ਰੋਣਾ ਰੋਕੇ ਮਾਂ ਦੇ ਗਲ ਲੱਗ ਜਾਣਾ |
ਬਚਪਨ ਹੁੰਦੈ, ਏਦਾਂ ਦਾ ਮਰਜਾਣਾ ||
ਕੌਡਾਂ ਖੇਡਣਾ, ਛੂਹਣ-ਛਪਾਈ,
ਲੁਕਣ-ਮੀਟਣੀ, ਲੁਕ-ਲੁਕ ਮਿੱਟੀ ਖਾਣਾ |
ਮਾਂ ਦੀਆਂ ਝਿੜਕਾਂ ਸੁਣ ਸੁਣ ਕੇ ਵੀ,
ਮਿੱਟੀ ਵਿੱਚ ਖੇਡਣ ਜਾਣਾ |
ਟੋਕਰਾ ਤਾਣ ਕੇ ਚਿੜੀਆਂ ਫੜਨਾ,
ਪੰਛੀਆਂ ਦੇ ਪਰਛਾਵੇਂ ਫੜਨਾ |
ਰੇਤਾ ਦੇ ਘਰ ਛੱਤਣੇ, ਢਾਹੁਣੇ,
ਤੇ ਢਾਹ ਕੇ ਪਛਤਾਣਾ |
ਪੈਰੋਂ ਨੰਗੇ, ਢਾਕੋਂ ਨੰਗੇ,
ਪਿੰਡ ਦੀਆਂ ਗਲੀਆਂ ਭਉਣਾ |
ਦਿਨ ਚੜਦੇ ਹੀ ਘਰੋਂ ਨਿਕਲਣਾ,
ਸ਼ਾਮ ਢਲੀ ਘਰ ਆਣਾ |
ਹੁਣ ਨਾ ਕਦੇ ਗੁਲੇਲਾਂ ਫੜੀਆਂ,
ਨਾ ਬਨਾਉਟੀ ਫੌਜਾਂ ਲੜੀਆਂ |
ਨਾ ਹੀ ਸਾਉਣ ਮਹੀਨੇ ਹੋਇਆ,
ਨੰਗੇ ਮੀਂਹ ਵਿੱਚ ਨ੍ਹਾਣਾ |
ਨਾ ਉਹ ਹਾਸੇ , ਨਾ ਉਹ ਠੱਠੇ,
ਗੁੱਡੇ ਫੂਕਣੇ , ਹੋ ਕੇ ਕੱਠੇ |
ਨਾ ਡੰਗਰਾਂ ਨੂੰ ਪਾਉਣੇ ਪੱਠੇ,
ਨਾ ਖੁੱਡੇ ਪਾਉਣਾ ਦਾਣਾ |
ਹੁਣ ਨਾ ਘੜਨੀਆਂ ਪੈਂਦੀਆਂ ਕਲਮਾਂ,
ਹੁਣ ਜ਼ਿੰਦਗੀ ਹਾਂ ਘੜਦੇ |
ਹੁਣ ਨਾ ਫੱਟੀਆਂ ਪੋਚਣ ਦਾ ਕੰਮ,
ਨਾ ਆੜੀ ਮੰਗੀ-ਮਾਣਾ |
ਹੁਣ ਜਿਹਨਾਂ ਸੰਗ ਕਿੱਕਲੀ ਪਾਈ,
ਸੰਗ ਖੇਡੀ ਜਿਨ੍ਹਾਂ ਲੁਕਣ ਮਚਾਈ |
ਉਹਨਾਂ ਦੇ ਵੱਲ ਤੱਕ ਨਹੀਂ ਸਕਦੇ,
ਆਇਆ ਕੇਹਾ ਜ਼ਮਾਨਾ |
ਬਚਪਨ ਬਚਪਨ ਹੁਣ ਬੱਸ ਕਰ ਕੁਰਲਾਣਾ ,
ਬਚਪਨ ਮੈਨੂੰ ਲੱਗਦੈ ਹੋ ਗਿਆ ਕਾਣਾ |
ਹੁਣ ਆਪਣੀ ਬੀਹੀ ਦੀ ਜਾਈ,
ਸਭ ਨੂੰ ਲੱਗਦੀ ਸੱਤ ਪਰਾਈ |
ਮਾਏਂ ਇਹ ਕੇਹੀ ਰੁੱਤ ਆਈ,
ਏਦੂੰ ਚੰਗਾ ਏ ਮਰਜਾਣਾ |
ਦੱਸ ਮਾਏਂ ਹੁਣ ਕਿਹੜਾ ਜਾਏ ,
ਗਏ ਬਚਪਨ ਨੂੰ ਮੋੜ ਲਿਆਏ |
ਹਰ ਚਿਹਰਾ ਮੁੜ ਤੋਂ ਮੁਸਕਾਏ,
ਰਹੇ ਨਾ ਕੋਈ ਤਾਹਨਾ |
ਮਾਏਂ ਫਰਜ਼ੀ ਬੁੱਤਾਂ ਦੇ ਵਿੱਚ ,
ਮਾਂ ਖੋਰੀਆਂ ਰੁੱਤਾਂ ਦੇ ਵਿੱਚ |
ਹੁਣ ਨਾ ਮੇਰੇ ਕਦਮੀਂ ਲੱਗਦਾ,
ਇੱਕ ਵੀ ਪਲ ਬਿਤਾਣਾ |
ਸਮਾਂ ਬਦਲਦਾ ਗੱਲ ਸੁਣੀ ਸੀ,
ਬੜੀ ਸਮੇਂ ਦੀ ਭੱਲ ਸੁਣੀ ਸੀ |
ਏਨਾ ਬਦਲੂ ਪੈ ਜਾਊਗਾ,
ਪਿਆਰ ਨੂੰ ਕਰਜ਼ ਚੁਕਾਣਾ |
ਮਾਏਂ ਏਸ ਸਮੇਂ ਦੀ ਕੁੱਖੋਂ ,
ਕੁੱਖੋਂ ਕੀ ਇਸ ਸਮੇਂ ਦੇ ਦੁੱਖੋਂ ੍
ਕਿੰਨੇ ਸੁਪਨੇ ਮਰ ਗਏ ਮੇਰੇ ,
ਕਿੰਨਿਆਂ ਨੇ ਮਰ ਜਾਣਾ |
ਕਿੰਨੇ ਸ਼ਬਦ ਦਰਦ ਤੋਂ ਭਾਰੇ ,
ਏਸ ਸਮੇਂ ਦੀ ਜ਼ਿੱਦ ਤੋਂ ਹਾਰੇ |
ਅਉਧ ਹੰਢਾ ਲਈ ਰਹੇ ਕੁੰਵਾਰੇ ,
ਮੈਂ ਇਹਨਾਂ ਘਰ ਜਾਣਾ |
ਨਹੀਂ ਤਾਂ ਮੇਰੇ ਗੀਤਾਂ ਨੇ ਹਰ ਜਾਣਾ |
ਨਹੀਂ ਤਾਂ ਮੇਰੇ ਸ਼ਬਦਾਂ ਨੇ ਹਰ ਜਾਣਾ |
*********
ਨੱਕਾਸ਼ ਚਿੱਤੇਵਾਣੀ