ਆਪਣੀ ਬੀਜੀ ਫਸਲ ਵੱਢ ਗਿਆ ਸਿੱਧੂ ਮੂਸੇਵਾਲਾ-ਡਾ. ਹੀਰਾ ਸਿੰਘ

ਆਪਣੀ ਬੀਜੀ ਫਸਲ ਵੱਢ ਗਿਆ ਸਿੱਧੂ ਮੂਸੇਵਾਲਾ-ਡਾ. ਹੀਰਾ ਸਿੰਘ

ਬੀਤੇ ਦਿਨੀ ਪੰਜਾਬੀ ਗਾਇਕ ਸ਼ੁਭਦੀਪ ਸਿੰਘ ‘ਸਿੱਧੂ ਮੂਸੇਵਾਲਾ’ ਦਾ ਕਤਲ ਕਰ ਦਿੱਤਾ ਗਿਆ। ਇਹ ਖਬਰ ‘ਜੰਗਲ ਦੀ ਅੱਗ’ ਵਾਂਗ ਪੰਜਾਬ ਵਿਚ ਫੈਲ ਗਈ। ਪਹਿਲੀ ਵਾਰ ਇਸ ਮੁਹਾਵਰੇ ਨੂੰ ਸੱਚ ਹੁੰਦਿਆਂ ਵੇਖਿਆ ਮੈਂ। ਇਕ ਦੋ ਘੰਟੇ ਵਿਚ ਇਸ ਖਬਰ ਨੇ ਪੂਰੇ ਪੰਜਾਬ ਅਤੇ ਪੰਜਾਬੀ ਭਾਈਚਾਰੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਨੌਜਵਾਨ ਵਰਗ ਨੇ ਇਸ ਘਟਨਾ ਨੂੰ ਸਦਮੇ ਵਾਂਗ ਲਿਆ ਹੈ। ਹੁਣ ਸਿੱਧੂ ਮੂਸੇਵਾਲੇ ਦਾ ਭੋਗ ਵੀ ਪੈ ਚੁੱਕਾ ਹੈ। ਬੀਤੇ ਦਸ ਬਾਰਾਂ ਦਿਨਾਂ ਵਿਚ ਇਸ ਕਤਲ ਨੂੰ ਲੈ ਕੇ ਸੋਸ਼ਲ ਮੀਡੀਆ ਅਤੇ ਮੀਡੀਆ ਵਿਚ ਜੋ ਪ੍ਰਚਾਰ ਹੁੰਦਾ ਰਿਹਾ ਉਸ ਸਭ ਨੂੰ ਵੇਖ ਸੁਣ ਕੇ ਮੈਨੂੰ ਇਸ ਟੈਕਸਟ ਦੀਆਂ ਹੇਠ ਲਿਖੀਆਂ ਪੜ੍ਹਤਾਂ ਮਹਿਸੂਸ ਹੋਈਆਂ ਜੋ ਮੈਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ

ਪਹਿਲੀ ਪੜ੍ਹਤ – ਪੰਜਾਬ ਦਾ ਇਤਿਹਾਸ ਅਤੇ ਸਭਿਆਚਾਰ

ਪੰਜਾਬ ਦੀ ਭੁਗੋਲਿਕ ਸਥਿਤੀ ਨੇ ਪੰਜਾਬੀਆਂ ਦੀ ਕਿਸਮਤ ਘੜ ਦਿੱਤੀ ਸੀ। ਸਿਆਣੇ ਦੱਸਦੇ ਹਨ ਕਿ ਇਤਿਹਾਸ ਵਿਚ ਕਦੇ ਵੀ ਪੰਝੀ ਸਾਲ ਸ਼ਾਂਤੀ ਨਾਲ ਨਹੀਂ ਲੰਘੇ। ਕਦੇ ਹੂਣ, ਕਦੇ ਕੁਸ਼ਾਣ, ਕਦੇ ਮੁਗਲ, ਕਦੇ ਪਠਾਣ ਕੋਈ ਨਾ ਕੋਈ ਹਮਲਾਵਰ ਭਾਰਤ ਨੂੰ ਲੁੱਟਣ ਚੜਿਆ ਸਭ ਤੋਂ ਪਹਿਲਾਂ ਪੰਜਾਬੀਆਂ ਨਾਲ ਦੋ ਹੱਥ ਕਰਦਾ। ਏਸੇ ਲਈ ਏਥੋਂ ਦੀ ਲੋਕਾਈ ਨੇ ਮੰਨ ਲਿਆ ਕਿ ‘ਖਾਧਾ ਪੀਤਾ ਲਾਹੇ ਦਾ ਰਹਿੰਦਾ ਅਹਿਮਦਸ਼ਾਹੇ ਦਾ’ ਜਾਂ ਫਿਰ ‘ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ’ ਸਿਰ ਤੇ ਖੱਫਣ ਬੰਨ ਕੇ ਲੜਾਈ ਲਈ ਹਰ ਸਮੇਂ ਤਿਆਰ ਰਹਿਣਾ ਪੰਜਾਬੀਆਂ ਦੀ ਹੋਣੀ ਬਣ ਚੁੱਕਾ ਸੀ ਇਸ ਲਈ ਲੜਾਈ ਨੂੰ ਉਤਸ਼ਾਹਿਤ ਕਰਨ ਲਈ ਏਥੇ ਵਾਰਾਂ ਰਚੀਆਂ/ਗਾਈਆਂ ਜਾਂਦੀਆਂ ਸਨ। ਸ਼ਹੀਦਾਂ ਦੀਆਂ ਮੜੀਆਂ ਪੂਜੀਆਂ ਜਾਂਦੀਆਂ ਸਨ/ਹਨ।

ਸਾਡੇ ਕੋਲ ਸਿੱਖ ਧਰਮ ਦਾ ਗ੍ਰੰਥ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਹੈ, ਜੋ ਜੀਵਨ ਦੀ ਦਾਰਸ਼ਨਿਕ ਵਿਆਖਿਆ ਕਰਦਾ ਹੈ। ਸਿੱਖ ਗੁਰੂ ਸਾਹਿਬਾਨ ਦਾ ਜੀਵਨ ਹੈ, ਜੋ ਅਤਿ ਦੀ ਨਿਮਰਤਾ ਵਿਚ ਵਿਚਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਤਾਂ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਤੇ ਵੀ ਭਾਣਾ ਮੰਨਦੇ ਹਨ। ਗੁਰੂ ਸਹਿਬਾਨ ਤੋਂ ਬਾਅਦ ਸਿੱਖ ਬੰਦੇ ਬਹਾਦਰ ਜੀ ਅਗਵਾਈ ਵਿਚ ਅਗਰੈਸਿਵ ਹੋ ਕੇ ਹਮਲਾਵਰ ਹੋਏ। ਸਿੱਖ ਹਾਕਮ ਜਮਾਤਾਂ ਨਾਲ ਲੜਦੇ ਸਨ। 1708 ਤੋਂ ਲੈ ਕੇ 1947 ਤੱਕ ਸਿੱਖਾਂ ਦੇ ਦੁਸ਼ਮਣ ਸਪੱਸ਼ਟ ਸਨ। 1978 ਤੋਂ ਬਾਅਦ ਪਹਿਲੀ ਵਾਰ ਸਿੱਖਾਂ ਨੂੰ ਸਿੱਖਾਂ ਨਾਲ ਹੀ ਲੜਨਾ ਪਿਆ। ਦਿੱਲੀ ਸਰਕਾਰ ਨਾਲ ਸ਼ੁਰੂ ਹੋਇਆ ਯੁੱਧ ਅੱਤਵਾਦੀਆਂ ਅਤੇ ਪੁਲਿਸ ਵਾਲਿਆਂ ਦਾ ਯੁੱਧ ਹੋ ਨਿਬੜਿਆ ਸੀ। ਅਸੀਂ ਰਾਜਿਆਂ ਮਹਾਂਰਾਜਿਆਂ ਦੇ ਦੌਰ ਵਿਚੋਂ ਲੰਘ ਕੇ ਲੋਕਤੰਤਰ ਦੇ ਦੌਰ ਵਿਚ ਆ ਚੁੱਕੇ ਹਾਂ। ਸੁਪਰ ਸੌਨਿਕ ਜਹਾਜ਼ਾਂ ਅਤੇ ਐਟਮ ਬੰਬਾਂ ਦਾ ਸਮਾਂ ਹੈ। ਬਾਹਾਂ ਦੇ ਜੋਰ ਨਾਲੋਂ ਕੂਟਨੀਤੀ, ਰਾਜਨੀਤੀ ਅਤੇ ਪ੍ਰਚਾਰ ਵੱਡੇ ਹਥਿਆਰ ਬਣ ਚੁੱਕੇ ਹਨ। ਸਥਿਤੀਆਂ ਬਦਲਣ ਨਾਲ ਸਭਿਆਚਾਰ ਵੀ ਬਦਲਣਾ ਚਾਹੀਦਾ ਹੈ।

ਦੂਸਰੀ ਪੜ੍ਹਤ – ਪੰਜਾਬ ਦਾ ਵਰਤਮਾਨ ਸਮਾਂ

ਸਾਡੀ ਪੀੜ੍ਹੀ ਨੇ 1984 ਵਾਲਾ ਵਕਤ ਅੱਖੀਂ ਵੇਖਿਆ ਹੈ। ਦਿੱਲੀ ਨੇ ਵਿਚਾਰਾਂ ਦੀ ਲੜਾਈ ਨੂੰ ਹਥਿਆਰਾਂ ਦੀ ਲੜਾਈ ਬਣਾ ਕੇ ਪੰਜਾਬ ਨੂੰ ਬਦਨਾਮ ਵੀ ਕੀਤਾ ਅਤੇ ਬਰਬਾਦ ਵੀ ਕੀਤਾ ਜੋ ਅਜੇ ਤੱਕ ਸੂਤ ਨਹੀਂ ਆ ਰਿਹਾ। ਏਨਾ ਕਰਜਾ ਸਿਰ ਪਾ ਦਿੱਤਾ ਹੈ ਕਿ ਵਿਆਜ ਉਤਾਰਨ ਲਈ ਵੀ ਕਰਜਾ ਲੈਣਾ ਪੈ ਰਿਹਾ ਹੈ। ਵਰਤਮਾਨ ਕਿਸਾਨ ਅੰਦੋਲਨ ਨੇ ਲੜਨ ਦਾ ਅਸਲੀ ਤਰੀਕਾ ਦੱਸ ਦਿੱਤਾ ਹੈ। ਵਿਰੋਧੀ ਧਿਰ ਤੋਂ ਆਪਣੀ ਗੱਲ ਕਿਵੇਂ ਮੰਨਵਾਉਣੀ ਹੈ ਇਹ ‘ਗੁਰੂ ਕੇ ਬਾਗ’ ਦੇ ਮੋਰਚੇ ਨੇ ਵੀ ਦੱਸ ਦਿੱਤਾ ਸੀ ਅਤੇ ‘ਜੈਤੋ ਦੇ ਮੋਰਚੇ’ ਨੇ ਵੀ। ਬਿਨਾ ਵੱਡੀ ਤਿਆਰੀ ਤੋਂ ਹਥਿਆਰਬੰਦ ਅੰਦੋਲਨ ਅਸਫਲ ਰਹਿੰਦੇ ਹਨ ਇਹ ਸਾਨੂੰ ‘ਕੂਕਾ ਲਹਿਰ’ ਨੇ ਵੀ ਦੱਸ ਦਿੱਤਾ ਸੀ, ‘ਗਦਰ ਮੂਵਮੈਂਟ’ ਨੇ ਵੀ ਸਿੱਖਾ ਦਿੱਤਾ ਸੀ, ਅਤੇ ਅਸਾਂ 84 ਵਾਲੇ ਦੌਰ ਤੋਂ ਵੀ ਸਿੱਖ ਲਿਆ ਹੈ। ਅਸਲ ਵਿਚ 84 ਵਾਲੇ ਚੱਕਰ ਨੇ ਪੰਜਾਬੀਆਂ ਨੂੰ ਵੱਡੀ ਨਮੋਸ਼ੀ ਦਿੱਤੀ ਹੈ ਅਤੇ ਸਿੱਧੂ ਦੇ ਗਾਣੇ ਮਨੋਵਿਿਗਆਨਕ ਢੰਗ ਨਾਲ ਪੰਜਾਬੀਆਂ ਦੇ ਇਤਿਹਾਸਕ ਬਾਗੀ ਖੂਨ ਨੂੰ ਇਸ ਨਮੋਸ਼ੀ ਵਿਚੋਂ ਕੱਢਦੇ ਹਨ। ਏਸੇ ਲਈ ਨਵੀਂ ਪੀੜ੍ਹੀ ਨੇ ਉਸਦੇ ਗਾਣਿਆਂ ਨੂੰ ਪਸੰਦ ਕੀਤਾ। ਖਾੜਕੂ ਲਹਿਰ ਨੇ ਇਕ ਸਮੇਂ 1985-90 ਦੌਰਾਨ ਪੰਜਾਬ ਦੀ ਲੱਚਰ ਗਾਇਕੀ ਨੂੰ ਨੱਥ ਪਾਈ ਸੀ। ਦੂਸਰੀ ਵਾਰ ਹੁਣ ਪੰਜਾਬੀ ਹਥਿਆਰਾਂ ਅਤੇ ਗੈਗਵਾਰ ਦੇ ਗਾਣਿਆਂ ਨੂੰ ਬੈਨ ਕਰਨਾ ਚਾਹੁੰਦੇ ਹਨ। ਕਿਉਂਕਿ ਸਾਡੇ ਅਜੇ ਜਖਮ ਅੱਲੇ ਹਨ।

ਤੀਸਰੀ ਪੜ੍ਹਤ – ਮੂਸੇਵਾਲੇ ਦੇ ਗਾਣੇ ਅਤੇ ਹਥਿਆਰ

ਸਿੱਧੂ ਮੂਸੇਵਾਲਾ ਸਰੀਰ ਪੱਖੋਂ ਵੀ ਧਾਕੜ ਜਾਪਦਾ ਸੀ ਅਤੇ ਵਿਚਾਰਾਂ ਪੱਖੋਂ ਵੀ। ਉਹ ਆਤਮ ਹਉਂ ਦੇ ਸਿਖਰ ਤੋਂ ਬੋਲਦਾ ਸੀ। ਜਦੋਂ ਉਸਦੇ ਗਾਣੇ ਸੰਗੀਤ ਇੰਡਸਟਰੀ ਵਿਚ ਚੱਲਣ ਲੱਗੇ ਤਾਂ ਉਹ ਆਪਣੇ ਗਾਣਿਆ ਰਾਹੀਂ ਇੰਜ ਦੀ ਗੱਲ ਕਰਦਾ ਸੀ ਕਿ ਸ਼ਾਇਦ ਸਾਰੀ ਪੰਜਾਬੀ ਸੰਗੀਤ ਇੰਡਸਟਰੀ ਉਸਦੇ ਗਾਣਿਆਂ ਦੀ ਦੁਸ਼ਮਣ ਸੀ ਪਰ ਹੁਣ ਉਹ ਸਭ ਤੋਂ ਉੱਪਰ ਦਾ ਗਾਇਕ ਬਣ ਗਿਆ ਹੈ। ਮਤਲਬ ਸਾਫ ਸੀ ਕਿ ਆਪਣੇ ਮਨੋ ਹੀ ਸਾਰਿਆਂ ਨੂੰ ਦੁਸ਼ਮਣ ਸਮਝ ਕੇ ਡਰਾਉਣਾ ਸ਼ੁਰੂ ਕਰ ਦਿੱਤਾ। ਦੂਸਰਾ ਉਸਦੇ ਗਾਣੇ ਵਿਚਾਰਾਂ ਨੂੰ ਭੜਕਾਉਣ ਵਾਲੇ ਹਥਿਆਰਾਂ ਨਾਲ ਡਰਾਉਣ ਵਾਲੇ ਸਨ ਜਿਸ ਕਰਕੇ ਵਿਆਹਾਂ ਸ਼ਾਦੀਆਂ ਤੇ ਕਈ ਵਾਰ ਚਲਾਈਆਂ ਨਜਾਇਜ ਗੋਲੀਆਂ ਨਾਲ ਕਈ ਮਾਸੂਮ ਲੋਕਾਂ ਦੀ ਮੌਤ ਵੀ ਹੋਈ। ਜਦੋਂ ਕਿਸੇ ਡਾਂਸਰ ਜਾਂ ਮਾਸੂਮ ਵਿਅਕਤੀ ਦੀ ਮੌਤ ਹੋਣੀ ਲੋਕਾਂ ਨੇ ਅਜਿਹੇ ਗਾਣਿਆ ਨੂੰ ਬੰਦ ਕਰਨ ਲਈ ਰੌਲਾ ਪਾਉਣਾ ਪਰ ਸਰਕਾਰਾਂ ਦੀ ਕੋਈ ਅਜਿਹੀ ਨੀਤੀ ਨਾ ਹੋਣ ਕਰਕੇ ਅਜਿਹੇ ਗਾਣੇ ਚੱਲਦੇ ਰਹੇ ਜਿਸ ਕਾਰਨ ਹਥਿਆਰ ਕਲਚਰ ਹੋਰ ਵਧਵਾ ਫੁੱਲਦਾ ਰਿਹਾ ਅਤੇ ਪੰਜਾਬ ਵਿਚ ਗੈਂਗਸਟਰ ਪੈਦਾ ਹੁੰਦੇ ਗਏ।

ਹੁਣ ਸਾਡੇ ਕੋਲ ਦੋ ਪੀੜ੍ਹੀਆਂ ਦਾ ਪਾੜਾ ਹੈ। ਚਾਲੀ ਪੰਜਾਹ ਸਾਲ ਤੋਂ ਵੱਡੀ ਉਮਰ ਦੇ ਲੋਕ ਹਥਿਆਰਾਂ ਨੂੰ ਨਫਰਤ ਕਰਦੇ ਹਨ। ਉਹਨਾਂ ਨੇ ਹਥਿਆਰਾਂ ਦੀ ਬਰਬਾਦੀ ਵੇਖੀ ਹੈ। ਆਪਣੇ ਪਿੰਡੇ ਤੇ ਹੰਢਾਈ ਹੈ। ਪੰਦਰਾਂ ਤੋਂ ਪੰਝੀ ਸਾਲ ਦੀ ਉਮਰ ਦੇ ਲੋਕ ਹਥਿਆਰਾਂ ਬਾਰੇ ਕਰੇਜ਼ੀ ਹਨ। ਸਿੱਧੂ ਮੂਸੇਵਾਲਾ ਪਿਛਲੇ ਤਕਰੀਬਨ 30-35 ਸਾਲਾਂ ਦੌਰਾਨ ਪੰਜਾਬੀ ਦਾ ਅਜਿਹਾ ਪਹਿਲਾ ਗੀਤਕਾਰ/ਗਾਇਕ ਆਇਆ ਜਿਸਨੇ ਆਪਣੇ ਗੀਤਾਂ ਰਾਹੀਂ, ਆਪਣੇ ਜੀਵਨ ਰਾਹੀਂ ਲਗਾਤਾਰ ਹਥਿਆਰਾਂ ਨੂੰ ਪ੍ਰਮੋਟ ਕੀਤਾ। ਉਸਦੇ ਕੁਝ ਗੀਤਾਂ ਦੀਆਂ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ

ਹੋ ਤੂਤ ਟਿੱਬੀ ਦੇ ਤੋਂ ਉੱਢਣ ਗੁਟਾਰਾਂ ਨੀ

ਤੂਤ ਟਿੱਬੀ ਦੇ ਤੋਂ

ਟਿੱਬੀ ਦੇ ਤੋਂ ਉੱਡਣ ਗੁਟਾਰਾਂ ਨੀ

ਜਦੋਂ ਜੱਟ ਫਾਇਰ ਕਰਦਾ ਕਰਦਾ

ਹੋ ਮੂਸੇ ਦੀ ਨਾ ਟੱਪੇ ਫਿਰਨੀ ਕੋਈ ਡਰਦਾ

…….

ਜਦੋਂ ਦਾ ਮੈਂ ਆਇਆ, ਸਾਰੇ ਬਾਹਰ ਹੋਏ ਗੇਮ ’ਚੋਂ

ਵੈਰੀ ਟੰਗੇ ਕੰਧਾਂ ਉੱਤੇ ਜੜ ਕੇ ਫਰੇਮ ਚ

…………

ਹੋ ਸੁਣਿਆ ਤੁਹਾਡੇ ਕੋਲ ਅੱਠ ਅਸਲੇ

ਗੱਲ ਸੋਲ੍ਹਾਂ ਆਨੇ ਸੱਚ ਆ ਸੋਹਣੀਏ

…………

ਨੇਚਰ ਮੁੱਢ ਤੋਂ ਰਿਹਾ ਕਲੇਸ਼ੀ, ਰਸ਼ੀਅਨ ਵੈਪਨ ਗੱਭਰੂ ਦੇਸੀ

ਕੱਲ ਨੂੰ ਸ਼ਹਿਰ ਬਠਿੰਡੇ ਪੇਸ਼ੀ, ਨੀ ਬੰਬੀਹਾ ਬੋਲੇ

…………

ਸਾਡੇ ਘਰ ਤਾਂ ਛੋਟੇ ਨੇ

ਕੋਲ ਮਹਿੰਗੀਆਂ ਗੰਨਾਂ ਨੇ

…………

ਦੋ ਮੂੰਹਾਂ ਵਾਲੇ ਪਸਤੌਲ ਰੱਖਦਾ

ਮੇਰੀ ਗੁੰਡਾ ਟੱਚ ਆ ਅਪੀਲ ਸੋਹਣੀਏ

ਇਹ ਗਾਣੇ ਸਿਰਫ ਹਥਿਆਰਾਂ ਨੂੰ ਹੀ ਪ੍ਰਮੋਟ ਨਹੀਂ ਸੀ ਕਰਦੇ ਸਗੋਂ ਗੁਰੂਆਂ ਦੁਆਰਾ ਖਤਮ ਕਰਨੀ ਚਾਹੀ ਜਾਤ-ਪਾਤ ਊਚ-ਨੀਚ ਨੂੰ ਵੀ ਪ੍ਰਮੋਟ ਕਰਦੇ ਸਨ ਉਸਦੇ ਗਾਣਿਆਂ ਵਿਚ ਤਕੜੇ ਜੱਟ ਦਾ ਲਲਕਾਰਾ ਅਤੇ ਵੈਲੀ ਜੱਟ ਦੀ ਥਾਪੀ ਆਮ ਵੇਖੀ ਜਾ ਸਕਦੀ ਸੀ ਜੋ ਸਾਡੀ ਨਵੀਂ ਪੀੜ੍ਹੀ ਨੂੰ ਬਹੁਤ ਅਪੀਲ ਕਰਦੀ ਸੀ। ਸਮੇਂ ਦਾ ਸਿਤਮ ਇਹ ਹੈ ਕਿ ਇਸ ਸਮੇਂ ਹੀ ਪੰਜਾਬ ਦੀ ਅੱਸੀ ਪ੍ਰਤੀਸ਼ਤ ਕਿਸਾਨੀ ਦੀ ਜਮੀਨ ਬੈਂਕਾਂ ਕੋਲ ਗਹਿਣੇ ਹੈ। ਮੂਸੇ ਵਾਲੇ ਸਿੱਧੂ ਦੀ ਸੋਚ ਦੋ ਵਿਰੋਧੀ ਸਥਿਤੀਆਂ ਨੂੰ ਨਾਲ ਨਾਲ ਲੈ ਕੇ ਚੱਲ ਰਹੀ ਸੀ ਉਹਨਾਂ ਦੇ ਵਿਰੋਧ ਨੂੰ ਸਮਝ ਨਹੀਂ ਸੀ ਰਹੀ। ਉਹ ਪੈਸੇ ਤਾਂ ਗਾਇਕੀ ਵਿਚੋਂ ਕਮਾ ਰਿਹਾ ਸੀ ਪਰ ਬੜਕ ਕਿਸਾਨੀ ਦੀ ਮਾਰਦਾ ਸੀ ਜਿਸ ਦੀ ਕਿ ਚੀਕ ਵੀ ਨਹੀਂ ਨਿਕਲ ਰਹੀ। ਉਹ ਫੈਨ ਤਾਂ ਭਿੰਡਰਾਂ ਵਾਲੇ ਦਾ ਸੀ ਪਰ ਪਾਰਟੀ ਕਾਂਗਰਸ ਨੂੰ ਜੁਆਇਨ ਕਰਦਾ ਹੈ।

ਚੌਥੀ ਪੜ੍ਹਤ – ਗੈਂਗ ਕਲਚਰ ਅਤੇ ਪੰਜਾਬ

84 ਵਾਲੇ ਦੌਰ ਤੋਂ ਬਾਅਦ ਇਕ ਤਾਂ ਪੰਜਾਬ ਸਿਰ ਕਰਜਾ ਹੀ ਏਨਾ ਚਾੜ੍ਹ ਦਿੱਤਾ ਗਿਆ ਕਿ ਇਸ ਨੂੰ ਤੀਹ ਸਾਲਾਂ ਬਾਅਦ ਵੀ ਹੋਸ਼ ਨਹੀਂ ਆ ਰਹੀ। ਦੂਸਰਾ ਪਿਛਲੇ ਸਮੇਂ ਦੀਆਂ ਤਿੰਨ ਚਾਰ ਸਰਕਾਰਾਂ ਨੇ ਪੰਜਾਬੀ ਅਤੇ ਪੰਜਾਬੀਆਂ ਲਈ ਕੋਈ ਨੀਤੀ ਹੀ ਨਹੀਂ ਬਣਾਈ ਕਿ ਇਸ ਦਾ ਵਿਕਾਸ ਹੋ ਸਕੇ ਸਗੋਂ ਸਾਡੇ ਲੀਡਰ ਆਪਣਾ ਹੀ ਵਿਕਾਸ ਕਰਦੇ ਰਹੇ ਹਨ। ਜਿਸ ਦਾ ਨਤੀਜਾ ਇਹ ਹੋਇਆ ਕਿ ਸਾਡੀ ਨੌਜਵਾਨ ਪੀੜ੍ਹੀ ਲਈ ਰੋਜਗਾਰ ਖਤਮ ਹੋ ਗਿਆ ਤੇ ਉਸ ਨੇ ਵਿਦੇਸ਼ਾ ਵੱਲ ਮੂੰਹ ਕਰ ਲਿਆ। ਰਾਜਨੀਤਕ ਲੀਡਰਾਂ ਨੇ ਗੂੰਡਾਗਰਦੀ ਨੂੰ ਪ੍ਰਮੋਟ ਕੀਤਾ ਆਪ ਗੁੰਡੇ ਰੱਖੇ ਵਿਰੋਧੀਆਂ ਦਾ ਮੂੰਹ ਬੰਦ ਕਰਨ ਲਈ। ਸ਼ਰੇਆਮ ਨਸ਼ਿਆਂ ਦਾ ਵਪਾਰ ਕੀਤਾ। ਪੰਜਾਬ ਵਿਚ ਨਵੇਂ ਖਤਰਨਾਕ ਨਸ਼ੇ ਲਿਆਂਦੇ ਅਤੇ ਏਥੋਂ ਦੀ ਨੌਜਵਾਨ ਪੀੜ੍ਹੀ ਨੂੰ ਸਪੱਸ਼ਟ ਕਹਿ ਦਿੱਤਾ ਕਿ ਰੋਜਗਾਰ ਲਈ ਵਿਦੇਸ਼ਾਂ ਵਿਚ ਜਾਵੋ, ਅਸੀਂ ਤੁਹਾਡੀ ਮਦਦ ਕਰਾਂਗੇ। ਇਕ ਖਾੜਕੂਵਾਦ ਦਾ ਸਮਾਂ ਸੀ ਜਦੋਂ ਪੰਜਾਬ ਦੀ ਇੰਡਸਟਰੀ ਨਾਲ ਦੇ ਸੂਬਿਆਂ ਵੱਲ ਚਲੀ ਗਈ। ਇਕ ਹੁਣ ਸਮਾਂ ਆ ਰਿਹਾ ਹੈ ਜਦੋਂ ਨੌਜਵਾਨਾਂ ਦੇ ਗੈਂਗ ਬਣ ਰਹੇ ਹਨ ਤੇ ਉਹ ਹਰ ਪੇਸ਼ੇ ਵਿਚ ਉੱਭਰ ਰਹੇ ਲੋਕਾਂ ਤੋਂ ਪੈਸੇ ਵਸੂਲ ਰਹੇ ਹਨ। ਮੌਤ ਦਾ ਡਰਾਵਾ ਲੋਕਾਂ ਤੇ ਭਾਰੂ ਹੋ ਰਿਹਾ ਹੈ। ਸਿੱਧੂ ਮੂਸੇਵਾਲੇ ਦੇ ਗਾਣੇ ਗੈਂਗਵਾਰ ਗੈਂਗਕਲਚਰ ਨੂੰ ਪ੍ਰਮੋਟ ਕਰਦੇ ਹਨ। ਵਿੱਕੀ ਗੌਂਡਰ ਦੀ ਮੌਤ ਤੇ ਜਦੋਂ ਮੈਂ ਲੇਖ ਲਿਿਖਆ ਤਾਂ ਉਸਦੇ ਪਿੰਡੋਂ ਮੈਨੂੰ ਫੋਨ ਆਏ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਵਿਚ ਬਹੁਤ ਹਰਮਨ ਪਿਆਰਾ ਸੀ। ਹੁਣ ਮੂਸੇਵਾਲੇ ਦੀ ਹਰਮਨ ਪਿਆਰਤਾ ਦਾ ਕੋਈ ਸਬੂਤ ਨਹੀਂ ਚਾਹੀਦਾ। ਇਹ ਲੋਕ ਬਹੁਤ ਚੰਗੇ ਸਨ ਪਰ ਇਹਨਾਂ ਦੀ ਸੋਚ ਵਿਚ ਟੇਢ ਆ ਗਈ ਵਿੰਗ ਵਲ ਪੈ ਗਿਆ। ਲੋਕਾਂ ਨਾਲ ਚੱਲਣ ਦੀ ਥਾਂ ਲੋਕਾਂ ਨੂੰ ਆਪਣੇ ਅਨੁਸਾਰ ਚਲਾਉਣ ਲੱਗ ਪਏ। ਗੈਂਗਕਲਚਰ ਹਰ ਸਮਾਜ ਲਈ ਖਤਰਨਾਕ ਹੁੰਦਾ ਹੈ, ਪੰਜਾਬ ਲਈ ਵੀ ਬਹੁਤ ਨੁਕਸਾਨਦਾਇਕ ਹੈ। ਇਸ ਨਾਲ ਕਿਸੇ ਵੀ ਤਰ੍ਹਾਂ ਭਲਾ ਨਹੀਂ ਹੋ ਸਕਦਾ। ਹਥਿਆਰ ਚੁੱਕਣ ਵਾਲਾ ਨੌਜਵਾਨ ਆਪਣੀ ਜ਼ਿੰਦਗੀ ਵੀ ਖਤਮ ਕਰ ਲੈਂਦਾ ਹੈ ਅਤੇ ਦੂਸਰਿਆ ਲਈ ਵੀ ਖਤਰਾ ਬਣ ਜਾਂਦਾ ਹੈ। ਉਹ ਕੁਦਰਤੀ ਜੀਵਨ ਨਹੀਂ ਜੀਅ ਸਕਦਾ। ਆਪਣੇ ਘਰ ਪਰਿਵਾਰ ਨਾਲ ਨਹੀਂ ਰਹਿ ਸਕਦਾ। ਗੈਂਗਵਾਰ ਅਜਿਹਾ ਰਸਤਾ ਹੈ ਜਿਸ ਵਿਚ ਇਕ ਵਾਰ ਪੈਰ ਧਰਨ ਤੇ ਵਾਪਸੀ ਦਾ ਰਸਤਾ ਬੰਦ ਹੋ ਜਾਂਦਾ ਹੈ। ਸਿੱਧੂ ਮੂਸੇਵਾਲਾ ਹਥਿਆਰਾਂ ਦਾ ਪ੍ਰਮੋਟਰ ਸੀ, ਗੈਂਗਵਾਰ ਦਾ ਪ੍ਰਮੋਟਰ ਸੀ ਅਤੇ ਉਸਦਾ ਬੰਬੀਹਾ ਗਰੁੱਪ ਨਾਲ ਨਜਦੀਕੀ ਰਿਸ਼ਤਾ ਵੀ ਸੀ। ਇਹ ਰਿਸ਼ਤਾ ਹੀ ਉਸਨੂੰ ਉਸਦੇ ਅੰਜ਼ਾਮ ਤੱਕ ਲੈ ਗਿਆ। ਉਹ ਆਪਣੀ ਬੀਜੀ ਫਸਲ ਵੱਡ ਗਿਆ ਅਤੇ ਪਿੱਛੇ ਆਪਣੇ ਮਾਪਿਆਂ ਅਤੇ ਚਾਹੁਣ ਵਾਲਿਆ ਲਈ ਡੂੰਘਾ ਸੰਤਾਪ ਛੱਡ ਗਿਆ। ਸਾਡੇ ਕੋਲ ਕੰਵਰ ਗਰੇਵਾਲ ਹੈ, ਸਤਿੰਦਰ ਸਰਤਾਜ ਹੈ ਵਧੀਆ ਗਾਇਕ ਹਨ ਪਰ ਉਹਨਾਂ ਨੂੰ ਕਿਸੇ ਗੈਂਗ ਨੇ ਨਹੀਂ ਮਾਰਨਾ।

ਪੰਜਵੀਂ ਪੜ੍ਹਤ – ਪੰਜਾਬ ਦੀ ਰਾਜਨੀਤੀ ਅਤੇ ਸਰਕਾਰ

ਸਿੱਧੂ ਮੂਸੇਵਾਲ ਦੀ ਮੌਤ ਦੀ ਟੈਕਸਟ ਦਾ ਇਕ ਮਹੱਤਵਪੂਰਨ ਚੈਪਟਰ ਪੰਜਾਬ ਦੀ ਰਾਜਨੀਤੀ ਵੀ ਬਣਦਾ ਹੈ। ਰਾਜਨੀਤੀ ਨੂੰ ਦੋ ਦਿਸ਼ਾਵਾਂ ਤੋਂ ਵੇਖਣ ਦੀ ਲੋੜ ਹੈ। ਪਹਿਲੀ ਦਿਸ਼ਾ ਇਹ ਬਣਦੀ ਹੈ ਕਿ ਪਿਛਲੇ ਤਕਰੀਬਨ ਵੀਹ ਸਾਲਾਂ ਤੋਂ ਚੱਲਦੀ ਆ ਰਹੀ ਰਾਜਨੀਤੀ ‘ਉੱਤਰ ਕਾਟੋ ਮੈਂ ਚੜ੍ਹਾਂ’ ਵਾਲੀ ਸੀ। ਪੰਜ ਸਾਲ ਤੇਰੀ ਵਾਰੀ ਪੰਜ ਸਾਲ ਮੇਰੀ ਵਾਰੀ ਨਾ ਤੂੰ ਮੈਨੂੰ ਕੁਝ ਕਹੀਂ ਨਾ ਮੈਂ ਤੈਨੂੰ ਕੁਝ ਕਹੂੰ। ਅਜਿਹੀ ਰਾਜਨੀਤੀ ਵਿਚ ਕੋਈ ਨੀਤੀ ਨਹੀਂ ਸੀ ਸਿਵਾਇ ਆਪਣੇ ਘਰ ਭਰਨ ਦੇ। ਅਜਿਹੇ ਮਾਹੌਲ ਵਿਚ ਜਿਥੇ ਅਫਸਰਸ਼ਾਹੀ ਬੇਕਾਬੂ ਹੋਈ ਉਥੇ ਗੈਗਸਟਰ ਵੀ ਵਧੇ ਫੁੱਲੇ।

ਇਕ ਨਵੀਂ ਪਾਰਟੀ ਨੇ ਪਹਿਲੀ ਵਾਰ ਪੰਜਾਬ ਦੀ ਵਾਗਡੋਰ ਸੰਭਾਲੀ ਤਾਂ ਰਵਾਇਤੀ ਪਾਰਟੀਆਂ ਲਈ ਇਸ ਸਥਿਤੀ ਨੂੰ ਮੰਨਣਾ ਬਹੁਤ ਔਖਾ ਹੈ। ਕਿਸੇ ਵੀ ਹਾਲਤ ਵਿਚ ਉਹ ਨਵੀਂ ਬਣੀ ਸਰਕਾਰ ਨੂੰ ਬਦਨਾਮ ਕਰਕੇ ਆਪ ਸੱਤਾ ਵਿਚ ਆਉਣਾ ਚਾਹੁੰਦੇ ਹਨ। ਏਸੇ ਕਰਕੇ ਜਿੱਥੇ ਗੈਂਗਵਾਰ ਵਧ ਰਹੀ ਹੈ ਉਥੇ ਬੇ ਸਿਰ ਪੈਰ ਦੇ ਮੁੱਦੇ ਲੈ ਕੇ ਵਿਰੋਧੀ ਪਾਰਟੀਆਂ ਲੋਕਾਂ ਵਿਚ ਜਾ ਰਹੀਆ ਹਨ। ਭਗਵੰਤ ਮਾਨ ਨੇ ਢਾਈ ਸੌ ਬੰਦੇ ਦੀ ਸਕਿਉਰਟੀ ਘਟਾਈ ਸੀ ਹਰ ਬੰਦੇ ਨੂੰ ਆਪਣੀ ਹਸਤੀ ਮਿਟਦੀ ਜਾਪੀ। ਉਹ ਕਿਸੇ ਇਕ ਦੀ ਬਲੀ ਦੇ ਕੇ ਆਪਣੀ ਸਕਿਊਰਟੀ ਬਚਾਉਣੀ ਚਾਹੁੰਦੇ ਸਨ। ਰਾਜਨੀਤੀ ਵਿਚ ਕੁਝ ਵੀ ਹੋ ਸਕਦਾ ਹੈ, ਰਾਜਨੀਤਕ ਲੋਕ ਕੁਝ ਵੀ ਕਰ ਸਕਦੇ ਹਨ।

ਦੂਸਰੀ ਦਿਸ਼ਾ ਇਹ ਬਣਦੀ ਹੈ ਕਿ ਵਿਰੋਧੀ ਗੈਂਗਸਟਰ ਸਪੱਸ਼ਟ ਕਹਿ ਰਹੇ ਹਨ ਕਿ ਸਿੱਧੂ ਦੇ ਬੰਦਿਆਂ ਨੇ ਉਹਨਾਂ ਦਾ ਆਦਮੀ ਮਾਰਿਆ ਸੀ ਜਿਸ ਦਾ ਬਦਲਾ ਉਹਨਾਂ ਨੇ ਲਿਆ ਹੈ। ਸਿੱਧੂ ਨੂੰ ਚਾਰ ਸਿਪਾਹੀ ਸੁਰੱਖਿਆ ਲਈ ਦਿੱਤੇ ਸਨ ਜਿਸ ਵਿਚੋਂ ਦੋ ਵਾਪਸ ਲਏ ਅਤੇ ਦੋ ਉਸ ਕੋਲ ਸਨ। ਜਦੋਂ ਉਹ ਆਖਰੀ ਵਾਰ ਘਰੋਂ ਬਾਹਰ ਜਾਂਦਾ ਹੈ ਤਾਂ ਉਹ ਦੋ ਸਿਪਾਹੀ ਵੀ ਨਾਲ ਨਹੀਂ ਖੜਦਾ। ਜਦੋਂ ਸਿੱਧੂ ਦੀ ਮੌਤ ਦੀ ਖਬਰ ਫੈਲਦੀ ਹੈ ਤਾਂ ਵਿਰੋਧੀ ਪਾਰਟੀਆਂ ਦੇ ਲੀਡਰ ਸਿੱਧੂ ਦੀ ਮੌਤ ਦਾ ਸਾਰਾ ਦੋਸ਼ ਭਗਵੰਤ ਮਾਨ ਦੀ ਸਰਕਾਰ ਦੇ ਸਿਰ ਲਾ ਦਿੰਦੇ ਹਨ, ਅਖੇ ਉਸਨੇ ਸਕਿਊਰਟੀ ਕਿਉਂ ਵਾਪਸ ਲਈ। ਜਿਹੜੀ ਹੈਗੀ ਸੀ ਉਹ ਤਾਂ ਉਸਨੇ ਵਰਤੀ ਨਹੀਂ। ਫਿਰ ਬਾਕੀ ਬੰਦੇ ਤਾਂ ਜਿਊਂਦੇ ਨੇ ਜਿੰਨਾਂ ਦੀ ਸਕਿਊਰਟੀ ਘਟਾਈ ਸੀ। ਇਹ ਤਾਂ ਨਿੱਜੀ ਰੰਜਿਸ਼ ਭਾਰੀ ਪੈ ਗਈ।

ਏਥੇ ਸਰਕਾਰਾਂ ਦੇ ਪੱਖ ਤੋਂ ਇਕ ਹੋਰ ਗੱਲ ਸੋਚਣ ਵਾਲੀ ਇਹ ਹੈ ਕਿ ਜੇਲ੍ਹਾਂ ਵੀ ਜਰਾਇਮ ਪੇਸ਼ਾ ਵਿਅਕਤੀਆਂ ਲਈ ਜੁਰਮ ਕਰਨ ਦਾ ਸੁਰੱਖਿਅਤ ਥਾਂ ਬਣ ਗਈਆਂ ਹਨ। ਜੇਲ੍ਹਾਂ ਵਿਚ ਵੱਡੇ ਨੇਤਾਵਾਂ, ਵੱਡੇ ਅਪਰਾਧੀਆਂ ਨਾਲ ਵਿਸ਼ੇਸ਼ ਰਿਆਇਤ ਵਾਲਾ ਸਲੂਕ ਕੀਤਾ ਜਾਂਦਾ ਹੈ। ਉਹਨਾਂ ਲਈ ਸਾਰੀਆਂ ਸਹੂਲਤਾਂ ਮੁਹੱਈਆਂ ਕੀਤੀਆਂ ਜਾਂਦੀਆਂ ਹਨ ਅਤੇ ਉਹ ਉਥੇ ਬੈਠੇ ਫੋਨ ਕਰਕੇ ਬਾਹਰ ਸਾਰਾ ਕਾਰੋਬਾਰ ਚਲਾਉਂਦੇ ਹਨ। ਏਥੋਂ ਤੱਕ ਕਿ ਕਤਲ ਵੀ ਕਰਵਾਉਂਦੇ ਹਨ। ਇਹ ਸਭ ਵੱਡੇ ਲੀਡਰਾਂ ਅਤੇ ਅਫਸਰਾਂ ਦੀ ਮਿਲੀ ਭੁਗਤ ਤੋਂ ਬਿਨਾਂ ਅਸੰਭਵ ਹੈ।

ਛੇਵੀਂ ਪੜ੍ਹਤ – ਮੂਸੇਵਾਲ ਦੀ ਮੌਤ

ਇਹ ਸਾਰੀਆਂ ਗੱਲਾਂ ਪੰਜਾਬ ਵਿਚ ਵਧ ਰਹੇ ਗੈਂਗਸਟਰ ਕਲਚਰ ਨੂੰ ਸਮਝਣ ਵਾਸਤੇ ਸਨ। ਇਕ ਕਤਲ ਦੇ ਕਈ ਕਾਰਨਾਂ ਨੂੰ ਸਮਝਣ ਵਾਸਤੇ ਸਨ। ਪਰ ਸਭ ਤੋਂ ਉਭਰਵੀਂ ਗੱਲ ਜੋ ਸਾਹਮਣੇ ਆਈ ਉਹ ਸੀ ਸਿੱਧੂ ਮੂਸੇਵਾਲੇ ਦੀ ਮੌਤ ਦੀ ਤ੍ਰਾਸਦੀ ਜਿਸ ਦੇ ਹੇਠ ਲਿਖੇ ਚਾਰ ਪੱਖ ਦਿਲ ਨੂੰ ਛੂਹ ਜਾਂਦੇ ਹਨ

  1. ਨੌਜਵਾਨ ਪੀੜ੍ਹੀ ਵਿਚ ਹਰਮਨ ਪਿਆਰਤਾ :- ਜਿਵੇਂ ਜਿਵੇਂ ਸਿੱਧੂ ਮੂਸੇਵਾਲ ਦੀ ਮੌਤ ਦੀ ਖਬਰ ਫੈਲਦੀ ਗਈ ਤਿਵੇਂ ਤਿਵੇਂ ਬੱਚੇ ਅਤੇ ਨੌਜਵਾਨ ਨਿਰਾਸ਼ਾ ਵਿਚ ਡੁੱਬਦੇ ਗਏ। ਕਈ ਬੱਚਿਆਂ ਨੇ ਰੋਟੀ ਨਹੀਂ ਖਾਧੀ, ਕਈ ਬੱਚੇ ਰੋਂਦੇ ਵੇਖੇ ਗਏ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੇ ਉਸਦੀ ਯਾਦ ਵਿਚ ਕੈਂਡਲ ਮਾਰਚ ਕੀਤਾ ਦੇਸ਼ ਵਿਦੇਸ਼ ਵਿਚ ਲੋਕ ਉਸਨੂੰ ਯਾਦ ਕਰ ਰਹੇ ਹਨ। ਸਿੱਧੂ ਮੂਸੇਵਾਲ ਦੀ ਹਰਮਨ ਪਿਆਰਤਾ ਪਿੱਛੇ ਉਸਦਾ ਮਿਲਾਪੜਾ ਸੁਭਾਅ ਕੰਮ ਕਰਦਾ ਹੈ।
  2. ਮੌਤ ਬਾਰੇ ਭਵਿੱਖਬਾਣੀ :- ਇਵੇਂ ਲਗਦਾ ਹੈ ਜਿਵੇਂ ਸਿੱਧੂ ਮੂਸੇਵਾਲ ਨੂੰ ਆਪਣੀ ਮੌਤ ਨਜ਼ਰ ਆਉਂਦੀ ਸੀ ਪਰ ਉਹ ਉਸਤੋਂ ਡਰਦਾ ਨਹੀਂ ਸੀ। ਉਸ ਅੰਦਰਲਾ ਮਿਰਜਾ ਜੱਟ ਮੌਤ ਨੂੰ ਮਖੌਲਾਂ ਕਰਦਾ ਫਿਰਦਾ ਸੀ। ਗੈਂਗਸਟਰਾਂ ਦਾ ਸਮਰਥਨ ਕਰਦਾ ਕਰਦਾ ਉਹ ਉਹਨਾਂ ਦਾ ਹਿੱਸਾ ਬਣਦਾ ਜਾ ਰਿਹਾ ਸੀ। ਉਸਦਾ ਆਖਰੀ ਗੀਤ ‘ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਨੀ ਚ ਜਨਾਜਾ ਮਿੱਠੀਏ’ ਵੀ ਉਸਦੀ ਮੌਤ ਨਾਲ ਨਜਦੀਕੀ ਦੀ ਸੋਅ ਦਿੰਦਾ ਹੈ। ਉਹ ਮਿਰਜੇ ਜੱਟ ਵਾਂਗ ਆਪਣੀ ਮੌਤ ਨੂੰ ਆਪਣੀ ਪਬਲੀਸਿਟੀ ਦਾ ਸਿਖਰ ਬਣਾਉਣਾ ਚਾਹੁੰਦਾ ਸੀ, ਤੇ ਹੋਇਆ ਵੀ ਉਵੇਂ ਹੀ। ਮੌਤ ਦੀ ਭਵਿੱਖਬਾਣੀ ਉਸਨੂੰ ਪੰਜਾਬੀ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਲਾਈਨ ਵਿਚ ਖੜਾ ਕਰ ਗਈ ਹੈ।
  3. ਮਾਂ ਬਾਪ ਦਾ ਵੈਰਾਗ :- ਜਿਵੇਂ ਜਿਵੇਂ ਸਿੱਧੂ ਮੂਸੇਵਾਲ ਦੀ ਮੌਤ ਦੀ ਖਬਰ ਫੈਲਦੀ ਹੈ ਉਵੇਂ ਉਵੇਂ ਹੀ ਉਸਦੇ ਮਾਂ ਬਾਪ ਦਾ ਵੈਰਾਗ ਵੀ ਲੋਕਾਂ ਦੇ ਦਿਲ ਨੂੰ ਟੀਸ ਦਿੰਦਾ ਹੈ। ਦੁੱਖ ਉਦੋਂ ਵਧਦਾ ਹੈ ਜਦੋਂ ਪਤਾ ਲਗਦਾ ਹੈ ਕਿ ਉਹ ਆਪਣੇ ਮਾਂ ਬਾਪ ਦਾ ਇਕਲੌਤਾ ਬੱਚਾ ਸੀ। ਦੁੱਖ ਉਦੋਂ ਸਿਖਰ ਤੇ ਪਹੁੰਚਦਾ ਹੈ ਜਦੋਂ ਪਤਾ ਲਗਦਾ ਹੈ ਕਿ ਛੇਤੀ ਹੀ ਉਸਦੇ ਹੱਥੀਂ ਬਣਾਈ ਕੋਠੀ ਵਿਚ ਉਸਦਾ ਵਿਆਹ ਰਚਾਇਆ ਜਾਣਾ ਸੀ। ਅੱਥਰੂ ਆਪ ਮੁਹਾਰੇ ਵਹਿ ਜਾਂਦੇ ਹਨ ਜਦੋਂ ਪਤਾ ਲਗਦਾ ਹੈ ਕਿ ਉਹ ਆਪਣੇ ਕੇਸ ਆਪਣੀ ਮਾਂ ਕੋਲੋਂ ਵਹਾਉਂਦਾ ਹੁੰਦਾ ਸੀ ਤੇ ਹੁਣ ਵੀ ਮਾਂ ਨੇ ਆਖਰੀ ਵਾਰ ਆਪਣੇ ਪੁੱਤਰ ਨੂੰ ਸਜਾਉਣ ਦਾ ਫੈਸਲਾ ਕੀਤਾ ਹੈ ਮਾਂ ਨੇ ਪੁੱਤਰ ਨੂੰ ਆਖਰੀ ਸਫਰ ਤੇ ਸਿਹਰੇ ਬੰਨ ਕੇ ਤੋਰਿਆ ਹੈ। ਮੈਨੂੰ ਯਕੀਨ ਹੈ ਕਿ ਇਹ ਸਭ ਦੇਖ ਕੇ ਉਸਨੂੰ ਮਾਰਨ ਵਾਲੇ ਵੀ ਇਕ ਵਾਰ ਜਰੂਰ ਦੁਖੀ ਹੋਏ ਹੋਣਗੇ।
  4. ਪਿੰਡ ਨੂੰ ਪਿਆਰ :- ਸਿੱਧੂ ਮੂਸੇਵਾਲੇ ਨੇ ਬਹੁਤ ਸਾਰੀਆਂ ਸਮੇਂ ਤੋਂ ਉਲਟ ਗੱਲਾਂ ਕੀਤੀਆਂ ਜਿਸ ਕਰਕੇ ਉਸਦੀ ਬਹਾਦਰੀ ਦਲੇਰੀ ਨੇ ਉਸਨੂੰ ਲੋਕਾਂ ਵਿਚ ਹਰਮਨ ਪਿਆਰਾ ਬਣਾ ਦਿੱਤਾ ਸੀ। ਪਿਛਲੇ ਤੀਹ ਚਾਲੀ ਸਾਲਾਂ ਤੋਂ ਪੰਜਾਬ ਵਿਚ ਰਵਾਇਤ ਇਹ ਪਈ ਹੈ ਕਿ ਜਿਸ ਵਿਅਕਤੀ ਕੋਲ ਚਾਰ ਪੈਸੇ ਹੁੰਦੇ ਹਨ ਉਹ ਪਹਿਲਾਂ ਨੇੜੇ ਦੇ ਸ਼ਹਿਰ ਵਿਚ ਘਰ ਬਣਾਉਂਦਾ ਹੈ ਫਿਰ ਵੱਡੇ ਸ਼ਹਿਰ ਤੇ ਅਖੀਰ ਵਿਦੇਸ਼ ਨੂੰ ਪ੍ਰਸਥਾਨ ਕਰ ਜਾਂਦਾ ਹੈ। ਸਿੱਧੂ ਨੇ ਇਸ ਤੋਂ ਉਲਟ ਕੀਤਾ ਉਹ ਜਿਵੇਂ ਜਿਵੇਂ ਆਪਣੇ ਪੇਸ਼ੇ ਵਿਚ ਸਫਲ ਹੋਈ ਗਿਆ ਆਪਣੀਆਂ ਜੜ੍ਹਾਂ ਨਾਲ ਰਿਸ਼ਤਾ ਜੋੜੀ ਗਿਆ। ਕੈਨੇਡਾ ਦੀ ਸਿਟੀਜਨਸ਼ਿਪ ਲੈ ਕੇ ਬੰਬੇ ਵਿਚ ਫਲੈਟ ਲੈ ਕੇ ਵੀ ਉਸਨੇ ਆਪਣੇ ਪਿੰਡ ਰਹਿਣਾ ਚੰਗਾ ਸਮਝਿਆ। ਜ਼ਮੀਨ ਖਰੀਦੀ, ਹਵੇਲੀ ਬਣਾਈ ਅਤੇ ਖੇਤੀਬਾੜੀ ਦੇ ਸੰਦ ਬਣਾਏ ਜਾਗੀਰਦਾਰੀ ਜੱਟ ਵਾਲੀ ਈਗੋ ਨੂੰ ਪੂਰਾ ਕੀਤਾ। ਉਸਦਾ ਇਹ ਪਿੰਡ ਪਿਆਰ ਆਮ ਲੋਕਾਂ ਨੂੰ ਬਹੁਤ ਚੰਗਾ ਲਗਦਾ ਸੀ ਕਿਉਂਕਿ ਹਰ ਚੰਗਾ ਵੱਡਾ ਬੰਦਾ ਤਾਂ ਉਹਨਾਂ ਤੋਂ ਦੂਰ ਜਾ ਰਿਹਾ ਸੀ ਤੇ ਇਹ ਵੱਡਾ ਬੰਦਾ ਹੋ ਕੇ ਵੀ ਉਹਨਾਂ ਦੇ ਕੋਲ ਰਹਿ ਰਿਹਾ ਸੀ। ਉਸਦੀ ਮੌਤ ਨਾਲ ਉਸਦੀ ਹਵੇਲੀ ਵੀ ਲੋਕਾਂ ਦੀ ਚਰਚਾ ਦਾ ਵਿਸ਼ਾ ਬਣੀ ਹੈ।

ਅਖੀਰ ਤੇ ਮੈਂ ਏਹੀ ਕਹਾਂਗਾ ਕਿ ਸਿੱਧੂ ਮੂਸੇਵਾਲਾ ਤਾ ਆਪਣੀ ਬੀਜੀ ਫਸਲ ਵੱਡ ਗਿਆ ਅਤੇ ਮਗਰ ਮਾਪਿਆ ਨੂੰ ਖਾਲੀ ਹਵੇਲੀ ਵਿਚ ਰੋਂਦਾ ਛੱਡ ਗਿਆ ਪਰ ਬਾਕੀ ਗਾਇਕ ਅਤੇ ਗੀਤਕਾਰ ਆਪਣੇ ਸ਼ਬਦਾਂ/ਬੋਲਾਂ ਰਾਹੀਂ ਹਥਿਆਰਾਂ ਅਤੇ ਗੈਂਗਸਟਰਾਂ ਦਾ ਸਮਰਥਨ ਕਰਨਾ ਬੰਦ ਕਰਨ। ਜੀਵਨ ਵੀ ਖੂਬਸੂਰਤ ਹੈ ਮੌਤ ਦਾ ਜਸ਼ਨ ਮਨਾਉਣਾ ਬੰਦ ਕਰਨ। ਵਰਤਮਾਨ ਸਰਕਾਰ ਨੂੰ ਅਪੀਲ ਹੈ ਕਿ ਜੇ ਰਾਹੋਂ ਲੱਥੇ ਹਜਾਰਾਂ ਅੱਤਵਾਦੀਆਂ ਨੂੰ ਦੁਨੀਆਂ ਭਰ ਦੀਆਂ ਸਰਕਾਰਾਂ ਮੁੜ ਜੀਵਨ ਦੇ ਸਕਦੀਆਂ ਹਨ ਤਾਂ ਅਸੀਂ ਵੀ ਵਾਪਸ ਔਣ ਦੇ ਚਾਹਵਾਨ ਗੈਂਗਸਟਰਾਂ ਦੇ ਮੁੜ-ਵਸੇਬੇ ਦਾ ਰਾਹ ਬਣਾਈਏ ਅਤੇ ਨਾ ਮੁੜਨ ਵਾਲਿਆਂ ਲਈ ਸਖਤ ਕਾਨੂੰਨ ਬਣਾ ਕੇ ਉਹਨਾਂ ਨੂੰ ਜੇਲਾਂ ਵਿਚ ਡੱਕੀਏ ਤਾਂ ਜੋ ਪੰਜਾਬ ਦੇ ਲੋਕ ਬਿਨਾ ਡਰ ਭੈ ਦੇ ਜੀਅ ਸਕਣ।

ਹੀਰਾ ਸਿੰਘ (ਡਾ.)

ਖ਼ਾਲਸਾ ਕਾਲਜ, ਅੰਮ੍ਰਿਤਸਰ

ਸੰਪਰਕ 9417534823