ਆਖ਼ਰ ਕਦੋਂ ਤੱਕ ਤੁਹਾਡੇ ਬੱਚੇ ਇਸ ਅੱਗ ਦੇ ਸੇਕ ਤੋਂ ਬਚੇ ਰਹਿਣਗੇ?
ਬਟਾਲਾ ਵਿੱਚ ਵਾਪਰਿਆ ਸੜਕ ਹਾਦਸਾ ਚਰਚਾ ਵਿੱਚ ਹੈ। ਪ੍ਰਾਪਤ ਖ਼ਬਰਾਂ ਅਨੁਸਾਰ ਕਣਕ ਦੇ ਨਾੜ ਨੂੰ ਅੱਗ ਲਾਉਣ ਕਾਰਣ ਸੜਕ ‘ਤੇ ਧੂਆਂ ਹੋ ਜਾਣ ਕਾਰਨ ਕੁੱਝ ਵੀ ਦਿਸਣਾ ਬੰਦ ਹੋ ਗਿਆ ਸੀ, ਜਿਸ ਕਾਰਣ ਇਹ ਹਾਦਸਾ ਵਾਪਰਿਆ। ਮੁੱਖ ਤੌਰ ‘ਤੇ ਹਾਦਸੇ ਦਾ ਕਾਰਣ ਇਹੋ ਜਾਪਦਾ ਹੈ ਅਤੇ ਇਸੇ ਪੱਖ ਨੂੰ ਮੁੱਖ ਰੱਖ ਕੇ ਚਰਚਾ ਦਾ ਬਾਜ਼ਾਰ ਗਰਮ ਹੈ। ਪਰ ਇਸ ਅਧੂਰੀ ਅਤੇ ਇੱਕ ਪਾਸੜ ਖ਼ਬਰ ਦਾ ਦੂਸਰਾ ਪਾਸਾ ਵੇਖੇ ਬਿਨਾਂ ਕਿਸੇ ਨਤੀਜੇ ‘ਤੇ ਨਹੀਂ ਪਹੁੰਚਿਆ ਜਾ ਸਕਦਾ। ਇਸ ਹਾਦਸੇ ਦਾ ਸੁਖ਼ਦ ਪਹਿਲੂ ਇਹ ਹੈ ਕਿ ਇਸ ਵਿੱਚ ਮਨੁੱਖੀ ਜਾਨਾਂ ਦਾ ਬਚਾਅ ਹੋ ਗਿਆ।
ਪੰਜਾਬੀ ਜ਼ੁਬਾਨ ਦੇ ਉੱਘੇ ਸ਼ਾਇਰ ਕਵਿੰਦਰ ਚਾਂਦ ਦੀ ਗਜ਼ਲ ਦਾ ਇੱਕ ਸ਼ਿਅਰ ਹੈ “ਹਰ ਸੀਨਾ ਧੁਖ਼ਦਾ-ਧੁਖ਼ਦਾ ਹੈ ਤੇ ਸੋਚਾਂ ਵਿੱਚ ਜਵਾਲਾ ਹੈ, ਇੱਕ ਚੀਜ਼ ਬਦਲਿਆਂ ਨਹੀਂ ਸਰਨਾ, ਇਹ ਢਾਂਚਾ ਬਦਲਣ ਵਾਲ਼ਾ ਹੈ।” ਬਹੁਤੇ ਲੋਕ ਅਕਸਰ ਘਟਨਾਵਾਂ ਨੂੰ ਉਵੇਂ ਹੀ ਵੇਖਦੇ ਹਨ, ਜਿਵੇਂ ਉਹ ਨਜ਼ਰ ਆ ਰਹੀਆਂ ਹੁੰਦੀਆਂ ਹਨ, ਡੁੰਘਾਈ ਵਿੱਚ ਜਾਣ ਦੀ ਕੋਸ਼ਿਸ਼ ਨਹੀਂ ਕਰਦੇ। ਜਦੋਂ ਡੁੰਘਾਈ ਵਿੱਚ ਜਾ ਕੇ ਵੇਖਿਆ ਜਾਂਦਾ ਹੈ ਤਾਂ ਸਾਨੂੰ ਇਕੱਲ੍ਹਾ ਕਿਸਾਨ ਜਾਂ ਸਬੰਧਤ ਬੱਸ ਚਾਲਕ ਹੀ ਦੋਸ਼ੀ ਨਜ਼ਰ ਨਹੀਂ ਆਉਂਦੇ, ਸਮੁੱਚੀ ਵਿਵਸਥਾ ਕਟਹਿਰੇ ਵਿੱਚ ਆ ਖੜ੍ਹਦੀ ਹੈ ਅਤੇ ਇਸ ਕਟਹਿਰੇ ਦੇ ਕਿਸੇ ਖੂੰਜੇ ਵਿੱਚ ਅਸੀਂ ਵੀ ਮੂੰਹ ਲੁਕਾਈ ਖੜ੍ਹੇ ਹੁੰਦੇ ਹਾਂ।
ਵਾਤਾਵਰਣ ਦੀ ਸਾਂਭ-ਸੰਭਾਲ਼ ਬਹੁਤ ਅਹਿਮ ਅਤੇ ਬਹੁਤ ਅਣਗੋਲ਼ਿਆ ਮੁੱਦਾ ਹੈ। ਇਸ ਪਾਸੇ ਨਾ ਤਾਂ ਸਰਕਾਰਾਂ ਗੰਭੀਰ ਹਨ, ਨਾ ਹੀ ਸਾਡਾ ਸਮਾਜ ਗੰਭੀਰ ਹੈ। ਦੇਸ਼, ਦੇਸ਼ਵਾਸੀਆਂ ਦੀ ਜਾਗੀਰ ਹੁੰਦਾ ਹੈ ਅਤੇ ਸਮੁੱਚੇ ਦੇਸ਼ਵਾਸੀਆਂ ਦਾ ਫ਼ਰਜ਼ ਬਣਦਾ ਹੈ ਕਿ ਦੇਸ਼ ਨੂੰ ਸੁੰਦਰ, ਸੁਰੱਖਿਅਤ ਅਤੇ ਵਾਤਾਵਰਣ ਪੱਖੀ ਬਣਾ ਕੇ ਰੱਖਿਆ ਜਾਵੇ। ਪਰ ਜਦੋਂ ਦੇਸ਼ ਦੀ 85% ਵਸੋਂ ਮੁਢਲੀਆਂ ਸਹੂਲਤਾਂ ਤੋਂ ਸੱਖਣੀ ਹੋਵੇ ਤਾਂ ਦੇਸ਼ ਤੋਂ ਪਹਿਲਾਂ ਖ਼ੁਦ ਨੂੰ ਬਚਾਉਣ ਅਤੇ ਸੁਰੱਖਿਅਤ ਕਰਨ ਦੀ ਸੋਚ ਜਨਮ ਲੈਂਦੀ ਹੈ। ਅੱਜ ਦੇਸ਼ ਦੇ ਕੁਦਰਤੀ ਸਾਧਨਾਂ ਉੱਤੇ ਪੂੰਜੀਪਤੀਆਂ ਦਾ ਕਬਜ਼ਾ ਹੈ। ਕੁਦਰਤੀ ਸਾਧਨਾਂ ਨੂੰ ਜੇ ਸਥਾਨਕ ਭਾਸ਼ਾ ਵਿੱਚ ਸੌਖਿਆਂ ਸਮਝਣਾ ਹੋਵੇ ਤਾਂ ਪੰਜਾਬ ਦੀਆਂ ਰੇਤਾ-ਬਜਰੀ ਦੀਆਂ ਖੱਡਾਂ ਉੱਤੇ ਕਾਬਜ਼ ਪੂੰਜੀਪਤੀਆਂ ਨੇ ਇਹਨਾਂ ਕੁਦਰਤੀ ਸਾਧਨਾਂ ਤੋਂ ਸਾਡਾ-ਤੁਹਾਡਾ ਅਧਿਕਾਰ ਖੋਹ ਲਿਆ ਹੈ। ਪਾਣੀਆਂ ਦੇ ਸੋਮਿਆਂ ਉੱਤੇ ਪੂੰਜੀਪਤੀ ਵਰਗ ਦਾ ਦਬਦਬਾ ਕਾਇਮ ਹੈ ਅਤੇ ਇਸ ਤੋਂ ਇਲਾਵਾ ਆਵਾਜਾਈ ਦੇ ਸਾਧਨਾਂ ਤੋਂ ਲੈ ਕੇ ਲੱਗਭਗ ਹਰ ਕੁਦਰਤੀ ਅਤੇ ਗੈਰ-ਕੁਦਰਤੀ ਸਾਧਨਾਂ ਉੱਤੇ ਪੂੰਜੀਪਤੀਆਂ ਦਾ ਕਬਜ਼ਾ ਹੈ ਅਤੇ ਪੂੰਜੀਪਤੀਆਂ ਦੀ ਇਸ ਨੰਗੀ-ਚਿੱਟੀ ਲੁੱਟ ਵਿੱਚ ਸਰਕਾਰ ਖ਼ੁਦ ਭਾਈਵਾਲ ਹੈ। ਸਰਕਾਰ, ਜਿਸਨੇ ਇਸ ਵਿਵਸਥਾ ਵਿੱਚ ਸੰਤੁਲਨ ਬਣਾਈ ਰੱਖਣਾ ਹੁੰਦਾ ਹੈ, ਬਿਲਕੁਲ ਇੱਕਪਾਸੜ ਹੋ ਕੇ ਪੂੰਜੀਪਤੀਆਂ ਦੀ ਲੁੱਟ ਨੂੰ ਹੱਲਾਸ਼ੇਰੀ ਦੇ ਰਹੀ ਹੈ।
ਜਦੋਂ ਦੇਸ਼ ਦੇ ਸਰਮਾਏ ਦਾ 85% ਹਿੱਸਾ ਸਿਰਫ਼ 15% ਸਰਮਾਏਦਾਰਾਂ ਦੇ ਕਬਜ਼ੇ ਵਿੱਚ ਹੋਵੇ ਅਤੇ ਬਾਕੀ ਦਾ 15% ਸਰਮਾਇਆ 85% ਦੇਸ਼ਵਾਸੀਆਂ ਕੋਲ਼ ਰਹਿ ਗਿਆ ਹੋਵੇ ਤਾਂ ਅਰਾਜਕਤਾ ਫੈਲਣ ਤੋਂ ਕੋਈ ਨਹੀਂ ਰੋਕ ਸਕਦਾ। ਇਸ ਫੈਲ ਚੁੱਕੀ ਅਰਾਜਕਤਾ ਦਾ ਨਤੀਜਾ ਹੈ ਕਿ ਲੋਕ ਆਪ ਮੁਹਾਰੇ ਹੋ ਚੁੱਕੇ ਹਨ, ਕਾਨੂੰਨ ਦਾ ਭੋਗ ਪੈ ਚੁੱਕਿਆ ਹੈ, ਗ਼ਰੀਬ ਦਿਨ-ਓ-ਦਿਨ ਗ਼ਰੀਬ ਹੁੰਦਾ ਜਾ ਰਿਹਾ ਹੈ ਅਤੇ ਅਮੀਰ ਦਿਨ-ਓ-ਦਿਨ ਅਮੀਰ ਹੁੰਦਾ ਜਾ ਰਿਹਾ ਹੈ। ਅਜਿਹੇ ਵਿੱਚ ਜਦੋਂ ਲੋਕਾਂ ਦਾ ਵਰਤਮਾਨ ਹੀ ਡਾਵਾਂਡੋਲ ਹੋਵੇ ਤਾਂ ਕੋਈ ਭਵਿੱਖ ਦੀ ਵਿਉਂਤਬੰਦੀ ਕਿਵੇਂ ਕਰ ਸਕਦਾ ਹੈ? ਭਵਿੱਖ ਦੀ ਚਿੰਤਾ ਕਰਨਾ ਹੋਰ ਗੱਲ ਹੈ ਅਤੇ ਵਿਉਂਤਬੰਦੀ ਕਰਨਾ ਹੋਰ ਗੱਲ ਹੈ। ਅਸੀਂ ਸਿਰਫ਼ ਚਿੰਤਾ ਜ਼ਾਹਿਰ ਕਰਦੇ ਹਾਂ, ਪਰ ਸਾਡੇ ਵੱਸ ਨਹੀਂ ਕਿ ਅਸੀਂ ਭਵਿੱਖ ਦੀ ਕੋਈ ਠੋਸ ਵਿਉਂਤਬੰਦੀ ਕਰ ਸਕੀਏ। ਇਸੇ ਕਰਕੇ ਭਵਿੱਖ ਦੀ ਵਿਉਂਤਬੰਦੀ ਕਰਨ ਤੋਂ ਅਸਮਰੱਥ ਅਤੇ ਚਿੰਤਿਤ ਲੋਕ ਇਸ ਦੇਸ਼ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਸੁਰੱਖਿਅਤ ਟਿਕਾਣੇ ਲੱਭ ਰਹੇ ਹਨ।
ਮਜ਼ਦੂਰ ਅਤੇ ਕਿਸਾਨ ਇਸ ਧਰਤੀ ਦੇ ਸਮੁੱਚੇ ਸਰਮਾਏ ਦਾ ਧੁਰਾ ਹਨ ਅਤੇ ਇਹ ਧੁਰਾ ਹੀ ਸਭ ਤੋਂ ਵੱਧ ਪੀੜਿਤ ਹੈ। ਜਦੋਂ ਅਸੀਂ ਕਿਸਾਨ ਸ਼ਬਦ ਦੀ ਵਰਤੋਂ ਕਰਦੇ ਹਾਂ ਤਾਂ ਬਹੁਤ ਸਾਰੇ ਭਰਮ-ਭੁਲੇਖੇ ਖੜ੍ਹੇ ਹੋ ਜਾਂਦੇ ਹਨ, ਜਿਹਨਾਂ ਦਾ ਨਿਖੇੜਾ ਕਰਨਾ ਲਾਜ਼ਮੀ ਹੈ। ਕਿਰਤੀ ਕਿਸਾਨੀ ਅਤੇ ਮਾਲਕ ਕਿਸਾਨੀ ਵਿੱਚ ਫ਼ਰਕ ਹੁੰਦਾ ਹੈ। ਮਾਲਕ ਕਿਸਾਨ ਮਸ਼ੀਨਰੀ ਅਤੇ ਮਜ਼ਦੂਰਾਂ ਦੀ ਸਹਾਇਤਾ ਨਾਲ਼ ਖੇਤੀ ਕਰਦਾ ਹੈ ਜਦੋਂਕਿ ਕਿਰਤੀ ਕਿਸਾਨ ਖ਼ੁਦ ਹੀ ਮਜ਼ਦੂਰ ਹੁੰਦਾ ਹੈ ਅਤੇ ਮਸ਼ੀਨਰੀ ਨੂੰ ਸਹਾਇਕ ਵਜੋਂ ਵਰਤਦਾ ਹੈ। ਕਿਸਾਨ ਦਾ ਮਕਸਦ ਮੁਨਾਫ਼ਾ ਖੱਟਣਾ ਨਹੀਂ ਹੁੰਦਾ, ਉਸ ਲਈ ਖੇਤੀ ਰੋਜ਼ਗਾਰ ਦਾ ਵਸੀਲਾ ਹੁੰਦੀ ਹੈ ਅਤੇ ਮਾਲਕ ਕਿਸਾਨ, ਜਿਸ ਨੂੰ ਸੌਖੇ ਸ਼ਬਦਾਂ ਵਿੱਚ ਜ਼ਿਮੀਂਦਾਰ ਕਿਹਾ ਜਾਂਦਾ ਹੈ, ਉਸ ਦਾ ਮਕਸਦ ਮੁਨਾਫ਼ਾ ਖੱਟਣਾ ਹੁੰਦਾ ਹੈ ਅਤੇ ਮੁਨਾਫ਼ੇ ਲਈ ਉਹ ਮਸ਼ੀਨਰੀ, ਸੰਦਾਂ, ਮਜ਼ਦੂਰਾਂ, ਕੁਦਰਤੀ ਸਾਧਨ (ਮੁੱਖ ਤੌਰ ‘ਤੇ ਧਰਤੀ ਹੇਠਲਾ ਪਾਣੀ) ਅਤੇ ਰਸਾਇਣਕ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਕਰਦਾ ਹੈ। ਉਸ ਨੂੰ ਇਸ ਗੱਲ ਨਾਲ਼ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਜਿਸ ਕੁਦਰਤ ਨਾਲ਼, ਵਾਤਾਵਰਣ ਨਾਲ਼, ਸਮਾਜ ਨਾਲ਼ ਖਿਲਵਾੜ ਕਰ ਰਿਹਾ ਹੈ, ਉਸ ਦੀ ਚਪੇਟ ਵਿੱਚ ਉਹ ਖ਼ੁਦ ਵੀ ਫ਼ਸ ਰਿਹਾ ਹੁੰਦਾ ਹੈ। ਪੂੰਜੀਵਾਦ ਦੀ ਇਹ ਢੁੱਕਵੀਂ ਵਿਆਖਿਆ ਹੈ ਕਿ ਇਸ ਨੇ ਅਪਣੇ ਹੱਥੀਂ ਪੁੱਟੇ ਟੋਏ ਵਿੱਚ ਆਪ ਹੀ ਡਿੱਗਣਾ ਹੁੰਦਾ ਹੈ। ਜਿਵੇਂ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਛੋਟੇ ਦੁਕਾਨਦਾਰਾਂ ਨੂੰ ਨਿਗਲਣਾ ਸ਼ੁਰੂ ਕੀਤਾ ਹੈ, ਉਵੇਂ ਹੀ ਵੱਡੇ ਜ਼ਿਮੀਂਦਾਰ, ਛੋਟੇ ਜ਼ਿਮੀਂਦਾਰਾਂ ਨੂੰ ਨਿਗਲ਼ ਰਹੇ ਹਨ। ਇਹ ਸਰਕਾਰਾਂ ਦੀਆਂ ਸਰਮਾਏਦਾਰਾਂ ਪੱਖੀ ਨੀਤੀਆਂ ਦਾ ਨਤੀਜਾ ਹੈ ਕਿ ਪੰਜ-ਪੰਜ, ਦਸ-ਦਸ ਕਿੱਲਿਆਂ ਦੇ ਮਾਲਕ ਕਰਜ਼ੇ ਦੀ ਦਲਦਲ ਵਿੱਚ ਧੱਸ ਚੁੱਕੇ ਹਨ, ਜਿਸ ਦਾ ਨਤੀਜਾ ਉਹਨਾਂ ਦੀਆਂ ਜ਼ਮੀਨਾਂ ਵਿਕ ਜਾਣਾ ਅਤੇ ਖ਼ੁਦਕੁਸ਼ੀਆਂ ਵਜੋਂ ਸਾਡੇ ਸਾਹਮਣੇ ਹੈ। ਮੁਨਾਫ਼ੇ ਦੀ ਦੌੜ ਵਿੱਚ ਅੱਗੇ ਲੰਘਣ ਦਾ ਇੱਕੋ-ਇੱਕ ਨਿਯਮ ਹੈ ਕਿ ਬਾਕੀ ਦੇ ਦੌੜਾਕਾਂ ਨੂੰ ਦਰੜ ਕੇ ਅੱਗੇ ਲੰਘਿਆ ਜਾਵੇ। ਜੋ ਅੱਜ ਇਸ ਦੌੜ ਦੀਆਂ ਮੂਹਰਲੀਆਂ ਸਫ਼ਾਂ ਵਿੱਚ ਸ਼ਾਮਿਲ ਹੈ, ਹੋ ਸਕਦਾ ਹੈ ਕਿ ਕੱਲ੍ਹ ਨੂੰ ਉਹ ਪਿਛਲੀਆਂ ਸਫ਼ਾਂ ਵਿੱਚ ਵੀ ਨਜ਼ਰ ਨਾ ਆਵੇ। ਪਿਛਲੇ ਸਾਲਾਂ ਵਿੱਚ ਪੰਜਾਬ ਦੇ ਸ਼ਰਾਬ ਦੇ ਸਭ ਤੋਂ ਵੱਡੇ ਠੇਕੇਦਾਰਾਂ ਦਾ ਹਸ਼ਰ ਤੁਸੀਂ ਵੇਖ ਹੀ ਚੁੱਕੇ ਹੋ। ਇਹ ਸਿਰਫ਼ ਨਿੱਕੀ ਜਿਹੀ ਉਦਾਹਰਣ ਹੈ। ਰਿਟਾਇਰਮੈਂਟ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਮਾਨਸਿਕ ਰੋਗੀ ਹੋਣ ਦੀਆਂ ਖ਼ਬਰਾਂ ਆਮ ਹੀ ਸੁਣਨ ਨੂੰ ਮਿਲ਼ਦੀਆਂ ਹਨ।
ਅਜਿਹੇ ਹਾਲਾਤ ਵਿੱਚ ਜੇ ਕੋਈ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਨਸ਼ਟ ਕਰਨ ਦਾ ਭਰਮ ਪਾਲ਼ ਕੇ ਅੱਗ ਲਾਉਂਦਾ ਹੈ ਤਾਂ ਉਹ ਸਿਰਫ਼ ਇਕੱਲ੍ਹਾ ਦੋਸ਼ੀ ਨਹੀਂ, ਸਮੁੱਚੀ ਵਿਵਸਥਾ ਕਟਹਿਰੇ ਵਿੱਚ ਆ ਖੜ੍ਹਦੀ ਹੈ। ਧਰਤੀ ਹੇਠ੍ਹਲੇ ਪਾਣੀ ਦੀ ਅੰਨ੍ਹੇਵਾਹ ਲੁੱਟ ਕਰਨ ਅਤੇ ਉਸ ਵਿੱਚ ਰਸਾਇਣਕ ਤੱਤ ਮਿਲਾਉਣ ਲਈ ਕਿਸੇ ਇੱਕ ਧਿਰ ਨੂੰ ਦੋਸ਼ੀ ਮੰਨ ਲੈਣਾ ਕਾਫ਼ੀ ਨਹੀਂ। ਅਜਿਹਾ ਕਰਨਾ ਸਿਰਫ਼ ਗੋਂਗਲੂਆਂ ਤੋਂ ਮਿੱਟੀ ਝਾੜਨ ਦੇ ਬਰਾਬਰ ਹੈ। ਹਾਲਾਂਕਿ ਕਾਰਵਾਈ ਹੋਣੀ ਚਾਹੀਦੀ ਹੈ ਪਰ ਜਿਵੇਂ ਕਹਿੰਦੇ ਐ ਕਿ ਆਸ਼ਕ ਨੂੰ ਪੱਥਰ ਮਾਰ ਕੇ ਮਾਰਨ ਦੀ ਸਜ਼ਾ ਸੁਣਾਉਣ ਤੇ ਉਸਨੇ ਕਿਹਾ ਕਿ ਉਸਨੂੰ ਪੱਥਰ ਸਿਰਫ਼ ਉਹ ਮਾਰੇ, ਜਿਸ ਨੇ ਕਦੇ ਖ਼ੁਦ ਕੋਈ ਪਾਪ ਨਾ ਕੀਤਾ ਹੋਵੇ। ਅਜਿਹੇ ਪ੍ਰਬੰਧ ਵਿੱਚ ਅਸੀਂ ਕਾਰਵਾਈ ਕਰਨ ਦੀ ਮੰਗ ਕਿਸ ਕੋਲੋਂ ਕਰ ਰਹੇ ਹਾਂ, ਸਾਨੂੰ ਇਹ ਵੇਖ ਲੈਣਾ ਜ਼ਰੂਰੀ ਹੈ।
ਇਹ ਲੇਖ ਸੜਕ ਹਾਦਸਿਆਂ ਦੇ ਸਬੰਧ ਵਿੱਚ ਹੈ ਤਾਂ ਸਾਨੂੰ ਅੱਜ ਵਾਲ਼ੀ ਘਟਨਾ ਦੇ ਹੋਰ ਪਹਿਲੂਆਂ ਉੱਤੇ ਵੀ ਵਿਚਾਰ ਕਰ ਲੈਣੀ ਚਾਹੀਦੀ ਹੈ ਕਿ ਜਦੋਂ ਸ਼ਰਦੀਆਂ ਵਿੱਚ ਧੁੰਦ ਪੈਂਦੀ ਹੈ, ਸਾਹਮਣੇ ਕੁੱਝ ਨਜ਼ਰ ਨਹੀਂ ਆਉਂਦਾ ਜਾਂ ਇਸ ਤੋਂ ਇਲਾਵਾ ਜੇ ਕਿਤੇ ਅਚਾਨਕ ਸੜਕ ‘ਤੇ ਡੰਗਰ-ਵੱਛਾ ਆ ਜਾਵੇ ਤਾਂ ਸੁਰੱਖਿਆ ਦੇ ਪੱਖ ਤੋਂ ਗੱਡੀ ਦੇ ਚਾਲਕ ਦਾ ਫ਼ਰਜ਼ ਬਣਦਾ ਹੈ ਕਿ ਉਹ ਗੱਡੀ ਦੀ ਰਫ਼ਤਾਰ ਘੱਟ ਕਰੇ ਜਾਂ ਮੌਕੇ ਅਨੁਸਾਰ ਗੱਡੀ ਰੋਕ ਲਵੇ। ਪਰ ਉਪਰੋਕਤ ਮਾਮਲੇ ਵਿੱਚ ਪ੍ਰਾਪਤ ਖ਼ਬਰਾਂ ਅਨੁਸਾਰ ਡਰਾਈਵਰ ਨੇ ਗੱਡੀ ਨਹੀਂ ਰੋਕੀ, ਇਹ ਡਰਾਈਵਰ ਦੀ ਅਣਗਹਿਲੀ ਹੈ। ਜਦੋਂ ਸੁਰੱਖਿਆ ਦਾ ਕੋਈ ਬੰਦੋਬਸਤ ਨਾ ਹੋਵੇ ਤਾਂ ਅਪਣੀ ਸੁਰੱਖਿਆ ਅਪਣੀ ਜ਼ਿੰਮੇਵਾਰੀ ਬਣ ਜਾਂਦੀ ਹੈ। ਅਸੀਂ ਬਰਸਾਤੀ ਨਾਲ਼ਿਆਂ ਨੂੰ ਪਾਰ ਕਰਦਿਆਂ ਬਹੁਤ ਸਾਰੀਆਂ ਗੱਡੀਆਂ ਰੁੜ੍ਹਦੀਆਂ ਵੇਖੀਆਂ ਹਨ। ਇਹ ਜਿੱਥੇ ਪ੍ਰਸ਼ਾਸਨਿਕ ਅਣਗਹਿਲੀ ਹੈ, ਓਥੇ ਰਿਸਕ ਲੈ ਕੇ ਖ਼ਤਰਾ ਸਹੇੜਨ ਵਾਲ਼ੇ ਡਰਾਈਵਰ ਦੀ ਵੀ ਅਣਗਹਿਲੀ ਮੰਨੀ ਜਾਂਦੀ ਹੈ।
ਭਾਰਤ ਅਜੇ ਏਨਾ ਸਮਰੱਥ ਨਹੀਂ ਹੋਇਆ ਕਿ ਇਹ ਅਪਣੇ ਨਾਗਰਿਕਾਂ ਦੀ ਸਿਹਤ, ਸਿੱਖਿਆ ਅਤੇ ਸੁਰੱਖਿਆ ਦੇ ਮਾਮਲੇ ਵਿੱਚ ਮੁਢਲੇ ਕਦਮ ਵੀ ਪੁੱਟ ਸਕਿਆ ਹੋਵੇ। ਹਾਲਾਂਕਿ ਅੱਜਕਲ੍ਹ ਪਿਛਲਖੁਰੀ ਦੌੜ ਵਿੱਚ ਸ਼ਾਮਲ ਹੁੰਦਾ ਜਾ ਰਿਹਾ ਹੈ। ਅਜਿਹੇ ਹਾਲਾਤ ਵਿੱਚ ਸਾਡੇ ਜਿਹੇ ਲੋਕ ਚਿੰਤਾ ਕਰਦੇ ਹਨ, ਚਿੰਤਨ ਕਰਦੇ ਹਨ ਅਤੇ ਨਿੱਕੀਆਂ-ਨਿੱਕੀਆਂ ਕੋਸ਼ਿਸ਼ਾਂ ਕਰਦੇ ਹਨ। ਨਤੀਜੇ ਸਾਡੇ ਸਭ ਦੇ ਸਾਹਮਣੇ ਹਨ।
ਅਕਸਰ ਬਹੁਤੇ ਲੋਕਾਂ ਦਾ ਸਵਾਲ ਹੁੰਦਾ ਹੈ ਕਿ ਤੁਸੀਂ ਸਮੱਸਿਆ ਦੱਸ ਦਿੰਦੇ ਹੋ, ਸਮੱਸਿਆ ਦੀਆਂ ਜੜ੍ਹਾਂ ਵੀ ਫਰੋਲਣ ਤੱਕ ਜਾਂਦੇ ਹੋ, ਪਰ ਸਮੱਸਿਆ ਦਾ ਹੱਲ ਨਹੀਂ ਦੱਸਦੇ। ਪਰ ਜਦੋਂ ਸਮੱਸਿਆ ਦਾ ਹੱਲ ਦੱਸਣ ਵੱਲ੍ਹ ਵਧਦੇ ਹਾਂ ਤਾਂ ਇਹੋ ਲੋਕ ਸਾਨੂੰ ਗਾਲ੍ਹਾਂ ਕੱਢਣ ਤੱਕ ਚਲੇ ਜਾਂਦੇ ਹਨ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਸਾਨੂੰ ਸਮੱਸਿਆ ਦੀ ਚੰਗੀ ਤਰਾਂ ਸਮਝ ਹੋਣੀ ਚਾਹੀਦੀ ਹੈ, ਸਤਹੀ ਸਮਝ ਅਕਸਰ ਨੁਕਸਾਨ ਕਰਦੀ ਹੈ। ਸਹੀ ਸਮਝ ਉਦੋਂ ਬਣਦੀ ਹੈ ਜਦੋਂ ਸਾਡੀ ਸਿੱਖਿਆ ਦਾ ਆਧਾਰ ਵਿਗਿਆਨਕ ਹੋਵੇ। ਕਹਿਣ ਦਾ ਭਾਵ ਕੇ ਜਾਂ ਤਾਂ ਅਸੀਂ ਪੜ੍ਹੇ-ਲਿਖੇ ਹੋਈਏ ਜਾਂ ਅਣਪੜ੍ਹ ਹੋਈਏ। ਅਣਪੜ੍ਹ ਖ਼ੁਦ ਸੋਚਦਾ, ਸਮਝ ਬਣਾਉਂਦਾ ਅਤੇ ਤਜ਼ਰਬਿਆਂ ਤੋਂ ਸਿੱਖਦਾ ਹੈ। ਇਸਦਾ ਕੋਈ ਨੁਕਸਾਨ ਨਹੀਂ ਹੁੰਦਾ। ਪਰ ਜਦੋਂ ਗੈਰਵਿਗਿਆਨਕ ਸਿੱਖਿਆ ਦਿੱਤੀ ਜਾ ਰਹੀ ਹੋਵੇ ਤਾਂ ਇਸ ਦਾ ਨੁਕਸਾਨ ਹੀ ਨੁਕਸਾਨ ਹੁੰਦਾ ਹੈ। ਸਾਡੀ ਸਿੱਖਿਆ ਦੇ ਸੋਮੇ ਸਕੂਲ, ਕਾਲਜ, ਯੂਨਿਵਰਸਿਟੀਆਂ ਤੋਂ ਇਲਾਵਾ ਟੈਲੀਵਿਯਨ, ਆਲ਼ਾ-ਦੁਆਲ਼ਾ, ਪਰਿਵਾਰ, ਸਮਾਜ, ਲੋੜਾਂ ਅਤੇ ਧਾਰਮਿਕ ਅਦਾਰਿਆਂ ਦਾ ਮੱਕੜਜਾਲ਼ ਹੈ। ਇਸ ਵਿੱਚੋਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਸਿੱਖਿਆ ਧਾਰਮਿਕ ਅਦਾਰਿਆਂ, ਸੰਗਠਨਾਂ ਦੀ ਮੰਨੀ ਜਾਂਦੀ ਹੈ, ਕਿਉਂਕਿ ਸਕੂਲੀ ਸਿੱਖਿਆ ਤੋਂ ਅਣਪੜ੍ਹ ਰਹਿ ਗਏ ਲੋਕਾਂ ਤੱਕ ਵੀ ਧਾਰਮਿਕ ਸਿੱਖਿਆ ਛੜੱਪੇ ਮਾਰ ਕੇ ਪਹੁੰਚਦੀ ਹੈ ਜੋ ਕਿ ਮੂਲ਼ੋਂ ਹੀ ਗੈਰਵਿਗਿਆਨਕ ਸਿੱਖਿਆ ਹੈ ਅਤੇ ਇਹ ਸਿੱਖਿਆ ਸੰਗਠਿਤ ਧਰਮਾਂ ਰਾਹੀਂ ਲੱਗਭਗ ਸਮੁੱਚੇ ਦੇਸ਼ ਵਿੱਚ ਪਹੁੰਚਾਈ ਜਾਂਦੀ ਹੈ। ਮਾਰਕਸ ਨੇ ਧਰਮ ਨੂੰ ਅਫ਼ੀਮ ਕਿਹਾ ਹੈ, ਅਫ਼ੀਮ ਦੀ ਵਰਤੋਂ ਨੁਕਸਾਨਦੇਹ ਨਹੀਂ ਹੁੰਦੀ। ਪਰ ਭਾਰਤ ਵਿੱਚ ਧਰਮ ਅਫ਼ੀਮ ਨਹੀਂ, ਜ਼ਹਿਰ ਹੈ। ਕਿਉਂਕਿ ਭਾਰਤ ਵਿੱਚ ਧਰਮ ਜਿੱਥੇ ਸਥਾਪਤੀ ਦਾ ਪਊਆ (ਪੈਰ) ਹੈ, ਓਥੇ ਖ਼ੁਦ ਵੀ ਮਜ਼ਬੂਤੀ ਨਾਲ਼ ਸੰਗਠਿਤ ਹੋ ਚੁੱਕਿਆ ਹੈ ਕਿ ਧਰਮ ਹੁਣ ਅਪਣੇ ਆਪ ਵਿੱਚ ਸਥਾਪਤੀ ਹੈ। ਅੱਜ ਧਰਮ ਦੀ ਸੱਤਾ ਨੂੰ ਰਾਜਨੀਤਿਕ ਸੱਤਾ ਨਾਲ਼ੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ, ਅੱਜ ਧਰਮ ਖ਼ੁਦ ਰਾਜਨੀਤੀ ਹੈ। ਇਸ ਕਰਕੇ ਜਦੋਂ ਅਸੀਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੀ ਦੋਖੀ ਸੱਤਾ ਦੀਆਂ ਜੜ੍ਹਾਂ ਪੁੱਟਣ ਦੀ ਗੱਲ ਕਰਦੇ ਹਾਂ ਤਾਂ ਸੱਤਾ ਦੀ ਇਸ ਪਰਿਭਾਸ਼ਾ ਵਿੱਚ ਧਰਮ ਵੀ ਆਉਂਦਾ ਹੈ।
ਜਦੋਂ ਸਾਡੇ ਕਾਮਰੇਡ ਸਾਥੀ ਧਰਮ ਵਾਲ਼ੇ ਮਸਲੇ ਨੂੰ ਛੂਹਣ ਤੋਂ ਕਿਨਾਰਾ ਵੱਟ ਜਾਂਦੇ ਹਨ ਤਾਂ ਅਸਲ ਵਿੱਚ ਉਹ ਸੱਤਾ ਤੋਂ ਡਰ ਰਹੇ ਹੁੰਦੇ ਹਨ, ਉਹਨਾਂ ਨੇ ਧਰਮ ਦੀ ਸੱਤਾ ਨਾਲ਼ ਸਿੱਝਣ ਲਈ ਕੋਈ ਵਿੰਗ ਨਹੀਂ ਬਣਾਇਆ। ਪੰਜਾਬ ਵਿੱਚ ਸਿੱਖ ਧਰਮ ਅਤੇ ਹਿੰਦੂ ਧਰਮ ਦੀ ਸੱਤਾ ਹੈ ਅਤੇ ਸਾਡੇ ਕਾਮਰੇਡ ਇਸ ਸੱਤਾ ਵਿਰੁੱਧ ਇੱਕ ਵੀ ਸ਼ਬਦ ਨਹੀਂ ਕੱਢਦੇ ਜਦੋਂ ਕਿ ਮੁਕਾਬਲੇ ਵਿੱਚ ਧਰਮ ਦੀ ਨਵੀਂ ਪੈਰ ਜਮਾ ਰਹੀ ਸੱਤਾ ਦੀਆਂ ਜੜ੍ਹਾਂ ਉਖਾੜਨ ਵਿੱਚ ਸਭ ਤੋਂ ਵੱਧ ਮੋਹਰੀ ਭੂਮਿਕਾ ਨਿਭਾਉਂਦੇ ਹਨ। ਪੰਜਾਬ ਵਿੱਚ ਪੈਦਾ ਹੋਇਆ ਡੇਰਾਵਾਦ ਇਸ ਦੀ ਪ੍ਰਤੱਖ ਉਦਾਹਰਣ ਹੈ ਕਿ ਇਹ ਸਿੱਖ ਧਰਮ ਦੀ ਸੱਤਾ ਲਈ ਚੁਣੌਤੀ ਹੈ। ਸਿੱਖ ਧਰਮ ਦੇ ਠੇਕੇਦਾਰਾਂ ਨੇ ਤਾਂ ਡੇਰਿਆਂ ਦਾ ਵਿਰੋਧ ਕਰਨਾ ਹੀ ਹੁੰਦਾ ਹੈ, ਹਾਲਾਂਕਿ ਇਹ ਵਿਰੋਧ ਵੀ ਫ਼ਰਜ਼ੀ ਹੁੰਦਾ ਹੈ, ਪਰ ਸਾਨੂੰ ਇਹ ਸਮਝਣਾ ਲਾਜ਼ਮੀ ਹੈ ਕਿ ਦੁਸ਼ਮਣ ਜਿੰਨੇ ਵੱਧ ਟੁਕੜਿਆਂ ਵਿੱਚ ਵੰਡਿਆ ਜਾਵੇਗਾ ਅਤੇ ਹਿੱਤਾਂ ਨੂੰ ਲੈ ਕੇ ਟਕਰਾਅ ਦੀ ਸਥਿਤੀ ਬਣੇਗੀ, ਧਰਮ ਦੀ ਸੱਤਾ ਨੂੰ ਤੋੜਨਾ ਓਨਾ ਹੀ ਆਸਾਨ ਰਹੇਗਾ। ਗਾਲ਼ਾਂ ਦਾ ਮੀਂਹ ਵਰ੍ਹਾਉਣ ਵਾਲ਼ੇ ਪਾਠਕਾ ਨੂੰ ਬੇਨਤੀ ਹੈ ਕਿ ਇੱਕ ਵਾਰੀ ਜ਼ਰੂਰ ਸਮਝ ਲੈਣ ਕਿ ਏਥੇ ਧਰਮ ਦੀ ਸੱਤਾ ਦੀ ਗੱਲ ਕੀਤੀ ਜਾ ਰਹੀ ਹੈ, ਧਰਮ ਦੀ ਨਹੀਂ। ਧਰਮ ਹਰ ਕਿਸੇ ਦਾ ਵਿਅਕਤੀਗਤ ਮਾਮਲਾ ਹੈ ਅਤੇ ਕਿਸੇ ਦੇ ਵਿਅਕਤੀਗਤ ਮਾਮਲੇ ਵਿੱਚ ਅਸੀਂ ਕਦੇ ਦਖ਼ਲਅੰਦਾਜ਼ੀ ਨਹੀਂ ਕੀਤੀ।
ਜਿਵੇਂ ਅੱਜ ਮੋਦੀ ਭਗਤ ਪੈਦਾ ਕੀਤੇ ਜਾ ਚੁੱਕੇ ਹਨ, ਕੇਜਰੀਵਾਲ ਦੇ ਭਗਤ ਪੈਦਾ ਹੋ ਰਹੇ ਹਨ, ਇਵੇਂ ਹੀ ਵੱਖੋ-ਵੱਖਰੇ ਧਰਮਾਂ ਵਿੱਚ ਪਾਏ ਜਾਂਦੇ ਭਗਤਾਂ ਨੂੰ ਸਮਝਣਾ ਪਵੇਗਾ। ਵਿਗਿਆਨਕ ਸਿੱਖਿਆ ਤੋਂ ਇਲਾਵਾ ਕਿਸੇ ਤਰਾਂ ਦੇ ਹੱਲ ਦੀ ਸੰਭਾਵਨਾ ਨਹੀਂ ਅਤੇ ਵਿਗਿਆਨਕ ਸਿੱਖਿਆ ਤੁਹਾਨੂੰ ਤਰਕਸ਼ੀਲ ਸੰਸਥਾਵਾਂ ਤੋਂ, ਤਰਕਸ਼ੀਲ ਮੈਗਜ਼ੀਨਾਂ ਤੋਂ, ਕਾਮਰੇਡਾਂ ਦੇ ਜੱਥੇਬੰਦਕ ਸੰਘਰਸ਼ਾਂ ਤੋਂ, ਅਗਾਂਹਵਧੂ ਲੇਖਕਾਂ, ਅਲੋਚਕਾਂ ਅਤੇ ਤੁਹਾਡੇ ਮਨ ਵਿੱਚ ਉੱਠਦੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬਾਂ ਤੋਂ ਮਿਲ ਸਕਦੀ ਹੈ, ਬੱਸ ਤੁਹਾਡੇ ਵਿੱਚ ਜਗਿਆਸਾ ਹੋਣੀ ਚਾਹੀਦੀ ਹੈ। ਚੰਗੇ-ਮਾੜੇ ਦੀ ਪਹਿਚਾਣ ਕਰਨ ਦੇ ਤੁਹਾਨੂੰ ਖ਼ੁਦ ਸਮਰੱਥ ਹੋਣਾ ਚਾਹੀਦਾ ਹੈ, ਕਿਸੇ ਵੀ ਗੱਲ ਨੂੰ ਇਹ ਸੋਚ ਕੇ ਮੰਨ ਲੈਣਾ ਕਿ ਕਿਸੇ ਵੱਡੇ ਬੰਦੇ ਨੇ ਆਖੀ ਹੈ ਜਾਂ ਕਿਸੇ ਵੱਡੀ ਕਿਤਾਬ ਵਿੱਚ ਲ਼ਿਖੀ ਹੈ, ਇਹ ਅੰਧਸ਼ਰਧਾ ਹੈ। ਤੁਹਾਨੂੰ ਖ਼ੁਦ ਪੜਚੋਲ਼ ਕਰਨੀ ਪਵੇਗੀ, ਨਹੀਂ ਤੇ ਅੱਜ ਵਾਲ਼ੇ ਸੜਕ ਹਾਦਸੇ ਵਿੱਚ ਬੇਸ਼ੱਕ ਤੁਹਾਡੇ ਅਪਣੇ ਬੱਚੇ ਸ਼ਾਮਿਲ ਨਹੀਂ ਸੀ, ਪਰ ਆਖ਼ਰ ਕਦੋਂ ਤੱਕ ਤੁਹਾਡੇ ਬੱਚੇ ਇਸ ਅੱਗ ਦੇ ਸੇਕ ਤੋਂ ਬਚੇ ਰਹਿਣਗੇ?
ਸੁਰਜੀਤ ਗੱਗ
ਸੁਰਜੀਤ ਗੱਗ