ਪਾਟੇ ਹੋਏ ਲੀੜੇ ਸੀ ਤੇ ਖਿੰਡੇ ਹੋਏ ਵਾਲ਼ ਸੀ
ਡਿਗੂੰ-ਡਿਗੂੰ ਕਰਦੀ ਤੇ ਉੱਖੜੀ ਹੋਈ ਚਾਲ ਸੀ।
ਪੀਲ਼ਾ ਪਿਆ ਮੁੱਖ ਸੀ ਤੇ ਅੱਖ ਸੁੱਜੀ ਹੋਈ ਸੀ
ਖੌਰੇ ਕਿਹੜੇ ਭਾਰ ਨਾਲ ਏਨੀ ਕੁੱਬੀ ਹੋਈ ਸੀ।
ਜਾਪਦਾ ਏ ਕਦੇ ਉਹਦੇ ਚਿਹਰੇ ਉੱਤੇ ਨੂਰ ਸੀ
ਬਹੁਤ ਵੱਡਾ ਧੱਕਾ ਹੋਇਆ ਹੋਣਾ ਏ ਜ਼ਰੂਰ ਸੀ।
ਮੰਨਿਆ ਕਿ ਕਲਯੁੱਗ, ਬਹੁਤਿਆਂ ਦੇ ਨਾਲ ਹੁੰਦਾ
ਚੜ੍ਹਦੀ ਜਵਾਨੀ ਵਿੱਚ ਐਹ ਤੇ ਨਹੀਂ ਹਾਲ ਹੁੰਦਾ?
ਬੋਲੇ ਨਾ ਬੁਲਾਈ, ਬਿੱਟ-ਬਿੱਟ ਤੱਕੀ ਜਾਂਦੀ ਸੀ
ਸਾਰਿਆਂ ਸਵਾਲਾਂ ਤੇ ਸਵਾਲ ਹੋਈ ਜਾਂਦੀ ਸੀ।
ਕੀ ਤੇਰਾ ਨਾਂ ਕਿੱਥੋਂ ਆਈ, ਕਿੱਥੇ ਚੱਲੀ ਏ
ਕਿਸੇ ਨੇ ਹਿਲਾਈ ਏ ਜਾਂ ਆਪੇ ਈ ਤੂੰ ਹੱਲੀ ਏ?
ਕਿੱਥੇ ਐ ਟਿਕਾਣਾ ਦੱਸ, ਕਿਹੜੇ ਸ਼ਹਿਰ ਜਾਣਾ ਦੱਸ
ਹੁਣੇ ਲੈ ਕੇ ਦਿੰਦੇ ਆਂ, ਜੇ ਤੂੰ ਕੁੱਝ ਖਾਣਾ ਦੱਸ?
ਹਿੰਦੂ ਏ ਜਾਂ ਮੁਸਲਿਮ, ਸਿੱਖ ਜਾਂ ਈਸਾਈ ਏਂ
ਕਿੰਨੇ ਤੇਰੇ ਪੁੱਤ ਏ ਤੂੰ ਕੀਹਦੇ ਹਿੱਸੇ ਆਈ ਏਂ?
ਕੁੱਝ ਵੀ ਨਾ ਬੋਲੀ ਜਦੋਂ, ਅਗਲਾ ਸਵਾਲ ਕੀਤਾ
ਚੱਲ ਏਨਾ ਦੱਸ ਤੇਰਾ ਕੀਹਨੇ ਆਹ ਹਾਲ ਕੀਤਾ?
ਊੰ ਤਾਂ ਸਾਨੂੰ ਪਤਾ ਏ ਕਿ ਭਾਰਤ ਮਹਾਨ ਏ
ਇਹ ਵੀ ਸਾਨੂੰ ਪਤਾ ਏ ਕਿ ਜਣਾ-ਖਣਾ ਸਾਨ੍ਹ ਏ।
ਦਾਅ ਜੀਹਦਾ ਲੱਗਦਾ ਏ ਦਾਅ ਲਾਈ ਜਾਂਦਾ ਏ
ਜੀਹਦਾ ਨਹੀਂਓਂ ਲੱਗਦਾ ਉਹ ਰੌਲ਼ਾ ਪਾਈ ਜਾਂਦਾ ਏ।
ਗਾਂ ਨੂੰ ਵੀ ਅਸੀਂ ਹੁਣ ਮਾਂ ਕਹਿਣ ਲੱਗੇ ਆਂ
ਮੂਤ ਪੀਣ ਲੱਗੇ ਆਂ ਤੇ ਬਾਂਹ ਲੈਣ ਲੱਗੇ ਆਂ।
ਲੋਕਾਂ ਦਾ ਕੀ ਲੋਕ ਏਥੇ ਘੂਕ ਸੁੱਤੇ ਪਏ ਆ
ਸਲੂਟ ਚਾਂਘਾਂ ਮਾਰਦੇ ਸਬੂਤ ਸੁੱਤੇ ਪਏ ਆ।
ਕਦੇ ਜਨ ਧਨ, ਕਦੇ ਜਨ-ਗਣ-ਮਨ ਹੁੰਦੀ
ਵੈਣ ਪਾਉਂਦੇ ਚੁੱਲ੍ਹੇ ਉੱਤੇ, ਟੁੱਟੀ ਹੋਈ ਛੰਨ ਹੁੰਦੀ।
ਸਕੂਲਾਂ ‘ਚ ਪੜ੍ਹਾਈ, ਹਸਪਤਾਲਾਂ ‘ਚ ਦਵਾਈ ਨਾ
15 ਅਗਸਤ ਕਦੇ ਸਾਡੇ ਵਿਹੜੇ ਆਈ ਨਾ।
ਬੱਸ ਏਨਾ ਜਾਣਦੇ ਆਂ ਕਿਤੇ ਕੋਈ ਫੰਡਾ ਏ
ਤਿਰੰਗਾ ਇੱਕ ਝੰਡਾ ਏ ਤੇ ਉਹਦੇ ਵਿੱਚ ਡੰਡਾ ਏ।
ਡੰਡੇ ਵਾਲਾ ਡੰਡੇ ਨਾਲ ਰਾਜ ਕਰੀ ਜਾਂਦਾ ਏ
ਜੀਹਨੇ ਡੰਡਾ ਡੁੱਕਣਾ ਉਹ ਖਾਜ ਕਰੀ ਜਾਂਦਾ ਏ।
ਸੁਣ ਗੱਲਾਂ ਸੱਚੀਆਂ ਉਹ ਹੌਸਲੇ ‘ਚ ਆ ਗਈ
ਬਹਿਕੇ ਮੇਰੇ ਕੋਲ ਸਾਰੀ ਵਿੱਥਿਆ ਸੁਣਾ ਗਈ।
ਬਾਹਮਣਾਂ ਨੇ ਕਦੇ ਮੈਨੂੰ ਲਾਲਿਆਂ ਨੇ ਘੇਰਿਆ
ਗੋਰਿਆਂ ਨੇ ਛੱਡੀ ਜਦੋਂ ਕਾਲ਼ਿਆਂ ਨੇ ਘੇਰਿਆ।
ਜੀਹਦੇ ਨਾਲ ਮੰਗੀ ਸੀ ਮੈਂ ਉਹਦੇ ਤੱਕ ਪੁੱਜੀ ਨਾ
ਕੰਡਿਆਲ਼ੀ ਥੋਹਰ ਮੈਂ ਉਜਾੜਾਂ ‘ਚ ਵੀ ਉੱਗੀ ਨਾ।
ਆਜ਼ਾਦੀ ਮੇਰਾ ਨਾਂ ਏ ਮੈਂ ਜਾਈ ਕੁਰਬਾਨੀਆਂ
ਕਾਤਿਲ ਹੀ ਮੇਰੇ ਮੈਨੂੰ ਦੇਣ ਪਏ ਸਲਾਮੀਆਂ।
ਚਾਵਾਂ ਨਾਲ ਆਈ ਸੀ ਮੈਂ, ਰੂਪ ਦੁਹਾਈ ਸੀ
ਤਾਰ-ਤਾਰ ਹੋਈ ਕਿਸੇ ਕੀਤੀ ਨਾ ਸੁਣਾਈ ਸੀ।
ਟੋਟੇ-ਟੋਟੇ ਹੋ ਗਏ ਭਾਈ, ਭਾਈਆਂ ਕੋਲੋਂ ਟੁੱਟ ਗਏ
ਚੁੰਘਦੇ ਜੁਆਕ ਦੁੱਧ ਮਾਈਆਂ ਕੋਲੋਂ ਛੁੱਟ ਗਏ।
ਇੱਕ ਪਾਸੇ ਹਿੰਦ ਸੀ ਤੇ ਇੱਕ ਪਾਸੇ ਪਾਕ ਸੀ
ਫਸਿਆ ਦੁਚਿੱਤੀ ‘ਚ ਨਿੱਕਾ ਜਿਹਾ ਜੁਆਕ ਸੀ।
ਇੱਕ ਪਾਸੇ ਮਾਂ ਸੀ ਤੇ ਇੱਕ ਪਾਸੇ ਬਾਪ ਸੀ
ਏਧਰ ਵੀ ਖਾਕ ਸੀ ਤੇ ਓਧਰ ਵੀ ਖਾਕ ਸੀ।
ਫ਼ੈਸਲਾ ਨਾ ਕਰ ਹੋਇਆ, ਜੀਅ ਤੇ ਨਾ ਮਰ ਹੋਇਆ
ਏਥੇ ਕਿਤੇ ਖੂਹ ਸੀ ਤੇ ਏਥੇ ਕਿਤੇ ਘਰ ਹੋਇਆ।
ਲੱਭਦੀ ਮੈਂ ਅਪਣੇ ਬੇਗਾਨੀ ਹੋਈ ਪਈ ਆਂ
ਸਾਰ ਨਾ ਕੋਈ ਸੁਧ ਨਾ ਬਰਾਨੀ ਹੋਈ ਪਈ ਆਂ।
ਬੇਈਮਾਨ ਪੁੱਤ ਹੋਏ, ਧੀਆਂ ਹੋਈਆਂ ਰੰਡੀਆਂ
ਚੂੰਢ-ਚੂੰਢ ਖਾਣ ਲੱਗੇ, ਪਾ ਲਈਆਂ ਵੰਡੀਆਂ।
ਭੁੱਲ ਗਏ ਪੰਜਾਬੀ ਤੇ ‘ਗਰੇਜ਼ੀ ਮੁੱਖ ਚੜ੍ਹ ਗਈ
ਮਾਂ ਬੋਲੀ ਵੜਦਿਆਂ-ਵੜਦਿਆਂ ਵੜ ਗਈ।
ਗਾਉਣ ਵਾਲਿਆਂ ਨੇ ਮੇਰੀ ਚੰਗੀ ਢੂਹੀ ਮਾਰੀ ਏ
ਦੂਣੀ ਦਬਾਈ ਉਹਨਾਂ ਜਿੰਨੀ ਕੁ ਉਘਾੜੀ ਏ।
ਨੀਲੀ ਕਦੇ ਚਿੱਟੀ ਮੈਨੂੰ ਰੱਜ ਕੇ ਜਲੀਲ ਕੀਤਾ
ਮੇਰਾ ਈ ਗਵਾਹ ਖੜ੍ਹਾ ਮੇਰਾ ਈ ਵਕੀਲ ਕੀਤਾ।
ਕੀ ਆਖਾਂ ਹੁਣ ਕੋਈ ਰਾਹ ਨਾ ਕੋਈ ਗੋਹਰ ਏ
ਡਾਹਢਿਆਂ ਦੇ ਅੱਗੇ ਮਾੜਿਆਂ ਦਾ ਕਾਹਦਾ ਜ਼ੋਰ ਏ।
ਫੇਰ ਵੀ ਮੈਂ ਅਜੇ ਤੱਕ ਢਾਹੀਆਂ ਨਹੀਓਂ ਢੇਰੀਆਂ
ਜਦੋਂ ਤੱਕ ਸਾਹ ਨੇ ਉਮੀਦਾਂ ਕਾਇਮ ਮੇਰੀਆਂ।
ਆਸ਼ਕ ਤਾਂ ਮੇਰੇ ਮੈਨੂੰ ਅੱਜ ਵੀ ਪੁਕਾਰਦੇ
ਫਾਂਸੀਆਂ ਨੂੰ ਚੁੰਮਦੇ, ਹਵਾ ਨੂੰ ਲਲਕਾਰਦੇ।
ਸੋਚਦਾ ਹਾਂ ਕਿਹੜੇ ਤੂੰ ਭੁਲੇਖੇ ਵਿੱਚ ਘੁੰਮਦੀ
ਪਈ ਏ ਜਵਾਨੀ ਏਥੇ ਨਸ਼ਿਆਂ ਨੂੰ ਚੁੰਮਦੀ।