ਅੰਨ ਦਾਤਾ
ਪਵਨ ਗੁਰੂ ਪਾਣੀ ਪਿਤਾ
ਮਾਤਾ ਧਰਤ ਮਹੱਤ
ਉਹ ਇਹਨਾਂ ਸ਼ਬਦਾਂ ਦਾ
ਸਤਿਕਾਰ ਕਰਦਾ
ਕੁਦਰਤ ਨੂੰ ਪਿਆਰ ਕਰਦਾ
ਹਰ ਆਦਮੀ ਚੋਂ ਇਨਸਾਨ ਦੇ
ਸ਼ਖ਼ਸ ਚੋਂ ਸ਼ਖ਼ਸੀਅਤ ਦੇ
ਦੀਦਾਰ ਕਰਦਾ।
ਕਦੇ ਕਾਮਾ ਕਦੇ ਕਿਰਤੀ
ਕਦੇ ਕਿਸਾਨ
ਉਸ ਦੇ ਅਨੇਕਾਂ ਹੀ ਨਾਮ
ਜੋ ਸਰਬੱਤ ਦਾ ਭਲਾ ਮੰਗਦਾ
ਸਵੇਰੇ ਸ਼ਾਮ ।
ਮਿੱਟੀ ਨਾਲ ਮਿੱਟੀ ਹੋ ਕੇ
ਮੁੜਕੇ ਨਾਲ ਮਿੱਟੀ ਧੋ ਕੇ
ਸਿਆੜਾਂ ਦੀ ਮਾਲਾ ਵਿੱਚ
ਮੋਤੀਆਂ ਵਰਗੇ ਦਾਣੇ ਪਰੋ ਕੇ
ਮੀਹਾਂ ਨੇਰੀਆਂ ਵਿੱਚ
ਇਕ ਲੱਤ ਭਾਰ ਖਲੋ ਕੇ
ਮਿੱਟੀ ਚੋਂ ਸੋਨਾ ਉਗਾਉਂਦਾ
ਸਬਰ ਸੰਤੋਖ ਦੇ ਰਾਗ ਗਾਉਂਦਾ
ਦਿਨ ਰਾਤ ਕਿਰਤ ਕਰਦਾ
ਸਾਰੇ ਦੇਸ਼ ਦਾ ਢਿੱਡ ਭਰਦਾ।
ਧਰਤੀ ਮਾਂ ਫਖਰ ਮਹਿਸੂਸ ਕਰਦੀ
ਜਦੋਂ ਉਸ ਦੇ ਪੁੱਤ ਨੂੰ ਲੋਕ
ਉੱਠਦੇ ਬਹਿੰਦੇ ਅੰਨ – ਦਾਤਾ ਕਹਿੰਦੇ
ਧਰਤੀ ਮਾਂ ਦੇ ਕਾਲ਼ਜੇ ਠੰਡ ਪੈ ਜਾਂਦੀ ।
ਪਰ ਹੁਣ
ਧਰਤ ਸੁਹਾਵੀ ਨੂੰ ਇੰਜ ਲਗਦਾ
ਜਿਵੇਂ ਪੌਣਾਂ ਰੁਮਕਦੀਆਂ ਤੋਂ ਵੀ ਜ਼ਹਿਰ ਚੜ੍ਹਦਾ
ਹਵਾ ਦੀ ਥਾਂ ਅੱਗ ਦਾ ਬੁੱਲਾ ਵਗਦਾ
ਫਿਰ ਅੱਧ ਖਿੜੇ ਫੁੱਲਾਂ ਤੇ
ਅੱਗ ਬਣ ਵਰ੍ਹਦਾ ।
ਹੁਣ ਧਰਤੀ ਮਾਂ ਨੂੰ
ਅੰਨਦਾਤੇ ਤੋਂ ਭੈਅ ਆਉਂਦਾ ।
– ਅਜੈ ਤਨਵੀਰ