ਇਹ ਪਾਤਰ ਸੁਰਜੀਤ ਹੀ ਰਹਿਣਾ -ਸੁਖਪਾਲ

(1)ਇਹ ਪਾਤਰ ਸੁਰਜੀਤ ਹੀ ਰਹਿਣਾ … -ਸੁਖਪਾਲ
______________________________
ਉਹ ਪੁਰਖ ਚਲਾ ਗਿਆ ਜਿਸਦਾ ਨਾਮ ‘ਸੁਰ’ ਨਾਲ ਸ਼ੁਰੂ ਹੁੰਦਾ ਸੀ। ਇਹ ਸੁਭਾਵਕ ਹੀ ਸੀ ਕਿ ਉਹਦੀ ਕਵਿਤਾ ਲੈਅ ਵਿਚ ਹੁੰਦੀ।
‘ਮਨੁੱਖ’ ਸ਼ਬਦ ਮਨ ਤੋਂ ਆਇਆ ਹੈ। ਏਸ ਅਰਥ ਵਿਚ ਅਸੀਂ ਸਾਰੇ ਮਨੁੱਖ ਹਾਂ। ‘ਪੁਰਖ’ ਸ਼ਬਦ ਪੁਰ (ਨਗਰ) ਤੋਂ ਆਇਆ ਹੈ। ਪਾਤਰ ਉਹ ਨਗਰ ਸੀ ਜਿਸ ਅੰਦਰ ਸੈਂਕੜੇ ਸੰਵੇਦਨਾਵਾਂ, ਭਾਵਨਾਵਾਂ, ਵਿਚਾਰ, ਫ਼ਿਕਰ, ਮੋਹ, ਸ਼ਬਦ, ਸੁਰ ਰਾਗ ਤੇ ਰਿਸ਼ਤੇ ਵਸਦੇ ਸਨ। ਉਹ ਪੁਰਖ ਵੀ ਸੀ ਤੇ ਕਰਤਾ ਵੀ। ਪੰਜਾਬੀ ਕਵਿਤਾ ਦਾ ‘ਕਰਤਾ ਪੁਰਖ’।
ਪਾਤਰ ਇਕ ਲੰਮੀ ਨਦੀ ਦਾ ਨਾਮ ਹੈ। ਬੁੱਕ ਭਰਦਿਆਂ ਮੇਰੇ ਹੱਥ ਛੋਟੇ ਪੈ ਗਏ ਤਾਂ ਮੈਂ ਯਾਤਰਾ 6 ਪੜਾਵਾਂ ਵਿਚ ਵੰਡ ਲਈ। ਅੱਜ ਪਹਿਲਾ ਪੜਾਅ ਹੈ …
(1) ਸਿੱਕਾ ਤੇ ਸੋਨਾ
35 ਵਰ੍ਹੇ ਪਹਿਲਾਂ ਸੁਰਜੀਤ ਪਾਤਰ ਘਰ ਆਏ। ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਚੱਲੀ। ਮੈਂ ਪੁੱਛਿਆ : “ਏਹ ਕਿਵੇਂ ਵਾਪਰਦਾ ਹੈ ਕਿ ਇਕ ਸ਼ਖ਼ਸ 9 ਵਰ੍ਹੇ ਦੀ ਉਮਰ ਵਿਚ ਏਡੇ ਸਮਾਜ ਦੀ ਅਗਵਾਈ ਦੀ ਜ਼ਿੰਮੇਵਾਰੀ ਲੈਂਦਾ ਹੈ। ਸ਼ਸਤਰ-ਵਿੱਦਿਆ ਸਿਖਦਾ ਹੈ। ਹਰ ਸ਼ਸਤਰ ਦੀ ਆਪਣੀ ਵਿਦਿਆ ਹੈ, ਉਹ ਸਾਰੀਆਂ ਸਿੱਖਦਾ ਹੈ। ਫਿਰ ਸੈਂਕੜੇ ਹਜ਼ਾਰਾਂ ਨੂੰ ਸਿਖਾਉਂਦਾ ਹੈ। ਆਨੰਦਪੁਰ ਸਾਹਿਬ ਉਨ੍ਹਾਂ ਦਾ ਨੇਜ਼ਾ ਵੇਖ਼ ਕੇ ਮੈਂ ਹੈਰਾਨ ਹੋਇਆ। ਮੈਂ ਸ਼ਾਇਦ ਉਸ ਭਾਰੇ ਸ਼ਸਤਰ ਨੂੰ 10 ਮਿੰਟ ਵੀ ਹੱਥ ਤੇ ਲਗਾਤਾਰ ਨਾ ਰੱਖ ਸਕਾਂ। ਉਹ ਸਾਰਾ ਦਿਨ ਚੁੱਕ ਕੇ ਲੜਦੇ ਸੀ। 18 ਗ੍ਰੰਥ ਲਿਖੇ। ਸ਼ਾਇਦ ਏਨੇ ਕੁ ਸਰਸਾ ਨਦੀ ਵਿਚ ਰੁੜ੍ਹ ਵੀ ਗਏ। ਜਾਪ ਸਾਹਿਬ 8 ਭਾਸ਼ਾਵਾਂ ਵਿਚ ਹੈ। ਅਰਥਾਤ 8 ਭਾਸ਼ਾਵਾਂ ਦੀ ਵਿਆਕਰਣ ਵੀ ਸਿੱਖੀ ਹੋਏਗੀ। ਕਵੀ ਤਾਂ ਇਕ ਵੀ ਸੁਣਨਾ ਆਸਾਨ ਨਹੀਂ, ਉਹ 52 ਕਵੀਆਂ ਦੀ ਰਚਨਾ ਸੁਣਦੇ। ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ ਕਰਵਾਉਂਦੇ, ਅਨੁਵਾਦ ਵੇਖਦੇ ਪਰਖਦੇ ਦਸਦੇ। 19 ਕੁ ਲੜਾਈਆਂ ਵੀ ਲੜ ਲਈਆਂ। ਗੁਰੂ ਗ੍ਰੰਥ ਸਾਹਿਬ ਵੀ ਸੰਪਾਦਿਤ ਕਰ ਲਿਆ। 42 ਸਾਲ ਦੀ ਉਮਰ ਵਿਚ ਚਲੇ ਵੀ ਗਏ। ਬੰਦੇ ਵਿਚ ਉਹ ਕਿਹੜਾ ਕੇਂਦਰੀ ਗੁਣ ਹੁੰਦਾ ਹੈ ਜਿਸ ਨਾਲ ਇਹ ਸੰਭਵ ਹੁੰਦਾ ਹੈ ਕਿ ਉਹ ਮਹਿਜ਼ 33 ਵਰ੍ਹਿਆਂ ਵਿਚ ਹੀ ਏਨਾ ਕੁਝ ਕਰ ਲਏ, ਪੈਦਾ ਕਰ ਲਏ …?’
ਪਾਤਰ ਬੋਲੇ : “ਜਦੋਂ ਤੁਹਾਨੂੰ ਆਪਣੇ ਕਰਨ ਵਾਲਾ ਕੰਮ, ਆਪਣਾ ਮਕਸਦ ਪੂਰਾ ਸਪਸ਼ਟ ਹੋਵੇ, ‘ਤੇ ਤੁਸੀਂ ਪੂਰਾ ਤਾਣ ਲਾ ਕੇ ਕੰਮ ਕਰੋ, ਕਿਣਕਾ ਜਤਨ ਵੀ ਨਾ ਬਚਾਉ – ਤਾਂ ਸਾਲਾਂ ਵਿਚ ਹੋਣ ਵਾਲ਼ਾ ਕੰਮ ਤੁਸੀਂ ਕੁਝ ਹਫ਼ਤਿਆਂ ਵਿਚ ਕਰ ਦਿਓਗੇ। ਅਸੀਂ ਦੁੱਚਿਤੇ ਰਹਿੰਦੇ ਹਾਂ। ਇਸ ਲਈ ਦ੍ਰਿਸ਼ਟੀ ਦੇ ਟੋਟੇ ਹੋ ਜਾਂਦੇ ਹਨ, ਜਤਨ ਦੇ ਵੀ, ਤੇ ਕਾਰਜ ਵੀ। ਕਿਸੇ ਵੀ ਕਾਰਜ ਨੂੰ ਕਰਨ ਲਈ ਮਿਹਨਤ ਚਾਹੀਦੀ ਹੈ, ਕਿਸੇ ਵੀ ਪ੍ਰਾਪਤੀ ਨੂੰ ਕੀਮਤ ਚਾਹੀਦੀ ਹੈ। ਸਾਡੀ ਦੁਚਿੱਤੀ ਏਸ ਕਰਕੇ ਹੈ ਕਿ ਅਸੀਂ ਉਹ ਬਣਦੀ ਮਿਹਨਤ ਜਾਂ ਕੀਮਤ ਤਾਰਣ ਲਈ ਤਿਆਰ ਨਹੀਂ ਹੁੰਦੇ। ਜਿਸ ਸੁਤੰਤਰਤਾ ਲਈ ਗੁਰੂ ਜੀ ਲੜ ਰਹੇ ਸਨ, ਜੇ ਉਹਦੀ ਕੀਮਤ ਉਨ੍ਹਾਂ ਦੀ ਔਲਾਦ ਸੀ, ਜਾਂ ਉੱਜੜ ਜਾਣਾ ਸੀ – ਤਾਂ ਉਹ ਕੀਮਤ ਤਾਰਣ ਵੇਲ਼ੇ ਦੁਚਿੱਤੇ ਨਹੀਂ ਹੋਏ। ਨਾ ਕੋਈ ਦੁਚਿੱਤੀ ਉਨ੍ਹਾਂ ਦੀ ਕਵਿਤਾ ਵਿਚ ਦਿਸਦੀ ਹੈ।”
ਮੈਂ ਪੁੱਛਿਆ : “ਗੁਰੂ ਗੋਬਿੰਦ ਸਿੰਘ ਕਵੀ ਵੀ ਸਨ ਤੇ ਕਰਤਾ ਵੀ। ਕੀ ਜ਼ਰੂਰੀ ਹੈ – ਕਵੀ ਐਕਟਿਵਿਸਟ ਵੀ ਹੋਵੇ ?”
ਪਾਤਰ ਬੋਲੇ : “ਇਕਬਾਲ ਕਹਿੰਦਾ ਹੈ ਕਿ ਕਵੀ ਜਾਂ ਤਾਂ ਨੱਚਣ ਵਾਲ਼ਾ ਹੋ ਸਕਦਾ ਹੈ ਜਾਂ ਤਬਲੇ ਤੇ ਥਾਪ ਦੇਣ ਵਾਲ਼ਾ, ਪਰ ਦੋਵੇਂ ਨਹੀਂ ਹੋ ਸਕਦਾ। ਜਿਹੜਾ ਕਵੀ ਇਕ ਕਾਰਜ ਚੁਣਦਾ ਹੈ ਉਹ ਇਕਬਾਲ ਬਣਦਾ ਹੈ। ਜਿਹੜਾ ਕਵੀ ਲੜਦਾ ਵੀ ਹੈ ਤੇ ਲਿਖ਼ਦਾ ਵੀ, ਉਹ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਬਣਦਾ ਹੈ। ਸਾਡਾ ਵਿੱਤ ਘੱਟ ਹੋਵੇ ਤਾਂ ਇਕਬਾਲ ਵਾਲੇ ਪਾਸੇ ਚਲੇ ਜਾਂਦੇ ਹਾਂ, ਵਿੱਤ ਵਧ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਵਲ। ਤੁਸੀਂ ਮਿਹਨਤ ਕਰਕੇ ਆਪਣਾ ਵਿੱਤ ਵਧਾ ਸਕਦੇ ਹੋ, ਪਰ ਆਪਣੇ ਵਿੱਤ ਤੋਂ ਬਾਹਰ ਨਹੀਂ ਜਾ ਸਕਦੇ। ਵਿੱਤ ਵਧਣ ਦੀ ਉਡੀਕ ਵਿਚ ਉਮਰ ਭਰ ਘਰ ਬੈਠੇ ਰਹਿਣ ਨਾਲੋਂ ਚੰਗਾ ਹੈ, ਜਿੰਨਾ ਵਿੱਤ ਹੋਵੇ ਓਨਾ ਕੰਮ ਹੀ ਕਰ ਦੇਣਾ…”
ਮੈਂ ਪੁੱਛਿਆ : ‘ਬੰਦੇ ਦਾ ਵਿੱਤ ਘੱਟੋ ਘੱਟ ਕਿੰਨਾ ਕੁ ਹੋਣਾ ਚਾਹੀਦਾ ਹੈ ?’ ਮੁਸਕਰਾ ਕੇ ਬੋਲੇ : “ਏਨਾ, ਕਿ ਜ਼ਿੰਦਗੀ ਵਿਚ ਇਕ ਵਾਰੀ ਪੂਰੇ ਦਿਲ ਨਾਲ ਨਾਨਕ ਨੂੰ, ਕਬੀਰ ਨੂੰ, ਹਰਿਵੰਸ਼ ਰਾਏ ਜਾਂ ਇਕਬਾਲ ਨੂੰ – ਪੜ੍ਹ ਹੀ ਲਏ…”
*
ਮਹਿੰਦਰ ਸਿੰਘ ਰੰਧਾਵਾ ਦੇ ਚਲਾਣੇ ਮਗਰੋਂ ਸ਼ਰਧਾਂਜਲੀ ਦਿੰਦਿਆਂ ਪਾਤਰ ਨੇ ਖੇਤੀਬਾੜੀ ਯੂਨੀਵਰਸਿਟੀ ਦੇ ਸਾਹਿਤਕ ਪਰਚੇ ਵਿਚ ਲਿਖ਼ਿਆ : “ਰੰਧਾਵਾ ਜੋ ਕਹਿੰਦਾ ਸੀ ਉਹ ਹੋ ਜਾਂਦਾ ਸੀ, ਕਰ ਦਿੱਤਾ ਜਾਂਦਾ ਸੀ। ਉਹਦਾ ਬੋਲ ਹੀ ਉਹਦਾ ਕਰਮ ਬਣ ਜਾਂਦਾ। ਏਹ ਕਿਵੇਂ ਸੰਭਵ ਹੁੰਦਾ ਹੈ ? ਏਸ ਲਈ ਕਿ ਦੇਸ਼ ਦੀ ਸਰਕਾਰ ਕੋਲ ਓਨੀ ਹੀ ਕਰੰਸੀ ਹੋ ਸਕਦੀ ਹੈ ਜਿੰਨਾ ਉਸ ਕੋਲ ਸੋਨਾ ਹੋਵੇ। ਰੰਧਾਵੇ ਅੰਦਰ ਯੋਗਤਾ ਨਿਸ਼ਠਾ ਤੇ ਦ੍ਰਿਸ਼ਟੀ ਦਾ ਏਨਾ ਸੋਨਾ ਸੀ ਕਿ ਉਹਦੇ ਬੋਲ ਦੀ ਕਰੰਸੀ ਨਾਲ ਵੱਡੇ ਵੱਡੇ ਕੰਮ ਝਟਪਟ ਵਾਪਰ ਜਾਂਦੇ …”
*
20 ਸਾਲ ਪਹਿਲਾਂ ਮੈਂ ਵੈਨਕੂਵਰ ਵਿਚ ਸੁਰਜੀਤ ਪਾਤਰ ਦਾ ਕਵਿਤਾ ਪਾਠ ਸੁਣਿਆ। 20 ਡਾਲਰ ਦੀ ਟਿਕਟ ਲੈ ਕੇ ਢਾਈ ਸੌ ਬੰਦੇ ਕੁਰਸੀਆਂ ਤੇ ਬੈਠੇ ਸਨ, ਏਨੇ ਹੀ ਕੰਧਾਂ ਨਾਲ ਲੱਗ ਕੇ ਖੜੇ ਸਨ। ਦੋ ਘੰਟੇ ਮਗਰੋਂ ਪ੍ਰਬੰਧਕਾਂ ਨੇ ਬੇਨਤੀ ਕੀਤੀ ਕਿ ਸਭ ਲਈ ਪੀਜ਼ਾ ਆ ਗਿਆ ਹੈ, ਅੱਧੇ ਘੰਟੇ ਦਾ ਵਕਫ਼ਾਂ ਲਵਾਂਗੇ। ਕੋਈ ਆਪਣੀ ਥਾਂ ਤੋਂ ਨਹੀਂ ਹਿੱਲਿਆ। ਪੌਣੇ ਘੰਟੇ ਮਗਰੋਂ ਪਾਤਰ ਨੂੰ ਆਪ ਬੇਨਤੀ ਕਰਨੀ ਪਈ ਕਿ ਮੇਰੇ ਗਲ਼ੇ ਨੂੰ ਥੋੜ੍ਹੇ ਚਿਰ ਲਈ ਆਰਾਮ ਦੀ ਲੋੜ ਹੈ ਤਾਂ ਲੋਕ ਹਿੱਲੇ।
10 ਵਰ੍ਹੇ ਪਹਿਲਾਂ – ਸੁਰਜੀਤ ਪਾਤਰ ਬ੍ਰੈੰਪਟਨ ਦੇ ਰੋਜ਼ ਥੀਏਟਰ ਵਿਚ ਕਵਿਤਾ ਪੜ੍ਹਣ ਆਏ। 800 ਬੰਦਿਆਂ ਵਾਲ਼ੇ ਹਾਲ ਵਿਚ ਤਿਲ ਧਰਨ ਦੀ ਥਾਂ ਨਾ ਸੀ। ਪ੍ਰੋਗਰਾਮ ਮਗਰੋਂ ਕਈ ਜਣਿਆਂ ਰੋਸਾ ਕੀਤਾ : ‘ਪਾਤਰ ਕਵਿਤਾ ਵੇਚ ਕੇ ਪੈਸੇ ਇਕੱਠੇ ਕਰਦਾ ਫ਼ਿਰਦੈ”। ਨਵਤੇਜ ਭਾਰਤੀ ਨੇ ਕਿਹਾ : “ਮੈਨੂੰ ਪਾਤਰ ਤੇ ਮਾਣ ਹੈ। ਮੈਂ ਉਹਦਾ ਧੰਨਵਾਦੀ ਹਾਂ ਕਿ ਜਿਸ ਭਾਸ਼ਾ ਦੇ ਲੋਕ ਮੁਫ਼ਤ ਮਿਲੀ ਕਿਤਾਬ ਵੀ ਨਹੀਂ ਪੜ੍ਹਦੇ, ਪਾਤਰ ਮੇਰੀ ਉਸੇ ਭਾਸ਼ਾ ਦੀ ਕਵਿਤਾ ਨੂੰ ਓਸ ਮੁਕਾਮ ਤਕ ਲੈ ਆਇਆ ਹੈ ਕਿ ਲੋਕ 25 ਡਾਲਰ ਟਿਕਟ ਖਰਚ ਕੇ, ਘੰਟਿਆਂ ਬੱਧੀ ਖੜੇ ਰਹਿ ਕੇ ਵੀ ਕਵਿਤਾ ਸੁਣਨ ਨੂੰ ਤਿਆਰ ਹਨ ! ਪਾਤਰ ਨੇ ਕਵਿਤਾ ਨੂੰ ਉਹਦੇ ਹੱਕੀ ਸਿੰਘਾਸਨ ਤੇ ਲਿਆ ਬਿਠਾਇਆ ਹੈ।”
ਮੈਂ ਭਾਰਤੀ ਜੀ ਨੂੰ ਪੁੱਛਿਆ : ਪਾਤਰ ਦੀ ਪੰਜਾਬੀ ਸਾਹਿਤ ਜਾਂ ਸਭਿਆਚਾਰ ਨੂੰ ਵੱਡੀ ਦੇਣ ਕੀ ਹੈ ? ਉਹ ਬੋਲੇ : “ਸ਼ਿਵ ਕੁਮਾਰ ਸਾਡਾ ਵੱਡਾ ਕਵੀ ਸੀ। ਉਹਦੀ ਭਾਸ਼ਾ ਦੀ ਅਮੀਰੀ ਵਿਰਲੇ ਲੇਖਕਾਂ ਕੋਲ ਸੀ। ਪਰ ਲੂਣਾ-ਕਾਵਿ ਤੋਂ ਇਲਾਵਾ ਉਹਦੀ ਸੰਵੇਦਨਾ ਇਕਹਿਰੀ ਸੀ – ਬਿਰਹਾ ਦੀ ਪਰਿਕਰਮਾ ਵਿਚ ਬੱਝੀ। ਜਦ ਇਹ ਵਿਕਣ ਲੱਗ ਪਈ ਤਾਂ ਉਹ ਏਹਦਾ ਕੈਦੀ ਹੋ ਗਿਆ। ਜਦ ਨੂੰ ਉਹਨੇ ਏਹ ਦਾਇਰਾ ਭੰਨਣ ਦੀ ਕੋਸ਼ਿਸ਼ ਕੀਤੀ, ਉਹਦੇ ਕੋਲ ਸਮਾਂ ਮੁੱਕ ਗਿਆ। ਪਰ ਉਹਦੇ ਪ੍ਰਭਾਵ ਹੇਠ ਪੰਜਾਬ ਦੇ ਨੌਜੁਆਨ ਮੁੰਡੇ ਤੇ ਕੁੜੀਆਂ ਬਿਰਹਾ ਤੇ ਦੁੱਖ ਵਿਚ ਸਿਰ ਝੂੰਣਦੀ ਜਮਾਤ ਬਣ ਗਏ। ਉਨ੍ਹਾਂ ਦਾ ਕੋਈ ਸਮਾਜਕ ਫ਼ਿਕਰ ਨਾ ਰਿਹਾ, ਉਦੇਸ਼ ਮੁੱਕਣ ਲੱਗੇ। ਇਹ ਸ਼ਿਵ ਦਾ ਮਿਥਿਆ ਮਕਸਦ ਨਹੀਂ ਸੀ, ਪਰ ਵਾਪਰਿਆ ਇੰਜ ਹੀ। ਪਾਤਰ ਨੇ ਉਨ੍ਹਾਂ ਨੂੰ ਏਸ ਮਨੋਰੋਗ ਵਿਚੋਂ ਕੱਢਿਆ। ਦਿਖਾਇਆ ਕਿ ਲੋਕ ਕਿਸ ਦੁੱਖ ਤਕਲੀਫ਼ ਅਤੇ ਅਨਿਆਂ ਵਿਚ ਗਰਕ ਹਨ। ਇਹ ਕਹਿਣਾ ਸਹੀ ਨਹੀਂ ਕਿ ਪਾਤਰ ਸਰੋਦੀ ਸੁਰ ਨਾਲ ਆਪਣੇ ਪਾਠਕਾਂ ਨੂੰ ਸੁਆ ਦੇਂਦਾ ਹੈ। ਪਾਤਰ ਦੇ ਪਾਠਕ ਪਹਿਲੇ ਸਮਿਆਂ ਨਾਲ਼ੋਂ ਵਧ ਜਾਗੇ ਹੋਏ ਹਨ। ਏਹ ਉਹਦੀ ਦੇਣ ਵੀ ਹੈ ਤੇ ਪ੍ਰਾਪਤੀ ਵੀ।”
ਮੈਂ ਆਪਣੇ ਸਿਆਣੇ ਲਿਖਾਰੀ ਮਿੱਤਰ ਸ਼ਮਸ਼ੇਰ ਭੁੱਲਰ ਨੂੰ ਪੁੱਛਿਆ : ‘ਪੰਜਾਬੀ ਕਵਿਤਾ ਵਿਚ ਸੁਰਜੀਤ ਪਾਤਰ ਦੇ ਸਿੱਕੇ ਪਿੱਛੇ ਕਿਹੜਾ ਸੋਨਾ ਹੈ ?’ ਸ਼ਮਸ਼ੇਰ ਬੋਲਿਆ : “8 ਇੱਟਾਂ ਦਾ। ਪਹਿਲੀ – ਪਾਤਰ ਅੰਦਰ ਪਿੰਡ ਆਪਣੀ ਬੋਲੀ ਸਮੇਤ ਵੱਸਿਆ ਹੋਇਐ। ਦੂਜੀ – ਉਹਨੇ ਬਚਪਨ ਵਿਚ ਹੀ ਦੁੱਖ, ਤੰਗੀ, ਉਦਾਸੀ ਤੇ ਵਿਛੋੜਾ ਝੱਲਿਆ। ਤੀਜੀ – ਉਹਨੇ ਪੰਜਾਬੀ ਦਾ ਸਾਰਾ ਸੂਫ਼ੀ ਕਾਵਿ, ਹਿੰਦੂ ਮਿਥਿਹਾਸ ਤੇ ਆਦਿ ਗ੍ਰੰਥ ਗੁੜ੍ਹਿਆ ਹੋਇਐ। ਚੌਥੀ – ਉਹਨੇ ਲੋਰਕਾ, ਬ੍ਰੈਖਤ, ਨਰੂਦਾ ਤੇ ਦੱਖਣੀ ਅਮਰੀਕੀ ਸਾਹਿਤਕ ਸੰਵੇਦਨਾ ਆਤਮਸਾਤ ਕੀਤੀ ਹੋਈ ਹੈ। ਪੰਜਵੀਂ – ਉਹਦੇ ਲਹੂ ਵਿਚ ਸੰਗੀਤ ਘੁਲਿਆ ਹੋਇਐ। ਛੇਵੀਂ – ਉਹਨੇ ਨਕਸਲਵਾਦੀ ਦੌਰ ਦੀ ਸਾਣ ਤੇ ਆਪਣੀ ਕਵਿਤਾ ਤਿੱਖੀ ਕੀਤੀ। ਸੱਤਵੀਂ – ਫ਼ੈਜ਼ ਵਾਂਗ ਉਹ ਨਿਜੀ ਮੁਹੱਬਤ ਤੇ ਲੋਕਾਂ ਦੀ ਮੁੱਹਬਤ ਦੀ ਕਵਿਤਾ ਇਕੋ ਜਿੰਨੀ ਸਮਰੱਥਾ ਨਾਲ ਕਹਿ ਸਕਦੈ। ਅਠਵੀਂ – ਉਹਨੂੰ ਆਪਣੀ ਧਰਤੀ, ਲੋਕਾਂ ਤੇ ਆਪਣੀ ਭਾਸ਼ਾ ਨਾਲ ਸੱਚੀਂ ਪਿਆਰ ਤੇ ਫ਼ਿਕਰ ਹੈ !”
*
ਸੁਖਪਾਲ
(23 ਮਈ 2024)
*******************************************************
(2) ਕਵਿਤਾ, ਪਾਤਰ ਤੇ ਪ੍ਰਤਿਰੋਧ
____________________________
ਪਾਸ਼ ਤੇ ਪਾਤਰ ਇੱਕੋ ਕੱਦ ਦੇ ਕਵੀ ਸਨ/ਹਨ।
ਮੈਂ ਇਹ ਗੱਲ ਕਿਸੇ ਫ਼ਰਮਾਨ ਐਲਾਨ ਜਾਂ ਫ਼ੈਸਲੇ ਵਾਂਗ ਨਹੀਂ ਕਹਿ ਰਿਹਾ। ਇਕ ਆਮ ਪਾਠਕ ਵਾਂਗ ਆਪਣੇ ਅੰਦਰ ਦੋਹਾਂ ਕਵੀਆਂ ਲਈ ਜਾਗਦੀ ਪ੍ਰਸੰਸਾ ਕਰਕੇ ਕਹਿ ਰਿਹਾ ਹਾਂ। ਦੋਹਾਂ ਦੀ ਤੁਲਨਾ ਕਰਦਿਆਂ ਮੈਂ ਝਿਜਕ ਰਿਹਾ ਹਾਂ। ਮੇਰੇ ਕੋਲ ਅਜਿਹਾ ਕਾਰਜ ਕਰਨ ਜੋਗੀ ਨਾ ਵਿਦਵਤਾ ਹੈ, ਨਾ ਆਲੋਚਨਾ ਦੀ ਨੀਝ, ਨਾ ਬਹੁਤ ਸਾਰਾ ਸਾਹਿਤ ਪੜ੍ਹੇ ਹੋਣ ਦੀ ਸਮਰੱਥਾ। ਮੈਂ ਬਸ ਪਾਸ਼ ਦੇ ਹਵਾਲੇ (Contrast) ਨਾਲ ਪਾਤਰ ਦੀ ਸੁਰ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ।
ਮੈਨੂੰ ਮੁਢਲੇ ਤੌਰ ਤੇ ਲੇਖਕਾਂ ਦੀ ਤੁਲਨਾ ਸਹੀ ਲਗਦੀ ਵੀ ਨਹੀਂ। ਅਸੀਂ ਮੁਕਾਬਲੇ ਵਿਚ ਕਵਿਤਾ ਨਹੀਂ ਲਿਖ਼ ਰਹੇ। ਰਲ਼ ਕੇ ਕਿਸੇ ਵੱਡੇ ਵਰਤਾਰੇ ਦਾ ਥੋੜ੍ਹਾ ਥੋੜ੍ਹਾ ਬਿਆਨ ਕਰ ਰਹੇ ਹਾਂ। ਸਾਡੀ ਸਭ ਦੀ ਏਥੇ ਲੋੜ ਹੈ। ਹਾਥੀ ਕੱਛੂ ਇੱਲ ਸਿਓਂਕ ਉੱਲੀ ਪਿੱਪਲ ਅਤੇ ਨਦੀਨ ਦਾ ਆਪੋ ਵਿਚ ਕੋਈ ਮੇਲ ਨਹੀਂ ਪਰ ਸ੍ਰਿਸ਼ਟੀ ਨੂੰ ਪੂਰਾ ਕਰਨ ਲਈ ਸਾਰੇ ਹੀ ਜ਼ਰੂਰੀ ਹਨ। ਨਦੀ ਨੂੰ ਮਾਨਸਰੋਵਰ ਵਿਚੋਂ ਉਪਜਿਆ ਸ੍ਰੋਤ ਹੀ ਨਹੀਂ ਘੜਦਾ, ਰਾਹ ਦੀ ਪਹਾੜੀ ਬਰਫ਼ੋਂ ਪਿਘਲੀ ਨਿੱਕੀ ਜਿਹੀ ਪਾਣੀ ਦੀ ਧਾਰ ਵੀ ਵੱਡਾ ਕਰਦੀ ਹੈ।
*
ਕਵਿਤਾ ਨੂੰ ਪਹਿਲਾਂ ਅਸੀਂ ਸੁਚੇਤ ਮਨ ਨਾਲ ਸਮਝਦੇ ਹਾਂ। ਪਰ ਲਿਖ਼ੀ ਪੜ੍ਹੀ ਜਾ ਰਹੀ 95% ਕਵਿਤਾ ਸੁਚੇਤ ਮਨ ਵਿਚ ਦਾਖ਼ਲ ਹੋ ਕੇ ਓਥੋਂ ਹੀ ਵਿਦਾ ਹੋ ਜਾਂਦੀ ਹੈ। ਕਵਿਤਾ ਓਹੀ ਤਾਕਤਵਰ ਤੇ ਚਿਰੰਜੀਵੀ ਹੁੰਦੀ ਜਿਹੜੀ ਸਾਡੇ ਅਚੇਤ ਵਿਚ ਵੜ ਜਾਵੇ। ਸਾਡੀਆਂ ਕਦਰਾਂ ਕੀਮਤਾਂ ਵਿਸ਼ਵਾਸ ਓਥੇ ਪਏ ਹੁੰਦੇ ਹਨ। ਓਥੇ ਪਹੁੰਚੇ ਬਿਨਾ ਕਵਿਤਾ ਉਨ੍ਹਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ।
ਪਾਤਰ ਤੇ ਪਾਸ਼ ਦੋਹਾਂ ਦੀ ਕਵਿਤਾ ਸਾਡੇ ਅਚੇਤ ਵਿਚ ਪ੍ਰਵੇਸ਼ ਕਰ ਜਾਂਦੀ ਹੈ ਬਾਵਜੂਦ ਕਿ ਦੋਹਾਂ ਦਾ ਸੁਰ, ਲਹਿਜਾ, ਬਿੰਬ, ਰਚਨਾ ਤੇ ਰਫ਼ਤਾਰ ਵੱਖੋ ਵੱਖਰੇ ਹਨ। ਮੈਨੂੰ ਦੋਹਾਂ ਦੀ ਸਾਡੇ ਅਚੇਤ ਵਿਚ ਵੱਖੋ ਵੱਖਰੇ ਬੂਹਿਓਂ ਦਾਖ਼ਲ ਹੋ ਸਕਣ ਦੀ ਸਾਂਝੀ ਸਮਰੱਥਾ ਨੂੰ ਸਮਝਣਾ ਦਿਲਸਚਪ ਤੇ ਰਚਨਾਤਮਕ ਲਗਦਾ ਹੈ।
*
ਧਿਆਨ ਸਾਧਨਾ ਵਿਚ ਲਹਿਣ ਵਾਲੇ ਇਹ ਫ਼ਰਕ ਜਾਣਦੇ ਹਨ ਕਿ ਬੋਲਣ ਜਾਂ ਪ੍ਰਤੀਕਿਰਿਆ ਕਰਨ ਦੇ ਦੋ ਤਲ ਹਨ : ਮਨ ਅਤੇ ਚੇਤਨਾ। ਮਨ ਵਿਚ ਜੀਣ ਵਾਲੇ ਦੀ ਮੁਢਲੀ ਅਵਸਥਾ ਬੇਸੁਰਤ ਪਲਾਂ ਵਿਚ ਭੋਗੀ (Consumer) ਦੀ ਹੁੰਦੀ ਹੈ, ਜੇ ਸ਼ੁੱਧ ਹੋਣ ਲੱਗੇ ਤਾਂ ਕਰਮਯੋਗੀ ਦੀ ਹੁੰਦੀ ਹੈ। ਉਸ ਵਿਚੋਂ ਡਰ ਮੁੱਕ ਜਾਵੇ ਤਾਂ ਯੋਧੇ ਦੀ ਅਵਸਥਾ ਹੋ ਜਾਂਦੀ ਹੈ। ਪਰ ਇਹ ਸਭ ਮਨ ਦੇ ਹੀ ਤਲ ਹਨ। ਚੇਤਨਾ ਵਿਚ ਜੀਣ ਵਾਲੇ ਦੀ ਮੁਢਲੀ ਅਵਸਥਾ ਦਰਸ਼ਕ ਦੀ ਹੁੰਦੀ ਹੈ।
ਮਨ ਵਿਚ ਜੀਣ ਵਾਲਾ ਪ੍ਰਤੀਕਿਰਿਆ ਕਰਦਾ ਹੈ, ਚੇਤਨਾ ਵਿਚ ਜੀਣ ਵਾਲ਼ਾ ਕਿਰਿਆ ਕਰਦਾ ਹੈ। ਇਹ ਉਨ੍ਹਾਂ ਦਾ ਮੁਢਲਾ ਅੰਤਰ ਹੈ। ਮਨ ਵਿਚ ਜੀਣ ਵਾਲ਼ਾ ਮਨੁੱਖ ਘਟਨਾ ਦੇ ਅੰਦਰ ਵੜ ਕੇ ਉਸਨੂੰ ਜੀਂਦਾ ਹੈ ਤੇ ਜਿਸ ਤਰ੍ਹਾਂ ਦੀ ਸੱਟ ਲਗਦੀ ਹੈ ਓਸ ਤਰ੍ਹਾਂ ਦੀ ਪ੍ਰਤੀਕਿਰਿਆ ਕਰਦਾ ਹੈ। ਚੇਤਨਾ ਵਿਚ ਜੀਣ ਵਾਲ਼ੇ ਨੂੰ ਜਦੋਂ ਘਟਨਾ ਸੱਟ ਮਾਰਦੀ ਹੈ ਤਾਂ ਉਹ ਆਪਣਾ ਆਪ ਸੰਭਾਲ ਕੇ ਘਟਨਾ ‘ਚੋਂ ਨਿਕਲ ਕੇ ਬਾਹਰ ਖੜਾ ਹੋ ਜਾਂਦਾ ਹੈ, ਘਟਨਾ ਨੂੰ ਚਾਰ ਚੁਫ਼ੇਰਿਓਂ ਸੰਪੂਰਨਤਾ ਵਿਚ ਵੇਖ਼ਦਾ ਹੈ, ਪ੍ਰਤੀਕਿਰਿਆ ਨਹੀਂ ਕਰਦਾ ਸਗੋਂ ਘਟਨਾ ਦਾ ਹੱਲ ਲੱਭਣ ਦੀ ਕਿਰਿਆ ਕਰਦਾ ਹੈ। ਮਨ ਵਿਚ ਜੀਣ ਵਾਲਾ ਪ੍ਰਤੀਕਿਰਿਆ ਕਰਕੇ ਸੰਤੁਸ਼ਟ ਹੋ ਜਾਂਦਾ ਹੈ। ਚੇਤਨਾ ਦੇ ਤਲ ਤੇ ਜੀਣ ਵਾਲਾ ਉਨ੍ਹਾਂ ਕਾਰਣਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿੰਨ੍ਹਾਂ ਕਰਕੇ ਮੰਦਭਾਗੀ ਘਟਨਾ ਵਾਪਰੀ ਹੈ। ਮਨ ਵਿਚ ਜੀਣ ਵਾਲਾ ਪਿਤਾ ਬੱਚੇ ਦੀ ਬੱਜਰ ਗਲਤੀ ਤੇ ਉਹਨੂੰ ਚਪੇੜ ਮਾਰਦਾ ਹੈ। ਉਹਨੂੰ ਜਾਪਦਾ ਹੈ – ਏਹਨੂੰ ਇਹੀ ਭਾਸ਼ਾ ਸਮਝ ਆਵੇਗੀ। ਚੇਤਨਾ ਦੇ ਸੁਰ ਵਿਚ ਜੀਣ ਵਾਲਾ ਬੱਚੇ ਨੂੰ ਗੋਦੀ ਵਿਚ ਲੈ ਕੇ ਉਹਦੀ ਗਲਤੀ ਨਰਮ ਸ਼ਬਦਾਂ ਵਿਚ ਦਸਦਾ ਹੈ। ਲੋੜ ਪੈਣ ਤੇ ਬਾਰ ਬਾਰ ਦਸਦਾ ਹੈ। ਉਹਨੂੰ ਉਸ ਸੱਟ ਦਾ ਫ਼ਿਕਰ ਵੀ ਹੈ ਜਿਹੜੀ ਚਪੇੜ ਮਾਰ ਦੇਣ ਤੇ ਵਾਪਰੇਗੀ।
ਆਨੰਦਪੁਰ ਦੀ ਜੰਗ ਵਿਚ ਭਾਈ ਘਨੱਈਆ ਚੇਤਨਾ ਦੇ ਤਲ ਤੇ ਲੜ ਰਿਹਾ ਹੈ। ਗੁਰੂ ਜੀ ਨੂੰ ਉਹਦੀ ਸ਼ਿਕਾਇਤ ਕਰਨ ਵਾਲ਼ੇ ਸਿੰਘ ਮਨ ਦੇ ਤਲ ਤੇ ਲੜ ਰਹੇ ਹਨ। ਦੋਹਾਂ ਦਾ ਗੁਰੂ ਇੱਕੋ ਹੈ, ਲੜਾਈ ਵੀ ਇੱਕੋ, ਪਰ ਯੁੱਧ ਵਿਚ ਦੋਹਾਂ ਦੀ ਪ੍ਰਤੀਕਿਰਿਆ ਅੱਡੋ ਅੱਡ ਹੈ। ਸਿੰਘ ਫੌਜੀ ਵੇਖ ਰਹੇ ਹਨ ਕਿ ਉਨ੍ਹਾਂ ਨੂੰ ਕੀ ਵਾਪਰ ਰਿਹਾ ਹੈ। ਘਨੱਈਆ ਵੇਖ਼ ਰਿਹਾ ਹੈ ਕਿ ਮਨੁੱਖਾਂ ਨੂੰ ਕੀ ਵਾਪਰ ਰਿਹਾ ਹੈ। ਉਸ ਜੰਗ ਵਿਚ ਸਿੰਘਾਂ ਦੀ ਕਿਰਪਾਨ ਆਪਣੇ ਬਚਾਅ ਅਤੇ ਦੂਜੇ ਦੀ ਮੌਤ ਵਾਸਤੇ ਹੈ। ਪਾਤਰ ਦੇ ਸ਼ਬਦਾਂ ਵਿਚ : ਗੁਰੂ ਜੀ ਹੱਸ ਕੇ ਘਨਈਏ ਨੂੰ ਕਿਰਪਾਨ ਪਹਿਨਣ ਦਾ ਕਾਰਣ ਪੁੱਛਦੇ ਹਨ (ਜੇ ਓਹਨੇ ਲੜਣਾ ਹੀ ਨਹੀਂ) ਤਾਂ ਕਹਿੰਦਾ ਹੈ – ਜਦ ਕੋਈ ਮੈਨੂੰ ਮਾਰਣ ਆਵੇਗਾ ਤਾਂ ਆਖਾਂਗਾ – ਪਿਆਰੇ ! ਆਪਣਾ ਸ਼ਸਤਰ ਮੇਰੇ ਲਹੂ ਨਾਲ ਕਿਉਂ ਮੈਲ਼ਾ ਕਰਦਾ ਹੈਂ ? ਲੈ ਮੇਰੇ ਗੁਰੂ ਦੀ ਬਖ਼ਸ਼ੀ ਕਿਰਪਾਨ ਤੇ ਮੈਨੂੰ ਏਸੇ ਨਾਲ ਮਾਰ ! … ਲੜਣ ਦਾ ਇਹ ਤਰੀਕਾ ਅਸਾਧਾਰਣ ਅਤੇ ਅਨੋਖਾ ਹੈ ! ਘਨਈਆ ਜੰਗ ਤੋਂ ਭੱਜ ਨਹੀਂ ਰਿਹਾ, ਜੰਗ ਨੂੰ ਕਿਸੇ ਹੋਰ ਤਲ ਤੇ ਲੜ ਰਿਹਾ ਹੈ।
*
ਪਾਸ਼ ਦੀ ਕਵਿਤਾ ਮਨ ਦੇ ਤਲ ਤੋਂ ਉਠਦੀ ਹੈ। ਪਾਤਰ ਦੀ ਕਵਿਤਾ ਚੇਤਨਾ ਦੇ ਤਲ ਤੋਂ।
ਪਾਸ਼ ਨੇ ਛੰਦ ਨਹੀਂ ਵਰਤਿਆ। ਉਹਦੀ ਆਵਾਜ਼ ਦੀ ਗੂੰਜ ਉੱਚੀ ਅਤੇ ਧਾਰ ਤਿੱਖੀ ਸੀ। ਉਹਦੇ ਸ਼ਬਦ ਪ੍ਰਚੰਡ ਲਹਿਰਾਂ ਵਾਂਗ ਉਠਦੇ ਸਨ। ਉਨ੍ਹਾਂ ਦੀ ਟੁਣਕਾਰ ਨੰਗੀ, ਦਗ਼ਦੀ ਤੇ ਮੌਲਿਕ ਸੀ। ਰੁੱਖੇ ਸ਼ਬਦ, ਜਿੰਨ੍ਹਾਂ ਨੂੰ ਕਹਿਣ ਦਾ ਰਵਾਜ ਨਹੀਂ ਸੀ, ਪਾਸ਼ ਦੀ ਕਵਿਤਾ ਵਿਚ ਦਾਖ਼ਲ ਹੋ ਕੇ ਤਾਕਤਵਰ ਬਿੰਬ ਬਣ ਜਾਂਦੇ। ਪਾਠਕ ਨੂੰ ਚੀਰ ਕੇ ਲੰਘ ਜਾਂਦੇ। ਜੁਝਾਰ-ਧਾਰਾ ਦੇ ਮੁੱਕ ਜਾਣ ਮਗਰੋਂ ਵੀ ਪਾਸ਼ ਦਾ ਕਵੀ ਵਜੋਂ ਸਾਰਥਕ ਬਣੇ ਰਹਿਣਾ ਏਸ ਗੱਲ ਦਾ ਸਬੂਤ ਹੈ ਕਿ ਉਹਦੀ ਤਾਕਤ ਕਿਸੇ ਲਹਿਰ ਵਿਚ ਨਹੀਂ, ਉਹਦੇ ਕਾਵਿਕ-ਮੁਹਾਵਰੇ ਵਿਚ ਸੀ ਜਿਸ ਬਾਰੇ ਉਹ ਸਪਸ਼ਟ ਸੀ :
ਸ਼ਬਦ ਜੋ ਰਾਜਿਆਂ ਦੀਆਂ ਘਾਟੀ ਚ ਨੱਚਦੇ ਹਨ
ਜੋ ਮਾਸ਼ੂਕ ਦੀ ਧੁੰਨੀ ਦਾ ਖੇਤਰਫਲ ਮਿਣਦੇ ਹਨ
ਜੋ ਮੇਜ਼ਾਂ ਤੇ ਟੈਨਿਸ ਵਾਂਗ ਰਿੜ੍ਹਦੇ ਹਨ
ਜੋ ਮੰਚਾਂ ਦੀ ਕੱਲਰ-ਭੋਂ ਤੇ ਉਗਦੇ ਹਨ
ਕਵਿਤਾ ਨਹੀਂ ਹੁੰਦੇ
ਪਾਸ਼ ਕੋਲ ਅਜਿਹਾ ਵੇਖਣ ਵਾਲ਼ੀ ਅੱਖ ਵੀ ਸੀ :
ਮੈਂ ਮਲ ਮਲ ਕੇ ਤਰੇਲਾ ਕਣਕ ਪਿੰਡਾ ਕੂਚਦੀ ਵੇਖੀ
ਮੇਰੇ ਤੱਕਣ ਤੇ ਉਸਦੇ ਮੁਖ ਤੇ ਆਉਂਦੀ ਸੰਗ ਨੂੰ ਤੱਕਿਆ ਹੈ
ਮੈਂ ਵਗਦੀ ਆਡ ਤੇ ਵਿਛਦੀ ਤੱਕੀ ਹੈ ਧੁੱਪ ਚਾਨਣ ਦੀ
ਮੈਂ ਰਾਤੀਂ ਸੁੱਤਿਆਂ ਬਿਰਛਾਂ ਨੂੰ ਚੁੰਮਦੇ ਤੱਕਿਆ ਹੈ
ਪਰ ਪਾਸ਼ ਜਿਸ ਮੁਹਾਵਰੇ ਲਈ ਜਾਣਿਆ ਗਿਆ ਤੇ ਚਾਹਿਆ ਗਿਆ, ਉਹ ਇਹੀ ਸੀ :
ਧੁੱਪ ਵਾਂਗ ਧਰਤੀ ਤੇ ਖਿੜ ਜਾਣਾ
ਤੇ ਫਿਰ ਗਲਵਕੜੀ ਵਿਚ ਸਿਮਟ ਜਾਣਾ
ਬਾਰੂਦ ਵਾਂਗ ਭੜਕ ਉਠਣਾ ਤੇ ਚੌਹਾਂ ਕੂੰਟਾਂ ਅੰਦਰ ਗੂੰਜ ਜਾਣਾ
ਜੀਣ ਦਾ ਇਹੋ ਹੀ ਸਲੀਕਾ ਹੁੰਦਾ ਹੈ …
ਪਾਤਰ ਚੇਤਨਾ ਦੇ ਪੱਧਰ ਤੇ ਜਿਉਣ ਵਾਲ਼ਾ ਮਨੁੱਖ ਸੀ। ਅਜਿਹਾ ਸੋਚਵਾਨ ਮਨੁੱਖ ਸਿਰੇ (ਐਕਸਟ੍ਰੀਮ) ਤੇ ਨਹੀਂ, ਮੱਧ ਵਿਚ ਜੀਂਦਾ ਤੇ ਬੋਲਦਾ ਹੈ। ਪ੍ਰਗਟਾਵੇ ਲਈ ਮੱਧ ਵਿਚ ਹੋਣ ਦਾ ਅਰਥ ਸਮਝੌਤਾਵਾਦੀ ਹੋਣਾ ਨਹੀਂ ਹੁੰਦਾ। ਏਹ ਅਰਥ ਹੁੰਦਾ ਹੈ ਕਿ ਉਹ ਵਿਅਕਤੀ ਭਾਵਾਂ ਨੂੰ ਵਿਅਕਤ ਕਰਨ ਵੇਲ਼ੇ ਉਲਾਰ ਨਹੀਂ ਹੁੰਦਾ। ਦੱਖਣ ਭਾਰਤ ਵਿਚ ਨਾਚ ਕਰਨ ਵਾਲਾ ਸਭ ਤੋਂ ਪਹਿਲਾਂ ਧਰਤੀ ਨੂੰ ਛੋਹ ਕੇ ਜਾਂ ਮੱਥਾ ਟੇਕ ਕੇ ਬੇਨਤੀ ਕਰਦਾ ਹੈ ਕਿ ਮੇਰੇ ਪੈਰ ਹੁਣ ਤੈਨੂੰ ਸੱਟ ਮਾਰਣਗੇ, ਕਿਰਪਾ ਕਰਕੇ ਮੈਨੂੰ ਇਉਂ ਕਰ ਸਕਣ ਦੀ ਆਗਿਆ ਦੇਹ !
ਮੈਂ ਚਲਾ ਕੇ ਤੀਰ ਕਮਾਨ ‘ਚੋਂ, ਰੱਤ ਸਿੰਮਦੀ ਸੋਚਾਂ ਨਿਸ਼ਾਨ ‘ਚੋਂ
ਤਾਂ ਦੁਆ ਇਹ ਨਿਕਲੇ ਜ਼ੁਬਾਨ ‘ਚੋਂ, ਮੇਰਾ ਤੀਰ ਡਿੱਗ ਪਏ ਉਰੇ ਪਰੇ
ਕੋਈ ਲਫ਼ਜ਼ ਲਫ਼ਜ਼ਾਂ ਦੇ ਸਾਕ ਵਿਚ, ਨਾ ਘੁਟਨ ਸਹੇ ਕਿਸੇ ਵਾਕ ਵਿਚ
ਤਦੇ ਝਿਜਕਦਾਂ ਕੁਝ ਆਖ਼ਦਾ, ਕੁਝ ਲਿਖ਼ਦਿਆਂ ਮੇਰਾ ਮਨ ਡਰੇ
ਇਹ ਡਰੇ ਹੋਏ ਬੰਦੇ ਦੀ ਨਹੀਂ, ਸੰਵੇਦਨਾ ਨਾਲ ਲਰਜ਼ਦੇ ਹਿਰਦੇ ਦੀ ਕਵਿਤਾ ਹੈ। ਅਜਿਹੀ ਸੂਖਮਤਾ ਪੰਜਾਬੀ ਦੇ ਵਿਰਲੇ ਕਵੀਆਂ ਹਿੱਸੇ ਆਈ ਹੈ ਜਿਹੜੇ ਏਸ ਫ਼ਿਕਰ ਵਿਚ ਹੋਣ ਕਿ ਉਨ੍ਹਾਂ ਦੇ ਲਿਖ਼ਣ ਨਾਲ ਸ਼ਬਦਾਂ ਤੇ ਵਾਕਾਂ ਨੂੰ ਵੀ ਕੀ ਵਾਪਰ ਰਿਹਾ ਹੈ ?
ਨਵਤੇਜ ਭਾਰਤੀ ਹੁਰਾਂ ਅਨੁਸਾਰ : “ਪਾਤਰ ਨਿਜੀ ਜੀਵਨ ਵਿਚ ਵੀ ਸਹਿਜ ਅਤੇ ਨਿੰਮ੍ਹਾਂ ਬੋਲਦਾ ਸੀ, ਕਵਿਤਾ ਵਿਚ ਵੀ। ਨਕਸਲੀ ਨੂੰ ਲਗਦਾ ਹੈ – ਪਾਤਰ ਕਮਜ਼ੋਰ ਹੈ। ਇਹ ਸੱਚ ਨਹੀਂ। ਨੇਰੂਦਾ ਵੀ ਵੱਡੀਆਂ ਗੱਲਾਂ ਧੀਮੀ ਆਵਾਜ਼ ਵਿਚ ਕਰ ਜਾਂਦਾ ਹੈ। ਪਾਤਰ ਬਹੁਤੇ ਬਿੰਬ ਨਹੀਂ ਵਰਤਦਾ। ਕਵਿਤਾ ਵਿਚ ਕਈ ਥਾਈਂ ਏਨਾ ਸਾਦਾ ਹੋ ਜਾਂਦਾ ਹੈ ਕਿ ਕਾਵਿਕ ਹੀ ਨਹੀਂ ਲਗਦਾ। ਜਿਵੇਂ : ‘ਇਹ ਬਾਤ ਨਿਰੀ ਏਨੀ ਹੀ ਨਹੀਂ ਨਾ ਹੀ ਮਸਲਾ ਸਿਰਫ਼ ਕਿਸਾਨ ਦਾ ਏ/ਇਹ ਪਿੰਡ ਦੇ ਵਸਦੇ ਰਹਿਣ ਦਾ ਏ ਜਿੰਨੂੰ ਤੌਖਲਾ ਉੱਜੜ ਜਾਣ ਦਾ ਏ’। ਕਈ ਨੋਬਲ ਇਨਾਮ ਜੇਤੂ ਕਵੀ ਵੀ ਏਨੀ ਹੀ ਸਾਦਗੀ ਨਾਲ ਲਿਖ਼ਦੇ ਹਨ। ਜੇ ਬੰਦਾ ਮੈਟਾਫ਼ਰ ਤੋਂ ਬਿਨਾ ਵੀ ਆਪਣੀ ਗੱਲ ਕਰ ਸਕੇ ਤਾਂ ਵਧੀਆ ਗੱਲ ਹੈ। ਪਾਤਰ ਕੋਲ ਮੈਟਾਫ਼ਰ ਸਨ, ਆਵਾਜ਼ ਵੀ ਸੀ, ਪਰ ਉਹਨੂੰ ਦੋਹਾਂ ਦੀ ਪਰਵਾਹ ਨਹੀਂ ਸੀ। ਉਹਦੀ ਪਰਵਾਹ ਉਸ ਵਿਸ਼ੇ ਜਾਂ ਨੁਕਤੇ ਲਈ ਸੀ ਜਿਹੜਾ ਉਸਨੇ ਉਠਾਉਣਾ ਹੁੰਦਾ ਸੀ …”
ਟੋਰਾਂਟੋ ਵਸਦੇ ਲੇਖਕ ਹਰਮਿੰਦਰ ਢਿੱਲੋਂ ਅਨੁਸਾਰ : “ਇਹ ਸਿਰਫ਼ ਪਾਤਰ ਦੀ ਹੀ ਨਹੀਂ, ਪੰਜਾਬੀ ਕਵਿਤਾ ਦੀ ਵੱਡੀ ਪ੍ਰਾਪਤੀ ਹੈ ਕਿ ਢਾਡੀ ਵਾਰਾਂ ਦੀ ਗੂੰਜ, ਨਕਸਲੀ ਦੌਰ, ਖਾਲਿਸਤਾਨੀ ਸ਼ੋਰ, ਅਤੇ ਸਰਕਾਰੀ ਜਬਰ ਦੀ ਚਿੱਥਣ ਵਿਚੋਂ ਲੰਘਿਦਆਂ ਸੁਰਜੀਤ ਪਾਤਰ ਬਿਨਾ ਉੱਚੀ ਸੁਰ ਤੋਂ ਵੀ ਏਨੇ ਦਹਾਕੇ ਪੰਜਾਬੀ ਦਾ ਸਿਰਮੌਰ ਕਵੀ ਬਣਿਆ ਰਿਹਾ …”
*
ਕਵੀ ਪਾਠਕ ਦੇ ਦੁੱਖ ਦੀ ਗੱਲ ਕਰਦਾ ਹੈ, ਪਰ ਸੁਰ ਆਪਣਾ ਚੁਣਦਾ ਹੈ। ਸੁਆਲ ਇਹ ਹੈ ਕਿ ਉਹ ਆਪਣੀ ਚੋਣ ਨੂੰ ਨਿਭਾਉਂਦਾ ਕਿਵੇਂ ਹੈ ? ਪਾਤਰ ਦਾ ਸੁਰ ਪਾਸ਼ ਨਾਲੋਂ ਵੱਖਰਾ ਸੀ। ਨਾ ਪਾਸ਼ ਨੇ ਆਪਣਾ ਸੁਰ ਰਹਿੰਦੀ ਉਮਰ ਤਕ ਬਦਲਿਆ, ਨਾ ਪਾਤਰ ਨੇ। ਉਨ੍ਹਾਂ ਅੰਦਰ ਆਪਣੇ ਸੁਰ ਨੂੰ ਲੈ ਕੇ ਦੁਬਿਧਾ, ਜੇ ਕੋਈ ਸੀ, ਤਾਂ ਉਹੀ ਜਾਣਦੇ ਸਨ। ਪਾਸ਼ ਤੀਵਰ ਸੁਰ ਦਾ ਕਵੀ ਸੀ, ਪਾਤਰ ਕੋਮਲ ਸੁਰ ਦਾ। ਪਾਸ਼ ਦੀ ਕਵਿਤਾ ਹਵਾ ਵਿਚ ਉਡਦਾ ਬਾਜ਼ ਸੀ, ਪਾਤਰ ਦੀ ਕਵਿਤਾ ਹਵਾ ਵਿਚ ਲਿਖ਼ੇ ਹਰਫ਼। ਨਾ ਪਾਸ਼ ਆਪਣੀ ਆਵਾਜ਼ ਦੇ ਰੋਅਬ ਨਾਲ ਸਾਡੇ ਅੰਦਰ ਘੁਸ ਰਿਹਾ ਸੀ, ਨਾ ਪਾਤਰ ਸੰਗੀਤ ਦੀ ਸੱਬਲ ਨਾਲ਼ ਸਾਨੂੰ ਸੰਨ੍ਹ ਲਾ ਰਿਹਾ ਸੀ। ਪਰ ਪਾਤਰ ਦੀ ਮੱਧਮ ਸੁਰ ਵਿਚ ਲਿਖ਼ੀ ਖੁਲ੍ਹੀ ਕਵਿਤਾ ਵੀ ਸਾਡੇ ਅਚੇਤ ਵਿਚ ਪਾਸ਼ ਦੀ ਖੁਲ੍ਹੀ ਕਵਿਤਾ ਵਾਂਗ ਹੀ ਦਾਖ਼ਲ ਹੋ ਜਾਂਦੀ ਹੈ। ਕਿਉਂ ? ਏਸ ਲਈ ਕਿ ਦੋਹਾਂ ਦੀ ਕਵਿਤਾ ਦੀ ਰੀੜ੍ਹ ਵਿਚਾਰ ਨਾਲ ਬੁਣੀ ਹੋਈ ਸੀ। ਵਿਚਾਰ – ਜਿਹੜੇ ਸਾਡਾ ਹੀ ਫ਼ਿਕਰ ਕਰ ਰਹੇ ਸਨ। ਏਸੇ ਕਰਕੇ ਦੋਹਾਂ ਸਾਹਵੇਂ ਸਾਡੇ ਮਨ ਦੇ ਦਰ ਆਪ-ਮੁਹਾਰੇ ਖੁਲ੍ਹ ਜਾਂਦੇ ਹਨ …
ਪਾਸ਼ ਉਸ ਰੁੱਖ ਵਰਗਾ ਸੀ ਜਿਹੜਾ ਹਵਾ ਵਿਚ ਆਪਣੀਆਂ ਟਾਹਣੀਆਂ ਝੰਡੇ ਵਾਂਗ ਲਹਿਰਾਉਂਦਾ ਸੀ। ਸਥਾਪਤੀ ਨੂੰ ਲਲਕਾਰਦਾ ਸੀ ਕਿ ਮੇਰਾ ਟਾਹਣ ਵੱਢ ਕੇ ਦਿਖਾ ! ਪਾਤਰ ਉਸ ਵੇਲ ਵਰਗਾ ਜਿਹੜੀ ਧਰਤੀ ਦੇ ਸੀਨੇ ਨਾਲ ਕੰਨ ਲਾਈ ਰਖਦੀ, ਧਰਤੀ ਤੇ ਦੂਰ ਤੀਕ ਪਸਰਦੀ ਜਾਂਦੀ, ਏਹਦੀ ਧੜਕਣ ਵੀ ਸੁਣਦੀ, ਏਹਦੀ ਕੰਬਣੀ ਵੀ ਮਹਿਸੂਸ ਕਰਦੀ।
ਜੇ ਕੋਈ ਮਿੱਟੀ ਪੁੱਟ ਕੇ ਵੇਖਦਾ ਤਾਂ ਉਹਨੂੰ ਦਿਸਦਾ – ਧਰਤੀ ਦੇ ਹੇਠਾਂ ਪਾਸ਼ ਦੇ ਰੁੱਖ ਦੀਆਂ, ਤੇ ਪਾਤਰ ਦੀ ਵੇਲ਼ ਦੀਆਂ ਜੜ੍ਹਾਂ, ਇਕ ਦੂਜੇ ਨਾਲ ਕਰਿੰਗੜੀ ਪਾਈ ਬੈਠੀਆਂ ਸਨ। ਵੇਖਣ ਵਾਲ਼ਿਆਂ ਨੂੰ ਉਹ ਗੁੱਥਮਗੁੱਥਾ ਹੋਈਆਂ ਜਾਪਦੀਆਂ ਸਨ। ਅਸਲ ਵਿਚ ਉਨ੍ਹਾਂ ਇਕ ਦੂਜੇ ਨੂੰ ਜੱਫੀ ਪਾਈ ਹੋਈ ਸੀ। ਇਕ ਦੂਜੇ ਦੇ ਕੰਨ ਨੂੰ ਆਪਣਾ ਮੂੰਹ ਲਾਇਆ ਹੋਇਆ ਸੀ …
*
ਅਗਲੀ ਗੱਲ ਕਰਨੋਂ ਪਹਿਲਾਂ ਕਵੀ ਅੰਬਰੀਸ਼ ਦੀ ਇਹ ਕਵਿਤਾ ਪੜ੍ਹ ਲਈਏ। ਇਹ ਪ੍ਰਤਿਰੋਧ ਦੀ ਕਵਿਤਾ ਹੈ। ਖਾਸ ਗੱਲ ਏਹ ਹੈ : ਜਿਸਦੇ ਵਿਰੁੱਧ ਲਿਖੀ ਹੈ, ਓਹਦਾ ਏਸ ਵਿਚ ਨਾਂ ਤਕ ਵੀ ਨਹੀਂ ਲਿਆ ਗਿਆ …
ਟੈਂਕ ਤੇ ਤਿਤਲੀ
__________________
ਪਿਛਲੀ ਜੰਗ ਦੀ ਟਰਾਫ਼ੀ
ਸ਼ਹਿਰ ਦੇ ਚੌਂਕ ਵਿਚ ਇਕ ਟੈਂਕ ਪਿਆ ਹੈ
ਕਾਲੀ ਉਸਦੀ ਤੋਪ ਦੁਆਲੇ ਮੰਡਰਾਉਂਦੀਆਂ ਤਿਤਲੀਆਂ
ਚਾਲਕ ਵਾਲ਼ੇ ਘੁਰਨੇ ਵਿਚ ‘ਘਰ ਘਰ’ ਖੇਡਦੇ ਨਿਆਣੇ
ਜੰਗਲੀਆਂ ਚੇਨਾਂ ਦੁਆਲ਼ੇ ਦੇ ਘੁੱਰਿਆਂ ਵਿਚਾਲਿਓਂ
ਨਰਮ ਹਰੀਆਂ ਤਿੜਾਂ ਵਾਲ਼ਾ ਉੱਗ ਰਿਹਾ ਘਾਹ
ਸਿਰ ਉਠਾ ਕੇ ਝੂੰਮਦੇ ਨਿੱਕੇ ਪੀਲੇ਼ ਜੰਗਲੀ ਫੁੱਲ
ਤੇ ਚੁੰਝਾਂ ਚ ਤਿਣਾਂ ਲਈ ਚਿੜੀਆਂ ਟੈਂਕ ਦੀਆਂ
ਚੁਰ੍ਹਾਂ-ਝੀਥਾਂ ਚ ਢੂੰਡਦੀਆਂ ਆਲ੍ਹਣਿਆਂ ਲਈ ਥਾਵਾਂ
ਅਖ਼ੀਰ ਚ ਹਮੇਸ਼ਾ
ਫੁੱਲ ਹੁੰਦੇ ਤੇ ਬੱਚੇ
ਤੇ ਤਿਤਲੀਆਂ …
*
15 ਵਰ੍ਹੇ ਪਹਿਲਾਂ ਅੰਬਰੀਸ਼ ਅਤੇ ਨਵਤੇਜ ਭਾਰਤੀ ਹੁਰਾਂ ਨੂੰ ਇਕੱਠੇ ਮਿਲਣ ਦਾ ਸਬਬ ਬਣਿਆ। ਮੈਂ ਪੁੱਛਿਆ : ‘ਪ੍ਰੋਟੈਸਟ ਦੀ ਕਵਿਤਾ ਕਿਵੇਂ ਲਿਖਣੀ ਹੁੰਦੀ ਹੈ ? ਉਸਨੂੰ ਨਿਰਾ ਬਿਆਨ (Statement) ਜਾਂ ਨਿਰੀ ਲਲਕਾਰ ਬਣਨ ਤੋਂ ਕਿਵੇਂ ਬਚਾਈਦਾ ਹੈ ?”।
ਭਾਰਤੀ ਹੁਰਾਂ ਕਿਹਾ :
“ਪ੍ਰੋਟੈਸਟ ਦੀ ਕਵਿਤਾ ਲਿਖ਼ਣ ਦੇ ਦੋ ਤਰੀਕੇ ਹਨ। ਪਹਿਲਾ – ਡਾਢੇ ਨੂੰ ਵੰਗਾਰੋ। ਉਹਨੂੰ ਆਖੋ – ਅਸੀਂ ਤੇਰੇ ਤੋਂ ਨਹੀਂ ਡਰਦੇ, ਤੇਰੇ ਜ਼ੁਲਮ ਦਾ ਬਦਲਾ ਲਵਾਂਗੇ, ਅਸੀਂ ਤੇਰੇ ਮੁੱਕਣ ਮਗਰੋਂ ਵੀ ਰਹਾਂਗੇ। ਪੰਜਾਬੀ ਬਿਰਤੀ ਜੈਕਾਰੇ ਦੀ ਹੈ। ਉੱਚੇ ਬੋਲ ਨਾਲ ਦੂਜੇ ਨੂੰ ਡਰਾ ਕੇ ਕਾਇਲ ਕਰ ਦੇਣ ਵਾਲ਼ਾ ਸਾਨੂੰ ਅਸਲੀ ਮਰਦ ਲਗਦਾ ਹੈ। ਪਰ ਉੱਚੀ ਬੋਲਣ ਦੀ ਲੋੜ ਓਸਨੂੰ ਹੀ ਪੈਂਦੀ ਹੈ ਜਿਸਨੂੰ ਆਪਣੀ ਸੱਚਾਈ ਤੇ ਸ਼ੱਕ ਹੈ।
ਇਹ ਧਾਂਸੂ ਬਿਰਤੀ ਸਾਡੀ ਕਵਿਤਾ ਵਿਚ ਵੀ ਮੌਜੂਦ ਹੈ। ਅਜਿਹੀ ਕਵਿਤਾ ਡਰ ਨੂੰ ਪਾਸੇ ਰੱਖ ਕੇ ਉੱਚੇ ਸੁਰ ਵਿਚ ਬੋਲਦੀ ਹੈ, ਵੰਗਾਰਦੀ ਹੈ। ਪਾਸ਼ ਨੇ ਮੁਢਲੇ ਤੌਰ ਤੇ ਏਸ ਵਿਧੀ ਦੀ ਵਰਤੋਂ ਕੀਤੀ, ਏਸ ਲਈ ਪਾਸ਼ ਸਾਨੂੰ ਵੱਡਾ, ਚੰਗਾ, ਦਲੇਰ ਅਤੇ ਆਪਣਾ ਲਗਦਾ ਹੈ। ਪਰ ਇਹ ਸੌਖੀ ਵਿਧੀ ਹੈ। ਪਾਸ਼ ਖ਼ੁਦ ਆਪਣੇ ਪਿਛਲੇ ਵਰ੍ਹਿਆਂ ਦੌਰਾਨ ਇਸ ਵਿਧੀ ਤੋਂ ਦੂਰੀ ਬਣਾਉਣ ਲੱਗ ਪਿਆ ਸੀ।
ਦੂਜੀ ਵਿਧੀ ਹੈ – ਜਿਸ ਨਾਲ ਧੱਕਾ ਹੋਇਆ ਹੈ – ਉਹਦਾ ਹਾਲ ਬਿਆਨਣਾ। ਇਹ ਦਸਣਾ ਕਿ ਮਜ਼ਲੂਮ ਉਸ ਧੱਕੇ ਨਾਲ ਕਿਵੇਂ ਖੁਰ ਗਿਆ ਜਾਂ ਗਰਕ ਗਿਆ। ਉਹਦੀ ਜ਼ਿੰਦਗੀ ਦੇ ਟੋਟੇ ਕਿੰਜ ਹੋਏ ਤੇ ਕਿੱਥੇ ਖਿੱਲਰੇ ? ਉਹਦਾ ਮਨੁੱਖ ਹੋਣਾ ਕਿੰਜ ਅਣਹੋਣ ਵਿਚ ਬਦਲ ਗਿਆ ? ਜਦੋਂ ਪਾਤਰ ਕਹਿੰਦਾ ਹੈ :
“ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ
ਫ਼ੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ”
ਜਾਂ ਕਹਿੰਦਾ ਹੈ :
‘ਇਹ ਇਕ ਧੁਖ਼ਦਾ ਰੁੱਖ ਆਇਆ ਹੈ ਇਹ ਆਈ ਧੁਨ ਮਾਤਮ ਦੀ
ਏਨ੍ਹਾਂ ਲਈ ਦਰਵਾਜ਼ੇ ਖੋਲ੍ਹੋ ਏਹ ਤਾਂ ਆਪਣੇ ਘਰ ਦੇ ਲੋਕ
ਐਸੀ ਰਾਤ ਵੀ ਕਦੀ ਕਦੀ ਤਾਂ ਮੇਰੇ ਪਿੰਡ ਤੇ ਪੈਂਦੀ ਹੈ
ਦੀਵੇ ਹੀ ਬੁਝ ਜਾਣ ਨਾ ਕਿਧਰੇ ਹੌਕਾ ਲੈਣ ਨਾ ਡਰਦੇ ਲੋਕ’
ਤਾਂ ਉਹ ਦੂਜੀ ਵਿਧੀ ਨਾਲ ਆਪਣਾ ਵਿਰੋਧ ਪ੍ਰਗਟ ਕਰ ਰਿਹਾ ਹੈ। ਵੇਖਣ ਨੂੰ ਜਾਪੇਗਾ ਕਿ ਪਾਤਰ ਡਰ ਗਿਆ ਹੈ, ਉਹ ਜਾਬਰ ਨੂੰ ਸਿੱਧਾ ਹੋ ਕੇ ਕਿਉਂ ਨਹੀਂ ਪੈਂਦਾ ? ਅਸਲੀਅਤ ਵਿਚ ਵਿਰੋਧ ਦੀ ਇਹ ਵਿਧੀ ਵਧ ਔਖੀ ਹੈ – ਏਸ ਵਾਸਤੇ ਤੁਹਾਨੂੰ ਦੂਜੇ ਬੰਦੇ ਦੇ ਅੰਦਰ ਲੱਥਣਾ ਪਏਗਾ। ਉਹਦਾ ਹਾਲ ਮੁਰੀਦਾਂ ਵਾਲ਼ਾ ਜਾਣਨਾ ਪਏਗਾ। ਜੇ ਉਹਦਾ ਅੰਤਰ ਟੋਟੇ ਹੋ ਗਿਆ ਹੈ ਤਾਂ ਤੁਹਾਨੂੰ ਵੀ ਓਨੇ ਟੋਟਿਆਂ ਵਿਚ ਟੁੱਟਣਾ ਪਏਗਾ, ਤਾਂ ਹੀ ਉਹਦੀ ਵਿਥਿਆ ਸਮਝ ਪਏਗੀ। ਸਾਡੇ ਕੋਲ ਏਨੀ ਹਿੰਮਤ ਨਹੀਂ ਹੁੰਦੀ। ਅਸੀਂ ਤਾਂ ਆਪਣੀ ਟੁੱਟ-ਭੱਜ ਵਿਚ ਹੀ ਗਲਤਾਨ ਹੁੰਦੇ ਹਾਂ। ਨਾ ਸਾਡੇ ਕੋਲ ਸਮਾਂ ਕਿਸੇ ਅੰਦਰ ਲਹਿਣ ਦਾ, ਉਸ ਅੰਦਰ ਬਹਿਣ ਦਾ। ਸੋ ਅਸੀਂ ਸੌਖਾ ਤਰੀਕਾ ਵਰਤਦੇ ਹਾਂ – ਕਵਿਤਾ ਵਿਚ ਧੱਕੜਸ਼ਾਹ ਨੂੰ ਵੰਗਾਰਦੇ ਹਾਂ ! ਪਰ ਵੰਗਾਰ ਦੀ ਉਮਰ ਥੋੜ੍ਹੀ ਹੁੰਦੀ ਹੈ, ਅਹਿਸਾਸ ਦੀ ਉਮਰ ਲੰਮੀ। ਏਸ ਨੁਕਤੇ ਤੋਂ ਵੇਖੋ ਤਾਂ ਲਾਲ ਸਿੰਘ ਦਿਲ ਪਾਸ਼ ਨਾਲੋਂ ਵੱਡਾ ਕਵੀ ਹੈ। ਅਸੀਂ ਉਹਨੂੰ ਗੌਲ਼ਿਆ ਨਹੀਂ, ਉਹਦਾ ਬਣਦਾ ਮਾਣ ਤੇ ਅਸਥਾਨ ਨਹੀਂ ਦਿੱਤਾ। ਸ਼ਾਇਦ ਏਸ ਲਈ ਕਿ ਉਹ ਦਲਿਤ ਸੀ …??”
ਗੱਲ ਜਾਰੀ ਰਖਦਿਆਂ ਭਾਰਤੀ ਜੀ ਬੋਲੇ : “ਸਾਨੂੰ ਸਮਝ ਨਹੀਂ ਆਉਂਦਾ ਕਿ ਦੂਜੀ ਵਿਧੀ ਨਾਲ ਅਨਿਆਂ ਕਿਵੇਂ ਰੁਕ ਜਾਵੇਗਾ ? ਦੋ ਗੱਲਾਂ ਨਾਲ ਰੁਕਦਾ ਹੈ। ਪਹਿਲੀ – ਜੇ ਡਾਢੇ ਬੰਦੇ ਨੂੰ ਅਹਿਸਾਸ ਹੋ ਜਾਵੇ ਕਿ ਉਹਦਾ ਕਰਮ ਕੈਸਾ ਕੈਸਾ ਦੁੱਖ ਪੈਦਾ ਕਰ ਰਿਹਾ ਹੈ ਤਾਂ ਸੰਭਵ ਹੈ ਕਿ ਦੁੱਖ ਦੇਣ ਦੇ ਆਪਣੇ ਕਰਮ ਤੋਂ ਉਹ ਟਲ਼ ਜਾਵੇ। ਨਾਨਕ ਏਦਾਂ ਲੜਦੇ ਹਨ। ਉਹ ਸੱਜਣ ਠੱਗ ਨੂੰ, ਭਾਗੋ ਨੂੰ, ਬਾਬਰ ਨੂੰ ਅਹਿਸਾਸ ਕਰਵਾਉਂਦੇ ਹਨ ਕਿ ਉਹਨਾਂ ਦੇ ਕਰਮ ਦਾ ਨਤੀਜਾ ਬੇਦੋਸ਼ਿਆਂ ਲਈ ਕਿੰਨਾ ਭਿਆਨਕ ਹੋ ਹੋ ਵਰਤ ਰਿਹਾ ਹੈ ! ਇਹ ਅਹਿਸਾਸ, ਇਹ ਦ੍ਰਿਸ਼ ਜੇ ਉਨ੍ਹਾਂ ਅੰਦਰ ਵਾਪਰ ਜਾਵੇ ਤਾਂ ਉਨ੍ਹਾਂ ਜਾਬਰਾਂ ਦੇ ਪੈਰਾਂ ਦੀ ਬੇੜੀ ਬਣਦਾ ਹੈ। ਹਿਟਲਰ ਨੂੰ ਰੋਕਣਾ ਹੋਵੇ ਤਾਂ 50 ਮੁਲਕਾਂ ਦੇ 10 ਕਰੋੜ ਸਿਪਾਹੀਆਂ ਨੂੰ ਰਲ਼ ਕੇ ਲੜਣਾ ਪੈਂਦਾ ਹੈ। ਕੋਈ ਹਿਟਲਰ ਨੂੰ ਉਹਦੇ ਕੁਕਰਮ ਦਾ ਅਹਿਸਾਸ ਕਰਵਾ ਕੇ ਰੋਕ ਲਵੇ ਤਾਂ ਸਾਢੇ ਸੱਤ ਕਰੋੜ ਜਾਨਾਂ ਬਚਦੀਆਂ ਹਨ।
ਦੂਜੀ ਗੱਲ – ਅਨਿਆਂ ਨਾਲ ਲੜਾਈ ਓਦੋਂ ਸਫ਼ਲ ਹੁੰਦੀ ਹੈ ਜਦੋਂ ਸਿਰਫ਼ ਮਜ਼ਲੂਮ ਹੀ ਨਾ ਲੜੇ, ਸਗੋਂ ਉਹ ਵੀ ਲੜਣ ਜਿੰਨ੍ਹਾਂ ਨਾਲ ਅਨਿਆਂ ਨਹੀਂ ਹੋਇਆ। ਇਸ ਨੂੰ ਹੀ ਅਸੀਂ ਲੋਕ-ਰੋਹ ਆਖ਼ਦੇ ਹਾਂ। ਪਰ ਬਾਕੀ ਲੋਕ ਕਦੋਂ ਲੜਦੇ ਹਨ ? ਓਦੋਂ – ਜਦ ਉਨ੍ਹਾਂ ਨੂੰ ਮਜ਼ਲੂਮ ਨਾਲ ਵਾਪਰੇ ਅਨਿਆਂ ਦੀ ਅਸਲੀ ਤਸਵੀਰ ਆਪਣੀ ਪੂਰੀ ਭਿਆਨਕਤਾ ਅਤੇ ਸੱਚ ਨਾਲ ਆਪਣੇ ਧੁਰ ਅੰਤਰ ਤੀਕ ਦਿਸਦੀ ਹੈ। ਨਿਸ਼ਠਾਵਾਨ ਕਵੀ ਇਹ ਕੰਮ ਕਰਦਾ ਹੈ। ਉਹ ਮਜ਼ਲੂਮ ਦੀ ਪੀੜ ਦਾ ਸੰਪੂਰਨ ਚਿੱਤਰ ਸਾਡੇ ਸਭਨਾਂ ਅੰਦਰ ਪਾ ਦੇਂਦਾ ਹੈ। ਫਿਰ ਉਹਨੂੰ ਜਾਬਰ ਨੂੰ ਇਕੱਲਿਆਂ ਵੰਗਾਰਣ ਦੀ ਲੋੜ ਨਹੀਂ। ਸੈਂਕੜੇ ਹਜ਼ਾਰ ਲੱਖਾਂ ਬਾਹਾਂ ਉਠਦੀਆਂ ਹਨ ਤੇ ਵੰਗਾਰ ਬਣ ਜਾਂਦੀਆਂ ਹਨ …”
*
25 ਮਈ 2024
****************************************************

(3) ਪਾਤਰ ਅਤੇ ਪਿਆਰ ਦੀ ਕਵਿਤਾ
___________________________________
ਸੁਖਪਾਲ
ਪੰਜਾਬੀ ਸਾਹਿਤ ਵਿਚ ਵੀ ਇਹ ਦੋ ਬਹਿਸਾਂ ਚਲਦੀਆਂ ਰਹੀਆਂ : ਕਵਿਤਾ ਲੋਕਾਂ ਲਈ ਕਿ ਨਿਜ ਲਈ ? ਪਾਤਰ ਨੂੰ ਏਸ ਸੁਆਲ ਦਾ ਬੰਧਨ ਨਹੀਂ ਸੀ। ਉਹ ਇਕੋ ਜਿੰਨੇ ਸਹਿਜ ਨਾਲ ਦੋਹੀਂ ਬ੍ਰਹਿਮੰਡੀਂ ਵਿਚਰ ਕੇ ਉਨ੍ਹਾਂ ਦੀ ਖ਼ਬਰ ਸਾਡੇ ਸਾਹਵੇਂ ਲਿਆ ਧਰਦਾ। ਜਿੰਨੀ ਨੀਝ ਸ਼ਿੱਦਤ ਫ਼ਿਕਰ ਅਤੇ ਸੰਵੇਦਨਾ ਉਹਦੀ ਲੋਕ-ਕਵਿਤਾ ਵਿਚ ਸੀ, ਓਨੀ ਹੀ ਉਹਦੀ ਪਿਆਰ-ਕਵਿਤਾ ਵਿਚ ਵੀ।
ਸਾਨੂੰ ਸਭ ਨੂੰ ਜਾਪਦਾ ਹੈ ਕਿ ਸਾਨੂੰ ਪਤਾ ਹੈ – ਪਿਆਰ ਕੀ ਹੁੰਦਾ ਹੈ ? ਕਿ ਇਹ ਸੋਚਣ ਵਾਲ਼ੀ ਨਹੀਂ, ਅਨੁਭਵ ਵਾਲ਼ੀ ਸ਼ੈਅ ਹੈ। ਬੌਲੀਵੁੱਡ ਦੇ ਦ੍ਰਿਸ਼ਾਂ ਤੇ ਗੀਤਾਂ ਨੇ ਪਿਆਰ ਨੂੰ ਸਾਡੇ ਮਨਾਂ ਅੰਦਰ ਸਤਹੀ ਵਰਤਾਰਾ ਬਣਾ ਦਿੱਤਾ ਹੈ। ਕਿਸੇ ਦੇ ਚੰਗੇ ਲੱਗ ਜਾਣ ਨੂੰ ਪਿਆਰ ਸਮਝਦੇ ਹਾਂ। ਵਧੇਰੇ ਕਰਕੇ ਪਿਆਰ ਨੂੰ ਵੇਗ ਵਾਂਗ ਜਾਣਦੇ ਹਾਂ ਜਾਂ ਵਿਛੋੜੇ ਵਾਂਗ।
ਅਸੀਂ ਕਾਮ ਨੂੰ ਪਿਆਰ ਦਾ ਹਿੱਸਾ ਸਮਝਦੇ ਹਾਂ। ਇਹ ਹੈ ਵੀ ਤੇ ਨਹੀਂ ਵੀ। ਜਦੋਂ ਕਾਮ ਪਿਆਰ ਦੇ ਅੱਗੇ ਅੱਗੇ ਚਲਦਾ ਹੈ ਤਾਂ ਉਸ ਵਿਚ ਵੇਗ ਹੁੰਦਾ ਹੈ ਜੋ ਥੋੜ੍ਹ-ਚਿਰਾ ਹੁੰਦਾ ਹੈ। ਉਹ ਅਗਲੇ ਕਾਮ ਦੀ ਇੱਛਾ ਨੂੰ ਉਪਜਾਉਂਦਾ ਹੈ ਕਿਉਂਕਿ ਉਹਦਾ ਅਨੁਭਵ ਅੱਧ-ਅਧੂਰਾ ਹੁੰਦਾ ਹੈ। ਪਰ ਜਿਹੜਾ ਮਨੁੱਖ ਪ੍ਰੇਮ-ਵਸ ਕਿਸੇ ਇਸਤ੍ਰੀ ਦੇ ਸਰੀਰ ਨੂੰ ਛੋਂਹਦਾ ਹੈ, ਉਹਦੀ ਛੋਹ ਕਾਮ-ਛੁਹ ਨਾਲੋਂ ਵੱਖਰੀ ਹੁੰਦੀ ਹੈ। ਜਦੋਂ ਕਾਮ ਪ੍ਰੇਮ ਦੇ ਪਿੱਛੇ ਚਲਦਾ ਹੈ ਤਾਂ ਉਹਦੇ ਵਿਚ ਸੁਹਜ ਅਤੇ ਟਿਕਾਅ ਵੀ ਸ਼ਾਮਲ ਹੁੰਦਾ ਹੈ। ਉਹ ਚਿਰ-ਜੀਵੀ ਹੁੰਦਾ ਹੈ। ਉਹ ਅਸਲ ਵਿਚ ਕਾਮ ਤੋਂ ਪਾਰ ਲੈ ਜਾਂਦਾ ਹੈ ਕਿਉਂਕਿ ਅਜਿਹਾ ਕਾਮ-ਅਨੁਭਵ ਭਰਿਆ ਭਰਿਆ ਹੁੰਦਾ ਹੈ।
ਸਭਨਾਂ ਵਾਂਗ ਬਹੁਤ ਦਹਾਕੇ ਮੈਂ ਵੀ ਸਮਝਦਾ ਰਿਹਾ ਮੈਨੂੰ ਪਿਆਰ ਦੀ ਸਮਝ ਹੈ। ਫਿਰ ਜਦੋਂ ਪਿਆਰ ਅਤੇ ਪੁਰਾਣੀਆਂ ਦੋਸਤੀਆਂ ਨਾਲ ਜੁੜੇ ਕਈ ਸੰਬੰਧ ਅੱਗੇ-ਪਿੱਛੇ ਟੁੱਟੇ ਤਾਂ ਅਜਿਹਾ ਸਮਾਂ ਆਇਆ ਮੈਨੂੰ ਸਮਝ ਹੀ ਨਾ ਆਉਂਦੀ ਪਿਆਰ ਅਸਲ ਵਿਚ ਹੈ ਕੀ ? ਸਭ ਇੱਛਾਵਾਂ ਜਨੂੰਨਾਂ ਤੇ ਜਤਨਾਂ ਨੂੰ ਨਿਤਾਰ ਕੇ ਤੁਸੀਂ ਇਹਨੂੰ ਕਿਵੇਂ ਪਛਾਣੋ ? ਮੈਂ ਬਹੁਤ ਸਾਰੇ ਲੋਕਾਂ ਅਤੇ ਰਿਸ਼ਤਿਆਂ ਤੋਂ ਦੂਰ ਹੋ ਰਿਹਾ ਸਾਂ, ਤੇ ਏਹ ਬੇਸਮਝ ਘੁੰਮਣਘੇਰੀ ਮੈਨੂੰ ਉਨ੍ਹਾਂ ਤੋਂ ਹੋਰ ਵੀ ਪਰ੍ਹਾਂ ਅਣਸਮਝੀ ਮੰਝਧਾਰ ਵਿਚ ਲਿਜਾ ਰਹੀ ਸੀ। ਜੇ ਸਾਨੂੰ ਪਿਆਰ ਦਾ ਨਹੀਂ ਪਤਾ ਤਾਂ ਇਕ ਜਾਂ ਦੂਜੇ ਜਨੂੰਨ ਵਿਚ ਹੀ ਡੁਬਦੇ ਤਰਦੇ ਰਹਾਂਗੇ। ਜੇ ਸਾਨੂੰ ਸੱਚ ਦਾ ਨਹੀਂ ਪਤਾ ਤਾਂ ਅਸੀਂ ਕਿਸੇ ਝੂਠ ਤਕ ਪਹੁੰਚ ਕੇ ਟਿਕ ਜਾਵਾਂਗੇ। ਏਹਨੂੰ ਕਿਸ ਸਮਝ ਨਾਲ ਸਮਝਿਆ ਜਾਵੇ ?
ਇਸੇ ਹਾਲਤ ਵਿਚ ਦੋ ਵਰ੍ਹੇ ਮਗਰੋਂ ਇਕ ਦਿਨ ਸੁਰਜੀਤ ਪਾਤਰ ਦੀਆਂ ਸਤਰਾਂ ਪੜ੍ਹੀਆਂ :
ਨਫ਼ਰਤ ਦੇ ਤੀਰ ਚਲਦੇ ਐਪਰ ਨਾ ਮੈਨੂੰ ਸੱਲਦੇ
ਮੇਰੀ ਆਤਮਾ ਦੁਆਲ਼ੇ ਤੇਰੇ ਪਿਆਰ ਦੀ ਸੰਜੋਅ ਹੈ
ਅਤੇ
ਕਿਸੇ ਨੂੰ ਮਾਰਣ ਦਾ ਢੰਗ ਹੈ ਏਹ ਵੀ ਕਿ ਸ਼ੀਸ਼ਿਆਂ ‘ਚ ਵਿਕਾਰ ਪਾਵੋ
ਕਿ ਸ਼ਖਸੋਂ ਪਹਿਲਾਂ ਹੀ ਅਕਸ ਮਾਰੋ ਸੋ ਖ਼ੁਦ ‘ਚ ਪੂਰਾ ਯਕੀਨ ਰੱਖੀਂ
ਕਿਸੇ ਵੀ ਸ਼ੀਸ਼ੇ ਚ ਅਕਸ ਅਪਣਾ ਗੰਧਲਦਾ ਤੱਕ ਨਾ ਉਦਾਸ ਹੋਵੀਂ
ਸੱਜਣ ਦੀ ਨਿਰਮਲ ਨਜ਼ਰ ਚ ਹਰ ਦਮ ਤੂੰ ਧਿਆਨ ਆਪਣੇ ਨੂੰ ਲੀਨ ਰੱਖੀਂ
ਉਸ ਦਿਨ ਅਹਿਸਾਸ ਹੋਇਆ – ਪਿਆਰ ਉਹ ਹੈ ਜੋ ਤੁਹਾਨੂੰ ਸੁੱਚਾ ਕਰ ਦੇਵੇ, ਸਵੈ-ਵਿਸ਼ਵਾਸ ਨਾਲ਼ ਭਰ ਦੇਵੇ। ਪਿਆਰ ਸਿਰਫ਼ ਆਸਰਾ ਨਹੀਂ ਦਿੰਦਾ, ਤੁਹਾਨੂੰ ਸਵੈ-ਵਿਸ਼ਵਾਸ ਨਾਲ ਭਰ ਕੇ ਆਸਰਿਆਂ ਦੀ ਲੋੜ ਤੋਂ ਮੁਕਤ ਕਰਦਾ ਹੈ। ਜਿਹੜਾ ਇਉਂ ਨਹੀਂ ਕਰਦਾ, ਉਹ ਪਿਆਰ ਹਾਲੇ ਆਪ ਸੁੱਚਾ ਨਹੀਂ ਹੋਇਆ ਹੁੰਦਾ …
*
ਪਿਆਰ ਵਿਚ ਮਰਦ ਅਤੇ ਔਰਤ ਦੇ ਨਿਜੀ ਅਤੇ ਸਮਾਜੀ ਕੋਣ ਵੱਖਰੇ ਹੁੰਦੇ ਹਨ। ਇਹ ਗੱਲ ਹਰ ਮਰਦ ਔਰਤ ਤੇ ਲਾਗੂ ਨਹੀਂ ਹੁੰਦੀ ਪਰ … ਔਸਤ ਮਰਦ ਨੇ ਲੰਮੇ ਰਿਸ਼ਤੇ ਲਈ ਚੁਣਨਾ ਹੋਵੇ ਤਾਂ ਇਸਤ੍ਰੀ ਆਪਣੀ ਸੁੰਦਰਤਾ ਅਤੇ ਸੁਭਾਅ ਸਮੇਤ ਉਸਨੂੰ ਜਿੰਨੀ ਕੁ ਦਿਸਦੀ ਹੈ, ਉਸਨੂੰ ਸਵੀਕਾਰ ਹੁੰਦੀ ਹੈ। ਜੇ ਉਹ ਇਸਤ੍ਰੀ ਉਸ ਮਰਦ ਨੂੰ ਪਿਆਰ ਵੀ ਕਰਦੀ ਹੋਵੇ ਤਾਂ ਉਸ ਲਈ ਇਹ ਵੱਡੀ ਗੱਲ ਹੁੰਦੀ ਹੈ। ਇਸਤ੍ਰੀ ਥੋੜ੍ਹ-ਚਿਰੇ ਰਿਸ਼ਤੇ ਲਈ ਏਦਾਂ ਕਰ ਸਕਦੀ ਹੈ, ਪਰ ਲੰਮੇ ਰਿਸ਼ਤੇ ਲਈ ਮਰਦ ਨੂੰ ਅੰਦਰ ਅਤੇ ਦੂਰ ਤਕ ਘੋਖਦੀ ਹੈ। ਮਰਦ ਨੂੰ ਭਵਿੱਖ, ਭਰੋਸਗੀ, ਆਰਥਿਕਤਾ ਅਤੇ ਸੁਰੱਖਿਅਤਾ ਦੀ ਤੁਲਾ ਤੇ ਤੋਲਦੀ ਹੈ। ਅਜਿਹੇ ਵੇਲ਼ੇ ਉਹਨੂੰ ਏਸ ਗੱਲ ਦੀ ਪਰਵਾਹ ਨਹੀਂ ਹੁੰਦੀ ਕਿ ਸਾਮ੍ਹਣੇ ਖੜਾ ਮਰਦ ਉਹਨੂੰ ਬੇਇੰਤਹਾ ਪਿਆਰ ਕਰਦਾ ਹੈ। ਉਹ ਪਿਆਰ ਕਰਦੇ ਮਰਦ ਨੂੰ ਵੀ ਸਹਿਜ ਨਾਲ ਠੁਕਰਾ ਸਕਦੀ ਹੈ ਜੇ ਉਹਦੀ ਪ੍ਰੀਖਿਆ ਤੇ ਪੂਰਾ ਨਾ ਉਤਰੇ। ਜੇ ਮਰਦ ਉਸ ਇਸਤ੍ਰੀ ਨੂੰ ਠੁਕਰਾਵੇ ਜਿਸ ਇਸਤ੍ਰੀ ਨੇ ਉਹਨੂੰ ਪਿਆਰ ਕੀਤਾ ਹੈ, ਤਾਂ ਉਹ ਸਮਾਂ ਪਾ ਕੇ ਵਾਪਸ ਉਸ ਕੋਲ ਪਰਤਦਾ ਹੈ। ਕੋਈ ਵਿਰਲੀ ਇਸਤ੍ਰੀ ਏਦਾਂ ਮਰਦ ਕੋਲ਼ ਪਰਤੇਗੀ …
ਸ਼ਾਇਦ – ਮਰਦ ਦਾ ਪਿਆਰ ਹੌਰੀਜ਼ੌਂਟਲ ਵਧੇਰੇ ਹੈ ਤੇ ਇਸਤ੍ਰੀ ਦਾ ਵਰਟੀਕਲ ਵਧੇਰੇ। ਔਰਤ ਨੂੰ ਲਗਦਾ ਹੈ ਮਰਦ ਦੇ ਪਿਆਰ ਵਿਚ ਗਹਿਰਾਈ ਓਨੀ ਨਹੀਂ ਜਿੰਨੀ ਔਰਤ ਦੇ ਪਿਆਰ ਵਿਚ ਹੁੰਦੀ ਹੈ। ਖ਼ੈਰ, ਜਿਸਦੀ ਜਿੰਨੀ ਸਮਰੱਥਾ ਹੁੰਦੀ ਹੈ, ਉਹਨੇ ਉਸੇ ਨਾਲ ਹੀ ਪਿਆਰ ਕਰਨਾ ਹੁੰਦਾ ਹੈ। ਵੈਸੇ ਵੀ, ਗਹਿਰਾਈ ਜੈਂਡਰ-ਮੁਖੀ ਵਰਤਾਰਾ ਹੋਣ ਨਾਲੋਂ ਨਿਜੀ ਘਟਨਾ ਵਧ ਹੈ। ਮਰਦ ਹੁੰਦਿਆਂ ਵੀ ਇਮਰੋਜ਼ ਦਾ ਅੰਮ੍ਰਿਤਾ ਲਈ ਪਿਆਰ ਬਹੁਤ ਵਰਟੀਕਲ ਸੀ।
ਮਰਦ ਨੂੰ ਕਈ ਵਾਰੀ ਇਕ ਤੋਂ ਵਧ ਇਸਤ੍ਰੀਆਂ ਇਕੋ ਜਿੰਨੀਆਂ ਚੰਗੀਆਂ ਲਗਦੀਆਂ ਹਨ। ਉਹ ਚੋਣ ਕਰਨ ਤੋਂ ਅਸਮਰਥ ਹੁੰਦਾ ਹੈ। ਇਸਤ੍ਰੀ ਕੋਲ ਚੁਣਨ, ਰੱਖਣ ਜਾਂ ਛੱਡਣ ਦੀ ਸਮਰੱਥਾ ਅਤੇ ਇਕਾਗਰਤਾ ਮਰਦ ਨਾਲੋਂ ਵਧ ਹੁੰਦੀ ਹੈ। ਉਹ ਕਿਸੇ ਮਰਦ ਨੂੰ ਰੱਜ ਕੇ ਜਿਸ ਜਨੂੰਨ ਨਾਲ ਪਿਆਰ ਕਰ ਸਕਦੀ ਹੈ, ਸਮਾਂ ਆਉਣ ਤੇ ਓਸੇ ਸਮਰੱਥਾ ਨਾਲ ਬਿਨਾ ਦੁਚਿੱਤੀ ਤੋਂ ਤਿਆਗ ਵੀ ਸਕਦੀ ਹੈ ਜੇ ਮਰਦ ਉਹਦੀਆਂ ਲੋੜਾਂ ਜਾਂ ਉਮੀਦਾਂ ਪੂਰੀਆਂ ਨਾ ਕਰੇ ਤੇ ਉਹ ਮਰਦ ਤੋਂ ਬਿਨਾ ਵੀ ਸਰਵਾਈਵ ਕਰ ਸਕੇ। ਇਸਤ੍ਰੀ ਨੂੰ ਘਰ ਮਰਦ ਨਾਲੋਂ ਵਧ ਚਾਹੀਦਾ ਹੈ, ਪਰ ਉਸ ਕੋਲ ਘਰੋਂ ਬਾਹਰ ਹੋਣ ਦਾ ਹੌਂਸਲਾ ਮਰਦ ਨਾਲੋਂ ਵੱਡਾ ਹੈ। ਇਸਤ੍ਰੀ ਅੰਦਰ ਦੁਚਿੱਤੀ ਮਰਦ ਨਾਲੋਂ ਘੱਟ ਹੈ ਕਿਉਕਿ ਉਹ ਜੋ ਚਾਹੁੰਦੀ ਹੈ ਉਸ ਪ੍ਰਤੀ ਉਹਦੀ ਨੀਝ ਮਰਦ ਨਾਲੋਂ ਵਧ ਸਪਸ਼ਟ ਹੈ। ਅਜਿਹੇ ਵਰਤਾਰੇ ਵਿਚ ਮੈਂ ਆਪਣੇ ਕੁਝ ਮਰਦ ਦੋਸਤਾਂ ਨੂੰ ਭਿਆਨਕ ਤਰੀਕੇ ਨਾਲ ਬਰਬਾਦ ਹੁੰਦੇ ਵੇਖਿਆ ਹੈ …
ਮਰਦ-ਔਰਤ ਦੇ ਰਿਸ਼ਤੇ ਵਿਚ ਬਹੁਤ ਹਿੰਦੀ ਫ਼ਿਲਮਾਂ ਬਣੀਆਂ। ਸੰਨ 1987 ਵਿਚ ਗੁਲਜ਼ਾਰ ਵੱਲੋਂ ਬਣਾਈ ਫ਼ਿਲਮ “ਇਜਾਜ਼ਤ” ਆਪਣੇ ਆਪ ਵਿਚ ਨਵੇਕਲੀ ਸੀ। ਉਹਦੇ ਸ਼ਬਦਾਂ ਵਿਚ : “ਹਿੰਦੀ ਫ਼ਿਲਮਾਂ ਵਿਚ ਨਰ-ਨਾਰੀ ਦਾ ਰਿਸ਼ਤਾ ਸਦਾ ਤਿਕੋਣ ਵਾਂਗ ਵਿਖਾਇਆ ਗਿਆ – ਇਕ ਮਰਦ ਤੇ ਦੋ ਇਸਤ੍ਰੀਆਂ। ਪਹਿਲੇ ਦੌਰ ਦੀਆਂ ਫ਼ਿਲਮਾਂ ਵਿਚ ਸਦਾ ਦੂਜੀ ਇਸਤ੍ਰੀ ਹੀ ਦੋਸ਼ੀ ਸੀ। ਉਹ ਕਿਸੇ ਦਾ ਵੱਸਿਆ ਵਸਾਇਆ ਘਰ ਤੋੜ ਰਹੀ ਸੀ। 30 ਸਾਲਾਂ ਮਗਰੋਂ ਉਹ ਫ਼ਿਲਮਾਂ ਬਣੀਆਂ ਜਿੰਨ੍ਹਾਂ ਨੇ ਉਸ ਦੂਜੀ ਇਸਤ੍ਰੀ ਨੂੰ ਵੀ ਆਵਾਜ਼ ਦਿੱਤੀ। ਕਿਹਾ ਕਿ ਉਹਦਾ ਪਿਆਰ ਵੀ ਸੱਚਾ ਹੋ ਸਕਦਾ ਹੈ। ਪਰ ਮਰਦ ਨੂੰ ਕਦੀ ਕਿਸੇ ਨੇ ਬਰੀ ਨਾ ਕੀਤਾ। ਮਰਦ ਹੁਣ ਤਾਈਂ ਵੀ ਏਸ ਤਿਕੋਣ ਵਿਚ ਖ਼ਲਨਾਇਕ ਹੀ ਰਿਹਾ। ਉਹਦਾ ਚਿਹਰਾ ਲਾਲਸਾਮਈ ਹੀ ਵਿਖਾਇਆ ਗਿਆ ਜਿਹੜਾ ਪਤਨੀ ਦੇ ਹੁੰਦਿਆਂ ਦੂਜੀ ਔਰਤ ਮਗਰ ਭੱਜਿਆ ਫਿਰਦਾ ਹੈ। ਮੈਂ ਇਹ ਫ਼ਿਲਮ ਮਰਦ ਦੇ ਪੱਖ ਤੋਂ ਬਣਾਈ ਹੈ। ਮੈਂ ਫ਼ਿਲਮ ਵਿਚ ਮਰਦ ਨੂੰ ਜਸਟੀਫ਼ਾਈ ਨਹੀਂ ਕਰ ਰਿਹਾ, ਸਿਰਫ਼ ਏਹ ਆਖ਼ ਰਿਹਾ ਹਾਂ ਕਿ ਜ਼ਰੂਰੀ ਨਹੀਂ ਕਿਸੇ ਦੁਰਘਟਨਾ ਵਿਚ ਕੋਈ ਨਾ ਕੋਈ ਬੰਦਾ ਜ਼ਰੂਰ ਹੀ ਦੋਸ਼ੀ ਹੋਵੇ। ਬਹੁਤ ਵਾਰੀ ਜੀਵਨ ਏਦਾਂ ਵੀ ਵਾਪਰਦਾ ਹੈ ਕਿ ਕੋਈ ਕਿਸੇ ਨੂੰ ਮਿੱਥ ਕੇ ਦੁੱਖ ਦੇਣਾ ਨਹੀਂ ਚਾਹੁੰਦਾ, ਪਰ ਦੁੱਖ ਫ਼ੇਰ ਵੀ ਵਾਪਰ ਜਾਂਦਾ ਹੈ …”
*
27 ਮਈ 2024