ਆਪੋ ਆਪਣੇ ਸ਼ਹੀਦ-ਜਸਦੇਵ ਮਾਨ

ਆਪੋ ਆਪਣੇ ਸ਼ਹੀਦ-ਜਸਦੇਵ ਮਾਨ
ਨਿੱਕੇ ਹੁੰਦਿਆਂ ਜਦੋਂ ਕਦੇ ਅੰਬਰਸਰ ਜਾਣਾ ਤਾਂ ਚੌਂਕਾਂ ਵਿੱਚ ਵੱਡੇ ਵੱਡੇ ਭਾਈਆਂ ਦੇ ਲੱਗੇ ਬੁੱਤ ਵੇਖਕੇ ਬੜੀ ਹੈਰਾਨੀ ਜਿਹੀ ਹੁੰਦੀ ਸੀ। ਜਦੋਂ ਉਤਸੁਕਤਾ ਵੱਸ ਪੁੱਛਣਾ ਤਾਂ ਪਿਸਤੌਲ ਤਾਣੀ ਖੜੇ ਸ਼ਹੀਦ ਊਧਮ ਸਿੰਘ ਤੇ ਹੱਥ ਉਠਾ ਨਾਅਰੇ ਲਾ ਰਹੇ ਭਗਤ ਸਿੰਘ ਬਾਰੇ ਹੀ ਦੱਸਿਆ ਜਾਂਦਾ ਸੀ। ਬੜਾ ਹੁੱਬ ਹੁੱਬ ਕੇ ਆਖਿਆ ਜਾਂਦਾ ਕੇ ਇਹ ਸਾਡੇ ਜੱਟ ਸ਼ਹੀਦ ਹੋਏ ਹਨ। ਜਦੋਂ ਹੋਰਨਾਂ ਬੁੱਤਾਂ ਬਾਰੇ ਪੁੱਛਦਾ ਤਾਂ ਕਾਹਲੀ ਜਿਹੀ ਵਿੱਚ ਜਵਾਬ ਮਿਲਦਾ ਕੇ ਇਹ ਬ੍ਰਾਹਮਣਾਂ ਦੇ ਸ਼ਹੀਦ ਨੇ ਪਰ ਇਨ੍ਹਾਂ ਕੀਤਾ ਕੁੱਝ ਨਹੀਂ ਹੈ। ਫਿਰ ਕਈ ਚੌਂਕਾਂ ਵਿੱਚ ਕੋਟ ਪੈਂਟ ਟਾਈ ਐਨਕ ਤੇ ਹੱਥ ਵਿੱਚ ਕਿਤਾਬ ਫੜੀ ਖੜ੍ਹੇ ਇੱਕ ਭਾਈ ਦਾ ਬੁੱਤ ਵਿਖਾਈ ਦਿੰਦਾਂ ਤਾਂ ਫੇਰ ਮੈਂ ਉਸ ਬਾਰੇ ਪੁੱਛਦਾ ਸੀ। ਉਦੋਂ ਕਿਸੇ ਰਿਕਸ਼ੇ ਵਾਲੇ ਜਾਂ ਗਟਰ ਸਾਫ ਕਰਦੇ ਜਮਾਂਦਾਰਾਂ ਵੱਲ ਇਸ਼ਾਰਾ ਕਰਕੇ ਦੱਸਿਆ ਜਾਂਦਾ ਕੇ ਇਹ ਇਹਨਾਂ ਦਾ ਕੁੱਝ ਲੱਗਦਾ ਹੈ। ਫਿਰ ਇੱਕ ਦਿਨ ਸਕੂਲ ਵਿੱਚ ਹਸਾਈਆਂ(ਈਸਾਈਆਂ) ਦੇ ਬੱਚੇ ਜਿਨ੍ਹਾਂ ਦੇ ਪਿਉ ਤਾਏ ਚਾਚੇ ਮਰੇ ਡੰਗਰ ਚੁੱਕਣ ਕੱਟਣ ਦਾ ਕੰਮ ਕਰਦੇ ਸਨ। ਉਨ੍ਹਾਂ ਦਿਆਂ ਬਸਤਿਆਂ ਕਿਤਾਬਾਂ ਵਿੱਚ ਇਸ ਭਾਈ ਦੀ ਫੋਟੋ ਦਿੱਸਦੀ ਤੇ ਫਿਰ ਆਪਣੇ ਜੱਟ ਬਾਹਮਣ ਹਾਣੀਆਂ ਤੋਂ ਪਤਾ ਲੱਗਾ ਕੇ ਉਹ ਇਨ੍ਹਾਂ ਮੋਚੀਆਂ ਦਾ ਕੋਈ ਵੱਡਾ ਵਡੇਰਾ ਹੈ। ਸਕੂਲ ਤੋਂ ਬਾਅਦ ਜਦੋਂ ਯੂਨੀਵਰਸਿਟੀ ਦੀ ਵੱਡੀ ਸਾਰੀ ਲਾਇਬ੍ਰੇਰੀ ਨਾਲ ਵਾਹ ਵਾਸਤਾ ਪਿਆ ਤਾਂ ਮੈਂ ਸੋਚਿਆ ਸਮਝਿਆ ਕੇ ਇਹ ਤਾਂ ਬੰਦਾ ਹੀ ਬੜਾ ਹੀਰਾ ਏ ਜੀਹਨੂੰ ਭੀਮ ਰਾਉ ਅੰਬੇਡਕਰ ਤੇ ਬਾਬਾ ਸਾਹਿਬ ਵੀ ਆਖਿਆ ਜਾਂਦਾ ਹੈ। ਉਸੇ ਦੀ ਹੀ ਘਾਲਣਾ ਸੀ ਜੋ ਫਿਰੰਗੀਆਂ ਨਹਿਰੂ ਤੇ ਜਿਨਾਹ ਜਿਹੇ ਦਿੱਗਜ਼ ਲੀਡਰਾਂ ਨਾਲ ਵਾਰਾ ਸਾਰਾ ਲੈਂਦਾ ਤੇ ਦਲਿਤ ਸ਼ੂਦਰ ਅਖਵਾਉਂਦੇ ਲੋਕਾਂ ਦੀ ਜ਼ਿੰਦਗੀ ਨੂੰ ਉੱਚਾ ਚੁੱਕਣ ਵਾਸਤੇ ਕਾਨੂੰਨ ਲਾਗੂ ਕਰਵਾਉਂਦਾ ਸੀ। ਉਸ ਦਿਨ ਤੋਂ ਮੇਰਾ ਕੁੱਝ ਨਾ ਲੱਗਣ ਵਾਲਾ ਬਾਬਾ ਸਾਹਿਬ ਮੇਰਾ ਆਪਣਾ ਹੋ ਗਿਆ ਸੀ। ਹੁਣ ਸ਼ਹਿਰ ਜਾਂਦਿਆਂ ਇਸਦੇ ਚੌਂਕ ਬੁੱਤ ਸਾਹਮਣੇ ਸਤਿਕਾਰ ਨਾਲ ਸਿਰ ਝੁਕਾ ਦਿੰਦਾ ਹਾਂ। ਪਰ ਇਸ ਗੱਲੋਂ ਬੜਾ ਉਦਾਸ ਹੋ ਜਾਨਾਂ ਜਦੋਂ ਬਾਬਾ ਸਾਹਿਬ ਦੇ ਬੁੱਤ ਤੋੜੇ ਜਾਣ ਦੀਆਂ ਗੱਲਾਂ ਸੁਣਦਾ ਹਾਂ। ਉਂਝ ਇਹ ਬੁੱਤ ਤੋੜਨ ਵਾਲੇ ਲੋਕ ਉਹੀ ਹੋਣਗੇ ਜੋ ਨਫਰਤ ਜਹੀ ਨਾਲ ਆਖਦੇ ਨੇ ਕੇ ਇਹ ਮਾੜਿਆਂ ਧੀੜਿਆਂ ਤੇ ਮੋਚੀਆਂ ਦਾ ਕੁੱਝ ਲੱਗਦਾ ਹੈ।
ਜਸਦੇਵ ਮਾਨ