(-ਕਈਆਂ ਚੰਗੇ-ਭਲੇ ਮਾਣਯੋਗ ਵੱਡੇ ਲੇਖਕਾਂ ਦੇ ਹੱਥੋਂ ਡਿੱਗੇ ਇਨਾਮ ਰਿੜ੍ਹ ਕੇ ਅਜਿਹੀ ਡੂੰਘੀ ਖੱਡ ਵਿੱਚ ਜਾ ਡਿੱਗੇ ਕਿ ਲੋਕ ਉਹਨਾਂ ਦੀ ਉਮਰ ਦੇ ਆਖ਼ਰੀ ਸਾਹਵਾਂ ਤੱਕ ਵੇਖਦੇ ਰਹੇ ਕਿ ਉਹਨਾਂ ਨੂੰ ਹੁਣ ਵੀ ਇਨਾਮ ਮਿਲਿਆ, ਹੁਣ ਵੀ ਮਿਲਿਆ! ਲੋਕਾਂ ਦੀ ਉਡੀਕ ਨਾ ਮੁੱਕੀ ਪਰ ਲੇਖਕਾਂ ਦੇ ਸਾਹ ਮੁੱਕ ਗਏ। ਇਨਾਮ-ਵਿਹੂਣੇ ਤੁਰ ਗਏ ਇਨਾਮ ਦੇ ਹੱਕਦਾਰ ਲੇਖਕ ਫਿਰ ਵੀ ਵੱਡੇ ਲੇਖਕ ਹੀ ਰਹੇ ਜਦ ਕਿ ਇਨਾਮ ਦੇਣ ਵਾਲਿਆਂ ਅਦਾਰਿਆਂ ਦੇ ਕੱਦ ਉਹਨਾਂ ਅੱਗੇ ਛੋਟੇ ਹੋ ਗਏ! ਇਨਾਮਾਂ-ਸਨਮਾਨਾਂ ਦਾ ਮਿਲਣਾ ਕਿਸੇ ਲੇਖਕ ਨੂੰ ‘ਉੱਤਮ’ ਜਾਂ ਨਾ ਮਿਲਣਾ ‘ਘੱਟ ਉੱਤਮ’ ਨਹੀਂ ਬਣਾ ਸਕਦਾ।- (ਮੇਰੀ ਸਾਹਿਤਕ-ਸਵੈਜੀਵਨੀ-ਪੰਨਾਂ 202)
ਪਿਛਲੇ ਦਿਨੀ ਮੈਂ ਇਨਾਮਾਂ-ਸਨਮਾਨਾਂ ਦੇ ਮਿਲਣ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਇਨਾਮ ਓਸੇ ਨੂੰ ਮਿਲਦਾ ਹੈ, ਜਿਸਦੀ ਇਨਾਮ ਦਿਵਾਉਣ ਵਾਲਿਆਂ ਵਿਚ ਕੋਈ ‘ਧਿਰ’ ਹੁੰਦੀ ਹੈ। ‘ਧਿਰ’ ਹੋਣ ਦਾ ਮਤਲਬ ਬੜਾ ਸਾਫ਼ ਸੀ ਕਿ ਜਾਂ ਤਾਂ ਚੋਣਕਾਰਾਂ ਵਿਚ ਰੱਬ-ਸਬੱਬੀ ੳੁਹ ਸੱਜਣ ਆ ਜਾਂਦੇ ਹਨ, ਜੋ ਤੁਹਾਡੀ ਲਿਖਤ ਦੇ ਸੱਚੇ ਪ੍ਰਸੰਸਕ ਹੁੰਦੇ ਹਨ ਤੇ ਉਹ ਆਪਣੀ ਰਾਇ ‘ਤੇ ਡਟਣ ਦੀ ਦਲੇਰੀ ਰੱਖਦੇ ਨੇ ਤੁਹਾਨੂੰ ਇਨਾਮ ਦਿਵਾਉਣ ਵਿਚ ਆਪਣਾ ਯੋਗਦਾਨ ਪਾਉਂਦੇ ਨੇ। ਇਹ ਜ਼ਰੂਰੀ ਨਹੀਂ ਹੁੰਦਾ ਕਿ ਲੇਖਕ ਨੇ ਇਨਾਮ ਲੈਣ ਲਈ ਉਹਨਾਂ ਤੱਕ ਪਹੁੰਚ ਕੀਤੀ ਜਾਂ ਕਰਵਾਈ ਹੈ। ‘ਧਿਰ’ ਦੀ ਦੂਜੀ ਕਿਸਮ ਉਹ ਹੁੰਦੀ ਹੈ ਕਿ ਪ੍ਰਬੰਧਕੀ ਧਿਰ ਵਾਲੇ ਆਪਣੇ ਕਿਸੇ ਚਹੇਤੇ ਨੂੰ ਇਨਾਮ ਦਿਵਾਉਣ ਲਈ ਮਰਜ਼ੀ ਦੇ ਚੋਣਕਾਰ ਨਿਯਤ ਕਰਵਾ ਕੇ ਉਹਨਾਂ ਕੋਲੋਂ ਆਪਣੇ ਲੇਖਕ ਨੂੰ ਇਨਾਮ ਦਿਵਾ ਲੈਂਦੇ ਨੇ।ਜ਼ਾਹਿਰ ਹੈ ਕਿ ਉਹ ਲੇਖਕ ਵੀ ਇਸ ‘ਗੱਠ-ਜੋੜ’ ਵਿਚ ‘ਸ਼ਾਮਿਲ’ ਹੁੰਦਾ ਹੈ। ਇਹ ਬੜੀ ਜਾਣੀ-ਪਛਾਣੀ ਹਕੀਕਤ ਹੈ।
ਏਸੇ ਪ੍ਰਸੰਗ ਵਿਚ ਮੈਂ 2008-9 ਵਿਚ ਲਿਖੀ ਤੇ 2010 ਵਿਚ ਛਪੀ ਆਪਣੀ ‘ਸਾਹਿਤਕ ਸਵੈ-ਜੀਵਨੀ’ ਵਿਚੋਂ ਇਕ ਚੈਪਟਰ ‘ਝੋਲੀ ਵਿਚ ਡਿੱਗੇ ਬੇਰ’ ਏਥੇ ਤੁਹਾਡੀ ਨਜ਼ਰ ਕਰ ਰਿਹਾਂ ਤਾਕਿ ਪਤਾ ਲੱਗ ਸਕੇ ਕਿ ਇਨਾਮਾਂ ਸਨਮਾਨਾਂ ਦੀ ਰਾਜਨੀਤੀ ਬਾਰੇ ਮੇਰੀ ਕੀ ਰਾਇ ਹੈ ਤੇ ਮੈਂ ਕਦੀ ਚੁੱਪ ਵੀ ਨਹੀਂ ਰਿਹਾ। ਮੈਂ ਤਾਂ ਸਦਾ ਬੋਲਦਾ ਰਿਹਾਂ ।
ਲਓ ਪੇਸ਼ ਹੈ ਪੁਸਤਕ ਦਾ ਉਹ ਚੈਪਟਰ
-ਇਨਾਮ-ਸਨਮਾਨ ਭਲਾ ਕਿਸਨੂੰ ਚੰਗੇ ਨਹੀਂ ਲੱਗਦੇ! ਜੇ ਬੇਗ਼ਰਜ਼ ਹੋ ਕੇ ਆਪਣੇ ਰਾਹੇ ਤੁਰੇ ਜਾਂਦਿਆਂ ਮਿਲ ਵੀ ਜਾਣ ਤਾਂ ਕਿਹੜੀ ਬੁਰੀ ਗੱਲ ਹੈ! ਮੈਂ ਇਨਾਮਾਂ-ਸਨਮਾਨਾਂ ਦੀ ਅਸਲੋਂ ਹੀ ਪ੍ਰਵਾਹ ਨਾ ਕਰਨ ਵਾਲਾ ਏਨਾ ਤਿਆਗੀ ਹੋਣ ਦਾ ਦਾਅਵਾ ਵੀ ਨਹੀਂ ਕਰਦਾ। ਪਰ ਇਹਨਾਂ ਵੱਲ ਕਦੀ ਲਲਚਾਈਆਂ ਨਜ਼ਰਾਂ ਨਾਲ ਵੇਖਿਆ ਵੀ ਨਹੀਂ। ਮੇਰੇ ਲਈ ਸਭ ਤੋਂ ਵੱਡਾ ਇਨਾਮ ਤਾਂ ਮੇਰੀ ਰਚਨਾ ਵੱਲੋਂ ਪਾਠਕਾਂ ਦਾ ਪ੍ਰਵਾਨਿਆਂ ਜਾਣਾ ਹੈ, ਉਹਨਾਂ ਦੇ ਪਸੰਦ ਆ ਜਾਣਾ ਹੈ। ਮੇਰੀ ਰਚਨਾ ਬਾਰੇ ਪਾਠਕਾਂ-ਆਲੋਚਕਾਂ ਵੱਲੋਂ ਸੁਹਿਰਦ ਭਾਵ ਨਾਲ ਬੋਲੇ ਜਾਂ ਲਿਖੇ ਪਰਸੰਸਾ ਦੇ ਬੋਲ ਹੀ ਮੇਰੇ ਲਈ ਸਭ ਤੋਂ ਉੱਚਾ ਤੇ ਸੁੱਚਾ ਸਨਮਾਨ ਰਹੇ ਹਨ। ਵੱਡੇ ਤੋਂ ਵੱਡੇ ਇਨਾਮ ਮਿਲ ਜਾਣ ਦੇ ਬਾਵਜੂਦ ਮੈਨੂੰ ਪਰਸੰਸਾ ਦੀ ਉਹ ਪਹਿਲੀ ਥਰਥਰਾਹਟ ਨਹੀਂ ਭੁੱਲੀ ਜਦੋਂ ਅਠਵੀਂ-ਨੌਵੀਂ ਵਿੱਚ ਪੜ੍ਹਦਿਆਂ, ਅਖ਼ਬਾਰ ਸੁਣਨ ਲਈ ਜੁੜੇ ਲੋਕਾਂ ਦੀ ਭੀੜ ਵਿਚ, ਮੇਰੇ ਪਿੰਡ ਦੇ ਬਜ਼ੁਰਗ ਨੇ ਅਖ਼ਬਾਰ ਵਿੱਚ ਪਹਿਲੀ ਵਾਰ ਛਪਿਆ ਮੇਰਾ ਕਾਵਿ-ਟੋਟਾ ਪੜ੍ਹ ਕੇ ਮੈਨੂੰ ਜੱਫੀ ਵਿੱਚ ਲੈ ਕੇ ਜ਼ਮੀਨ ਤੋਂ ਉੱਚਾ ਚੁੱਕ ਲਿਆ ਸੀ ਤੇ ਫਿਰ ਮੈਨੂੰ ਗਲ਼ ਨਾਲ ਲਾ ਕੇ ਕਿਹਾ ਸੀ, “ਪੁੱਤਰਾ! ਤਕੜਾ ਹੋ ਕੇ ਪਿੰਡ ਦਾ ਨਾਂ ਕੱਢ ਦਈਂ!” ਮੈਨੂੰ ਇਹ ਵੀ ਨਹੀਂ ਭੁੱਲਿਆ ਜਦੋਂ ਡਾਕਟਰ ਖ਼ੁਸ਼ੀ ਰਾਮ ਦੀ ਦੁਕਾਨ ਅੱਗੇ ਸਾਹਮਣਿਓਂ ਤੁਰੇ ਆਉਂਦੇ ਮੇਰੇ ਪਿੰਡ ਦੇ ਸਰਪੰਚ ਨੇ ਰੋਕ ਕੇ ਕਿਹਾ ਸੀ, “ਬੱਚੂ! ਕੱਲ੍ਹ ਅਖ਼ਬਾਰ ਵਿੱਚ ਛਪੀ ਤੇਰੀ ਕਹਾਣੀ ਉੱਤੇ ਆਪਣੇ ਨਾਂ ਨਾਲ ਤੂੰ ਇਸ ਵਾਰੀ ਆਪਣੇ ਪਿੰਡ ਦਾ ਨਾਂ ਨਹੀਂ ਲਿਖਿਆ। ਇੰਜ ਨਾ ਕਰਿਆ ਕਰ। ਆਪਣੇ ਨਾਂ ਨਾਲ ਆਪਣੇ ਪਿੰਡ ਦਾ ਨਾਂ ਜ਼ਰੂਰ ਲਿਖਿਆ ਕਰ। ਇਸਤਰ੍ਹਾਂ ਪਿੰਡ ਦਾ ਵੱਜ ਬਣਦੈ।”
ਉਦੋਂ ਅਜੇ ਮੈਂ ਕਿਸ਼ੋਰ ਅਵਸਥਾ ਦੇ ਵਿਹੜੇ ਵਿੱਚ ਮਸਾਂ ਪੈਰ ਹੀ ਧਰਿਆ ਸੀ ਪਰ ਮੇਰੇ ਪਿਓ ਤੋਂ ਵੀ ਵੱਡੀ ਉਮਰ ਦੇ ਪਿੰਡ ਦੇ ਸਿਆਣੇ ਬਜ਼ੁਰਗ ਸਮਝਦੇ ਸਨ ਕਿ ਲੇਖਕ ਬਣ ਕੇ ਮੈਂ ‘ਆਪਣੇ ਪਿੰਡ ਦਾ ਨਾਂ ਉੱਚਾ ਚੁੱਕਣ ਵਿੱਚ ਹਿੱਸਾ ਪਾ ਰਿਹਾਂ।’
ਕੀ ਇਸਤੋਂ ਵੱਡਾ ਸਨਮਾਨ ਕੋਈ ਹੋ ਸਕਦਾ ਹੈ!
ਕੀ ਉਹ ਛੋਟਾ ਸਨਮਾਨ ਸੀ ਜਦੋਂ ਮੈਨੂੰ ਲੋੜੀਂਦੀ ਅਕਾਦਮਿਕ ਯੋਗਤਾ ਦੇ ਹੁੰਦਿਆਂ ਲੰਮਾਂ ਸਮਾਂ ਕਾਲਜ ਵਿੱਚ ਨੌਕਰੀ ਨਹੀਂ ਸੀ ਮਿਲੀ ਤੇ ਇੱਕ ਇੰਟਰਵੀਊ ਤੇ ਆਏ ਪੰਦਰਾਂ-ਵੀਹ ਉਮੀਦਵਾਰਾਂ ਦਾ ਟੋਲਾ ਮੈਨੂੰ ਮਿਲ ਕੇ ਆਖਣ ਲੱਗਾ ਸੀ, “ਤੁਸੀਂ ਆਖੋ ਤਾਂ ਅਸੀਂ ਸਾਰੇ ਜਣੇ ਸੀਲੈਕਸ਼ਨ ਕਮੇਟੀ ਕੋਲ ਜਾ ਕੇ ਇਹ ਆਖਣ ਲਈ ਤਿਆਰ ਹਾਂ ਕਿ ਜੇ ਉਹ ਤੁਹਾਨੂੰ ਨੌਕਰੀ ‘ਤੇ ਰੱਖਣ ਦਾ ਵਚਨ ਦੇਵੇ ਤਾਂ ਅਸੀਂ ਇਸ ਅਸਾਮੀ ਲਈ ਉਮੀਦਵਾਰ ਵਜੋਂ ਆਪਣਾ ਨਾਂ ਵਾਪਸ ਲੈ ਲਵਾਂਗੇ ਤੇ ਇੰਟਰਵੀਊ ਲਈ ਪੇਸ਼ ਨਹੀਂ ਹੋਵਾਂਗੇ!”
ਮੇਰਾ ਅੰਦਰ ਤਾਂ ਉਦੋਂ ਵੀ ਹੁਲਾਰਿਆ ਜਾਂਦਾ ਸੀ ਜਦੋਂ ਹਰੇਕ ਸਾਲ ਐਮ ਏ ਵਿੱਚ ਦਾਖ਼ਲ ਹੋਏ ਦੋ-ਚਾਰ ਵਿਦਿਆਰਥੀ-ਵਿਦਿਆਰਥਣਾਂ ਇਹ ਕਹਿੰਦੇ ਸਨ ਕਿ ਉਹ ਇਸ ਕਾਲਜ ਵਿੱਚ ਸਿਰਫ਼ ਇਸ ਲਈ ਦਾਖ਼ਲ ਹੋਏ ਸਨ ਕਿਉਂਕਿ ਏਥੇ ‘ਵਰਿਆਮ ਸਿੰਘ ਸੰਧੂ’ ਪੜ੍ਹਾਉਂਦਾ ਹੈ! ਲੇਖਕ ਤੇ ਅਧਿਆਪਕ ਵਜੋਂ ਕਦਰਦਾਨੀ ਦਾ ਅਜਿਹਾ ਅਹਿਸਾਸ ਭਲਾ ਕਿਸਨੂੰ ਨਾ ਝਕਝੋਰ ਜਾਵੇ!
ਪਾਠਕਾਂ-ਆਲੋਚਕਾਂ ਵੱਲੋਂ ਮੈਨੂੰ ਕਦੀ ਵੀ ਪਰਸੰਸਾ ਦਾ ਘਾਟਾ ਨਹੀਂ ਰਿਹਾ। ਮੇਰੇ ਪਹਿਲੇ ਕਹਾਣੀ-ਸੰਗ੍ਰਹਿ ‘ਲੋਹੇ ਦੇ ਹੱਥ’ ਦੀਆਂ ਕੁੱਝ ਕਹਾਣੀਆਂ ਵਿੱਚ ਕਲਾ ਨਾਲੋਂ ਸੁਨੇਹੇ ਦੇ ਭਾਰੀ ਹੋਣ ਬਾਰੇ ਮੈਂ ਵੀ ਸਹਿਮਤ ਹਾਂ ਪਰ ਉਹਨਾਂ ਦਿਨਾਂ ਵਿੱਚ ਸ਼ਾਇਦ ਅਜਿਹਾ ਸੁਨੇਹਾ ਹੀ ਵਧੇਰੇ ਮੁੱਲ ਰੱਖਦਾ ਸੀ। ਇਸ ਲਈ ਮੇਰੇ ਪਹਿਲੇ ਕਹਾਣੀ-ਸੰਗ੍ਰਹਿ ਦਾ ਚਰਚਾ ਵੀ ਲੋੜੋਂ ਵੱਧ ਹੋ ਗਿਆ ਸੀ। ਦੂਜਾ ਕਹਾਣੀ-ਸੰਗ੍ਰਹਿ ‘ਅੰਗ-ਸੰਗ’ ਛਪਦਿਆਂ ਹੀ ਇਸਦੀ ਚਰਚਾ ਹੋਣ ਲੱਗੀ ਤੇ ਇਸਨੂੰ ਪੰਜਾਬੀ ਕਹਾਣੀ ਵਿੱਚ ਨਵੀਨ ਪ੍ਰਵਿਰਤੀ ਵਾਲਾ ਪ੍ਰਤੀਨਿਧ ਕਹਾਣੀ-ਸੰਗ੍ਰਹਿ ਆਖਿਆ ਜਾਣ ਲੱਗਾ। ਛਪਦੇ ਸਾਰ 1979 ਵਿੱਚ ਇਸਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ‘ਭਾਈ ਵੀਰ ਸਿੰਘ ਗਲਪ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਇਸ ਇਨਾਮ ਪਿਛਲੀ ਦਿਲਚਸਪ ਵਾਰਤਾ ਵੀ ਸੁਣ ਲਵੋ।
ਮੇਰੇ ਪਿੰਡ ਦਾ ਇੱਕ ਨੌਜਵਾਨ ਉਹਨੀ ਦਿਨੀ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਐਮ ਏ ਕਰ ਰਿਹਾ ਸੀ। ਇੱਕ ਦਿਨ ਉਹ ਮੇਰੇ ਕੋਲ ਆਇਆ ਤੇ ਕਹਿਣ ਲੱਗਾ; ਉਸਨੂੰ ਪੰਜਾਬੀ ਵਿਭਾਗ ਦੇ ਮੁਖੀ ਡਾ ਦੀਵਾਨ ਸਿੰਘ ਨੇ ਕਿਹਾ ਹੈ ਕਿ ਮੈਂ ਉਸਨੂੰ ‘ਅੰਗ-ਸੰਗ’ ਦੀਆਂ ਤਿੰਨ ਕਾਪੀਆਂ ਦੇ ਦਿਆਂ ਤਾਕਿ ਮੇਰੀ ਪੁਸਤਕ ਨੂੰ ‘ਭਾਈ ਵੀਰ ਸਿੰਘ ਗਲਪ ਪੁਰਸਕਾਰ’ ਲਈ ਵਿਚਾਰਿਆ ਜਾ ਸਕੇ!
ਅਜਿਹੇ ਇਨਾਮੀ-ਮੁਕਾਬਲਿਆਂ ਵਿੱਚ ਇਨਾਮ ਲੈਣ ਲਈ ਆਪ ਪੁਸਤਕਾਂ ਭੇਜਣਾ ਮੈਨੂੰ ਹਮੇਸ਼ਾ ਹੀ ਹੇਠੀ ਵਾਲੀ ਗੱਲ ਲੱਗਦੀ ਰਹੀ ਹੈ। ਮੈਂ ਕਿਸੇ ਸਾਹਿਤਕ-ਮੁਕਾਬਲੇ ਵਿੱਚ ਜਿੱਤਣ-ਹਾਰਨ ਲਈ ਤਾਂ ਲਿਖਦਾ ਹੀ ਨਹੀਂ। ਜੇ ਕੋਈ ਸੰਸਥਾ ਇਨਾਮ ਦੇਣਾ ਚਾਹੁੰਦੀ ਹੈ ਤਾਂ ਇਹ ਉਸਦਾ ਫ਼ਰਜ਼ ਹੈ ਕਿ ਲੋੜੀਂਦੀਆਂ ਕਿਤਾਬਾਂ ਆਪ ਮੁਹੱਈਆ ਕਰੇ/ਕਰਵਾਏ ਜਾਂ ਉਹਨਾਂ ਵੱਲੋਂ ਨਿਯਤ ਕੀਤੇ ‘ਪੈਨਲ-ਮੈਂਬਰਾਂ’ ਦਾ ਫ਼ਰਜ਼ ਬਣਦਾ ਹੈ ਕਿ ਉਹਨਾਂ ਨੇ ਖ਼ੁਦ ਇਨਾਮ ਦੇ ਦਾਇਰੇ ਵਿੱਚ ਆਉਣ ਵਾਲੀਆਂ ਪੁਸਤਕਾਂ ਪੜ੍ਹੀਆਂ ਹੋਣ!
ਨੌਜਵਾਨ ਨੂੰ ਪੁਸਤਕਾਂ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਮੈਂ ਆਖਿਆ ਕਿ ਪੁਸਤਕਾਂ ਨਾ ਭੇਜਣ ਬਾਰੇ ਮੇਰੀ ਰਾਇ ਉਹ ਡਾਕਟਰ ਦੀਵਾਨ ਸਿੰਘ ਤੱਕ ਪਹੁੰਚਾ ਦੇਵੇ। ਉਸੇ ਸ਼ਾਮ ਉਹ ਵਾਪਸ ਸੁਨੇਹਾ ਲੈ ਕੇ ਆ ਗਿਆ, “ਭਾ ਜੀ ਇਹ ਅੰਦਰਲੀ ਗੱਲ ਹੈ। ਡਾਕਟਰ ਸਾਹਿਬ ਨੇ ਤਾਂ ਕਿਹਾ ਸੀ ਕਿ ਤੁਹਾਨੂੰ ਨਾ ਦੱਸਾਂ; ਉਹ ਤੁਹਾਨੂੰ ਇਨਾਮ ਦੇਣ ਦਾ ਫ਼ੈਸਲਾ ਕਰੀ ਬੈਠੇ ਹਨ। ਸਿਰਫ਼ ਨਿਯਮ ਮੁਤਾਬਕ ਤੁਹਾਡੀਆਂ ਕਿਤਾਬਾਂ ਤੁਹਾਡੇ ਵੱਲੋਂ ਪਹੁੰਚਣੀਆਂ ਜ਼ਰੂਰੀ ਹਨ। ਜੇ ਤੁਸੀਂ ਕਿਤਾਬਾਂ ਨਹੀਂ ਦੇਣੀਆਂ ਤਾਂ ਮੈਂ ਆਪ ਹੀ ਕਿਤਾਬਾਂ ਖ਼ਰੀਦ ਕੇ ਤੁਹਾਡੇ ਵੱਲੋਂ ਦੇ ਦੇਣੀਆਂ ਨੇ। ਫੇਰ ਨਾ ਆਖਿਓ।”
ਉਸਨੇ ਇੱਕ ਫਾਰਮ ਵੀ ਮੈਨੂੰ ਫੜਾਇਆ। ਹੁਣ ਯਾਦ ਤਾਂ ਨਹੀਂ ਪਰ ਸ਼ਾਇਦ ਕਿਤਾਬਾਂ ਨਾਲ ਇਹ ਫ਼ਾਰਮ ਵੀ ਭਰ ਕੇ ਦੇਣਾ ਜ਼ਰੂਰੀ ਸੀ। ਇਸ ਉੱਤੇ ਇਨਾਮ ਪ੍ਰਾਪਤ ਕਰਨ ਵਾਲੇ ਲੇਖਕ ਦੀਆਂ ਲੋੜੀਂਦੀਆਂ ਯੋਗਤਾਵਾਂ ਦਾ ਵੇਰਵਾ ਦਿੱਤਾ ਹੋਇਆ ਸੀ। ਉਸ ਵੇਰਵੇ ਅਨੁਸਾਰ ਇਹ ਇਨਾਮ ਇੱਕ ਨਿਸਚਿਤ ਉਮਰ ਤੋਂ ਵੱਡੀ ਉਮਰ ਦੇ ਲੇਖਕ ਨੂੰ ਨਹੀਂ ਸੀ ਦਿੱਤਾ ਜਾ ਸਕਦਾ। ਉਸ ਤਰੀਕ ਤੱਕ, ਉਸ ਉਮਰ ਤੋਂ ਕੁੱਝ ਦਿਨ ਪਾਰ ਕਰ ਚੁੱਕਾ ਹੋਣ ਕਰਕੇ ਮੈਂ ਤਾਂ ਇਸ ਇਨਾਮ ਦਾ ਹੱਕਦਾਰ ਹੀ ਨਹੀਂ ਸਾਂ। ਨੌਜਵਾਨ ਨੂੰ ਕਿਹਾ ਕਿ ਉਹ ਡਾਕਟਰ ਸਾਹਿਬ ਨੂੰ ਦੱਸ ਦੇਵੇ ਕਿ ਉਮਰ ਦੀ ਨਿਸਚਿਤ ਹੱਦ ਪਾਰ ਕਰ ਚੁੱਕਾ ਹੋਣ ਕਰਕੇ ਮੈਂ ਤਾਂ ਇਨਾਮ ਦਾ ਅਧਿਕਾਰੀ ਹੀ ਨਹੀਂ
“ਨਹੀਂ ਤੇ ਨਾ ਸਹੀ, ਤੁਸੀਂ ਕਿਤਾਬਾਂ ਦਿਓ ਮੈਨੂੰ। ਜੋ ਹੋਊ ਵੇਖੀ ਜਾਊ।”
ਮੈਨੂੰ ਖ਼ਾਮੋਸ਼ ਵੇਖ ਕੇ ਨੌਜਵਾਨ ਨੇ ਉੱਠਦਿਆਂ ਮਿੱਠੀ ਧਮਕੀ ਦਿੱਤੀ, “ਚੰਗਾ ਨਹੀਂ ਦੇਣੀਆਂ ਤੇ ਨਾ ਸਹੀ, ਮੈਂ ਆਪੇ ਮੁੱਲ ਲੈ ਕੇ ਦੇ ਦਿਆਂਗਾ ਤੇ ਫ਼ਾਰਮ ਤੇ ਤੁਹਾਡੇ ਦਸਖ਼ਤ ਕਿਹੜਾ ਮੈਥੋਂ ਹੋਣਗੇ ਨਹੀਂ।”
ਉਸ ਵੱਲੋਂ ਵਿਖਾਏ ਮੋਹ ਤੇ ਦੀਵਾਨ ਸਿੰਘ ਵੱਲੋਂ ਘਰੋਂ ਆਪ ਕਿਤਾਬਾਂ ਮੰਗਵਾਉਣ ਦੇ ਮਾਣ ਨੂੰ ਮੁੱਖ ਰੱਖਦਿਆਂ ਮੈਂ ਉਸਨੂੰ ਕਿਤਾਬਾਂ ਤਾਂ ਫੜਾ ਦਿੱਤੀਆਂ ਪਰ ਉਮਰ ਦੀ ਹੱਦ ਟੱਪ ਜਾਣ ਕਰ ਕੇ ਇਹ ਇਨਾਮ ਮਿਲ ਜਾਣ ਦੀ ਕੋਈ ਆਸ ਹੀ ਨਹੀਂ ਸੀ। ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਕੁੱਝ ਦਿਨਾਂ ਬਾਅਦ ਮੈਨੂੰ ਇਨਾਮ ਦਿੱਤੇ ਜਾਣ ਦਾ ਐਲਾਨ ਹੋ ਗਿਆ। ਇਨਾਮ ਦੀ ਰਾਸ਼ੀ ਤਾਂ ਭਾਵੇਂ ਪੰਜ ਸੌ ਰੁਪਏ ਹੀ ਸੀ ਪਰ ਇਕਤਰ੍ਹਾਂ ਘਰ ਬੈਠੇ ਨੂੰ ਆਪ ਸੱਦ ਕੇ ਇਨਾਮ ਦੇਣ ਵਾਲੀ ਇਸ ਗੱਲ ਨੇ ਮੇਰੀ ਲਿਖਤ ਵਿੱਚ ਮੇਰਾ ਭਰੋਸਾ ਤੇ ਮਾਣ ਵਧਾਇਆ।
ਇਸ ਇਨਾਮ ਦੇ ਮਿਲਣ ਨਾਲ ਸਾਹਿਤ-ਸਭਾਵਾਂ ਤੇ ਹੋਰ ਸਾਹਿਤਕ ਅਦਾਰਿਆਂ ਵੱਲੋਂ ਵੀ ਮੈਨੂੰ ਸਨਮਾਨਿਆਂ ਜਾਣ ਲੱਗਾ। ‘ਲੋਕ-ਲਿਖਾਰੀ-ਸਭਾ ਛੇਹਰਟਾ’ ਨੇ ਮੇਰੇ ਬਾਰੇ ਇੱਕ ਸੁਵੀਨਾਰ ਛਾਪ ਕੇ ਮੇਰਾ ਸਨਮਾਨ ਕੀਤਾ। ਓਸੇ ਹੀ ਸਾਲ ‘ਸਾਹਿਤ ਸਭਾ ਪਲਾਹੀ’ ਵਾਲਿਆਂ ਨੇ ਨਵੇਂ ਕਹਾਣੀਕਾਰਾਂ ਨੂੰ ਪੰਜ ਪੰਜ ਸੌ ਰੁਪਏ ਤੇ ਮੁਮੈਂਟੋ ਦੇ ਕੇ ਸਨਮਾਨਿਤ ਕੀਤਾ। ਸਨਮਾਨ ਦੇਣ ਵਾਲਿਆਂ ਵਿੱਚ ਸੋਹਨ ਸਿੰਘ ਜੋਸ਼ ਤੇ ਸਾਧੂ ਸਿੰਘ ਹਮਦਰਦ ਸ਼ਾਮਲ ਸਨ। ਮੇਰੇ ਤੋਂ ਇਲਾਵਾ ਇਨਾਮ ਪ੍ਰਾਪਤ ਕਰਨ ਵਾਲੇ ਕਹਾਣੀਕਾਰ ਸਨ: ਕਿਰਪਾਲ ਕਜ਼ਾਕ, ਸੁਖਵੰਤ ਕੌਰ ਮਾਨ ਤੇ ਪ੍ਰੇਮ ਗੋਰਖੀ। ਉਹਨੀਂ ਦਿਨੀਂ ਇਹ ਸਾਰੇ ਕਹਾਣੀਕਾਰ ਨਵੀਂ ਪੰਜਾਬੀ ਕਹਾਣੀ ਦੇ ਬੜੇ ਚਰਚਿਤ ਨਾਂ ਸਨ। ‘ਹੀਰਾ ਸਿੰਘ ਦਰਦ’ ਦੇ ਨਾਂ ‘ਤੇ ਦਿੱਤੇ ਇਹ ਇਨਾਮ ਸੱਚ-ਮੁੱਚ ਨਵੀਂ ਪੰਜਾਬੀ ਕਹਾਣੀ ਦੇ ਹਸਤਾਖ਼ਰਾਂ ਦੀ ਸੁਹਿਰਦ ਪਛਾਣ ਸੀ।
ਅਗਲੇਰੇ ਸਾਲ 1981 ਵਿੱਚ ‘ਅੰਗ-ਸੰਗ’ ਨੂੰ ਪੰਜਾਬ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲ ਗਿਆ। ਮੇਰੇ ਨਾਲ ਕਵਿਤਾ ਵਿੱਚ ਸੁਰਜੀਤ ਪਾਤਰ ਨੂੰ ਤੇ ਨਾਟਕ ਵਿੱਚ ਅਜਮੇਰ ਔਲਖ ਨੂੰ ਇਹ ਪੁਰਸਕਾਰ ਮਿਲੇ। ਲੋਕ-ਧਾਰਾ ਵਿੱਚ ਉਸਦੀ ਵਿਲੱਖਣ ਦੇਣ ਬਦਲੇ ਵਣਜਾਰਾ ਬੇਦੀ ਨੂੰ ਵੀ ਸਨਮਾਨ ਦਿੱਤਾ ਗਿਆ। ਮੈਨੂੰ ਛੱਡ ਕੇ ਦੂਜੇ ਲੇਖਕਾਂ ਦੀ ਚੋਣ ਤੇ ਪ੍ਰਾਪਤੀਆਂ ਨਿਰ-ਵਿਵਾਦਤ ਸਨ। ਇਹਨਾਂ ਇਨਾਮ-ਯਾਫ਼ਤਾ ਲੇਖਕਾਂ ਦਾ ਹਿੱਸਾ ਬਣ ਕੇ ਮੈਨੂੰ ਲੱਗਾ ਕਿ ਮੈਂ ਨਿਸਚੈ ਹੀ ਕੁੱਝ ਠੀਕ ਹੀ ਕਰ ਰਿਹਾ ਹੋਵਾਂਗਾ! ਇਸ ਇਨਾਮ ਬਾਰੇ ਸੰਤ ਸਿੰਘ ਸੇਖੋਂ ਹੁਰਾਂ ਵੱਲੋਂ ਲਿਖੀ ਵਿਧੀ-ਵਤ ਚਿੱਠੀ ਮਿਲਣ ਤੋਂ ਪਹਿਲਾਂ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਇਸ ਨਾਂ ਦੀ ਕੋਈ ਸਾਹਿਤਕ-ਸੰਸਥਾ ਕਾਰਜਸ਼ੀਲ ਵੀ ਹੈ ਤੇ ਉਹ ਇਨਾਮ ਵੀ ਦਿੰਦੀ ਹੈ!
1980 ਤੋਂ ਲੈ ਕੇ ਅਗਲੇ ਪੰਦਰਾਂ-ਵੀਹ ਸਾਲ ਮੇਰੀ ਕਹਾਣੀ ਦੀ ਚੜ੍ਹਤ ਦੇ ਦਿਨ ਸਨ। ਹਰ ਪਾਸੇ ਕਹਾਣੀ ਬਾਰੇ ਹੋਣ ਵਾਲੇ ਸੈਮੀਨਾਰਾਂ/ ਗੋਸ਼ਟੀਆਂ ਵਿੱਚ ਪੰਜਾਬੀ ਕਹਾਣੀ ਦੇ ਸਭ ਤੋਂ ਵੱਡੇ ਨਾਵਾਂ ਵਿੱਚ ਕੇਵਲ ਦੋ ਹੀ ਨਾਂ ਲਏ ਜਾ ਰਹੇ ਸਨ: ‘ਪ੍ਰੇਮ ਪ੍ਰਕਾਸ਼ ਤੇ ਵਰਿਆਮ ਸਿੰਘ ਸੰਧੂ।’ ਫਿਲਮੀ ਹੀਰੋਆਂ ਦੇ ‘ਨੰਬਰ ਵੰਨ’ ਹੋਣ ਵਾਂਗ ਕਦੀ ਪ੍ਰੇਮ ਦਾ ਨਾਂ ਪਹਿਲਾਂ ਹੁੰਦਾ ਕਦੀ ਵਰਿਆਮ ਸਿੰਘ ਸੰਧੂ ਦਾ। ਸਾਹਿਤ ਦੇ ਵੱਡੇ ਆਲੋਚਕਾਂ ਤੋਂ ਲੈ ਕੇ ਨਵੇਂ ਆਲੋਚਕਾਂ ਤੱਕ ਉਹਨਾਂ ਬਾਰੇ ਲੇਖ ਲਿਖ ਰਹੇ ਤੇ ਚਰਚਾ ਕਰ ਰਹੇ ਸਨ। ਆਪੋ ਆਪਣੇ ਰਚਨਾ-ਵਸਤੂ ਤੇ ਪੇਸ਼ਕਾਰੀ ਦੀ ਨਵੀਨਤਾ ਪੱਖੋਂ ਇਹਨਾਂ ਨੂੰ ਉਸ ਸਮੇਂ ਲਿਖੀ ਜਾ ਰਹੀ ਕਹਾਣੀ ਦੇ ‘ਮਾਡਲਾਂ’ ਵਜੋਂ ਪੇਸ਼ ਕੀਤਾ ਜਾ ਰਿਹਾ ਸੀ।
ਇਸਦੀ ਸ਼ੁਰੂਆਤ ਤਾਂ ਉਦੋਂ ਹੀ ਹੋ ਗਈ ਸੀ ਜਦੋਂ ਇੱਕ ਸੈਮੀਨਾਰ ਵਿੱਚ ‘ਪੰਜਾਬੀ ਕਹਾਣੀ ਦੀਆਂ ਨਵੀਨ ਪ੍ਰਵਿਰਤੀਆਂ’ ਬਾਰੇ ਆਪਣਾ ਖੋਜ-ਪੱਤਰ ਪੇਸ਼ ਕਰਦਿਆਂ ਜੋਗਿੰਦਰ ਸਿੰਘ ਰਾਹੀ ਨੇ ਨਵੀਂ ਪੰਜਾਬੀ ਕਹਾਣੀ ਦੇ ਪ੍ਰਤੀਨਿਧ ਲੇਖਕਾਂ ਵਜੋਂ ਇਹਨਾਂ ਦੋਵਾਂ ਕਹਾਣੀਕਾਰਾਂ ਦਾ ਜ਼ਿਕਰ ਹੀ ਕੀਤਾ ਸੀ। ਮੇਰੇ ਸਮਕਾਲੀਆਂ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ। ਉਹਨਾਂ ਦਾ ਇਤਰਾਜ਼ ਜਾਇਜ਼ ਸੀ ਕਿ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਕੇਵਲ ਦੋ ਨਾਵਾਂ ਦੇ ਓਹਲੇ ਕਿਉਂ ਲੁਕਾਇਆ ਜਾ ਰਿਹਾ ਹੈ! ਪਰ ਕੁੱਝ ਵਰ੍ਹਿਆਂ ਬਾਅਦ ਭੂਸ਼ਨ ਦੀ ਕਾਵਿ-ਟਿੱਪਣੀ, ‘ਸਾਡਾ ਅੱਧਾ ਆਕਾਸ਼ ਵਰਿਆਮ ਸੰਧੂ, ਬਾਕੀ ਅੱਧਾ ਪ੍ਰੇਮ ਪ੍ਰਕਾਸ਼ ਸਾਡਾ’ ਨੇ ਤਾਂ ਸਮਕਾਲੀ ਕਹਾਣੀਕਾਰਾਂ ਨੂੰ ਹੋਰ ਵੀ ਨਰਾਜ਼ ਕਰ ਦਿੱਤਾ। ਭੂਸ਼ਨ ਦੀ ਟਿੱਪਣੀ ਤਾਂ ਕਿਸੇ ਹੋਰ ਪ੍ਰਸੰਗ ਵਿੱਚ ਇਹ ਵਿਅੰਗ ਕਰਦੀ ਸੀ ਕਿ ‘ਪੰਜਾਬੀ ਕਹਾਣੀ ਵਿੱਚ ਸਿਰਫ਼ ਦੋ ਹੀ ਨਾਵਾਂ ਦਾ ਚਰਚਾ ਕਿਉਂ?’ ਪਰ ਕਹਾਣੀਕਾਰਾਂ ਨੇ ਇਸਨੂੰ ਵੀ ਸਾਡੇ ਹੱਕ ਵਿੱਚ ਲਿਖੀ ਹੀ ਸਮਝਿਆ! ਤੇ ਉਹ ਬੜਾ ਚਿਰ ਦੁਖੀ ਹੋ ਕੇ ਇਸ ਕਾਵਿ-ਟਿੱਪਣੀ ਬਾਰੇ ਵਿਅੰਗ ਕਰਦੇ ਰਹੇ। ਗੋਸ਼ਟੀਆਂ/ ਸੈਮੀਨਾਰਾਂ ਵਿੱਚ ਕੇਵਲ ਦੋ ਨਾਵਾਂ ਦੀ ਹੀ ਚਰਚਾ ਤੋਂ ਤੰਗ ਆ ਕੇ ਹਰੇਕ ਗੋਸ਼ਟੀ ਸ਼ੁਰੂ ਹੋਣ ਸਮੇ ਇਹ ਫ਼ੈਸਲਾ ਵੀ ਲਿਆ ਜਾਣ ਲੱਗਾ ਕਿ ਇਸ ਚਰਚਾ ਵਿੱਚ ਇਹਨਾਂ ਦੋਵਾਂ ਲੇਖਕਾਂ ਦਾ ਜ਼ਿਕਰ ਨਾ ਕਰ ਕੇ ਬਾਕੀ ਪੰਜਾਬੀ ਕਹਾਣੀਕਾਰਾਂ ਦੀ ਗੱਲ ਹੀ ਕੀਤੀ ਜਾਣੀ ਚਾਹੀਦੀ ਹੈ! ਪਰ ਕਹਾਣੀ-ਚਰਚਾ ਨੂੰ ਇਹ ‘ਭੂਤ’ ਐਸਾ ਚੰਬੜਿਆ ਸੀ ਕਿ ਗੱਲ ਫਿਰ ਮੁੜ-ਘਿੜ ਕੇ ਇਹਨਾਂ ਦੋਵਾਂ ਲੇਖਕਾਂ ਤੇ ਆ ਜਾਂਦੀ!
ਮੇਰੀ ਹਰੇਕ ਛਪਣ ਵਾਲੀ ਕਹਾਣੀ ‘ਤੇ ਮਹੀਨਿਆਂ ਬੱਧੀ ਚਰਚਾ ਚੱਲਦੀ ਰਹਿੰਦੀ। ਕਹਾਣੀ ਦੇ ਕਿਸੇ ਨੁਕਤੇ ਬਾਰੇ ਜੇ ਕਿਸੇ ਪਾਠਕ ਵੱਲੋਂ ਵਿਰੋਧ ਦੀ ਸੁਰ ਉੱਚੀ ਉੱਠਦੀ ਤਾਂ ਉਸਦਾ ਤਸੱਲੀ-ਬਖ਼ਸ਼ ਜਵਾਬ ਦੇਣ ਲਈ ਹੋਰ ਅਨੇਕਾਂ ਪਾਠਕ-ਲੇਖਕ ਤਿਆਰ ਬੈਠੇ ਹੁੰਦੇ। ਏਨੀ ਚਰਚਾ ਤਾਂ ਕਿਸੇ ਦੇ ਪੂਰੇ ਕਹਾਣੀ-ਸੰਗ੍ਰਹਿ ਦੀ ਨਹੀਂ ਸੀ ਹੁੰਦੀ! ਵੱਖ ਵੱਖ ਯੂਨੀਵਰਸਿਟੀਆਂ ਵੱਲੋਂ ਮੇਰੇ ਕਹਾਣੀ-ਸੰਗ੍ਰਹਿ ਐੱਮ ਏ ਦੇ ਪਾਠ-ਕ੍ਰਮ ਵਿੱਚ ਪੜ੍ਹਾਏ ਜਾਣ ਲੱਗੇ ਸਨ। ਇਹਨਾਂ ਸਾਲਾਂ ਵਿੱਚ ਮੇਰੇ ‘ਥੋੜ੍ਹੇ ਨੂੰ ਬਹੁਤਾ ਜਾਣ ਕੇ’ ਮਿਲਣ ਵਾਲੇ ਬੇਹੱਦ ਆਦਰ-ਸਨਮਾਨ ਨੇ ਮੇਰੀ ਰੂਹ ਰਜਾ ਦਿੱਤੀ ਸੀ। ਮੈਨੂੰ ਕਿਸੇ ਵਾਧੂ ਦੇ ਇਨਾਮ-ਸਨਮਾਨ ਵੱਲ ਝਾਕਣ ਦੀ ਲੋੜ ਹੀ ਨਹੀਂ ਸੀ ਰਹਿ ਗਈ।
ਫਿਰ ਵੀ ਇਨਾਮਾਂ-ਸਨਮਾਨਾਂ ਨਾਲ ਜੁੜੇ ਕੁੱਝ ਦਿਲਚਸਪ ਅਨੁਭਵ ਸਾਂਝੇ ਕਰਨੇ ਕੁਥਾਂ ਨਹੀਂ ਹੋਣਗੇ!
1988 ਵਿੱਚ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵੱਲੋਂ ‘ਕੁਲਵੰਤ ਸਿੰਘ ਵਿਰਕ ਪੁਰਸਕਾਰ’ ਦਿੱਤੇ ਜਾਣ ਦਾ ਐਲਾਨ ਹੋਇਆ। ਇਸ ਮਕਸਦ ਲਈ ਕਹਾਣੀਕਾਰਾਂ ਨੂੰ ਪਿਛਲੇ ਤਿੰਨ ਸਾਲਾਂ ਵਿੱਚ ਛਪੇ ਆਪਣੇ ਕਹਾਣੀ-ਸੰਗ੍ਰਹਿ ਭੇਜਣ ਦਾ ਸੱਦਾ ਦਿੱਤਾ ਗਿਆ। ਕੁਲਵੰਤ ਸਿੰਘ ਵਿਰਕ ਦੀ ਪਤਨੀ ਹਰਬੰਸ ਕੌਰ ਅਤੇ ਪ੍ਰਿੰਸੀਪਲ ਰਾਜਾ ਹਰਨਰਿੰਦਰ ਸਿੰਘ ਦੀ ਸਰਪ੍ਰਸਤੀ ਵਿੱਚ ਬਣੀ ‘ਵਿਰਕ ਯਾਦਗ਼ਾਰ ਕਮੇਟੀ’ ਵਿੱਚ ਹਰਬੰਸ ਕੌਰ ਵਿਰਕ ਤੋਂ ਇਲਾਵਾ ਜਲੰਧਰ ਰਹਿੰਦੇ ਉਸਦੇ ਧੀ-ਜੁਆਈ ਵੀ ਕਮੇਟੀ ਦੇ ਮੈਂਬਰ ਸਨ। ਪੰਜਾਬੀ ਵਿਭਾਗ ਦੇ ਮੁਖੀ ਨਿਰੰਜਨ ਸਿੰਘ ਢੇਸੀ ਤੋਂ ਇਲਾਵਾ ਵਿਭਾਗ ਦੇ ਦੋ ਹੋਰ ਸੀਨੀਅਰ ਮੈਂਬਰ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਸਨ। ਕਮੇਟੀ ਦੀ ਗੁਪਤ ਮੀਟਿੰਗ ਵਿੱਚ ਇਨਾਮ ਦਾ ਫ਼ੈਸਲਾ ਕਰਨ ਲਈ ਦੂਜੇ ਸ਼ਹਿਰਾਂ ਵਿੱਚ ਰਹਿੰਦੇ ਪੰਜਾਬੀ ਸਾਹਿਤ ਦੇ ਮੰਨੇ-ਦੰਨੇ ਤਿੰਨ ਮੈਂਬਰਾਂ ਦਾ ਪੈਨਲ ਨਿਯਤ ਕੀਤਾ ਗਿਆ। ਨਿਸਚਿਤ ਮਿਤੀ ਤੱਕ ਕਹਾਣੀਕਾਰਾਂ ਦੀਆਂ ਕਿਤਾਬਾਂ ਮਿਲਣ ‘ਤੇ ਕਮੇਟੀ ਦੇ ਮੈਂਬਰਾਂ ਨੇ ਉਹਨਾਂ ਤਿੰਨਾਂ ਪੈਨਲ-ਮੈਂਬਰਾਂ ਕੋਲ ਖ਼ੁਦ ਜਾ ਕੇ ਕਿਤਾਬਾਂ ਪੁੱਜਦੀਆਂ ਕਰਨੀਆਂ ਸਨ।
ਕਹਿੰਦੇ-ਕਹਾਉਂਦੇ ਕਹਾਣੀਕਾਰ ਇਸ ਮੁਕਾਬਲੇ ਲਈ ਆਪਣੀਆਂ ਕਿਤਾਬਾਂ ਭੇਜ ਰਹੇ ਸਨ। ਜਲੰਧਰ ਦੇ ਇੱਕ ਚਰਚਿਤ ਕਹਾਣੀਕਾਰ ਨੇ ਤਾਂ ਕਿਸੇ ਦੇ ਹੱਥ ਕਿਤਾਬਾਂ ਭੇਜਦਿਆਂ ਭਰੋਸੇ ਨਾਲ ਇਹ ਵੀ ਆਖ ਭੇਜਿਆ ਸੀ, “ਮੈਂ ਕਿਸ ਦਿਨ ਇਨਾਮ ਲੈਣ ਆਵਾਂ!”
ਮੈਂ ਵੀ ਇਸ ਵਿਭਾਗ ਦਾ ਹਿੱਸਾ ਸਾਂ। ਜਦੋਂ ਪ੍ਰੋਫ਼ੈਸਰ ਢੇਸੀ ਨੇ ਪਿਛਲੇ ਸਾਲ ਛਪੇ ਮੇਰੇ ਕਹਾਣੀ-ਸੰਗ੍ਰਹਿ ‘ਭੱਜੀਆਂ ਬਾਹੀਂ’ ਦੀਆਂ ਕਾਪੀਆਂ ਇਨਾਮ ਲਈ ਜਮ੍ਹਾਂ ਕਰਾਉਣ ਲਈ ਕਿਹਾ ਤਾਂ ਮੈਂ ਹੱਸਦਿਆਂ ਹੋਇਆਂ ਇਹ ਕਹਿ ਕੇ ਟਾਲਾ ਵੱਟਿਆ, “ਜੇ ਕਿਤੇ ਖ਼ੁਦਾ-ਨ-ਖ਼ਾਸਤਾ ਇਹ ਇਨਾਮ ਮੈਨੂੰ ਹੀ ਮਿਲ ਗਿਆ ਤਾਂ ਲੋਕ ਆਖਣਗੇ ਕਿ ਕਾਲਜ ਵਾਲਿਆਂ ਨੇ ਆਪਣੇ ਬੰਦੇ ਨੂੰ ਹੀ ਇਨਾਮ ਦੇ ਦਿੱਤਾ ਹੈ! ਮੈਂ ਆਪਣੇ ਕਾਲਜ ਨੂੰ ਉਲਾਹਮੇਂ ਦਾ ਪਾਤਰ ਨਹੀਂ ਬਨਾਉਣਾ ਚਾਹੁੰਦਾ!” ਪਰ ਅਸਲ ਗੱਲ ਤਾਂ ਇਹ ਸੀ ਕਿ ਮੈਂ ਕਿਸੇ ਸਾਹਿਤਕ-ਮੁਕਾਬਲੇ ਵਿੱਚ ਕਿਤਾਬਾਂ ਭੇਜਣਾ ਪਸੰਦ ਹੀ ਨਹੀਂ ਸਾਂ ਕਰਦਾ। ਕਈਆਂ ਦੇ ਪ੍ਰੇਰਨਾ ਦੇਣ ‘ਤੇ ਵੀ ਮੈਂ ਭਾਸ਼ਾ ਵਿਭਾਗ ਵੱਲੋਂ ਪੁਸਤਕਾਂ ਉੱਤੇ ਹਰ ਸਾਲ ਮਿਲਣ ਵਾਲੇ ਇਨਾਮਾਂ ਲਈ ਆਪਣੀ ਕੋਈ ਪੁਸਤਕ ਕਦੀ ਨਹੀਂ ਸੀ ਭੇਜੀ। (ਅਗਲੇ ਸਾਲਾਂ ਵਿੱਚ ਜਦੋਂ ਮੈਨੂੰ ‘ਵਿਰਕ ਕਮੇਟੀ’ ਦਾ ਮੈਂਬਰ ਲੈ ਲਿਆ ਗਿਆ ਤਾਂ ਮੈਂ ਲੇਖਕਾਂ ਕੋਲੋਂ ਕਿਤਾਬਾਂ ਮੰਗਵਾਉਣ ਦੀ ਇਹ ਰਵਾਇਤ ਜ਼ੋਰ ਦੇ ਕੇ ਬੰਦ ਕਰਵਾ ਦਿੱਤੀ। ਪਿਛਲੇ ਸਾਲਾਂ ਵਿੱਚ ਛਪੇ ਵੱਧ ਤੋਂ ਵੱਧ ਕਹਾਣੀ-ਸੰਗ੍ਰਹਿਆਂ ਦੀ ਇੱਕ ਲਿਸਟ ਤਿਆਰ ਕਰ ਕੇ ਪੈਨਲ ਮੈਂਬਰਾਂ ਨੂੰ ਭੇਜਦੇ ਹੋਏ ਬੇਨਤੀ ਕੀਤੀ ਜਾਂਦੀ ਕਿ ਜੇ ਉਹਨਾਂ ਮੁਤਾਬਕ ਕੋਈ ਮਹੱਤਵ ਪੂਰਨ ਸੰਗ੍ਰਹਿ ਲਿਸਟ ‘ਚੋਂ ਬਾਹਰ ਰਹਿ ਗਿਆ ਹੈ ਤਾਂ ਉਹ ਉਸਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕਰਕੇ ਇਨਾਮ ਲਈ ਕਿਸੇ ਵੀ ਲੇਖਕ ਦਾ ਨਾਂ ਤਜਵੀਜ਼ ਕਰ ਸਕਦੇ ਹਨ। ਅਗਲੇ ਸਾਲਾਂ ਵਿੱਚ ਗੁਰਬਚਨ ਸਿੰਘ ਭੁੱਲਰ, ਮੋਹਨ ਭੰਡਾਰੀ, ਗੁਰਦੇਵ ਸਿੰਘ ਰੁਪਾਣਾ ਤੇ ਸੰਤੋਖ ਸਿੰਘ ਧੀਰ ਨੂੰ ਇਹ ਪੁਰਸਕਾਰ ਦਿੱਤੇ ਗਏ।)
ਕਿਤਾਬਾਂ ਪਹੁੰਚਣ ਦੀ ਡੈੱਡ-ਲਾਈਨ ਦਾ ਸ਼ਾਇਦ ਆਖ਼ਰੀ ਦਿਨ ਸੀ ਕਿ ਕਿਸੇ ਕੰਮ ਮੈਂ ਤੇ ਪ੍ਰੋਫ਼ੈਸਰ ਢੇਸੀ ਪ੍ਰਿੰਸੀਪਲ ਰਾਜਾ ਹਰਨਰਿੰਦਰ ਸਿੰਘ ਦੇ ਦਫ਼ਤਰੋਂ ਉਸਨੂੰ ਮਿਲ ਕੇ ਬਾਹਰ ਨਿਕਲ ਹੀ ਗਏ ਸਾਂ ਕਿ ਉਸਨੇ ਪਿੱਛੋਂ ਆਵਾਜ਼ ਦੇ ਕੇ ਸਾਨੂੰ ਰੋਕ ਲਿਆ ਤੇ ਢੇਸੀ ਨੂੰ ਪੁੱਛਣ ਲੱਗਾ, “ਸੰਧੂ ਸਾਹਿਬ ਨੇ ਇਨਾਮ ਲਈ ਆਪਣੀਆਂ ਕਿਤਾਬਾਂ ਦੇ ਦਿੱਤੀਆਂ ਹਨ ਕਿ ਨਹੀ?” ਪ੍ਰੋ ਢੇਸੀ ਨੇ ‘ਨਾਂਹ’ ਵਿੱਚ ਸਿਰ ਹਿਲਾਉਂਦਿਆਂ ਮੇਰੀ ਰਾਇ ਦੁਹਰਾ ਦਿੱਤੀ। ਇਹ ਵੀ ਕਿਹਾ ਕਿ ਮੇਰੇ ਆਖੇ ਤਾਂ ਇਹ ਮੰਨਦਾ ਨਹੀਂ ਤੁਸੀਂ ਆਖ ਵੇਖੋ! ਪ੍ਰਿੰਸੀਪਲ ਨੇ ਸਮਝਾਇਆ, “ਇਨਾਮ ਕਾਲਜ ਨੇ ਤਾਂ ਦੇਣਾ ਹੀ ਨਹੀਂ। ਇਹ ਤਾਂ ਪੈਨਲ ਮੈਂਬਰਾਂ ਨੇ ਦੇਣਾ ਹੈ ਤੇ ਉਸ ਪੈਨਲ ਵਿੱਚ ਕਾਲਜ ਦਾ ਤਾਂ ਕੋਈ ਮੈਂਬਰ ਹੀ ਨਹੀਂ ਹੋਣਾ। ਕਾਲਜ ਨੇ ਤਾਂ ਕੇਵਲ ਇਨਾਮ-ਸਮਾਗ਼ਮ ਦਾ ਪ੍ਰਬੰਧ ਕਰਨਾ ਹੈ ਤੇ ਜਾਂ ਉਤਲੀ-ਪੁਤਲੀ ਕਾਰਵਾਈ ਕਰਨੀ ਹੈ। ਉਂਜ ਵੀ ਸਾਰਾ ਕੁੱਝ ਵਿਰਕ ਪਰਿਵਾਰ ਦੀ ਸਹਿਮਤੀ ਤੇ ਨਿਗਰਾਨੀ ਵਿੱਚ ਹੋਣਾ ਹੈ, ਇਸ ਲਈ ਕਿਸੇ ਸ਼ੱਕ ਦੀ ਗੁੰਜਾਇਸ਼ ਰਹਿ ਹੀ ਨਹੀਂ ਜਾਣੀ! ਤੁਸੀਂ ਹਰ ਹਾਲਤ ਵਿੱਚ ਕਿਤਾਬਾਂ ਜਮ੍ਹਾਂ ਕਰਵਾਓ; ਅੱਜ ਹੀ।”
ਪ੍ਰਿੰਸੀਪਲ ਨੇ ਇਕਤਰ੍ਹਾਂ ਹੁਕਮ ਹੀ ਦੇ ਦਿੱਤਾ ਸੀ। ਆਪਸੀ ਸਨੇਹ-ਵੱਸ ਢੇਸੀ ਮੇਰੀ ਕਿਤਾਬ ਜ਼ਰੂਰ ਹੀ ‘ਮੁਕਾਬਲੇ’ ਵਿੱਚ ਸ਼ਾਮਲ ਕਰਨਾ ਚਾਹੁੰਦਾ ਸੀ। ਉਸਨੇ ਓਥੇ ਹੀ ਮੇਰੇ ਕੋਲੋਂ ‘ਹਾਂ’ ਕਰਵਾਉਣੀ ਠੀਕ ਸਮਝੀ। ਪਿੱਛੋਂ ਕੀ ਪਤਾ ਮੈਂ ਫੇਰ ਇਨਕਾਰ ਕਰ ਦਿਆਂ। ਮੇਰੇ ਕੋਲ ‘ਹਾਂ’ ਕਰਨ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ ਸੀ।
ਕਿਤਾਬਾਂ ਪੈਨਲ-ਮੈਂਬਰਾਂ ਕੋਲ ਪਹੁੰਚਾਈਆਂ ਗਈਆਂ। ਪੈਨਲ ਦੀਆਂ ਸਾਰੀਆਂ ਰੀਪੋਰਟਾਂ ਆਉਣ ‘ਤੇ ਕਮੇਟੀ ਦੀ ਗੁਪਤ ਮੀਟਿੰਗ ਵਿੱਚ ਇਹ ਖੋਲ੍ਹੀਆਂ ਗਈਆਂ। ਪੈਨਲ ਮੈਂਬਰਾਂ ਨੂੰ ਇਨਾਮ ਦੀਆਂ ਹੱਕਦਾਰ ਤਿੰਨ ਪੁਸਤਕਾਂ ਦੇ ਨਾਂ ਕ੍ਰਮਵਾਰ ਲਿਖਣ ਲਈ ਕਿਹਾ ਗਿਆ ਸੀ। ਪਹਿਲੇ, ਦੂਜੇ ਤੇ ਤੀਜੇ ਥਾਂ ‘ਤੇ ਲਿਖੀਆਂ ਪੁਸਤਕਾਂ ਨੂੰ ਕ੍ਰਮ-ਅਨੁਸਾਰ ਨੰਬਰ ਦਿੱਤੇ ਜਾਣੇ ਸਨ ਤੇ ਸਭ ਤੋਂ ਵੱਧ ਨੰਬਰ ਪ੍ਰਾਪਤ ਕਰਨ ਵਾਲੀ ਪੁਸਤਕ ਇਨਾਮ ਦੀ ਅਧਿਕਾਰੀ ਹੋਣੀ ਸੀ। ਦਿਲਚਸਪ ਗੱਲ ਇਹ ਹੋਈ ਕਿ ਤਿੰਨਾਂ ਪੈਨਲ-ਮੈਂਬਰਾਂ ਨੇ ਹੀ ਪਹਿਲੇ ਨੰਬਰ ‘ਤੇ ਮੇਰੀ ਪੁਸਤਕ ‘ਭੱਜੀਆਂ ਬਾਹੀਂ’ ਦਾ ਨਾਂ ਲਿਖਿਆ। ਹਾਂ, ਇੱਕ ਪੈਨਲ ਮੈਂਬਰ ਗੁਲਜ਼ਾਰ ਸਿੰਘ ਸੰਧੂ ਨੇ ਆਪਣੀ ਰੀਪੋਰਟ ਵਿੱਚ ਇਹ ਟਿੱਪਣੀ ਵੀ ਕੀਤੀ, ‘ਭਾਵੇਂ ਪਹਿਲੇ ਨੰਬਰ ‘ਤੇ ਵਰਿਆਮ ਸਿੰਘ ਸੰਧੂ ਦਾ ਹੀ ਨਾਂ ਹੈ ਪਰ ਮੇਰੇ ਖ਼ਿਆਲ ਵਿੱਚ ਦੂਜੇ ਨੰਬਰ ‘ਤੇ ਲਿਖੇ ਨਾਂ ਪ੍ਰੇਮ ਪ੍ਰਕਾਸ਼ ਨੂੰ ਸੀਨੀਆਰਟੀ ਦੇ ਆਧਾਰ ‘ਤੇ ਵੀ ਇਹ ਇਨਾਮ ਦਿਤਾ ਜਾ ਸਕਦਾ ਹੈ।’ ਪਰ ਦੂਜੇ ਦੋ ਮੈਂਬਰਾਂ ਦੀ ਪਹਿਲੀ ਚੋਣ ਮੇਰਾ ਕਹਾਣੀ-ਸੰਗ੍ਰਹਿ ਹੋਣ ਕਰਕੇ ਇਹ ਇਨਾਮ ਮੈਨੂੰ ਦਿੱਤੇ ਜਾਣ ਦਾ ਫ਼ੈਸਲਾ ਹੋ ਗਿਆ।
ਲਾਇਲਪੁਰ ਖ਼ਾਲਸਾ ਕਾਲਜ ਦੇ ਓਪਨ ਏਅਰ ਥੀਏਟਰ ਵਿੱਚ ਬੜਾ ਭਰਵਾਂ ਸਮਾਗ਼ਮ ਹੋਇਆ। ਇਕਵੰਜਾ ਸੌ ਰੁਪਏ, ਲੋਈ ਤੇ ਮੋਮੈਂਟੋ ਵਾਲਾ ਇਹ ਇਨਾਮ ਦੂਰ ਦੂਰ ਤੋਂ ਆਏ ਪ੍ਰਸਿੱਧ ਲੇਖਕਾਂ/ਆਲੋਚਕਾਂ ਦੀ ਹਾਜ਼ਰੀ ਵਿੱਚ ਦਿੱਤਾ ਗਿਆ। ਵੱਖ ਵੱਖ ਵਿਦਵਾਨਾਂ ਵੱਲੋਂ ਮੇਰੀ ਕਹਾਣੀ ‘ਤੇ ਬੜੀ ਖੁੱਲ੍ਹ ਕੇ ਚਰਚਾ ਹੋਈ ਤੇ ਇਸ ਇਨਾਮ ਦਾ ਅਸਲੀ ਹੱਕਦਾਰ ਹੋਣ ਦਾ ਮਾਣ ਦਿੱਤਾ ਗਿਆ। ਭਾਵੇਂ ਕੁੱਝ ਹਲਕਿਆਂ ਵਿੱਚ ਇਹ ਘੁਸਰ-ਮੁਸਰ ਵੀ ਸੁਣਨ ਨੂੰ ਮਿਲੀ, ਜਿਸਦਾ ਪਹਿਲਾਂ ਹੀ ਅੰਦੇਸ਼ਾ ਸੀ, ਕਿ ਕਾਲਜ ਨੇ ‘ਆਪਣੇ ਹੀ ਬੰਦੇ ਨੂੰ’ ਇਨਾਮ ਦੇ ਲਿਆ ਹੈ!
ਇਸ ਸਨਮਾਨ ਸਮਾਗ਼ਮ ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜਨਰਲ ਸਕੱਤਰ ਤੇ ਪ੍ਰਸਿੱਧ ਆਲੋਚਕ ਡਾ ਪ੍ਰਮਿੰਦਰ ਸਿੰਘ ਨੇ ਸਟੇਜ ਉੱਤੋਂ ਮੇਰੀ ਕਹਾਣੀ ਦੀ ਪਰਸੰਸਾ ਕਰਦਿਆਂ ਐਲਾਨ ਕੀਤਾ, “ਅਸੀਂ ਤਾਂ ਇਸ ਵਾਰ ਹੀ ਵਰਿਆਮ ਨੂੰ ਆਪਣੀ ਅਕਾਦਮੀ ਵੱਲੋਂ ਸਨਮਾਨਿਤ ਕਰਨਾ ਸੀ ਪਰ ਕੁੱਝ ਜ਼ਰੂਰੀ ਕਾਰਨਾਂ ਕਰ ਕੇ ਇਹ ਇਨਾਮ ਅਗਲੇ ਸਾਲ ਤੱਕ ਮੁਲਤਵੀ ਕੀਤਾ ਗਿਆ ਹੈ। ਅਗਲੇ ਸਾਲ ਵਰਿਆਮ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦਾ ਇਨਾਮ ਮਿਲਣਾ ਤੈਅ ਹੀ ਹੈ।
ਉਸਦੇ ਇਸ ਐਲਾਨ ਪਿੱਛੇ ਵੀ ਇੱਕ ਕਹਾਣੀ ਸੀ।
ਹੁਣੇ ਜਿਹੇ ਹੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ‘ਧਾਲੀਵਾਲ ਪੁਰਸਕਾਰ’ ਦੇਣੇ ਸ਼ੁਰੂ ਕੀਤੇ ਗਏ ਸਨ। ਹਰ ਸਾਲ ਇਹ ਇਨਾਮ ਵੱਖ-ਵੱਖ ਵਿਧਾਵਾਂ ਵਿੱਚ ਲਿਖਣ ਵਾਲੇ ਛੇ ਲੇਖਕਾਂ ਨੂੰ ਦਿੱਤੇ ਜਾਇਆ ਕਰਨੇ ਸਨ। ਇਨਾਮ ਤਾਂ ਸਦਾ ‘ਪੁਰਾਣੇ ਤੇ ਵੱਡੇ (ਉਮਰ-ਦਰਾਜ਼) ਸਾਹਿਤਕਾਰਾਂ’ ਤੋਂ ਹੀ ਦੇਣੇ ਸ਼ੁਰੂ ਕੀਤੇ ਜਾਣੇ ਸਨ ਤੇ ਉਹਨਾਂ ਦੀਆਂ ਤਾਂ ਕਈ ਸਾਲਾਂ ਤੱਕ ਇਨਾਮ ਲੈਣ ਵਾਸਤੇ ਲੰਮੀਆਂ ਲਾਈਨਾਂ ਲੱਗੀਆਂ ਹੋਈਆ ਸਨ। ਨਵੀਆਂ ਪ੍ਰਤਿਭਾਵਾਂ ਨੂੰ ਇਨਾਮਾਂ ਵਿੱਚ ਨੁਮਾਇੰਦਗੀ ਮਿਲਦੀ ਰਹੇ, ਇਸ ਲਈ ਅਕਾਦਮੀ ਵੱਲੋਂ ਨਿਰਣਾ ਕੀਤਾ ਗਿਆ ਕਿ ਹਰ ਸਾਲ ਪੁਰਾਣੇ ਵੱਡੇ ਪੰਜ ਲੇਖਕਾਂ ਦੇ ਨਾਲ ਆਪਣੀ ਲਿਖਣ-ਵਿਧਾ ਵਿੱਚ ਨਵੀਆਂ ਪੈੜਾਂ ਪਾਉਣ ਵਾਲੇ ਇੱਕ ਨਵੇਂ ਪ੍ਰਤੀਨਿਧ ਲੇਖਕ ਨੂੰ ਵੀ ਇਨਾਮ ਦਿੱਤਾ ਜਾਇਆ ਕਰੇਗਾ।
ਪਹਿਲੇ ਸਾਲ ਪੰਜ ਪੁਰਾਣੇ ਵੱਡੇ ਲੇਖਕਾਂ ਨਾਲ ਇਨਾਮ ਲੈਣ ਵਾਲਾ ਪਹਿਲਾ ਨਵਾਂ ਪ੍ਰਤੀਨਿਧ ਲੇਖਕ ਸੁਰਜੀਤ ਪਾਤਰ ਸੀ। ਅਗਲੇ ਸਾਲ ਨਵੇਂ ਲੇਖਕ ਵਜੋਂ ਇਨਾਮ ਦਿੱਤੇ ਜਾਣ ਦਾ ਫ਼ੈਸਲਾ ਮੇਰੇ ਹੱਕ ਵਿੱਚ ਹੋਇਆ। ਡਾ ਪ੍ਰਮਿੰਦਰ ਸਿੰਘ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਮੇਰੇ ਨਜ਼ਦੀਕੀ ਮਿੱਤਰ ਡਾਕਟਰ ਸਾਧੂ ਸਿੰਘ ਕੋਲੋਂ ਮੇਰਾ ਘਰ ਦਾ ਪਤਾ ਮਾਲੂਮ ਕਰਨ ਗਿਆ ਤਾਕਿ ਮੈਨੂੰ ਡਾਕ ਰਾਹੀਂ ਚਿੱਠੀ ਪਾ ਕੇ ਇਨਾਮ ਦਿੱਤੇ ਜਾਣ ਦੀ ਵਿਧੀਵਤ ਢੰਗ ਨਾਲ ਸੂਚਨਾ ਪਹੁੰਚਾ ਦਿੱਤੀ ਜਾਵੇ। ਚਿੱਠੀ ਵਾਲਾ ਲਿਫ਼ਾਫ਼ਾ ਉਹ ਹੱਥ ਵਿੱਚ ਫੜ੍ਹੀ ਫਿਰਦਾ ਸੀ। ਉਸਨੇ ਇਹ ‘ਖ਼ੁਸ਼ਖ਼ਬਰੀ’ ਸਾਧੂ ਸਿੰਘ ਨਾਲ ਸਾਂਝੀ ਕੀਤੀ ਤੇ ਇਸਨੂੰ ਓਥੇ ਖਲੋਤੇ ਹੋਰ ਬੰਦਿਆਂ ਨੇ ਵੀ ਸੁਣਿਆਂ। ਅਗਲੇ ਦਿਨ ਹੀ ਸਾਧੂ ਸਿੰਘ ਨੇ ‘ਵਧਾਈ’ ਦਿੰਦਿਆਂ ਇਹ ਖ਼ਬਰ ਮੇਰੇ ਨਾਲ ਵੀ ਸਾਂਝੀ ਕਰ ਲਈ ਤੇ ਕੁੱਝ ਦਿਨਾਂ ਵਿੱਚ ਹੀ ਮੈਨੂੰ ਪ੍ਰਮਿੰਦਰ ਸਿੰਘ ਦੀ ਚਿੱਠੀ ਮਿਲ ਜਾਣ ਬਾਰੇ ਸੂਚਨਾ ਵੀ ਦਿੱਤੀ।
ਪ੍ਰਮਿੰਦਰ ਸਿੰਘ ਦੀ ਤਾਂ ਮੈਨੂੰ ਕੋਈ ਚਿੱਠੀ ਮਿਲੀ ਹੀ ਨਾ ਪਰ ਕੁੱਝ ਦਿਨਾਂ ਵਿੱਚ ‘ਧਾਲੀਵਾਲ ਪੁਰਸਕਾਰ’ ਮਿਲਣ ਵਾਲੇ ਲੇਖਕਾਂ ਦੀ ਅਖ਼ਬਾਰ ਵਿੱਚ ਖ਼ਬਰ ਛਪ ਗਈ। ਉਸ ਵਿੱਚ ਮੇਰਾ ਨਾਂ ਤਾਂ ਕਿਤੇ ਵੀ ਨਹੀਂ ਸੀ। ਮੈਂ ਕਿਸੇ ਨੂੰ ਕੀ ਪੁੱਛਣਾ ਸੀ! ਸਮਝਿਆ ਸਾਧੂ ਸਿੰਘ ਨੂੰ ਹੀ ਕੋਈ ਮੁਗ਼ਾਲਤਾ ਲੱਗਾ ਹੋਵੇਗਾ! ਪਰ ਨਹੀਂ ਸਾਧੂ ਸਿੰਘ ਦੀ ਗੱਲ ਸੱਚੀ ਸੀ। ‘ਵਿਰਕ ਪੁਰਸਕਾਰ’ ਮੌਕੇ ਸਾਧੂ ਸਿੰਘ ਦੇ ਸਾਹਮਣੇ ਹੀ ਪ੍ਰਮਿੰਦਰ ਸਿੰਘ ਨੇ ਦੱਸਿਆ, “ਫ਼ੈਸਲਾ ਤਾਂ ਵਰਿਆਮ ਦੇ ਹੱਕ ਵਿੱਚ ਹੀ ਹੋਇਆ ਸੀ ਪਰ ਇਸਨੂੰ ਚਿੱਠੀ ਪੋਸਟ ਕਰਨ ਦੇ ਸਮੇਂ ਐਨ ਮੌਕੇ ‘ਤੇ ਪਤਾ ਲੱਗਾ ਕਿ ਡਾਕਟਰ ਹਰਭਜਨ ਸਿੰਘ ਦਿੱਲੀ ਵਾਲਿਆਂ ਦੀ ਤਬੀਅਤ ਠੀਕ ਨਹੀਂ। ਇਸ ਵਾਰੀ ਵਰਿਆਮ ਦੀ ਥਾਂ ਇਹ ਇਨਾਮ ਉਹਨਾਂ ਨੂੰ ਦੇ ਦਿੱਤਾ ਜਾਵੇ। ਪੈਸੇ ਉਹਨਾਂ ਦੇ ਕਿਸੇ ਕੰਮ ਆ ਜਾਣਗੇ। ਵਰਿਆਮ ਨੂੰ ਅਗਲੇ ਸਾਲ ਇਨਾਮ ਦੇ ਦਿੱਤਾ ਜਾਵੇਗਾ।”
ਜਦੋਂ ਸਟੇਜ ਉੱਤੇ ਡਾਕਟਰ ਪ੍ਰਮਿੰਦਰ ਸਿੰਘ ਮੈਨੂੰ ਅਗਲੇ ਸਾਲ ‘ਧਾਲੀਵਾਲ ਪੁਰਸਕਾਰ’ ਦੇਣ ਦਾ ਐਲਾਨ ਕਰ ਰਿਹਾ ਸੀ ਤਾਂ ਇਸਦੇ ਪਿਛੋਕੜ ਵਿੱਚ ਉਪ੍ਰੋਕਤ ਵੇਰਵਾ ਪਿਆ ਸੀ।
ਪਰ ਅਗਲੇ ਸਾਲ ਵੀ ਮੈਨੂੰ ਇਹ ਇਨਾਮ ਨਾ ਮਿਲਿਆ। ਸ਼ਾਇਦ ਉਹਨਾਂ ਨੇ ਨਵੇਂ ਪ੍ਰਤੀਨਿਧ ਲੇਖਕਾਂ ਨੂੰ ਇਨਾਮ ਦੇਣ ਦਾ ਫ਼ੈਸਲਾ ਹੀ ਬਦਲ ਲਿਆ ਸੀ! ਤੇ ਫਿਰ ਇਹ ਇਨਾਮ ਮੇਰੇ ਹੱਥੋਂ ਐਸਾ ਤਿਲਕਿਆ ਕਿ ਪੂਰੇ ਬਾਰਾਂ ਸਾਲ ਬਾਅਦ ਇਸਦਾ ਗੁਣਾ ਮੇਰੇ ‘ਤੇ ਪਿਆ। ਪਰ ਮੈਨੂੰ ਇਸਦਾ ਕਦੀ ਵੀ ਅਫ਼ਸੋਸ ਨਹੀਂ ਹੋਇਆ। ਕਿਉਂਕਿ ਮੇਰਾ ਸਦਾ ਇਹ ਵਿਸ਼ਵਾਸ ਰਿਹਾ ਹੈ ਕਿ ਕੋਈ ਵੀ ਲੇਖਕ ਕਿਸੇ ਇਨਾਮ-ਸਨਮਾਨ ਦੇ ਪਹਿਲਾਂ ਜਾਂ ਪਿੱਛੋਂ ਮਿਲਣ; ਮਿਲਣ ਜਾਂ ਨਾ ਮਿਲਣ ਨਾਲ ਵੱਡਾ-ਛੋਟਾ ਨਹੀਂ ਹੁੰਦਾ। ਵੱਡਾ-ਛੋਟਾ ਤਾਂ ਉਸਨੇ ਆਪਣੀ ਲਿਖਤ ਨਾਲ ਹੋਣਾ ਹੈ। ਜੇ ਤੁਹਾਡੀ ਲਿਖ਼ਤ ਪਾਠਕਾਂ ਦੇ ਦਿਲਾਂ ਨੂੰ ਨਹੀਂ ਛੂੰਹਦੀ ਤੇ ਉਹ ਤੁਹਾਨੂੰ ਪਰਸੰਸਾ-ਭਿੱਜਾ ਹੁੰਗਾਰਾ ਨਹੀਂ ਦਿੰਦੇ ਤਾਂ ਜਿੰਨਾਂ ਮਰਜ਼ੀ ਵੱਡਾ ਇਨਾਮ-ਸਨਮਾਨ ‘ਪ੍ਰਾਪਤ’ ਕਰ ਲਵੋ, ਤੁਸੀਂ ਪਾਠਕਾਂ ਦੀ ਰੂਹ ਦਾ ਹਿੱਸਾ ਨਹੀਂ ਬਣ ਸਕਦੇ ਤੇ ਨਾ ਹੀ ਤੁਹਾਡੀ ਆਪਣੀ ਰੂਹ ਨੂੰ ਰੱਜ ਆ ਸਕਦਾ ਹੈ। ਬਾਰਾਂ ਸਾਲ ਪਹਿਲਾਂ ਇਹ ਪੁਰਸਕਾਰ ਮਿਲ ਜਾਣ ‘ਤੇ ਮੈਂ ਕੋਈ ਬਹੁਤਾ ਵੱਡਾ ਲੇਖਕ ਨਹੀਂ ਸੀ ਬਣ ਜਾਣਾ ਤੇ ਨਾ ਮਿਲਣ ਨਾਲ ਮੈਂ ਛੋਟਾ ਨਹੀਂ ਸਾਂ ਹੋ ਗਿਆ। ਮੈਂ ਤਾਂ ਓਡਾ-ਕੇਡਾ ਹੀ ਸਾਂ ਤੇ ਹਾਂ ਜਿੱਡੀ ਕੁ ਮੇਰੀ ਰਚਨਾ ਸੀ!
ਭਾਸ਼ਾ ਵਿਭਾਗ ਦੇ ਇਨਾਮ ਬਾਰੇ ਵੀ ਇਸ ਨਾਲ ਹੀ ਕੁੱਝ ਰਲਦੀ ਮਿਲਦੀ ਗੱਲ ਹੋਈ। ਭਾਸ਼ਾ ਵਿਭਾਗ ਦੇ ਇਨਾਮਾਂ ਬਾਰੇ ਜਾਣਦੇ ਹੀ ਹਾਂ ਕਿ ਇਸਦੇ ਚੋਣ-ਬੋਰਡ ਦੇ ਮੈਂਬਰਾਂ ਵਿਚੋਂ ਜਿਹੜਾ ‘ਆਪਣੇ ਬੰਦੇ’ ਦੇ ਹੱਕ ਵਿੱਚ ਜ਼ੋਰ ਪੁਆ ਜਾਵੇ ਉਸਨੂੰ ਇਨਾਮ ਮਿਲ ਜਾਂਦਾ ਹੈ। ਇਸ ਬੋਰਡ ਦੇ ਮੈਂਬਰਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਪਿਛੋਂ ਕਿਸੇ ਨਾ ਕਿਸੇ ਰਾਹੀਂ ਅੰਦਰ ਹੋਈਆਂ ਗੱਲਾਂ ਬਾਹਰ ਆ ਹੀ ਜਾਂਦੀਆਂ ਹਨ। ਇੱਕ ਸਾਲ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ’ ਲਈ ਮੇਰਾ ਨਾਂ ਪੇਸ਼ ਹੋਇਆ। ਬਾਅਦ ਵਿੱਚ ਕਿਸੇ ਨੇ ਦੱਸਿਆ; ਮੇਰੇ ਨਾਂ ‘ਤੇ ਲਗਭਗ ਸਰਬ-ਸੰਮਤੀ ਹੋ ਗਈ ਸੀ ਕਿ ਅਚਨਚੇਤ ਮੇਰਾ ਹੀ ਬਹੁਤ ਨਜ਼ਦੀਕੀ ਮਿੱਤਰ ਹਰਭਜਨ ਹਲਵਾਰਵੀ ਉੱਠ ਕੇ ਖੜਾ ਹੋ ਗਿਆ, “ਵਰਿਆਮ ਦਾ ਨਾਂ ਤਾਂ ਇਸ ਇਨਾਮ ਲਈ ਬੜਾ ਢੁਕਵਾਂ ਹੈ ਪਰ ਮੈਂ ਕੁੱਝ ਹੋਰ ਤਰ੍ਹਾਂ ਵੀ ਸੋਚਦਾ ਹਾਂ। ਵਰਿਆਮ ਨੇ ਤਾਂ ਅਜੇ ਬਹੁਤ ਇਨਾਮ ਲੈਣੇ ਹਨ, ਇਸਤੋਂ ਵੀ ਵੱਡੇ ਇਨਾਮ! ਤੇ ਉਸ ਕੋਲ ਇਹ ਇਨਾਮ ਲੈਣ ਲਈ ਬੜੀ ਉਮਰ ਪਈ ਹੈ ਪਰ —ਸਿੰਘ ਬੜੇ ਹੀ ਸਾਲਾਂ ਤੋਂ ਆਪਣੀ ਪੁੱਛ-ਗਿੱਛ ਨਾ ਹੋਣ ਕਰਕੇ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰਦਾ ਹੈ। ਇਸ ਵਾਰੀ ਜੇ ਆਪਾਂ ਇਹ ਇਨਾਮ ਉਸਨੂੰ ਦੇ ਦਈਏ! ਵਰਿਆਮ ਨੂੰ ਅਗਲੇ ਸਾਲ ਦੇ ਦਿਆਂਗੇ।”
ਬੋਰਡ ਦੇ ਦੂਜੇ ਮੈਂਬਰਾਂ ਦੇ ਹਿਸਾਬ ਨਾਲ ਤੇ ਮੇਰੀ ਆਪਣੀ ਸੋਚ ਅਨੁਸਾਰ ਵੀ ਉਸ ਬੋਰਡ ਵਿੱਚ ਮੇਰੀ ਵਕਾਲਤ ਕਰਨ ਵਾਲਾ ਸਭ ਤੋਂ ਵੱਡਾ ਹਮਾਇਤੀ ਤਾਂ ਹਲਵਾਰਵੀ ਹੀ ਹੋ ਸਕਦਾ ਸੀ! ਜੇ ਉਹ ਮੇਰੀ ਥਾਂ ਕਿਸੇ ਹੋਰ ਨੂੰ ਇਨਾਮ ਦੇ ਕੇ ਖ਼ੁਸ਼ ਸੀ ਤਾਂ ਦੂਜਿਆਂ ਨੂੰ ਕੀ ਇਤਰਾਜ਼ ਹੋ ਸਕਦਾ ਸੀ! ਤੇ ਇਨਾਮ ਉਸ ‘ਅਣਗੌਲੇ’ ਲੇਖਕ ਨੂੰ ਮਿਲ ਗਿਆ। ਅਗਲੇ ਸਾਲ ਕਿਹੜਾ ਰਾਜਾ ਤੇ ਕਿਹੜੀ ਪਰਜਾ! ਮੈਨੂੰ ਇਨਾਮ ਕਿਸ ਨੇ ਦੇਣਾ ਸੀ! ਖਿਸਕਦਾ ਖਿਸਕਦਾ ਇਹ ਇਨਾਮ ਮੈਨੂੰ 2003 ਵਿੱਚ ਮਿਲਿਆ।
ਮੈਨੂੰ ਕਿਸੇ ਵੀ ਇਨਾਮ-ਸਨਮਾਨ ਦੇ ‘ਦੇਰ’ ਨਾਲ ਮਿਲਣ ਦਾ ਕਦੀ ਵੀ ਦੁੱਖ ਨਹੀਂ ਹੋਇਆ। ਇਹ ਕਹਿ ਕੇ ਕਿਸੇ ਬਨਾਉਟੀ ਨਿਮਰਤਾ ਦਾ ਵਿਖਾਲਾ ਨਹੀਂ ਕਰ ਰਿਹਾ। ਮਿਲ ਗਏ ਇਨਾਮਾਂ ਬਾਰੇ ਤਾਂ ਸਗੋਂ ਇਹ ਵੀ ਸੋਚਦਾਂ ਕਿ ਜਦੋਂ ਵੀ ਇਹ ਇਨਾਮ ਮਿਲੇ, ਜੇ ਭਲਾ ਇਹ ਉਦੋਂ ਵੀ ਨਾ ਮਿਲਦੇ ਤਾਂ! ਹੱਥੋਂ ਛੁੱਟ ਕੇ ਕਈ ਸਾਲਾਂ ਤੱਕ ਅੱਗੇ ਨੂੰ ਰਿੜ੍ਹ ਜਾਣ ਵਾਲੇ ਇਨਾਮਾਂ ਦੀ ਵਾਰਤਾ ਹੁਣੇ ਸੁਣਾ ਕੇ ਹਟਿਆਂ। ਇਹ ਵੀ ਸ਼ੁਕਰ ਹੈ ਕਿ ਰਿੜ੍ਹਦੇ ਰਿੜ੍ਹਦੇ ਕਈ ਸਾਲਾਂ ਬਾਦ ਹੱਥ ਵਿੱਚ ਤਾਂ ਆ ਗਏ। ਕਈਆਂ ਚੰਗੇ-ਭਲੇ ਮਾਣਯੋਗ ਵੱਡੇ ਲੇਖਕਾਂ ਦੇ ਹੱਥੋਂ ਡਿੱਗੇ ਇਨਾਮ ਰਿੜ੍ਹ ਕੇ ਅਜਿਹੀ ਡੂੰਘੀ ਖੱਡ ਵਿੱਚ ਜਾ ਡਿੱਗੇ ਕਿ ਲੋਕ ਉਹਨਾਂ ਦੀ ਉਮਰ ਦੇ ਆਖ਼ਰੀ ਸਾਹਵਾਂ ਤੱਕ ਵੇਖਦੇ ਰਹੇ ਕਿ ਉਹਨਾਂ ਨੂੰ ਹੁਣ ਵੀ ਇਨਾਮ ਮਿਲਿਆ, ਹੁਣ ਵੀ ਮਿਲਿਆ! ਲੋਕਾਂ ਦੀ ਉਡੀਕ ਨਾ ਮੁੱਕੀ ਪਰ ਲੇਖਕਾਂ ਦੇ ਸਾਹ ਮੁੱਕ ਗਏ। ਇਨਾਮ-ਵਿਹੂਣੇ ਤੁਰ ਗਏ ਇਨਾਮ ਦੇ ਹੱਕਦਾਰ ਲੇਖਕ ਫਿਰ ਵੀ ਵੱਡੇ ਲੇਖਕ ਹੀ ਰਹੇ ਜਦ ਕਿ ਇਨਾਮ ਦੇਣ ਵਾਲਿਆਂ ਅਦਾਰਿਆਂ ਦੇ ਕੱਦ ਉਹਨਾਂ ਅੱਗੇ ਛੋਟੇ ਹੋ ਗਏ! ਇਨਾਮਾਂ-ਸਨਮਾਨਾਂ ਦਾ ਮਿਲਣਾ ਕਿਸੇ ਲੇਖਕ ਨੂੰ ‘ਉੱਤਮ’ ਜਾਂ ਨਾ ਮਿਲਣਾ ‘ਘੱਟ ਉੱਤਮ’ ਨਹੀਂ ਬਣਾ ਸਕਦਾ।
ਇਹ ਠੀਕ ਹੈ ਕਿ ਇਨਾਮ ਮਿਲਣ ਨਾਲ ਲੇਖਕ ਦੀ ਥੋੜ੍ਹੀ ਬਹੁਤ ਮਾਲੀ ਮਦਦ ਹੋ ਜਾਂਦੀ ਹੈ, ਚਾਰ ਕੁ ਦਿਨ ਅਖ਼ਬਾਰਾਂ ਵਿੱਚ ਚਰਚਾ ਜਿਹੀ ਹੋ ਜਾਂਦੀ ਹੈ। ਥੋੜ੍ਹਾ ਕੁ ਹੁਲਾਰਾ ਦੇ ਕੇ ਪੀਂਘ ਆਪਣੇ ਆਪ ਹੇਠਾਂ ਆਉਣੀ ਸ਼ੁਰੂ ਹੋ ਜਾਂਦੀ ਹੈ। ਲੇਖਕ ਫਿਰ ਧਰਤੀ ‘ਤੇ ਆ ਜਾਂਦਾ ਹੈ। ਸੁਨਹਿਰੀ ਝਾਲ ਛੇਤੀ ਹੀ ਝੜ ਜਾਂਦੀ ਹੈ। ਕੁੱਝ ਸਾਲਾਂ ਬਾਅਦ ਲੋਕ ਇਹ ਭੁੱਲ ਭੁਲਾ ਵੀ ਜਾਂਦੇ ਹਨ ਕਿ ਇਸਨੂੰ ਕਿਹੜਾ ਇਨਾਮ ਮਿਲਿਆ ਸੀ ਜਾਂ ਨਹੀਂ ਵੀ ਸੀ ਮਿਲਿਆ। ਉਹਨਾਂ ਨੂੰ ਤਾਂ ਯਾਦ ਰਹਿਣ ਵਾਲੀ ਹੈ ਉਸਦੀ ਰਚਨਾ ਦੀ ਤਾਕਤ। ਤਾਕਤ-ਵਿਹੁਰੀਂ ਰਚਨਾ ਵਾਲਾ ਲੇਖਕ ਆਪਣੇ ਸਿਰ ‘ਤੇ ਜਿੰਨੇ ਚਾਹੇ ਮੁਕਟ ਸਜਾਈ ਫਿਰੇ; ਸੁਹਿਰਦ ਪਾਠਕ ਨੂੰ ਉਸਦਾ ਇਹ ਬਣਾਓ-ਸ਼ਿੰਗਾਰ ਕਿਸੇ ਜੋਕਰ ਦੀ ਸ਼ਿੰਗਾਰੀ ਹੋਈ ਟੋਪੀ ਤੋਂ ਵੱਧ ਨਹੀਂ ਲੱਗਦਾ।
ਇਨਾਮ-ਸਨਮਾਨ ਉਹੋ ਹੀ ਚੰਗੇ ਜਿਹੜੇ ਪੱਕੇ ਬੇਰਾਂ ਵਾਂਗ ਝੜ ਕੇ ਆਪਣੇ ਆਪ ਤੁਹਾਡੀ ਝੋਲੀ ਵਿੱਚ ਡਿਗ ਪੈਣ। ਤੁਹਾਨੂੰ ਆਪ ਬੇਰੀ ਉੱਤੇ ਚੜ੍ਹ ਕੇ, ਕੰਡੇ ਮਰਵਾ ਕੇ, ਡੰਡੇ ਮਾਰ ਕੇ, ਲਹੂ-ਲੁਹਾਨ ਹੋ ਕੇ ਉਹਨਾਂ ਨੂੰ ਕੱਚਿਆਂ-ਪਿਲਿਆਂ ਨੂੰ ਤੋੜਨਾ-ਭਰੂਹਣਾ ਨਾ ਪਵੇ! ਮੇਰਾ ਮੰਨਣਾਂ ਹੈ ਕਿ ਮੈਨੂੰ ਜਿਹੜੇ ਵੀ ਇਨਾਮ-ਸਨਮਾਨ ਜਦੋਂ ਵੀ ਮਿਲੇ ਉਹੋ ਹੀ ਉਹਨਾਂ ਦੇ ‘ਪੱਕਣ’ ਦੀ ਸਹੀ ਰੁੱਤ ਸੀ। ਇਹ ਵੀ ਸੰਤੁਸ਼ਟੀ ਹੈ ਕਿ ਕਦੀ ਮੂੰਹ ‘ਚ ਪਾਣੀ ਭਰ ਕੇ ਇਹਨਾਂ ‘ਬੇਰਾਂ’ ਵੱਲ ਵੇਖਿਆ ਤੱਕ ਨਹੀਂ। ਪੱਕ ਕੇ ਆਪਣੇ ਆਪ ਹੀ ਇਹ ਮੇਰੀ ਝੋਲੀ ਵਿੱਚ ਡਿੱਗਦੇ ਰਹੇ ਹਨ।
ਆਪਣੇ ਬੇਟੇ ਸੁਪਨਦੀਪ ਦੀ ਸ਼ਾਦੀ ਕਰਨ ਅਸੀਂ ਦੋਵੇਂ ਜੀਅ ਕਨੇਡਾ ਗਏ ਹੋਏ ਸਾਂ ਕਿ ਮੇਰੇ ਮਿੱਤਰ ਰਘਬੀਰ ਸਿੰਘ ਸਿਰਜਣਾ ਨੇ ਚੰਡੀਗੜ੍ਹੋਂ ਫ਼ੋਨ ‘ਤੇ ਦੱਸਿਆ ਕਿ ਆਪਣੀ ਝੋਲੀ ਵਿੱਚ ਝਾਤੀ ਮਾਰ ਕੇ ਵੇਖਾਂ! ਸਾਹਿਤ ਅਕਾਦਮੀ ਦਾ ਪੁਰਸਕਾਰ ਮੇਰੀ ਝੋਲੀ ਵਿੱਚ ਖਿੜਖਿੜਾ ਰਿਹਾ ਸੀ।।
ਮਹੀਨੇ ਬਾਅਦ ਘਰ ਪਰਤੇ ਤਾਂ ਮੇਰੀਆਂ ਧੀਆਂ ਨੇ ਮੇਰੇ ਪਿਆਰਿਆਂ ਦੇ ਆਏ ਵਧਾਈ ਸੰਦੇਸ਼ਾਂ ਵਾਲੇ ਫ਼ੋਨਾਂ ਦੀ ਸੂਚੀ ਅਤੇ ਚਿੱਠੀਆਂ ਦਾ ਥੱਬਾ ਮੈਨੂੰ ਫੜਾਇਆ। ਉਹਨਾਂ ਨੇ ਇਨਾਮ ਮਿਲਣ ‘ਤੇ ਮੇਰੇ ਬਾਰੇ ਛਪੀਆਂ ਖ਼ਬਰਾਂ ਵਾਲੇ ਅਖ਼ਬਾਰ ਵੀ ਸਾਂਭ ਕੇ ਰੱਖੇ ਹੋਏ ਸਨ। ਸਭ ਤੋਂ ਵੱਧ ਤਸੱਲੀ ਮੈਨੂੰ ਅੰਗਰੇਜ਼ੀ ਟ੍ਰਿਬਿਊਨ ਵਿੱਚ ਛਪੇ ਤੇ ਨਿਰਮਲ ਸੰਧੂ ਦੇ ਲਿਖੇ ਨਿੱਕੇ ਜਿਹੇ ਆਰਟੀਕਲ ਨੇ ਦਿੱਤੀ। ਉਸਨੇ ਮੇਰੀ ਆਤਮਾਂ ਨੂੰ ਪਛਾਣ ਕੇ ਇਹ ਲੇਖ ਲਿਖਿਆ ਸੀ। ਆਪਣੇ ਬਾਰੇ ਜਿਹੜੇ ਦਾਅਵੇ ਕਰਕੇ ਆਪ ਹੀ ਮੀਆਂ-ਮਿੱਠੂ ਬਣਦਾ ਰਿਹਾਂ, ਨਿਰਮਲ ਸੰਧੂ ਨੇ ਉਸਦੀ ਸਹੀ ਗਵਾਹੀ ਪਾਈ ਸੀ। ਆਪਣੇ ਕਿਰਦਾਰ ਦੇ ਗਵਾਹ ਵਜੋਂ ਹੀ ਇਸ ਆਰਟੀਕਲ ਨੂੰ ਪਾਠਕਾਂ ਦੀ ਨਜ਼ਰ ਗੋਚਰੇ ਕਰਨਾ ਚਾਹੁੰਦਾ ਹਾਂ। ਇਸ ਦਾ ਸਿਰਲੇਖ ਸੀ, ‘ਇਕ ਇਨਾਮ; ਜਿਸਦੀ ਬੜੇ ਚਿਰ ਤੋਂ ਉਡੀਕ ਸੀ!’
‘ਇਹ ਖ਼ਬਰ ਸੁਣ ਕੇ ਬਹੁਤ ਹੈਰਾਨੀ ਹੋਈ ਕਿ ਵਰਿਆਮ ਸਿੰਘ ਸੰਧੂ ਨੂੰ ਸਾਹਿਤ ਅਕਦਾਮੀ ਇਨਾਮ ਮਿਲ ਗਿਆ ਹੈ। ਹੈਰਾਨੀ ਇਸ ਲਈ ਨਹੀਂ ਹੋਈ ਕਿ ਉਹ ਇਸ ਦੇ ਲਾਇਕ ਨਹੀਂ, ਬਲਕਿ ਇਹ ਇਨਾਮ ਉਸਨੂੰ ਬਹੁਤ ਚਿਰ ਪਹਿਲਾਂ ਹੀ ਮਿਲ ਗਿਆ ਹੋਣਾ ਚਾਹੀਦਾ ਸੀ। ਪਰ ਹਾਲਾਤ ਇਸਦੇ ਭਾਰੀ ਖ਼ਿਲਾਫ਼ ਸਨ।
ਇਸਦਾ ਪਹਿਲਾ ਕਾਰਨ ਤਾਂ ਉਸਦਾ ਆਪਣਾ ਸੁਭਾਅ ਹੈ। ਬਹੁਤ ਸ਼ਰਮੀਲੇ ਤੇ ਅਣਖੀਲੇ ਸੁਭਾਅ ਦਾ ਹੋਣ ਕਰਕੇ ਉਹ ਇਸ ਇਨਾਮ ਨੂੰ ਪਾਉਣ ਦੀ ਕੋਸ਼ਿਸ਼ ਕਰ ਹੀ ਨਹੀਂ ਸਕਦਾ। ਅੱਜ ਕੱਲ ਇਨਾਮ ‘ਮਿਲਦੇ’ ਨਹੀਂ, ਸਗੋਂ ‘ਪ੍ਰਾਪਤ’ ਕੀਤੇ ਜਾਂਦੇ ਹਨ। ਵਰਿਆਮ ਤਾਂ ਇਸ ਤਰ੍ਹਾਂ ਦਾ ਬੰਦਾ ਹੈ ਕਿ ਜੇ ਉਸਨੂੰ ਇਨਾਮ ਲੈਣ ਬਾਰੇ ਪੁੱਛਿਆ ਜਾਵੇ ਤਾਂ ਉਹ ਆਪ ਲੈਣ ਦੀ ਬਜਾਏ ਕਿਸੇ ਦੋਸਤ ਨੂੰ ਦਿਵਾ ਦੇਣਾ ਠੀਕ ਸਮਝੇਗਾ।
ਦੂਜੀ ਗੱਲ ਕਿ ਉਹ ਪੈਦਾਇਸ਼ੀ ਜੱਟ ਹੈ ਅਤੇ ਉਹ ਵੀ ਮਾਝੇ ਦਾ; ਜਿੱਥੇ ਕਲਮ ਦੀ ਤਾਕਤ ਨਾਲੋਂ ਸਰੀਰਕ ਤਾਕਤ ਜ਼ਿਆਦਾ ਮਾਇਨੇ ਰੱਖਦੀ ਰਹੀ ਹੈ। ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਪੱਟੀ ਦਾ ਪਿੰਡ ਸੁਰ ਸਿੰਘ; ਜਿੱਥੇ ਵਰਿਆਮ ਪੜ੍ਹਿਆ-ਲਿਖਿਆ, ਪਲ ਕੇ ਵੱਡਾ ਹੋਇਆ, ਅਧਿਆਪਕ ਬਣਿਆ; ‘ਗਦਰੀ ਬਾਬਿਆਂ ਦੀ ਧਰਤੀ’ ਵਜੋਂ ਜਾਣਿਆ ਜਾਂਦਾ ਹੈ। ਅੱਤਵਾਦ ਦੇ ਦਿਨਾਂ ਦੌਰਾਨ ਇਹ ਪਿੰਡ ਹਮੇਸ਼ਾਂ ਸੁਰਖ਼ੀਆਂ ਵਿੱਚ ਰਿਹਾ। ਪਹਿਲਵਾਨ ਕਰਤਾਰ ਸਿੰਘ ਇਸੇ ਪਿੰਡ ਨਾਲ ਸੰਬੰਧ ਰੱਖਦਾ ਹੈ। ਸਿਰਫ਼ ਇਹ ਪਿੰਡ ਹੀ ਨਹੀਂ ਸਗੋਂ ਸਾਰਾ ਇਲਾਕਾ ਹੀ ਸਿਰਜਣਾਤਮਕ ਲੇਖਕਾਂ ਤੋਂ ਵਿਹੂਣਾ ਰਿਹਾ ਹੈ। ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਤੇ ਨਾਵਲਕਾਰ ਨਾਨਕ ਸਿੰਘ ਜ਼ਰੂਰ ਅੰਮ੍ਰਿਤਸਰ ਸ਼ਹਿਰ ਦੇ ਕੋਲ ਅਤੇ ਵਿੱਚ ਰਹੇ। ਵਰਿਆਮ ਉੱਤੇ ਥੋੜ੍ਹਾ ਜਿਹਾ ਉਹਨਾਂ ਦਾ ਪ੍ਰਭਾਵ ਹੋ ਸਕਦਾ ਹੈ। ਪਰ ਇਹੋ ਜਿਹੇ ਮਾਹੌਲ ਵਿੱਚ ਪਲਿਆ ਵਰਿਆਮ ਲੇਖਕ ਕਿਵੇਂ ਬਣ ਗਿਆ, ਇਹ ਵੀ ਹੈਰਾਨੀ ਵਾਲੀ ਗੱਲ ਹੈ!
ਪਿਛਲੀਆਂ ਗੱਲਾਂ ਨੂੰ ਚੇਤੇ ਕਰਦਿਆਂ ਵਰਿਆਮ ਦਾ ਕਹਿਣਾ ਹੈ, “ਮੈਨੂੰ ਲੱਗਦਾ ਹੈ ਕਹਾਣੀ ਦਾ ਬੀਜ ਮੇਰੇ ਅੰਦਰ ਉਦੋਂ ਫੁੱਟਿਆ, ਜਦੋਂ ਮੈਂ ਛੋਟਾ ਹੁੰਦਾ ਅੱਧੀ ਰਾਤ ਤੱਕ ਆਪਣੀ ਦਾਦੀ ਦੀ ਗੋਦੀ ਵਿੱਚ ਬੈਠਾ ਕਹਾਣੀਆਂ ਸੁਣਦਾ ਰਹਿੰਦਾ ਸਾਂ ਤੇ ਫਿਰ ਤੜਕੇ ਸਵੇਰੇ ਦਾਦੇ ਨਾਲ ਗੁਰਦੁਆਰੇ ਜਾ ਕੇ ਭਾਈ ਕੋਲੋਂ ਬੜੇ ਧਿਆਨ ਨਾਲ ਕਥਾ ਸੁਣਿਆਂ ਕਰਦਾ ਸਾਂ।”
ਜਦੋਂ ਮੈਂ ਵਰਿਆਮ ਸਿੰਘ ਸੰਧੂ ਦਾ ਕਹਾਣੀ-ਸੰਗ੍ਰਹਿ ‘ਲੋਹੇ ਦੇ ਹੱਥ’ (1971) ਪੜ੍ਹਿਆ, ਉਸ ਵੇਲੇ ਮੈਂ ਕਾਲਜ ਵਿੱਚ ਸਾਂ। ਸਮਾਜਕ ਬੇ-ਇਨਸਾਫ਼ੀ ਤੇ ਤੰਗੀਆਂ-ਤਕਲੀਫ਼ਾ ਬਾਰੇ ਲਿਖੀਆਂ ਇਹ ਕਹਾਣੀਆਂ ਕਿਸੇ ਦੇ ਵੀ ਜਵਾਨ ਖ਼ੂਨ ਨੂੰ ਸਥਾਪਤੀ ਵਿਰੁੱਧ ਗਰਮਾ ਸਕਦੀਆਂ ਸਨ। ਇਹ ਸਭ ਨਕਸਲੀ ਅੰਦੋਲਨ ਦੀ ਦੇਣ ਸੀ। ਵਰਿਆਮ ਨੂੰ ਇਸ ਲਈ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਸੀ ਕਿ ਉਸਨੂੰ ਕੁੱਝ ਨਕਸਲੀ ਮੁੰਡੇ ਮਿਲਣ ਆਉਂਦੇ ਸਨ। ਪਿੰਡ ਦੇ ਕੁੱਝ ਵਡੇਰੇ ਪੁਲਿਸ ਸਟੇਸ਼ਨ ਜਾ ਕੇ ਉਸਨੂੰ ਛੁਡਵਾ ਕੇ ਲਿਆਏ ਸਨ।
ਫ਼ਿਰ ਕ੍ਰਮਵਾਰ ਵਰਿਆਮ ਦੀ ਦੂਜੀ ਕਿਤਾਬ ‘ਅੰਗ-ਸੰਗ’ (1979), ਤੀਜੀ ਕਿਤਾਬ ‘ਭੱਜੀਆਂ ਬਾਹੀਂ’ (1987) ਅਤੇ ਚੌਥੀ ‘ਚੌਥੀ ਕੂਟ’ (1998) ਪ੍ਰਕਾਸ਼ਿਤ ਹੋਈਆਂ। ਇਹਨਾਂ ਕਿਤਾਬਾਂ ਵਿੱਚ ਵਰਿਆਮ ਦੀ ਸੋਚ ਅਤੇ ਸੁਲਝੀ ਹੋਈ ਕਹਾਣੀ-ਸ਼ਿਲਪ ਪੇਸ਼ ਹੁੰਦੀ ਹੈ। ਉਹਦੀਆਂ ਕਹਾਣੀਆਂ ਆਮ ਤੌਰ ‘ਤੇ ਲੰਮੀਆਂ ਹੁੰਦੀਆਂ ਹਨ, ਪਰ ਆਪਣੀ ਗ੍ਰਿਫ਼ਤ ਤੋਂ ਬੰਦੇ ਨੂੰ ਬਾਹਰ ਨਹੀਂ ਨਿਕਲਣ ਦਿੰਦੀਆਂ। ਉਸਦੇ ਪਾਤਰ, ਜੋ ਪੇਂਡੂ ਮੱਧ ਵਰਗੀ ਪਰਿਵਾਰਾਂ ਵਿੱਚੋਂ ਲਏ ਗਏ ਹੁੰਦੇ ਹਨ, ਹਰ ਕਹਾਣੀ ਵਿੱਚ ਆਪਣੀ ਵੱਖਰੀ ਛਾਪ ਛੱਡ ਜਾਂਦੇ ਹਨ। ਉਹ ਵੀ ਲੇਖਕ ਵਾਂਗ ਬੇਹਤਰ ਜ਼ਿੰਦਗੀ ਲਈ ਲਗਾਤਾਰ ਸੰਘਰਸ਼ ਕਰਦੇ ਹਨ।
ਭਾਵੇਂ ਪੰਜਾਬ ਵਿੱਚ ਪੀਐੱਚ ਡੀ ਦੀ ਡਿਗਰੀ ਪ੍ਰਾਪਤ ਹੋਰ ਕਈ ਲੋਕ ਯੂਨੀਵਰਸਿਟੀਆਂ ਵਿੱਚ ਉੱਚੇ ਅਹੁਦੇ ਹਾਸਲ ਕਰੀ ਬੈਠੇ ਹਨ ਪਰ ਸਿਰਜਣਾਤਮਕ ਲੇਖਕਾਂ ਨੂੰ ਯੂਨੀਵਰਸਿਟੀਆਂ ਵੱਲੋਂ ਸਦਾ ਅੱਖੋਂ ਓਹਲੇ ਹੀ ਕੀਤਾ ਜਾਂਦਾ ਰਿਹਾ ਹੈ ਅਤੇ ਮਾਇਕ ਪੱਖੋਂ ਵੀ ਉਹਨਾਂ ਦੇ ਹੱਥ ਤੰਗ ਰਹਿੰਦੇ ਹਨ। ਵਰਿਆਮ ਸ਼ਾਇਦ ਸੁਰ ਸਿੰਘ ਦੇ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰਦਿਆਂ ਆਪਣੀਆਂ ਅਕਾਦਮਿਕ ਤੇ ਸਿਰਜਣਾਤਮਕ ਪ੍ਰਾਪਤੀਆਂ ਉੱਤੇ ਝੂਰਦਾ ਰਹਿ ਜਾਂਦਾ ਜੇ ਉਸਦੇ ਦੋਸਤ ਅਤੇ ਸ਼ੁਭ-ਚਿੰਤਕ, ਖ਼ਾਸ ਤੌਰ ਹਰਭਜਨ ਹਲਵਾਰਵੀ ਵਰਗੇ, ਉਸਨੂੰ ਸਕੂਲ-ਅਧਿਆਪਕੀ ਛੱਡਕੇ ਜਲੰਧਰ ਸ਼ਹਿਰ ਦੇ ਲਾਇਲਪੁਰ ਖ਼ਾਲਸਾ ਕਾਲਜ ਵਿੱਚ ਆਉਣ ਲਈ ਪ੍ਰੇਰਿਤ ਨਾ ਕਰਦੇ।
ਆਮ ਤੌਰ ‘ਤੇ ਪੰਜਾਬੀ ਦੀ ਵਕਾਲਤ ਕਰਨ ਵਾਲੇ ਪੰਜਾਬੀ ਲੇਖਕ, ਜੇ ਉਹਨਾਂ ਬਾਰੇ ਅੰਗਰੇਜ਼ੀ ਵਿੱਚ ਲਿਖਿਆ ਜਾਵੇ, ਤਾਂ ਕੁੱਝ ਜ਼ਿਆਦਾ ਹੀ ਉਤਸ਼ਾਹ ਵਿੱਚ ਆ ਜਾਂਦੇ ਹਨ। ਆਮ ਤੌਰ ‘ਤੇ ਤੁਸੀਂ ਕਿਸੇ ਲੇਖਕ ਨੂੰ ਅੰਗਰੇਜ਼ੀ ਵਿੱਚ ਛਾਪਣ ਲਈ ਇੰਟਰਵਿਊ ਦੇਣ ਵਾਸਤੇ ਆਖ ਕੇ ਵੇਖੋ ਸਹੀ, ਉਹ ਓਸੇ ਵੇਲੇ ਤੁਹਾਡੇ ਘਰ ਆਪਣੀਆਂ ਕਿਤਾਬਾਂ ਅਤੇ ਤਸਵੀਰਾਂ ਦੇ ਢੇਰ ਚੁੱਕੀ ਆਣ ਹਾਜ਼ਰ ਹੋਵੇਗਾ। ਮੈਂ ‘ਟ੍ਰਿਬਿਊਨ’ ਵਿੱਚ ‘ਪੰਜਾਬੀ ਸਾਹਿਤ ਦੀ ਖਿੜਕੀ’ ਨਾਮ ਦੇ ਕਾਲਮ ਲਈ ਵਰਿਆਮ ਨੂੰ ਮਿਲਣ ਅਤੇ ਆਪਣੀ ਤਸਵੀਰ ਲਿਆਉਣ ਦੀ ਬੇਨਤੀ ਕੀਤੀ। ਉਸਨੇ ਮੇਰੀ ਚਿੱਠੀ ਦੇ ਜਵਾਬ ਵਿੱਚ ਨਾ ਤਾਂ ਮੈਨੂੰ ਮਿਲਣ ਦਾ ਕੋਈ ਜ਼ਿਕਰ ਕੀਤਾ ਤੇ ਨਾ ਹੀ ਆਪਣੀ ਤਸਵੀਰ ਭੇਜੀ। ਉਸਦੇ ਪੱਤਰ ਵਿੱਚ ਸਾਡੇ ਦੋਹਾਂ ਦੇ ਸਾਂਝੇ ਰਿਸ਼ਤੇਦਾਰਾਂ ਦੇ ਜ਼ਿਕਰ ਤੋਂ ਸਿਵਾ ਹੋਰ ਕੋਈ ਜਾਣਕਾਰੀ ਨਹੀਂ ਸੀ। ਮੈਨੂੰ ਉਸਦੀਆਂ ਕਿਤਾਬਾਂ ਖ਼ੁਦ ਖ਼ਰੀਦ ਕੇ ਆਪਣੇ ਆਪ ਉਸ ਬਾਰੇ ਕਾਲਮ ਲਿਖਣਾ ਪਿਆ ਅਤੇ ਕਾਲਮ ਬਿਨਾਂ ਉਸਦੀ ਤਸਵੀਰ ਦੇ ਪ੍ਰਕਾਸ਼ਿਤ ਹੋਇਆ। ਵਰਿਆਮ ਤੋਂ ਇਲਾਵਾ ਸਿਰਫ਼ ਇੱਕ ਹੋਰ ਲੇਖਕ ਨੇ ਮੈਨੂੰ ਇੰਟਰਵਿਊ ਦੇਣ ਤੋਂ ਇਨਕਾਰ ਕੀਤਾ ਸੀ- ਉਹ ਸੀ, ਪਾਸ਼! (ਉਹ ਵੀ ਸੰਧੂ ਸੀ- ਅਵਤਾਰ ਸਿੰਘ ਸੰਧੂ) ਉਹ ਮੈਨੂੰ ਮਿਲਣ ਲਈ ਰਾਜ਼ੀ ਹੋ ਗਿਆ ਸੀ, ਪਰ ਬਾਵਜੂਦ ਇਸ ਦੇ ਕਿ ਉਹ ਮੇਰੇ ਕੋਲ ਆਉਂਦਾ, ਉਹ ਐਨ ਵੇਲੇ ‘ਤੇ ਮੈਨੂੰ ਛੱਡ ਕੇ ਆਪਣੇ ਦੋਸਤ ਸ਼ਮਸ਼ੇਰ ਸਿੰਘ ਸੰਧੂ ਨਾਲ ਰੋਜ਼ ਗਾਰਡਨ ਚਲਾ ਗਿਆ।
ਹੁਣ ਮੈਨੂੰ ਸਮਝ ਆਉਂਦੀ ਹੈ ਕਿ ਅੰਗਰੇਜ਼ੀ ਅਖ਼ਬਾਰਾਂ ਦੇ ਉਹਨਾਂ ਪੱਤਰਕਾਰਾਂ ਨੇ- ਜਿਹੜੇ ਹਰ ਵੇਲੇ ਕਿਸੇ ਪੌਪ ਗਾਇਕ ਜਾਂ ਕਿਸੇ ਮਾਡਲ ਬਾਰੇ ਲਿਖ ਕੇ ਸਫ਼ਿਆਂ ਦੇ ਸਫ਼ੇ ਕਾਲੇ ਕਰਨ ਲਈ ਤਿਆਰ ਰਹਿੰਦੇ ਨੇ- ਵਰਿਆਮ ਬਾਰੇ ਕੁੱਝ ਕਿਓਂ ਨਹੀਂ ਲਿਖਿਆ! ਇੱਕ ਤਰ੍ਹਾਂ ਨਾਲ ਇਹ ਉਸ ਲਈ ਚੰਗਾ ਹੀ ਹੈ, ਕਿਉਂਕਿ ਜੇ ਉਹ ਚੰਡੀਗੜ੍ਹ ਆਇਆ ਹੁੰਦਾ, ਤਾਂ ਉਸਨੂੰ ਹਰ ਵੇਲੇ ਬੱਬਲ-ਗਮ ਚਬਾਉਂਦੇ ਰਹਿਣ ਵਾਲੇ ਛੋਕਰੇ ਜਿਹੇ ਪੱਤਰਕਾਰਾਂ ਤੋਂ ਇਹ ਸੁਣ ਕੇ ਕਿ ‘ਅੰਕਲ ਤੁਸੀਂ ਕੀ ਲਿਖਦੇ ਹੋ?’ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ।
ਵਰਿਆਮ ਸਿੰਘ ਸੰਧੂ ਨੂੰ ਸਾਹਿਤ ਅਕਾਦਮੀ ਦੇ ਇਨਾਮ ਲਈ ਚੁਣ ਕੇ ਅਕਾਦਮੀ ਨੇ ‘ਪੱਖਪਾਤ’ ਦੀ ਥਾਂ ((ਜੋ ਕਿ ਆਮ ਜਿਹੀ ਗੱਲ ਹੈ) ‘ਪ੍ਰਤਿਭਾ’ ਨੂੰ ਸਿਰ ਝੁਕਾਇਆ ਹੈ (ਜੋ ਕਿ ਘੱਟ-ਵੱਧ ਹੀ ਨਜ਼ਰ ਆਉਂਦਾ ਹੈ)। ਸ਼ਾਇਦ ਅਕਾਦਮੀ ਕੋਲ ਉਸਨੂੰ ਇਨਾਮ ਦੇਣ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ। ਪਰ ਵਰਿਆਮ ਨਾਲੋਂ ਇਸ ਇਨਾਮ ਦਾ ਵੱਧ ਹੱਕਦਾਰ ਕੌਣ ਹੈ? ਉਸਨੂੰ ਇਨਾਮ ਦੇ ਕੇ ਅਕਾਦਮੀ ਨੇ ਆਪਣੇ ਡਿੱਗਦੇ ਹੋਏ ਮਿਆਰ ਨੂੰ ਹੀ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ।’
-ਵਰਿਆਮ ਸਿੰਘ ਸੰਧੂ