“ਧਰਮ ਦੇ ਨਾਂ’ਤੇ ਜਿੰਨ੍ਹਾਂ ਮਰਜੀ ਲੁੱਟ ਲੈ ਲੋਕਾਂ ਨੂੰ…।” ਮੇਰੇ ਮੋਬਾਇਲ’ਤੇ ਰਿੰਗ ਵੱਜ ਰਹੀ ਸੀ।ਭਰਭੂਰ ਦਾ ਨਾਂ ਮੋਬਾਇਲ ਸਕਰੀਨ’ਤੇ ਨਜ਼ਰ ਆ ਰਿਹਾ ਸੀ।ਸਵੇਰ ਦੇ ਸੱਤ ਵੱਜ ਚੁੱਕੇ ਸਨ।ਫ਼ੋਨ ਮੇਰੇ ਕੋਲ਼ ਕੱਲ੍ਹ ਦੇ ਹੀ ਬਹੁਤ ਆ ਰਹੇ ਸਨ।ਸਭ ਹਾਲਚਾਲ ਪੁੱਛ ਰਹੇ ਸੀ।ਜਿਹੋ ਜਿਹੇ ਦੇਸ਼ ਦੇ ਹਾਲਾਤ ਬਣੇ ਹੋਏ ਸਨ।ਲੋਕਾਂ ਦੇ ਮਨਾਂ ਵਿੱਚ ਨਿਊਜ਼ ਚੈਨਲਾਂ ਨੇ ਇੱਕ ਤਰ੍ਹਾਂ ਬਹੁਤ ਡਰ, ਦਹਿਸ਼ਤ ਭਰ ਦਿੱਤਾ ਸੀ।ਜਿਵੇਂ ਬੱਸ ਦੁਨੀਆਂ ਤਾਂ ਹੁਣ ਖ਼ਤਮ ਹੋ ਜਾਵੇਗੀ।ਮੈਂ ਮੋਬਾਇਲ ਦੇ ਹਰੇ ਬਟਨ’ਤੇ ਉਂਗਲੀ ਲਾਈ ਤੇ,
“ਹੈਲੋ…।” ਮੈਂ ਕਿਹਾ।
“ਕੀ ਹਾਲ ਨੇ…।” ਭਰਭੂਰ ਨੇ ਮੇਰਾ ਹਾਲ-ਚਾਲ ਪੁੱਛਿਆ।
“ਠੀਕ ਹਾਂ…।” ਮੈਂ ਵੀ ਆਪਣੀ ਤੰਦਰੁਸਤੀ ਵਾਰੇ ਦੱਸਿਆ।
“ਮੈਨੂੰ ਤੇਰੇ ਗੁਆਂਢੀ ਸ਼ੇਰ ਸਿੰਘ ਦਾ ਫ਼ੋਨ ਆਇਆ ਸੀ…।”
“ਕੀ ਕਹਿੰਦਾ ਸੀ ?”
“ਕਹਿੰਦਾ, ਸੁਣੀਆ ਤੇਰੇ ਦੋਸਤ ਸਾਡੇ ਗੁਆਂਢੀ ਨੂੰ ਉਹ ਬਿਮਾਰੀ ਜਿਹੀ ਹੋ ਗਈ।ਭਲਾਂ ਸੱਚ ਐ।”
“ਕੈਂਸਰ ਹੋ ਗਿਆ…।” ਮੈਂ ਸ਼ੇਰ ਸਿੰਘ ਨੂੰ ਜਾਣ ਕੇ ਕਹਿ ਦਿੱਤਾ।ਮੈਨੂੰ ਪਤਾ ਤਾਂ ਸੀ ਉਹ ਕੀ ਕਹਿਣਾ ਚਾਹੁੰਦਾ ਸੀ,ਪਰ ਨਾਂ ਨਹੀਂ ਸੀ ਲੈ ਰਿਹਾ।ਮੈਨੂੰ ਵਿੰਗ ਵਲੇਵੇਂ,ਬੁਜ਼ਾਰਤਾਂ ਜਿਹੀਆਂ ਪਾਈ ਜਾਵੇ।
“ਨਹੀਂ! ਜਿਹੜੀ ਆ ਨਵੀਂ ਬਿਮਾਰੀ ਚੱਲੀ ਐ।”
“ਸ਼ੂਗਰ ਹੋ ਗਿਆ…।” ਮੈਂ ਫਿਰ ਜਾਣਕੇ ਕਹਿ ਦਿੱਤਾ।
“ਨਹੀਂ ਨਿੱਤ ਆਪਾਂ ਅਖ਼ਬਾਰਾਂ ਵਿੱਚ ਨੀਂ ਪੜ੍ਹਦੇ…ਨਾਲ਼ੇ ਟੈਲੀਵੀਜ਼ਨਾਂ ਉੱਤੇ ਖ਼ਬਰਾਂ’ਚ ਘਸਮਾਣ ਪਾ ਰੱਖਦੇ ਨੇ…।”
“ਕਰੋਨਾ…।” ਮੈਂ ਅੱਗੋਂ ਬੋਲਿਆ।
“ਹਾਂ ! ਕਹਿੰਦੇ ਨੇ ਉਹਨੂੰ ਹੋ ਗਿਆ।ਘਰੇ ਪੁਲਿਸ ਤੇ ਹਸਪਤਾਲ ਵਾਲੇ ਆਏ ਸੀ।ਘਰ ਚੋਂ ਸਾਰਿਆਂ ਦਾ ਬਾਹਰ ਨਿਕਲਣਾ ਬੰਦ ਕਰ ਦਿੱਤਾ।ਭਲਾਂ ਹੁਣ ਸਾਰਿਆਂ ਨੂੰ ਚੱਕ ਕੇ ਲੈ ਜਾਣਗੇ।ਉਹਨੂੰ ਤਾਂ ਕਹਿੰਦੇ ਬਾਹਰੋਂ ਚੱਕ ਕੇ ਲੈ ਗਈ ਪੁਲਿਸ…।” ਸ਼ੇਰ ਸਿੰਘ ਗੱਲ ਦੀ ਲੜੀ ਨਹੀਂ ਸੀ ਟੁੱਟਣ ਦੇ ਰਿਹਾ ਸੀ।ਫਿਰ ਮੈਂ ਹੀ ਝਾੜਝੰਬ ਕੀਤੀ।
“ਸਰਦਾਰ ਜੀ! ਤੁਸੀਂ ਸਿੱਧਾ ਨਾਂ ਨਹੀਂ ਸੀ ਲੈ ਸਕਦੇ, ਵੀ ਕਰੋਨਾ ਰਿਪੋਰਟ ਪਾਜ਼ਟਿਵ ਆਈ ਹੈ।ਜੇਕਰ ਹੋ ਵੀ ਗਿਆ ਕਿੱਡੀ ਕੁ ਗੱਲ ਚਾਰ ਦਿਨਾਂ ਨੂੰ ਆ ਜਾਊ…।ਉਹ ਮਿਹਨਤ ਕਿੰਨ੍ਹੀ ਕਰਦਾ ਸਵੇਰੇ ਸ਼ਾਮ ਪੰਦਰਾਂ ਕਿਲੋਮੀਟਰ ਭੱਜਦਾ ਐ…।ਜਵਾਕਾਂ ਨੂੰ ਲੈ ਕੇ ਜਾਂਦਾ।ਤੁਸੀਂ ਐਵੇਂ ਗੱਲਾਂ ਦਾ ਸਵਾਦ ਲੈਂਦੇ ਫਿਰਦੇ ਹੋ।ਤੁਹਾਨੂੰ ਸਭ ਨੂੰ ਪਤਾ ਐ।ਖ਼ਬਰਾਂ ਵਿੱਚ ਵੀ ਆਈ ਜਾਂਦਾ…।ਤੁਸੀਂ ਪੜ੍ਹੇ ਲਿਖੇ ਹੋ ਕੇ ਨਾਂ ਨਹੀਂ ਲੈ ਰਹੇ ਜਿਵੇਂ ਅਨਪੜ੍ਹ ਬੁੜ੍ਹੀਆਂ ਕਰਦੀਆਂ ਹੁੰਦੀਆਂ ਨੇ।ਜੇ ਨਾਂ ਲੈ ਦਿੱਤਾ ਕਿਤੇ ਬਿਮਾਰੀ ਤੁਹਾਨੂੰ ਨਾ ਚਿੰਬੜ ਜਾਵੇ ਆਏਂ ਕਰਦੇ ਔਂ…।ਤੁਹਾਡੇ ਤਾਂ ਗੁਆਂਢੀ ਨੇ, ਪਤਾ ਕਰ ਆਉਣਾ ਸੀ…।” ਮੈਂ ਗਰਮ ਹੋ ਗਿਆ।ਸ਼ੇਰ ਸਿੰਘ ਨੇ ਫ਼ੋਨ ਕੱਟ ਦਿੱਤਾ।ਭਰਭੂਰ ਨਾਲ਼ੇ ਹੱਸੀ ਜਾਵੇ ਨਾਲ਼ੇ ਗੱਲ ਦੱਸੀ ਜਾਵੇਂ।ਮੈਨੂੰ ਵੀ ਹਾਸਾ ਆ ਰਿਹਾ ਸੀ।ਇੱਕ ਪੜ੍ਹਿਆ ਲਿਖਿਆ ਪਰਵਾਰ ਇਸ ਤਰ੍ਹਾਂ ਦਾ ਵਿਵਹਾਰ ਕਰੇ ਸਮਝ ਤੋਂ ਪਰੇ ਦੀ ਗੱਲ ਹੈ।ਅਹਿਜੇ ਲੋਕ ਤਾਂ ਪਿੱਛ ਲੱਗ ਹੁੰਦੇ ਨੇ ਥਾਲੀਆਂ ਖੜਕਾਉਣ ਤੇ ਮੋਮਬੱਤੀਆਂ ਜਗਾਉਣ ਜੋਗੇ ਨੇ…।ਕਰੋਨਾ ਦੇ ਚਲਦਿਆਂ ਜਿੰਨ੍ਹਾਂ ਪੜ੍ਹਿਆ ਲਿਖਿਆ ਵਰਗ ਮੂਰਖ ਬਣਿਆ।ਉਨ੍ਹਾਂ ਪੱਛੜੇ ਤੇ ਅਨਪੜ੍ਹ ਲੋਕ ਨਹੀਂ।
“ਤੂੰ ਕਿਵੇਂ ਚੱਕਰ ਵਿੱਚ ਪੈ ਗਿਆ।ਮੈਨੂੰ ਪਤਾ ਤਾਂ ਕੱਲ੍ਹ ਹੀ ਲੱਗ ਗਿਆ ਸੀ…।” ਭਰਭੂਰ ਨੇ ਗੱਲ ਅੱਗੇ ਤੋਰ ਲਈ।
“ਸਾਡੇ ਸਾਰੇ ਕੋਰਟ ਦੇ ਮੁਲਾਜ਼ਮਾਂ ਦਾ ਟੈਸਟ ਕੀਤਾ ਸੀ।ਮੇਰਾ ਪਾਜ਼ਟਿਵ ਆ ਗਿਆ…।” ਮੈਂ ਉਸਨੂੰ ਸਾਰੀ ਗੱਲ ਵਿਸਥਾਰ ਵਿੱਚ ਦੱਸ ਦਿੱਤੀ।
“ਇਹ ਕਿੱਟਾਂ ਹੀ ਡੁਪਲੀਕੇਟ ਨੇ ਜੇ ਕਿਸੇ ਨੂੰ ਥੋੜ੍ਹਾ ਸਰਦੀ ਜੁਕਾਮ,ਬੁਖਾਰ ਹੈ ਫਿਰ ਵੀ ਪਾਜ਼ਟਿਵ ਆ ਜਾਂਦਾ ਹੈ।ਤੈਨੂੰ ਕੋਈ ਤਕਲੀਫ਼ ਤਾਂ ਨਹੀਂ…।”
“ਨਾਂਹ ਮੈਂ ਜਮ੍ਹਾਂ ਠੀਕ ਹਾਂ…।” ਕਾਫ਼ੀ ਸਮਾਂ ਅਸੀਂ ਇਧਰ-ਉਧਰ ਦੀਆਂ ਗੱਲਾਂ ਕਰਦੇ ਰਹੇ।ਉਸਨੇ ਮੈਨੂੰ ਹੌਂਸਲਾ ਦਿੰਦੇ ਨੇ ਫ਼ੋਨ ਬੰਦ ਕਰ ਦਿੱਤਾ।ਭਰਭੂਰ ਮੇਰਾ ਵਧੀਆਂ ਮਿੱਤਰ ਹੈ। ਇਸ ਦੀ ਆਪਣੀ ਲੈਬੋਰੇਟਰੀ ਹੈ।ਟੈਸਟਾਂ ਦਾ ਮਾਹਿਰ ਹੈ।ਹਰ ਵਕਤ ਉਸ ਦੀ ਲੈਬ’ਤੇ ਟੈਸਟ ਕਰਵਾਉਣ ਵਾਲਿਆਂ ਦੀ ਕਤਾਰ ਲੱਗੀ ਰਹਿੰਦੀ ਹੈ।
ਸ਼ਾਮ ਨੂੰ ਚਾਚੇ ਦੇ ਮੁੰਡੇ ਦਾ ਫ਼ੋਨ ਆਇਆ ਸੀ।ਉਸ ਨੇ ਨਵੀਂ ਹੀ ਗੱਲ ਦੱਸੀ ਸੀ।ਉਹ ਵੀ ਪੜੇ੍ਹ ਲਿਖੇ ਲਾਲਿਆਂ ਦੇ ਮਹੁੱਲੇ ਵਿੱਚ ਰਹਿੰਦੇ ਨੇ।ਉਨ੍ਹਾਂ ਦੇ ਸਾਰੇ ਮਹੁੱਲੇ ਵਿੱਚ ਕਹਿ ਦਿੱਤਾ।“ਬਾਹਮਣਾਂ ਦੇ ਮੁੰਡੇ ਨੂੰ ਕਰੋਨਾ ਹੋ ਗਿਆ। ਬਾਹਮਣਾਂ ਨੂੰ ਕੋਈ ਘਰੇਂ ਨਾ ਵੜਨ ਦਿਓ।” ਇਸ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਹਨ। ਮੇਰੀ ਮਾਂ ਹਰ ਰੋਜ਼ ਚਾਚੇ ਕੇ ਘਰ ਚਲੀ ਜਾਂਦੀ ਸੀ।ਚਾਚਾ ਚਾਚੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ।ਚਾਚੇ ਦੀ ਨੂੰਹ ਨਾਲ਼ ਮਾਂ ਦੀ ਥੋੜ੍ਹੀ ਮੱਤ ਮਿਲਦੀ ਸੀ।ਜਦੋਂ ਹਸਪਤਾਲ ਵਿੱਚ ਮੇਰੀ ਰਿਪੋਰਟ ਪਾਜ਼ਟਿਵ ਆਈ ਤਾਂ ਮੈਂ ਸਭ ਤੋਂ ਪਹਿਲਾਂ ਘਰ ਫ਼ੋਨ ਕਰਕੇ ਦੱਸਿਆ ਸੀ।ਕਿਸੇ ਦੇ ਨਹੀਂ ਜਾਣਾ ਘਰ ਹੀ ਬੈਠੇ ਰਹੋ।ਬਾਪੂ ਵੀ ਖੇਤੋਂ ਘਰ ਆ ਗਿਆ ਸੀ।ਪਰ ਮਾਂ ਕਦੋਂ ਟਿਕਣ ਵਾਲੀ ਸੀ।ਉਹ ਆਥਣੇ ਚਲੀ ਗਈ ਚਾਚੇ ਕੇ ਘਰੇਂ।ਉਦੋਂ ਤੱਕ ਤਾਂ ਇਹ ਗੱਲ ਕਣਕ ਦੇ ਨਾੜ ਨੂੰ ਲੱਗੀ ਅੱਗ ਵਾਂਗ ਸਾਰੇ ਪਿੰਡ ਵਿੱਚ ਫੈਲ ਚੁੱਕੀ ਸੀ।ਇਸ ਮਾਹੌਲ ਨੇ ਹਰ ਰੋਜ਼ ਦੀ ਆਪਸੀ ਭਾਈਚਾਰਕ ਸਾਂਝ ਨੂੰ ਪਲਾਂ ਵਿੱਚ ਤੋੜ ਦਿੱਤਾ ਸੀ।ਲੋਕਾਂ ਨੇ ਆਪਣੇ ਗਲੀ ਮੁਹੱਲੇ ਸੀਲ ਕਰ ਦਿੱਤੇ ਸਨ।ਜੇਕਰ ਕੋਈ ਬਾਹਰੋਂ ਆਉਂਦਾ ਤਾਂ ਉਸ ਨੂੰ ਵੜਨ ਨਾਂ ਦਿੱਤਾ ਜਾਂਦਾ।ਸਭ ਨਫ਼ਰਤ ਭਰੀਆਂ ਨਜ਼ਰਾਂ ਨਾਲ਼ ਸਾਡੇ ਘਰਾਂ ਵੱਲ ਤੱਕ ਰਹੇ ਸਨ।
ਹਸਪਤਾਲ ਵਿੱਚ ਵੀ ਤਾਂ ਮੇਰੇ ਨਾਲ਼ ਇੰਝ ਹੋਇਆ ਸੀ।ਪਹਿਲਾਂ ਅਸੀਂ ਸਭ ਇਕੱਠੇ ਗਏ।ਇਕੱਠਿਆਂ ਨੇ ਚਾਹ ਪਾਣੀ ਪੀਤਾ।ਜਦੋਂ ਮੇਰੀ ਰਿਪੋਰਟ ਪਾਜ਼ਟਿਵ ਆ ਗਈ।ਸਾਰਿਆਂ ਵਿੱਚ ਸਹਿਮ ਫੈਲ ਗਿਆ।ਉਪਰੋਂ ਚਾਹੇ ਉਹ ਹਮਦਰਦੀ ਦਿਖਾ ਰਹੇ ਸੀ।ਅੰਦਰੋਂ ਡਰੇ ਹੋਏ ਸਨ।ਮੈਂ ਇਕੱਲਾ ਹੀ ਸੀ ਜਿਸ ਦੀ ਰਿਪੋਰਟ ਪਾਜ਼ਟਿਵ ਆਈ ਸੀ।ਪੰਦਰਾਂ ਮਿੰਟਾਂ ਦੇ ਵਿੱਚ ਸਾਡੇ ਨਮੂਨੇ ਲੈ ਕੇ ਰਿਪੋਰਟ ਦੇ ਦਿੱਤੀ ਸੀ।ਦਸ ਕੁ ਦਿਨ ਪਹਿਲਾਂ ਮੇਰੇ ਰਿਪੋਰਟ ਨੈਗਟਿਵ ਆਈ ਸੀ।ਉਹ ਮੈਂ ਆਪਣੀ ਮਰਜ਼ੀ ਨਾਲ਼ ਕਰਵਾਈ ਸੀ।ਇਹ ਮਹਿਕਮੇ ਦੇ ਅਦੇਸ਼ਾਂ ਨਾਲ਼।ਹਸਪਤਾਲ ਦੇ ਅਮਲੇ ਨੇ ਮੈਨੂੰ ਵੱਖ ਕਰ ਕੇ ਇੱਕ ਪਾਸੇ ਖੜ੍ਹਾ ਕਰ ਦਿੱਤਾ।ਹਦਾਇਤਾਂ ਕੀਤੀਆਂ ਗਈਆਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਣਾ।ਦੋ ਜਣੇ ਇੱਕ ਵੱਡੀ ਉਮਰ ਦੀ ਮਾਤਾ ਤੇ ਉਸ ਦਾ ਪੁੱਤਰ ਵੀ ਸੀ ਜਿਨ੍ਹਾਂ ਦੀ ਰਿਪੋਰਟ ਪਾਜ਼ਟਿਵ ਆਈ ਸੀ।ਮਾਤਾ ਇੱਟਾਂ ਦੀ ਬਣੀ ਕੰਧੋਲੀ ਉੱਤੇ ਪੈ ਗਈ।ਗਰਮੀ ਨੇ ਬੁਰਾ ਹਾਲ ਕਰ ਰੱਖਿਆ ਸੀ।ਮਾਤਾ ਕੁਰਲਾ ਰਹੀ ਸੀ।ਸਾਇਦ ਉਹ ਕਿਸੇ ਹੋਰ ਬਿਮਾਰੀ ਤੋਂ ਪੀੜਤ ਸੀ।ਹਸਪਤਾਲ ਵਿੱਚ ਕੋਈ ਅਜਿਹਾ ਵਾਰਡ ਨਹੀਂ ਜਿੱਥੇ ਸਾਨੂੰ ਅਲੱਗ ਰੱਖਿਆ ਜਾਂਦਾ।ਕੁੱਝ ਸਮੇਂ ਬਾਅਦ ਸਾਡੇ ਉੱਤੇ ਪੁਲਿਸ ਦੇ ਮੁਲਾਜ਼ਮ ਲਾ ਦਿੱਤੇ।ਉਹ ਆਪਣਾ ਰੋਹਬ ਝਾੜਨ ਲੱਗ ਪਏ।ਅਸੀਂ ਕਰੋਨਾ ਦੇ ਮਰੀਜ਼ ਨਾ ਹੋ ਕੇ ਮੁਰਜ਼ਮ ਹੋਈਏ ਜਿਵੇਂ ਸਾਡੇ ਤੋਂ ਭੂੱਕੀ ਦਾ ਟਰੱਕ ਫੜਿਆ ਗਿਆ ਹੋਵੇ।ਇਸ ਤਰ੍ਹਾਂ ਸਾਨੂੰ ਬਹਾ ਰੱਖਿਆ ਸੀ।ਜਿਹੜਾ ਆਵੇ ਉਹ ਹੀ ਸਵਾਲਾਂ ਦੀ ਝੜੀ ਲਾ ਦੇਵੇ।ਲੋਕ ਵੀ ਸਾਨੂੰ ਇੰਝ ਹੀ ਦੇਖ ਰਹੇ ਸੀ ਜਿਵੇਂ ਕਿਸੇ ਮੁਜ਼ਰਮ ਨੂੰ ਕਿਸੇ ਸੰਗੀਨ ਜ਼ੁਰਮ ਵਿੱਚ ਪੁਲਿਸ ਨੇ ਕਾਬੂ ਕਰ ਰੱਖਿਆ ਹੋਵੇ।ਸਾਨੂੰ ਸਰਕਾਰੀ ਹਸਪਤਾਲ ਮਾਨਸਾ ਲੈ ਜਾਣਾ ਸੀ।ਐਂਬੂਲੈਂਸ ਨਹੀਂ ਸੀ ਆ ਰਹੀ।ਇੱਕ ਘੰਟੇ ਤੋਂ ਵੱਧ ਹੋ ਚੁੱਕਿਆ ਸੀ।ਗਰਮੀ ਨੇ ਬੁਰਾ ਹਾਲ ਕਰ ਰੱਖਿਆ ਸੀ।ਆਖਿਰ ਅਸੀਂ ਕਹਿ ਸੁਣ ਕੇ ਮਾਤਾ ਦੀ ਹਾਲਤ ਦਾ ਵਾਸਤਾ ਪਾ ਕੇ ,ਉਨ੍ਹਾਂ ਦੀ ਕਾਰ’ਤੇ ਹਸਪਤਾਲ ਨੂੰ ਚਾਲੇ ਪਾ ਦਿੱਤੇ।ਅੰਧੇ ਘੰਟੇ ’ਚ ਅਸੀ ਹਸਪਤਾਲ ਪਹੁੰਚ ਗਏ।
ਵਾਰਡ ਦੇ ਰੂਮ ਵਿੱਚ ਕੋਈ ਡਾਕਟਰ ਨਹੀਂ ਸੀ। ਇੱਕ ਨਰਸ ਮੋਬਾਇਲ’ਤੇ ਗੱਲਾਂ ਕਰ ਰਹੀ ਸੀ।ਉਸ ਨੂੰ ਆਪਣੀ ਵਿੱਥਿਆ ਦੱਸੀ।ਉਹ ਗਰਦਨ ਵਿੱਚ ਮੋਬਾਇਲ ਫਸਾਕੇ ਸਾਡੇ ਵੱਲ ਦੇਖ ਰਹੀ ਸੀ,ਕੋਈ ਜਵਾਬ ਨਹੀਂ ਸੀ ਦੇ ਰਹੀ।ਬੱਸ ਹੱਥ ਨਾਲ਼ ਇਸਾਰਾ ਕੀਤਾ ਬਾਹਰ ਬੈਠ ਜਾਓ।ਅਸੀਂ ਬਰਾਂਡੇ ਵਿੱਚ ਬੈਠ ਗਏ।ਗਰਮੀ ਨਾਲ਼ ਬੁਰਾ ਹਾਲ਼ ਸੀ। ਕੋਈ ਪੱਖਾ ਨਹੀਂ ਸੀ ।ਮਾਤਾ ਇੱਕ ਪਾਸੇ ਪੱਥਰ ਦੇ ਬੈਂਚ ਉੱਤੇ ਪੈ ਗਈ।ਸਾਥੋਂ ਇਲਾਵਾ ਨੌ ਬੰਦੇ ਹੋਰ ਬੈਠੇ ਸੀ।ਜਿਸ ਵਿੱਚ ਦੋ ਮਾਂਵਾਂ ਧੀਆਂ ਵੀ ਸ਼ਾਮਲ ਸਨ।ਕੁੱਝ ਦੇਰ ਬਾਅਦ ਨਰਸ ਆਪਣੇ ਕਮਰੇ ਵਿੱਚੋਂ ਬਾਹਰ ਆਈ ।ਸਾਡਾ ਸਭ ਦਾ ਬਲੱਡ ਪ੍ਰੈਸ਼ਰ ਤੇ ਬੁਖਾਰ ਚੈਕ ਕੀਤਾ ਗਿਆ।ਆਪਸੀ ਦੂਰੀ ਬਣਾਈ ਰੱਖਣ ਲਈ ਕਿਹਾ।ਐਂਬੂਲੈਂਸ ਨੇ ਸਾਨੂੰ ਇੱਕ ਕਾਲਜ ਵਿਖੇ ਇਕਾਂਤਵਾਸ ਸੈਂਟਰ ਵਿੱਚ ਲੈ ਜਾਣਾ ਸੀ।ਪੈਂਹਠ ਸਾਲ ਤੋਂ ਉਪਰ ਦੇ ਬਜ਼ੁਰਗਾਂ ਨੂੰ ਹਸਪਤਾਲ ਦੇ ਵਿੱਚ ਰੱਖ ਲੈਂਦੇ ਸਨ।ਅਸੀਂ ਨੌ ਬੰਦਿਆਂ ਨੇ ਇਕਾਂਤਵਾਸ ਸੈਂਟਰ ਵਿੱਚ ਜਾਣਾ ਸੀ।ਮਾਤਾ ਤੇ ਉਸ ਦੇ ਪੁੱਤਰ ਨੇ ਉੱਥੇ ਹੀ ਰੁਕਣਾ ਸੀ।ਸਾਨੂੰ ਬੈਠਿਆਂ ਨੂੰ ਡੇਢ ਘੰਟੇ ਤੋਂ ੳੁੱਪਰ ਹੋ ਗਿਆ।ਨਾ ਐਂਬੂਲੈਂਸ ਆਈ ਨਾ ਸਾਨੂੰ ਕਿਸੇ ਵਾਰਡ ਵਿੱਚ ਭੇਜਿਆ ਗਿਆ।ਗਰਮੀ ਨੇ ਸਭ ਦਾ ਬੁਰਾ ਹਾਲ਼ ਕਰ ਰੱਖਿਆ ਸੀ।ਦੁਪਹਿਰ ਦੇ ਢਾਈ ਵੱਜ ਚੁੱਕੇ ਸਨ…।ਉਪਰੋਂ ਭੁੱਖ ਵੀ ਡਾਢੀ ਲੱਗੀ ਹੋਈ ਸੀ।ਮੈਂ ਇੱਕ ਸਾਥੀ ਨੂੰ ਲੈ ਕੇ ਨਰਸ ਦੇ ਕਮਰੇ ਵਿੱਚ ਗਿਆ।ਉਸ ਨੇ ਮੋਬਾਇਲ ਨਾਲ਼ ਫਿਰ ਦਿਲ ਦੀਆਂ ਤਾਰਾਂ ਜੋੜ ਰੱਖੀਆਂ ਸਨ।
“ਮੈਡਮ ਜੀ! ਕਦੋਂ ਐਂਬੂਲੈਸ ਆਊ ਸਾਡਾ ਬਾਹਰ ਗਰਮੀ ਵਿੱਚ ਬੁਰਾ ਹਾਲ ਹੋ ਗਿਆ।” ਸਾਡੇ ਵੱਲ ਉਸ ਨੇ ਸਰਸਰੀ ਜਿਹੀ ਨਿਗਾਹ ਮਾਰੀ ਮੋਬਾਇਲ’ਤੇ ਮਸਤ ਹੋਈ ਗੱਲਾਂ ਵਿੱਚ ਰੁੱਝੀ ਰਹੀ।ਸਾਡਾ ਉਸ ਕੋਲ਼ ਜਾਣ ਦਾ ਕੋਈ ਬਹੁਤਾ ਅਸਰ ਨਹੀਂ ਸੀ ਹੋਇਆ।
“ਬੈਠੋ ਦੋ ਮਿੰਟ ਆਉਂਦੀ ਐ ਐਂਬੂਲੈਂਸ…।” ਉਸ ਨੇ ਮੋਬਾਇਲ ਦੇ ਸਪੀਕਰ’ਤੇ ਹੱਥ ਰੱਖ ਕੇ ਕਿਹਾ।ਜਿਵੇਂ ਅਸੀਂ ਉਸ ਦੇ ਬਹੁਤ ਜ਼ਰੂਰੀ ਕੰਮ ਵਿੱਚ ਦਖਲ ਦੇ ਦਿੱਤਾ ਹੋਵੇ।ਅਸੀਂ ਕਮਰੇ ਤੋਂ ਬਾਹਰ ਆ ਗਏ।ਬਾਅਦ’ਚ ਉਹ ਫ਼ੋਨ’ਤੇ ਕਹਿ ਰਹੀ ਸੀ।
“ਉਹ ਯਾਰ! ਆਹ ਅੱਠ ਦਸ ਕਰੋਨਾ ਦੇ ਮਰੀਜ਼ ਆਏ ਨੇ।ਉਹ ਜਾਨ ਖਾਈ ਜਾਂਦੇ ਨੇ।ਪਤਾ ਨਹੀਂ ਕਿੱਥੋਂ ਆਪ ਬਿਮਾਰੀਆਂ ਛਹੇੜ ਲੈਂਦੇ ਨੇ।ਸਾਡੀ ਜਾਨ ਨੂੰ ਕਜ਼ੀਆ ਬਣਿਆ ਰਹਿੰਦਾ ਐ…।” ਇਸ ਤਰ੍ਹਾਂ ਦੀ ਸ਼ਬਦਾਬਲੀ ਨਾਲ਼ ਗੱਲਾਂ ਕਰ ਰਹੀ ਸੀ।ਜਿਵੇਂ ਅਸੀਂ ਮਰੀਜ਼ ਨਹੀਂ ਮੁਜ਼ਰਮ ਹੋਈਏ।ਮੈਂ ਉਹਦੇ ਕੋਲ਼ ਮੁੜਨ ਲੱਗਿਆ ਸੀ ਸਾਥੀ ਨੇ ਰੋਕ ਦਿੱਤਾ।ਪਰ ਦਿਮਾਗ਼ ਉੱਤੇ ਇਸ ਗੱਲ ਦਾ ਗਹਿਰਾ ਅਸਰ ਹੋਇਆ।ਇਹ ਉਹ ਲੋਕ ਹੀ ਨੇ ਜਿੰਨ੍ਹਾਂ ਦੇ ਅਖ਼ਬਾਰਾਂ ਵਿੱਚ ਵੱਡੇ-ਵੱਡੇ ਬਿਆਨ ਛਪਦੇ ਨੇ।“ਕਰੋਨਾ ਮਰੀਜ਼ਾਂ ਲਈ ਆਪਣੀ ਜਾਨ ਦੀ ਬਾਜ਼ੀ ਲਾ ਕੇ ਕਰ ਰਹੇ ਨੇ ਇਲਾਜ…।” ਮੈਂ ਮੇਰੇ ਇੱਕ ਪੱਤਰਕਾਰ ਮਿੱਤਰ ਤੋਂ ਉਸ ਡਾਕਟਰ ਦਾ ਮੋਬਾਇਲ ਨੰਬਰ ਲੈ ਲਿਆ।ਜ਼ਿਲ੍ਹਾ ਪੱਧਰ’ਤੇ ਕਰੋਨਾ ਦੇ ਮਰੀਜ਼ਾਂ ਦਾ ਇੰਚਾਰਜ਼ ਸੀ।ਮੈਂ ਡਾਕਟਰ ਨੂੰ ਫ਼ੋਨ ਲਾਇਆ ਤੇ ਸਾਰੀ ਗੱਲ ਦੱਸ ਦਿੱਤੀ।ਦੋ ਕੁ ਮਿੰਟਾਂ’ਚ ਨਰਸ ਸਾਡੇ ਕੋਲ਼ ਆ ਕੇ ਕਹਿਣ ਲੱਗੀ।
“ਚੱਲੋ ਤੁਸੀਂ ਵਾਰਡ ਦੇ ਅੰਦਰ ਬੈਠ ਜਾਓ…।ਜਦੋਂ ਤੱਕ ਐਂਬੂਲੈਂਸ ਨਹੀਂ ਆਉਂਦੀ…।” ਉਸ ਦੇ ਬਦਲੇ ਹੋਏ ਵਿਵਹਾਰ ਨੂੰ ਦੇਖ ਸਭ ਦੰਗ ਰਹਿ ਗਏ।ਇਹ ਉਹ ਨਰਸ ਸੀ ਜਿਹੜੀ ਦੋ ਮਿੰਟ ਪਹਿਲਾਂ ਸਾਡੇ ਨਾਲ਼ ਈਰਖਾ ਕਰਦੀ ਸੀ।ਵਾਰਡ ਪੂਰਾ ਖਾਲ੍ਹੀ ਸੀ।ਅਸੀਂ ਬੈਡਾਂ ਉੱਤੇ ਲੰਮੇ ਪੈ ਗਏ।ਕੁੱਝ ਸੁੱਖ ਦਾ ਸਾਹ ਆਇਆ।ਅੰਧੇ ਕੁ ਘੰਟੇ ਪਿੱਛੋ ਐਂਬੂਲੈਂਸ ਆ ਗਈ।ਸਾਨੂੰ ਨੌ ਜਣਿਆਂ ਲੈ ਐਂਬੂਲੈਂਸ ਕਾਲਜ ਦੇ ਰਾਹ ਨੂੰ ਚੱਲ ਪਈ।ਅਸੀਂ ਇੱਕ ਦੂਜੇ ਨਾਲ਼ ਜੁੜ ਕੇ ਮਸਾਂ ਬੈਠੇ।ਉਹ ਨਾ ਦੀ ਹੀ ਐਂਬੂਲੈਂਸ ਸੀ ਉਸ ਤੋਂ ਚੰਗਾ ਪੀਟਰ ਰੇੜਾ ਹੋਵੇਗਾ।ਉਸ ਵਿੱਚ ਗੰਦਗੀ ਤਾਂ ਨਹੀਂ ਹੁੰਦੀ।ਹਵਾ ਵੀ ਲਗਦੀ ਰਹਿੰਦੀ ਹੈ।ਗਿੱਠ-ਗਿੱਠ ਸੀਟਾਂ ਉੱਤੇ ਮਿੱਟੀ ਘੱਟਾ ਚੜਿਆ ਪਿਆ ਸੀ।ਰੇਤੇ ਦੇ ਵਾਵਰੋਲੇ ਉੱਡ ਸਾਡੇ’ਤੇ ਪੈ ਰਹੇ ਸਨ।
ਕੁੱਝ ਕੁ ਸਮੇਂ ਬਾਅਦ ਐਂਬੂਲੈਂਸ ਕਾਲਜ ਦੇ ਗੇਟ ਅੰਦਰ ਦਾਖਲ ਹੋ ਗਈ ਅਸੀਂ ਹੇਠਾਂ ਉੱਤਰ ਥੋੜ੍ਹਾ ਚੰਗਾ ਮਹਿਸੂਸ ਕੀਤਾ।ਸਾਹ’ਚ ਸਾਹ ਆਇਆ।ਡਰਾਇਵਰ ਨੇ ਸਾਡੇ ਕਾਗਜ਼ ਉੱਥੇ ਜਮ੍ਹਾਂ ਕਰਵਾ ਦਿੱਤੇ।ਸਾਨੂੰ ਇੱਕ ਨਵੇਂ ਬਣਾਏ ਐਲੂਮਿਨੀਅਮ ਦੇ ਗੇਟ ਰਾਹੀ ਅੰਦਰ ਕਾਲਜ ਦੇ ਕਲਾਸ ਰੂਮਾਂ ਵਿੱਚ ਬਣਾਏ ਵਾਰਡਾਂ ਵਿੱਚ ਭੇਜ ਦਿੱਤਾ।ਅਸੀਂ ਸੱਤ ਜਣੇ ਇੱਕ ਵਾਰਡ ਦੇ ਵਿੱਚ ਚਲੇ ਗਏ।ਉਹ ਮਾਂਵਾਂ ਧੀਆਂ ਆਪਣੇ ਪਰਿਵਾਰ ਕੋਲ਼ ਪਹੁੰਚ ਗਈਆਂ।ਵਾਰਡ ਦੇ ਵਿੱਚ ਸੋਲਾਂ ਬੈਡ ਲੱਗੇ ਹੋਏ ਸਨ।ਉਨ੍ਹਾਂ ਉਪਰ ਹੋਰ ਕੋਈ ਨਹੀਂ ਸੀ।ਅਸੀਂ ਮਰਜੀ ਨਾਲ਼ ਪੱਖਿਆਂ ਹੇਠ ਆਪਣੀ ਜਗ੍ਹਾ ਮੱਲ ਲਈ।ਪੱਖੇ ਸਾਰੇ ਚੱਲ ਰਹੇ ਸੀ।ਸਾਇਦ ਇਹ ਇਸ ਕਰਕੇ ਸੀ, ਇਹ ਕਾਲਜ ਦੀ ਬਿਲਡਿਗ ਸੀ, ਸਾਇਦ ਜੇ ਹਸਪਤਾਲ ਦੀ ਹੁੰਦੀ ਸਾਨੂੰ ਇਹ ਵੀ ਨਹੀਂ ਮਿਲਣੇ ਸੀ।ਸਰਕਾਰੀ ਹਸਪਤਾਲਾਂ ਦਾ ਹਾਲ ਸਭ ਨੂੰ ਪਤਾ ਹੀ ਹੈ।
ਮੈਂ ਅਜੇ ਲੰਮਾ ਪਿਆ ਸੀ ਕਿ ਐੱਸ.ਐੱਸ.ਪੀ. ਦਫ਼ਤਰ ਵਿੱਚੋਂ ਫ਼ੋਨ ਆਇਆ।ਉਸ ਸੱਜਣ ਨੇ ਸਿੱਧੀ ਸੰਬੋਧਨੀ ਵਿੱਚ ਹੀ ਦੱਸ ਦਿੱਤਾ ਸੀ।ਹਾਲ ਚਾਲ ਪੁੱਛਣ ਤੋਂ ਬਾਅਦ ਸਵਾਲਾਂ ਦੀ ਝੜੀ ਲਾ ਦਿੱਤੀ।“ਤੁਸੀਂ ਕੀ ਕੰਮ ਕਰਦੇ ਹੋਂ,ਤੁਸੀਂ ਕਿਸ ਦੇ ਸਪੰਰਕ ਵਿੱਚ ਆਏ,ਤੁਹਾਡੇ ਨਾਲ਼ ਦੇ ਸਾਥੀ ਕਿਹੜੇ ਨੇ,ਕਿੱਥੇ-ਕਿੱਥੇ ਗਏ,ਘਰੇਂ ਕੌਣ-ਕੌਣ ਹਨ।ਸਾਨੂੰ ਇਹ ਜਾਣਕਾਰੀ ਸਹੀ ਤਰੀਕੇ ਨਾਲ਼ ਦਿਓ…।” ਅਜਿਹੇ ਅਨੇਕਾਂ ਸਵਾਲ ਉਸ ਨੇ ਮੇਰੇ’ਤੇ ਦਾਗ਼ ਦਿੱਤੇ।ਜਿਵੇਂ ਕਿਸੇ ਮੁਜ਼ਰਮ ਤੋਂ ਪੁੱਛ ਪੜਤਾਲ ਕੀਤੀ ਜਾਂਦੀ ਹੈ।ਇਸ ਤੋਂ ਪਹਿਲਾਂ ਬਹੁਤ ਸਾਰੀਆਂ ਮੋਬਾਇਲ’ਤੇ ਇਸੇ ਤਰ੍ਹਾਂ ਦੀਆਂ ਕਦੇ ਥਾਣੇ ’ਚੋ ,ਕਦੇ ਸਿਹਤ ਵਿਭਾਗ,ਕਦੇ ਸਾਡੇ ਪਿੰਡ ਦੇ ਸਿਵਲ ਹਸਪਤਾਲ ਵਿੱਚੋਂ ਕਦੇ ਕਿਤੋਂ ਕਦੇ ਕਿਤੋਂ ਘੰਟੀਆਂ ਖੜਕੀਆਂ ਸਨ।ਮੈਂ ਤੰਗ ਆ ਕੇ ਇੱਕ ਗੱਲ ਹੀ ਕਹਿੰਦਾ ਸੀ।
“ਮੈਂ ਕੋਰਟ ਦਾ ਮੁਲਾਜ਼ਮ ਹਾਂ ਮੇਰੇ ਸੰਪਰਕ ਵਿੱਚ ਜੱਜ ਤੋਂ ਲੈ ਕੇ ਸਾਰਾ ਸਟਾਫ਼ ਹੀ ਰਹਿੰਦਾ ਹੈ।ਜਾਓ ਕਰ ਲਓ ਪੁੱਛ ਪੜਤਾਲ…।” ਅੱਗੇ ਕੋਈ ਜਵਾਬ ਦਿੱਤੇ ਬਿਨ੍ਹਾਂ ਅਗਲਾ ਫ਼ੋਨ ਕੱਟ ਦਿੰਦਾ ਸੀ।ਮੈਂ ਮੇਰੇ ਨਜ਼ਦੀਕੀ ਮਿੱਤਰਾਂ ਦਾ ਨਾਂ ਨਾ ਲਿਆ।ਜਿਨ੍ਹਾਂ ਨਾਲ਼ ਮੇਰੇ ਹਰ ਰੋਜ਼ ਦਾ ਮਿਲਣਾ ਸੀ।ਉਨ੍ਹਾਂ ਨੂੰ ਵੀ ਪ੍ਰੈਸ਼ਾਨ ਕਰ ਦੇਣਾ ਸੀ ਇਸ ਲਈ ਚੁੱਪ ਰਿਹਾ।ਇੱਕ ਦੋ ਮਿੱਤਰਾਂ ਨੇ ਮੇਰੇ ਘਰ ਨਾਲ਼ ਰਾਵਤਾ ਰੱਖਿਆ ਬਾਕੀ ਮੁੱਖ ਮੋੜ ਗਏ ਸੀ।ਕਿਤੇ ਅਸੀਂ ਵੀ ਨਾ ਨਾਲ਼ ਟੰਗੇ ਜਾਈਏ।ਇਕਾਂਤਵਾਸ ਸੈਂਟਰ ਵਿੱਚ ਵੀ ਸਾਨੂੰ ਇੰਝ ਲੱਗ ਰਿਹਾ ਸੀ, ਜਿਵੇਂ ਅਸੀਂ ਕਰੋਨਾ ਦੇ ਮਰੀਜ਼ ਨਾ ਹੋ ਕੇ ਕੈਦੀ ਹੋ ਗਏ ਹੋਈਏ।ਕਮਰਿਆਂ ਦੇ ਸਾਹਮਣੇ ਪੰਜਾਹ ਬਾਈ ਪੰਜਾਹ ਦਾ ਵਿਹੜਾ ਸੀ।ਤਿੰਨ ਪਾਸੇ ਕਮਰੇ ਬਣੇ ਹੋਏ ਸਨ।ਇੱਕ ਪਾਸਾ ਖੁੱਲ੍ਹਾ ਸੀ ਉਸ ਉੱਤੇ ਕੰਡੇਦਾਰ ਤਾਰ ਅੱਠ ਫੁੱਟ ਉੱਚੀ ਤੱਕ ਲਾ ਰੱਖੀ ਸੀ। ਨਾ ਕੋਈ ਉਸ ਥਾਂਣੀ ਅੰਦਰ ਆ ਸਕਦਾ ਨਾ ਬਾਹਰ ਜਾ ਸਕਦਾ ਸੀ।ਤਾਰ ਕੋਲ਼ ਤਿੰਨ ਬੰਦੇ ਗਾਰਡ ਦੇ ਤੈਨਾਤ ਕੀਤੇ ਹੋਏ ਸਨ।ਕੈਦੀਆਂ ਵਾਂਗ ਇਹ ਹੀ ਸਾਡੀਆਂ ਬੈਰਕਾਂ ਹਨ।ਅਸੀਂ ਲਗਭਗ ਪੈਂਤੀ ਚਾਲੀ ਮਰੀਜ਼ ਉੱਥੇ ਸੀ।ਸਭ ਠੀਕ ਠਾਕ ਸਨ।ਬਾਥਰੂਮਾਂ ਦਾ ਬੁਰਾ ਹਾਲ ਸੀ।ਲੇਡੀਜ਼ ਲਈ ਬਾਥਰੂਮ ਉੱਪਰ ਵਾਲੀ ਮੰਜ਼ਿਲ’ਤੇ ਸੀ।ਮਰਦਾਂ ਲਈ ਹੇਠਾਂ।ਬਾਥਰੂਮਾਂ ਵਿੱਚ ਹਰ ਵਕਤ ਪਾਣੀ ਹੀ ਪਾਣੀ ਫਿਰਦਾ ਰਹਿੰਦਾ ਸੀ।ਛੱਤ ਤੋਂ ਪਾਣੀ ਟਪਕ-ਟਪਕ ਕਰਕੇ ਡਿਗਦਾ ਸੀ।ਜੇ ਕੋਈ ਟੱਟੀ ਬੈਠਾ ਹੁੰਦਾ ਉਹ ਭਿੱਜ ਜਾਂਦਾ ਸੀ।ਇਸ ਲਈ ਹਰ ਕੋਈ ਸਿਰ’ਤੇ ਤੌਲੀਆ ਲੈ ਕੇ ਜਾਂਦਾ ਸੀ।ਗੰਦਗੀ ਦਾ ਕੋਈ ਅੰਤ ਨਹੀਂ ਸੀ।ਮੱਛਰਾਂ ਦੀ ਭੰਰਮਾਰ।ਇੰਝ ਲੱਗ ਰਿਹਾ ਸ,ਇੱਥੇ ਕਰੋਨਾ ਠੀਕ ਨਹੀਂ ਸਗੋਂ ਹੋਰ ਬਿਮਾਰੀਆਂ ਨੂੰ ਨਿਓਤਾ ਦਿੱਤਾ ਜਾ ਰਿਹਾ ਹੈ।ਲੋਕਲ ਰਹਿੰਦੇ ਮੇਰੇ ਇੱਕ ਸਾਹਿਤਕ ਮਿੱਤਰ ਅਮਨ ਨੂੰ ਫ਼ੋਨ ਕਰਕੇ।ਸਾਬਣ, ਤੌਲੀਆਂ,ਕੱਛਾ,ਤੇਲ,ਟੂਥ-ਪੇਸਟ,ਬਰੱਸ ਵਗੇਰਾ ਮੰਗਵਾਇਆ।ਘਰ ਮੈਨੂੰ ਉਨ੍ਹਾਂ ਜਾਣ ਨਹੀਂ ਦਿੱਤਾ।ਸਿੱਧਾ ਹਸਪਤਾਲ ਆਏ ਸੀ।
ਮੈਨੂੰ ਘਰ ਦੀ ਬਹੁਤ ਚਿੰਤਾਂ ਹੋ ਰਹੀ ਸੀ।ਘਰ ਬਜ਼ੁਰਗ ਮਾਂ-ਬਾਪ ਸਨ ਤੇ ਬੱਚੇ ਹਨ,ਉਨ੍ਹਾਂ ਨੂੰ ਵੀ ਲਪੇਟੇ ਵਿੱਚ ਲੈਣਾ ਸੀ।ਸਿਹਤ ਵਿਭਾਗ ਦੇ ਮੁਲਾਜ਼ਮ ਤੇ ਆਸਾ ਵਰਕਰ ਗੇੜੇ ਮਾਰਨ ਲੱਗ ਪਏ ਸਨ।ਕਰੋਨਾ ਟੈਸਟ ਕਰਵਾਉਣ ਵਾਰੇ ਜ਼ੋਰ ਪਾ ਰਹੇ ਸੀ।ਇੱਥੋਂ ਤੱਕ ਕਹਿ ਦਿੱਤਾ “ਕੱਲ੍ਹ ਨੂੰ ਤੁਹਾਨੂੰ ਖ਼ਿਆਲੇ ਦੇ ਹਸਪਤਾਲ ਵਿਖੇ ਐਂਬੂਲੈਂਸ ਰਾਹੀ ਅਸੀਂ ਲੈ ਕੇ ਜਾਵਾਂਗੇ…।” ਜੇਕਰ ਕਿਸੇ ਦੀ ਰਿਪੋਰਟ ਪਾਜ਼ਟਿਵ ਆ ਗਈ ਖੱਜਲ-ਖੁਆਰੀ ਬਹੁਤ ਹੋਣੀ ਐ।ਇੱਕ ਤਰ੍ਹਾਂ ਸਾਰਾ ਪਰਿਵਾਰ ਸੂਲੀ ਉੱਤੇ ਟੰਗਿਆ ਜਾਣਾ ਸੀ।ਬਜ਼ੁਰਗਾਂ ਨੂੰ ਤਾਂ ਬਿਮਾਰੀਆਂ ਚਿਬੜੀਆਂ ਹੀ ਰਹਿੰਦੀਆਂ ਨੇ।ਬਾਕੀ ਬਿਮਾਰੀਆਂ ਪਿੱਛੇ ਛੱਡ ਕਰੋਨਾ ਨੂੰ ਅੱਗੇ ਲਿਆ ਖੜ੍ਹਾ ਕੀਤਾ ਸੀ।ਜਿਸ ਕਰਕੇ ਸੂਬੇ ਵਿੱਚ ਬਹੁਤੇ ਬਜ਼ੁਰਗਾਂ ਦੀ ਮੌਤ ਹੋ ਰਹੀ ਸੀ ਤੇ ਕਰੋਨਾ ਦੇ ਖਾਤੇ ਵਿੱਚ ਪਾ ਦਿੱਤਾ ਜਾਂਦਾ ਸੀ।ਇਹ ਗੱਲ ਸਭ ਨੂੰ ਪਤਾ ਲੱਗ ਚੁੱਕੀ ਹੈ।ਮੈਂ ਘਰਵਾਲੀ ਨੂੰ ਸਮਝਾਉਂਦਿਆਂ ਕਿਹਾ।
“ਤੁਸੀਂ ਪੈਰਾਸੀਟਾਮੋਲ ਦੀ ਗੋਲ਼ੀ, ਸਾਰੇ ਖਾਣੀ ਸ਼ੁਰੂ ਕਰ ਦਿਓ।ਗਰਮ ਪਾਣੀ ਪੀਣਾ ਸ਼ੁਰੂ ਕਰ ਦਿਓ ਤੇ ਗਰਮ ਪਾਣੀ ਵਿੱਚ ਨਮਕ ਪਾ ਕੇ ਗਰਾਰੇ ਕਰਨ ਲੱਗ ਜਾਓ।ਕਾੜਾ ਬਣਾਕੇ ਪੀਓ…।ਜਿਸ ਨਾਲ਼ ਸਿਹਤ ਠੀਕ ਰਹੇਗੀ।” ਸਾਡੇ ਚੈੱਕ ਅੱਪ ਕਰਨ ਆਉਂਦੀਆਂ ਨਰਸਾਂ ਸਾਨੂੰ ਤਿੰਨ ਗੋਲ਼ੀਆਂ ਦੇ ਜਾਂਦੀਆਂ।ਇੱਕ ਮਲਟੀਵਿਟਾਮਨ,ਵਿਟਾਮਨ ਸੀ ਅਤੇ ਕੁਨੀਨ।
ਉਸ ਰਾਤ ਮੈਨੂੰ ਨੀਂਦ ਨਹੀਂ ਸੀ ਆਈ।ਸਾਰੀ ਰਾਤ ਪਾਸੇ ਮਾਰਦਿਆਂ ਲੰਘਾਈ।ਮੱਛਰ ਤੇ ਘਾਹ ਉੱਤੇ ਬੈਠਣ ਵਾਲੇ ਟਿੱਡੇ ਸਾਡੇ ਬੈਡਾਂ’ਤੇ ਕੁਸਤੀ ਖੇਡਦੇ ਰਹੇ।ਨਾਲ਼ ਦੇ ਸਾਥੀਆਂ ਨਾਲ਼ ਗੱਲਾਂ ਕਰਕੇ ਸਮਾਂ ਲੰਘਾਉਣ ਦੀ ਕਰਦਾ ਰਿਹਾ।ਦੋ ਬੰਦੇ ਸਾਡੇ ਵਿੱਚ ਉਹ ਸੀ, ਜਿੰਨਾਂ ਨੂੰ ਘਰ ਦੀ ਦਾਰੂ ਕੱਡਣ ਦੇ ਦੋਸ਼’ਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਜਮਾਨਤ’ਤੇ ਕਰੋਨਾ ਰਿਪੋਰਟ ਪਾਜ਼ਟਿਵ ਆਉਣ ਕਾਰਨ ਛੱਡ ਦਿੱਤਾ ਸੀ ਅਤੇ ਹਸਪਤਾਲ ਭੇਜਿਆ ਗਿਆ।ਇਸ ਤਰ੍ਹਾਂ ਸਾਡੀ ਸਭ ਨਾਲ਼ ਜਾਣ ਪਹਿਚਾਣ ਹੋ ਗਈ।ਦਿਨ ਦੇ ਭੁੱਖੇ ਭਾਣਿਆਂ ਨੂੰ ਖਾਣਾ ਰਾਤ ਸਾਢੇ ਨੌ ਵਜੇ ਮਿਲਿਆ ਸੀ।ਸਵੇਰ ਹੋਣ’ਤੇ ਸਭ ਅਰਾਮ ਨਾਲ਼ ਉੱਠੇ।ਮੈਂ ਸਭ ਤੋਂ ਪਹਿਲਾਂ ਸਵੇਰ ਦਾ ਕੰਮ ਨਵੇੜ ਕੇ ਨਹਾ ਤਿਆਰ ਹੋ ਗਿਆ।ਸੱਤ ਕੁ ਵਜੇ ਘਰੋਂ ਮੰਗਵਾਇਆ ਮੇਰਾ ਬੈਗ ਵੱਡਾ ਭਾਈ ਦਰਸ਼ਨ ਤੇ ਅਮਰੀਕ ਦੇ ਗਏ।ਮੈਂ ਕੁੱਝ ਕਿਤਾਬਾਂ ਵੀ ਮੰਗਵਾ ਲਈਆਂ ਸਨ।ਵਾਰਡ ਦੇ ਸਾਥੀ ਹੌਲ਼ੀ-ਹੌਲ਼ੀ ਸਾਰੇ ਤਿਆਰ ਹੋ ਗਏ।ਚਾਹ ਦੀ ਉਡੀਕ ਕਰਨ ਲੱਗੇ ਪਰ ਚਾਹ ਨਾ ਆਈ।ਸਾਢੇ ਨੌ ਵਜੇ ਦੇ ਲਗਭਗ ਸਾਡਾ ਨਾਸਤਾ ਆਇਆ।ਦੋ ਪਰੌਠੇ,ਅਚਾਰ ਤੇ ਪੰਜਾਹ ਕੁ ਗ੍ਰਾਮ ਦਹੀ ਸੀ।ਕੁੱਝ ਸਮੇਂ ਬਾਅਦ ਚਾਹ ਵੀ ਆ ਗਈ।ਨਾਸਤਾ ਕਰਕੇ ਅਸੀਂ ਫਿਰ ਬੈਡਾਂ’ਤੇ ਪੈ ਗਏ।ਸਾਥੀ ਆਪਣੇ ਮੋਬਾਇਲਾਂ ਉੱਤੇ ਠੁੰਗਾਂ ਮਾਰਨ ਲੱਗ ਪਏ।ਮੈਂ ਬੈਗ ਵਿੱਚੋਂ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਲਈ ਕੱਢ ਦਿੱਤੀਆਂ। ਸਾਰਿਆਂ ਨੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ।ਮੈਂ ਵੀ ਕਿਤਾਬ ਪੜ੍ਹਨ ਲੱਗ ਪਿਆ। ਮੇਰੇ ਲਈ ਇਹ ਬਹੁਤ ਵਧੀਆ ਮੌਕਾ ਸੀ।ਉਨ੍ਹਾਂ ਨੂੰ ਵੀ ਨਾਲ਼ ਜੋੜ ਲਿਆ।ਜਦੋਂ ਉਨ੍ਹਾਂ ਨੂੰ ਮੇਰੀ ਆਪਣੀਆਂ ਲਿਖੀਆਂ ਕਿਤਾਬਾਂ ਦਿਤੀਆਂ ਤਾਂ ਉਹ ਹੈਰਾਨ ਰਹਿ ਗਏ।ਉਨ੍ਹਾਂ ਦੀ ਮੇਰੀਆਂ ਕਿਤਾਬਾਂ ਪੜ੍ਹਨ ਦੀ ਰੁਚੀ ਵਧ ਗਈ।ਸਾਡੇ ਸਾਰੇ ਬੈੱਡ ਦੇ ਉੱਤੇ ਸਾਨੂੰ ਕਿਤਾਬਾਂ ਪੜ੍ਹਦਿਆਂ ਦੇਖ ਸਾਡੇ ਚੈੱਕਅੱਪ ਲਈ ਆਈਆਂ ਨਰਸਾਂ ਵੀ ਹੈਰਾਨ ਸਨ। ਜਿਵੇਂ ਕਿਸੇ ਸੱਚ ਕਾਲਜ ਦੇ ਹੋਸਟਲ ਵਿੱਚ ਪੜ੍ਹਦੇ ਹੋਈਏ। ਸਾਰੇ ਹੀ ਪੜ੍ਹੀ ਜਾ ਰਹੇ ਸੀ।ਉਨ੍ਹਾਂ ਵਿਚਾਰੀਆਂ ਦਾ ਤਾਂ ਬਹੁਤ ਬੁਰਾ ਹਾਲ ਹੁੰਦਾ ਸੀ।ਉਨ੍ਹਾਂ ਦੀਆਂ ਪਾਈਆਂ ਕਿਟਾਂ ਵਿੱਚ ਹਵਾ ਵੀ ਨਹੀਂ ਸੀ ਲਗਦੀ।ਸਿਰ ਤੋਂ ਲੈ ਕੇ ਪੈਰਾਂ ਤੱਕ ਢੱਕੀਆਂ ਹੁੰਦੀਆਂ।ਪਸੀਨੇ ਨਾਲ਼ ਭਿੱਜੀਆਂ ਹੁੰਦੀਆਂ।ਕੱਲੇ-ਕੱਲੇ ਮਰੀਜ਼ ਨੂੰ ਚੈੱਕ ਕਰਦੀਆਂ ਸੀ।ਦੋ ਢਾਈ ਘੰਟੇ ਲੱਗ ਜਾਂਦੇ।ਦਿਨ ਵਿੱਚ ਤਿੰਨ ਵਾਰ ਚੈੱਕ ਕਰਨਾ ਹੁੰਦਾ।ਇਹ ਨਿਗੁਣੀਆਂ ਤਨਖਾਹਾਂ ਅਤੇ ਕੱਚੀ ਨੌਕਰੀ ’ਤੇ ਜਿਆਦਾਤਰ ਕੰਮ ਕਰ ਰਹੀਆਂ ਸਨ।ਸਰਕਾਰ ਖਿਲਾਫ਼ ਇੰਨ੍ਹਾਂ ਦੇ ਸੰਘਰਸ਼ ਵੀ ਲਗਾਤਾਰ ਚਲਦੇ ਰਹਿੰਦੇ ਨੇ।ਪੁਲਿਸ ਦੀਆਂ ਡਾਂਗਾਂ ਨਾਲ ਸਰਕਾਰ ਸਵਾਗਤ ਕਰਦੀ ਹੈ।ਕਿਤਾਬਾਂ ਪੜ੍ਹਦਿਆਂ ਬਹੁਤ ਸਾਰੇ ਸਾਥੀ ਨੀਂਦ ਵੀ ਲੈ ਲੈਂਦੇ, ਫਿਰ ਪੜ੍ਹਨ ਲੱਗ ਜਾਂਦੇ।ਸਮੇਂ ਦਾ ਪਤਾ ਹੀ ਨਾ ਲੱਗਿਆ।ਢਾਈ ਵਜੇ ਦੇ ਤਕਰੀਬਨ ਸਾਡਾ ਖਾਣਾ ਆ ਗਿਆ।ਖਾਣਾ ਖਾ ਕੇ ਕੁੱਝ ਸਾਥੀ ਸੌਂ ਗਏ ਕੁੱਝ ਕਿਤਾਬਾਂ ਦੇ ਵਿੱਚ ਖੁੱਬੇ ਰਹੇ।ਰਘਵੀਰ ਸਿੰਘ ਨੇ ਮੇਰੀ ਸਾਰੀ ਕਿਤਾਬ ਪੜ੍ਹ ਕੇ ਹੀ ਦਮ ਲਿਆ।ਸ਼ਾਮ ਦੇ ਸੱਤ ਵੱਜ ਚੁੱਕੇ ਹਨ।ਅਸੀਂ ਮੇਰੀਆਂ ਕਹਾਣੀਆਂ’ਤੇ ਚਰਚਾ ਕਰਨ ਲੱਗ ਪਏ।ਬਹੁਤ ਸਾਰੀਆਂ ਗੱਲਾਂ ਹੋਈਆਂ।ਘਰੋਂ ਮੇਰੇ ਮੋਬਾਇਲ’ਤੇ ਵੀਡੀਓ ਕਾਲ ਆ ਗਈ।ਬੇਟੀ ਜਸ਼ਨ ਦੀ ਤਸਵੀਰ ਸਕਰੀਨ’ਤੇ ਆ ਗਈ।
“ਡੈਡੀ ਜੀ ਕਿਵੇਂ ਹੋ…?”
“ਠੀਕ ਹਾਂ…।”
“ਕੀ ਕਰਦੇ ਸੀ…।”
“ਗੱਲਾਂ ਕਰਦੇ ਸੀ! ਹੋਰ ਅਸੀਂ ਇੱਥੇ ਕਰਨਾ ਵੀ ਕੀ ਹੈ…।” ਉਹ ਇਧਰ ਉਧਰ ਦੀਆਂ ਗੱਲਾਂ ਕਰਦੀ ਰਹੀ।ਨਾਲ਼ੇ ਮੈਨੂੰ ਦੇਖ ਕੇ ਹੱਸਦੀ ਰਹੀ।ਫਿਰ ਘਰਵਾਲੀ ਗੱਲਾਂ ਕਰਨ ਲੱਗ ਪਈ।ਉਸ ਨੇ ਦੱਸਿਆ।
“ਅੱਜ ਸਾਡਾ ਟੈਸਟ ਨਹੀਂ ਹੋਇਆ।ਕੋਈ ਲੈਣ ਨਹੀਂ ਆਇਆ।ਫ਼ੋਨ ਆਇਆ ਸੀ।ਕਹਿੰਦੇ ਸੁੱਕਰਵਾਰ ਨੂੰ ਆਪਣੇ ਹਸਪਤਾਲ ਵਿੱਚ ਹੀ ਹੋ ਜਾਊ…।”
“ਚਲੋ ਠੀਕ ਹੈ ਤੁਹਾਨੂੰ ਤਿੰਨ ਦਿਨ ਦਾ ਸਮਾਂ ਹੋਰ ਮਿਲ ਗਿਆ।ਗੋਲ਼ੀਆਂ ਖਾਂਦੇ ਰਹੋ,ਗਰਾਰੇ ਕਰਦੇ ਰਹੋ ਕਾਹੜਾ ਪੀਂਦੇ ਰਹੋ…।” ਉਸ ਨੇ ਇੱਕ ਗੱਲ ਹੋਰ ਦੱਸੀ।
“ਕਿਸੇ ਨੇ ਹਸਪਤਾਲ ਵਿੱਚ ਫ਼ੋਨ ਕਰਕੇ ਸਿਕਾਇਤ ਕੀਤੀ।ਉਨ੍ਹਾਂ ਦਾ ਫ਼ੋਨ ਆਇਆ ਸੀ।”
“ਤੁਹਾਡੇ ਬੱਚੇ ਕਿਤੇ ਬਾਹਰ ਪੜ੍ਹਨ ਜਾਂਦੇ ਨੇ।ਤੁਹਾਡੇ ਘਰ ਵੀ ਕੁੱਝ ਬੱਚੇ ਆਉਂਦੇ ਨੇ।ਘਰ ਦੇ ਮੈਂਬਰ ਬਾਹਰ ਤੁਰੇ ਫਿਰਦੇ ਨੇ।ਜਿੰਨ੍ਹਾਂ ਨਾਲ਼ ਉਨ੍ਹਾਂ ਦਾ ਤਾਲਮੇਲ ਬਣਿਆਂ ਸਭ ਦਾ ਨਾਂ ਦੱਸੋ…।”
“ਅਸੀਂ ਤਾਂ ਕੋਰੀ ਨਾਹ ਕਰ ਦਿੱਤੀ।ਸਾਡੇ ਕੋਈ ਆਉਂਦਾ ਨਹੀਂ।ਅਸੀਂ ਕਿਸੇ ਦੇ ਜਾਂਦੇ ਨਹੀਂ।ਉਹ ਵਾਰ-ਵਾਰ ਪੁੱਛ ਰਹੇ ਸੀ, ਫਿਰ ਮੈਂ ਕਹਿ ਦਿੱਤਾ ਉਨ੍ਹਾਂ ਨਾਲ਼ ਗੱਲ ਕਰ ਲਓ।ਤੁਹਾਡੇ ਕੋਲ਼ ਤਾਂ ਕੋਈ ਫ਼ੋਨ ਨਹੀਂ ਆਇਆ…?”
“ਨਹੀਂ ਇਸ ਤਰ੍ਹਾਂ ਦਾ ਤਾਂ ਕੋਈ ਫ਼ੋਨ ਨਹੀਂ ਆਇਆ।ਚੱਲ ਮੈਂ ਪਤਾ ਕਰਦਾ ਹਾਂ ਕਿਸ ਨੇ ਸਿਕਾਇਤ ਕੀਤੀ ਹੈ।ਤੁਸੀਂ ਠੀਕ-ਠਾਕ ਰਹੋ ਮੇਰੀ ਚਿੰਤਾਂ ਕਰਨ ਦੀ ਲੋੜ ਨਹੀਂ…।” ਮੈਂ ਜਵਾਬ ਦਿੱਤਾ। ਉਸ ਨੇ ਇੱਕ ਗੱਲ ਹੋਰ ਦੱਸੀ।
“ਸਵੇਰੇ ਜਦੋਂ ਮੈਂ ਬਾਹਰ ਝਾੜੂ ਮਾਰ ਰਹੀ ਸੀ।ਆਪਣੇ ਸਾਹਮਣੇ ਵਾਲ਼ੀ ਵੀ ਗੇਟ ਦੀ ਸਫ਼ਾਈ ਕਰਨ ਆਈ।ਮੈਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ਼ ਤੱਕਿਆ ਮੂੰਹ’ਤੇ ਚੰਗੀ ਤਰ੍ਹਾਂ ਚੁੰਨੀ ਬੰਨ ਲਈ।ਮੂੰਹ’ਚ ਬੁੜ-ਬੁੜ ਕਰਨ ਲੱਗ ਪਈ…।ਦੂਜੇ ਗੁਆਢੀਆਂ ਦੇ ਜਵਾਕ ਜਦੋਂ ਆਪਣੇ ਜਵਾਕ ਛੱਤ’ਤੇ ਖੜ੍ਹੇ ਸੀ।ਉਨ੍ਹਾਂ ਵੱਲ ਥੁੱਕ ਕੇ ਕਹਿ ਰਹੇ ਸੀ। “ਕਰੋਨ ਵਾਲ਼ੇ ਥੂਹ,ਕਰੋਨਾ ਵਾਲ਼ੇ ਥੂਹ…।” ਉਹ ਗੱਲਾਂ ਕਰਦੀ ਕਰਦੀ ਭਾਵੁਕ ਹੋ ਗਈ।ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਪਏ।ਮੇਰਾ ਵੀ ਮਨ ਖ਼ਰਾਬ ਹੋ ਗਿਆ।ਮਨ ਹੀ ਮਨ ਮੈਂ ਸੋਚਣ ਲੱਗਾ। ਲੋਕਾਂ ਦੀ ਭਾਈਚਾਰਕ ਸਾਂਝ ਨੂੰ ਕਿਵੇਂ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਲੋਕਾਂ ਦੇ ਮਨਾਂ ਵਿੱਚ ਕਰੋਨਾ ਦੀ ਐਨੀ ਦਹਸ਼ਿਤ ਭਰ ਦਿੱਤੀ।ਲੋਕ ਇੱਕ ਦੂਜੇ ਨੂੰ ਮਿਲਣੋ ਹਟ ਗਏ।ਨਫ਼ਰਤ ਕਰਨ ਲੱਗ ਪਏ।ਬੀਤੇ ਵਿੱਚ ਤਾਂ ਸਮਸਾਨ ਘਾਟ ਵਿੱਚ ਕਰੋਨਾ ਨਾਲ਼ ਹੋਈ ਮੌਤ ਦਾ ਸਸਕਾਰ ਵੀ ਨਹੀਂ ਸੀ ਹੋਣ ਦੇ ਰਹੇ।ਜਿਵੇਂ ਆਮ ਲੋਕਾਂ ਨਾਲ਼ ਕੋਈ ਵੱਡੀ ਖੇਡ ਖੇਡੀ ਜਾ ਰਹੀ ਹੋਵੇ।ਲੋਕਾਂ ਨੂੰ ਕਦੇ ਧਰਮ ਦੇ ਨਾਂ’ਤੇ ਲੜਾਇਆ ਜਾਂਦਾ ਕਦੇ ਜਾਤੀਵਾਦ ਹੁਣ ਨਵਾਂ ਸੱਪ ਕੱਢ ਲਿਆ ਕਰੋਨਾ ਦਾ।ਬਸ ਲੋਕਾਂ ਨੂੰ ਜਾਗਰੂਕ ਨਹੀਂ ਹੋਣ ਦੇਣਾ।ਟੀ.ਵੀ. ਦੇ ਨਿਊਜ਼ ਚੈਨਲ ਲੋਕਾਂ ਨੂੰ ਡਰਾਉਣ ਦਾ ਕੰਮ ਕਰ ਰਹੇ ਹਨ।ਹੁਣ ਤਾਂ ਇਹ ਹਲਾਤ ਹੋ ਗਏ ਸੀ।ਕਿਸੇ ਵੀ ਬਿਮਾਰੀ ਨਾਲ਼ ਮੌਤ ਹੋ ਜਾਂਦੀ। ਉਸ ਨੂੰ ਕਰੋਨੇ ਦੀ ਪੁੱਠ ਚੜਾਈ ਜਾਂਦੀ ਸੀ।ਜਿਵੇਂ ਬਾਕੀ ਬਿਮਾਰੀਆਂ ’ਤੇ ਤਾਂ ਸਰਕਾਰ ਨੇ ਜਿੱਤ ਪਾ ਲਈ ਹੋਵੇ।
ਅੱਜ ਮੈਨੂੰ ਚੌਥਾ ਦਿਨ ਸੀ।ਬਹੁਤ ਸਾਰੇ ਮਿੱਤਰ ਪਿਆਰਿਆਂ ਦੇ ਫ਼ੋਨ ਆਉਂਦੇ ਰਹੇ।ਹੌਂਸਲਾ ਦਿੰਦੇ ਰਹੇ।ਸਾਡੇ ਸਟਾਫ਼ ਮੈਬਰਾਂ ਨਾਲ਼ ਵੀ ਗੱਲ ਹੁੰਦੀ ਰਹੀ।ਜੱਜ ਸਾਹਬ ਨੇ ਵੀ ਗੱਲ ਕੀਤੀ।ਕੁੱਝ ਸਟਾਫ ਦੇ ਸਾਥੀ ਮੇਰਾ ਘਰ ਦੇ ਅੰਦਰ ਇਕਾਂਤਵਾਸ ਕਰਵਾਉਣ ਲਈ ਅਫ਼ਸਰਾਂ’ਤੇ ਜ਼ੋਰ ਪਾ ਰਹੇ ਸੀ।ਰੀਡਰ ਮੁਕੇਸ ਕੇ ਕਾਫ਼ੀ ਜ਼ੋਰ ਲਾ ਰੱਖਿਆ ਸੀ।ਉਸ ਨੇ ਫਾਰਮ ਲੈ ਕੇ ਰੱਖ ਲਿਆ ਤੇ ਮੈਨੂੰ ਕਿਸੇ ਘਰ ਦੇ ਮੈਂਬਰ ਤੋਂ ਪੈਰਵੀ ਕਰਵਾਉਣ ਲਈ ਕਿਹਾ।ਜਿਹੜਾ ਆਪਣੀ ਜਿੰਮੇਵਾਰੀ ਦੇਵੇ।ਤੇਰਾ ਖ਼ਿਆਲ ਰੱਖਣ ਲਈ।ਮੈਂ ਘਰ ਦੇ ਮੈਂਬਰਾਂ ਨੂੰ ਪੈ੍ਰਸ਼ਾਨ ਕਰਨਾ ਮੁਨਾਸਿਬ ਨਾ ਸਮਝਿਆ।ਮੈਂ ਮੇਰੇ ਇੱਕ ਮਿੱਤਰ ਗੁਰਦੀਪ ਸਿੰਘ ਨੂੰ ਜੋ ਲੋਕਲ ਰਹਿਣ ਵਾਲਾ ਸੀ।ਉਸ ਨੂੰ ਸਾਰੀ ਗੱਲ ਸਮਝਾ ਦਿੱਤੀ।ਉਸ ਨੇ ਫਾਰਮ ਲੈ ਲਿਆ ਭਰ ਕੇ ਡਾਕਟਰ ਦੇ ਦਸਤਖ਼ਤ ਕਰਵਾ ਲਏ।ਉਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ।ਕਾਰਵਾਈ ਕਾਫੀ ਲੰਮੀ ਸੀ।ਪਹਿਲਾ ਐੱਸ.ਡੀ.ਐੱਮ. ਤੋਂ ਦਸਤਖ਼ਤ ਕਰਵਾਉਣੇ ਫਿਰ ਤਹਿਸੀਲਦਾਰ ਫਿਰ ਨਾਇਬ ਤਹਿਸੀਲਦਾਰ ਕੰਨਗੋ ਤੋਂ ਬਾਅਦ ਲੋਕਲ ਪਟਵਾਰੀ ਦੀ ਰਿਪੋਰਟ ਕਰਵਾਉਣੀ ਸੀ।ਇੰਝ ਸੀ ਜਿਵੇਂ ਕਿਸੇ ਕੈਦੀ ਨੂੰ ਜ਼ੇਲ੍ਹ’ਚੋਂ ਛੁੱਟੀ ਦਵਾਉਣੀ ਹੋਵੇ।ਇਹ ਵੀ ਜ਼ਰੂਰੀ ਨਹੀਂ ਸੀ ਸਾਰੇ ਅਫ਼ਸਰ ਦਫ਼ਤਰਾਂ ਵਿੱਚ ਹੀ ਬੈਠੇ ਮਿਲਣ।ਗੁਰਦੀਪ ਵਿਚਾਰਾ ਭੱਜ ਦੌੜ ਕਰ ਰਿਹਾ ਸੀ।ਐੱਸ.ਡੀ.ਐੱਮ.ਕੋਲ਼ ਗਿਆ ਉਸ ਨੇ ਫਾਰਮ’ਤੇ ਦਸਤਖ਼ਤ ਕਰਨ ਤੋਂ ਮਨ੍ਹਾ ਕਰ ਦਿੱਤਾ।
“ਪਹਿਲਾਂ ਦਰਖ਼ਾਸਤ ਲਿਖਕੇ ਦਿਓ।ਨਾਲ਼ੇ ਐਫੀਡੇਵਿਟ ਬਣਾਕੇ ਲਿਆਓ…।” ਗੁਰਦੀਪ ਨੇ ਸਾਰੀ ਕਾਰਵਾਈ ਕੀਤੀ।ਫਿਰ ਐੱਸ.ਡੀ.ਐੱਮ ਕੋਲ਼ ਪਹੁੰਚ ਗਿਆ।ਫਿਰ ਉਸ ਨੇ ਨਵਾਂ ਸੱਪ ਕੱਢ ਲਿਆ “ਡਾਕਟਰ ਦੀ ਮੋਹਰ ਨਹੀਂ ਹੈਗੀ।” ਗੁਰਦੀਪ ਫਿਰ ਡਾਕਟਰ ਕੋਲ਼ ਆ ਗਿਆ।ਉਨ੍ਹਾਂ ਸਾਫ ਕਹਿ ਦਿੱਤਾ “ਸਾਡੇ ਕੋਲ਼ ਤਾਂ ਮੋਹਰ ਹੈ ਨਹੀਂ।” ਗੁਰਦੀਪ ਐੱਸ.ਡੀ.ਐੱਮ.ਕੋਲ਼ ਫਿਰ ਪਹੁੰਚ ਗਿਆ।ਉਨ੍ਹਾਂ ਸਾਫ਼ ਕਹਿ ਦਿੱਤਾ।
“ਮੈਂ ਦਸਤਖ਼ਤ ਨਹੀਂ ਕਰਨੇ ਮੋਹਰ ਤੋਂ ਬਿਨਾ।” ਗੁਰਦੀਪ ਦੀ ਉਸ ਨਾਲ਼ ਥੋੜ੍ਹੀ ਤਕਰਾਰਬਾਜੀ ਵੀ ਹੋ ਗਈ।ਉਸਨੇ ਮੈਨੂੰ ਫ਼ੋਨ ਮਾਰਿਆ ਤੇ ਸਾਰੀ ਗੱਲ ਦੱਸੀ।ਮੈਂ ਅਗਾਹਾ ਮੁਕੇਸ ਰੀਡਰ ਨੂੰ ਦੱਸਿਆ।ਉਸ ਨੇ ਜੱਜ ਸਾਹਬ ਤੋਂ ਐੱਸ.ਡੀ.ਐੱਮ.ਨੂੰ ਫ਼ੋਨ ਕਰਵਾ ਦਿੱਤਾ।ਫਿਰ ਕਿਤੇ ਜਾ ਕੇ ਉਸ ਨੇ ਦਸਤਖ਼ਤ ਕੀਤੇ।ਫਿਰ ਤਹਿਸੀਲਦਾਰ ਨਹੀਂ ਮਿਲਿਆ।ਗੁਰਦੀਪ ਦੀ ਸਾਰੀ ਦਿਹਾੜੀ ਇਸ ਕੰਮ’ਤੇ ਹੀ ਲੰਘ ਗਈ।ਉਸ ਨੇ ਮੈਨੂੰ ਫ਼ੋਨ ਮਾਰਿਆ।
“ਕੱਲ੍ਹ ਨੂੰ ਘਰੋਂ ਕਿਸੇ ਨੂੰ ਸੱਦ ਲਈ ਦਸ ਵਜੇ ਮੈਂ ਤਹਿਸੀਲਦਾਰ ਤੋਂ ਦਸਤਖ਼ਤ ਕਰਵਾ ਦਿਆਂਗਾ।ਤੁਸੀਂ ਤੁਹਾਡੇ ਪਿੰਡ ਦੇ ਪਟਵਾਰੀ ਤੇ ਨਾਇਬ ਤਹਿਸੀਲਦਾਰ ਦੀ ਰਿਪੋਰਟ ਕਰਵਾ ਲਿਆਉਣੀ।” ਮੈਂ ਘਰ ਵੱਡੇ ਭਰਾ ਦਰਸ਼ਨ ਨੂੰ ਫ਼ੋਨ ਮਾਰਿਆ।ਉਸ ਨੂੰ ਸਾਰੀ ਗੱਲ ਸਮਝਾ ਦਿੱਤੀ।
ਅਸੀਂ ਕਦੇ ਕਿਤਾਬ ਪੜ੍ਹ ਲੈਂਦੇ, ਕਦੇ ਮੋਬਾਇਲ’ਤੇ ਸਮਾਂ ਕੱਢਦੇ,ਕਦੇ ਗੱਲਾਂ ਕਰਨ ਲੱਗ ਜਾਂਦੇ।ਹੋਰ ਵਾਰਡਾਂ ਦੇ ਵਿੱਚ ਤਾਂ ਤਾਸ਼ ਦੀ ਵੀ ਬਾਜੀ ਚੱਲਦੀ ਸੀ।ਇੱਕ ਦੋ ਵਾਰਡਾਂ ਵਿੱਚ ਟੀ.ਵੀ.ਲੱਗੇ ਹੋਏ ਸੀ।ਆਪਸੀ ਫਾਸਲੇ ਵਾਲ਼ੀ ਗੱਲ ਤਾਂ ਉੱਥੇ ਹੈ ਨਹੀਂ ਸੀ।ਕੀ ਪਤਾ ਸੀ ਕਿਸ ਨੂੰ ਕਿਨ੍ਹੇ ਪ੍ਰਤੀਸਤ ਲਾਗ ਲੱਗੀ ਹੋਈ ਐ ਕੋਈ ਮਾਪ ਦੰਡ ਨਹੀਂ।ਉੱਥੇ ਗਧੇ ਘੋੜੇ ਦਾ ਮੁੱਲ ਇੱਕ ਸੀ।ਮੈਂ ਉੱਥੋਂ ਦੇ ਸੈਂਟਰ ਦੀਆਂ ਬਹੁਤ ਸਾਰੀਆਂ ਵੀਡੀਓ ਬਣਾ ਲਈਆਂ।ਜੋ ਨਰਸਾਂ ਸਾਡੇ ਚੈੱਕਅੱਪ ਲਈ ਆਉਂਦੀਆਂ ਉਨ੍ਹਾਂ ਦੀ ਫ਼ੋਟੋ ਵੀ ਖਿੱਚ ਲੈਂਦਾ ਸੀ।ਖਾਣਾ ਸਮੇਂ ਸਿਰ ਨਾ ਆਉਣ ਦੀ ਮੈਂ ਰਿਪੋਰਟ ਕਰਦਾ ਰਹਿੰਦਾ ਸੀ।ਉਨ੍ਹਾਂ ਦਾ ਉੱਤਰ ਸੀ “ਖਾਣੇ ਵਾਲ਼ੇ ਨੂੰ ਪੈਸੇ ਨਹੀਂ ਦਿੱਤੇ ਇਸ ਲਈ ਦੇਰੀ ਹੁੰਦੀ ਹੈ।”
ਬਹੁਤ ਸਾਰੇ ਸਾਡੇ ਵਿੱਚ ਪੁਲਿਸ ਮੁਲਾਜ਼ਮ ਵੀ ਹਨ।ਸ਼ਾਮ ਨੂੰ ਇੱਕ ਨਜ਼ਾਰਾ ਦੇਖਣ ਨੂੰ ਮਿਲਿਆ।ਮੂੰਹ ਹਨੇਰਾ ਹੋਣ ਸਾਰ ਬਹੁਤਿਆਂ ਦੇ ਢਿੱਡ ਦੇ ਅੰਦਰਲੇ ਕੀੜੇ ਆਪਣਾ ਰੰਗ ਦਿਖਾਉਣ ਸ਼ੁਰੂ ਕਰ ਦਿੰਦੇ।ਉਨ੍ਹਾਂ ਨੂੰ ਸੈਨੀਟੇਜ਼ਰ ਕਰਨਾ ਪੈਣਾ ਸੀ।ਦਾਰੂ ਕਿਤੋਂ ਮਿਲਦੀ ਨਹੀਂ ਸੀ।ਉਹ ਕੀ ਕਰਦੇ, ਆਪਣੇ ਕਿਸੇ ਜਾਣਕਾਰ ਨੂੰ ਕਾਲਜ ਦੀ ਕੰਧ ਦੇ ਪਰਲੇ ਪਾਸੇ ਖੜਾ ਕਰ ਲੈਂਦੇ।ਜਦੋਂ ਗਾਰਡ ਥੋੜ੍ਹਾ ਇੱਧਰ ਉੱਧਰ ਹੋ ਜਾਂਦੇ।ਉਨ੍ਹਾਂ ਨਾਲ਼ ਗੰਢਤੁੱਪ ਕਰਕੇ ਰੱਖੀ ਹੁੰਦੀ ਸੀ।ਬਾਹਰੋਂ ਦਾਰੂ ਦੀਆਂ ਬੋਤਲਾਂ ਪਲਾਸਟਿਕ ਵਾਲੀਆਂ ਵਗਾਹ ਮਾਰਦੇ।ਉਹ ਚੱਕ ਫਟਾਫਟ ਅਮਦਰ ਚਲੇ ਜਾਂਦੇ।ਥੋੜ੍ਹੀ ਦੇਰ ਬਾਅਦ ਗਾਰਡ ਆ ਜਾਂਦੇ।ਮੀਟ ਵਗੇਰਾ ਤਾਂ ਗੇਟ ਵਿੱਚ ਦੀ ਆ ਜਾਂਦਾ ਸੀ।ਸਪੀਕਰ ਵਿੱਚ ਅਨਾਊਂਸਮੈਂਟ ਕੀਤੀ ਜਾਂਦੀ।“ਫਲਾਣੇ ਸਿੰਘ ਦਾ ਸਮਾਨ ਆਇਆ ਉਹ ਗੇਟ ਤੋਂ ਲੈ ਜਾਣ।” ਇਹ ਕਮਰਿਆਂ ਦੇ ਅੰਦਰਲਾ ਗੇਟ ਸੀ।ਸਮਾਨ ਚੈੱਕ ਕਰਕੇ ਗੇਟ ਖੋਲ੍ਹ ਕੇ ਰੱਖ ਦਿੱਤਾ ਜਾਂਦਾ।ਜਿਸ ਦਾ ਹੁੰਦਾ ਉਹ ਚੱਕ ਕੇ ਲੈ ਜਾਂਦਾ।ਬਾਹਰ ਜਾਣ ਦੀ ਕਿਸੇ ਨੂੰ ਆਗਿਆ ਨਹੀਂ ਸੀ, ਨਾ ਕੋਈ ਮਿਲ ਸਕਦਾ ਸੀ।ਪੁਲਿਸ ਵਾਲੇ ਮਿਲ ਕੇ ਫਿਰ ਕੀੜਿਆਂ ਨੂੰ ਸੈਨੀਟੇਜ਼ਰ ਕਰਦੇ ਰਹਿੰਦੇ।
ਅਗਲੇ ਦਿਨ ਦਸ ਕੁ ਵਜੇ ਭਾਈ ਦਰਸ਼ਨ ਤੇ ਅਮਰੀਕ ਆ ਗਏ।ਉਨ੍ਹਾਂ ਨੂੰ ਮੈਂ ਗੁਰਦੀਪ ਦਾ ਨੰਬਰ ਦੇ ਦਿੱਤਾ ਸੀ।ਤਹਿਸੀਲਦਾਰ ਕਿਤੇ ਦੋਰੇ’ਤੇ ਗਿਆ ਹੋਇਆ ਸੀ।ਗਿਆਂਰਾ ਕੁ ਵਜੇ ਉਹ ਦਫ਼ਤਰ ਆਇਆ।ਗੁਰਦੀਪ ਨੇ ਦਸਤਖ਼ਤ ਕਰਵਾ ਕੇ ਉਨ੍ਹਾਂ ਨੂੰ ਫੜਾ ਦਿੱਤੇ। ਜਿੰਨਾ ਜਲਦੀ ਹੋ ਸਕਦਾ, ਉਹ ਪਟਵਾਰੀ ਤੇ ਨਾਇਬ ਤਹਿਸੀਲਦਾਰ ਦੀ ਰਿਪੋਰਟ ਕਰਵਾ ਲਿਆਉਣ ਤਾਂ ਮੈਂ ਉਨ੍ਹਾਂ ਜਲਦੀ ਨਿੱਕਲ ਸਕਦਾ ਸੀ।ਉਹ ਘੰਟੇ ਕੁ ਦੇ ਅੰਦਰ ਰਿਪੋਰਟ ਕਰਵਾ ਲਿਆਏ।ਹੁਣ ਮੁੜ ਤਹਿਸੀਲਦਾਰ ਤੇ ਐੱਸ.ਡੀ.ਐੱਮ ਦੀ ਰਿਪੋਰਟ ਹੋਣੀ ਸੀ।ਫਿਰ ਕਾਗ਼ਜ ਡਾਕਟਰ ਕੋਲ਼ ਇਕਕਾਂਤਵਾਸ ਸੈਂਟਰ ਵਿੱਚ ਜਮ੍ਹਾਂ ਕਰਵਾਉਣੇ ਸੀ। ਫਿਰ ਉਨ੍ਹਾਂ ਮੈਨੂੰ ਇਸ ਕੈਦ ਚੋਂ ਛੱਡਣਾ ਸੀ।ਕੋਰਟ ਚੋਂ ਵੀ ਸਾਥੀਆਂ ਦੇ ਫ਼ੋਨ ਲਗਾਤਾਰ ਆ ਰਹੇ ਸੀ।ਉਹ ਪੁਛਦੇ
“ਕੀ ਬਣਿਆ…।” ਉਨ੍ਹਾਂ ਨੂੰ ਸਾਰੀ ਕਹਾਣੀ ਦੱਸਦਾ।ਤਹਿਸੀਲਦਾਰ ਕਿਤੇ ਚਲਿਆ ਗਿਆ।ਉਹ ਦੋ ਘੰਟੇ ਬਾਅਦ ਆਇਆ।ਉਸ ਨੇ ਰਿਪੋਰਟ ਕਰ ਦਿੱਤੀ।ਐੱਸ.ਡੀ.ਐੱਮ.ਸਾਹਬ ਰੋਟੀ ਖਾਣ ਚਲੇ ਗਏ।ਢੀਂਡਾ ਫਿਰ ਫਸ ਗਿਆ।ਤਿੰਨ ਵਜੇ ਦੇ ਲਗਭਗ ਉਹ ਵਾਪਸ ਆਏ।ਕਾਗ਼ਜ ਅੰਦਰ ਭੇਜੇ ਗਏ।ਟੇਬਲ’ਤੇ ਘੰਟਾ ਭਰ ਪਏ ਰਹੇ।ਕੜਕਦੀ ਧੁੱਪ ਵਿੱਚ ਬਾਹਰ ਉਹ ਭੁੱਖੇ ਭਾਣੇ ਉਡੀਕ ਕਰਦੇ ਰਹੇ।ਐੱਸ.ਡੀ.ਐੱਮ. ਉੱਠਕੇ ਡੀ.ਸੀ.ਸਾਹਬ ਦੇ ਦਫ਼ਤਰ ਚਲੇ ਗਏ।ਕਾਗ਼ਜਾਂ’ਤੇ ਦਸਤਖ਼ਤ ਨਹੀਂ ਸੀ ਹੋਏ।ਸਵੇਰ ਤੋਂ ਮੁੜ ਸ਼ਾਮ ਹੋਣ ਨੂੰ ਆ ਗਈ।ਫਿਰ ਕਾਗ਼ਜਾਂ ਨੂੰ ਡੀ.ਸੀ.ਸਾਹਬ ਦੇ ਦਫ਼ਤਰ ਲੈ ਕੇ ਚਲੇ ਗਏ।ਗੁਰਦੀਪ ਨੇ ਕਿਸੇ ਜਾਣੂ ਨੂੰ ਦੇ ਕੇ ਐੱਸ.ਡੀ.ਐੱਮ.ਕੋਲ਼ ਪੁਜਦੇ ਕੀਤੇ।ਕਾਗ਼ਜ ਅੰਦਰੋਂ ਬਾਹਰ ਆ ਗਏ।ਦਸਤਖ਼ਤ ਨਹੀਂ ਕੀਤੇ ਜਵਾਬ ਸੀ।
“ਮੇਰੀ ਬਦਲੀ ਹੋ ਗਈ ਮੈਂ ਚਾਰਜ਼ ਛੱਡ ਦਿੱਤਾ…।” ਇਸ ਨਵੀਂ ਵਿਪਤਾ ਨੇ ਸਭ ਨੂੰ ਘੇਰ ਲਿਆ।ਹੋਰ ਇੱਕ ਬੰਦੇ ਦੇ ਕਾਗ਼ਜ ਵੀ ਸੀ।ਚੱਕਰ ਕੱਢ ਰਿਹਾ ਸੀ।ਗੁਰਦੀਪ ਹੋਰੀਂ ਚਾਹੁੰਦੇ ਸੀ ਜੇਕਰ ਅੱਜ ਦਸਤਖ਼ਤ ਨਾ ਹੋਏ, ਫਿਰ ਮੂਹਰੇ ਦੋ ਛੁੱਟੀਆਂ ਸੀ। ਗੱਲ ਤਿੰਨ-ਚਾਰ ਦਿਨਾਂ ਤੱਕ ਪਹੁੰਚ ਜਾਣੀ ਸੀ।ਦੋ ਦਿਨਾਂ ਦੀ ਭੱਜ ਦੌੜ’ਤੇ ਪਾਣੀ ਫਿਰ ਜਾਣਾ ਸੀ।ਗੁਰਦੀਪ ਹੋਰਾਂ ਨੇ ਮੈਨੂੰ ਸਾਰੀ ਕਹਾਣੀ ਫ਼ੋਨ’ਤੇ ਦੱਸੀ।ਮੈਂ ਮੁਕੇਸ਼ ਨੂੰ ਫ਼ੋਨ ਮਾਰ ਕੇ ਕਹਿ ਦਿੱਤਾ।
“ਸੈਸ਼ਨ ਜੱਜ ਸਾਹਬ ਤੋਂ ਡੀ.ਸੀ.ਸਾਹਬ ਨੂੰ ਫ਼ੋਨ ਕਰਵਾਓ ਫਿਰ ਗੱਲ ਬਣੂ…।” ਉਹ ਵਿਚਾਰੇ ਵੀ ਆਪਣੀ ਪੂਰੀ ਵਾਹ ਲਾ ਰਹੇ ਸਨ।ਹੁਣ ਐੱਸ.ਡੀ.ਐੱਮ. ਨੇ ਕੱਛ’ਚੋਂ ਕੱਢ ਨਵਾਂ ਮੌਘਲਾ ਮਾਰਿਆ।ਮੁਕੇਸ਼ ਹੋਰੀਂ ਸੈਸ਼ਨ ਜੱਜ ਨੂੰ ਜਾ ਕੇ ਮਿਲੇ।ਫਿਰ ਉਨ੍ਹਾਂ ਡੀ.ਸੀ. ਸਾਹਬ ਨੂੰ ਫ਼ੋਨ ਕੀਤਾ।ਫਿਰ ਐੱਸ.ਡੀ.ਐੱਮ. ਨੇ ਦਸਤਖ਼ਤ ਕੀਤੇ ਨਾਲ਼ ਉਨ੍ਹਾਂ ਦੂਜੇ ਬੰਦਿਆਂ ਦੇ ਵੀ ਹੋ ਗਏ।ਉਨ੍ਹਾਂ ਨੂੰ ਪਤਾ ਲੱਗ ਗਿਆ ਸੀ।ਇਹ ਸਿਫ਼ਾਰਸ ਲਾਉਂਦੇ ਫਿਰਦੇ ਨੇ ਕੰਮ ਜ਼ਰੂਰ ਕਰਵਾਉਣਗੇ।ਲੱਕੜ ਨਾਲ਼ ਲੋਹਾ ਵੀ ਤਰ ਗਿਆ।ਇਸ ਤਰ੍ਹਾਂ ਆਮ ਬੰਦਾ ਦਫ਼ਤਰਾਂ ਵਿੱਚ ਖੱਜਲ-ਖੁਆਰ ਹੁੰਦਾ ਰਹਿੰਦਾ।ਛੋਟੇ-ਛੋਟੇੇ ਕੰਮਾਂ ਦੇ ਲਈ ਕਈ ਕਈ ਦਿਨ ਗੇੜੇ ਕੱਢਦੇ ਰਹਿੰਦੇ ਨੇ ਲੋਕੀ।ਸਵਾ ਪੰਜ ਵਜੇ ਤੱਕ ਉਨ੍ਹਾਂ ਨੇ ਡਾਕਟਰ ਕੋਲ਼ ਕਾਗਜ਼ ਜਮ੍ਹਾਂ ਕਰਵਾ ਦਿੱਤੇ।ਅੱਜ ਰਾਤ ਮੈਂ ਘਰ ਪਹੁੰਚ ਜਾਣਾ ਸੀ।ਉਡੀਕ ਕਰਦੇ-ਕਰਦੇ ਅੱਠ ਵੱਜ ਗਏ।ਮੈਂ ਆਸ ਛੱਡ ਦਿੱਤੀ ਕਿ ਹੁਣ ਨਹੀਂ ਜਾ ਸਕਦਾ।ਐੱਸ.ਐੱਮ.ਓ. ਤੱਕ ਮੈਂ ਫ਼ੋਨ ਕਰਵਾ ਦਿੱਤੇ ਸੀ।ਕੋਈ ਅਸਰ ਨਹੀਂ ਹੋਇਆ।ਐਂਬੂਲੈਂਸ ਨਾ ਹੋਣ ਦਾ ਬਹਾਨਾ ਬਣਾਇਆ ਗਿਆ।ਗੁਰਦੀਪ ਹਸਪਤਾਲ ਤੱਕ ਵੀ ਦੇਖ ਆਇਆ ਸੀ ਦੋ ਐਂਬੂਲੈਸ ਸਰਕਾਰੀ ਖੜ੍ਹੀਆਂ ਸਨ।ਹੁਣ ਇਹ ਤਾਂ ਤੈਅ ਸੀ, ਮੈਨੂੰ ਅੱਜ ਇਨ੍ਹਾਂ ਨੇ ਰਿਹਾਅ ਨਹੀਂ ਕਰਨਾ।
ਅੱਜ ਢਾਈ ਕੁ ਵਜੇ ਜੇਲ੍ਹ ਦੇ ਦਸ ਮੁਲਾਜ਼ਮ ਨਵੇਂ ਆਏ।ਜਿੰਨ੍ਹਾਂ ਦੀ ਰਿਪੋਰਟ ਪਾਜ਼ਟਿਵ ਆਈ ਸੀ।ਆਉਣਾ ਜਾਣਾ ਇੱਥੇ ਬਣਿਆ ਰਹਿੰਦਾ ਸੀ।ਉਹ ਬੜੇ ਖ਼ੁਸ਼ ਸਨ। ਗੱਲਾਂ ਗੱਲਾਂ ’ਚ ਉਨ੍ਹਾਂ ਦੱਸਿਆ।
“ਡਿਊਟੀ ਬਹੁਤ ਪੈ ਰਹੀ ਸੀ।ਬੇਅਰਾਮੀ ਵਿੱਚ ਭੱਜੇ ਫਿਰਦੇ ਰਹੇ ਨੀਂਦ ਵੀ ਪੂਰੀ ਨਹੀਂ ਹੋ ਰਹੀ।ਚਲੋ ਹੁਣ ਪੰਦਰਾਂ ਦਿਨ ਅਰਾਮ ਤਾਂ ਕਰ ਲਵਾਂਗੇ।” ਉਹ ਬੈਡਾਂ ਉੱਤੇ ਆਉਣ ਸਾਰ ਇਸ ਤਰ੍ਹਾਂ ਡਿੱਗ ਪਏ ਜਿਵੇਂ ਸਦੀਆਂ ਦੇ ਉਨੀਂਦਰੇ ਹੋਣ।ਸਾਡੇ ਨਾਲ਼ ਜਿਹੜਾ ਸ਼ਰਾਬ ਦੇ ਕੇਸ ਵਾਲਾ ਬੰਦਾ ਸੀ।ਉਸ ਨੂੰ ਜਿਹੜਾ ਥਾਣੇਦਾਰ ਫੜਕੇ ਲਿਆਇਆ ਸੀ।ਉਹ ਵੀ ਪਰਵਾਰ ਸਮੇਤ ਪਹੁੰਚ ਗਿਆ।ਉਹ ਦੋਵੇਂ ਇੱਕ ਦੂਜੇ ’ਤੇ ਦੋਸ਼ ਲਾਈ ਜਾਣ।
“ਤੂੰ ਮੈਨੂੰ ਮਾਜਿਆਂ ਦੂਜਾ ਕਹੇ ਤੂੰ ਮੈਨੂੰ…।” ਆਪਸ ਵਿੱਚ ਤਕਰਾਰਬਾਜੀ ਹੋਈ।ਅਜਿਹੇ ਬਹੁਤ ਕੁੱਝ ਦੇਖਣ ਨੂੰ ਮਿਲਦਾ ਸੀ।ਘਰ ਵਾਲ਼ੇ ਮੈਨੂੰ ਵਾਰ-ਵਾਰ ਪੁੱਛ ਰਹੇ ਸੀ।
“ਕਦੋਂ ਆਓਗੇ…।” ਮੈਂ ਹਲਾਤ ਅਤੇ ਹੋ ਰਹੇ ਹਨੇਰੇ ਨੂੰ ਦੇਖਕੇ ਉਨ੍ਹਾਂ ਨੂੰ ਕਹਿ ਦਿੱਤਾ।
“ਅੱਜ ਨਹੀਂ ਆਉਂਦਾ ਤੜਕੇ ਆਊਂਗਾ।” ਇੱਕ ਵਾਰ ਤਾਂ ਮਨ ਕੀਤਾ ਪੰਜ ਦਿਨ ਲੰਘ ਗਏ ਪੰਜ ਬਾਕੀ ਨੇ ਲੰਘਾ ਕੇ ਹੀ ਚਲਿਆ ਜਾਵਾਂ। ਦੋ ਦਿਨਾਂ ਦੇ ਗੁਰਦੀਪ ਵਰਗੇ ਖੱਜਲ ਹੁੰਦੇ ਰਹੇ।ਹੁਣ ਵੀ ਉਹ ਹੀ ਹਾਲ ਸੀ।
ਜਿਵੇਂ ਥੋੜ੍ਹਾ ਹਨੇਰਾ ਹੋਇਆ।ਪੁਲਿਸ ਮੁਲਾਜ਼ਮਾਂ ਦਾ ਸਰਹੱਦ ਤੋਂ ਪਾਰ ਸੈਨੀਟੇਜ਼ਰ ਆਉਣਾ ਸ਼ੁਰੂ ਹੋ ਗਿਆ।ਅੱਜ ਉਨ੍ਹਾਂ ਨਾਲ਼ ਕੁੱਝ ਕੁ ਜੇਲ ਮੁਲਾਜ਼ਮ ਵੀ ਸ਼ਾਮਲ ਹੋ ਗਏ।ਹਨੇਰਾ ਵਧਦਾ ਜਾ ਰਿਹਾ ਸੀ।ਖਾਣਾ ਅਜੇ ਨਹੀਂ ਸੀ ਆਇਆ।ਚੈੱਕਅੱਪ ਲਈ ਨਰਸਾਂ ਆ ਗਈਆਂ।ਅਸੀਂ ਵਾਰਡ ਦੇ ਵਿੱਚ ਚਲੇ ਗਏ।ਪਹਿਲਾਂ ਬਾਹਰ ਬੈਠੇ ਸੀ।ਉਨ੍ਹਾਂ ਨੂੰ ਵੀ ਮੈਂ ਆਪਣੇ ਜਾਣ ਵਾਰੇ ਪੁਛਿਆ ਤਾਂ ਉਨ੍ਹਾਂ ਕਿਹਾ।
“ਕੱਲ੍ਹ ਤੁਹਾਨੂੰ ਅੱਠ ਕੁ ਵਜੇ ਭੇਜ ਦੇਣਗੇ…।” ਸਾਡਾ ਚੈੱਕਅੱਪ ਕਰਕੇ ਗੋਲ਼ੀਆਂ ਦੇ ਕੇ ਚਲੀਆਂ ਗਈਆਂ।ਅਸੀਂ ਆਪਣੇ ਬੈਡਾਂ’ਤੇ ਪੈ ਪੜ੍ਹਨ ਲੱਗ ਗਏ। ਕੁੱਝ ਮੋਬਾਇਲ’ਚ ਰੁੱਝ ਗਏ।ਸਾਢੇ ਨੌ ਵੱਜ ਗਏ। ਬਾਹਰ ਕੁੱਝ ਰੌਲਾ ਰੱਪ ਹੋਣ ਲੱਗ ਪਿਆ।ਜੇਲ੍ਹ ਦੇ ਮੁਲਾਜ਼ਮ ਖਾਣਾ ਨਾ ਆਉਣ ਕਰਕੇ ਹੰਗਾਮਾ ਕਰ ਰਹੇ ਸੀ।ਕਹਿੰਦੇ,
“ਅਸੀਂ ਸਵੇਰ ਦੇ ਭੁੱਖੇ-ਤਿਹਾਏ ਹਾਂ, ਆਹ ਵੇਲਾ ਆ ਗਿਆ।ਦੁਪਹਿਰ ਦਾ ਖਾਣਾ ਵੀ ਨਹੀਂ ਮਿਲਿਆ।ਤਿੰਨ ਵਜੇ ਚਾਹ ਨਾਲ ਚਾਰ-ਚਾਰ ਬਿਸਕੁਟ ਮਿਲੇ।ਸਾਢੇ ਨੌ ਵੱਜ ਚੁੱਕੇ ਹਨ।ਅਸੀਂ ਕਦੋਂ ਦਾ ਦਰਵਾਜਾ ਖੜਕਾਈ ਜਾਨੇ ਆਂ, ਇਨ੍ਹਾਂ ਦਰਵਾਜਾ ਨਹੀਂ ਖੋਲ੍ਹਿਆ।ਜੇਕਰ ਕਿਸੇ ਮਰੀਜ਼ ਨੂੰ ਕੁੱਝ ਹੋ ਜਾਵੇ ਕੌਣ ਜਿੰਮੇ੍ਹਵਾਰ ਐ।ਇਹ ਤਾਂ ਬੰਦੇ ਮਾਰ ਦੇਣਗੇ…।ਥਾਂ-ਥਾਂ ਗੰਦਗੀ ਪਈ ਐ।ਨਹਾਉਣ ਵਾਲੇ ਵਿੱਚ ਗਿੱਠ-ਗਿੱਠ ਪਾਣੀ ਫਿਰਦਾ ਰਹਿੰਦਾ…।” ਇਸ ਤਰ੍ਹਾਂ ਦਾ ਉਹ ਰੌਲਾ ਪਾ ਰਹੇ ਸੀ।ਅਸੀਂ ਸਭ ਉਨ੍ਹਾਂ ਦੀਆਂ ਗੱਲਾਂ ਸੁਣ ਰਹੇ ਸੀ।ਹੋਰ ਮਰੀਜ਼ ਵੀ ਇਕੱਠੇ ਹੋ ਗਏ।ਅਸੀਂ ਵੀ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ।
“ਅਸੀਂ ਹਰ ਰੋਜ਼ ਰਿਪੋਰਟ ਕਰਦੇ ਹਾਂ ਕੋਈ ਸੁਣਦਾ ਨਹੀਂ…।” ਉਨ੍ਹਾਂ ਨੇ ਆਪਣੇ ਅਫ਼ਸਰਾਂ ਨੂੰ ਵੀ ਫ਼ੋਨ ਕਰ ਦਿੱਤੇ।ਸਾਰੀ ਸਥਿਤੀ ਤੋਂ ਜਾਣੂ ਕਰਵਾਇਆ।ਗੇਟ’ਤੇ ਡਿਊਟੀ ਦੇ ਰਹੇ ਮੁਲਾਜ਼ਮ ਕੰਡਾ ਤਾਰ ਵਾਲਿਓ ਪਾਸੇ ਗੱਲ ਕਰਨ ਲਈ ਆ ਗਏ।ਉਹ ਉਨ੍ਹਾਂ ਨੂੰ ਸਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹ ਨਹੀਂ ਸੀ ਮੰਨ ਰਹੇ।ਕੁੱਝ ਦੇਰ ਬਾਅਦ ਡਾਕਟਰ ਵੀ ਆ ਗਏ।ਉਹ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਹ ਕਿੱਥੇ ਮੰਨਣ ਵਾਲੇ ਸੀ।ਸੈਨੀਟੈਜ਼ਰ ਜੋ ਅੰਦਰ ਗਿਆ ਹੋਇਆ ਸੀ।ਪੌਣੇ ਦਸ ਵਜੇ ਰੋਟੀ ਆ ਗਈ।ਉਨ੍ਹਾਂ ਨੇ ਰੋਟੀ ਖਾਣ ਤੋਂ ਮਨ੍ਹਾ ਕਰ ਦਿੱਤਾ।ਚਾਦਰਾਂ ਵਿਛਾਅ ਕੇ ਬਾਹਰ ਘਾਹ’ਤੇ ਬੈਠ ਗਏ।ਉਨ੍ਹਾਂ ਸਾਰੇ ਸਾਥੀਆਂ ਨੇ ਮਿਲਕੇ ਮੋਬਾਇਲ’ਤੇ ਵੀਡੀਓ ਬਣਾ ਲਈ ਤੇ ਬਾਥਰੂਮ ਦੀ ਵੀਡੀਓ ਸ਼ਾਮਲ ਕਰਕੇ।ਸ਼ੋਸਲ ਮੀਡੀਏ’ਤੇ ਵਾਇਰਲ ਕਰ ਦਿੱਤੀ।ਉਨ੍ਹਾਂ ਦੀ ਲੜਾਈ ਤਾਂ ਠੀਕ ਸੀ,ਪਰ ਸ਼ਰਾਬ ਪੀ ਕੇ ਬੋਲਣਾ ਹਮੇਸ਼ਾ ਗਲ਼ਤ ਹੋ ਜਾਂਦਾ ਹੈ।ਨਹੀਂ ਅਸੀਂ ਵੀ ਸਾਰੇ ਉਨ੍ਹਾਂ ਨਾਲ਼ ਲੱਗ ਜਾਂਦੇ।ਪਰ ਮੈਂ ਆਪਣਾ ਕੰਮ ਕਰ ਦਿੱਤਾ। ਉਹ ਵੀਡੀਓ ਮੇਰੇ ਮਿੱਤਰ ਪੱਤਰਕਾਰ ਨੂੰ ਭੇਜ ਦਿੱਤੀ…।
ਉਹ ਸਾਰੇ ਬਾਹਰ ਪਏ ਰਹੇ ਖਾਣਾ ਕਿਸੇ ਨਹੀਂ ਖਾਧਾ।ਸੈਂਟਰ ਵੱਲੋਂ ਉਨ੍ਹਾਂ ਉਪਰ ਡੀ.ਐੱਸ.ਪੀ. ਨੂੰ ਦਰਖਾਸਤ ਭੇਜ ਦਿੱਤੀ ਕਿ “ਸ਼ਰਾਬ ਪੀ ਕੇ ਹੰਗਾਮਾ ਕਰ ਰਹੇ ਨੇ…।” ਥਾਣਾ ਇੰਚਾਰਜ ਵੀ ਆਇਆ ਉਸ ਨੇ ਗੱਲ ਕਰਨੀ ਚਾਹੀ।ਉਨ੍ਹਾਂ ਇਨਕਾਰ ਕਰ ਦਿੱਤਾ।ਉਹ ਟੱਸ ਤੋਂ ਮੱਸ ਨਹੀਂ ਹੋਏ।ਸਾਰੀ ਰਾਤ ਖਾਣਾ ਟੇਬਲ’ਤੇ ਪਿਆ ਰਿਹਾ,ਉਨ੍ਹਾਂ ਖਾਧਾ ਨਹੀਂ।ਉਲਟੀ ਰਿਪੋਰਟ ਉਨ੍ਹਾਂ ਦੇ ਅਫ਼ਸਰਾਂ ਤੱਕ ਪਹੁੰਚ ਗਈ।ਸ਼ੋਸ਼ਲ ਮੀਡੀਏ’ਤੇ ਪਾਈ ਵੀਡੀਓ ਲੋਕਾਂ ਦੇ ਮੋਬਾਇਲਾਂ’ਚ ਜ਼ੋਰਸੋਰ ਨਾਲ਼ ਪਹੁੰਚੀ।ਪ੍ਰਸ਼ਾਸਨ ਤੇ ਸਰਕਾਰ ਦੇ ਪ੍ਰਬੰਧਾਂ ਦੇ ਮੂੰਹ’ਤੇ ਚਪੇੜ ਵੱਜ ਰਹੀ ਸੀ।
ਸਵੇਰ ਹੋਈ ਮੈਂ ਸਮੇਂ ਨਾਲ਼ ਹੀ ਆਪਣੇ ਬੈਗ ਵਿੱਚ ਸਮਾਨ ਪਾ ਲਿਆ।ਅੱਠ ਵਜੇ ਤੋਂ ਗੇਟ ਵੱਲ ਤੱਕ ਰਿਹਾ ਸੀ।ਹੁਣ ਐਂਬੂਲੈਂਸ ਆਈ ਹੁਣ ਆਈ…।ਰਾਤ ਦੇ ਹੰਗਾਮੇ ਦਾ ਅਸਰ ਇਹ ਹੋਇਆ ਨਾਸ਼ਤਾ ਸਾਢੇ ਅੱਠ ਵਜੇ ਹੀ ਆ ਗਿਆ।ਪਰ ਉਨ੍ਹਾਂ ਮੁਲਾਜ਼ਮਾਂ ਨੂੰ ਡਰਾਇਆ ਧਮਕਾਇਆ ਗਿਆ।ਸਵੇਰੇ ਉਨ੍ਹਾਂ ਨੂੰ ਲਿਖਕੇ ਮੁਆਫ਼ੀ ਮੰਗਣੀ ਪਈ।ਇੱਕ ਹੋਰ ਵੀਡੀਓ ਗਲ਼ਤੀ ਮੰਨਦਿਆਂ ਹੋਇਆ ਨੇ ਪਾਈ।ਓਦੋਂ ਤੱਕ ਤਾਂ ਟੀ.ਵੀ. ਦੇ ਨਿਊਜ਼ ਚੈਨਲਾਂ’ਤੇ ਹੰਗਾਮਾ ਮਚਾ ਦਿੱਤਾ ਸੀ।ਗਿਆਰਾਂ ਕੁ ਵਜੇ ਐਂਬੂਲੈਸ ਆ ਗਈ।ਸਪੀਕਰ ਵਿੱਚ ਸਾਡਾ ਦੋ ਜਣਿਆਂ ਦਾ ਨਾਂ ਬੋਲਿਆ ਗਿਆ।
“ਆਪਣਾ ਸਮਾਨ ਲੈ ਕੇ ਗੇਟ’ਤੇ ਪਹੁੰਚ ਜਾਣ…।” ਮੇਰੇ ਵਾਰਡ ਦੇ ਸਾਰੇ ਸਾਥੀ ਮੈਨੂੰ ਛੱਡਣ ਗੇਟ ਤੱਕ ਆਏ।ਇੱਕ ਪਰਵਾਰ ਦੀ ਤਰ੍ਹਾਂ ਸਾਡੀ ਸਾਂਝ ਹੋ ਗਈ ਸੀ।ਮੈਂ ਉਨ੍ਹਾਂ ਨੂੰ ਕੋਲ਼ ਜੋ ਕਿਤਾਬਾਂ ਸੀ ਛੱਡ ਆਇਆ।ਉਨ੍ਹਾਂ ਨੇ ਬੜੇ ਨਿੱਘ ਨਾਲ਼ ਮੈਨੂੰ ਵਿਦਾਇਗੀ ਦਿੱਤੀ।ਗੇਟ ਦੇ ਬਾਹਰ ਡਾ.ਸਾਹਬ ਆਪਣੇ ਅਮਲੇ ਨੂੰ ਲੈ ਕੇ ਖੜ੍ਹੇ ਸੀ।ਜਿਹੜਾ ਕਦੇ ਸਾਡੇ ਵਾਰਡ ਵਿੱਚ ਵੀ ਨਹੀਂ ਸੀ ਆਇਆ।ਇੱਕ ਨਰਸ ਮੋਬਾਇਲ’ਤੇ ਵੀਡੀਓ ਬਣਾ ਰਹੀ ਸੀ।ਸਾਨੂੰ ਦੋਵਾਂ ਜਣਿਆਂ ਨੂੰ ਇੱਕ ਪੈਕਿਟ ਦਿੱਤਾ ਗਿਆ।ਜਿਸ ਵਿੱਚ ਗੋਲ਼ੀਆਂ,ਮਾਸਕ,ਸੈਨੀਟੇਜ਼ਰ ਅਤੇ ਸਾਡੇ ਕਾਗਜ਼ ਸਨ।ਡਾ. ਨੇ ਪੁੱਛਿਆ।
“ਤੁਹਾਡੀ ਸਿਹਤ ਕਿਵੇਂ…।”
“ਠੀਕ ਹੈ ਜੀ…।” ਅਸੀਂ ਦੋਵਾਂ ਨੇ ਇਕੱਠਿਆਂ ਜਵਾਬ ਦਿੱਤਾ। ਅਸੀਂ ਜਲਦੀ ਤੋਂ ਜਲਦੀ ਜਾਣਾ ਚਾਹੁੰਦੇ ਸੀ।
“ਤੁਸੀਂ ਬਾਹਰ ਨਹੀਂ ਜਾਣਾ, ਘਰ ਦੇ ਅੰਦਰ ਹੀ ਰਹਿਣਾ।ਜੇਕਰ ਕੋਈ ਤਕਲੀਫ਼ ਹੁੰਦੀ ਹੈ ਤਾਂ ਸਾਨੂੰ ਫ਼ੋਨ ਕਰ ਦਿਓ।ਅਸੀਂ ਆਪਣੇ-ਆਪ ਤੁਹਾਨੂੰ ਲੈ ਜਾਵਾਂਗੇ…।” ਇਸ ਤਰ੍ਹਾਂ ਦੀਆਂ ਹਦਾਇਤਾਂ ਸਾਨੂੰ ਦਿੱਤੀਆਂ ਜਾ ਰਹੀਆਂ ਸੀ।
“ ਇੱਥੇ ਕੋਈ ਮੁਸ਼ਕਲ ਆਈ ਹੋਵੇ…।” ਉਨ੍ਹਾਂ ਸਵਾਲ ਕਰ ਦਿੱਤਾ।ਮੈਂ ਫਿਰ ਬੋਲ ਪਿਆ।
“ਨਹਾਉਣ ਧੋਣ ਦਾ ਪ੍ਰਬੰਧ ਠੀਕ ਨਹੀਂ ਹੈ।ਖਾਣਾ ਸਮੇਂ ਸਿਰ ਨਹੀਂ ਆਉਂਦਾ।ਮੱਛਰ ਬੁਰਾ ਹਾਲ ਕਰ ਦਿੰਦੇ ਨੇ।ਮੱਛਰਦਾਨੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ…।” ਸਕਾਇਤਾਂ ਤਾਂ ਹੋਰ ਬਥੇਰੀਆਂ ਸੀ ਕਰਨ ਨੂੰ ਮੇਰੇ ਨਾਲ਼ ਦੇ ਨੇ ਪੈਰ ਦੱਬ ਦਿੱਤਾ।ਮੈਂ ਚੁੱਪ ਕਰ ਗਿਆ।ਉਹਨੂੰ ਸੀ ਕਿਤੇ ਜਾਣ ਹੀ ਨਾ ਦੇਣ।ਡਾਕਟਰ ਮੇਰੇ ਮੂੰਹ ਵੱਲ ਦੇਖਦਾ ਰਹਿ ਗਿਆ।ਮੇਰੇ ਸਵਾਲਾਂ ਦੇ ਗੋਲ਼ ਮੋਲ਼ ਜਵਾਬ ਦਿੱਤੇ।ਸਾਡੇ ਲੀਡਰ ਤੇ ਉੱਚ ਅਧਿਕਾਰੀ ਆਪਣੇ-ਆਪ ਘਰ ਵਿੱਚ ਇਕਾਂਤਵਾਸ ਹੋ ਜਾਂਦੇ ਹਨ।ਉਨ੍ਹਾਂ ਨੂੰ ਨਹੀਂ ਅਜਿਹੇ ਸੈਂਟਰਾਂ ਵਿੱਚ ਲਿਆਉਂਦ…।ਸਾਨੂੰ ਐਂਬੂਲੈਸ ਵਿੱਚ ਬਿਠਾ ਘਰ ਵੱਲ ਨੂੰ ਰਵਾਨਾ ਕਰ ਦਿੱਤਾ।
ਅੱਧੇ ਘੰਟੇ ਵਿੱਚ ਐਂਬੂਲੈਂਸ ਮੈਨੂੰ ਲੈ ਕੇ ਘਰ ਦੇ ਗੇਟ’ਤੇ ਪਹੁੰਚ ਗਈ।ਗੁਆਂਢੀਆਂ ਨੂੰ ਭਿਣਕ ਲੱਗੀ।ਉਹ ਬਾਹਰ ਆ ਗਏ।ਮੂੰਹ ਸਿਰ ਬੰਨ ਮੈਨੂੰ ਇੱਝ ਦੇਖ ਰਹੇ ਸੀ ਜਿਵੇਂ ਕਰੋਨਾ ਸਹਿਦ ਦੀਆਂ ਮੱਖੀਆਂ ਵਾਂਗ ਉਨ੍ਹਾਂ ਦੇ ਭੱਜਕੇ ਲੜ ਜਾਵੇਗਾ।ਉਨ੍ਹਾਂ ਨੂੰ ਇਹ ਵੀ ਸੀ,ਇਹ ਐਨੀ ਜਲਦੀ ਕਿਵੇਂ ਆ ਗਿਆ।ਜਿਹੜੇ ਹਸਪਤਲ ਵਿੱਚ ਸਕਾਇਤਾਂ ਕਰਦੇ ਸੀ ਉਹਨਾਂ ਦੇ ਮੂੰਹ ਬੰਦ ਹੋ ਗਏ।ਘਰ ਵਾਲਿਆਂ ਦੀਆਂ ਅੱਖਾਂ ਨਮ ਹੋ ਗਈਆ।ਉਨ੍ਹਾਂ ਇਨ੍ਹਾਂ ਛੇ ਦਿਨਾਂ ਵਿੱਚ ਬਹੁਤ ਕੁੱਝ ਦੇਖ ਲਿਆ।ਆਪਣਿਆਂ ਨੇ ਵੀ ਮੋਹ ਦੀਆਂ ਤੰਦਾਂ ਤੌੜ ਲਈਆਂ ਸੀ।ਨਫ਼ਰਤ ਦੇ ਸਾਗਰਾਂ ਵਿੱਚ ਡੁੱਬ ਗਏ ਸਨ।ਰਾਜਨੀਤੀ ਵੱਲੋਂ ਲਾਈ ਤੀਲੀ ਕੰਮ ਕਰ ਰਹੀ ਸੀ।
ਘਰ ਅੰਦਰ ਮੈਂ ਵੱਖ ਕਮਰੇ ਵਿੱਚ ਆਪਣਾ ਆਸਣ ਲਾ ਲਿਆ।ਅਜੇ ਘਰ ਵਾਲਿਆਂ ਦੀ ਰਿਪੋਰਟ ਆਉਣੀ ਸੀ।ਅੱਜ ਉਨ੍ਹਾਂ ਦੇ ਵੀ ਸਵੇਰੇ ਹਸਪਤਲ ਵਿੱਚ ਨਮੂਨੇ ਲਏ ਗਏ।ਮੇਰੇ ਅੰਦਰ ਇਹ ਵੀ ਇੱਕ ਬਹੁਤ ਵੱਡਾ ਧੁੜਕੂ ਸੀ।ਰਿਪੋਰਟ ਤਿੰਨ ਦਿਨਾਂ ਬਾਅਦ ਆਉਣੀ ਸੀ।ਉਸ ਦਾ ਵੀ ਮੋਬਾਇਲ’ਤੇ ਮੈਸਜ਼ ਆਉਂਦਾ ਹੈ।ਮੈਂ ਆਪਣਾ ਸਮਾਂ ਪੜ੍ਹਨ ਲਿਖਣ,ਘਰ ਦੇ ਅੰਦਰ ਲਾਏ ਪੌਦਿਆਂ ਦੀ ਸਾਂਭ ਸੰਭਾਲ’ਚ ਗੁਜ਼ਾਰ ਲੱਗ ਪਿਆ।
ਮੈਨੂੰ ਆਏ ਨੂੰ ਅੱਜ ਤੀਜਾ ਦਿਨ ਸੀ।ਰਾਤ ਦੇ ਦਸ ਵੱਜ ਚੁੱਕੇ ਸਨ।ਘਰਵਾਲੀ ਮੇਰੇ ਕੋਲ਼ ਕਮਰੇ ਵਿੱਚ ਭੱਜੀ ਆਈ।
“ਸਾਡੀ ਰਿਪੋਰਟ ਆ ਗਈ…।” ਮੈਂ ਇੱਕ ਦਮ ਸਹਿਮ ਗਿਆ।ਅੰਦਰਲਾ ਧੁੜਕੂ ਜਾਗ ਪਿਆ।ਇੱਕੋ ਦਮ ਮਨ ਅਤੇ ਅੱਖਾਂ ਸਾਹਮਣੇ ਕਰੋਨਾ ਇਕਾਂਤਵਾਸ ਸੈਂਟਰ ਮੂੰਹ ਅੱਡ ਖੜ੍ਹਾ ਹੋ ਗਿਆ…।ਉਹ ਵਾਰ-ਵਾਰ ਮੋਬਾਇਲ’ਤੇ ਮੈਸਿਜ਼ ਦੇਖ ਰਹੀ ਸੀ।
“ ਸਾਡੀ ਸਾਰਿਆਂ ਦੀ ਰਿਪੋਰਟ ਨੈਗਟਿਵ ਆਈ ਹੈ…।” ਉਹ ਬੋਲੀ,ਉਸ ਦੀਆਂ ਅੱਖਾਂ ਭਰ ਆਈਆਂ।ਮੈਂ ਉਸ ਨੂੰ ਘੁੱਟ ਕੇ ਸੀਨੇ ਨਾਲ਼ ਲਾ ਲਿਆ।ਮੈਂ ਮੋਬਾਇਲ’ਤੇ ਇੱਕ-ਇੱਕ ਰਿਪੋਰਟ ਨੂੰ ਚੰਗੀ ਤਰ੍ਹਾਂ ਨਿਹਾਰ ਰਿਹਾ ਸੀ।ਮੇਰੇ ਮੂੰਹ ਵਿੱਚੋਂ ਆਪ-ਮੁਹਾਰੇ ਦੋ ਸ਼ਬਦ ਨਿੱਕਲੇ “ਥੂਹ ਕਰੋਨਾ…।”
ਭੁਪਿੰਦਰ ਫ਼ੌਜੀ 98143-98762
ਪਿੰਡ ਤੇ ਡਾਕ-ਭੀਖੀ
ਜ਼ਿਲ੍ਹਾ-ਮਾਨਸਾ