ਜ਼ੁਲਮ ਖ਼ਿਲਾਫ਼
ਤਲਵਾਰ ਚੁੱਕਾਂਗਾ
ਉਦੋਂ ਤੱਕ ਲੜਾਂਗਾ
ਜਦੋਂ ਤੱਕ ਇਹ ਸੀਸ
ਧੜ ਤੋਂ ਵੱਖ ਨਹੀਂ ਹੋ ਜਾਂਦਾ।
ਨਾ ਲੜਿਆ ਤੇ
ਸਮਝ ਲੈਣਾ
ਇਸ ਧੌਣ ਤੇ
ਸਿਰ ਨਹੀਂ
ਹਦੁਆਣਾ ਝੂਲ ਰਿਹਾ ਸੀ।
ਦਇਆ ਰਾਮ ਦੇ ਬੋਲ ਸੁਣ ਕੇ
ਉੱਠ ਖੜ੍ਹਿਆ
ਧਰਮ ਦਾਸ
ਤੇ ਕਹਿਣ ਲੱਗਿਆ
ਧਰਮ ਹਮੇਸ਼ਾ ਤੋਂ
ਸ਼ੋਸ਼ਣ ਹੀ ਕਰਦਾ ਆਇਆ ਹੈ
ਮਨੁੱਖਤਾ ਦਾ।
ਅਸੀਂ ਲੜਾਂਗੇ
ਸ਼ੋਸ਼ਣ ਖ਼ਿਲਾਫ਼
ਅਪਣੀ ਹੋਂਦ ਬਚਾਉਣ।
ਸਾਨੂੰ ਲੜਨਾ ਹੀ ਪੈਣਾ ਹੈ
ਉਲੰਘਣਾ ਪੈਣਾ ਹੈ
ਧਰਮ ਦੀਆਂ ਵਲਗਣਾਂ ਨੂੰ
ਤੋੜਨਾ ਪੈਣਾ ਹੈ
ਵਿਰਾਸਤ ਦੀਆਂ ਬੇੜੀਆਂ ਨੂੰ
ਬਦਲਨਾ ਪੈਣਾ ਹੈ
ਮਸ੍ਹੀਤਾਂ, ਮੰਦਰਾਂ ਦੀ ਚਾਰ ਦੀਵਾਰੀ ਨੂੰ
ਮਦਰੱਸਿਆਂ ਦੇ ਵਿਸ਼ਾਲ ਅੰਬਰ ਵਿੱਚ।
ਸੇਵਕ ਕਉ
ਸੇਵਾ ਬਨਿ ਆਈ
ਹਿੰਮਤ ਰਾਇ
ਹਿੰਮਤ ਵਿਖਾਈ
ਮੋਹਕਮ ਚੰਦ ਤੇ
ਸਾਹਿਬ ਚੰਦ ਨੇ
ਬਾਂਹ ਉਲਾਰ ਕੇ ਫ਼ਤਹਿ ਬੁਲਾਈ
ਤੇ ਫਿਰ
ਗ਼ੁਲਾਮੀ ਅਤੇ ਜ਼ਲਾਲਤ ਭਰੀ ਜ਼ਿੰਦਗ਼ੀ
ਤੋਂ ਨਿਜਾਤ ਪਾਉਣ
ਉੱਠ ਖੜ੍ਹੀਆਂ
ਹਜ਼ਾਰਾਂ ਬਾਹਵਾਂ
ਝੂਮਣ ਲੱਗੇ
ਹਜ਼ਾਰਾਂ ਸਿਰ
ਕਿ ਹੁਣ ਖੋਪਰੀਆਂ ਲਾਹੁਣ ਵਾਲਿਆਂ ਦੀ
ਅੱਖ ਵਿੱਚ ਅੱਖ ਪਾ ਕੇ ਵੇਖਾਂਗੇ
ਕਿ ਭੈਅ ਕਿਸਨੂੰ ਆਉਂਦਾ ਹੈ
ਹੱਥ ਕਿਸ ਦੇ ਕੰਬਦੇ ਹਨ
ਜ਼ੁਬਾਨ ਕਿਸ ਦੀ ਥਰ-ਥਰਾਉਂਦੀ ਹੈ?
ਕਿ ਹੁਣ ਲੜਾਈ
ਤੱਤੀ ਤਵੀ ਤੇ ਨਹੀਂ
ਖਿਦਰਾਣੇ ਦੀ ਢਾਬ ਤੇ ਹੋਵੇਗੀ
ਚਮਕੌਰ ਦੀ ਗੜ੍ਹੀ ਵਿੱਚ ਹੋਵੇਗੀ
ਕਿ ਹੁਣ
ਦੁਸ਼ਮਣਾਂ ਦੇ ਕਿਲੇ ਵਿੱਚ
ਸੀਸ ਪੇਸ਼ ਨਹੀਂ ਕੀਤੇ ਜਾਣਗੇ
ਕੁੱਲੀ-ਕੁੱਲੀ ਨੂੰ ਕਿਲਾ ਬਣਾ ਕੇ
ਬਰਾਬਰ ਦੀ ਟੱਕਰ
ਦਿੱਤੀ ਜਾਵੇਗੀ।
ਮੈਂ
ਪੰਜ ਸੀਸ ਨਹੀਂ ਸੀ ਮੰਗੇ
ਪੰਜ ਸਿਰ ਮੰਗੇ ਸੀ
ਉਹ ਸਿਰ
ਜੋ ਖੁਦ ਫੈਸਲੇ ਲੈ ਸਕਣ ਦੇ ਸਮਰੱਥ ਹੋਣ।
ਦਸਤਾਰਾਂ, ਦਾਹੜੀਆਂ ਵਾਲੇ ਸਿਰ
ਕੰਘਿਆਂ, ਕੜਿਆਂ, ਜਨੇਊਆਂ ਵਾਲੀਆਂ ਲੋਥਾਂ
ਉਦੋਂ ਵੀ ਤੁਰੀਆਂ ਫਿਰਦੀਆਂ ਸੀ
ਸੂਟੇ ਲਾਉਣ
ਅਤੇ ਅੰਮ੍ਰਿਤ ਛਕਾਉਣ ਵਿੱਚ
ਏਨਾ ਕੁ ਹੀ ਫ਼ਰਕ ਸੀ
ਕਿ ਨਸ਼ਾ ਜਦੋਂ ਆਦਤ ਬਣ ਜਾਂਦਾ ਹੈ
ਕਮਜ਼ੋਰੀ ਬਣ ਜਾਂਦਾ ਹੈ
ਮੇਰੀ ਖਾਲਸਾ ਫੌਜ
ਕਮਜ਼ੋਰ ਨਾ ਹੋਵੇ
ਰਹਿਤ ਮਰਿਆਦਾ ਵਿੱਚ ਰਹਿ ਕੇ
ਰਾਹ ਦਸੇਰੀ ਬਣੇ
ਏਸੇ ਲਈ ਆਖਿਆ ਸੀ
ਨਿਆਰਾ ਖਾਲਸਾ
ਪਿਆਰਾ ਖਾਲਸਾ।
ਕਿਸੇ ਨੇ ਕਛਿਹਰਾ ਪਾਇਆ ਹੈ
ਜਾਂ ਨਹੀਂ
ਕਿਸੇ ਨੇ ਜੈਕਾਰਾ ਲਾਇਆ ਹੈ
ਜਾਂ ਨਹੀਂ
ਕਿਸੇ ਨੇ ਸਿਰ ਢੱਕਿਆ ਹੈ
ਜਾਂ ਨਹੀਂ
ਕਿਸੇ ਨੇ ਦਾਹੜ੍ਹੀ ਰੰਗੀ ਹੈ
ਜਾਂ ਨਹੀਂ
ਕੋਈ ਬੀੜੀਆਂ ਪੀਂਦਾ ਜ਼ਰਦਾ ਲਾਉਂਦਾ ਹੈ
ਜਾਂ ਨਹੀਂ
ਇਹ ਪਰਖ
ਜਹਾਂਗੀਰ ਕਰਿਆ ਕਰਦਾ ਸੀ
ਔਰੰਗਜ਼ੇਬ ਕਰਿਆ ਕਰਦਾ ਸੀ
ਮੈਂ ਤਾਂ
ਮਾਨਸ ਕੀ ਜਾਤ ਕੋ
ਸਭੈ ਏਕੈ ਪਹਿਚਾਨਬੋ ਦਾ
ਸੰਦੇਸ਼ ਦਿੱਤਾ ਸੀ।
ਅਫਸੋਸ
ਕਿ ਮੈਨੂੰ ਉਹ ਕਿਤੇ ਨਹੀਂ ਲੱਭ ਰਹੇ
ਜਿਹਨਾਂ ਦੇ ਮਾਣ ਵਿੱਚ ਮੈਂ ਆਖਿਆ ਸੀ
ਚਾਰ ਮੁਏ ਤੋ ਕਿਆ ਹੁਆ
ਜੀਵਿਤ ਕਈ ਹਜ਼ਾਰ।
ਸੋਹਣੀਆਂ ਦਸਤਾਰਾਂ ਦੇ ਮੁਕਾਬਲੇ
ਗੁਰਬਾਣੀ ਕੰਠ ਦੇ ਮੁਕਾਬਲੇ
ਗੱਤਕਿਆਂ ਦੇ ਜ਼ੋਹਰ
ਕਿਸ ਰਾਜੇ ਦੇ ਰਾਜ ਦੀ ਸਲਾਮਤੀ ਲਈ
ਰਚਾਇਆ ਗਿਆ ਅਖੰਡ ਪਾਠ ਹੈ?
ਕਿਸ ਦੀ ਲੁੱਟ ਨੂੰ
ਕਾਇਮ ਰੱਖਣ ਲਈ
ਭਟਕਾਇਆ ਗਿਆ ਹੈ
ਮਾਧੋ ਦਾਸ ਬੈਰਾਗੀ ਦਾ ਧਿਆਨ?
ਇਹ ਸੋਨੇ ਦਾ ਦਰਵਾਜ਼ੇ
ਸੋਨੇ ਦੀਆਂ ਪਾਲਕੀਆਂ
ਸੰਗਮਰਮਰ ਦੇ ਬੁੱਚੜਖਾਨੇ
ਕੂਕ ਕੂਕ ਕੇ ਆਖ ਰਹੇ ਨੇ
ਕਿ ਗੋਬਿੰਦ ਸਿਆਂ
ਕੰਧ ਤੇ ਹੀ ਟੰਗਿਆ ਰਹੁ
ਨਹੀਂ ਤੇ ਟੰਗ ਦਿੱਤਾ ਜਾਵੇਗਾ।
ਮੈਂ ਸੀਸ ਨਹੀਂ
ਸਿਰ ਮੰਗੇ ਸੀ
ਉਹ ਸਿਰ
ਜੋ ਖੁਦ ਫੈਸਲੇ ਲੈ ਸਕਣ ਦੇ ਸਮਰੱਥ ਹੋਣ।
#ਗੱਗਬਾਣੀ