ਕਹਾਣੀ ਬਦਕਾਰ -ਜਤਿੰਦਰ ਸਿੰਘ ਹਾਂਸ

ਕਹਾਣੀ

ਬਦਕਾਰ

-ਜਤਿੰਦਰ ਸਿੰਘ ਹਾਂਸ

ਜੱਜ ਨੇ ਸੱਤ ਸਾਲ ਦੀ ਸਜ਼ਾ ਸੁਣਾ ਦਿੱਤੀ। ਮੈਨੂੰ ਪਹਿਲਾਂ ਹੀ ਲੱਗਦਾ ਸੀ, ਇਹ ਹੋ ਜਾਣਾ। ਜਦੋਂ ਕਾਲ਼ੀ-ਬੋਲ਼ੀ ਰਾਤ ਆਉਂਦੀ ਆ, ਪਰਛਾਵਾਂ ਵੀ ਸਾਥ ਛੱਡ ਦਿੰਦਾ। ਬਹੁਤੇ ਤਾਂ ਮੈਨੂੰ ਇਸ ਕਰਕੇ ਨਫ਼ਰਤ ਕਰਦੇ, ਕਹਿੰਦੇ, ‘ਉਹਨੇ ਤੀਮੀ ਹੋ ਕੇ ਇਹ ਕਾਰਾ ਕੀਤਾ।’

ਜੱਜ ਨੇ ਸਰਕਾਰੀ ਵਕੀਲ ਦਵਾ ਕੇ ਲਿੱਪਾ-ਪੋਚੀ ਜਿਹੀ ਕਰਤੀ ਸੀ। ਦੁਨੀਆ ਭਰ ਦੀ ਲੰਡ-ਮੀਣ ਤੋਂ ਲੈ ਕੇ ਸਰਕਾਰ ਤੱਕ ਦੀ ਹਮਾਇਤ, ਹਮਦਰਦੀ ਸਰਪੰਚ (ਜਿਹੜਾ ਹੁਣ ਚੇਅਰਮੈਨ ਬਣ ਗਿਆ ਸੀ) ਨਾਲ ਸੀ। ਵਕੀਲ ਮੈਨੂੰ ਮੇਰਾ ਘੱਟ, ਸਰਪੰਚ ਦਾ ਵੱਧ ਲੱਗਦਾ। ਉਸ ਦੋਗਲੇ ਬੰਦੇ ਨਾਲੋਂ ਆਪਣਾ ਕੇਸ ਆਪ ਲੜਦੀ ਤਾਂ ਜਿੱਤ ਲੈਂਦੀ। ਉਹ ਤਾਂ ਇਹ ਵੀ ਸਾਬਤ ਨਾ ਕਰ ਸਕਿਆ ਜਦੋਂ ਇਹ ਘਟਨਾ ਵਾਪਰੀ, ਮੈਂ ਅਜੇ ਨਿਬਾਲਗ ਸੀ। ਉਲਟਾ ਮੈਨੂੰ ਕਹੀ ਜਾਵੇ, “ਸਿਮਰ ਜੇ ਮੌਕੇ ਦੇ ਗਵਾਹ ਨਾ ਹੁੰਦੇ, ਤੂੰ ਵਰੀ ਹੋ ਜਾਣਾ ਸੀ।”

-“ਤੁਸੀਂ ਵੀ ਜਾਣਦੇ ਓ, ਵਕੀਲ ਸਾਹਬ ਗਵਾਹ ਝੂਠੇ ਨੇ।”

-“ਤੇਰੇ ਇਕਬਾਲੀਆ-ਬਿਆਨ ਵੀ ਤੈਨੂੰ ਸਜ਼ਾ ਦਵਾਉਣ ਲਈ ਕਾਫ਼ੀ ਨੇ।”

ਮੈਂ ਸੋਚ ਲਿਆ, ਕਾਲ਼ੇ ਰੰਗ ਦਾ ਕੋਟ ਪਾਈ ਫਿਰਦਾ ਇਹ ਬੰਦਾ, ਮਨ ਦਾ ਕਾਲਾ ਏ ’ਤੇ ਕਾਲੇ ਕੰਮਾਂ ਆਲਿਆਂ ਨਾਲ ਮਿਿਲਆ ਹੋਇਆ।

ਮਾਮੇ ਤੋਂ ਬਿਨਾਂ ਸਾਰੇ ਰਿਸ਼ਤੇਦਾਰ ਮੂੰਹ-ਮੋੜ ਗਏ। ਮਾਮੇ ਨੇ ਮੇਰੀ ਬਾਹਰੋ-ਬਾਹਰ ਜਮਾਨਤ ਕਰਾਉਣ ਲਈ ਬਹੁਤ ਭੱਜ-ਨੱਠ ਕੀਤੀ। ਪੁਲਿਸ ਤੋਂ ਕਦੇ ਕਿਤੇ-ਕਦੇ ਕਿਤੇ ਲੁਕਾਉਂਦਾ ਰਿਹਾ। ਜੱਜ ਨੇ ਮੈਨੂੰ ਭਗੌੜਾ ਕਰਾਰ ਦੇ ਦਿੱਤਾ। ਹਾਰ ਕੇ ਮੈਨੂੰ ਕਚਿਹਰੀਆਂ ’ਚ ਪੇਸ਼ ਹੋਣਾ ਪਿਆ। ਫਿਰ ਅਣਹੋਣੀ ਵਾਪਰ ਗਈ। ਮਾਮਾ ਤੇ ਭਾਪਾ ਮੇਰੀ ਤਰੀਕ ਤੇ ਆ ਰਹੇ ਸੀ। ਸਕੂਟਰ ਦਾ ਐਕਸੀਡੈਂਟ ਹੋ ਗਿਆ। ਭਾਪਾ ਤਾਂ ਮੌਕੇ ਤੇ ਹੀ ਪੂਰਾ ਹੋ ਗਿਆ। ਮਾਮਾ ਮੰਜੇ ਜੋਗਾ ਹੋ ਗਿਆ। ਉਹਦਾ ਇੱਕ ਪੈਰ ਕੱਟਣਾ ਪਿਆ।

–0–

ਮੈਂ ਭਾਪੇ ਦਾ ਗਲਾ ਵੱਢ ਦੇਣਾ।

ਸਾਡੇ ਗੁਆਂਢੀ ਪਿੰਡ ਸਾਇਆਂ, ਸ਼ਰਾਬੀ ਬੰਦਾ ਆਪਣੇ ਟੱਬਰ ਨੂੰ ਬਹੁਤ ਤੰਗ ਕਰਦਾ ਤੀ। ਭਾਪੇ ਵਾਂਗ ਦਾਰੂ ਪੀ ਕੇ ਆਉਂਦਾ। ਇੱਕ ਦਿਨ ਸਾਰੇ ਟੱਬਰ ਦੀ ਕੁੱਟ-ਮਾਰ ਕਰਕੇ, ਵਿਹੜੇ ’ਚ ਮੰਜੇ ਤੇ ਪੈ ਕੇ ਸੌਂ ਗਿਆ। ਉਹਦਾ ਜੁਆਨ ਪੁੱਤ ਨਿੱਤ ਦੇ ਕਲੇਸ਼ ਤੋਂ ਤੰਗ। ਸ਼ਰਾਬੀ ਬੰਦੇ ਦੇ ਮੰਜੇ ਕੋਲ਼ ਤਾਜ਼ੀ ਚੰਡੀ ਕਹੀ ਪਈ ਤੀ। ਮੁੰਡੇ ਨੇ ਕਹੀ ਚੱਕ ਕੇ ਬਾਪ ਦਾ ਗਲ਼ਾ ਵੱਢਤਾ। ਪਰਾਤ ਖੂਨ ਦੀ ਭਰਗੀ ਤੀ….।

ਮੇਰਾ ਵੀ ਜੀਅ ਕਰਦਾ, ਸੁੱਤੇ ਪਏ ਭਾਪੇ ਦਾ ਆਰੀ ਨਾਲ ਗਲ਼ਾ ਚੀਰਦਾ।

ਸੁਪਨੇ ਵਿੱਚ ਵੀ ਮੈਨੂੰ ਲਾਲ-ਲਾਲ ਰੰਗ ਦਿਖੀ ਜਾਂਦਾ ਹਾਏ` ਇਹ ਖੂਨ ਦਿਖਣਾ ਮਾੜਾ ਹੁੰਦਾ।

“ਭੇਡੇ ਤੈਂ ਮੇਰੇ ਹੱਥੋਂ ਮਰਨਾ।” ਭਾਪਾ ਖੁਰਦਰੀ ਆਵਾਜ਼ ਵਿੱਚ ਘੂਰੂਗਾ। ਇਕ ਬਾਰ ਬੀਬੀ ਨਾਲ ਲੜਦੇ ਨੂੰ ਮੈਂ ਛੁਡਾਉਣ ਲੱਗੀ। ਗੁੱਤੋਂ ਫੜ ਕੇ ਮੈਨੂੰ ਕੰਧ ਨਾਲ ਮਾਰਿਆ। ਮੇਰਾ ਸਿਰ ਪਾਟ ਗਿਆ।

ਹਾਏ ਰੱਬਾ` ਭਾਪਾ ਸਾਨੂੰ ਪਿਆਰ ਕਿਉਂ ਨੀ ਕਰਦਾ? ਮੇਰੀਆਂ ਸਾਰੀਆਂ ਸਹੇਲੀਆਂ ਦੇ ਭਾਪੇ ਉਹਨਾਂ ਤੇ ਜਾਨ ਦਿੰਦੇ ਨੇ। ਉਹਨਾਂ ਨਾਲ ਗੱਲਾਂ ਕਰਦੇ ਨੇ। ਸਿਰ ਤੇ ਹੱਥ ਰੱਖ ਕੇ ਪਿਆਰ ਦਿੰਦੇ ਨੇ। ਜੋ ਕੁਝ ਮੰਗਦੀਆਂ ਨੇ ਝੱਟ ਹਾਜਰ ਕਰਦੇ ਨੇ। ਇਹਨਾਂ ਤਾਂ ਕਦੇ ਸਿਮਰ ਕਹਿ ਕੇ ਵੀ ਨਹੀਂ ਬੁਲਾਇਆ। ਉਹਨੂੰ ਪਤਾ ਈ ਨਹੀਂ ਪਿਆਰ ਕਿਸ ਸ਼ੈਅ ਨੂੰ ਕਹਿੰਦੇ ਨੇ, ਛੋਟੀਆਂ ਭੈਣਾਂ ਨਾਲ ਵੀ ਮੇਰੇ ਵਾਲਾ ਵਿਹਾਰ ਈ ਕਰਦਾ। ਸਭ ਤੋਂ ਵੱਧ ਬੀਬੀ ਦੇ ਹੱਡ ਛੇਕਦਾ। ਦੋਵੇਂ ਇੱਕ ਦੂਜੇ ਨੂੰ ਏਨੀ ਨਫ਼ਰਤ ਕਰਦੇ ਨੇ, ਪਤਾ ਨਹੀਂ ਬੀਬੀ ਦਾ ਢਿੱਡ ਕਿਵੇਂ ਵਧਿਆ ਰਹਿੰਦਾ।

ਇੱਕ ਦਿਨ ਸ਼ਾਮੀ ਸ਼ਾਇਦ ਭਾਪੇ ਨੂੰ ਲੜ੍ਹਨ ਲਈ ਕੋਈ ਹੋਰ ਗੱਲ ਨਾ ਸੁਝੀ। ਬੀਬੀ ਦੇ ਢਿੱਡ ਵੱਲ ਇਸ਼ਾਰਾ ਕਰਕੇ ਕਹਿੰਦਾ, “ਭੈ…. ਚੋ…. ਆਹ ਕੀ ਕੰਮ ਫੜਿਆ।”

ਜਦੋਂ ਭਾਪਾ ਲੜਨ ਦੇ ਮੂਡ ’ਚ ਹੁੰਦਾ। ਬੀਬੀ ਬਹੁਤਾ ਚੁੱਪ ਹੀ ਰਹਿੰਦੀ। ਉਹ ਥਾਂ-ਕੁਥਾਂ ਮਾਰਨ ਲੱਗਿਆ ਨਾ ਜਕਦਾ। ਉਹ ਗੱਲ ਬੀਬੀ ਦੇ ਲੜਗੀ, ਬੋਲ ਪਈ, “ਮੈਨੂੰ ਕੀ ਪਤਾ, ਤੇਰੇ ਈ ਚੱਜ ਨੇ।” ਮੈਨੂੰ ਕੀ ਪਤਾ, ਇੱਕ ਤਰ੍ਹਾਂ ਦਾ ਉਹਦਾ ਤਕੀਆ ਕਲਾਮ ਹੀ ਸੀ। ਕੋਈ ਵੀ ਕੰਮ ਜਾ ਗੱਲ ਪੁੱਛੀਏ, ਕਹੂਗੀ, “ਮੈਨੂੰ ਕੀ ਪਤਾ।”

-“ਲੈ…. ਭੈ…. ਚੋ…. ਮੈਂ ਤਾਂ ਸਾਲੀਏ ਚੱਲ ਸ਼ਰਾਬੀ ਹੁੰਨਾ। ਆਹਣ ਨੂੰ ਕੌਣ ਵਿਆਹੂ। ਸਾਲੀਏ ਸੂਰੀ ਆ, ਤੂੰ ਸੂਰੀ।”

-“….ਲੈ ਹੁਣ ਮੇਰਾ ਨਾਂ ਲਈ ਜਾਂਦਾ।” ਉਹ ਕੁੱਟ ਖਾਂਦੀ ਰੋਈ ਜਾ ਰਹੀ ਸੀ।

ਬੀਬੀ ਪਿੰਡ ਦੀ ਇੱਕ ਨਰਸ ਨਾਲ ਡਾਕਟਰ ਦੇ ਜਾਂਦੀ, ਜਦੋਂ ਦਿਖਾਉਂਦੀ, ਇੱਕ ਹੋਰ ‘ਪੱਥਰ’ ਇਸ ਘਰ ਦੇ ਨਰਕ ’ਚ ਆਉਣ ਲਈ ਤਿਆਰ ਹੁੰਦਾ। ਸਾਰਾ ਕੰਮ ਮੇਰੇ ਸਿਰ ’ਤੇ ਛੱਡ ਕੇ ਉਹ ਕਈ ਦਿਨ ਮੰਜੇ ਤੇ ਪਈ ਰਹਿੰਦੀ। ਚਾਰ ਭੈਣਾਂ ਅਸੀਂ ਪਹਿਲਾਂ ਸਾਂ। ਉਹ ਹੋਰ ਕੁੜੀ ਨਹੀਂ ਚਾਹੁੰਦੀ।

ਸ਼ਾਮ ਹੁੰਦਿਆਂ ਹੀ ਸਾਡਾ ਦਿਲ ਦਹਿਸਤ ਦੇ ਮਾਰੇ ਧੱਕ-ਧੱਕ ਕਰਨ ਲੱਗਦਾ। ਹੁਣੇ ਭਾਪਾ ਸਾਇਕਲ ’ਤੇ ਆਦਮ-ਬੋ, ਆਦਮ-ਬੋ ਕਰਦਾ ਆਵੇਗਾ। ਘਰ ਵਿੱਚ ਰੋਣ-ਕੁਰਲਾਹਟ ਫੈਲ ਜਾਊਗੀ। ਹੁਣ ਤਾਂ ਕੋਈ ਗੁਆਂਢੀ ਵੀ ਛੁਡਾਉਣ ਨਾ ਆਉਂਦਾ। ਜਿਹੜਾ ਆਉਂਦਾ, ਭਾਪਾ ਸਾਨੂੰ ਛੱਡ ਕੇ ਉਹਦੇ ਵੱਲ ਸਿੱਧਾ ਹੋ ਜਾਂਦਾ।

“ਭਾਗ ਮਿਸਤਰੀ ਸਿੰਗ ਤਿੱਖੇ ਕਰੀਂ ਰੱਖਦਾ, ਟੱਕਰ ਮਾਰਨ ਨੂੰ ਤਿਆਰ ਰਹਿੰਦਾ।” ਲੋਕ ਆਖਦੇ।

ਭਾਪੇ ਨੇ ਬੋੜੂ ਦੇਵ ਦਾ ਘਰ ਬਣਾਇਆ। ਉਹਨਾਂ ਨੇ ਉਹਦੀ ਸੇਵਾ ਨਾ ਕੀਤੀ। ਜਿਹੜਾ ਭਾਪੇ ਨੂੰ ਸ਼ਰਾਬ ਪਿਲਾਉਂਦਾ, ਉਹਦਾ ਘਰ ਬੜੀ ਰੀਝ ਨਾਲ ਛੱਤਦਾ। ਭਾਪੇ ਨੇ ਦੇਵ ਨੂੰ ਕਹਿਣਾ, “ਦੇਵ ਸਿਆਹ ਜੇ ਸਵੇਰੇ ਈ ਆਹ ਦਿਲ ਸਾੜਨ ਆਲੀ ਚਾਹ ਦੀ ਥਾਂ ‘ਸੋਮ-ਰਸ’ ਦੀ ਘੁੱਟ ਪਿਲਾ ਦਿਆ ਕਰੇ, ਫਿਰ ਤਾਂ ਆਹ ਜਿਹੜੀ ਅਚਾਰ, ਗੱਠਿਆਂ ਨਾਲ ਰੋਟੀ ਦਿੰਨਾ ਇਹ ਵੀ ਨਿਆਮਤ ਆ। ਮਕਾਨ ਦੀ ਟੋਅਰ ਦੇਖੀ ਫਿਰ।”

“ਮਿਸਤਰੀ ਆਪਾਂ ਦਾਰੂ-ਮੀਟ ਘਰ ਨੀ ਵਾੜਦੇ।” ਦੇਵ ਨੇ ਜੁਆਬ ਦੇ ਦਿੱਤਾ।

ਭਾਪਾ ਖਿਝ ਗਿਆ। ਮਕਾਨ ਬਣਾ ਕੇ ਆ ਗਿਆ। ਜਦੋਂ ਮੀਂਹ ਪਿਆ, ਸਾਰੀ ਛੱਤ ਚੋਈ ਜਾਵੇ। ਉਹਨੇ ਵਿਚਾਲਿਓ ਛੱਤ ਨੀਵੀਂ ਰੱਖ ਦਿੱਤੀ ਸੀ। ਬੋੜੂ ਦੇਵ ਉਲਾਭਾ ਲੈ ਕੇ ਗਿਆ। ਭਾਪਾ ਕਹਿੰਦਾ, “ਦੇਵ ਸਿਆਹ ਹੈਂਗਾ ਹੱਲ਼, ਜਿੱਥੋਂ ਛੱਤ ਨੀਵੀਂ ਆ ਇੱਕ ਪਾਸੇ ਅੰਬ ਦੇ ਅਚਾਰ ਦੀ ਫਾੜੀ ਦੇਦੇ, ਦੂਜੇ ਪਾਸੇ ਗੱਠਾ ਦੇ ਦੇ, ਆਪੇ ਢਾਲ ਬਣਜੂ।”

ਇਹੋ ਜਿਹੀਆਂ ਬਥੇਰੀਆਂ ਕਹਾਣੀਆਂ ਭਾਪੇ ਦੇ ਅੜਬ ਸੁਭਾਅ ਬਾਰੇ ਜੁੜੀਆਂ ਹੋਈਆਂ ਸੀ।

–0–

ਉਦਣ ਬੀਬੀ ਨੇ ਵਿਹੜਾ ਲਿੱਪਿਆ ਸੀ। ਭਾਪਾ ਹਮੇਸ਼ਾਂ ਵਾਂਗ ਠੇਕੇ ਤੇ ਕਿਸੇ ਨਾਲ ਲੜ ਕੇ ਆਇਆ। ਸਾਇਕਲ ਖੜ੍ਹਾ ਕੇ ਅੰਦਰ ਨੂੰ ਤੁਰੇ ਆਉਂਦੇ ਦਾ ਲਿੱਪੇ ਵਿਹੜੇ ’ਚ ਪੈਰ ਤਿਲਕ ਗਿਆ। ਉਹ ਚੌਫਾਲ ਲੰਮਾ ਪਿਆ। ਮੇਰਾ ਹਾਸਾ ਨਿਕਲੇ ਪਰ ਹੱਸ ਨਹੀਂ ਸਕਦੇ ਸੀ। ਅਸੀਂ ਸੋਟੀਆਂ ਚੁੱਲੇ ’ਚ ਬਾਲਦੇ, ਲੁਕਾਉਂਦੇ ਥੱਕ ਜਾਂਦੇ, ਭਾਪਾ ਪਤਾ ਨਹੀਂ ਕਿੱਥੋਂ ਲੱਭ ਲੈਂਦਾ। ਕੁੱਟ-ਕੁੱਟ ਬੀਬੀ ਦੀ ਬਾਂਹ ਤੋੜਤੀ ਸਾਰੇ ਟੱਬਰ ਨੂੰ ਘਰੋਂ ਬਾਹਰ ਕੱਢਤਾ। ਅਸੀਂ ਚਾਰੇ ਭੈਣਾਂ ਤੇ ਬੀਬੀ ਬਾਹਰਲੀ ਕੰਧ ਕੋਲ਼ ਬੈਠੇ ਰੋਂਦੇ ਰਹੇ। ਨਾ ਆਸ ਗੁਆਂਢ ’ਚ ਕਿਸੇ ਦੇ ਘਰ ਜਾਣ ਜੋਗੇ। ਜੇ ਜਾਂਦੇ, ਸਵੇਰੇ ਦੁੱਗਣੀ ਕੁੱਟ ਪੈਣੀ ਸੀ। ਜਦੋਂ ਭਾਪਾ ਗਾਲ਼ਾਂ ਕੱਢ ਕੇ ਸੌਂ ਗਿਆ ਅੱਧੀ ਰਾਤੀਂ ਅਸੀਂ ਘਰੇ ਗਏ।

ਬੀਬੀ ਦੀ ਬਾਂਹ ਨੂੰ ਪਲੱਸਤਰ ਲੱਗ ਗਿਆ। ਘਰ ਦੇ ਕੰਮ ਪਹਿਲਾਂ ਵੀ ਕਰਦੀ ਸੀ। ਰਹਿੰਦੇ-ਖੂੰਹਦੇ ਵੀ ਮੇਰੇ ਗਲ ਆ ਪਏ।

–0–

ਮੀਣੀ ਮੱਝ ਬੜੀ ਕੁਪੱਤੀ ਸੀ। ਹਰ ਰੋਜ਼ ਕੀਲਾ ਪਟਾ ਲੈਂਦੀ। ਮੈਂ ਖੁਰਲੀ ਕੋਲ਼ ਸੱਬਲ ਨਾਲ ਧਰਤੀ ਪੱਟ ਕੇ ਕੀਲਾ ਗੱਡਣ ਲੱਗੀ।

ਬੀਬੀ ਮਾੜੀ ਧਿਰ ਨੂੰ ਗਾਲ਼ਾ ਕੱਢਣ ਲੱਗੀ, “ਇਹ ਕੰਜਰੀ ਖੜੀ-ਖੜੀ ਝੂਲਦੀ ਰਹਿੰਦੀ ਆ। ਸਿੰਙਾਂ ਨਾਲ ਕੀਲਾ ਠਕੋਰਦੀ ਰਹਿੰਦੀ ਆ। ਇਹੋ-ਜਿਹਾ ਡੰਗਰ ਕੀਲੇ ਦਾ ਵੈਰੀ ਹੁੰਦਾ। ਇਹਨੇ ਘਰ ਦਾ ਪਿੱਛਾ ਲਿਆਤਾ। ਭੈਇਤਾ ਈ ਨੀ ਰਹਿੰਦੀ….।”

-“ਪਿੱਛਾ ਮੱਝ ਨੇ ਨੀ ਲਿਆਂਦਾ, ਇਹ ਤਾਂ ਦੁੱਧ ਦਿੰਦੀ ਆ। ਪਿੱਛਾ ਤਾਂ ਉਹਨੇ ਲਿਆਤਾ, ਜਿਹੜਾ ਜਿੰਨੇ ਕਮਾਉਂਦਾ ਉਹਤੋਂ ਵੱਧ ਦੀ ਸ਼ਰਾਬ ਪੀ ਜਾਂਦਾ। ਮੈਂ ਤਾਂ ਭੱਜ ਜਾਣਾ ਇਸ ਨਰਕ ’ਚੋਂ।” ਮੈਂ ਕੀਲਾ ਗੱਡ ਕੇ ਮੱਝ ਬੰਨ੍ਹ ਦਿੱਤੀ।

-“ਵਿਹਲੀ ਬਹਿੜੀ, ਤੇਰੇ ਚਾਲੇ ਈ ਦੱਸਦੇ ਨੇ ਸਾਨੂੰ ਕਿਤੇ ਖੜਨ ਜੋਗਾ ਨੀ ਛੱਡਣਾ। ਸੁੱਖ ਦਾ ਬੋਲੀਦਾ। ਛੋਟੀਆਂ ਦੇ ਰਿਸ਼ਤੇ ਨੀ ਹੋਣੇ, ਕਲਮੂਹੀਏ।” ਬੀਬੀ ਭੜਕ ਪਈ।

ਨਿੱਤ ਦੇ ਕਲੇਸ਼ ਕਰਕੇ, ਬੀਬੀ ਵੀ ਪਿਆਰ ਕਰਨਾ ਭੁੱਲਗੀ। ਉਹਨੂੰ ਪਤਾ ਹੀ ਨਹੀਂ ਨਿਆਣਿਆਂ ਨੂੰ ਕਿਵੇਂ ਪਾਲੀਦਾ।

–0–

-ਜਦੋਂ ਮੈਨੂੰ ਮਹੀਨਾ ਆਉਣ ਲੱਗਿਆ। ਮੈਂ ਬੀਬੀ ਦੀਆਂ ਅੱਖਾਂ ਵਿੱਚ ਬਹੁਤ ਰੜਕਣ ਲੱਗੀ। “ਵਛੇਰੀ ਵਾਂਗੂ ਦੁੜੱਗੇ ਮਾਰਦੀ ਨਾ ਫਿਿਰਆ ਕਰ। ਰਕਾਨ ਬਣਕੇ ਰਿਹਾ ਕਰ। ਗੋਪਾਲਪੁਰੀਏ ਕੀ ਕਹਿਣਗੇ, ਕੁੜੀ ਨੂੰ ਸਿਖਾ ਕੇ ਨੀ ਭੇਜਿਆ। ਹਰ ਕੰਮ ਨੂੰ ਲੱਲਰ ਲਾਈ ਜਾਂਦੀ ਆ।”

ਮਾਮੀ ਨੇ ਮੇਰਾ ਪੱਕ-ਠੱਕ ਗੋਪਾਲਪੁਰ ਕਰ ਦਿੱਤਾ ਸੀ। ਉਹ ਸਾਡੀ ਕਬੀਲਦਾਰੀ ਦਾ ਬੋਝ ਹਲਕਾ ਕਰਨਾ ਚਾਹੁੰਦੀ ਸੀ। ਮੁੰਡਾ ਮਾਮੀ ਦੀ ਰਿਸ਼ਤੇਦਾਰੀ ’ਚੋਂ ਸੀ, ਫੌਜੀ ਸੀ। ਮੈਨੂੰ ਸਤਾਰਵਾਂ ਚੱਲ ਰਿਹਾ ਸੀ। ਅਠਾਰਾਂ ਦੇ ਹੁੰਦਿਆਂ ਪਲੱਸ ਟੂ ਵੀ ਪਾਸ ਕਰ ਲੈਣੀ ਸੀ। ਵਿਆਹ ਹੋ ਜਾਣਾ ਸੀ। ਉਹਨਾਂ ਦੀ ਦਾਜ ਦੀ ਏਡੀ ਮੰਗ ਨਹੀਂ ਸੀ। ਕੁੜੀ ਘਰ ਸਾਂਭਣ ਆਲੀ ਚਾਹੀਦੀ ਸੀ। ਮੂੰਹ ਮੱਥੇ ਲੱਗਣ ਵਾਲੀ ਚਾਹੀਦੀ ਸੀ। ਮੈਨੂੰ ਦੇਖ ਕੇ ਤਾਂ ਫੌਜੀ ਨੇ ਅੱਖ ਵੀ ਨਹੀਂ ਝਮਕੀ। ਭਾਪੇ ਨੂੰ ਕਬੀਲਦਾਰੀ ਸਮੇਟਣ ਦੀ ਪਈ ਹੋਈ ਸੀ। ਮੇਰਾ ਵਿਆਹ ਨੂੰ ਭੋਰਾ ਜੀਅ ਨਹੀਂ ਕਰਦਾ। ਘਰ ਦਾ ਕਲੇਸ਼ ਦੇਖ ਮਨ ਸੋਚਦਾ ਇਹੀ ਕੁੱਛ ਉਥੇ ਹੋਣਾ। ਪਰ ਇਸ ਨਰਕ ਤੋਂ ਤਾਂ ਛੁੱਟਜੂ। ਉੱਥੇ ਦੇਖੀ ਜਾਊ। ਬੀਬੀ ਮੇਰਾ ਮੁਫਤੋ-ਮੁਫਤੀ ਵਿਆਹ ਕਰਨਾ ਚਾਹੁੰਦੀ। ਉਹ ਗੱਲਾਂ ਕਰਦੀ, “ਕੁਟੀਆ ਆਲੇ ਸੰਤ ਕੁੜੀਆਂ ਦਾ ਵਿਆਹ ਕਰਦੇ ਨੇ। ਇੱਕ ਰੁਪਈਆ ਨੀ ਖਰਚਣ ਦਿੰਦੇ। ਸਾਰਾ ਦਾਜ ਦਿੰਦੇ ਨੇ।”

-“ਗੱਲ ਸੁਣ ਲਾ ਬੀਬੀ, ਚਾਨਣੀਆਂ ਕਨਾਤਾਂ ਵੀ ਲੱਗਣਗੀਆਂ। ਲਾਊਡ ਸਪੀਕਰ ਵੀ ਵੱਜੂ। ਗਿੱਧੇ ਵੀ ਪੈਣਗੇ। ਜਾਗੋਆਂ ਵੀ ਨਿਕਲਣਗੀਆਂ। ਜੰਨ ਵੀ ਪਿੰਡ ਆਊ। ਮੈਂ ਨੀ ਕਿਸੇ ਸਾਧ ਤੋਂ ਖੈਰ ਪਵਾ ਕੇ ਵਿਆਹ ਕਰਾਉਣਾ।”

ਬੀਬੀ ਦੀ ਬਾਂਹ ਟੁੱਟੀ ਕਰਕੇ ਸਕੂਲ ਨਹੀਂ ਜਾਂਦੀ। ਕੰਮ ਨਿਬੇੜ ਕੇ ਸਿਰ ਵਹੁਣ ਲੱਗੀ। ਮੈਂ ਦੋ ਗੁੱਤਾਂ ਕਰ ਲਈਆਂ। ਭਾਪਾ ਸਾਨੂੰ ਦੋ ਗੁੱਤਾਂ ਨਹੀਂ ਕਰਨ ਦਿੰਦਾ। ਬੀਬੀ ਦੀ ਕਈ ਸਾਲ ਪੁਰਾਣੀ ਲੋਅ ਵਾਲੀ ਡੱਬੀ ਵਿੱਚੋਂ ਲੋਅ ਪਾ ਲਈ। ਉਹਦੀ ਸੁਰਖੀ ਲਾ ਲਈ। ਟਰੰਕ ’ਚੋਂ ਕੱਢਕੇ ਭਾਪੇ ਦੇ ਆਉਣ-ਜਾਣ ਵਾਲੇ ਪੈਂਟ-ਸ਼ਰਟ ਪਾ ਲਏ। ਮੇਰੇ ਮੇਚ ਆ ਗਏ। ਬੀਬੀ ਅੱਗੇ ਜਾ ਕੇ ਦੋਵੇਂ ਹੱਥ ਢਾਕਾ ਤੇ ਰੱਖਕੇ ਪੁੱਛਿਆ, “ਬੀਬੀ ਝਾਤ। ਦੱਸ ਕਿੱਦਾਂ ਦੀ ਲੱਗਦੀ ਆ।”

ਮੈਨੂੰ ਦੇਖ ਪਹਿਲਾਂ ਤਾਂ ਉਹਦੀ ਚੀਕ ਨਿਕਲਣ ਵਾਲੀ ਹੋਗੀ। ਗੁੱਸੇ ’ਚ ਬੋਲੀ, “ਨਿਰੀ ਚੜੇਲ ਲੱਗਦੀ ਆ। ਜੇ ਤੇਰੇ ਬਾਪ ਨੇ ਦੇਖ ਲਿਆ ਟੋਟੇ ਕਰਕੇ ਘਰੇ ਈ ਟੋਆ ਪੱਟਕੇ ਦੱਬਦੂ। ਚੱਲ ਨਲਕੇ ਤੇ ਮੂੰਹ ਧੋ ਕੇ ਆ, ਨਾਲੇ ਕੱਪੜੇ ਬਦਲ। ਕੀ ਵਜਾ ਬਣਾਈ ਆ। ਵੱਡੀ ਰਕਾਨ….।”

ਮੈਂ ਅੰਦਰ ਚਲੀ ਗਈ। ਸ਼ੀਸ਼ੇ ਅੱਗੇ ਖੜ੍ਹਕੇ ਸੋਚੀ ਜਾਵਾਂ, “ਹਾਏ ਰੱਬਾ। ਇਹਨਾਂ ਨੂੰ ਮੇਰੀ ਕੋਈ ਗੱਲ ਵੀ ਚੰਗੀ ਨੀ ਲੱਗਦੀ। ….ਇਹ ਘਰ ’ਚ ਮੈਨੂੰ ਕੋਈ ਪਿਆਰ ਨੀ ਕਰਦਾ।”

ਛੋਟੀਆਂ ਭੈਣਾਂ ਨਾਲ ਖੇਡਣ ਲੱਗਦੀ, “ਇਧਰ ਆ ਨੀ ਸਾਰੇ ਕੰਮ ਪਏ ਨੇ, ਵਿਹਲੀ ਬੈਹੜੀ।” ਬੀਬੀ ਝਿੜਕਦੀ।

-“ਸਾਰਾ ਦਿਨ ਕੰਮ ਕਰਾਉਨੀ ਆ, ਫਿਰ ਵੀ ਵਿਹਲੀ ਦੱਸਦੀ ਆ। ਜਦੋਂ ਚੂੜੀਆਂ ਲੈਣ ਨੂੰ ਕੰਨ-ਬੰਨਾਉਣ ਨੂੰ ਕਹਿੰਨੀ ਆ। ਤਾਂ ਕਹਿ ਦਿੰਨੀ ਏ ਨਿਆਣੀ ਆ। ਜਦੋਂ ਖੇਡਦੀ ਆ। ਸਹੇਲੀਆਂ ਦੇ ਘਰ ਜਾਨੀ ਆ ਤਾਂ ਕਹੇਗੀ, ਐਂ ਨਾ ਫਿਿਰਆ ਕਰ ਵੱਡੀ ਹੋਗੀ। ਬੀਬੀ ਇੱਕ ਗੱਲ ਰੱਖਿਆ ਕਰ।”

-“ਗਿੱਠ ਲੰਮੀ ਜ਼ੁਬਾਨ ਆ, ਇਸ ਕੁੜੀ ਦੀ। ਬਾਪ ਵਰਗੀ ਅੜਬ। ਪਤਾ ਨੀ ਕਿਹੜਾ ਕਲਯੋਗੀ ਇਸ ਘਰ ’ਚ ਸੇਹ ਦਾ ਤੱਕਲਾ ਗੱਡ ਗਿਆ। ਇਸ ਘਰੋਂ ਕਲੇਸ਼ ਨੀ ਜਾਂਦਾ।” ਉਹ ਖੱਬੇ ਹੱਥ ਨਾਲ ਸਿਰ ਫੜਕੇ ਬੈਠ ਗਈ ਸੀ। ਪਲੱਸਤਰ ਲੱਗੀ ਸੱਜੀ ਬਾਂਹ ਉਹਦੇ ਗਲ ’ਚ ਲਮਕ ਰਹੀ ਸੀ।

–0–

ਲੰਬੜਾਂ ਦੀ ਬੌਬੀ ਦਾ ਵਿਆਹ ਸੀ। ਮੇਰੀ ਸਹੇਲੀ ਸੀ ਇਕੱਠੀਆਂ ਪੜ੍ਹਦੀਆਂ ਸਾਂ। ਕਨੇਡਾ ਤੋਂ ਮੁੰਡਾ ਆਇਆ, ਝੱਟ-ਮੰਗਣੀ ਪਟੱਕ ਵਿਆਹ ਆਲੀ ਗੱਲ ਹੋਗੀ ਸੀ।

ਸ਼ਾਮ ਨੂੰ ਜਾਗੋ ਤੇ ਜਾਣ ਲਈ ਮੈਂ ਭੱਜ-ਭੱਜ ਕੰਮ ਕੀਤੇ। ਪਹਿਲਾਂ ਤਾਂ ਬੀਬੀ ਨੇ ਜਾਣ ਲਈ ਹਾਂ ਕਰਤੀ। ਜਦੋਂ ਨਵਾਂ ਸੂਟ ਪਾ ਕੇ ਤਿਆਰ ਹੋ ਕੇ ਜਾਣ ਲੱਗੀ। ਨੰਨਾ ਪਾਉਣ ਲੱਗੀ, “ਤੇਰੇ ਬਾਪ ਨੇ ਆ ਜਾਣਾ, ਜੇ ਉਹਨੇ ਪੁੱਛਿਆ?”

-“ਜੇ ਭਾਪੇ ਨੇ ਪੁੱਛਿਆ ਕਹਿ ਦੀ, ਮਰਗੀ-ਖਪਗੀ।” ਕਹਿ ਕੇ ਮੈਂ ਚਲੀ ਗਈ।

ਬੌਬੀ ਦੇ ਨਾਨਕੇ ਜਾਗੋ ਕੱਢਣ ਆ ਗਏ ਸੀ। ਅਸੀਂ ਗਿੱਧਾ ਪਾਉਣ ਲੱਗੀਆਂ। ਹਰ ਕੋਈ ਚੜ੍ਹਦੀ ਤੋਂ ਚੜ੍ਹਦੀ ਬੋਲੀ ਪਾ ਰਿਹਾ ਸੀ। ਬੌਬੀ ਮੈਨੂੰ ਗਿੱਧੇ ਵਿੱਚ ਖਿੱਚ ਲਿਆਈ। ਮੈਂ ਗਿੱਧੇ ’ਚ ਤਮਾਸ਼ਾ ਕਰਨ ਲੱਗੀ:

-“ਨੀ ਅੱਜ ਥੋਡੇ ਜੀਜੇ ਨੇ, ਮੈਨੂੰ ਭਾਈਆਂ ਦੀ ਗਾਲ ਕੱਢਤੀ।”

-“ਫਿਰ ਕੀ ਹੋਇਆ?”

-“ਫਿਰ ਥੋਡਾ ਜੀਜਾ ਨੀ ਬੋਦਿਓ ਫੜਿਆ, ਬਾਗਰੂ ਕਹਿ ਕੇ।”

-“ਫਿਰ ਥੋਡਾ ਜੀਜਾ ਨੀ ਮੈਂ ਲੰਮਾ ਧਰਿਆ, ਬਾਗਰੂ ਕਹਿ ਕੇ।”

-“ਫਿਰ ਥੋਡਾ ਜੀਜਾ ਨੀ ਮੇਰੇ ਨਾਲ ਲੜਿਆ ਬਾਗਰੂ ਕਹਿ ਕੇ।”

-“ਨੀ ਮੈਂ ਬੁਰੀ ਦਾ ਬਣਾ ਕੇ ਜੱਟ ਛੱਡਿਆ।

ਜੱਟੀ ਆ ਮੈਂ ਮਾਲਵੇ ਦੀ।”

ਜਾਗੋ ਹਲੇ ਕੱਢੀ ਹੀ ਜਾ ਰਹੀ ਸੀ। ਹਨੇਰਾ ਹੋਣ ਕਰਕੇ ਮੈਂ ਬੌਬੀ ਨੂੰ ਮਿਲਕੇ, ਘਰ ਨੂੰ ਤੁਰ ਪਈ। ਭਾਵੇਂ ਭਰਿਆ ਮੇਲਾ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ ਸੀ।

ਮੁੰਡੀਹਰ ਕੋਠੇ ਤੇ ਬੈਠੀ ਗਿੱਧਾ ਦੇਖ ਰਹੀ ਸੀ। ਉੱਥੋਂ ਉੱਤਰ ਕੱਢ ਕੇ ਛਿੰਦਾ ਬੁੱਗ ਮੇਰੇ ਮਗਰ ਤੁਰ ਪਿਆ। ਬਾਹਰਲੀ ਬੀਹੀ ’ਚ ਲੰਬੜਾਂ ਦਾ ਘਰ ਸੀ। ਉਥੋਂ ਪਤਲੀ ਬੀਹੀ ਆਪਣੇ ਘਰ ਵੱਲ ਕਾਹਲ਼ੀ-ਕਾਹਲ਼ੀ ਤੁਰੀ ਜਾ ਰਹੀ ਸਾਂ। ਬੀਹੀ ਸੁੰਨੀ ਸੀ। ਛਿੰਦਾ ਬੁੱਗ ਭੱਜ ਕੇ ਮੇਰੇ ਨਾਲ ਰਲ਼ ਗਿਆ। ਰਸਤਾ ਰੋਕ ਕੇ ਖੜ੍ਹ ਗਿਆ, “ਅੱਜ ਤਾਂ ਨੱਚ-ਨੱਚ ਧੂੜਾਂ ਪੱਟਤੀਆਂ। ਨਾਲੇ ਮੈਨੂੰ ਪੱਟਤਾ ਬਿੱਲੀਏ ਕਬੂਤਰੀਏ।”

-“ਮੂੰਹ ਸੰਭਾਲ ਕੇ ਬੋਲ, ਛਿੱਤਰ ਪਰੇਟ ਕਰ ਦੇਣੀ ਆ ਤੇਰੀ।”

-“ਤੈਨੂੰ ਪਤਾ, ਜਿੱਡਾ ਥੋਡਾ ਘਰ ਆ, ਓਡਾ ਵੱਡਾ ਤੇਰੇ ਬਾਪੂ ਤੋਂ ਬਾਹਰਲੇ ਵਿਹੜੇ ਕਬੂਤਰੀਆਂ ਲਈ ਖੁੱਡਾ ਬਣਵਾਇਆ। ਉਹਦੇ ’ਚ ਦੋ ਸੌ ਤੋਂ ਵੱਧ ਕਬੂਤਰੀਆਂ ਨੇ, ਕਬੂਤਰ ਇੱਕ ਵੀ ਨੀ। ਜਿਹੜੀ ਕਬੂਤਰੀ ਮੈਨੂੰ ਪਸੰਦ ਆ ਜਾਂਦੀ ਆ। ਉਹਨੂੰ ਮੇਰੀ ਛਤਰੀ ’ਤੇ ਉਤਰਨਾ ਈ ਪੈਂਦਾ। ਤੂੰ ਮੈਨੂੰ ਪਸੰਦ ਆਗੀ। ਚੱਲ ਬਾਹਰਲੇ ਵਿਹੜੇ ਤੈਨੂੰ ਖੁੱਡਾ ਦਿਖਾਮਾਂ।” ਮੇਰੇ ਅੱਗੇ ਸਾਹਨ ਵਾਂਗੂ ਅੜਿਆ ਖੜ੍ਹਾ ਸੀ। ਉਹਨੇ ਮੇਰੀ ਬਾਂਹ ਫੜ ਲਈ। ਮੈਂ ਧੱਕਾ ਮਾਰ ਕੇ ਪਰ੍ਹੇ ਸਿੱਟ ਦਿੱਤਾ। ਸਿਰਪੱਟ ਭੱਜ ਕੇ ਘਰ ਚਲੀ ਗਈ।

ਮੇਰਾ ਸਾਹ ਨਾਲ ਸਾਹ ਨਹੀਂ ਰਲ ਰਿਹਾ ਸੀ। ਸ਼ਰਾਬੀ ਭਾਪਾ ਨਾਲ ਦੇ ਕਮਰੇ ’ਚ ਘੁਰਾੜੇ ਮਾਰ ਰਿਹਾ ਸੀ। ਬੀਬੀ ਬੋਲੀ, “ਨੀ ਏਨਾ ਸਾਹ ਚਾੜਿਆ?”

-“ਨੇਰਾ ਸੀ, ਭੱਜ ਕੇ ਆਈ ਆ।” ਮੈਂ ਕਿਹਾ। ਦੋ-ਚਿੱਤੀ ’ਚ ਸਾਂ, ਛਿੰਦੇ ਬੁੱਗ ਆਲੀ ਗੱਲ ਦੱਸਾਂ ਜਾ ਨਾ। ਉਹਨੂੰ ਤਾਂ ਕਿਸੇ ਨੇ ਕੁੱਛ ਨਹੀਂ ਕਹਿਣਾ। ਮੇਰੇ ਹੀ ਘਰੋਂ ਨਿਕਲਣ ਤੇ ਪਬੰਦੀ ਲੱਗ ਜਾਣੀ ਆ, ਗਾਲ਼ਾ ਤੇ ਕੁੱਟ ਰੂੰਘੇ ’ਚ ਮਿਲਣਗੀਆਂ।

ਛਿੰਦੇ ਬੁੱਗ ਦੀ ਹਰਕਤ ਬਾਰੇ ਸੋਚਦੀ ਰਹੀ। ਇਹਨਾਂ ਦਾ ਟੱਬਰ ਈ ਲਗੌਟੇ ਦਾ ਗੰਦਾ। ਇਹਦੇ ਬਾਪ ਸਰਪੰਚ ਫੰਮਣ ਸਿੰਘ ਜਿਹੜਾ ਹੁਣ ਚੇਅਰਮੈਨ ਬਣ ਗਿਆ। ਉਹਨੂੰ ਕੋਈ ਘਰੇ ਬਾੜ ਕੇ ਰਾਜੀ ਨੀ। ਜੇ ਕਿਸੇ ਦੇ ਦਰਾਂ ਅੱਗੇ ਜਾ ਕੇ ਹਾਕ ਮਾਰਦਾ, ਤਾਂ ਅਗਲਾ ਗੋਲ਼ੀ ਵਾਂਗੂ ਬਾਹਰ ਨੂੰ ਭੱਜਦਾ, ਕਿਤੇ ਅੰਦਰ ਨਾ ਆ ਜਾਵੇ। ਧੀ-ਭੈਣ ਦਾ ਸਾਂਝੀ ਨੀ। ਕਿਸੇ ਨੂੰ ਵੀ ਨਹੀਂ ਬਖ਼ਸ਼ਦਾ। ਉਸੇ ਰਾਹ ਬੁੱਗ ਤੁਰ ਪਿਆ। ਜੇ ਹੁਣ ਮੇਰਾ ਰਾਹ ਰੋਕਿਆ ਮੈਂ ਛਿੱਤਰ ਫੇਰ ਦੇਣਾ।

–0–

ਪੰਦਰਾਂ ਦਿਨ ਸਕੂਲ ਨਾ ਗਈ, ਸਕੂਲੋਂ ਸੁਨੇਹੇ ਆਉਂਦੇ, “ਤੇਰਾ ਨਾਮ ਕੱਟ ਦੇਣਾ।”

ਇੱਕ ਦਿਨ ਬੀਬੀ ਨੇ ਸਵੇਰੇ ਪਾਠੀ ਬੋਲਦੇ ਨਾਲ ਉਠਾ ਲਿਆ। ਸਾਰੇ ਕੰਮ ਕਰਵਾ ਕੇ ਕਹਿੰਦੀ, “ਜਾਹ ਭੱਜ ਜਾ ਸਕੂਲ ਨੂੰ, ਚੜੇਲ ਜਿਹੀ।”

ਇੰਚਾਰਜ ਸੁਨੀਤਾ ਮੈਡਮ ਨੇ ਬਹੁਣੀ ਹੀ ਮਾੜੀ ਕਰਤੀ। ਮੈਂ ਭੋਲਾ ਜਿਹਾ ਮੂੰਹ ਕਰਕੇ ਕਿਹਾ, “ਮੈਡਮ ਜੀ ਬੀਬੀ ਦੀ ਬਾਂਹ ਟੁੱਟਗੀ। ਘਰੇ ਕੰਮ ਕਰਨ ਵਾਲਾ ਹੋਰ ਕੋਈ ਨਹੀਂ ਜੀ। ਇਸ ਕਰਕੇ ਸਕੂਲ ਨੀ ਆ ਹੋਇਆ।”

ਮੈਡਮ ਹੱਥਾਂ ਤੇ ਡੰਡੇ ਮਾਰਦੀ ਕਹਿ ਰਹੀ ਸੀ, “ਹੱਥ ਅੱਗੇ ਕਰ, ਸ਼ਰਾਰਤੀ। ਬੋਰਡ ਦੀ ਜਮਾਤ ਆ। ਪੜ੍ਹਨ ’ਚ ਪਹਿਲਾਂ ਈ ਰੰਗ ਲਾਉਨੀ ਆ। ਕਿਵੇਂ ਘਾਟਾ ਪੂਰਾ ਕਰੇਂਗੀ। ਪਲੱਸ-ਟੂ ’ਚੋਂ ਜੇ ਚੰਗੇ ਨੰਬਰ ਲੈਜੇਗੀ। ਤਾਂ ਹੀ ਜ਼ਿੰਦਗੀ ’ਚ ਕੋਈ ਲਾਇਨ ਫੜ੍ਹੇਗੀ।”

ਸਵੇਰ ਦੀ ਸਭਾ ਵਿੱਚ ਵੀ ਮੇਰੇ ਨਾਲ ਮਾੜੀ ਹੋਈ। ਪੀ.ਟੀ. ਮੈਡਮ ਪੈਰਾਂ ਦੀ ਬਹੁਤ ਚਲਾਕ ਆ। ਅਸੀਂ ਉਹਦਾ ਨਾਂ ਮੋਟੀ ਪੂਛ ਆਲੀ ਲੂਬੜੀ ਧਰਿਆ ਹੋਇਆ। ਉਹਦੇ ਕੰਨ ਏਨੇ ਤੇਜ਼ ਨੇ ਜੇ ਕੋਈ ਉੱਚਾ ਸਾਹ ਲਵੇ ਉਹ ਵੀ ਸੁਣ ਜਾਂਦਾ। ਮੇਰੀ ਸਹੇਲੀ ਜੋਤੀ, ਉਹਨੂੰ ਦੇਖਦਿਆਂ ਹੀ ਕਹੂਗੀ, “ਔਹ ਦੇਖ ਚਲਾਕ ਲੂਬੜੀ।”

ਮੈਂ ਹੱਸਣ ਲੱਗੀ, “ਜਦ ਲੂੰਬੜੀ ਓ ਕਹਿਤਾ, ਫਿਰ ਚਲਾਕ ਕਹਿਣ ਦੀ ਕੀ ਲੋੜ।”

ਪੀ.ਟੀ. ਮੈਡਮ ਨੇ ਸਵੇਰ ਦੀ ਸਭਾ ਵਿੱਚ ‘ਮੈਡੀਟੇਸ਼ਨ’ ਕਰਾਉਣ ਦਾ ਕੰਮ ਤੋਰਿਆ ਹੋਇਆ। ਕਹੂਗੀ, “ਪੰਜ ਮਿੰਟ ਦੀ ਮੈਡੀਟੇਸ਼ਨ ਨਾਲ ਥੋਡਾ ਦਿਮਾਗ ਸਾਰਾ ਦਿਨ ਪੜ੍ਹਾਈ ’ਤੇ ਕੇਂਦਰਿਤ ਰਹੂਗਾ।”

ਉਹ ਸਾਰੀਆਂ ਕਲਾਸਾਂ ਦੇ ਬੱਚਿਆਂ ਨੂੰ ਚੁੱਪ-ਚਾਪ ਬੈਠਣ। ਢੂਹੀ ਸਿੱਧੀ ਰੱਖਣ, ਮੁੱਠੀਆਂ ਮੀਚ ਕੇ ਦੋਵੇਂ ਬਾਂਹਾਂ ਗੋਡਿਆਂ ਤੇ ਰੱਖਣ। ਅੱਖਾਂ, ਕੰਨ, ਜ਼ੁਬਾਨ ਬੰਦ। ਲੰਮੇ-ਲੰਮੇ ਸਾਹ ਨੱਕ ਰਾਹੀਂ ਖਿੱਚਣ ਤੇ ਛੱਡਣ ਦਾ ਆਦੇਸ਼ ਦੇਵੇਗੀ।

ਮੈਂ ਖੱਬੀ ਅੱਖ ਖੋਲ੍ਹ ਕੇ, ਮੈਡੀਟੇਸ਼ਨ ਕਰ ਰਹੀਆਂ ਸਹੇਲੀਆਂ ਨੂੰ ਦੇਖਣ ਲੱਗੀ। ਉਹਨਾਂ ਨੂੰ ਦੇਖ ਕੇ ਮਸੀਂ ਹਾਸਾ ਰੋਕਿਆ। ਮੇਰੀ ਨਜ਼ਰ ਇੱਕ ਲਾਈਨ ਛੱਡ ਕੇ ਬੈਠਾ ਛਿੰਦਾ-ਬੁੱਗ ਪਿਆ। ਉਹ ਦੋਵੇਂ ਅੱਖਾਂ ਖੋਹਲੀਂ ਮੇਰੇ ਵੱਲ ਹੀ ਦੇਖ ਰਿਹਾ ਸੀ। ਅੱਖ ਮਾਰ ਕੇ, ਦੰਦ ਕੱਢਣ ਲੱਗਾ। ਮੈਨੂੰ ਗੁੱਸਾ ਚੜ੍ਹ ਗਿਆ। ਬੁੱਲ ਕੱਢ ਕੇ ਅੱਖਾਂ ਮੀਚ ਲਈਆਂ।

ਪੀ.ਟੀ. ਮੈਡਮ ਨੇ ਸਾਰੇ ਬੱਚਿਆਂ ਨੂੰ ਜਾਣ ਦਿੱਤਾ, ਮੈਨੂੰ ਰੋਕ ਲਿਆ। ਸ਼ਾਇਦ ਉਹਨੇ ਮੈਨੂੰ ਦੇਖ ਲਿਆ ਸੀ। ਉਹਦੇ ਹੱਥ ’ਚ ਮੋਟਾ ਡੰਡਾ ਸੀ। ਮੈਂ ਹਾਉਂਕਾ ਭਰਿਆ, “ਹਾਏ ਰੱਬਾ` ਅੱਜ ਸਾਰਾ ਦਿਨ ਸੁੱਖ ਨੀ।”

-“ਸਿਮਰ ਦੀ ਬੱਚੀ ਤੂੰ ਨੀ ਸੁਧਰ ਸਕਦੀ। ਜੇ ਧਿਆਨ ਕੇਂਦਰਿਤ ਕਰ ਲਵੇਂ, ਟੌਪਰ ਬਣ ਸਕਦੀ ਆ। ਤੇਰੀ ਕੰਜਰੀਆਂ ਵਾਂਗ ਇੱਕ ਮਿੰਟ ਅੱਡੀ ਨੀ ਟਿਕਦੀ। ਪੰਜ ਮਿੰਟ ਅੱਖਾਂ, ਕੰਨ, ਜ਼ੁਬਾਨ ਬੰਦ ਨੀ ਰੱਖ ਸਕਦੀ। ਅੱਜ ਕਿੱਡਾ ਬੁੱਲ੍ਹ ਕੱਢੀ ਬੈਠੀ ਸੀ।”

-“ਮੈਡਮ ਜੀ ਮੈਂ ਤਾਂ ਘਰੇ ਵੀ ਬਾਹਰ ਵੀ ਸਭ ਕੁਝ ਦੇਖਦੀ ਆ, ਪਰ ਅੱਖਾਂ, ਕੰਨ, ਜ਼ੁਬਾਨ ਸਭ ਬੰਦ ਰੱਖਦੀ ਆ।”

-“ਤੇਰੀ ਜ਼ੁਬਾਨ ਕਿੰਨੀ ਲੰਮੀ ਆ।” ਲੂਬੜੀ ਨੂੰ ਮੇਰੀ ਗੱਲ ਸਮਝ ਨਹੀਂ ਲੱਗੀ। ਉਸ ਗੱਲ ਲਈ ਦੋ ਡੰਡੇ ਹੋਰ ਮਾਰ ਕੇ ਜਮਾਤ ਵਿੱਚ ਤੋਰਤਾ।

-“ਜੀਹਦੇ ਕਰਕੇ ਮੇਰੇ ਮਾਰ ਪਈ ਆ। ਉਹਦੀਆਂ ਹਰਕਤਾਂ ਦੇਖ ਕੇ ਤਾਂ ਤੂੰ ਅੱਖਾਂ ਬੰਦ ਕਰ ਲੈਨੀ ਆ।” ਮੈਂ ਬੁੜ-ਬੁੜ ਕਰਦੀ ਜਮਾਤ ਵਿੱਚ ਜਾ ਬੈਠੀ।

ਸਾਰੇ ਪੀਅਰਡਾਂ ’ਚ ਮੇਰੇ ਨਾਲ ਮਾੜੀ ਹੁੰਦੀ। ਮੈਂ ਫਾਇਨ ਆਰਟਸ ਲਈ ਹੋਈ ਆ। ਸਭ ਤੋਂ ਜ਼ਿਆਦਾ ਖ਼ੁਸ਼ੀ ਉਸੇ ਪੀਅਰਡ ’ਚ ਮਿਲਦੀ। ਉਸ ਵਿੱਚ ਮੈਨੂੰ ਸ਼ਾਬਾਸ਼ ਮਿਲਦੀ। ਪੇਂਟਿੰਗ ’ਚ ਮੈਂ ਪੰਜਾਬ-ਪੱਧਰ ਦਾ ਮੁਕਾਬਲਾ ਜਿੱਤ ਲਿਆ ਸੀ। ਬੀਬੀ ਨੂੰ ਜਿੱਤਿਆ ਹੋਇਆ ਸਰਟੀਫਿਕੇਟ ਦਿਖਾਇਆ, ਕਹਿੰਦੀ, “ਚੰਗਾ, ਇਹ ਕਾਗ਼ਜ਼ ਜਿਹੇ ਨੂੰ ਪੇਟੀ ’ਚ ਲਕੋਦੇ। ਜੇ ਤੇਰੇ ਭਾਪੇ ਨੇ ਦੇਖ ਲਿਆ ਆਪਣਾ ਦੋਹਾਂ ਦਾ ਸਿਰ ਕੁੱਟੂ। ਬਿਨਾਂ ਪੁੱਛੇ ਕੁੜੀ ਦੂਜੇ ਸਕੂਲ ਕਿਉਂ ਗਈ।”

ਇਹਨਾਂ ਤਸਵੀਰਾਂ ਪਿੱਛੇ ਮੈਂ ਬਥੇਰੀ ਕੁੱਟ ਖਾਧੀ ਆ। ਕੋਲੇ ਨਾਲ ਕੰਧਾਂ ਤੇ ਬਣਾਉਂਦੀ। ਸਕੂਲ ਦੇ ਮੈਡਮ ਨੇ ਕੁੱਟਿਆ, “ਆਹ ਕੌਣ ਕੰਧਾਂ ਖਰਾਬ ਕਰ ਰਿਹਾ।” ਘਰੇ ਬੀਬੀ ਤੋਂ ਕੁੱਟ ਖਾਧੀ। ਫਿਰ ਮੈਂ ਕਾਗ਼ਜ਼ਾਂ ਤੇ ਬਣਾਉਣ ਲੱਗੀ। ਰੰਗ ਨਹੀਂ ਸੀ ਮਿਲਦੇ ਪੱਤਿਆਂ ਨੂੰ ਫੁੱਲਾਂ ਨੂੰ ਕੁੱਟ ਕੇ ਰੰਗ ਬਣਾ ਲੈਂਦੀ। ਫੁੱਲ ਤੋੜਨ ਕਰਕੇ ਕੁੱਟ ਪੈਂਦੀ। ਇੱਕ ਵਾਰ ਬੀਬੀ ਚੁਕੰਦਰ ਲਿਆਈ ਮੈਂ ਉਹਦਾ ਰੰਗ ਬਣਾ ਲਿਆ। ਫਿਰ ਬੀਬੀ ਤੋਂ ਕੁੱਟ ਪਈ। ਘਰੇ ਵਿਹਲੀ ਹੁੰਦੀ ਤਸਵੀਰਾਂ ਬਣਾਉਣ ਲੱਗਦੀ। ਉਹ ਦੁਨੀਆ ਵਿੱਚ ਜਾ ਕੇ ਸਾਰੇ ਦੁੱਖ ਭੁੱਲ ਜਾਂਦੀ। ਇੱਕ ਦਿਨ ਤਸਵੀਰ ਬਣਾ ਰਹੀ ਸੀ। ਬੀਬੀ ਨੇ ਕਈ ਵਾਰ ਰੋਟੀ-ਟੁੱਕ ਤੇ ਭਾਂਡੇ ਮਾਜਣ ਨੂੰ ਕਿਹਾ। ਮੈਂ ਤਸਵੀਰ ਨੂੰ ਆਖਰੀ ਛੋਹਾਂ ਦੇ ਰਹੀ ਸੀ। ਬੀਬੀ ਨੂੰ ਗੁੱਸਾ ਚੜ ਗਿਆ। ਉਹਨੇ ਮੇਰੀ ਬਣਾਈ ਤਸਵੀਰ ਦੇ ਟੁਕੜੇ-ਟੁਕੜੇ ਕਰ ਦਿੱਤੇ। ਪਹਿਲਾਂ ਬਣਾਈਆਂ ਸਾਰੀਆਂ ਤਸਵੀਰਾਂ ਗੁੱਛਾ-ਮੁੱਛਾ ਕਰਕੇ ਚੁੱਲੇ ’ਚ ਸਿੱਟ ਕੇ ਅੱਗ ਲਗਾ ਦਿੱਤੀ। ਵਿੱਚ ਹੀ ਇਨਾਮ ’ਚ ਮਿਲਿਆ ਸਰਟੀਫਿਕੇਟ ਮੱਚ ਗਿਆ।

ਮੈਨੂੰ ਆਪਣੇ ਆਪ ਤੇ ਮਾਣ ਸੀ, “ਪੂਰੇ ਸਕੂਲ ਵਿੱਚ ਮੇਰੇ ਵਰਗੀ ਕੋਈ ਤਸਵੀਰ ਬਣਾ ਕੇ ਦਿਖਾਵੇ। ਮਿਸਤਰੀਆਂ ਦੀ ਕੁੜੀ ਆ ਹਰ ਤਸਵੀਰ ਮੁਣੀਏਂ ’ਚ ਹੁੰਦੀ ਆ।”

ਅੱਧੀ ਛੁੱਟੀ ਵੇਲੇ ਹੋਰ ਘਟਨਾ ਵਾਪਰਗੀ। ਮੈਂ ਤੇ ਜੋਤੀ ਨੇ ਕੰਨਟੀਨ ’ਚੋਂ ਸਮੋਸੇ ਲਏ। ਕੰਨਟੀਨ ਵਾਲਾ ਰਾਮੂ ਕਹਿੰਦਾ, “ਪੈਸੇ ਰਹਿਣ ਦਿਓ।”

-“ਕਿਉਂ?”

-“ਸਰਦਾਰ ਕਹਿੰਦਾ ਥੋਡੇ ਤੋਂ ਪੈਸੇ ਨੀ ਲੈਣੇ, ਮੈਂ ਆਪ ਦਊਗਾ।”

-“ਕੌਣ ਸਰਦਾਰ?”

-“ਛਿੰਦਾ ਸਰਦਾਰ।”

-“ਉਹ ਕੌਣ ਹੁੰਦਾ।” ਮੈਂ ਗੁੱਸੇ ’ਚ ਕਿਹਾ। ਉਹਦੇ ਕਾਊਂਟਰ ਤੇ ਪੈਸੇ ਰੱਖ ਦਿੱਤੇ।

ਛਿੰਦਾ ਡਫਰ ਹਰ ਵੇਲੇ ਮੌਕਾ ਤਕਾਉਂਦਾ ਰਹਿੰਦਾ, ਮੌਕਾ ਮਿਲਦਿਆਂ ਝੱਟ ਆ ਕੇ ਕਹੂਗਾ, “ਕਬੂਤਰੀਏ, ਕਦੇ ਕੱਲੀ ਮਿਲ।”

ਜੀ ਕਰਦਾ ਜੁੱਤੀਆਂ ਨਾਲ ਉਹਦੇ ਗੰਦੇ ਬੋਥੜੇ ਨੂੰ ਹੋਰ ਬਿਗਾੜ ਦੇਵਾਂ। ਜੇ ਮਾਸਟਰਾਂ ਕੋਲ ਸ਼ਿਕਾਇਤ ਕਰਦੀ ਹਾਂ। ਉਹਨੂੰ ਕੁਝ ਨਹੀਂ ਕਹਿੰਦੇ। ਉਲਟਾ ਮੇਰੀ ਬਦਨਾਮੀ ਹੋਣੀ ਸੀ। ਬੀਬੀ-ਭਾਪੇ ਨੂੰ ਪਤਾ ਲੱਗਦਾ ਉਹ ਤਾਂ ਕਦੋਂ ਦੇ ਸਕੂਲੋਂ ਹਟਾਉਣ ਦਾ ਬਹਾਨਾ ਲੱਭਦੇ ਫਿਰ ਰਹੇ ਸੀ। ਮੈਡੀਟੇਸ਼ਨ ਵਾਲਿਆਂ ਵਾਂਗ ਅੱਖਾਂ, ਕੰਨ, ਜ਼ੁਬਾਨ ਬੰਦ ਰੱਖਣੀ ਸਿੱਖ ਲਈ ਆ।

ਮੈਂ ਤੇ ਜੋਤੀ ਬਾਥਰੂਮ ਵੱਲ ਜਾ ਰਹੀਆਂ ਸੀ। ਕੁੜੀਆਂ ਦਾ ਬਾਥਰੂਮ ਸਕੂਲ ਦੀ ਇਮਾਰਤ ਨਾਲੋਂ ਥੋੜਾ ਹਟਵਾਂ, ਗਰਾਊਂਡ ਵੱਲ ਸੀ। ਰਾਹ ਵਿੱਚ ਛਿੰਦਾ ਬੁੱਗ ਇੱਕ ਹੋਰ ਲੰਡੂ ਨਾਲ ਖੜਾ ਸੀ। ਬੁੱਗ ਕਿੰਨੀ ਹੀ ਵਾਰ ਫੇਲ ਹੋ ਕੇ ਹੁਣ ਸਾਡੇ ਨਾਲ ਪੜ ਰਿਹਾ, ਬੁੱਢ-ਬੜੋਚ।

ਮਨ ’ਚ ਸੋਚਣ ਲੱਗੀ, “ਹਾਏ ਰੱਬਾ` ਇਹ ਮੇਰਾ ਖਹਿੜਾ ਈ ਨੀ ਛੱਡਦਾ। ਜਿਉਣਾ ਦੁੱਭਰ ਕੀਤਾ ਪਿਆ।” ਉਹਦੀਆਂ ਅੱਖਾਂ ਬਹੁਤ ਡਰਾਉਣੀਆਂ ਨੇ ਜਿਵੇਂ ਕੋਈ ਨਸ਼ਾ ਕਰਦਾ ਹੋਵੇ। ਜਦੋਂ ਮੈਂ ਤੇ ਜੋਤੀ ਉਸ ਕੋਲੋਂ ਲੰਘੀਆਂ ਉਹ ਘਟੀਆ ਜਿਹੇ ਦੇਖਦੇ ਨੇ ਕੁਝ ਕਿਹਾ। ਡਫਰਾਂ ਵਾਂਗੂ ਮੁਸਕਰਾ ਰਿਹਾ ਸੀ। ਜੋਤੀ ਨੇ ਮੇਰੇ ਵੱਲ ਮੂੰਹ ਕਰਕੇ, ਹੌਲੀ ਜਿਹਾ ਕਿਹਾ, “ਡੇਲੜ ਜਿਹਾ।” ਸ਼ਾਇਦ ਉਹਨੂੰ ਸੁਣ ਗਿਆ। ਅੱਗੇ ਜਾ ਕੇ ਜੋਤੀ ਨੇ ਗਰਦਨ ਘੁਮਾ ਕੇ ਦੇਖਿਆ, “ਡੇਲੜ ਆਪਣੇ ਮਗਰ ਤੁਰਿਆ ਆਉਂਦਾ।” ਉਹਨੇ ਘਬਰਾਅ ਕੇ ਦੱਸਿਆ।

ਅਸੀਂ ਬਾਥਰੂਮ ’ਚ ਬੜ ਕੇ ਕੁੰਡਾ ਲਾਉਣ ਹੀ ਲੱਗੀਆਂ ਸਾਂ, ਉਹ ਧੱਕਾ ਮਾਰ ਕੇ ਅੰਦਰ ਆ ਬੜਿਆ। ਜੋਤੀ ਛਾਲ ਮਾਰ ਕੇ ਭੱਜ ਗਈ। ਉਹਦਾ ਸ਼ਿਕਾਰ ਤਾਂ ਮੈਂ ਸਾਂ। ਉਹ ਮੇਰਾ ਰਸਤਾ ਰੋਕ ਕੇ ਖੜ ਗਿਆ। ਮੈਂ ਘਬਰਾਅ ਕੇ ਕੰਧ ਨਾਲ ਲੱਗ ਗਈ। ਉਹਨੇ ਮੇਰੇ ਦੁਆਲ਼ੇ ਦੋਵੇਂ ਬਾਹਾਂ ਕੰਧ ਨਾਲ ਲਾ ਲਈਆਂ। ਮੈਂ ਕਿਹਾ, “ਮੈਂ ਤਾਂ ਥੋਨੂੰ ਕੁੱਛ ਨੀ ਕਿਹਾ, ਸਹੁੰ ਲੱਗੇ।”

ਉਹ ਮੇਰੇ ਮੂੰਹ ਨੇੜੇ ਮੂੰਹ ਕਰਕੇ ਕਹਿ ਰਿਹਾ ਸੀ, “ਮੈਂ ਤਾਂ ਤੇਰੇ ਲਾਲ ਮੂੰਹ ਦੀ ਮਿੱਠੀ ਲੈਣੀ ਆ, ਬਿੱਲੀਏ ਕਬੂਤਰੀਏ।”

ਮੈਂ ਗੁੱਸੇ ’ਚ ਉਹਦੇ ਢਿੱਡ ’ਚ ਲੱਤ ਮਾਰੀ। ਧੱਕਾ ਮਾਰ ਕੇ ਬਾਹਰ ਭੱਜਗੀ।

ਸਾਰੇ ਸਕੂਲ ਵਿੱਚ ਗੱਲ ਫੈਲਗੀ, ਛਿੰਦੇ ਨੇ ਬਾਥਰੂਮ ’ਚ ਬਿੱਲੀ ਫੜਲੀ। ਮੇਰੀਆਂ ਬਿੱਲੀਆਂ ਅੱਖਾਂ ਕਰਕੇ ਮੇਰਾ ਨਾਂ ਬਿੱਲੀ ਪਾਇਆ ਹੋਇਆ।

ਪ੍ਰਿੰਸੀਪਲ ਨੇ ਦਫ਼ਤਰ ਸੱਦ ਕੇ ਸਾਰਾ ਕੁਝ ਪੁੱਛਿਆ। ਫਿਰ ਛਿੰਦੇ ਬੁੱਗ ਨੂੰ ਸੱਦਿਆ। ਪਤਾ ਨੀ ਉਹਨੂੰ ਕੁੱਟਿਆ ਜਾਂ ਪਹਿਲਾਂ ਵਾਂਗ ਚਿਤਾਵਨੀ ਦੇ ਕੇ ਭੇਜ ਦਿੱਤਾ ਸੀ।

ਮੈਂ ਬਹੁਤ ਡਰ ਗਈ ਸਾਂ, ‘ਹਾਏ ਰੱਬਾ` ਇਹ ਕੀ ਹੋਈ ਜਾਂਦਾ। ਭਾਪੇ ਨੂੰ ਪਤਾ ਲੱਗ ਗਿਆ, ਉਹਨੇ ਮੈਨੂੰ ਮਾਰ ਦੇਣਾ। ਕਿਉਂ ਨਾ ਮੈਂ ਆਪ ਹੀ ਨਾ ਰਹਾਂ ਇਸ ਦੁਨੀਆ ਤੇ….।*

ਸਕੂਲ ਪਿੰਡੋਂ ਤਿੰਨ ਕਿਲੋਮੀਟਰ ਦੂਰ ਆ। ਛੁੱਟੀ ਮਿਲਦੇ ਹੀ ਘਰ ਨਹੀਂ ਗਈ। ਜਰਨੈਲੀ ਸੜਕ ਤੇ ਚਲੀ ਗਈ। ਉਥੇ ਬਹੁਤ ਬੱਸਾਂ, ਟਰੱਕ, ਕਾਰਾਂ ਲੰਘ ਰਹੇ ਸੀ। ਖੜੀ ਦੇਖਦੀ ਰਹੀ। ਮੇਰੇ ’ਚ ਏਨੀ ਹਿੰਮਤ ਨਾ ਪਈ, ਉਹਨਾਂ ਹੇਠ ਆ ਕੇ ਮਰ ਸਕਾਂ।

ਸ਼ਾਮ ਜਿਹੀ ਨੂੰ ਘਰ ਦੇ ਦਰਾਂ ਅੱਗੇ ਹੀ ਬੀਬੀ ਮਿਲ ਗਈ। ਗੁੱਸੇ ’ਚ ਫਟਣ ਵਾਲੀ ਹੋਈ ਪਈ। ਘਰ ਨਾ ਵੜਨ ਦੇਵੇ।

-“ਜਾਹ ਮੁੜ ਜਾ ਚੜੇਲੇ, ਜਿੱਥੋਂ ਆਈ ਆ। ਕੰਜਰਾਂ ਦੇ ਜਾਣੀ, ਮੇਰੀ ਬਾਂਹ ਦੁਖਦੀ ਆ। ਇਹ ਟੱਬਰ ਮੇਰਾ ਗੁਣ ਕਿੱਥੋਂ ਜਾਣੇ। ਮੈਂ ਤਾਂ ਬਿਨ ਬਾਲਣ ਤੋਂ ਚੁੱਲ੍ਹ ਤਪਾ ਕੇ ਰੱਖਿਆ। ਮੈਂ ਤਾਂ ਸਮਝਦੀ ਰਹੀ ਕਾਊਲੇ ਕੱਛਣੀ ਕਿਸੇ ਸਹੇਲੀ ਦੇ ਘਰ ਬੈਠੀ ਹੋਊ। ਮੈਨੂੰ ਤਾਂ ਆਹ ਛੋਟੀ ਪ੍ਰੀਤੀ ਨੇ ਦੱਸਿਆ। ਪੈਰਾਂ ਹੇਠੋਂ ਜ਼ਮੀਨ ਖਿਸਕਗੀ। ਕਾਰਿਆਂ ਹੱਥੀਏ, ਕਿੱਥੋਂ ਮੂੰਹ ਕਾਲਾ ਕਰਵਾ ਕੇ ਆਈ ਆ। ਲੋਕ ਕੀ ਕਹਿਣਗੇ, ਭਾਗ ਮਿਸਤਰੀ ਦੀ ਕੁੜੀ ਬਦਕਾਰ ਆ। ਥੋਡਾ ਭਾਪਾ ਨਾਲੇ ਆਪ ਮਰੂ, ਨਾਲੇ ਥੋਨੂੰ ਮਾਰੂ…. ਆ ਜਾਣਦੇ ਤੇਰੇ ਭਾਪੇ ਨੂੰ ਤੇਰੀਆਂ ਲੱਤਾਂ ਤੁੜਵਾਉਨੀ ਆਂ। ਹੇ ਰੱਬਾ ਕਿਸੇ ਨੂੰ ਧੀਆਂ ਨਾ ਦੇਈ।” ਉਹ ਕਿੰਨਾ ਹੀ ਚਿਰ ਕਲਪਦੀ ਰਹੀ। ਛੇਵੀ ’ਚ ਪੜਦੀ ਮੇਰੀ ਭੈਣ ਪ੍ਰੀਤੀ ਨੇ ਉਹਨੂੰ ਸਕੂਲ ਵਾਲੀ ਗੱਲ ਦੱਸ ਦਿੱਤੀ ਸੀ। ਕਿੰਨਾ ਹੀ ਚਿਰ ਮੈਂ ਘਰੋਂ ਬਾਹਰ ਖੜੀ ਰਹੀ। ਫਿਰ ਮੇਰੀ ਬਾਂਹ ਫੜ ਕੇ ਅੰਦਰ ਲੈ ਗਈ, “ਕਿੱਥੇ ਤੀ ਏਨਾ ਚਿਰ?” ਉਹਨੇ ਦੋ-ਤਿੰਨ ਵਾਰ ਪੁੱਛਿਆ। ਮੈਂ ਕੋਈ ਜੁਆਬ ਨਾ ਦਿੱਤਾ। ਉਹ ਸਮਝੋਤੀਆਂ ਦੇਣ ਲੱਗੀ, “ਲੋਕ ਕੁੜੀਆਂ ਨੂੰ ਦੇਵੀਆਂ ਕਹਿੰਦੇ ਨੇ, ਕੰਜਕਾਂ ਪੂਜਦੇ ਨੇ, ਇਹ ਨੀ ਬਈ ਉਹਨਾਂ ਦਾ ਮਾਣ-ਇੱਜ਼ਤ ਕਰਦੇ ਨੇ। ਉਹ ਡਰਦੇ ਪੂਜਦੇ ਨੇ, ਕਿਤੇ ਉਹਨਾਂ ਦੀ ਇੱਜ਼ਤ ਨਾ ਰੋਲ਼ ਦੇਣ। ਅੱਗ ਦੀ ਉਮਰ ਆ, ਸੰਭਲ ਕੇ ਕਿਹਾ ਕਰ। ….ਵਰਦੀ ਲਾਹ ਡੰਗਰਾਂ ਨੂੰ ਕੱਖ ਪਾ, ਪਾਣੀ ਪਿਲਾ ਬੇਜ਼ੁਬਾਨ ਸਵੇਰ ਦੇ ਭੁੱਖੇ ਤਿਹਾਏ ਨੇ।”

ਡੰਗਰਾਂ ਨੂੰ ਪਾਣੀ ਪਿਲਾ ਕੇ ਕੱਖ ਪਾ ਕੇ ਮੁੜੀ, ਬੀਬੀ ਫਿਰ ਸਮਝੌਤੀਆਂ ਦੇਣ ਲੱਗੀ, “ਰਕਾਨ ਬਣਕੇ ਰਿਹਾ ਕਰ।”

ਅਜੇ ਭਾਪੇ ਨੇ ਆਉਣਾ ਸੀ, ਉਹਨੇ ਪਤਾ ਨਹੀਂ ਮੇਰੀ ਕੀ ਦੁਰਦਸਾ ਕਰਨੀ ਸੀ। ਉਹ ਜਲਾਦਾਂ ਵਾਂਗ ਬੇਕਿਰਕ ਆ।

ਭਾਪਾ ਸ਼ਰਾਬੀ ਹੋ ਕੇ ਆਇਆ। ਮੇਰਾ ਸਾਹ ਸੁੱਕ ਗਿਆ। ਅੰਦਰ ਬੈਠੀ ਕਾਗ਼ਜ਼ ਤੇ ਅਮੂਰਤ ਜਿਹੀਆਂ ਲੀਕਾਂ ਮਾਰਦੀ ਰਹੀ। ਰੋਟੀ ਖਾ ਕੇ ਸੌਂ ਗਿਆ।

ਬੀਬੀ ਨੇ ਉਹਤੋਂ ਗੱਲ ਲੁਕਾ ਲਈ ਸੀ।

–0–

ਅਗਲੇ ਦਿਨ ਬੀਬੀ ਨੇ ਸਕੂਲ ਨਾ ਜਾਣ ਦਿੱਤਾ। ਉਹ ਚਾਹੁੰਦੀ ਸੀ ਕੱਲ੍ਹ ਵਾਲੀ ਗੱਲ ਠੰਢੀ ਪੈ ਜਾਵੇ। ਉਹਨੇ ਮਲੇਰਕੋਟਲੇ ਪਲੱਸਤਰ ਵਾਲੀ ਬਾਂਹ ਦਿਖਾਉਣ ਜਾਣਾ ਸੀ। ਚੀਸ ਪੈਣੋ ਨਹੀਂ ਹਟਦੀ ਸੀ। ਮੇਰਾ ਵੀ ਸਕੂਲ ਜਾਣ ਨੂੰ ਮਨ ਨਹੀਂ ਕਰਦਾ।

ਭਾਪਾ ਸਾਇਕਲ ਚੱਕ ਕੇ ਲਾਗਲੇ ਪਿੰਡ ਕਿਸੇ ਦੀ ਕੋਠੀ ਪਾਉਣ ਦੇ ਕੰਮ ਚਲਿਆ ਗਿਆ।

ਛੋਟੀਆਂ ਕੁੜੀਆਂ (ਭੈਣਾਂ) ਸਕੂਲ ਚਲੀਆਂ ਗਈਆਂ।

ਬੀਬੀ ਨੇ ਮੈਤੋਂ ਦੇਗ ਕਰਵਾਈ। ਮਾਤਾ ਸਤੀ ਦੀ ਸਮਾਧ ਤੇ ਮੱਥਾ ਟੇਕਣ ਚਲੀ ਗਈ। ਬਾਂਹ ਦਿਖਾਉਣ ਜਾਣ ਲਈ ਕਿਸੇ ਦਿਓ-ਪੈਸੇ ਵੀ ਮੰਗਣੇ ਸੀ। ਆ ਕੇ ਬੀਬੀ ਨੇ ਝੋਲਾ ਚੱਕਿਆ। ਮਲੇਰਕੋਟਲੇ ਵਾਲੀ ਬੱਸ ਜਰਨੈਲੀ ਸੜਕ ਤੋਂ ਮਿਲਣੀ ਸੀ। ਡੇਢ ਕਿਲੋਮੀਟਰ ਤੁਰ ਕੇ ਜਾਣਾ ਪੈਂਦਾ। ਜਾਣ ਲੱਗੀ ਬੋਲੀ, “ਕੰਮ ਨਿਬੇੜ ਲਈ ਰਕਾਨ ਬਣਕੇ।”

ਭਾਂਡੇ-ਟੀਂਡੇ ਵਿਹੜਾ ਸੰਭਰਨ ਦਾ ਕੰਮ ਨਿਬੇੜ, ਡੰਗਰਾਂ ਵੱਲ ਗਈ। ਕੰਮ ਛੇਤੀ ਨਬੇੜ, ਤਸਵੀਰ ਬਣਾਉਣਾ ਚਾਹੁੰਦੀ ਸੀ। ਮਨ ਬਹੁਤ ਉਦਾਸ ਸੀ।

ਮੀਣੀ ਮੱਝ ਕੀਲੇ ਨਾਲ ਖੜੀ ਝੂਰ ਰਹੀ ਸੀ। ਉਹਦੇ ਸਿਰ ’ਤੇ ਹੱਥ ਫੇਰਿਆ, “ਤੈਨੂੰ ਪਤਾ ਸਾਰੀ ਉਮਰ ਇਸੇ ਕੀਲੇ ਨਾਲ ਖੜਨਾਂ ਕਿਉਂ ਝੂਰਦੀ ਰਹਿਨੀ ਆ। ਕਿਉਂ ਕੀਲੇ ਪਟਾਉਨੀ ਆਂ?”

ਫੋਹੜੇ ਨਾਲ ਗੋਹਾ ਪਿੱਛੇ ਹਟਾਇਆ। ਟੋਕਰਾ ਭਰ ਕੇ ਰੂੜੀ ’ਤੇ ਸਿੱਟ ਆਈ। ਮੱਝਾਂ ਨੂੰ ਸੰਨੀ ਰਲਾਉਣ ਲਈ ਤੂੜੀ ਵਾਲੇ ਕਮਰੇ ’ਚੋਂ ਤੂੜੀ ਲੈਣ ਚਲੀ ਗਈ। ਪੈੜ-ਚਾਲ ਜਿਹੀ ਤਾਂ ਸੁਣੀ ਸੀ। ਜਦ ਪਿੱਛੇ ਮੁੜਕੇ ਦੇਖਿਆ ਕੋਈ ਨਹੀਂ ਸੀ। ਅਜੇ ਅੱਧਾ ਟੋਕਰਾ ਹੀ ਭਰਿਆ ਸੀ, ਕਿਸੇ ਨੇ ਪਿੱਛੋਂ ਆ ਕੇ ਮੇਰੀਆਂ ਅੱਖਾਂ ਬੰਦ ਕਰ ਲਈਆਂ। ਘਬਰਾਅ ਕੇ ਦੋਵਾਂ ਹੱਥਾਂ ਨਾਲ ਅੱਖਾਂ ਛੁਡਾਉਣ ਲੱਗੀ। ਪਰ ਉਹਦੀ ਪਕੜ ਮਜਬੂਤ ਸੀ।

-“ਕੌਣ ਆ?”

-“ਬੁੱਝ ਕੌਣ।” ਮਰਦਾਵੀਂ ਆਵਾਜ਼ ਸੀ।

-“ਪਤਾ ਨੀ, ਮੇਰੀਆਂ ਅੱਖਾਂ ਛੱਡ।”

ਉਹ ਹੋਰ ਜ਼ੋਰ ਨਾਲ ਅੱਖਾਂ ਦੱਬੀ ਜਾ ਰਿਹਾ ਸੀ।

-“ਮੇਰਾ ਸਾਹ ਬੰਦ ਹੋ ਗਿਆ, ਅੱਖਾਂ ਛੱਡ।”

ਉਹਨੇ ਅੱਖਾਂ ਤੋਂ ਹੱਥ ਚੱਕਿਆ। ਕਮਰੇ ਅੰਦਰ ਪਹਿਲਾਂ ਹੀ ਹਨੇਰਾ ਸੀ। ਦੂਜਾ ਉਹਨੇ ਅੱਖਾਂ ਏਨੀ ਜ਼ੋਰ ਨਾਲ ਦੱਬੀਆਂ, ਕੁਝ ਦਿਖਾਈ ਨਾ ਦੇਵੇ।

-“ਤੇਰੇ ਕਰਕੇ ਮੇਰਾ ਸਕੂਲੋਂ ਨਾ ਕੱਟਿਆ ਗਿਆ, ਬਿੱਲੀਏ ਕਬੂਤਰੀਏ।”

ਹਾਏ ਰੱਬਾ` ਇਹ ਤਾਂ ਛਿੰਦਾ ਬੁੱਗ ਸੀ। ਰੂੜੀ ਉੱਤੇ ਗੋਹਾ-ਕੂੜਾ ਸਿੱਟ ਕੇ ਆਉਂਦੀ ਨੂੰ ਇਹਨੇ ਦੇਖ ਲਿਆ ਹੋਣਾ।

-“ਚਲਿਆ ਜਾਹ ਜੇ ਭਲੀ ਚਹੁੰਨੈ, ਨਹੀਂ ਮੈਂ ਰੌਲ਼ਾ ਪਾ ਦੇਣਾ।”

-“ਜਾਣ ਨੂੰ ਨੀ ਆਇਆ, ਜਿਵੇਂ ਪਤੰਗੇ ਲਾਟ ਤੇ ਸੜਨ ਆਉਂਦੇ ਨੇ, ਓਵੇਂ ਸੜ੍ਹਨ ਆਇਆ। ਨਿਰੀ ਲਾਟ ਆ ਤੂੰ….।”

-“ਜਾਹ ਦਫਾ ਹੋ, ਪਤੰਗਾ ਨੀ ਭੂਡ ਆ ਤੂੰ। ਜਿਹੜੇ ਪਾਥੀਆਂ ਫਰੋਲਦੇ ਰਹਿੰਦੇ ਨੇ। ਤੈਨੂੰ ਛਿੱਤਰਾਂ ਦਾ ਘਾਟਾ।”

ਮੈਂ ਬਾਹਰ ਨੂੰ ਭੱਜਣ ਲੱਗੀ। ਛਿੰਦੇ ਨੇ ਬਾਂਹ ਫੜ ਲਈ। ਉਹ ਤਕੜਾ ਸੀ। ਜੱਫੀ ਪਾ ਕੇ ਤੂੜੀ ’ਤੇ ਸਿੱਟ ਲਿਆ। ਮੇਰੀ ਚੀਕ ਉਹਨੇ ਮੂੰਹ ’ਤੇ ਹੱਥ ਰੱਖ ਕੇ ਰੋਕ ਦਿੱਤੀ।

-“ਪਿੰਡ ਦੀ ਕੁੜੀ ਭੈਣ ਹੁੰਦੀ ਆ। ਮੈਂ ਤੇਰੀ ਭੈਣ ਵਰਗੀ ਆ।”

ਉਸ ਡਫਰ ਤੇ ਕਿਸੇ ਗੱਲ ਦਾ ਅਸਰ ਨਹੀਂ ਹੋ ਰਿਹਾ ਸੀ।

ਮੈਂ ਰੌਲ਼ਾ ਪਾਉਣ ਲੱਗੀ, ਉਹਨੇ ਹੱਥ ਨਾਲ ਮੇਰਾ ਮੂੰਹ ਦਬਾ ਕੇ ਚੁੰਨੀ ਨਾਲ ਬੰਨ ਦਿੱਤਾ। ਕਮਰਾ ਤੂੜੀ ਦੀ ਗਰਦ ਨਾਲ ਭਰ ਗਿਆ। ਉਹਨੇ, ਮੇਰੇ ਲੱਤਾਂ ਮਾਰਦਿਆਂ ਵੀ ਨਾਲਾ ਖੋਹਲ ਕੇ ਸਲਵਾਰ ਲਾਹ ਦਿੱਤੀ, ਹੱਸਣ ਲੱਗਾ, “ਵਾਹ ਲਾਲ ਕੱਛੀ।”

ਮੇਰੇ ਹੱਥ ਜੋੜਨ ਦਾ, ਉਹਤੇ ਕੋਈ ਅਸਰ ਨਾ ਹੋਇਆ। “ਅੱਜ ਛਤਰੀ ਤੇ ਲਹੁਣਾ ਹੀ ਲਹੁਣਾ, ਜਿੰਨਾ ਮਰਜ਼ੀ ਫੜਫੜਾਲਾ ਚਿੱਟੀਏ ਕਬੂਤਰੀਏ।” ਉਹਨੇ ਅੰਡਰਵੀਅਰ ਨੂੰ ਹੱਥ ਪਾ ਲਿਆ। ਮੈਂ ਉਹਦੇ ਮੂੰਹ ਤੇ ਨਹੁੰਆਂ ਨਾਲ ਘਰੂੜ ਭਰ ਲਿਆ। ਉਹਨੇ ਬਾਹਾਂ ਫੜ ਕੇ ਦੋ ਤਿੰਨ ਥੱਪੜ ਮਾਰੇ। ਮੈਂ ਲੱਤਾਂ ਮਾਰ-ਮਾਰ ਉਹਨੂੰ ਨੇੜੇ ਨਾ ਲੱਗਣ ਦੇਵਾਂ। ਉਹਨੇ ਬਾਹਾਂ ਛੱਡ ਲੱਤਾਂ ਫੜ ਲਈਆਂ। ਮੈਂ ਨਦੀ ’ਚ ਡੁੱਬ ਰਹੇ ਬੰਦੇ ਵਾਂਗ ਹੱਥ-ਪੈਰ ਮਾਰ ਰਹੀ ਸੀ। ਅਚਾਨਕ ਮੇਰਾ ਹੱਥ ਤੰਗਲੀ ਨੂੰ ਪੈ ਗਿਆ। ਪੂਰੇ ਜੋਸ਼ ਨਾਲ ਤੰਗਲੀ ਉਹਦੇ ਢਿੱਡ ’ਚ ਮਾਰੀ। ਉਹ ਚੀਕ ਮਾਰ ਕੇ ਤੜਫਰਦਾ ਪਿੱਛੇ ਡਿੱਗ ਪਿਆ। ਮੇਰੇ ਸਿਰ ਤੇ ਜਿਵੇਂ ਭੂਤ ਹੀ ਸਵਾਰ ਸੀ। ਉਨਾ ਚਿਰ ਤੰਗਲੀ ਉਹਦੇ ਮਾਰਦੀ ਰਹੀ ਜਦੋਂ ਤੱਕ ਉਹ ਖੂਨ ਨਾਲ ਲੱਥਪੱਥ ਹੋ ਕੇ ਚੀਕਣੋ ਹਟ ਗਿਆ। ਸਲਵਾਰ ਚੱਕ ਕੇ ਪਾਈ, ਅੰਦਰ ਨੂੰ ਭੱਜ ਪਈ। ਤੂੜੀ ਅਤੇ ਖੂਨ ਨਾਲ ਲਿੱਬੜੀ ਪਈ ਸਾਂ। ਗੁਸਲਖਾਨੇ ’ਚ ਨਹਾ ਕੇ ਕੱਪੜੇ ਬਦਲੇ। ਖੂਨ ਨਾਲ ਲਿੱਬੜੇ ਕੱਪੜੇ ਇੱਕ ਲਿਫਾਫੇ ’ਚ ਪਾਏ। ਘਰੋਂ ਭੱਜ ਗਈ।

ਬਹੁਤ ਡਰ ਗਈ ਸਾਂ। ਪਤਲੀ ਬੀਹੀ ਵਿੱਚੀ ਲੰਘੀ ਜਾਂਦੀ ਨੇ ਪੁਰਾਣੇ ਖੂਹ ਵਿੱਚ, ਜਿੱਥੇ ਖੁਆਜੇ ਦਾ ਮੱਥਾ ਟੇਕਿਆ ਜਾਂਦਾ। ਉਹ ਲਿਫਾਫਾ ਸੁੱਟ ਦਿੱਤਾ। ਬਾਹਰਲੀ ਬੀਹੀ ’ਚ ਜਾ ਕੇ ਦੇਖਿਆ, ਬਰੋਟੇ ਦੇ ਚੌਤਰੇ ਉੱਤੇ ਬੰਦੇ ਬੈਠੇ ਸੀ। ਸੂਬੇਦਾਰਾਂ ਦੇ ਬਾਹਰਲੇ ਘਰ ਜਿੱਥੇ ਉਹ ਡੰਗਰ ਬੰਨਦੇ ਸੀ, ਜਾ ਬੜੀ। ਡੰਗਰਾਂ ਦੇ ਵਰਾਂਡੇ ਕੋਲੋਂ ਲੰਘ ਕੇ ਤੂੜੀ ਆਲੇ ਕੋਠੇ ਵਿੱਚ ਚਲੀ ਗਈ। ਬਹੁਤ ਚਿਰ ਉਥੇ ਹੀ ਬੈਠੀ ਰਹੀ। ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਕੰਨ ਸਾਂਅ-ਸਾਂਅ ਕਰ ਰਹੇ ਸੀ। ਯਕੀਨ ਨਹੀਂ ਆਉਂਦਾ ਥੋੜਾ ਚਿਰ ਪਹਿਲਾਂ ਮੈਥੋਂ ਕਤਲ ਹੋ ਗਿਆ। ਬੁੱਗ ਦੀਆਂ ਚੀਕਾਂ ਸੁਣ ਕੇ ਚੰਗਾ ਲੱਗਿਆ। ਕੁੜੀ ਕਬੂਤਰੀ ਨਹੀਂ ਹੁੰਦੀ। ਉਹਦੇ ਬਾਹਰਲੇ ਵਿਹੜੇ ਜਾ ਕੇ ਉਹਦੇ ਖੁੱਡੇ ਦਾ ਦਰ ਖੋਹਲ ਦਿੱਤਾ। ਫਿਰ ਸੂਬੇਦਾਰਾਂ ਦੇ ਬਾਹਰਲੇ ਵਿਹੜੇ ਆ ਵੜੀ। ਬੀਹੀ ’ਚੋਂ ਸਕੂਲ ਦੇ ਬੱਚਿਆਂ ਦੇ ਲੰਘਣ ਦੀ ਆਵਾਜ਼ ਆ ਰਹੀ ਸੀ। ਆਵਾਜ਼ਾਂ ਬੰਦ ਹੋਈਆਂ ਮੈਂ ਬਾਹਰ ਨਿਕਲੀ। ਖੇਤਾਂ ਦੇ ਪਹਿਆਂ ਨੂੰ ਤੁਰ ਗਈ। ਜਰਨੈਲੀ ਸੜਕ ਤੇ ਜਾ ਕੇ ਨਾਨਕਿਆਂ ਨੂੰ ਬੱਸ ਚੜਨਾ ਸੀ। ਇੱਕ ਉਜੜੇ ਭੱਠੇ ਤੇ ਜਾ ਕੇ ਲੁਕ ਗਈ। ਮੇਨ ਸੜਕ ਤੋਂ ਸਾਡੇ ਪਿੰਡ ਵੱਲ ਗੂੰਅ-ਗੂੰਅ ਕਰਦੀਆਂ ਪੁਲਿਸ ਦੀਆਂ ਗੋਡੀਆਂ ਲੰਘੀਆਂ। ਮੇਰੇ ਮੂੰਹੋਂ ਬੁੱਗ ਨੂੰ ਗਾਲ਼ਾ ਨਿੱਕਲ ਗਈਆਂ, “ਰੁੜ ਜਾਣੇ ਨੇ ਮਰੇ ਬਿਨਾਂ ਖਹਿੜਾ ਨੀ ਛੱਡਿਆ, ਹੁਣ ਮੇਰੀ ਜ਼ਿੰਦਗੀ ਨਰਕ ਕਰਤੀ।” ਬੱਸ ਚੜਨ ਲਈ ਮੇਰੇ ਕੋਲ ਕਿਰਾਇਆ ਨਹੀਂ ਸੀ।

ਹਨੇਰਾ ਹੋਏ ਨਹਿਰ ਦੀ ਪਟੜੀ ਪੈ ਗਈ। ਇਹ ਨਹਿਰ ਮੇਰੇ ਨਾਨਕਿਆਂ ਕੋਲੋਂ ਲੰਘਦੀ ਸੀ। ਪਟੜੀ ਤੇ ਤੁਰੀ ਜਾਂਦੀ ਨੂੰ ਜੀਵ-ਜੰਤੂਆਂ ਬੀਡਿਆਂ ਦੀਆਂ ਆਵਾਜ਼ਾਂ ਅਜੀਬ ਲੱਗਣ। ਝਾੜੀਆਂ ਕਦੇ ਬੰਦੇ ਦਾ ਭੁਲੇਖਾ ਪਾਉਣ ਕਦੇ ਭੂਤ ਦਾ। ਮੋਟਰ-ਸਾਈਕਲ, ਸਕੂਟਰ ਕਾਰ ਲੰਘੇ, ਮੈਂ ਦਰੱਖ਼ਤਾਂ ਉਹਲੇ ਹੋ ਜਾਇਆ ਕਰਾਂ। ਤੁਰੀ ਜਾਂਦੀ ਬਹੁਤ ਥੱਕ ਗਈ। ਭੁੱਖ ਵੀ ਲੱਗ ਆਈ, ਦੁਪਹਿਰ ਦੀ ਰੋਟੀ ਖਾਧੀ ਸੀ। ਨਹਿਰ ਦੇ ਕੰਢੇ ਬੈਠ ਕੇ ਬੁੱਕਾਂ ਨਾਲ ਪਾਣੀ ਪੀਤਾ। ਪਾਣੀ ਦੀ ਆਵਾਜ਼ ਐਂ ਆ ਰਹੀ ਸੀ ਜਿਵੇਂ ਮੈਨੂੰ ਨਾਲ ਰੋਹੜ ਕੇ ਲੈ ਜਾਊਗਾ। ਕਿਸੇ ਨੂੰ ਪਤਾ ਨਹੀਂ ਲੱਗਣਾ ਸਿਮਰ ਕਿੱਥੇ ਗਈ।

ਉੱਠ ਕੇ ਤੁਰ ਪਈ। ਸਮਝ ਨਾ ਲੱਗੇ, ਚੰਗਾ ਕੀਤਾ ਕਿ ਮਾੜਾ, ‘ਇੱਕ ਕੰਮ ਤਾਂ ਅੱਜ ਹੋਣਾ ਈ ਤੀ। ਜਾਂ ਤਾਂ ਡੇਲੜ ਬਲਾਤਕਾਰ ਕਰਕੇ ਮੈਨੂੰ ਮਾਰ ਦਿੰਦਾ। ਉਕਣ ਵੀ ਮੇਰੀ ਹੀ ਜ਼ਿੰਦਗੀ ਬਰਬਾਦ ਹੋਣੀ ਤੀ। ਹੁਣ ਉਹਦੇ ਆਲਾ ਕੰਮ ਨਿਬੇੜ ਆਈ ਆਂ।

ਦਰੱਖ਼ਤਾਂ ਉਹਲੇ ਖੜ੍ਹੀ ਨੇ ਕਾਰ ਦੀ ਲਾਈਟ ਦੇ ਚਾਨਣ ਵਿੱਚ ਬੋਰਡ ਪੜਿਆ ‘ਮਾਹਪੁਰ।’ ਹਾਏ ਰੱਬਾ। ਸਾਰੀ ਰਾਤ ਤੁਰਦਿਆਂ ਲੰਘ ਗਈ, ਅਜੇ ਵੀ ਪਿੰਡੋਂ ਬਹੁਤੀ ਦੂਰ ਨਹੀਂ ਗਈ।

ਸਵੇਰ ਦੇ ਚਾਰ ਵੱਜ ਗਏ ਸੀ। ਗੁਰਦੁਆਰੇ ਬਾਬਾ ਬੋਲ ਪਿਆ। ਸੋਚਿਆ, ‘ਗੁਰਦੁਆਰੇ ਜਾ ਕੇ ਚਾਹ-ਪਾਣੀ ਛਕ ਲਵਾਂ, ਫਿਰ ਗਾਹਾਂ ਤੁਰੂਗੀ।* ਨਹਿਰ ਵਾਲੀ ਪਟੜੀ ਤੋਂ ਪਿੰਡ ਵਾਲੀ ਸੜਕ ਪੈ ਗਈ।

ਪਿੰਡ ਦੇ ਸਭ ਤੋਂ ਪਹਿਲੇ ਘਰ ’ਚੋਂ ਕੁੱਤੇ ਨਿਕਲ ਆਏ। ਉਹ ਭੌਂਕ-ਭੌਂਕ ਮੈਨੂੰ ਅੱਗੇ ਨਾ ਜਾਣ ਦੇਣ। ਮਕਾਨ ਦਾ ਮਾਲਕ ਬਾਹਰ ਆਇਆ, “ਕੌਣ ਆ?”

-“ਮੈਂ…. ਮੈਂ ਆ ਜੀ।”

-“ਮੈਂ ਕੌਣ?”

ਉਹਨੇ ਕੁੱਤਿਆਂ ਨੂੰ ਖਸਕੇਰ ਕੇ, ਮੁਬਾਈਲ ਦੀ ਲਾਈਟ ਦਾ ਚਾਨਣ ਮੇਰੇ ਮੂੰਹ ’ਤੇ ਮਰਿਆ।

-“ਜੀ ਮੈਂ ਰਾਹ ਭੁੱਲਗੀ।”

-“ਆ ਜਾ ਚਾਹ-ਪਾਣੀ ਪੀ ਲਾ। ਰਾਹ ਅਸੀਂ ਦੱਸ ਦਿੰਨੇ ਆ।” ਉਹ ਕੁੱਤਿਆਂ ਨੂੰ ਘੂਰਦਾ ਘਰ ਅੰਦਰ ਨੂੰ ਤੁਰ ਪਿਆ। ਮੈਨੂੰ ਝਿਜਕਦੀ ਦੇਖ ਕਹਿੰਦਾ, “ਆ ਜਾ ਚਾਹ ਬਣੀ ਪਈ ਆ।” ਉਹਦੀ ਘਰਵਾਲੀ ਨੇ ਚਾਹ ਧਰੀ ਹੋਈ ਸੀ। ਉਹਨਾਂ ਸਾਜਰੇ ਉਠ ਕੇ ਗੰਨੇ ਘੜਨ ਜਾਣਾ ਸੀ।

-“ਇਹ ਕੁੜੀ ਰਾਹ ਭੁੱਲਗੀ। ਸਾਰੀ ਰਾਤ ਦੀ ਭਟਕਦੀ ਫਿਰਦੀ ਆ। ਚਾਹ ਪਿਲਾ ਇਹਦੀ ਸੁਰਤ ਟਿਕਾਣੇ ਆਵੇ।” ਉਹਨੇ ਆਪਣੀ ਘਰਆਲੀ ਨੂੰ ਦੱਸਿਆ। ਬਣੀ ਹੋਈ ਚਾਹ ਵਿੱਚੋਂ ਹੀ ਉਹਨੇ ਮੈਨੂੰ ਗਿਲਾਸ ਵਿੱਚ ਪਾ ਦਿੱਤੀ। ਜਦੋਂ ਚਾਹ ਪੀ ਕੇ ਗਿਲਾਸ ਰੱਖਿਆ, ਉਹ ਤੀਮੀ ਬੋਲੀ, “ਹਾਂਅ, ਹੁਣ ਦੱਸ। ਅਸੀਂ ਕੰਮ ਤੇ ਜਾਣਾ। ਜਵਾਨ- ਜਹਾਨ ਏ, ਤੇਰਾ ਹੀਲਾ ਕੀਤੇ ਬਿਨਾਂ ਜਾ ਨੀ ਸਕਦੇ।”

“ਹਾਏ ਰੱਬਾ` ਇਹਨਾਂ ਨੂੰ ਕੀ ਦੱਸਾਂ?”

-“ਜੀ ਮੈਂ ਖੇਤ ਗਈ ਤੀ, ਭਾਪੇ ਦੀ ਰੋਟੀ ਲੈ ਕੇ। ਰੋਟੀ ਦੇ ਕੇ ਮੁੜੀ ਆਉਂਦੀ ਤੀ, ਉਥੇ ਸੂਏ ਕੋਲ ਸਾਧ ਮਿਲ ਗਿਆ। ਮੇਰੇ ਕੰਨਾਂ ’ਚ ਸੋਨੇ ਦੀਆਂ ਵਾਲੀਆਂ ਪਾਈਆਂ ਹੋਈਆਂ ਤੀ। ਸਾਧ ਨੇ ਮੈਨੂੰ ਕੁਛ ਸੁੰਘਾ ਤਾ। ਮੈਂ ਬੇਹੋਸ਼ ਹੋਗੀ। ਮੇਰੀਆਂ ਵਾਲੀਆਂ ਲਾਹ ਕੇ ਲੈ ਗਿਆ। ਜਦ ਸੁਰਤ ਆਈ, ਨਹਿਰ ਦੇ ਕੰਢੇ ਪਈ ਤੀ।”

-“ਹਾਏ ਕਿੱਡਾ ਕਲਯੁੱਗ ਆ ਗਿਆ। ਤੇਰਾ ਘਰ ਕਿੱਥੇ ਆ? ਮਾਂ-ਬਾਪ ਦਾ ਨਾਂ ਕੀ ਆ?”

-“ਜੀ ਮੇਰੀ ਯਾਦਅਸਤ ਗੁਆਚਗੀ, ਮੈਨੂੰ ਕੁੱਛ ਚੇਤੇ ਨੀ….।”

ਤੀਮੀ ਮੇਰੇ ਕੋਲੋਂ ਪੁੱਛ ਰਹੀ ਸੀ। ਉਸ ਆਦਮੀ ਨੇ ਆਸ ਗੁਆਂਢ ਗੱਲ ਕੀਤੀ। ਥੋੜੇ ਚਿਰ ’ਚ ਗੱਲ ਸਾਰੇ ਪਿੰਡ ’ਚ ਫੈਲਗੀ। “ਸਾਧ ਨੇ ਕੁੜੀ ਨੂੰ ਕੁਛ ਸੁੰਘਾ ਕੇ ਵਾਲੀਆਂ ਲਾਹ ਲਈਆਂ। ਹੁਣ ਕੁੜੀ ਨੂੰ ਸੁਰਤ ਨੀ।”

ਲੋਕ ਮੈਨੂੰ ਦੇਖਣ ਆਉਣ ਲੱਗੇ। ਵਾਰ-ਵਾਰ ਗੱਲਾਂ ਬਦਲਣ ਤੇ ਘਰ ਦਾ ਮਾਲਕ ਕਹਿੰਦਾ, “ਤੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ। ਮੰਨ ਵੀ ਲਈਆਂ। ਹੁਣ ਟਾਈਮ ਖਰਾਬ ਨਾ ਕਰ। ਸੱਚੋ-ਸੱਚ ਦੱਸ, ਤੇਰਾ ਪਿੰਡ ਕਿਹੜਾ? ਨਹੀਂ ਅਸੀਂ ਤੈਨੂੰ ਠਾਣੇ ਛੱਡ ਆਉਣੈ। ਉਹਨਾਂ ਆਪੇ ਤੇਰੇ ਮਾਂ-ਪਿਓ ਲੱਭ ਲੈਣੇ ਨੇ।”

ਠਾਣੇ ਦੇ ਨਾਂ ਤੋਂ ਡਰ ਗਈ ਸਾਂ।

ਚੰਗੇ ਕਰਮਾਂ ਨੂੰ ਪਿੰਡ ਦਾ ਇੱਕ ਬੰਦਾ ਮੈਨੂੰ ਦੇਖਣ ਆਇਆ। ਉਹਨੇ ਪਛਾਣ ਲਿਆ, “ਕੁੜੇ ਤੂੰ ਭਾਗ ਮਿਸਤਰੀ ਦੀ ਕੁੜੀ ਨੀ।”

-“ਜੀ ਕੌਣ…. ਕੌਣ ਭਾਗ?” ਮੈਂ ਮੁੱਕਰਨਾ ਚਹੁੰਦੀ ਸੀ। ਜਦੋਂ ਧਿਆਨ ਨਾਲ ਦੇਖਿਆ ਜਸਵੰਤ ਅੰਕਲ ਸੀ। ਸਾਡੇ ਘਰ ਭਾਪੇ ਕੋਲ ਆਉਂਦੇ ਹੁੰਦੇ ਸੀ। ਭਾਪੇ ਨੇ ਉਹਦੀ ਕੋਠੀ ਪਾਈ ਸੀ।

-“ਇਹ ਸਾਡੀਓ ਕੁੜੀ ਆ।” ਕਹਿ ਕੇ ਉਹ ਮੈਨੂੰ। ਮੋਟਰ-ਸਾਈਕਲ ਤੇ ਬਿਠਾ ਕੇ ਘਰ ਲੈ ਗਿਆ। ਕਹੀ ਜਾਵੇ, “ਸੱਚੋ-ਸੱਚ ਦੱਸ ਗੱਲ ਕੀ ਆ?” ਮੈਂ ਕੁਝ ਨਾ ਬੋਲਾਂ। ਭਾਪੇ ਨੂੰ ਫੋਨ ਕਰਨ ਲੱਗਾ। ਉਹਦਾ ਫੋਨ ਬੰਦ ਆਵੇ। ਰੋਟੀ ਖਵਾ ਕੇ ਉਹਨੇ ਮੈਨੂੰ ਘਰ ਛੱਡ ਕੇ ਆਉਣ ਲਈ ਮੋਟਰ-ਸਾਈਕਲ ਕੱਢ ਲਿਆ।

ਮੈਂ ਸਾਰੀ ਗੱਲ ਦੱਸ ਦਿੱਤੀ।

ਸਿਰ ਪਲੋਸਦਾ ਕਹਿਣ ਲੱਗਾ, “ਤੂੰ ਬੜੀ ਬਹਾਦਰ ਕੁੜੀ ਨਿਕਲੀ। ਤੂੰ ਬੈਠ ਆਪਣੀ ਚਾਚੀ ਕੋਲ, ਮੈਂ ਪਤਾ ਲੈ ਕੇ ਆਉਨਾ।”

ਉਹਨੂੰ ਮੇਰੇ ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਮੈਂ ਇਹ ਕੰਮ ਕਰਕੇ ਆਈ ਆਂ। ਕਹੀ ਜਾਵੇ, “ਮੈਂ ਵੀ ਕਹਾਂ ਕੁੜੀ ਰਾਤ ਨੂੰ ਕਿਵੇਂ ਘਰੋਂ ਨਿਕਲੀ….।”

ਚਾਚੀ ਤਾਂ ਕਤਲ ਵਾਲੀ ਗੱਲ ਸੁਣ ਕੇ ਘਬਰਾਅ ਹੀ ਗਈ। ਅੰਕਲ ਨੂੰ ਇੱਕ ਪਾਸੇ ਲਿਜਾ ਕੇ ਪਤਾ ਨਹੀਂ ਕੀ ਸਮਝਾਉਣ ਲੱਗੀ।

ਘੰਟੇ ਕੁ ਬਾਅਦ ਅੰਕਲ ਮੇਰੇ ਪਿੰਡ ਪਤਾ ਲੈ ਕੇ ਮੁੜ ਆਇਆ, “ਕੁੜੇ ਤੂੰ ਤਾਂ ਬੜੀ ਦਲੇਰੀ ਕੀਤੀ। ਚੇਅਰਮੈਨ ਦਾ ਮੁੰਡਾ ਅਬਦੇ ਬਾਪ ਵਰਗਾ ਹਰਾਮੀ ਹੋਣੈ। ਉਹਨੂੰ ਹਸਪਤਾਲ ਲੈਗੇ ਸ਼ਾਇਦ ਪੋਸਟਮਾਸਟਮ ਹੋਊ। ਤੇਰੇ ਬਾਪੂ ਨੂੰ ਪੁਲਿਸ ਲੈਗੀ। ….ਇੱਥੇ ਸਾਰੇ ਪਿੰਡ ਨੂੰ ਪਤਾ ਤੂੰ ਏਥੇ ਆ। ਚੱਲ ਤੈਨੂੰ ਕਿਤੇ ਛੱਡ ਆਵਾਂ। ਨਹੀਂ ਤਾਂ ਪੁਲਿਸ ਨੇ ਸਾਨੂੰ ਵੀ ਚੱਕਰ ਪਾ ਲੈਣਾ।”

ਮੈਂ ਮੂੰਹ-ਸਿਰ ਢਕ ਕੇ ਉਹਨਾਂ ਦੇ ਮੋਟਰ-ਸਾਈਕਲ ਤੇ ਬੈਠ ਗਈ। ਉਹ ਮੇਰੇ ਨਾਨਕੀ ਛੱਡ ਆਏ।

–0–

ਨਾਨਕੀਂ ਜਾ ਕੇ ਪਤਾ ਲੱਗਿਆ। ਭਾਪੇ ਤੇ ਬੀਬੀ ਨੂੰ ਪੁਲਿਸ ਲੈ ਗਈ ਸੀ। ਮਾਮਾ ਤਿੰਨੇ ਛੋਟੀਆਂ ਭੈਣਾਂ ਨੂੰ ਲੈ ਆਇਆ। ਛਿੰਦਾ ਬੁੱਗ ਹਸਪਤਾਲ ’ਚ ਬੇਹੋਸ਼ ਪਿਆ ਸੀ। ਕਿਸੇ ਨੂੰ ਸਮਝ ਨਹੀਂ ਲੱਗ ਰਹੀ ਸੀ। ਉਹਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਸਾਡੇ ਘਰ ਘਰ ਕੌਣ ਸਿੱਟ ਗਿਆ। ਜਿੱਥੋਂ ਭਾਪੇ ਨੂੰ ਫੜਿਆ ਉਹਨਾਂ ਗਵਾਹੀ ਦਿੱਤੀ, “ਭਾਗ ਮਿਸਤਰੀ ਤਾਂ ਸਵੇਰ ਦਾ ਕੰਮ ਤੇ ਸੀ।” ਬੀਬੀ ਦੀ ਬਾਂਹ ਟੁੱਟੀ ਹੋਈ ਸੀ ਉਹ ਏਨਾ ਜ਼ਖ਼ਮੀ ਨਹੀਂ ਕਰ ਸਕਦੀ। ਉਂਝ ਵੀ ਉਹ ਹਸਪਤਾਲ ਗਈ ਹੋਈ ਸੀ। ਉਥੋਂ ਆਉਂਦੀ ਨੂੰ ਹੀ ਉਹਨੂੰ ਪੁਲਿਸ ਨੇ ਚੱਕਿਆ ਸੀ। ਲੋਕ ਸੋਚਦੇ ਚਾਰੇ ਕੁੜੀਆਂ ਸਕੂਲ ਗਈਆਂ ਹੋਈਆਂ ਸੀ। ਬੀਬੀ-ਭਾਪੇ ਦੇ ਤਾਂ ਚਿੱਤ-ਚੇਤੇ ਵੀ ਨਹੀਂ ਮੈਂ ਇਹ ਸਭ ਕੁਝ ਕਰਕੇ ਭੱਜ ਗਈ ਆਂ।

ਮੇਰੀਆਂ ਛੋਟੀਆਂ ਭੈਣਾਂ ਨੇ ਦੱਸਿਆ, ਜਦੋਂ ਉਹ ਸਕੂਲੋਂ ਆਈਆਂ ਮੈਨੂੰ ਲੱਭ ਰਹੀਆਂ ਸੀ। ਉਹਨਾਂ ਤੂੜੀ ਆਲੇ ਕੋਠੇ ਵਿੱਚ ਲਾਸ਼ ਦੇਖੀ। ਰੋਂਦੀਆਂ ਬਾਹਰ ਨੂੰ ਭੱਜੀਆਂ। ਲੋਕ ਇਕੱਠੇ ਹੋ ਗਏ। ਖ਼ਬਰ ਅੱਗ ਵਾਂਗੂ ਸਾਰੇ ਪਿੰਡ ਵਿੱਚ ਫੈਲ ਗਈ। ਛਿੰਦਾ ਚੇਅਰਮੈਨ ਦਾ ਇਕੱਲਾ ਮੁੰਡਾ ਸੀ। ਉਹਨੂੰ ਗੱਡੀ ’ਚ ਪਾ ਕੇ ਹਸਪਤਾਲ ਲੈ ਗਏ। ਪੁਲਿਸ ਵੀ ਪਹੁੰਚ ਗਈ ਸੀ।

ਭਾਪਾ ਪੁਲਿਸ ਨੂੰ ਕਹੀ ਜਾਵੇ, “ਠਾਣੇਦਾਰ ਸਾਹਬ ਕੋਈ ਦੁਸ਼ਮਣੀ ਕੱਢਣ ਨੂੰ ਮੇਰੇ ਘਰ ਮਾਰ ਕੇ ਸਿੱਟ ਗਿਆ।”

ਕਈ ਦਿਨਾਂ ਬਾਅਦ ਜਦੋਂ ਛਿੰਦੇ ਨੇ ਸੁਰਤ ’ਚ ਆ ਕੇ ਬਿਆਨ ਦਿੱਤੇ ਤਾਂ ਲੋਕਾਂ ਨੂੰ ਅਸਲੀ ਗੱਲ ਦਾ ਪਤਾ ਲੱਗਾ। ਪੁਲਿਸ ਮੈਨੂੰ ਲੱਭਣ ਲੱਗੀ। ਭਾਪਾ ਬਿਆਨ ਦੇਣ ਲੱਗਾ, “ਮੇਰੀ ਕੁੜੀ ਦਾ ਕੰਮ ਨੀ। ਮੈਂ ਹੀ ਉਸਨੂੰ ਮਾਰਿਆ।”

ਪੁਲਿਸ ਮੈਨੂੰ ਫੜਨ ਲਈ ਰਿਸ਼ਤੇਦਾਰੀਆਂ ’ਚ ਛਾਪੇ ਮਾਰਨ ਲੱਗੀ। ਮਾਮੇ ਨੇ ਸੋਚਿਆ ਗੋਪਾਲਪੁਰ ਛੱਡ ਦਿੰਨੇ ਆ, ਉਥੇ ਪੁਲਿਸ ਨੂੰ ਛੱਕ ਨਹੀਂ ਪੈਣੀ। ਕਿਸੇ ਨੂੰ ਪਤਾ ਵੀ ਨਹੀਂ ਸਿਮਰ ਉਥੇ ਮੰਗੀ ਹੋਈ ਆ। ਭਾਵੇਂ ਸੱਗਾ-ਰੱਤਾ ਸਾਕ ਸੀ। ਪਰ ਹੋਰ ਕੋਈ ਚਾਰਾ ਵੀ ਨਹੀਂ ਸੀ। ਮਾਮੇ ਦੇ ਬਹੁਤਾ ਈ ਜ਼ੋਰ ਪਾਉਣ ਤੇ ਮਾਮੀ ਨੇ ਉਹਨਾਂ ਕੋਲੋਂ ਪੁੱਛ ਲਿਆ। ਉਹ ਮਾਮੀ ਦੇ ਰਿਸ਼ਤੇ ਵਿੱਚੋਂ ਭੈਣ ਦਾ ਮੁੰਡਾ ਹੀ ਸੀ।

-“ਸਿਮਰ ਨੂੰ ਕੁਝ ਦਿਨ ਰੱਖ ਲਵੋਂ। ਅਸੀਂ ਚਹੁੰਨੇ ਆ ਬਾਹਰੋ-ਬਾਹਰ ਜਮਾਨਤ ਹੋ ਜਾਵੇ। ਕਿੱਥੇ ਕੁੜੀ ਠਾਣਿਆਂ ’ਚ ਰੁਲੂ।” ਮਾਮੀ ਜੀ ਨੇ ਕਿਹਾ।

-“ਖੂਨੀ ਨੂੰ ਘਰ ਰੱਖ ਕੇ ਅਸੀਂ ਵੀ ਫਸਾਂਗੇ।” ਮੇਰਾ ਹੋਣ ਵਾਲਾ ਪਤੀ ਬੋਲਿਆ। ਜਿਹੜਾ ਮੇਰੇ ਮੂੰਹ ਦੇਖਦਾ ਅੱਖਾਂ ਨਹੀਂ ਸੀ ਝਮਕਦਾ।

-“ਹੁਣ ਸਾਡਾ ਥੋਡਾ ਕੋਈ ਰਿਸ਼ਤਾ ਨੀ ਭਾਈ। ਇਹੋ-ਜਿਹੀ ਕੁੜੀ ਨਾਲ ਵਿਆਹ ਕੇ ਮੁੰਡੇ ਨੂੰ ਖੂਹ ’ਚ ਧੱਕਾ ਦੇਈਏ।” ਮੇਰੀ ਹੋਣ ਵਾਲੀ ਸੱਸ ਨੇ ਜੁਆਬ ਦਿੱਤਾ ਸੀ। “ਇਹੋ ਜਿਹੇ ਕੇਸਾਂ ’ਚ ਬਾਹਰੋ-ਬਾਹਰ ਜ਼ਮਾਨਤ ਨੀ ਹੁੰਦੀ।”

–0–

ਬੀਬੀ ਨੂੰ ਤਾਂ ਪੁਲਿਸ ਨੇ ਰਿਹਾ ਕਰ ਦਿੱਤਾ। ਅਦਾਲਤ ਨੇ ਮੈਨੂੰ ਭਗੌੜਾ ਕਰਾਰ ਦੇ ਦਿੱਤਾ। ਮੈਨੂੰ ਆਤਮ-ਸਮਰਪਣ ਕਰਨਾ ਪਿਆ। ਪਤਾ ਨਹੀਂ ਮਾਮੇ ਨੇ ਕਿੱਥੋਂ ਲਿਆ ਕੇ ਵਕੀਲ ਨੂੰ ਪੈਸੇ ਦਿੱਤੇ।

ਕਚਿਹਰੀਆਂ ਤੋਂ ਬਾਹਰ ਭਾਪੇ ਨੇ ਜ਼ਿੰਦਗੀ ’ਚ ਪਹਿਲੀ ਵਾਰ ਮੈਨੂੰ ਗਲ ਨਾਲ ਲਾਇਆ, “ਸਿਮਰ ਚੰਗਾ ਕੀਤਾ, ਸਾਲੇ ਨੂੰ ਜਾਨੋਂ ਈ ਮਾਰ ਦੇਣਾ ਤੀ।”

ਮੇਰੀਆਂ ਭੁੱਬਾਂ ਨਿਕਲ ਗਈਆਂ

–0–

ਭਾਪੇ ਨੂੰ ਜ਼ਮਾਨਤ ਮਿਲ ਗਈ।

ਅਗਲੀ ਤਾਰੀਕ ਤੇ ਆਉਂਦਿਆਂ ਭਾਪੇ ਤੇ ਮਾਮੇ ਦੇ ਸਕੂਟਰ ਦਾ ਐਕਸੀਡੈਂਟ ਹੋ ਗਿਆ। ਭਾਪਾ ਪੂਰਾ ਹੋ ਗਿਆ। ਮਾਮਾ ਅਜੇ ਤੱਕ ਮੰਜੇ ਤੇ ਆ। ਪੈਸੇ ਪੂਰੇ ਨਾ ਮਿਲਣ ਕਰਕੇ ਵਕੀਲ ਨੇ ਕੇਸ ਲੜਨੋ ਨਾਂਹ ਕਰ ਦਿੱਤੀ। ਜੱਜ ਨੇ ਸਰਕਾਰੀ ਵਕੀਲ ਦਵਾ ਦਿੱਤਾ। ਸੱਤ ਸਾਲ ਦੀ ਸਜ਼ਾ ਹੋ ਗਈ।

ਗੁਨਾਹਗਾਰ ਬਾਹਰ ਹੋਰ ਕਬੂਤਰੀਆਂ ਫੜਦਾ ਫਿਰਦਾ ਸੀ।

–0–

ਜੇਲ੍ਹ ਦਾ ਮੇਰੇ ਮਨ ’ਚ ਬਹੁਤ ਹਊਆ ਸੀ। ਜੇਲ੍ਹ ’ਚ ਜਾ ਕੇ ਨਿੱਕਲ ਗਿਆ। ਅੰਦਰ ਜਾਂਦਿਆਂ ਹੀ ਲੰਬੜਦਾਰ ਔਰਤ ਨੇ ਪੁੱਛਿਆ, “ਕੀ ਕਰਕੇ ਆਈ ਏ?”

“ਤਿੰਨ ਸੌ ਸੱਤ ’ਚ।” ਮੈਂ ਹੌਲੀ ਜਿਹੇ ਕਿਹਾ। ਉਹ ਹੱਸ ਪਈ।

ਮੈਨੂੰ ਬੈਰਕ ਨੰਬਰ ਦੋ ਵਿੱਚ ਰੱਖਿਆ ਗਿਆ ਪਹਿਲਾਂ ਤਾਂ ਲੱਗੇ, “ਹਾਏ ਰੱਬਾ` ਮੈਂ ਕਿਹੋ ਜਿਹੇ ਥਾਂ ਆਗੀ।”

ਸਾਰੇ ਹੀ ਅਪਰਾਧੀ-ਵਿਰਤੀ ਦੇ ਲੋਕ। ਰਾਤ ਨੂੰ ਜੋ ਮੇਰੇ ਆਲੇ ਦੁਆਲੇ ਪੈਂਦੀਆਂ ਦੋਵਾਂ ਔਰਤਾਂ ਤੋਂ ਭੈਅ ਆਉਂਦਾ। ਇੱਕ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਪਤੀ ’ਤੇ ਬੱਚੇ ਨੂੰ ਮਾਰ ਦਿੱਤਾ ਸੀ। ਹੁਣ ਉਸ ਪ੍ਰੇਮੀ ਨੂੰ ਵੀ ਛੱਡਕੇ ਹੋਰ ਪ੍ਰੇਮੀ ਬਣਾ ਲਿਆ ਸੀ। ਦੂਜੀ ਤੀਮੀ ਦੇਹ-ਵਪਾਰ ਅਤੇ ਚਿੱਟਾ ਵੇਚਣ ਦੇ ਕੇਸ ਵਿੱਚ ਆਈ ਸੀ। ਉਹ ਮੈਨੂੰ ਦੱਸਦੀ, “ਇੱਕ ਕੰਮ ਕਰੋ, ਕਰੋ ਪੂਰੇ ਮਨ ਨਾਲ। ਦੋਵੇਂ ਪਾਸੇ ਲੱਤਾਂ ਅੜਾਉਣ ਕਰਕੇ ਮੈਂ ਫਸਗੀ। ਚਿੱਟਾ ਵੇਚਣ ਦਾ ਕੰਮ ਛੱਡ ਦੇਣਾ, ਬਹੁਤਾ ਰਿਸਕ ਆ। ਦੂਜਾ ਕਰੂਗੀ। ਤੂੰ ਮੈਨੂੰ ਜੇਲ੍ਹ ਤੋਂ ਬਾਹਰ ਮਿਲੀਂ। ਮੇਰਾ ਤੇਰੇ ਤੇ ਦਿਲ ਆ ਗਿਆ। ਤੈਨੂੰ ਭਾਬੀ ਬਣਾਉਣਾ। ਮੇਰਾ ਇੱਕ ਮੂੰਹ-ਬੋਲਾ ਭਾਈ ਆ। ਤੈਨੂੰ ਖ਼ੁਸ਼ ਰੱਖੂਗਾ। ਬਹੁਤ ਪਿਆਰ ਕਰੂਗਾ….।” ਉਹ ਬੋਲਣੋਂ ਨਾ ਹਟਦੀ।

ਮੈਂ ਪੜ੍ਹਨ ਦਾ ਫੈਸਲਾ ਕਰ ਲਿਆ। ਮੈਨੂੰ ਅਧਿਆਪਕ ਬਣਨ ਦਾ ਸ਼ੌਂਕ ਸੀ। ਪਲੱਸ ਟੂ ਦੇ ਪੇਪਰ ਦਿੱਤੇ, ਫਿਰ ਬੀ.ਏ., ਬੀ.ਐੱਡ. ਕਰਨ ਦਾ ਫੈਸਲਾ ਕਰ ਲਿਆ। ਜਦ ਮਨ ਬਹੁਤਾ ਉਦਾਸ ਹੁੰਦਾ। ਮੈਂ ਕੈਦੀ ਔਰਤ ਦੇ ਪੈਨਸਲ ਨਾਲ ਕਾਪੀ ਤੇ ਸਕੈਚ ਬਣਾਉਂਦੀ ਰਹਿੰਦੀ। ਉਹ ਦੇਖ ਕੇ ਬਹੁਤ ਖ਼ੁਸ਼ ਹੁੰਦੀਆਂ।

ਵਾਰਡਨਰ ਮੇਰੇ ਨਾਲ ਨੇੜਤਾ ਰੱਖਣ ਲੱਗੀ, ਉਹ ਮੈਨੂੰ ਸਮਝਾਉਣ ਲੱਗੀ, “ਸੁਪਰਡੈਂਟ ਤੇਰੇ ’ਚ ਰੁਚੀ ਦਿਖਾਉਂਦਾ। ਜਿਵੇਂ ਮੈਂ ਮੌਜਾਂ ਲੁੱਟਦੀ ਆ, ਜੇ ਤੈਂ ਮੌਜਾਂ ਲੁੱਟਣੀਆਂ ਨੇ ਤਾਂ ਦੱਸ, ਹਫ਼ਤੇ ’ਚ ਛੇ ਦਿਨ ਜੇਲ੍ਹ ਤੋਂ ਬਾਹਰ ਰਿਹਾ ਕਰੇਗੀ ਸਾਹਬ ਦੀ ਕੋਠੀ। ਉਹਦਾ ਤਲਾਕ ਦਾ ਕੇਸ ਚੱਲਦਾ ਤੇਰੇ ਨਾਲ ਵਿਆਹ ਕਰਵਾਲੂ।”

-“ਭੈਣੇ ਪਹਿਲਾਂ ਈ ਬਿਨਾਂ ਗੱਲੋਂ ਸਜ਼ਾ ਭੁਗਤ ਰਹੀ ਆ। ਮੈਥੋਂ ਹੋਰ ਖੂਨ ਨਾ ਕਰਵਾ ਦੀ।” ਕਹਿ ਕੇ ਮੈਂ ਪਰਾਂਹ ਨੂੰ ਤੁਰ ਗਈ ਸਾਂ।

ਜੇਲ੍ਹ ਸੁਪਰਡੈਂਟ ਜੇਲ੍ਹ ਕੱਟ ਰਹੀਆਂ ਤੀਮੀਆਂ ਜਿਹੜੀਆਂ ਉਹਨੂੰ ਚੰਗੀਆਂ ਲੱਗਦੀਆਂ ਇਸ ਔਰਤ ਰਾਹੀਂ ਲੈ ਜਾਂਦਾ। ਮੇਰੇ ’ਤੇ ਵੀ ਬਹੁਤ ਡੋਰੇ ਪਾਏ।

ਬੀ.ਐੱਡ. ਕਰਕੇ ਜਦੋਂ ਮੈਂ ਟੈੱਟ ਦਾ ਪੇਪਰ ਦੇਣਾ ਸੀ ਵਾਰਡਨਰ ਰਾਹੀਂ ਸੁਨੇਹਾ ਭੇਜਿਆ, “ਜੇ ਪੇਪਰ ਦੇਣਾ ਤਾਂ ਇੱਕ ਰਾਤ ਉਹਦੇ ਨਾਲ ਰਹਿਣਾ ਪਊ।”

–0–

ਮੇਰੀ ਮੁਲਾਕਾਤ ਨੂੰ ਆਈ ਬੀਬੀ ਦੱਸਦੀ ਸੀ, “ਬੰਤੂ ਬਾਣੀਏ ਤੋਂ ਭਾਪੇ ਨੇ ਪੈਸੇ ਫੜੇ ਸੀ। ਉਹਨੇ ਮਕਾਨ ਤੇ ਕਬਜ਼ਾ ਕਰ ਲਿਆ। ਚੇਅਰਮੈਨ ਨੇ ਸਾਨੂੰ ਪਿੰਡੋਂ ਉਜਾੜ ਦਿੱਤਾ।” ਬੀਬੀ ਨੇ ਸ਼ਹਿਰ ਦੇ ਪਛੜੇ ਜਿਹੇ ਇਲਾਕੇ ’ਚ ਕਮਰਾ ਕਿਰਾਏ ਤੇ ਲੈ ਲਿਆ। ਉਥੇ ਕਈ ਘਰਾਂ ਦਾ ਕੰਮ ਸਾਂਭ ਲਿਆ। ਕੁੜੀਆਂ ਜੁਆਨ ਹੋ ਰਹੀਆਂ ਸੀ। ਵੱਡੀ ਪ੍ਰੀਤੀ ਪੜ੍ਹਦੀ ਨਾਲੇ ਬੱਚਿਆਂ ਨੂੰ ਟਿਊਸ਼ਨਾਂ ਪੜ੍ਹਾਉਣ ਲੱਗੀ ਸੀ।

–0–

ਮੇਰਾ ਮਨਪਸੰਦ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਮਿਲ ਗਿਆ। ਫਰਵਰੀ ਵਿੱਚ ਮੇਰੀ ਰਿਹਾਈ ਹੋਗੀ। ਅਪ੍ਰੈਲ ’ਚ ਨਵੀਆਂ ਕਲਾਸਾਂ ਸ਼ੁਰੂ ਹੋਈਆਂ ‘ਸਨਫਲਾਵਰ’ ਸਕੂਲ ਵਿੱਚ ਪੜ੍ਹਾਉਣ ਲੱਗੀ। ਤਨਖਾਹ ਤਾਂ ਨਿਗੂਣੀ ਜਿਹੀ ਸੀ ਪਰ ਬੱਚਿਆਂ ’ਚ ਜਾ ਕੇ ਮਨ ਪਰਚਿਆ ਰਹਿੰਦਾ। ਮਾਂ ਬੁੱਢੀ ਹੋ ਰਹੀ ਸੀ। ਭੈਣਾਂ ਜੁਆਨ ਹੋ ਰਹੀਆਂ ਸੀ। ਘਰੇ ਜਾ ਕੇ ਟਿਊਸ਼ਨਾਂ ਪੜ੍ਹਾਉਣ ਤੇ ਤਸਵੀਰਾਂ ਬਣਾਉਣ ਲੱਗ ਜਾਂਦੀ।

ਪੜ੍ਹਾਉਣ ਵੇਲੇ ਬੱਚਿਆਂ ਨੂੰ ਸਮਝਾਉਣ ਲਈ ਬੋਰਡ ਤੇ ਬਣਾਈਆਂ ਤਸਵੀਰਾਂ ਪ੍ਰਿੰਸੀਪਲ ਸਰ ਨੇ ਦੇਖੀਆਂ। ਬਹੁਤ ਪ੍ਰਭਾਵਿਤ ਹੋਏ। ਉਹ ਕਲਾ ਨੂੰ ਪਿਆਰ ਕਰਨ ਵਾਲੇ ਸੀ। ਮੈਂ ਉਹਨਾਂ ਨੂੰ ਆਪਣੇ ਸ਼ੌਂਕ ਬਾਰੇ ਦੱਸਿਆ। ਦੂਜੇ ਦਿਨ ਘਰੋਂ ਲਿਆ ਕੇ ਤਸਵੀਰਾਂ ਦਿਖਾਈਆਂ।

-“ਵਾਹ ਜੀ ਵਾਹ` ਕਿੰਨੀਆਂ ਕੁ ਨੇ?” ਪ੍ਰਿੰਸੀਪਲ ਖ਼ੁਸ਼ ਹੁੰਦਿਆਂ ਪੁੱਛਦੇ ਨੇ।

-“ਸਰ ਜੀ ਵੀਹ ਕੁ ਹੋਰ ਨੇ।”

-“ਬਹੁਤ ਸਮਝ ਏ ਤੈਨੂੰ ਚਿੱਤਰਕਾਰੀ ਦੀ। ਸਾਨੂੰ ਮਾਣ ਆ ਕਿ ਸਾਡੇ ਸਕੂਲ ’ਚ ਪੜ੍ਹਾ ਰਹੀ ਏ। ਮੇਰਾ ਦੋਸਤ ਆ ਸੁਰਜੀਤ ਪਾਤਰ ਪੰਜਾਬ ਕਲਾ ਪ੍ਰੀਸ਼ਦ ਦਾ ਪ੍ਰਧਾਨ ਆ। ਉਹਨੂੰ ਕਹਿ ਕੇ ਤੇਰੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਵਾਂਗੇ।”

-“ਮੇਰੇ ਧੰਨਭਾਗ ਸਰ ਜੀ।” ਮੇਰੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ।

-“ਆਪਣੇ ਸਕੂਲ ਦੀ ਨਵੀਂ ਲੈਬ ਤਿਆਰ ਕਰਨੀ ਆ। ਤੁਸੀਂ ਉਸ ਦੀਆਂ ਕੰਧਾਂ ਤੇ ਆਪਣਾ ਕਮਾਲ ਜ਼ਰੂਰ ਦਿਖਾਓ। ਰੰਗ ਤੇ ਹੋਰ ਸਮਾਨ ਦੀ ਲਿਸਟ ਬਣਾ ਦੇਵੋ ਕੱਲ੍ਹ ਮੰਗਵਾ ਲਵਾਂਗੇ।”

-“ਠੀਕ ਆ ਸਰ ਜੀ।” ਕਿਸੇ ਨੇ ਮੇਰੇ ਕੰਮ ਦੀ ਕਦਰ ਪਾਈ ਸੀ। ਮੈਂ ਫੁੱਲੇ ਨਹੀਂ ਸਮਾ ਰਹੀ ਸਾਂ।

ਲੈਬ ਵਿੱਚ ਸਾਇੰਸ ਨਾਲ ਸੰਬੰਧਿਤ ਤਸਵੀਰਾਂ ਬਣਾ ਕੇ ਸਜ਼ਾ ਦਿੱਤਾ। ਜਦੋਂ ਪੀਅਰਡ ਵਿਹਲਾ ਹੁੰਦਾ, ਰੰਗ-ਬੁਰਸ਼ ਲੈ ਕੇ ਝੱਟ ਕਮਰੇ ’ਚ ਜਾ ਹਾਜ਼ਰ ਹੁੰਦੀ। ਭਾਵੇਂ ਇਸ ਕੰਮ ਦਾ ਮੈਨੂੰ ਕੁਝ ਨਹੀਂ ਮਿਲਣਾ ਪਰ ਇਹ ਮੇਰੀ ਪਸੰਦੀਦਾ ਕੰਮ ਸੀ।

–0–

ਲੈਬ ਤਿਆਰ ਹੋ ਗਈ। ਉਹਦੇ ਉਦਘਾਟਨ ਹੁਸ਼ਿਆਰ ਬੱਚਿਆਂ ਅਤੇ ਵਿਸ਼ੇਸ਼ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਇੱਕ ਸਮਾਗਮ ਰੱਖ ਕੇ ਪ੍ਰਿੰਸੀਪਲ ਨੇ ਚੇਅਰਮੈਨ ਨੂੰ ਬੁਲਾ ਲਿਆ। ਮੈਨੂੰ ਉਦੋਂ ਹੀ ਪਤਾ ਲੱਗਾ, ਜਦੋਂ ਉਹ ਰੀਬਨ ਕੱਟ ਰਿਹਾ ਸੀ। ਜੇ ਪਹਿਲਾਂ ਪਤਾ ਲੱਗ ਜਾਂਦਾ ਮੈਂ ਕਿਹੜਾ ਉਹਨੂੰ ਰੋਕ ਲੈਣਾ ਸੀ।

ਰੀਬਨ ਕੱਟ ਕੇ ਚੇਅਰਮੈਨ ਲੈਬ ਦੇਖ ਰਹੇ ਸੀ। ਤਸਵੀਰਾਂ ਦੇਖ ਉਹਦੀ ਤਾਰੀਫ਼ ਕਰਨ ਲੱਗਿਆ।

ਪ੍ਰਿੰਸੀਪਲ ਬੋਲੇ, “ਮੈਂ ਮਿਲਾਉਣਾ ਇਹਨਾਂ ਨੂੰ ਬਣਾਉਣ ਵਾਲੇ ਨੂੰ, ਸਿਮਰ ਮੈਡਮ।” ਕਹਿ ਕੇ ਆਵਾਜ਼ ਦਿੱਤੀ।

ਮੈਂ ਅਧਿਆਪਕਾਂ ਵਿੱਚ ਖੜ੍ਹੀ ਸਾਂ। ਆਪਣੇ ਥਾਂ ਤੋਂ ਨਹੀਂ ਹਿੱਲੀ। ਉਹਨੂੰ ਦੇਖ ਮੇਰੇ ਖੂਨ ਵਿੱਚ ਭਾਂਬੜ ਮੱਚ ਰਹੇ ਸੀ। ਜੀਅ ਕਰਦਾ ਇਹਦੇ ਟੋਟੇ ਕਰ ਦੇਵਾ। ਇਹਨਾਂ ਨੇ ਮੇਰੀ ਜ਼ਿੰਦਗੀ ਬਰਬਾਦ ਕਰਤੀ। ਭਾਪੇ ਦਾ ਕਤਲ ਕਰਵਾ ਦਿੱਤਾ। ਸਾਨੂੰ ਘਰੋਂ ਬੇਘਰ ਕਰਵਾ ਦਿੱਤਾ।

ਚੇਅਰਮੈਨ ਕਹਿ ਰਿਹਾ ਸੀ, “ਅਜਿਹਾ ਕਲਾਕਾਰ ਸਨਮਾਨ ਦਾ ਹੱਕਦਾਰ ਆ।”

ਪ੍ਰਿੰਸੀਪਲ ਨੇ ਅਧਿਆਪਕਾਂ ’ਚ ਖੜੀ ਵੱਲ ਇਸ਼ਾਰਾ ਕਰਕੇ ਕਿਹਾ, ਔਹ ਮੈਡਮ ਨੇ ਸਿਮਰ ਜੀਹਨੇ ਇਹ ਬਣਾਇਆ।

ਚੇਅਰਮੈਨ ਨੇ ਮੇਰੇ ਵੱਲ ਦੇਖਿਆ। ਮੇਰੀਆਂ ਅੱਖਾਂ ’ਚ ਮਘਦੇ ਅਗਿਆਰਿਆਂ ਨੂੰ ਦੇਖਿਆ। ਉਹਦੇ ਚਿਹਰੇ ਦਾ ਰੰਗ ਬਦਲ ਗਿਆ। ਹੱਥ ਖੜ੍ਹਾ ਕਰਕੇ ਉਹ ਅੱਗੇ ਤੁਰ ਗਿਆ। ਜੇ ਮੈਂ ਆਪਣੇ ਆਪ ਨੂੰ ਬਾਥਰੂਮ ’ਚ ਬੰਦ ਨਾ ਕਰਦੀ ਅੱਜ ਉਹਦਾ ਕਤਲ ਹੋ ਜਾਣਾ ਸੀ।

ਸਨਮਾਨ ਸਮਾਰੋਹ ਵਿੱਚ ਬੱਚਿਆਂ ਨੂੰ ਸਨਮਾਨਤ ਕਰਨ ਤੋਂ ਬਾਅਦ ਅਧਿਆਪਕਾਂ ਨੂੰ ਸਨਮਾਨਿਤ ਕਰ ਰਹੇ ਸੀ। ਬਾਥਰੂਮ ’ਚੋਂ ਨਿਕਲ ਕੇ ਸਕੂਲ ਤੋਂ ਬਾਹਰ ਆ ਗਈ। ਮਾਇਕ ਤੋਂ ਮੇਰਾ ਨਾਂ ਬੋਲਿਆ ਜਾ ਰਿਹਾ ਸੀ। ਜੀਅ ਕਰਦਾ ਜਾ ਕੇ ਕੁੱਤੇ ਦਾ ਜੁੱਤੀਆਂ ਨਾਲ ਭਾਗ ਲਾਹਦਾਂ। ਟੋਟੇ-ਟੋਟੇ ਕਰਦਾ। ਅਸੀਂ ਇਹਨਾਂ ਦਾ ਕੀ ਵਿਗਾੜਿਆ ਸੀ।

ਬੱਸ ਚੜ੍ਹ ਕੇ ਘਰ ਆ ਗਈ। ਜਾ ਕੇ ਮੰਜੇ ਤੇ ਡਿੱਗ ਪਈ।

–0–

ਦੂਜੇ ਦਿਨ ਪ੍ਰਿੰਸੀਪਲ ਨੇ ‘ਸਨਮਾਨ’ ਕਰਨ ਲਈ ਬੁਲਾ ਲਿਆ।

-“ਸਿਮਰ ਤੁਸੀਂ ਵਧੀਆ ਪੜ੍ਹਾਉਂਦੇ ਓ। ਪੇਟਿੰਗਾਂ ਬਣਾਉਣ ’ਚ ਤੁਹਾਡੇ ਹੱਥ ’ਚ ਬੁਰਸ ਰੱਬ ਦੀ ਬਖ਼ਸ਼ ਆ। ਬੱਚੇ ਅਤੇ ਉਹਨਾਂ ਦੇ ਮਾਪੇ ਤੁਹਾਨੂੰ ਪਸੰਦ ਕਰਦੇ ਨੇ। ਤੁਹਾਡੀ ਇੱਕ ਗੱਲ ਮਾੜੀ ਲੱਗੀ, ਤੁਸੀਂ ਆਪਣੇ ਬਾਰੇ ਜਾਣਕਾਰੀ ਸਾਡੇ ਤੋਂ ਲੁਕਾਉਣੀ ਨਹੀਂ ਸੀ।”

-“ਜੀ?”

-“ਸਜ਼ਾ ਕੱਟਣ ਵਾਲੀ ਗੱਲ ਤੁਸੀਂ ਦੱਸੀ ਨਹੀਂ। ਸਾਡੇ ਸਕੂਲ ਦਾ ਨਿਯਮ ਆ। ਕਿਸੇ ਵੀ ਅਪਰਾਧ ਦੀ ਸਜ਼ਾ ਕੱਟ ਕੇ ਆਏ ਮੁਜ਼ਰਮ ਨੂੰ ਨੌਕਰੀ ਤੇ ਨਹੀਂ ਰੱਖ ਸਕਦੇ। ਮੁਆਫ਼ ਕਰਨਾ ਇਹ ਬੱਚਿਆਂ ਦਾ ਮਾਮਲਾ। ….ਅਸਤੀਫ਼ਾ ਅਸੀਂ ਤੁਹਾਡੀ ਜੁਆਨਿੰਗ ਵੇਲੇ ਜੋ ਲਿਖਵਾਇਆ ਸੀ। ਉਹ ਅਸੀਂ ਮਨਜੂਰ ਕਰ ਲਿਆ। ਕੱਲ੍ਹ ਤੱਕ ਦੀ ਤਨਖਾਹ ਥੋਡੇ ਖਾਤੇ ’ਚ ਆ ਜਾਊਗੀ। ….ਚਾਹ ਪੀ ਕੇ ਜਾਣਾ।”

ਮੈਂ ਹੱਥ ਜੋੜ ਕੇ, ਉੱਠ ਆਈ ਸਾਂ।

–0–

ਘਰੇ ਜ਼ਹਿਰ ਖਾਣ ਨੂੰ ਪੈਸਾ ਨਹੀਂ। ਛੋਟੀਆਂ ਦੋ ਭੈਣਾਂ ਨੇ ਅੱਗੇ ਪੜ੍ਹਨ ਲੱਗਣਾ ਸੀ। ਮੇਰੇ ਕੋਲ ਟਿਊਸ਼ਨਾਂ ਮੇਰੇ ਸਕੂਲ ਦੇ ਬੱਚੇ ਹੀ ਪੜ੍ਹਦੇ ਸੀ। ਸਕੂਲੋਂ ਹਟਣ ਕਰਕੇ ਉਹ ਟਿਊਸ਼ਨ ਪੜ੍ਹਨੋਂ ਹਟ ਗਏ। ਬੀਬੀ ਨੇ ਘਰਾਂ ਦਾ ਕੰਮ ਸਾਂਭਿਆ ਹੋਇਆ। ਮੇਰੇ ਤੋਂ ਛੋਟੀ ਟਿਊਸ਼ਨ ਪੜ੍ਹਾਉਂਦੀ ਆ। ਇਹਦੇ ਨਾਲ ਘਰ ਦਾ ਕਿਰਾਇਆ, ਤੇ ਲੂਣ ਤੇਲ ਹੀ ਚੱਲਦਾ। ਅਸੀਂ ਛੋਟੀਆਂ ਭੈਣਾਂ ਲਈ ਨਿੱਕੇ ਮੋਟੇ ਕੰਮ ਲੱਭਣ ਲੱਗੇ।

ਤਸਵੀਰਾਂ ਦੀ ਪ੍ਰਦਰਸ਼ਨੀ ਦੀ ਚਿੱਠੀ ਆ ਗਈ। ਹੁਣ ਮੇਰਾ ਮਨ ਨਹੀਂ ਸੀ ਕਰਦਾ। ਦੁਨੀਆ ਇਹੋ-ਜਿਹੇ ਬੰਦਿਆਂ ਨਾਲ ਭਰੀ ਪਈ ਆ ਜੋ ਚੰਗੇ ਬਣੇ ਫਿਰਦੇ ਨੇ ਪਰ ਹੁੰਦੇ ਨਹੀਂ। ਪੰਜਾਹ ਦੇ ਲੱਗਭੱਗ ਤਸਵੀਰਾਂ ਬਣੀਆਂ ਪਈਆਂ ਸੀ। ਜੇ ਕੁਝ ਵਿਕ ਜਾਣ ਹੱਥ ਸੁਖਾਲਾ ਹੋ ਜਾਵੇ। ਇਸ ਦੇਸ਼ ਵਿੱਚ ਕਲਾ ਦੀ ਕਦਰ ਨਹੀਂ।

ਸਾਰੇ ਪਰਿਵਾਰ ਦੇ ਜ਼ੋਰ ਪਾਉਣ ਤੇ ਮੈਂ ਪਰਦਰਸ਼ਨੀ ਲਾਉਣ ਦਾ ਮਨ ਬਣਾ ਲਿਆ। ਇੱਕ ਦਿਨ ਦੀ ਪਰਦਰਸ਼ਨੀ ਸੀ। ਲੋਕਾਂ ਦਾ ਉਤਸ਼ਾਹ ਦੇਖ ਕੇ ਹੈਰਾਨ ਰਹਿ ਗਈ। ਕਈ ਤਸਵੀਰਾਂ ਵਿਕ ਗਈਆਂ। ਮੈਡੀਟੇਸ਼ਨ ਨਾਂ ਦੀ ਪੇਂਟਿੰਗ ਜਿਸ ਵਿੱਚ ਔਰਤ ਖਿੜ-ਖਿੜਾ ਕੇ ਹੱਸ ਰਹੀ ਸੀ। ਉਹਦੀਆਂ ਗੱਲ਼ਾਂ ਤੇ ਹੰਝੂ ਵਗੇ ਜਾ ਰਹੇ ਸੀ। ਦੋ ਲੱਖ ਦੀ ਵਿਕ ਗਈ। ਸਾਰੀਆਂ ਅਖ਼ਬਾਰਾਂ, ਟੀ.ਵੀ., ਸੋਸ਼ਲ ਮੀਡੀਆ ਤੇ ਮੇਰੀਆਂ ਤਸਵੀਰਾਂ ਦਾ ਚਰਚਾ ਸੀ।

ਘਰੇ ਆ ਕੇ ਬੀਬੀ ਨੂੰ ਦੱਸਿਆ। ਜੱਫੀ ਪਾ ਕੇ ਕਹਿੰਦੀ, “ਬਦਕਾਰ।” ਉਹਦੀਆਂ ਅੱਖਾਂ ’ਚੋਂ ਹੰਝੂ ਵਗਣ ਲੱਗੇ।

–0–