ਇਹ ਬਾਤ (ਡਾ. ਸੁਰਜੀਤ ਪਾਤਰ)

ਇਹ ਬਾਤ – ਡਾ. ਸੁਰਜੀਤ ਪਾਤਰ

ਇਹ ਬਾਤ ਨਿਰੀ ਇੰਨੀ ਹੀ ਨਹੀ

ਨਾਂ ਇਹ ਮਸਲਾ ਸਿਰਫ ਕਿਸਾਂਨ ਦਾ ਏ ,

ਇਹ ਪਿੰਡ ਦੇ ਵਸਦੇ ਰਹਿਣ ਦਾ ਏ ,

ਇਹ ਤੌਖਲਾ ਉੱਜੜ ਜਾਂਣ ਦਾ ਏ ,

ਉੰਜ ਤਾਂ ਇਹ ਚਿਰਾਂ ਦਾ ਉੱਜੜ ਰਿਹਾ ,

ਇਹ ਅੱਜ ਨਹੀ ਉੱਜੜਨ ਲੱਗਿਆ ਏ ,

ਇਹਨੂੰ ਗੈਰਾਂ ਨੇ ਵੀ ਲੁੱਟਿਆ ਏ,

ਤੇ ਆਪਣਿਆਂ ਵੀ ਠੱਗਿਆ ਏ ,

ਇਹਦਾ ਮਨ ਪਿੰਡੇ ਤੋਂ ਵੱਧ ਜ਼ਖਮੀ ,

ਦੁੱਖ ਰੂਹ ਤੋਂ ਵਿੱਛੜ ਜਾਂਣ ਦਾ ਏ ,

ਇਹ ਬਾਤ ਨਿਰੀ ਇੰਨੀ ਹੀ ਨਹੀ ….

ਇਹ ਬਾਤ ਨਿਰੀ ਖੇਤਾਂ ਦੀ ਨਹੀਂ ,

ਇਹ ਗੱਲ ਤਾਂ ਸਫ਼ਿਆਂ ਦੀ ਵੀ ਹੈ ,

ਅੱਖਰ ਨੇ ਜਿਨ੍ਹਾਂ ਤੇ ਬੀਜਾਂ ਜਿਹੇ,

ਉਹਨਾਂ ਸੱਚ ਦੇ ਫਲਸਫਿਆਂ ਦੀ ਵੀ ਹੈ,

ਮੈਨੂੰ ਫਿਕਰ ਹੈ ਲਾਲੋ ਦੇ ਕੋਧਰੇ ਦਾ ,

ਤੈਨੂੰ ਭਾਗੋ ਦੇ ਪਕਵਾਨ ਦਾ ਏ,

ਇਹ ਬਾਤ ਨਿਰੀ ਇੰਨੀ ਹੀ ਨਹੀਂ…..

ਉਹ ਆਖੀ ਸੀ ਇਕ ਪੁਰਖੇ ਨੇ ,

ਉਹ ਬਾਤ ਅਜੇ ਤੱਕ ਹੈ ਸੱਜਰੀ ,

ਨਹੀ ਕੰਮ ਥਕਾਉਂਦਾ ਬੰਦੇ ਨੂੰ ,

ਬੰਦੇ ਨੂੰ ਥਕਾਉਂਦੀ ਬੇਕਦਰੀ,

ਇਹ ਦੁੱਖ ਉਸੇ ਬੇਕਦਰੀ ਦਾ,

ਇਹ ਸਲ੍ਹ ਉਸੇ ਅਪਮਾਂਨ ਦਾ ਏ

ਇਹ ਬਾਤ ਨਿਰੀ ਇੰਨੀ ਹੀ ਨਹੀਂ ….

ਖੂਹ ਵਗਦੇ ਵਗਦੇ ਸ਼ਪਨ ਹੋਏ,

ਹੁਣ ਬਾਤ ਨੀ ਸਦੀਆਂ ਗਈਆਂ ਦੀ ,

ਮੈਂ ਜਾਣਦਾਂ ਯੁੱਗ ਬਦਲਦੇ ਨੇ ,

ਤਿੱਖੀ ਰਫ਼ਤਾਰ ਹੈ ਪਹੀਆਂ ਦੀ ,

ਬੰਦੇ ਨੂੰ ਮਿੱਧ ਕੇ ਨਾਂ ਲੰਘ ਜਾਵਣ ,

ਇਹ ਫਰਜ਼ ਵੀ ਨੀਤੀਵਾਂਨ ਦਾ ਏ,

ਇਹ ਬਾਤ ਨਿਰੀ ਇੰਨੀ ਹੀ ਨਹੀਂ ….

ਤੇਰੇ ਵੱਡੇ ਵੱਸਣ ਘਰਾਂਣੇ ਵੀ ,

ਸਾਡੇ ਰਹਿਣ ਦੇ ਨਿੱਕੇ ਘਰ ਵਸਦੇ ,

ਸੱਭ ਚੁੱਲ੍ਹਿਆਂ ਵਿੱਚ ਅੱਗ ਬਲਦੀ ਰਹੇ,

ਸੱਭ ਧੀਆਂ ਪੁੱਤ ਵਸਦੇ ਰਸਦੇ ,

ਇਹ ਗੱਲ ਸਭਨਾਂ ਦੇ ਵੱਸਣ ਦੀ ਹੈ,

ਇਹ ਜਸ਼ਨ ਤਾਂ ਵੰਡਕੇ ਖਾਂਣ ਦਾ ਏ ,

ਇਹ ਬਾਤ ਨਿਰੀ ਇੰਨੀ ਹੀ ਨਹੀਂ ….

ਕਿਉਂ ਧੀ ਕਿਸੇ ਕਿਰਤੀ ਕੰਮੀ ਦੀ ,

ਉਹਨਾਂ ਦੀ ਖਾਤਿਰ ਧੀ ਹੀ ਨਹੀਂ ,

ਜੋ ਪੁੱਤ ਨੇ ਡਾਢਿਆਂ ਦੇ ਜਾਏ ,

ਉਹਨਾਂ ਦੀ ਕਿਤੇ ਪੇਸ਼ੀ ਹੀ ਨਹੀਂ ,

ਤੂੰ ਡਰ ਉਹਨਾਂ ਦੀ ਅਦਾਲਤ ਤੋਂ ,

ਜਿੱਥੇ ਹੋਣਾਂ ਅਦਲ ਇਮਾਂਨ ਦਾ ਏ ,

ਇਹ ਬਾਤ ਨਿਰੀ ਇੰਨੀ ਹੀ ਨਹੀਂ ….

ਤੇਰੇ ਨਾਲ ਵਜ਼ੀਰ ਅਮੀਰ ਖੜੇ ,

ਮੇਰੇ ਨਾਲ ਪੈਗ਼ੰਬਰ ਪੀਰ ਖੜੇ ,

ਰਵਿਦਾਸ ਫਰੀਦ ਕਬੀਰ ਖੜੇ ,

ਮੇਰੇ ਨਾਨਕ ਸ਼ਾਹ ਫਕੀਰ ਖੜੇ ,

ਮੇਰਾ ਨਾਮਦੇਵ ਮੇਰਾ ਧੰਨਾਂ ਵੀ ,

ਮੈਨੂੰ ਮਾਣ ਆਪਣੀ ਇਸ ਸ਼ਾਨ ਦਾ ਏ ,

ਇਹ ਬਾਤ ਨਿਰੀ ਇੰਨੀ ਹੀ ਨਹੀਂ