ਇਤਿਹਾਸ ਵਿਚ ਮਿਲਾਵਟ ਅਤੇ ਹੋਲਾ ਮਹੱਲਾ-ਸਰਬਜੀਤ ਸੋਹੀ, ਆਸਟਰੇਲੀਆ

ਇਤਿਹਾਸ ਵਿਚ ਮਿਲਾਵਟ ਅਤੇ ਹੋਲਾ ਮਹੱਲਾ
ਇਤਿਹਾਸ ਦੀ ਸੁਤੰਤਰ ਵਿਆਖਿਆ ਸ਼ਰਧਾ ਦੀ ਐਨਕ ਲਾਹ ਕੇ ਹੀ ਹੋ ਸਕਦੀ ਹੈ। ਹੋ ਸਕਦਾ ਵਰਤਮਾਨ ਵਿਚ ਕਿਸੇ ਮਿਲਾਵਟ ਨੂੰ ਜ਼ਾਹਰ ਕਰਨ ਤੋਂ ਬਾਅਦ ਵੀ ਲੋਕ ਉਸ ਨੂੰ ਤਿਆਗਣ ਲਈ ਤਿਆਰ ਨਾ ਹੋਣ, ਕਿਉਂਕਿ ਸਮਾਂ ਪਾ ਕੇ ਕਈ ਵਾਰ ਕੁੱਝ ਝੂਠ ਸਮੂਹਿਕ ਪ੍ਰਵਾਨਗੀ ਤਹਿਤ ਲੋਕ ਹਿਰਦਿਆਂ ਵਿਚ ਵੱਸ ਜਾਂਦੇ ਹਨ। ਪਰ ਅਜਿਹੇ ਪਹਿਲੂਆਂ ਅਤੇ ਧਾਰਨਾਵਾਂ ਦੀ ਪਛਾਣ ਕਰਨੀ ਅਤੇ ਉਹਨਾਂ ਤੇ ਉਂਗਲ ਰੱਖਣੀ ਇਕ ਵਿਗਿਆਨਿਕ ਸੋਚ ਵਾਲੇ ਚਿੰਤਕ ਦਾ ਫ਼ਰਜ਼ ਹੈ। ਇਤਿਹਾਸ ਵਿਚ ਪਾਇਆ ਗਿਆ ਰਲ਼ਾ ਉਸ ਇਤਿਹਾਸ ਨਾਲ ਜੁੜੇ ਖ਼ਿੱਤੇ ਅਤੇ ਲੋਕ ਮਾਨਸਿਕਤਾ ਨੂੰ ਪਲੀਤ ਕਰਦਾ ਹੈ। ਪੰਜਾਬ ਦੇ ਖ਼ਿੱਤੇ ਦਾ ਇਤਿਹਾਸ ਹਿੰਦੂ/ਸਿੱਖ/ਮੁਸਲਮਾਨ ਸੱਭਿਆਚਾਰਕ ਸਾਂਝ ਦੇ ਪੱਖ ਤੋਂ ਪਰਿਭਾਸ਼ਿਤ ਹੋਣਾ ਅਤੇ ਪੜ੍ਹਿਆ ਜਾਣਾ ਚਾਹੀਦਾ ਹੈ। ਧਰਮ ਸੱਭਿਆਚਾਰ ਦਾ ਇਕ ਹਿੱਸਾ ਹੈ ਨਾ ਕਿ ਸੱਭਿਆਚਾਰ ਕਿਸੇ ਧਰਮ ਦਾ ਹਿੱਸਾ ਹੈ। ਰੂਸ, ਫ਼ਰਾਂਸ, ਸਪੇਨ, ਜਰਮਨੀ ਆਦਿ ਦੇਸ਼ਾਂ ਦਾ ਇਤਿਹਾਸ ਕੌਮੀਅਤ ਦੇ ਸੰਕਲਪ ਤਹਿਤ ਰਸ਼ੀਅਨ, ਫਰੈਂਚ, ਸਪੈਨਿਸ਼ ਅਤੇ ਜਰਮਨ ਇਤਿਹਾਸ ਤਾਂ ਹੋ ਸਕਦਾ ਹੈ, ਇਹਨਾਂ ਦੀ ਇਸ ਦ੍ਰਿਸ਼ਟੀਕੋਣ ਤੋਂ ਵਿਆਖਿਆ ਵੀ ਹੋ ਸਕਦੀ ਹੈ। ਪਰ ਇਨ੍ਹਾਂ ਕੌਮਾਂ ਦਾ ਕੋਈ ਇਸਾਈ ਇਤਿਹਾਸ ਨਹੀਂ ਹੈ, ਇਤਿਹਾਸ ਦੀ ਕੋਈ ਇਸਾਈ ਵਿਆਖਿਆ ਵੀ ਨਹੀਂ ਹੈ। ਉਹਨਾਂ ਦਾ ਇਤਿਹਾਸ ਸਿਰਫ਼ ਤੇ ਸਿਰਫ਼ ਇਤਿਹਾਸ ਹੈ। ਸਾਡੇ ਖ਼ਿੱਤੇ ਦਾ ਇਤਿਹਾਸ ਧਾਰਮਿਕ ਸਮਝ, ਫ਼ਿਰਕਾਪ੍ਰਸਤੀ ਅਤੇ ਅੱਡੋ-ਬਿਰਤੀ ਕਾਰਨ ਵਿਚਾਰਧਾਰਕ ਲਕਵੇ ਦਾ ਸ਼ਿਕਾਰ ਹੈ। ਇਤਿਹਾਸ ਨੂੰ ਮਹਿਜ਼ ਆਪਣੇ ਅਨੁਸਾਰ ਲਿਖਿਆ ਹੀ ਨਹੀਂ ਗਿਆ, ਬਲਕਿ ਇਨ੍ਹਾਂ ਗਲਤ ਪ੍ਰਸੰਗਾਂ ਦੀ ਪ੍ਰੋੜ੍ਹਤਾ ਵਜੋਂ ਆਪੇ ਬਣਾਈਆਂ ਘਟਨਾਵਾਂ ਅਤੇ ਕਹਾਣੀਆਂ ਇਸ ਦੇ ਨਾਲ ਗੰਢੀਆਂ ਗਈਆਂ ਹਨ। ਸਿੱਖ ਧਰਮ ਦੀ ਬੁਨਿਆਦ ਰੱਖੇ ਜਾਣ ਤੋਂ ਬਾਅਦ ਸਾਡਾ ਸਾਢੇ ਕੁ ਪੰਜ ਸਦੀਆਂ ਦਾ ਇਤਿਹਾਸ ਨਿਰਮਲ ਪਾਣੀਆਂ ਵਾਂਗ ਸਾਫ਼ ਹੋਣਾ ਚਾਹੀਦਾ ਸੀ, ਪਰ ਇਸ ਵਿਚ ਫ਼ਿਰਕਾਪ੍ਰਸਤੀ ਅਤੇ ਸਰਕਾਰੀ ਸਰਪ੍ਰਸਤੀ ਤਹਿਤ ਕੀਤੀ ਗਈ ਬੌਧਿਕ ਬੇਈਮਾਨੀ ਨੇ ਇਸ ਨੂੰ ਪਲੀਤ ਕਰ ਦਿੱਤਾ ਹੈ।
—ਸਨਾਤਨੀ ਪਿਛੋਕੜ ਕਾਰਨ ਹਿੰਦੂਆਂ ਨਾਲ ਸੱਭਿਆਚਾਰਕ ਸਾਂਝ ਹੋਣਾ ਸੁਭਾਵਿਕ ਹੀ ਹੈ। ਹਿੰਦੂਆਂ ਦੇ ਤਿਓਹਾਰਾਂ ਨੂੰ ਸਿੱਖੀ ਰੂਪ ਦੇਣ ਲਈ, ਤਿਓਹਾਰਾਂ ਦੀ ਨਾਮ ਬਦਲੀ, ਦਿਨ ਬਦਲੀ ਅਤੇ ਆਪੇ ਘੜਿਆ ਹੋਇਆ ਇਤਿਹਾਸ ਇਨ੍ਹਾਂ ਨਾਲ ਜੋੜਿਆ ਗਿਆ ਹੈ। ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਤਿਓਹਾਰ, ਹੋਲੀ ਤੋਂ ਅਗਲੇ ਦਿਨ ਹੋਲੇ ਦਾ ਤਿਓਹਾਰ ਹੋਲੀ ਹੋਲੀ ਲੋਕ ਮਨਾਂ ਵਿਚ ਪੱਕਦੇ ਗਏ। ਸਾਡੇ ਵੇਖਦਿਆਂ ਵੇਖਦਿਆਂ ਹੀ ਸਦੀਆਂ ਤੋ ਚੱਲਦੀ ਆ ਰਹੀ ਦਿਵਾਲ਼ੀ ਨੂੰ ਬੰਦੀਛੋੜ ਬਣਾ ਦਿੱਤਾ ਗਿਆ। ਜਿੱਥੇ ਇਹਨਾਂ ਤਿਓਹਾਰਾਂ ਨੂੰ ਧਾਰਮਿਕ ਪਹਿਚਾਣ/ਪਿਛੋਕੜ ਨਾਲ ਜੋੜਿਆ ਗਿਆ, ਉੱਥੇ ਦੂਜੇ ਧਰਮਾਂ ਦੇ ਤਿਓਹਾਰਾਂ ਵਿਚ ਸਾਧਾਰਨ ਸਿੱਖਾਂ ਦੀ ਸ਼ਮੂਲੀਅਤ ਨੂੰ ਘਟਾਉਣ ਲਈ ਭਾਵਕ ਬੇਨਤੀਆਂ ਕੀਤੀਆਂ ਜਾਂਦੀਆਂ ਹਨ। ਇਸਾਈਆਂ ਦੇ ਤਿਓਹਾਰ ਕ੍ਰਿਸਮਿਸ ਸਮੇਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵਾਸਤਾ ਦੇਣ ਵਾਲੇ ਲੋਕ ਹਫ਼ਤੇ ਕੁ ਬਾਅਦ ਹੀ ਨਵੇਂ ਸਾਲ ਅਤੇ ਗੁਰਪੁਰਬ ਦੇ ਮੌਕੇ ਪਟਾਕੇ ਚਲਾ ਰਹੇ ਹੁੰਦੇ ਹਨ। ਅਜਿਹੀ ਦੰਭ ਭਰੀ ਪਹੁੰਚ ਸਿੱਖਾਂ ਨੂੰ ਸਮਾਜਿਕ ਤੌਰ ਤੇ ਆਈਸੋਲੇਟ ਕਰਨ ਦੇ ਨਾਲ ਨਾਲ ਸੱਭਿਆਚਾਰਕ ਏਕਤਾ ਨਾਲ਼ੋਂ ਨਿਖੇੜਦੀ ਹੋਈ ਇਕ ਕੱਟੜ ਫ਼ਿਰਕੇ ਵਿਚ ਤਬਦੀਲ ਕਰ ਦਿੰਦੀ ਹੈ। ਪੰਜਾਬ ਵਿਚ ਇਸ ਫ਼ਿਰਕੂ ਪਹੁੰਚ ਤਹਿਤ ਹੋਈਆਂ ਤਬਦੀਲੀਆਂ ਨੂੰ ਸਰਕਾਰਾਂ ਵੱਲੋਂ ਵੋਟ ਬੈਂਕ ਕਰਕੇ, ਬੁੱਧੀਜੀਵੀਆਂ ਵੱਲੋਂ ਚੁੱਪ ਰਹਿ ਕੇ, ਸਾਧਾਰਨ ਸਿੱਖਾਂ ਵੱਲੋਂ ਅੰਨ੍ਹੀ ਸ਼ਰਧਾ ਕਰਕੇ ਮਾਨਤਾ ਮਿਲ ਚੁੱਕੀ ਹੈ। ਪਰਵਾਸੀ ਪੰਜਾਬੀਆਂ ਦਾ ਵਿਲੱਖਣਤਾ ਵਾਲੇ ਵਾਇਰਸ ਅਤੇ ਅੱਡੋ-ਬਿਰਤੀ ਦੀ ਬੀਮਾਰੀ ਤੋਂ ਅਜੇ ਕਾਫ਼ੀ ਹੱਦ ਤਕ ਬਚਾਅ ਹੈ। ਪਰ ਜਿਸ ਪ੍ਰਕਾਰ ਇੱਥੇ ਵੀ ਕੱਟੜ ਲਾਬੀ ਧਾਰਮਿਕ/ਸਮਾਜਿਕ ਸੰਸਥਾਵਾਂ ਤੇ ਕਾਬਜ਼ ਹੋ ਰਹੀ ਹੈ, ਇੱਥੇ ਵੀ ਲਕੀਰਾਂ ਖਿੱਚੀਆਂ ਜਾਣਗੀਆਂ। ਅਜੇ ਆਸਟਰੇਲੀਆ ਵਰਗੇ ਮੁਲਖਾਂ ਵਿਚ ਹੋਲੀ/ਦੀਵਾਲੀ/ਵਿਸਾਖੀ ਉਤਸਵ ਪੰਜਾਬੀਆਂ ਵੱਲੋਂ ਸਾਂਝੇ ਰੂਪ ਵਿਚ ਮਨਾਏ ਜਾਂਦੇ ਹਨ, ਪਰ ਆਉਣ ਵਾਲੇ ਸਮਿਆਂ ਵਿਚ ਇਹਨਾਂ ਸਾਂਝੇ ਤਿਓਹਾਰਾਂ ਨੂੰ ਵੀ ਫ਼ਿਰਕੂ ਜ਼ਹਿਰ ਆਪਣੇ ਕਲਾਵੇ ਵਿਚ ਲੈ ਸਕਦੀ ਹੈ। ਨਫ਼ਰਤ ਭਰੀਆਂ ਹਵਾਵਾਂ ਵਿਚ ਸਾਂਝ ਦੇ ਦੀਵੇ ਬੁੱਝ ਸਕਦੇ ਹਨ। ਨਵੀਆਂ ਪੀੜ੍ਹੀਆਂ ਨੂੰ ਦਿੱਤੀ ਜਾ ਰਹੀ ਫ਼ਿਰਕੂ ਪਹੁਲ ਅਤੇ ਜ਼ਹਿਰ ਦੀ ਗੁੜਤੀ ਇਕ ਦਿਨ ਆਪਣਾ ਰੰਗ ਜ਼ਰੂਰ ਦਿਖਾਵੇਗੀ। ਇਸ ਕਰਕੇ ਹਰ ਸੁਹਿਰਦ ਪੰਜਾਬੀ, ਸਹਿਜਵਾਨ ਹਿੰਦੂ-ਸਿੱਖ ਨੂੰ ਬਦਅਮਨੀ ਅਤੇ ਬਦਅਮਲੀ ਦੀਆਂ ਘਟਨਾਵਾਂ ਤੋਂ ਸੁਚੇਤ ਹੋਣ ਦੀ ਲੋੜ ਹੈ।
—ਪੰਜਾਬੀਆਂ ਦੇ ਸਾਂਝੇ ਤਿਓਹਾਰ ਹੋਲੀ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਜਿਸਦਾ ਧਾਰਮਿਕ ਪਿਛੋਕੜ ਹੁੰਦਿਆਂ ਹੋਇਆ ਵੀ ਇਹ ਅਸਲ ਵਿਚ ਮੌਸਮ ਅਤੇ ਆਪਸੀ ਮੁਹੱਬਤ ਨਾਲ ਜੁੜਿਆ ਹੋਇਆ ਹੈ। ਜਿਸ ਤਰ੍ਹਾਂ ਭਾਰਤੀ ਦਾਰਸ਼ਨਿਕ ਬੁੱਧ, ਕਬੀਰ, ਨਾਨਕ ਆਦਿ ਧਰਮਾਂ ਨੇ ਅਗਵਾ ਕਰ ਲਏ ਹਨ, ਇਵੇਂ ਹੀ ਤਿਓਹਾਰਾਂ ਦਾ ਵੀ ਧਰਮੀਕਰਨ ਹੋਇਆ ਹੈ। ਹੋਲਾ ਮਹੱਲਾ ਸ਼ਬਦ ਦੀ ਨਿਰੁਕਤੀ ਬਾਰੇ ਅਧਿਐਨ ਕਰਦਿਆਂ ਇਹ ਪਤਾ ਚੱਲਦਾ ਹੈ ਕਿ ‘ਹੋਲਾ’ ਸ਼ਬਦ ਦਾ ਪੰਜਾਬੀ ਵਿਚ ਕੋਈ ਅਰਥ ਨਹੀਂ ਹੈ। ਇਸ ਦਾ ਧੱਕੇ ਨਾਲ ਅਰਬੀ ਦੇ ਸ਼ਬਦ ‘ਹੂਲ’ ਨਾਲ ਸੰਬੰਧ ਜੋੜਣ ਦੀ ਕੋਸ਼ਿਸ਼ ਕੀਤੀ ਗਈ। ਫਿਰ ‘ਹੂਲ’ ਅਤੇ ‘ਮਹੱਲਾ’ ਸ਼ਬਦਾਂ ਦਾ ਬੇਜੋੜ/ਬੇਅਰਥ ਸੁਮੇਲ ਕਰਦਿਆਂ ਆਪੇ ਇਸਦਾ ਇਤਿਹਾਸ ਲਿਖਿਆ/ਪ੍ਰਚਾਰਿਆ ਗਿਆ ਹੈ। ‘ਹੋਲਾ’ ਸ਼ਬਦ ‘ਹੋਲੀ’ ਦਾ ਧੜੱਲੇਦਾਰ ਬਦਲਵਾਂ ਰੂਪ ਹੈ ਜੋ ਇਸਤਰੀ ਵਾਚਕ ਸ਼ਬਦ ਹੋਲੀ ਤੇ ਮਰਦਾਵੀਂ ਧੌਂਸ ਦੇ ਰੂਪ ਵਿੱਚ ਹੋਲੇ ਵਜੋਂ, ਹਿੰਦੂ ਮਾਨਸਿਕਤਾ ਨੂੰ ਨੀਵਿਆਂ ਵੀ ਵਿਖਾਉਂਦਾ ਹੈ। ਪੁਰਾਣੇ ਸਮੇਂ ਵਿਚ ਘੜੇ ਗਏ ‘ਖ਼ਾਲਸਾਈ ਬੋਲੇ’ ਜਿਵੇਂ ਤੇਗ ਨੂੰ ਤੇਗ਼ਾ, ਦੇਗ ਨੂੰ ਦੇਗਾ, ਦਾੜ੍ਹੀ ਨੂੰ ਦਾੜ੍ਹਾ ਆਦਿ, ਇਸੇ ਤਰ੍ਹਾਂ ਹੋਲੀ ਨੂੰ ਹੋਲਾ ਕਹਿਣਾ ਸਿੱਖਾਂ ਵਿਚ ਪ੍ਰਚਲਿਤ ਹੋਇਆ ਹੋਵੇਗਾ। ਸਿੰਘ ਸਭਾ ਲਹਿਰ ਦੇ ਉਥਾਨ ਤੋਂ ਪਹਿਲਾਂ ਅਤੇ ਬਾਵਾ ਸੁਮੇਰ ਸਿੰਘ, ਭਾਈ ਕਾਹਨ ਸਿੰਘ, ਗਿਆਨੀ ਗਿਆਨ ਸਿੰਘ ਆਦਿ ਲੇਖਕਾਂ ਦੀਆਂ ਲਿਖਤਾਂ ਤੋਂ ਪਹਿਲਾਂ ਕਿਤੇ ਵੀ ਇਸ ਤਿਓਹਾਰ ਦੇ (ਹੋਲੇ ਮੁਹੱਲੇ) ਦੇ ਨਾਮ ਤਹਿਤ ਮਨਾਏ ਜਾਣ ਦਾ ਜ਼ਿਕਰ ਨਹੀਂ ਮਿਲਦਾ। ਮੱਧ ਕਾਲ ਵਿਚ ਹੋਇਆ ਕਵੀ ਨਿਹਾਲ ਸਿੰਘ ਵੀ ਇਸ ਸ਼ਬਦ ਦੀ ਹੋਂਦ ਬਾਰੇ ਇਵੇਂ ਹੀ ਲਿਖਦਾ ਹੈ:—
ਬਰਛਾ ਢਾਲ ਕਟਾਰਾ ਤੇਗਾ, ਕੜਛਾ ਦੇਗਾ ਗੋਲਾ ਹੈ,
ਛਕਾ ਪ੍ਰਸਾਦ ਸਜਾ ਦਸਤਾਰਾ ਅਰੁ ਕਰਦੌਨਾ ਟੋਲਾ ਹੈ।
ਸੁਭਟ ਸੁਚਾਲਾ ਅਰ ਲਖ ਬਾਹਾ, ਕਲਗਾ ਸਿੰਘ ਸੁਚੋਲਾ ਹੈ,
ਅਪਰ ਮੁਛਹਿਰਾ ਦਾੜ੍ਹਾ ਜੈਸੇ, ਤੈਸੇ ਬੋਲਾ ‘ਹੋਲਾ’ ਹੈ।
ਸਾਡੇ ਵਿਦਵਾਨਾਂ ਵੱਲੋਂ ‘ਹੋਲੇ ਮਹੱਲੇ’ ਸ਼ਬਦ ਦੀ ਸਵੈ ਵਿਆਖਿਆ ਹੀ ਸਥਾਪਿਤ ਨਹੀਂ ਕੀਤੀ ਗਈ, ਬਲਕਿ ਜੰਗੀ ਮਸ਼ਕਾਂ ਦੇ ਪ੍ਰਸੰਗ ਨੂੰ ਇਸ ਨਾਲ ਜੋੜਦਿਆਂ ਹੋਲੀ ਨਾਲ਼ੋਂ ਬਿਲਕੁਲ ਨਿਖੇੜਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੁੱਝ ਸਿੱਖ ਵਿਦਵਾਨਾਂ ਅਨੁਸਾਰ ਦਸਮ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਵਿਖੇ ‘ਹੋਲਗੜ੍ਹ’ ਦੇ ਸਥਾਨ ’ਤੇ ਪਹਿਲੀ ਵਾਰ ‘ਹੋਲਾ-ਮਹੱਲਾ’ ਮਨਾਇਆ ਸੀ। ਕੁੱਝ ਵਿਦਵਾਨ ਇਸ ਦੇ ਅਰੰਭਿਕ ਸਥਾਨ ‘ਪਾਉਂਟਾ ਸਾਹਿਬ’ ਨੂੰ ਮੰਨਦੇ ਹਨ ਅਤੇ ਕੁੱਝ ਇਸ ਦੀ ਸ਼ੁਰੂਆਤ ਲਈ ‘ਚੱਕ ਨਾਨਕੀ’ ਸਥਾਨ ਦਾ ਜ਼ਿਕਰ ਕਰਦੇ ਹਨ। ਸਥਾਨ ਬਾਰੇ ਚਰਚਾ ਕਰਨ ਤੋਂ ਪਹਿਲਾਂ ਇਸ ਸ਼ਬਦ ਦੇ ਅਰਥ ਅਤੇ ਨਿਰੁਕਤੀ ਬਾਰੇ ਵਿਚਾਰ ਕਰਨੀ ਜ਼ਰੂਰੀ ਹੈ। ਅਗਰ ‘ਹੋਲਾ ਮਹੱਲਾ’ ਸ਼ਬਦ ਦਾ ਹਵਾਲਾ ਮੰਗਦੇ ਹਾਂ ਤਾਂ ਇਤਿਹਾਸਕ ਸਰੋਤ ਇਸਦੀ ਗਵਾਹੀ ਨਹੀਂ ਭਰਦੇ। ਇਸ ਕਰਕੇ ਹੋਲੇ ਦੇ ਕੱਚ-ਸੱਚ ਨੂੰ ਜਾਨਣ ਲਈ ਇਤਿਹਾਸਕ ਸਰੋਤਾਂ ਦਾ ਵਿਗਿਆਨਿਕ ਅਤੇ ਤੁਲਨਾਤਮਿਕ ਅਧਿਐਨ ਕਰਨਾ ਪਵੇਗਾ। ਇਸ ਲਈ ਸਮਕਾਲੀ ਅਤੇ ਗੁਰੂ ਸਾਬ ਤੋਂ ਬਾਅਦ ਦੀਆਂ ਲਿਖਤਾਂ ਦਾ ਪੁਨਰ ਅਧਿਐਨ ਕਰਨਾ ਪਵੇਗਾ।
—ਹੋਲੇ-ਮਹੱਲੇ ਦੇ ਨਾਮ ਅਤੇ ਅਰੰਭਿਕ ਸਥਾਨ ਬਾਰੇ ਹੀ ਨਹੀਂ, ਇਸ ਦੇ ਅਰੰਭ ਬਾਰੇ ਵੀ ਵੱਖ-ਵੱਖ ਤਰੀਕਾਂ ਅਤੇ ਸਾਲਾਂ ਦਾ ਵੇਰਵਾ ਇਤਿਹਾਸ ਵਿਚ ਦਰਜ ਹੈ। ਇਹ ਗੱਲ ਪੱਕੀ ਹੈ ਕਿ ਇਹ ਤਿਓਹਾਰ ਹੋਲੀ ਦਾ ਇਕ ਨਵਾਂ ਰੂਪ ਹੈ, ਇਹ ਸੰਭਵ ਹੈ ਕਿ ਬਾਅਦ ਵਿਚ ਖ਼ਾਲਸਿਆਂ ਦੀ ਭਾਸ਼ਾ ਵਿਚ ਇਸ ਨੂੰ ਹੋਲਾ ਕਹਿਣਾ ਪ੍ਰਚਲਿਤ ਹੋ ਗਿਆ ਹੋਵੇ। ਇਸ ਤਿਓਹਾਰ ਦੇ ਰੰਗੀ ਮਾਹੌਲ ਦੇ ਨਾਲ ਜੰਗੀ ਮਾਹੌਲ ਜੋੜ ਕੇ ਇਸ ਨੂੰ ਵਿਸਤਾਰ ਦੇਣਾ ਤਾਂ ਸਮਝ ਆਉਂਦਾ ਹੈ, ਪਰ ਇਸ ਨੂੰ ਫ਼ਿਰਕੂ ਰੰਗਤ ਤਹਿਤ ਹੋਲੀ ਨਾਲੋਂ ਉਚਿਆਉਣਾ ਅਤੇ ਵੱਖਰਾ ਕਹਿਣਾ ਤਰਕਸੰਗਤ ਨਹੀਂ ਹੈ। ਜਿਸ ਪ੍ਰਕਾਰ ਗੁਰੂ ਸਾਬ ਦੇ ਸਮੇਂ ਨੂੰ ਇਸ ਨਾਲ ਜੋੜਿਆ ਗਿਆ ਹੈ, ਉਸ ਤੇ ਸਵਾਲ ਉੱਠਦੇ ਹਨ। ਅਗਰ ਸਿੱਖਾਂ ਵੱਲੋਂ ਇਸ ਪ੍ਰਕਾਰ ਹੋਲੀ ਮਨਾਉਣੀ ਖ਼ਾਲਸਾ ਸਾਜਣਾ ਤੋਂ ਪਹਿਲਾਂ ਵੀ ਸ਼ੁਰੂ ਹੋਈ ਹੋਵੇ, ਤਾਂ ਵੀ ਇਹ ਤਿਓਹਾਰ ਬਹੁਤੀ ਵਾਰ ਨਹੀਂ ਮਨਾਇਆ ਗਿਆ ਹੋਵੇਗਾ। ਅਨੰਦਪੁਰ ਦੀ ਪਹਿਲੀ ਲੜਾਈ 1701 ਦੇ ਸ਼ੁਰੂ ਵਿੱਚ ਅਤੇ ਦੂਸਰੀ ਲੜਾਈ ਨਵੰਬਰ 1701 ਵਿੱਚ ਹੋਈ। ਸੰਨ 1704 ਤੱਕ ਤਿੰਨ ਹੋਰ ਵੱਡੀਆਂ ਲੜਾਈਆਂ ਹੋਣ ਤੋਂ ਇਲਾਵਾ ਇਸ ਸਮੇਂ ਦੌਰਾਨ ਹੋਰ ਛੋਟੀਆਂ ਮੋਟੀਆਂ ਝੜਪਾਂ ਵੀ ਆਮ ਹੁੰਦੀਆਂ ਰਹੀਆਂ। ਲੜਾਈਆਂ ਦਾ ਇਹ ਸਮਾਂ ਸਿੱਧ ਕਰਦਾ ਹੈ ਕਿ ਜਦੋਂ ਇਸ ਸਮੇਂ ਦੌਰਾਨ ਤਾਂ ਅਸਲੀ ਲੜਾਈਆਂ ਹੀ ਚੱਲ ਰਹੀਆਂ ਸਨ ਤਾਂ ਉਸ ਸਮੇਂ ਦੌਰਾਨ ਨਕਲੀ ਲੜਾਈਆਂ ਦੇ ਅਭਿਆਸ ਲਈ ਕਿਸੇ ਵੱਡੇ ਮੇਲੇ ਦਾ ਆਜੋਯਨ ਕਰਨਾ ਫੱਬਦਾ ਨਹੀਂ ਹੈ। ਹੋਲੇ ਮਹੱਲੇ ਬਾਰੇ ਲਿਖਦਿਆਂ ਮੌਜੂਦਾ ਵਿਦਵਾਨ ਬਹੁਤ ਚਤਰਾਈ ਨਾਲ ਗੁਰੂ ਸਾਬ ਨਾਲ ਜੁੜੇ ਪ੍ਰਸੰਗ ਨੂੰ ਦੁਹਰਾ ਦੁਹਰਾ ਹੋਲੇ ਮਹੱਲੇ ਦਾ ਹਰ ਪੱਖ ਤੋਂ ਅਸਪੱਸ਼ਟ ਇਤਿਹਾਸ ਪਾਠਕਾਂ ਦੇ ਮਨਾਂ ਵਿਚ ਪੱਕਿਆਂ ਕਰਨ ਦੀ ਕੋਸ਼ਿਸ਼ ਕਰਦੇ ਹਨ।
—ਅੰਤ ਵਿਚ ਜਾਣਦੇ ਹਾਂ ਗੁਰੂ ਸਾਬ ਦੇ ਬਹੁਤ ਹੀ ਕਰੀਬੀਆਂ ਵਿੱਚੋਂ ਇਕ ਭਾਈ ਨੰਦ ਲਾਲ ਹੁਰਾਂ ਦੀ ਲਿਖਤ ਵਿਚਲੇ ਬਿਆਨ ਨੂੰ। ਭਾਈ ਨੰਦ ਲਾਲ ਗੋਯਾ ਅਰਬੀ, ਫ਼ਾਰਸੀ ਅਤੇ ਪੰਜਾਬੀ ਦੇ ਵੱਡੇ ਵਿਦਵਾਨ ਹੀ ਨਹੀਂ, ਉਹ ਗੁਰੂ ਸਾਬ ਦੇ ਬਹੁਤ ਹੀ ਅਜ਼ੀਜ਼ ਸਿੱਖਾਂ ਵਿੱਚੋਂ ਇਕ ਸਨ। ਭਾਈ ਨੰਦ ਲਾਲ ਉਮਰ ਵਿਚ ਗੁਰੂ ਗੋਬਿੰਦ ਸਿੰਘ ਨਾਲ਼ੋਂ 33 ਸਾਲ ਵੱਡੇ ਸਨ। ਉਹ ਇਸਲਾਮ ਦਾ ਗਹਿਰਾ ਮੁਤਾਲਿਆ ਕਰਨ ਵਾਲੇ ਹਿੰਦੂ ਪਰਿਵਾਰ ਵਿਚ ਜੰਮੇ ਉੱਚ ਕੋਟੀ ਦੇ ਕਵੀ ਸਨ। ਮੁਗਲ ਦਰਬਾਰ ਵਿੱਚੋਂ ਆਉਣ ਤੋਂ ਬਾਅਦ ਉਹ ਹਰ ਪਲ ਗੁਰੂ ਸਾਬ ਦੇ ਅੰਗ-ਸੰਗ ਰਹਿੰਦੇ ਸਨ। ਅਨੰਦਪੁਰੀ ਛੱਡਣ ਵੇਲੇ ਜਦੋਂ ਗੁਰੂ ਸਾਬ ਨੇ ਉਨ੍ਹਾਂ ਨੂੰ ਬਿੱਖੜੇ ਪੈਂਡਿਆਂ ਵਿਚ ਨਾਲ ਲਿਜਾਉਣ ਦੀ ਬਜਾਏ ਮੁਲਤਾਨ ਜਾਣ ਦਾ ਹੁਕਮ ਦਿੱਤਾ ਤਾਂ ਉਸ ਨੇ ਵਿਦਾ ਲੈਣ ਤੋਂ ਪਹਿਲਾਂ ਗੁਰੂ ਜੀ ਨੂੰ ਅੰਮ੍ਰਿਤ ਪਾਨ ਕਰਵਾਉਣ ਲਈ ਬੇਨਤੀ ਕੀਤੀ। ਪਰ ਗੁਰੂ ਸਾਬ ਨੇ ਆਦਰ ਸਹਿਤ ਉਹਨਾਂ ਨੂੰ ਅੰਮ੍ਰਿਤ ਛਕਾਉਣ ਤੋਂ ਇਨਕਾਰ ਕਰਦਿਆਂ ਉਸਦੇ ਹੱਥ ਕਲਮ ਪਕੜਾ ਦਿਤੀ ਤੇ ਕਹਿਣ ਲਗੇ “ਇਹ ਸੂਰੇ ਦੀ ਤਲਵਾਰ ਵਾਂਗ ਚਲੇ, ਤੇਗ ਵਾਲਿਆਂ ਨੇ ਤੇਗ ਵਾਹੁਣੀ ਹੈ ਤੇ ਤੁਸੀਂ ਕਲਮ, ਇਕ ਸਿਪਾਹੀ ਦੀਆਂ ਬਾਹਾਂ ਨਾਲ਼ੋਂ ਵਧ ਤਾਕਤ ਇਸ ਕਲਮ ਵਿਚ ਹੈ, ਇਹ ਨੇਕੀ, ਧਰਮ, ਸਿਮਰਨ ਤੇ ਸ਼ੁਭ ਆਚਰਣ ਸਿਖਾਵੇ, ਇਹੀ ਤੁਹਾਡੇ ਵਾਸਤੇ ਹੁਕਮ ਹੈ। ਭਾਈ ਨੰਦ ਲਾਲ ਕੋਈ ਸਾਧਾਰਨ ਵਿਅਕਤੀ ਨਹੀਂ ਸਨ, ਉਹ ਗੁਰੂ ਸਾਬ ਦੇ ਜੀਵਨ ਦੀਆਂ ਬਹੁਤੀਆਂ ਘਟਨਾਵਾਂ ਦਾ ਚਸ਼ਮਦੀਦ ਗਵਾਹ ਵੀ ਸਨ। ਉਸਦੀਆਂ ਲਿਖਤਾਂ ਉਸ ਵਕਤ ਦੀਆਂ ਸਭ ਤੋਂ ਪ੍ਰਮਾਣਿਕ ਅਤੇ ਵਿਸ਼ਵਾਸ ਕਰਨ ਯੋਗ ਲਿਖਤਾਂ ਮੰਨੀਆਂ ਜਾਂਦੀਆਂ ਹਨ। ਗੁਰੂ ਸਾਬ ਦੇ ਜੀਵਨ ਕਾਲ ਵਿਚ ਸਿੱਖਾਂ ਵੱਲੋਂ ਹੋਲੀ ਦੇ ਤਿਓਹਾਰ ਨੂੰ ਮਨਾਉਣ ਬਾਰੇ ਕੋਈ ਜ਼ਿਕਰ ਮਿਲਦਾ ਹੈ ਤਾਂ ਉਹ ਭਾਈ ਨੰਦ ਲਾਲ ਜੀ ਦੀ ਰਚਨਾ ਵਿਚ ਮਿਲਦਾ ਹੈ। ਉਨ੍ਹਾਂ ਨੇ ਹੋਲੀ ਦੇ ਤਿਓਹਾਰ ਵਿਚ ਗੁਰੂ ਸਾਬ ਦੀ ਮੌਜੂਦਗੀ ਵਿਚ ਹੋਲੀ ਖੇਡੇ ਜਾਣ ਦੀ ਜੋ ਤਸਵੀਰ ਪੇਸ਼ ਕੀਤੀ ਹੈ, ਉਹ ਇਸ ਪ੍ਰਕਾਰ ਹੈ:—
ਗੁਲੇ ਹੋਲੀ ਬ ਬਾਗੇ ਦਰ ਬੂ ਕਰਦ।
ਲਬੇ ਚੂੰ ਗ਼ੁੰਚਾ ਰਾ ਫ਼ਰਖ਼ੰਦਹ ਖ਼ੂ ਕਰਦ।
ਗੁਲਾਬੋ ਅੰਬਰੋ ਮੁਸ਼ਕੋ ਅਬੀਰੋ।
ਚੂ ਬਾਰਾਂ ਬਾਰਸ਼ੇ ਅਜ ਸੂ ਬਸੂ ਕਰਦ।
ਜਹੇ ਪਿਚਕਾਰੀਏ ਪੁਰ ਜੁਫਰਾਨੀ।
ਕਿ ਹਰ ਬੇਰੰਗ ਰਾ ਖੁਸ਼ਰੰਗੋ ਬੂ ਕਰਦ।
ਗੁਲਾਲ ਅਫਸ਼ਾਨੀ ਅਜ਼ ਦਸਤੇ ਮੁਬਾਰਕ।
ਜ਼ਮੀਨੋ ਆਸਮਾਂ ਰਾ ਸੁਰਖਰੂ ਕਰਦ।
ਦੋ ਆਲਮ ਗਸ਼ਤ ਰੰਗੀ ਅਜ਼ ਤੁਫਲੈਸ਼।
ਚੁ ਸ਼ਾਹਮ ਜਾਮਹ ਰੰਗੀ ਦਹ ਗੁਲੂ ਕਰਦ।
(ਭਾਈ ਨੰਦ ਲਾਲ ਰਚਨਾਵਲੀ)
—ਭਾਈ ਨੰਦ ਲਾਲ ਜੀ ਦਾ ਹਵਾਲਾ ਨਾ ਸਿਰਫ਼ ਹੋਲੀ ਦੇ ਹੋਲੀ ਦੇ ਰੂਪ ਵਿਚ ਮਨਾਏ ਜਾਣ ਨੂੰ ਤਸਦੀਕ ਕਰਦਾ ਹੈ, ਇਸ ਨੂੰ ਹਿੰਦੂ-ਸਿੱਖ ਸਾਂਝ ਦੇ ਤਿਓਹਾਰ ਵਜੋਂ ਮਨਾਏ ਜਾਣ ਦੀ ਹਾਮੀ ਵੀ ਭਰਦਾ ਹੈ। ਇਸ ਵਿਚ ਰੰਗਾਂ/ਪਿਚਕਾਰੀਆਂ ਦਾ ਜ਼ਿਕਰ ਹੋਲੀ ਨੂੰ ਛੁਟਿਆਕੇ ਵੇਖਣ ਵਾਲਿਆਂ ਨੂੰ ਖ਼ੂਬਸੂਰਤ ਸੰਦੇਸ਼ ਵੀ ਦਿੰਦਾ ਹੈ। ਗੁਰੂ ਸਾਬ ਦੀ ਸ਼ਮੂਲੀਅਤ ਅਤੇ ਉਸ ਮੌਕੇ ਉਨ੍ਹਾਂ ਦੇ ਨਾਲ ਦਰਸ਼ਕ ਵਜੋਂ ਬਿਰਾਜਮਾਨ ਇਕ ਵਿਦਵਾਨ ਦੇ ਸ਼ਬਦ ਸਿੱਖ ਫ਼ਲਸਫ਼ੇ ਦੀ ਆਪਸੀ ਸਹਿਚਾਰ ਅਤੇ ਸੱਭਿਆਚਾਰਕ ਸਮਤਾ ਨੂੰ ਉਜਾਗਰ ਕਰਦੇ ਹਨ। ਸਿੱਖੀ ਦੇ ਮਾਨਵੀ ਅਤੇ ਸਦਭਾਵਨਾ ਵਾਲੇ ਫ਼ਲਸਫ਼ੇ ਨੂੰ ਇਸ ਧਰਤੀ ਤੇ ਵੱਸਦੇ ਕਿਸੇ ਵੀ ਬਾਸ਼ਿੰਦੇ ਨਾਲ਼ੋਂ ਤੋੜ ਕੇ ਵੇਖਣਾ ਜਾਂ ਖੁਦ ਨੂੰ ਕਿਸੇ ਨਾਲ਼ੋਂ ਵਡਿਆ ਕੇ ਵੇਖਣਾ ਵੀ ਗੁਰਮਤਿ ਵਿਰੋਧੀ ਪਹੁੰਚ ਹੈ। ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ ਵਰਗੀ ਮਹਾਨ ਸੋਚ ਨੂੰ ਇਕ ਫ਼ਿਰਕੇ ਤੀਕ ਸਮੇਟਣਾ ਅਤੇ ਕਿਸੇ ਵੀ ਇਨਸਾਨ ਨੂੰ ਔਰਨ ਸਮਝਣ ਦੀ ਗਲਤੀ ਕਰਨੀ ਸਿੱਖੀ ਸਿਧਾਤਾਂ ਦੀ ਨਿਰਾਦਰੀ ਹੈ। ਸਾਨੂੰ ਇਤਿਹਾਸ ਵਿਚਲੇ ਧੁੰਦਲ਼ਕੇ ਪੁਨਰ ਵਿਆਖਿਆ ਅਤੇ ਵਿਸ਼ਲੇਸ਼ਣ ਤਹਿਤ ਦੂਰ ਕਰਨੇ ਪੈਣਗੇ, ਵਰਨਾ ਕੁੱਝ ਵਿਦਵਾਨਾਂ ਦੀ ਮਿਹਰਬਾਨੀ ਨਾਲ ਉਪਜੀ ਵਿਚਾਰਧਾਰਕ ਕਾਣ ਆਉਂਦਿਆਂ ਸਮਿਆਂ ਵਿਚ ਪੰਜਾਬ ਦੀ ਹਿੰਦੂ-ਸਿੱਖ ਸੱਭਿਆਚਾਰਕ ਸਾਂਝ ਨੂੰ ਦੂਸ਼ਿਤ ਕਰੇਗੀ।
—ਸਰਬਜੀਤ ਸੋਹੀ, ਆਸਟਰੇਲੀਆ