ਇਸ ਤਰ੍ਹਾਂ ਅਮਰੀਕਾ ਆਪਣੇ 50,000 ਅਮਰੀਕੀਆਂ ਨੂੰ ਕੱਢ ਕੇ ਲੈ ਗਿਆ ਹੈ ਅਤੇ ਉਨ੍ਹਾਂ ਦੇ ਦੋਭਾਸ਼ੀਏ, ਖਾਨਸਾਮੇ ਅਤੇ ਡਰਾਈਵਰਾਂ ਨੂੰ ਹੋਰ ਮੁਲਕਾਂ ਵਿੱਚ ਸੈਟਲ ਕਰ ਰਿਹਾ ਹੈ। ਟਾਲਸਟਾਏ ਨੇ ਕਿਹਾ ਸੀ ਕਿ, ‘‘ਹਰ ਹਾਰ ਆਪਣੇ ਤਰੀਕੇ ਦੀ ਹਾਰ ਹੁੰਦੀ ਹੈ।’’ ਪਰ ਅਫਗਾਨਿਸਤਾਨ ਵਿੱਚ ਅਮਰੀਕਾ ਦੀ ਹਾਰ ਨੇ ਉਸਦੀ ਵੀਅਤਨਾਮ ਵਿੱਚ ਹੋਈ ਹਾਰ ਦੀਆਂ ਅਤੇ ਨਿਕਲਣ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਹਨ। ਹਰੇਕ ਹਾਰ ਇੱਕ ਬੋਝਲ ਖਾਮੋਸ਼ੀ ਵਾਲੀ ਹੁੰਦੀ ਹੈ। ਇਸੇ ਕਰਕੇ ਅਮਰੀਕਾ ਆਪਣੇ ਇਤਹਾਦੀਆਂ ਨੂੰ ਵੀ ਸੂਚਿਤ ਕੀਤੇ ਬਿਨਾਂ ਅੱਧੀ ਰਾਤ ਦੀ ਖਾਮੋਸ਼ੀ ਵਿੱਚ ਨਿਕਲਿਆ ਹੈ।
ਅਫਗਾਨਿਸਤਾਨ ਵਿੱਚੋਂ ਵਾਪਸੀ ਦਾ ਫੈਸਲਾ ਤਾਂ ਡੋਨਾਲਡ ਟਰੰਪ ਨੇ ਹੀ ਆਪਣੇ ਕਾਰਜਕਾਲ ਸਮੇਂ ਕਰ ਲਿਆ ਸੀ। ਉਸਨੇ ਵਾਪਸੀ ਦੀ ਅੰਤਿਮ ਤਾਰੀਖ 1 ਮਈ 2021 ਮਿੱਥੀ ਸੀ। ਬਾਇਡਨ, ਨਵਾਂ ਰਾਸ਼ਟਰਪਤੀ ਤਾਂ ਇਸਨੂੰ ਲਾਗੂ ਹੀ ਕਰ ਰਿਹਾ ਹੈ। ਅਮਰੀਕੀ ਸਰਕਾਰ ਦੀ ਤਾਲਿਬਾਨ ਨਾਲ ਲੰਬੀ ਗੱਲਬਾਤ ਚੱਲੀ, ਜਿਸਤੋਂ ਬਾਅਦ ਅਮਰੀਕਾ ਨੇ ਵਾਪਸੀ ਦਾ ਫੈਸਲਾ ਕੀਤਾ ਹੈ। ਇਸ ਗੱਲਬਾਤ ਵਿੱਚ ਅਮਰੀਕਾ ਨੇ ਤਾਲਿਬਾਨ ਤੋਂ ਦੋ ਭਰੋਸੇ ਲਏ ਹਨ। ਇੱਕ, ਅਮਰੀਕਾ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਅਫਗਾਨਿਸਤਾਨ ਦੀ ਧਰਤੀ ਨੂੰ ਅਲਕਾਇਦਾ ਜਿਹੇ ਸੰਗਠਨਾਂ ਦੀ ਪਨਾਹਗਾਹ ਨਹੀਂ ਬਣਨ ਦੇਵੇਗਾ। ਦੂਸਰੇ ਅਫਗਾਨਿਸਤਾਨ ਦੀ ਧਰਤੀ ਨੂੰ ਅਮਰੀਕਾ ਵਿਰੁੱਧ ਕਿਸੇ ਵੀ ਕਿਸਮ ਦੀ ਕਾਰਵਾਈ ਲਈ ਵਰਤਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ‘ਭਰੋਸੇ’ ਤੇ ਸਮਝੌਤੇ ਵਿੱਚ ਅਮਰੀਕਾ ਨੇ ਦੋ ਗੱਲਾਂ ਸਵੀਕਾਰ ਕੀਤੀਆਂ ਹਨ। ਇੱਕ, ਕਾਬੁਲ ਵਿੱਚ ਗੱਦੀ ਨਸ਼ੀਨ ਸਰਕਾਰ ਅਮਰੀਕਾ ਦੀ ਸਥਾਪਿਤ ਕੀਤੀ ਅਤੇ ਅਮਰੀਕਾ ਦੇ ਆਸਰੇ ਹੀ ਖੜੀ ਸੀ ਅਤੇ ਅਮਰੀਕਾ ਦੇ ਜਾਂਦਿਆਂ ਹੀ ਮੁਲਕ ਤਾਲਿਬਾਨਾਂ ਦੇ ਕਬਜੇ ਵਿੱਚ ਆ ਜਾਵੇਗਾ। ਨਹੀਂ ਤਾਂ ਇਸ ‘ਭਰੋਸੇ’ ਦੀ ਜ਼ਰੂਰਤ ਹੀ ਨਹੀਂ ਸੀ। ਦੂਸਰੇ ਅਲਕਾਇਦਾ ‘ਵਰਗੀਆਂ’ ਜੱਥੇਬੰਦੀਆਂ ਨੂੰ ਦਹਿਸ਼ਤਗਰਦ ਕਰਾਰ ਦੇ ਕੇ ਅਮਰੀਕਾ ਨੇ ਮੰਨ ਲਿਆ ਹੈ ਕਿ ਤਾਲਿਬਾਨ ਕੋਈ ਦਹਿਸ਼ਤਗਰਦ ਸੰਗਠਨ ਨਹੀਂ ਹੈ।
ਇਸ ਬਾਰੇ ਕਿਸੇ ਨੂੰ ਸ਼ੱਕ ਨਹੀਂ ਕਿ ਹੁਣ ਅਫਗਾਨਿਸਤਾਨ ’ਤੇ ਤਾਲਿਬਾਨ ਦਾ ਰਾਜ ਹੋਵੇਗਾ, ਸਿਰਫ ਵਕਤ ਦੀ ਗੱਲ ਹੀ ਹੈ। ਤਾਲਿਬਾਨ ਦਾ ਦਾਅਵਾ ਹੈ ਕਿ ਦੇਸ਼ ਦਾ ਵੱਡਾ ਹਿੱਸਾ ਓਨ੍ਹਾਂ ਦੇ ਕੰਟਰੋਲ ਹੇਠ ਹੈ। ਪੱਛਮੀ ਮੀਡੀਆ ਦੇ ਕੁੱਝ ਅਦਾਰਿਆਂ ਅਨੁਸਾਰ, ਅਫਗਾਨਿਸਤਾਨ ਦੇ ਕੁੱਲ 421 ਜ਼ਿਲ੍ਹੇ ਹਨ ਜਿਨ੍ਹਾਂ ਵਿੱਚੋਂ ਲਗਭਗ 200, 195 ਜ਼ਿਲ੍ਹੇ ਪੂਰੀ ਤਰ੍ਹਾਂ ਤਾਲਿਬਾਨ ਦੇ ਕੰਟਰੋਲ ਹੇਠ ਹਨ। 129 ਜ਼ਿਲ੍ਹੇ ਹਨ ਜਿੱਥੇ ਤਾਲਿਬਾਨ ਦਾ ਪੱਲੜਾ ਭਾਰੀ ਹੈ, ਪਰ ਪੂਰਨ ਕੰਟਰੋਲ ਹੇਠ ਨਹੀਂ ਹਨ। ਜਦਕਿ ਕੇਵਲ 107 ਜ਼ਿਲ੍ਹੇ ਹਨ ਜਿੱਥੇ ਕਾਬੁਲ ਸਰਕਾਰ ਦਾ ਸਿੱਕਾ ਚਲਦਾ ਹੈ। ਇਸ ਸਥਿਤੀ ਨੂੰ ਦੇਖਦਿਆਂ ਕੰਧਾਰ ਦੇ ਸਫਾਰਤਖਾਨੇ ਵਿੱਚੋਂ ਭਾਰਤ ਸਰਕਾਰ ਨੇ ਆਪਣਾ ਸਾਰਾ ਸਟਾਫ ਵਾਪਿਸ ਬੁਲਾ ਲਿਆ ਹੈ। ਕਾਬੁਲ ਸਰਕਾਰ ਤੇ ਅਮਰੀਕਾ ਹਮਾਇਤੀ ਸਾਰੇ ਦੇਸ਼ ਅਜਿਹਾ ਹੀ ਕਰ ਰਹੇ ਹਨ। ਇਹੀ ਨਹੀਂ, ਜਿਹੜੇ ਕਬੀਲਾ ਸਰਦਾਰ ਕਾਬੁਲ ਸਰਕਾਰ ਦੀ ਹਮਾਇਤ ਕਰਦੇ ਸਨ, ਉਹ ਵੀ ਇਸ ਸਰਕਾਰ ਤੋਂ ਪਿੱਛੇ ਹੱਟ ਕੇ ਆਪਣਾ ਆਪਣਾ ਮਿਲਸ਼ੀਆ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ। ਅਲ ਜ਼ਜ਼ੀਰਾ ਦੀ ਰਿਪੋਰਟ ਅਨੁਸਾਰ ਪਿਛਲੇ ਦਿਨੀਂ, ਮੱਧ ਜੁਲਾਈ ’ਚ ਸਰਕਾਰ ਅਤੇ ਤਾਲਿਬਾਨ ਵਿਚਕਾਰ ਹੋਈ ਮੀਟਿੰਗ ਵਿੱਚ, ਤਾਲਿਬਾਨ ਮੁਖੀ, ਅਬਦੁੱਲ ਅਬਦੁੱਲਾ ਨੇ ਸਪੱਸ਼ਟ ਕਿਹਾ ਹੈ ਕਿ ਉਹ ਸ਼ਾਂਤੀ ਦੀ ਖਾਤਰ ਗੱਲਬਾਤ ਵਿੱਚ ਹਨ, ਨਹੀਂ ਤਾਂ ਉਹ ਕਿਸੇ ਵੀ ਸਮੇਂ ਪੂਰੇ ਮੁਲਕ ਨੂੰ ਕੰਟਰੋਲ ਹੇਠ ਲੈ ਸਕਦੇ ਹਨ। ਜੇਕਰ ਗੱਲਬਾਤ ਨੂੰ ਲਮਕਾਇਆ ਜਾਂਦਾ ਹੈ ਤਾਂ ਉਹ ਮੁਲਕ ’ਤੇ ਕਬਜ਼ਾ ਕਰ ਲੈਣਗੇ। ਰਿਪੋਰਟ ਅਨੁਸਾਰ ਇਸ ਮੀਟਿੰਗ ਵਿੱਚ ਗੱਲਬਾਤ ਦੇ ਅਮਲ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਅਫਗਾਨਿਸਤਾਨ ’ਚ ਤਾਲਿਬਾਨ ਦਾ ਰਾਜ ਹੋਵੇਗਾ, ਇਸ ਬਾਰੇ ਤਾਂ ਕੋਈ ਸ਼ੱਕ ਨਹੀਂ। ਪਰ ਅਫਗਾਨਿਸਤਾਨ ਤੇ ਅਮਰੀਕੀ ਹਮਲਾ ਵੀ ਇੱਕ ਕੌਮਾਂਤਰੀ ਰਾਜਨੀਤਕ ਸਥਿਤੀ ਦੀ ਪੈਦਾਵਾਰ ਸੀ ਅਤੇ ਵਾਪਸੀ ਵੀ ਕੌਮਾਂਤਰੀ ਰਾਜਨੀਤੀ ’ਤੇ ਅਸਰਅੰਦਾਜ ਹੋਵੇਗੀ। ਇਨਾਂ ਦੋਵਾਂ ਨੂੰ ਸਮਝਣਾ ਜ਼ਰੂਰੀ ਹੈ।
ਸੋਵੀਅਤ ਕੈਂਪ ਦੇ ਖਿੰਡਣ ਅਤੇ ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਸੰਸਾਰ ਚੌਧਰ ਲਈ ਅਮਰੀਕਾ ਨਾਲ ਭਿੜ ਸਕਣ ਵਾਲੀ ਕੋਈ ਮਹਾਂਸ਼ਕਤੀ ਨਾ ਰਹੀ ਤਾਂ ਇੱਕੋ ਮਹਾਂਸ਼ਕਤੀ ਅਮਰੀਕਾ ਰਹਿ ਗਈ ਅਤੇ ਇੱਕ ਧਰੁਵੀ ਸੰਸਾਰ ਹੋਂਦ ਵਿੱਚ ਆ ਗਿਆ। ਇਸ ਸਮੇਂ ਬੁਸ਼ ਨੇ ਦੁਨੀਆਂ ’ਤੇ ਆਪਣੀ ਚੌਧਰ ਦਾ ਝੰਡਾ ਗੱਡਣ ਦੀ ਮੁਹਿੰਮ ਸ਼ੁਰੂ ਕੀਤੀ। ਇਸਦਾ ਪਹਿਲਾ ਅਮਲ ਇਰਾਕ ਵਿਰੁੱਧ ਕੀਤਾ ਅਪਰੇਸ਼ਨ ਡਸਟ ਸਟੌਰਮ ਸੀ। ਵੱਡੇ ਬੁਸ਼ ਵੱਲੋਂ ਸ਼ੁਰੂ ਕੀਤੀ ਮੁਹਿੰਮ ਨੂੰ ਛੋਟੇ ਬੁਸ਼ ਨੇ ਅੱਗੇ ਵਧਾਇਆ। ਬੁਸ਼-ਚੈਨੀ-ਰਮਸਫੀਲਡ ਦੀ ਤਿੱਕੜੀ ਨੇ 9/11 ਦਾ ਬਹਾਨਾ (ਜਿਸ ਬਾਰੇ ਆਮ ਚਰਚਾ ਹੈ ਕਿ ਅਮਰੀਕੀ ਸਰਕਾਰ ਦੀ ਹੀ ਸਾਜ਼ਿਸ਼ ਸੀ) ਬਣਾ ਕੇ ‘ਦਹਿਸ਼ਤਗਰਦੀ’ ਨੂੰ ਕੁਚਲਣ ਦੇ ਨਾਂ ’ਤੇ ਇੱਕ ਜੰਗੀ ਮੁਹਿੰਮ ਵਿੱਢ ਦਿੱਤੀ। ਬੁਸ਼ ਨੇ ਸਾਰੀ ਦੁਨੀਆਂ ਨੂੰ ਲਲਕਾਰਦੇ ਹੋਏ ਕਿਹਾ ‘‘ਜੇਕਰ ਤੁਸੀਂ ਸਾਡੇ ਨਾਲ ਨਹੀਂ ਤਾਂ ਤੁਸੀਂ ਦਹਿਸ਼ਤਗਰਦਾਂ ਨਾਲ ਹੋ।’’ ਇਹ ਐਲਾਨ ਸੰਸਾਰ ਚੌਧਰ ਦੇ ਪਾਜੈਕਟ ਦਾ ਖੁੱਲੇਆਮ ਐਲਾਨ ਸੀ। ਇਸ ਜੰਗੀ ਮੁਹਿੰਮ ਦਾ ਉਦੇਸ਼ ਸੰਸਾਰ ਚੌਧਰ ਸਥਾਪਿਤ ਕਰਨ ਤੋਂ ਇਲਾਵਾ ਤੇਲ ਸੋਮਿਆਂ ਅਤੇ ਤੇਲ ਰੂਟਾਂ ’ਤੇ ਕਬਜਾ ਕਰਨਾ ਵੀ ਸੀ। ਇਸ ਲਈ ਮੁੱਢਲਾ ਨਿਸ਼ਾਨਾ ਮੱਧ ਪੂਰਬ ਏਸ਼ੀਆ ਨੂੰ ਬਣਾਇਆ ਜੋ ਤੇਲ ਸੋਮਿਆਂ ਦਾ ਕੇਂਦਰ ਹੈ। ਅਫਗਾਨਿਸਤਾਨ ’ਚ ਭਾਵੇਂ ਤੇਲ ਸੋਮੇ ਨਹੀਂ ਪਰ ਇਹ ਬਹੁਤ ਰਣਨੀਤਕ ਮਹੱਤਵ ਵਾਲੀ ਥਾਂ ’ਤੇ ਸਥਿਤ ਹੈ। ਇਹ ਮੱਧ ਪੂਰਬੀ ਏਸ਼ੀਆ, ਦੱਖਣੀ ਏਸ਼ੀਆ ਅਤੇ ਕੇਂਦਰੀ ਏਸ਼ੀਆ-ਯੂਰੇਸ਼ੀਆ ਦੇ ਐਨ ਵਿਚਕਾਰ ਸਥਿਤ ਹੈ। ਕੇਂਦਰੀ ਏਸ਼ੀਆ ਦੇ ਤੇਲ ਰੂਟ ’ਤੇ ਸਥਿਤ ਹੈ। ਇਸ ਰਣਨੀਤਕ ਮਹੱਤਵ ਕਰਕੇ ਅਮਰੀਕੀ ਸਾਮਰਾਜ ਨੇ ‘ਦਹਿਸ਼ਤਵਾਦ ਵਿਰੁੱਧ ਜੰਗ’ ਦੇ ਬਹਾਨੇ ਅਫਗਾਨਿਸਤਾਨ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ 9/11 ਦੀ ਘਟਨਾ ਵਿੱਚ ਨਾਮਜਦ/ਸ਼ਾਮਿਲ ਵਿਅਕਤੀ ਸਾਰੇ ਸਾਊਦੀ ਅਰਬ ਨਾਲ ਸਬੰਧਿਤ ਸਨ ਅਤੇ ਇਹਨਾਂ ਵਿੱਚੋਂ ਇੱਕ ਵੀ ਅਫਗਾਨ ਨਹੀਂ ਸੀ। 9/11 ਨੂੰ ਜਹਾਜ਼ ਵਰਲਡ ਟਰੇਡ ਸੈਂਟਰ ਦੇ ਅਸਮਾਨੀ ਟਾਵਰਾਂ ਵਿੱਚ ਮਾਰੇ ਗਏ ਸਨ। ਜਦਕਿ ਅਫਗਾਨਿਸਤਾਨ ਕੋਲ ਹਵਾਈ ਜਹਾਜ਼ ਹੀ ਨਹੀਂ ਸੀ ਜਿਸ ਨਾਲ ਸਾਜ਼ਿਸ਼ ਵਿੱਚ ਸ਼ਾਮਿਲ ਵਿਅਕਤੀਆਂ ਨੂੰ ਟਰੇਨਿੰਗ ਦੇ ਸਕਦਾ। ਧੁਮਾਇਆ ਇਹ ਗਿਆ ਕਿ 9/11 ਦਾ ਮਾਸਟਰਮਾੲੀਂਡ, ਅਲਕਾਇਦਾ ਮੁਖੀ ਓਸਾਮਾ-ਬਿਨ-ਲਾਦੇਨ ਅਫਗਾਨਿਸਤਾਨ ਦੀਆਂ ਤੋਰਾ-ਬੋਰਾ ਪਹਾੜੀਆਂ ਵਿੱਚ ਲੁਕਿਆ ਬੈਠਾ ਹੈ। ਜਦਕਿ ਓਸਾਮਾ ਪਾਕਿਸਤਾਨ ਵਿੱਚ ਇੱਕ ਰਮਣੀਕ ਪਹਾੜੀ ਸੈਲਾਨੀ ਕੇਂਦਰ ਵਿੱਚ ਰਹਿ ਰਿਹਾ ਸੀ। ਇਹ ਉਵੇਂ ਹੀ ਸੀ ਜਿਵੇਂ ਇਰਾਕ ਉਤੇ ਹਮਲੇ ਲਈ ਰਸਾਇਣਕ ਅਤੇ ਸਮੂਹਿਕ ਵਿਨਾਸ਼ ਦੇ ਹਥਿਆਰਾਂ ਨੂੰ ਬਹਾਨਾ ਬਣਾਇਆ ਗਿਆ ਸੀ ਪਰ ਇਰਾਕ ਨੂੰ ਤਬਾਹ ਕਰਕੇ ਵੀ ਇੱਕ ਵੀ ਅਜਿਹਾ ਹਥਿਆਰ ਨਹੀਂ ਮਿਲਿਆ ਸੀ।
ਅਮਰੀਕਾ ਦਾ ਅਫਗਾਨਿਸਤਾਨ ’ਤੇ ਹਮਲਾ ‘ਕੌਮ ਦੀ ਉਸਾਰੀ’ ਲਈ ਨਹੀਂ ਸੀ ਬਲਕਿ ਇਹ ਇਸ ਦੇਸ਼ ’ਤੇ ਨਵ-ਬਸਤੀਵਾਦੀ ਕਬਜਾ ਸੀ। ਪਰ ਲੁਟੇਰੇ ਹਾਕਮ ਕਦੀ ਇਤਿਹਾਸ ਤੋਂ ਨਹੀਂ ਸਿੱਖਦੇ। ਜੇਕਰ ਸਿੱਖਦੇ ਤਾਂ ਬੁਸ਼ ਗੈਂਗ ਨੂੰ ਪਤਾ ਹੁੰਦਾ ਕਿ ਪਹਿਲਾਂ ਵੀ ਸਾਮਰਾਜੀਆਂ ਨੇ ਅਫਗਾਨਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਕੋਸ਼ਿਸ਼ ਸਫ਼ਲ ਨਹੀਂ ਹੋ ਸਕੀ। ਇਹ ਪ੍ਰਸਿੱਧ ਹੈ ਕਿ ਅਫਗਾਨ ਨੂੰ ਭਾੜੇ ’ਤੇ ਲਿਆ ਜਾ ਸਕਦਾ ਹੈ, ਪਰ ਗੁਲਾਮ ਨਹੀਂ ਬਣਾਇਆ ਜਾ ਸਕਦਾ।
ਅਮਰੀਕਾ ਦੀ ਵਾਪਸੀ ਨੂੰ ਸਮਝਣ ਲਈ ਅੰਤਰ-ਰਾਸ਼ਟਰੀ ਸਥਿਤੀ ਵਿੱਚ ਆਈ ਤਬਦੀਲੀ ਨੂੰ ਸਮਝਣਾ ਹੋਵੇਗਾ। ਅਮਰੀਕਾ ਦੀ ਸੰਸਾਰ ਚੌਧਰ ਲਈ ਜੰਗੀ ਮੁਹਿੰਮ ਉਦੋਂ ਸ਼ੁਰੂ ਹੋਈ ਸੀ ਜਦੋਂ ਸੰਸਾਰ ਦਾ ਸਿਆਸੀ ਮੁਹਾਂਦਰਾ ਇੱਕ ਧਰੁਵੀ ਸੀ। ਪਰ ਹੁਣ ਇਹ ਸੰਸਾਰ ਇੱਕ ਧਰੁਵੀ ਨਹੀਂ ਬਹੁ-ਧਰੁਵੀ ਬਣ ਚੁੱਕਿਆ ਹੈ। ਡਸਟ ਸਟੌਰਮ ਵਾਲੀ ਜੰਗ ਇੱਕ ਧਰੁਵੀ ਸੰਸਾਰ ਦੇ ਜਨਮ ਦਾ ਐਲਾਨ ਸੀ। 2008 ਵਿੱਚ ਉਸੇਤੀਆ-ਅਬਖਜ਼ੀਆ ਝਗੜੇ ਦੌਰਾਨ ਰੂਸ ਦਾ ਜਾਰਜੀਆ ’ਤੇ ਹਮਲਾ ਅਤੇ ਅਮਰੀਕਾ ਦਾ ਕੁੱਝ ਨਾ ਕਰ ਸਕਣਾ, ਇੱਕ ਧਰੁਵੀ ਸੰਸਾਰ ਦੇ ਖਾਤਮੇ ਦਾ ਐਲਾਨ ਸੀ। ਅਫਗਾਨਿਸਤਾਨ ’ਤੇ ਅਮਰੀਕੀ ਕਬਜਾ, ਇੱਕ ਧਰੁਵੀ ਸੰਸਾਰ ਦੀ ਪੈਦਾਵਾਰ ਸੀ ਅਤੇ ਅਮਰੀਕਾ ਦੀ ਬੇਆਬਰੂ ਵਾਪਸੀ ਬਹੁ-ਧਰੁਵੀ ਸੰਸਾਰ ਦਾ ਨਤੀਜਾ ਹੈ।
ਇਸ ਜੰਗ ਵਿੱਚ ਅਮਰੀਕਾ ਨੂੰ ਭਾਰੀ ਕੀਮਤ ਚੁਕਾਉਣੀ ਪਈ। ਇਸ ਵਿੱਚ 2500 ਅਮਰੀਕੀ ਸੈਨਿਕ ਮਾਰੇ ਗਏ। ਇਸਤੋਂ ਬਿਨਾਂ ਅਮਰੀਕਾ ਦੇ ਇਤਿਹਾਦੀਆਂ ਦੇ 1200 ਸੈਨਿਕਾਂ ਦੀ ਮੌਤ ਹੋਈ ਹੈ। ਇਸਤੋਂ ਬਿਨਾਂ ਅਮਰੀਕਾ ਦੇ ਦਹਿ-ਹਜ਼ਾਰਾਂ ਫੌਜੀ ਜਖ਼ਮੀ ਹੋ ਕੇ ਨਕਾਰਾ ਹੋ ਗਏ ਹਨ। ਅਮਰੀਕੀ ਸਰਕਾਰ ਅਨੁਸਾਰ ਇਸ ਜੰਗ ਵਿੱਚ 1.5 ਖਰਬ (ਟਿ੍ਰਲੀਅਨ) ਡਾਲਰ ਖਰਚ ਹੋਏ ਪ੍ਰੰਤੂ ਮਾਹਿਰਾਂ ਅਨੁਸਾਰ ਇਹ ਖਰਚਾ 3 ਖਰਬ (ਟਿ੍ਰਲੀਅਨ) ਡਾਲਰ ਤੋਂ ਵੀ ਵਧੇਰੇ ਹੋ ਗਿਆ। 2008 ਤੋਂ ਬਹੁ-ਧਰੁਵੀ ਸੰਸਾਰ ਦੀ ਸ਼ੁਰੂਆਤ ਅਤੇ 2008 ’ਚ ਆਏ ਆਰਥਿਕ ਸੰਕਟ ਨੇ ਅਮਰੀਕਾ ਨੂੰ ਗੰਭੀਰ ਆਰਥਿਕ ਸੰਕਟ ਵਿੱਚ ਫਸਾ ਦਿੱਤਾ। ਬੇਰੁਜ਼ਗਾਰੀ ਵਧੀ ਜਿਸਦਾ ਨਤੀਜਾ ਸਮਾਜਿਕ ਤਣਾਓ ਵਿੱਚ ਨਿਕਲਿਆ। ਇਸ ਬਹੁਪੱਖੀ ਸੰਕਟ ’ਚੋਂ ਨਿਕਲਣ ਲਈ ‘ਸਭ ਤੋਂ ਪਹਿਲਾਂ ਅਮਰੀਕਾ’ ਦਾ ਨਾਅਰਾ ਸਾਹਮਣੇ ਆਇਆ ਅਤੇ ਇਸ ਨਾਅਰੇ ’ਤੇ ਸਵਾਰ ਹੋ ਕੇ ਡੋਨਾਲਡ ਟਰੰਪ ਸੱਤਾ ਵਿੱਚ ਆ ਗਿਆ। ਇਸਦਾ ਅਰਥ ਅਮਰੀਕੀ ਅਸ਼ਵਮੇਧ ਦੀ ਹਾਰ ਅਤੇ ਵਿਸ਼ਵੀਕਰਨ ਨੂੰ ਪਿਛਲਮੋੜਾ ਸੀ। ਇਹ ਵੀ ਅਮਰੀਕਾ ਦੀ ਵਾਪਸੀ ਦਾ ਮਹੱਤਵਪੂਰਨ ਕਾਰਨ ਬਣਿਆ।
ਅਫਗਾਨਿਸਤਾਨ ’ਤੇ ਅਮਰੀਕੀ ਕਬਜੇ ਕਾਰਨ ਵੱਡੀਆਂ ਸਾਮਰਾਜੀ ਸ਼ਕਤੀਆਂ ਰੂਸ ਅਤੇ ਚੀਨ ਬਹੁਤ ਔਖੀਆਂ ਸਨ। ਇੱਕ ਤਾਂ ਚੀਨ ਦੀ ਸਰਹੱਦ ਦਾ ਛੋਟਾ ਹਿੱਸਾ ਅਫਗਾਨਿਸਤਾਨ ਨਾਲ ਲੱਗਣਾ ਅਤੇ ਚੀਨ ਆਪਣੀ ਸਰਹੱਦ ਲਈ ਅਮਰੀਕੀ ਫੌਜਾਂ ਦੀ ਮੌਜੂਦਗੀ ਨੂੰ ਖਤਰਾ ਸਮਝਦਾ ਹੈ। ਪਾਕਿਸਤਾਨ ਵਿੱਚ ਵੀ ਚੀਨ ਦੇ ਹਿੱਤ ਸਨ, ਇਸ ਕਰਕੇ ਵੀ ਚੀਨ ਇਸ ਕਬਜੇ ਦਾ ਵਿਰੋਧੀ ਸੀ। ਰੂਸ ਦੀ ਸਰਹੱਦ ਭਾਵੇਂ ਨਹੀਂ ਲੱਗਦੀ ਸੀ, ਪਰ ਸਾਬਕਾ ਸੋਵੀਅਤ ਰਿਆਸਤਾਂ ਤੁਰਕਮੇਨਿਸਤਾਨ, ਉਜਬੇਕਸਤਾਨ ਆਦਿ ਦੀਆਂ ਸਰਹੱਦਾਂ ਅਫਗਾਨਿਸਤਾਨ ਨੂੰ ਲੱਗਦੀਆਂ ਹਨ। ਇਹਨਾਂ ਸਾਬਕਾ ਸੋਵੀਅਤ ਰਿਆਸਤਾਂ ਦੀ ਰੂਸ ਲਈ ਯੁੱਧਨੀਤਕ ਮਹੱਤਤਾ ਹੈ। ਰੂਸ ਦੇ ਰਣਨੀਤਕ ਗਠਜੋੜ ਦਾ ਹਿੱਸਾ ਹਨ। ਅਮਰੀਕੀ ਹਾਰ ਦਾ ਫਾਇਦਾ ਇਸਦੇ ਸ਼ਰੀਕਾਂ, ਚੀਨ ਅਤੇ ਰੂਸ ਨੂੰ ਹੋਵੇਗਾ। ਇਸੇ ਕਰਕੇ ਰੂਸ ਨੇ ਅਫਗਾਨਿਸਤਾਨ ਬਾਰੇ ਬਹੁਧਿਰੀ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਤਾਲਿਬਾਨ ਨਾਲ ਦੋ ਧਿਰੀ ਗੱਲਬਾਤ ਸ਼ੁਰੂ ਕਰ ਲਈ ਸੀ। ਬਹੁਧਿਰੀ ਗੱਲਬਾਤ ਦਾ ਵੀ ਰੂਸ ਮੇਜਬਾਨ ਰਿਹਾ ਹੈ। ਤਾਲਿਬਾਨ ਨਾਲ ਸਮਝੌਤੇ ਦੇ ਬਾਵਜੂਦ ਅਫਗਾਨ ਲੋਕਾਂ ਵਿੱਚ ਅਮਰੀਕਾ ਵਿਰੁੱਧ ਉਸਦੇ ਕਬਜੇ ਕਾਰਨ ਗੁੱਸਾ ਅਤੇ ਨਫ਼ਰਤ ਹੈ। ਇਹਨਾਂ ਸਾਰੇ ਕਾਰਨਾਂ ਕਰਕੇ ਇਸ ਖਿੱਤੇ ਵਿੱਚ ਅਮਰੀਕਾ ਦੀ ਸਥਿਤੀ ਕਾਫੀ ਕਮਜ਼ੋਰ ਹੋਵੇਗੀ। ਇਸ ਸਥਿਤੀ ਵਿੱਚ ਸ਼ੰਘਾਈ ਗਠਜੋੜ ਦੀ ਸਥਿਤੀ ਮਜਬੂਤ ਹੋਵੇਗੀ ਅਤੇ ਇਸਦੇ ਵਿਸਥਾਰ ਦੀਆਂ ਵੀ ਸੰਭਾਵਨਾਵਾਂ ਬਣ ਗਈਆਂ ਹਨ। ਇਸ ਖਿੱਤੇ ਵਿੱਚ ਰੂਸੀ ਸਾਮਰਾਜ ਵਧੇਰੇ ਮਜਬੂਤ ਹੋਵੇਗਾ ਅਤੇ ਚੀਨ ਨੂੰ ਵੀ ਫਾਇਦਾ ਹੋਵੇਗਾ।
ਅਮਰੀਕਾ ਮੱਧ ਪੂਰਬ ਦੇ ਜਿਨਾਂ ਦੇਸ਼ਾਂ ਨਾਲ ਕੱਟੜ ਦੁਸ਼ਮਣੀ ਪਾਲ ਰਿਹਾ ਹੈ, ਉਹਨਾਂ ਵਿੱਚ ਸਭ ਤੋਂ ਵਧੇਰੇ ਦੁਸ਼ਮਣੀ ਇਰਾਨ ਨਾਲ ਹੈ। ਉਸਨੇ ਆਪਣੇ ਇਤਿਹਾਦੀਆਂ ਅਤੇ ਪਿੱਠੂਆਂ ਨੂੰ ਨਾਲ ਲੈ ਕੇ ਇਰਾਨ ਵਿਰੁੱਧ ਬਹੁਤ ਸਾਰੀਆਂ ਪਾਬੰਦੀਆਂ ਲਾਈਆਂ ਹੋਈਆਂ ਹਨ। ਇਰਾਨ ਦਾ ਲੰਬਾ ਬਾਰਡਰ ਅਫਗਾਨਿਸਤਾਨ ਨਾਲ ਲੱਗਦਾ ਹੈ। ਇਰਾਨ ਇੱਕ ਸ਼ੀਆ ਮੁਸਲਮਾਨ ਮੁਲਕ ਹੈ ਅਤੇ ਇਸਦੀ ਸੀਮਾ ਨਾਲ ਲੱਗਦੇ ਅਫਗਾਨ ਖੇਤਰ ਦੀ ਵਸੋਂ ਵੀ ਸ਼ੀਆ ਮੁਸਲਮਾਨ ਹੈ। ਅਮਰੀਕਾ ਦੀ ਹਾਰ ਇਰਾਨ ਲਈ ਵੀ ਫਾਇਦੇਮੰਦ ਹੈ। ਇਹ ਲਾਹਾ ਕਿਸ ਹੱਦ ਤੱਕ ਹੋਵੇਗਾ, ਇਹ ਇਰਾਨੀ ਅਤੇ ਤਾਲਿਬਾਨੀ ਹਾਕਮਾਂ ਦੇ ਰਵੱਈਏ ’ਤੇ ਨਿਰਭਰ ਕਰੇਗਾ। ਪਰ ਅਮਰੀਕਾ ਲਈ ਇਹ ਲਾਜ਼ਮੀ ਨੁਕਸਾਨਦੇਹ ਹੋਵੇਗਾ।
ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਹਕੂਮਤ ਆ ਜਾਣ ਅਤੇ ਅਮਰੀਕਾ ਦੇ ਸਾਮਰਾਜੀ ਸ਼ਰੀਕਾਂ ਦਾ ਪ੍ਰਭਾਵ ਵਧਣ ਨਾਲ ਅਮਰੀਕਾ ਕੋਲ ਪਾਕਿਸਤਾਨ ’ਤੇ ਵਧਦੇ ਰੂਪ ਵਿੱਚ ਨਿਰਭਰ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ। ਪਾਕਿਸਤਾਨ ਦੇ ਫੌਜੀ ਹਾਕਮ, ਪਰਵੇਜ਼ ਮੁਸ਼ੱਰਫ ਨੇ 9/11 ਤੋਂ ਬਾਅਦ ਅਮਰੀਕੀ ਜੰਗੀ ਮੁਹਿੰਮ ਦੀ ਹਮਾਇਤ ਕੀਤੀ। ਉਸਨੇ ਅਫਗਾਨਿਸਤਾਨ ’ਤੇ ਕਬਜੇ ਵਿੱਚ ਵੀ ਅਮਰੀਕਾ ਦਾ ਸਾਥ ਦਿੱਤਾ। ਇਸ ਨਾਲ ਪਾਕਿਸਤਾਨ ਵਿੱਚ ਫੌਜੀ ਹਾਕਮ ਵਿਰੁੱਧ ਰੋਸ ਅਤੇ ਗੁੱਸਾ ਵਧਣਾ ਸ਼ੁਰੂ ਹੋ ਗਿਆ। ਅਫਗਾਨਿਸਤਾਨ ਵਿੱਚ ਸਭ ਤੋਂ ਵੱਡਾ ਨਸਲੀ ਗਰੁੱਪ ਪਸ਼ਤੂਨ ਹਨ। ਪਰ ਅਫਗਾਨਿਸਤਾਨ ਨਾਲੋਂ ਵੀ ਵੱਡੀ ਗਿਣਤੀ ਵਿੱਚ ਪਸ਼ਤੂਨ ਪਾਕਿਸਤਾਨ ਵਿੱਚ ਹਨ। ਇਹ ਅਫਗਾਨ ਨਾਲ ਲੱਗਦੇ ਸਰਹੱਦੀ ਖੇਤਰ ਵਿੱਚ ਹਨ। ਸਰਹੱਦ ਦੇ ਦੋਵੇਂ ਪਾਸੇ ਵਸਦੇ ਪਸ਼ਤੂਨਾਂ ਵਿਚਕਾਰ ਗੂੜੇ ਸਬੰਧ ਹਨ। ਉਹਨਾਂ ਵਿੱਚ ਮੇਲ-ਮਿਲਾਪ ਅਤੇ ਅਦਾਨ-ਪ੍ਰਦਾਨ ਹੈ। ਪਾਕਿਸਤਾਨੀ ਪਸ਼ਤੂਨਾਂ ਨੇ ਤਹਿਰੀਕ-ਇ-ਤਾਲਿਬਾਨ ਨਾਮ ਦਾ ਸੰਗਠਨ ਬਣਾ ਲਿਆ ਅਤੇ ਇਸਨੇ ਮੁਸ਼ੱਰਫ ਵਿਰੁੱਧ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਪਾਕਿਸਤਾਨ ਦੇ ਕੁਲੀਨ (ਇਲੀਟ) ਤਬਕਿਆਂ ਵਿੱਚ ਵੀ ਮੁਸ਼ੱਰਫ ਸਰਕਾਰ ਵਿਰੁੱਧ ਰੋਸ ਵਧਿਆ। ਮੁਸ਼ੱਰਫ ਸਰਕਾਰ ਦੇ ਪਤਨ ਦਾ ਇੱਕ ਇਹ ਵੀ ਕਾਰਨ ਬਣਿਆ। ਇਸਤੋਂ ਬਾਅਦ ਪਾਕਿਸਤਾਨ ਦੀ ਅਫਗਾਨਿਸਤਾਨ ਪ੍ਰਤੀ ਨੀਤੀ ਵਿੱਚ ਚੋਖਾ ਬਦਲਾਅ ਦੇਖਣ ਨੂੰ ਮਿਲਿਆ। ਅਫਗਾਨਿਸਤਾਨ ਬਾਰੇ ਬਹੁਧਿਰੀ ਕੌਮਾਂਤਰੀ ਗੱਲਬਾਤ ਦਾ ਪਾਕਿਸਤਾਨ ਹਿੱਸਾ ਬਣਿਆ। ਜਦਕਿ ਇਸ ਗੱਲਬਾਤ ਦੇ ਅਮਲ ਵਿੱਚ ਦਰਸ਼ਕ ਵਜੋਂ ਸ਼ਾਮਲ ਹੋਣ ਲਈ ਮੋਦੀ ਸਰਕਾਰ ਦਾ ਵਿਦੇਸ਼ ਮੰਤਰੀ, ਜੈਸ਼ੰਕਰ ਮਾਸਕੋ ਜਾ ਕੇ ਰੂਸੀਆਂ ਦੇ ਹਾੜ੍ਹੇ ਕੱਢਦਾ ਰਿਹਾ। ਮੁਸ਼ੱਰਫ ਤੋਂ ਬਾਅਦ ਪਾਕਿਸਤਾਨ ਦੇ ਤਾਲਿਬਾਨ ਪ੍ਰਤੀ ਰੁਖ਼ ਵਿੱਚ ਆਏ ਬਦਲਾਅ ਅਤੇ ਆਰਥਿਕ ਸੰਕਟ ਦੇ ਤਕਾਜ਼ਿਆਂ ਤਹਿਤ ਮੰਡੀ ਲੋੜਾਂ ਕਾਰਨ ਅਮਰੀਕਾ ਵਧਦੇ ਰੂਪ ਵਿੱਚ ਭਾਰਤ ਦੇ ਹੱਕ ਵਿੱਚ ਆਉਦਾ ਗਿਆ ਅਤੇ ਭਾਰਤੀ ਹਾਕਮ ਅਮਰੀਕੀ ਸਾਮਰਾਜ ਅੱਗੇ ਝੁਕਦੇ ਗਏ। ਅਮਰੀਕੀ ਇਸ਼ਾਰੇ ’ਤੇ ਏਸ਼ੀਆ ਪੈਸੇਫਿਕ ਅਲਾਇੰਸ ਦੀ ਚੌਕੜੀ ਅਮਰੀਕਾ, ਜਪਾਨ, ਆਸਟਰੇਲੀਆ ਅਤੇ ਭਾਰਤ ਦਾ ਹਿੱਸਾ ਬਣ ਕੇ ਮੋਦੀ ਸਰਕਾਰ ਨੇ ਆਪਣੇ ਆਪ ਨੂੰ ਰਣਨੀਤਕ ਤੌਰ ’ਤੇ ਬੰਨ ਲਿਆ। ਇਹ ਚੌਕੜੀ ਗਠਜੋੜ ਮੁੱਖ ਰੂਪ ਵਿੱਚ ਦੱਖਣੀ ਚੀਨੀ ਸਮੁੰਦਰ ਵਿੱਚ ਚੀਨ ਦੇ ਪ੍ਰਭਾਵ ਨੂੰ ਰੋਕਣ ਲਈ ਹੈ। ਇਸ ਨਾਲ ਭਾਰਤ ਚੀਨ ਸਬੰਧਾਂ ਵਿੱਚ ਵਿਗਾੜ ਆਇਆ ਅਤੇ ਭਾਰਤ ਚੀਨ ਸਰਹੱਦ ’ਤੇ ਆਏ ਤਣਾਅ ਦਾ ਇੱਕ ਕਾਰਨ ਇਹ ਵੀ ਹੈ।
ਬਦਲੀ ਹੋਈ ਸਥਿਤੀ ਵਿੱਚ ਅਮਰੀਕਾ ਨੂੰ ਪਾਕਿਸਤਾਨ ਦੀ ਲੋੜ ਹੈ। ਇਸ ਕਰਕੇ ਅਮਰੀਕਾ ਦਾ ਪਾਕਿਸਤਾਨ ਪਿੱਛੇ ਵਜ਼ਨ ਵਧੇਗਾ। ਇਸ ਤਰ੍ਹਾਂ ਭਾਰਤ ਪਾਕਿਸਤਾਨ ਪਿੱਛੇ ਅਮਰੀਕੀ ਵਜ਼ਨ ਦਾ ਤਵਾਜਨ ਬਦਲ ਜਾਵੇਗਾ। ਇਸ ਸਥਿਤੀ ਵਿੱਚ ਅਮਰੀਕਾ ਦੀ ਜਰੂਰਤ ਇਨਾਂ ਦੋਵਾਂ ਗਵਾਂਢੀ ਮੁਲਕਾਂ ਵਿਚਕਾਰ ਦੁਸ਼ਮਣੀ ਅਤੇ ਤਣਾਅ ਘਟਾਉਣ ਦੀ ਹੈ। ਅਮਰੀਕੀ ਦਬਾਅ ਹੇਠ ਹੀ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੇ 2003 ਦੀ ਹਮਲਾ ਨਾ ਕਰਨ ਦੀ ਸੰਧੀ ਨੂੰ ਨਵਿਆਇਆ ਹੈ। ਅਮਰੀਕਾ ਜੰਮੂ ਕਸ਼ਮੀਰ ਵਿੱਚ ਹਾਲਾਤ ਆਮ ਕਰਨੇ ਚਾਹੁੰਦਾ ਹੈ। ਇਸ ਕਰਕੇ ਭਾਰਤ ਪੱਖੀ, ਪਾਰਲੀਮਾਨੀ ਪਾਰਟੀਆਂ ਨੇ ਫਰੂਕ ਅਬਦੁੱਲਾ ਦੇ ਗੁਪਕਰ ਰੋਡ ਸਥਿਤ ਨਿਵਾਸ ’ਤੇ ਮੀਟਿੰਗ ਕਰਕੇ, ਗੁਪਕਰ ਗਠਜੋੜ ਬਣਾਇਆ ਸੀ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸਨੂੰ ਗੁਪਕਰ ਗੈਂਗ ਕਿਹਾ ਸੀ। ਇਹ ਅਮਰੀਕੀ ਦਬਾਅ ਦਾ ਹੀ ਕੌਤਕ ਹੈ ਕਿ ਉਸੇ ਗੁਪਕਰ ‘ਗੈਂਗ’ ਨੂੰ ਭਾਰਤ ਸਰਕਾਰ ਨੇ ਦਿੱਲੀ ਬੁਲਾਇਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਮੀਟਿੰਗ ਦੀ ਮੇਜਬਾਨੀ ਕੀਤੀ ਹੈ ਅਤੇ ਸ਼ਰਮ ਨੂੰ ਪਾਸੇ ਰੱਖ ਕੇ ਅਮਿਤ ਸ਼ਾਹ ਵੀ ਹਾਜ਼ਿਰ ਸੀ।
ਅਫਗਾਨਿਸਤਾਨ ਵਿੱਚ ਅਮਰੀਕਾ ਦੀ ਹਾਰ ਨਾਲ ਕੌਮਾਂਤਰੀ ਪੱਧਰ ’ਤੇ ਅਤੇ ਖਾਸ ਕਰਕੇ ਇਸ ਖਿੱਤੇ ਵਿੱਚ ਦੂਰਰਸ ਤਬਦੀਲੀਆਂ ਵਾਪਰਨਗੀਆਂ ਅਤੇ ਵਾਪਰ ਰਹੀਆਂ ਹਨ। ਇਹ ਤਬਦੀਲੀਆਂ ਅਮਰੀਕੀ ਸਾਮਰਾਜ ਅਤੇ ਇਸਦੇ ਪਿੱਠੂ ਬਣੇ ਹਾਕਮਾਂ ਵਿਰੁੱਧ ਭੁਗਤ ਰਹੀਆਂ ਹਨ। ਭਾਰਤੀ ਹਾਕਮ ਉਥੋਂ ਪੂਛ ਦਬਾ ਕੇ, ਬੋਰੀਆ ਬਿਸਤਰਾ ਵਲੇਟ ਕੇ ਭੱਜ ਰਹੇ ਹਨ। ਇਰਾਨ ਨਾਲ ਇਹਨਾਂ ਨੇ ਪਹਿਲਾਂ ਹੀ ਪੁਲ ਤੋੜ ਲਏ ਹਨ। ਇਰਾਨ ਦੀ ਚਾਬਹਾਰ ਬੰਦਰਗਾਹ, ਜਿਸਦਾ ਰਣਨੀਤਕ ਮਹੱਤਵ ਸੀ, ਵਿੱਚ ਨਿਵੇਸ਼ ਤੋਂ ਪਿੱਛੇ ਹਟ ਗਏ ਅਤੇ ਇਰਾਨ ਤੋਂ ਸਸਤਾ ਤੇਲ ਖਰੀਦਣੋਂ ਵੀ ਮੁਕਰ ਗਏ। ਇਸਦੇ ਉਲਟ ਇਨਾਂ ਨੇ ਅਫਗਾਨਿਸਤਾਨ ਵਿੱਚ ਪ੍ਰਾਜੈਕਟਾਂ ਵਿੱਚ 3 ਅਰਬ ਡਾਲਰ ਦਾ ਨਿਵੇਸ਼ ਕੀਤਾ, ਜੋ ਤਾਲਿਬਾਨ ਦੇ ਸੱਤਾ ਵਿੱਚ ਆਉਣ ਨਾਲ ਡੁੱਬਣ ਦਾ ਖਤਰਾ ਖੜਾ ਹੋ ਗਿਆ ਹੈ ਤੇ ਤਾਲਿਬਾਨ ਮਾਰੋ-ਮਾਰ ਕਰਦਾ ਅੱਗੇ ਵਧ ਰਿਹਾ ਤੇ ਉਸਦਾ ਦਾਅਵਾ ਹੈ ਕਿ 85% ਦੇਸ਼ ’ਤੇ ਉਹਨਾਂ ਦਾ ਕਬਜ਼ਾ ਹੈ। ਬਕਰੀਦ ਵਾਲੇ ਦਿਨ ਰਾਸ਼ਟਰਪਤੀ ਮਹਿਲ ਲਾਗੇ ਰਾਕੇਟ ਦਾਗ ਕੇ ਉਨ੍ਹਾਂ ਐਲਾਨ ਕਰ ਦਿੱਤਾ ਹੈ ਕਿ ਉਹ ਜਿੱਤ ਰਹੇ ਹਨ।