ਕਹਾਣੀ : ਮੁੜ ਵਿਧਵਾ- ਸੰਤ ਸਿੰਘ ਸੇਖੋਂ

*ਮੁੜ ਵਿਧਵਾ*
ਸੰਤ ਸਿੰਘ ਸੇਖੋਂ ਦੀ ਕਹਾਣੀ
ਸਾਰੀ ਉਮਰ ਕਾਮਯਾਬ ਸਿਆਸਤਦਾਨ ਬਣਨ ਦੀ ਇੱਛਾ ਰੱਖਣ ਦੇ ਬਾਵਜੂਦ ਅਸਫ਼ਲ ਰਹਿਣ ਵਾਲੇ ਪਰ ਲੇਖਕ ਵਜੋਂ ਕਮਾਲ ਦੀ ਸਫ਼ਲਤਾ ਹਾਸਲ ਕਰਨ ਵਾਲੇ ਬਹੁ-ਚਰਚਿਤ ਲੇਖਕ ਸੰਤ ਸਿੰਘ ਸੇਖੋਂ ਦਾ ਜਨਮ ਚੱਕ ਨੰਬਰ 70, ਜ਼ਿਲ੍ਹਾ ਲਾਇਲਪੁਰ ਵਿੱਚ ਸਰਦਾਰ ਹੁਕਮ ਸਿੰਘ ਦੇ ਘਰ ਹੋਇਆ। ਉਸਨੇ ਅੰਗਰੇਜ਼ੀ ਅਤੇ ਅਰਥ ਸ਼ਾਸਤਰ ਦੇ ਵਿਸ਼ਿਆਂ ਵਿੱਚ ਐਮ ਏ ਤੱਕ ਵਿਦਿਆ ਹਾਸਲ ਕੀਤੀ। ਪਹਿਲਾਂ ਉਸਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਬਤੌਰ ਲੈਕਚਰਾਰ ਪੜ੍ਹਾਉਣਾ ਸ਼ੁਰੂ ਕੀਤਾ ਅਤੇ ਪਿਛੋਂ ਜਾ ਕੇ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਅਤੇ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਪ੍ਰਿੰਸੀਪਲ ਦੀ ਸੇਵਾ ਵੀ ਨਿਭਾਈ। ਉਸਨੇ ਸ਼ੁਰੂ ਸ਼ੁਰੂ ਵਿੱਚ ਅੰਗਰੇਜ਼ੀ ਵਿੱਚ ਵੀ ਸਾਹਿਤ-ਰਚਨਾ ਕੀਤੀ ਅਤੇ 1939 ਵਿੱਚ ਲਾਹੌਰ ਤੋਂ ਇੱਕ ਅੰਗਰੇਜ਼ੀ ਪਰਚਾ ‘ਨਾਰਦਰਨ ਰੀਵੀਊ’ ਵੀ ਸ਼ੁਰੂ ਕੀਤਾ।
ਸੰਤ ਸਿੰਘ ਸੇਖੋਂ ਬਹੁਪੱਖੀ ਪ੍ਰਤਿਭਾ ਦਾ ਮਾਲਕ ਸੀ। ਉਸਨੇ ਪੰਜਾਬੀ ਆਲੋਚਨਾਂ, ਨਾਵਲ, ਨਾਟਕ ਅਤੇ ਕਹਾਣੀ ਦੇ ਖ਼ੇਤਰ ਵਿੱਚ ਨਵੀਆਂ ਦਿਸ਼ਾਵਾਂ ਖੋਜ ਕੇ ਲੇਖਕਾਂ ਦੀਆਂ ਸਭ ਪੀੜ੍ਹੀਆਂ ਲਈ ਮਾਰਗ-ਦਰਸ਼ਕ ਦਾ ਕੰਮ ਕੀਤਾ। ‘ਸਾਹਿਤਆਰਥ’ (ਆਲੋਚਨਾ), ਲਹੂ ਮਿੱਟੀ (ਨਾਵਲ), ਸਮਾਚਾਰ (ਕਹਾਣੀ-ਸੰਗ੍ਰਹਿ) ਉਸਦੀਆਂ ਇਤਿਹਾਸਕ ਅਤੇ ਕਲਾਸਿਕ ਮਹੱਤਵ ਵਾਲੀਆਂ ਮੁਢਲੀਆਂ ਰਚਨਾਵਾਂ ਆਖੀਆਂ ਜਾ ਸਕਦੀਆਂ ਹਨ। ਮੋਢੀ ਲੇਖਕ ਵਜੋਂ ਉਸਦੀ ਬਹੁਪੱਖੀ ਦੇਣ ਨੂੰ ਮੁੱਖ ਰੱਖਦਿਆਂ ਉਸਨੂੰ ਉਸਦੇ ਆਪਣੇ ਹੀ ਇੱਕ ਨਾਟਕ ਦੇ ਹਵਾਲੇ ਨਾਲ ‘ਪੰਜਾਬੀ ਸਾਹਿਤ ਦਾ ਬਾਬਾ ਬੋਹੜ’ ਵੀ ਕਿਹਾ ਜਾਂਦਾ ਹੈ। ਪੰਜਾਬੀ ਕਹਾਣੀ ਦੇ ਇਤਿਹਾਸ ਵਿੱਚ ਤਾਂ ਉਸਨੂੰ ਯਥਾਰਥਵਾਦੀ ਨਿੱਕੀ ਕਹਾਣੀ ਦਾ ਮੋਢੀ ਕਹਾਣੀਕਾਰ ਮੰਨਿਆਂ ਜਾਂਦਾ ਹੈ। ਆਪਣੀਆਂ ਪਹਿਲੀਆਂ ਦੋ ਕਹਾਣੀਆਂ ( ‘ਭੱਤਾ’ ਅਤੇ ‘ਕੀਟਾਂ ਅੰਦਰ ਕੀਟ’ ) ਰਾਹੀਂ ਉਸਨੇ ਆਧੁਨਿਕ ਨਿੱਕੀ ਹੁਨਰੀ ਕਹਾਣੀ ਦੀ ਨੀਂਹ ਰੱਖ ਦਿੱਤੀ। ‘ਭੱਤਾ’ ਕਹਾਣੀ ਲਿਖ ਕੇ ਉਸਨੇ ਮਨੁੱਖੀ ਅੰਤਰ ਮਨ ਵਿੱਚ ਉੱਠਦੀਆਂ ਤਰੰਗਾਂ ਦੀ ਮਨੋਵਿਗਿਆਨਕ ਅੱਕਾਸੀ ਕਰਨ ਦੀ ਪਿਰਤ ਪਾਈ ਅਤੇ ‘ਕੀਟਾਂ ਅੰਦਰ ਕੀਟ’ ਕਹਾਣੀ ਰਾਹੀਂ ਸਾਡੇ ਆਰਥਿਕ-ਸਮਾਜਿਕ ਸਰੋਕਾਰਾਂ ਨੂੰ ਕਲਾਤਮਕ ਜ਼ਬਾਨ ਦੇਣ ਦਾ ਮੁਢਲਾ ਉਪਰਾਲਾ ਕਰਕੇ ਆਉਣ ਵਾਲੇ ਲੇਖਕਾਂ ਲਈ ਕਹਾਣੀ ਰਚਨਾ ਦਾ ਇੱਕ ਮਾਡਲ ਪੇਸ਼ ਕੀਤਾ। ਆਕਾਰ-ਪਰਕਾਰ ਦੀ ਮੌਲਿਕਤਾ ਅਤੇ ਨਵੀਨਤਾ ਦੇ ਪੱਖੋਂ ਉਹ ਨਿਸਚਿਤ ਰੂਪ ਵਿੱਚ ਪੰਜਾਬੀ ਕਹਾਣੀ ਦਾ ਮੁੱਢਲਾ ਮੀਲ-ਪੱਥਰ ਹੈ। ਜਿੱਥੇ ਉਸਨੇ ਬੌਧਿਕ ਵਿਅੰਗ ਵਾਲੀਆਂ, ਆਕਾਰ ਦੇ ਪੱਖੋਂ ਸਾਂਭੀਆਂ ਸਿੱਕਰੀਆਂ ਸੰਕੇਤਿਕ ਕਹਾਣੀਆਂ ਦੀ ਸਿਰਜਣਾ ਕੀਤੀ ਓਥੇ ਉਸਨੇ ‘ਕੁਰਬਾਨੀ ਦਾ ਬੱਕਰਾ’ ਅਤੇ ‘ਜੱਗ ਤੇ ਜਿਊਣਾ ਕੂੜ ਉਨ੍ਹਾਂ ਦਾ’ ਜਿਹੀਆਂ ਲੰਮੇਂ ਆਕਾਰ ਦੀਆਂ ਕਹਾਣੀਆਂ ਦੀ ਸਿਰਜਣਾ ਕਰਕੇ ‘ਲੰਮੀ-ਨਿੱਕੀ ਕਹਾਣੀ’ ਦਾ ਵੀ ਇੱਕ ਨਿਸਚਿਤ ਮਿਆਰ ਕਾਇਮ ਕਰ ਦਿੱਤਾ। ਉਸਦੇ ਕਹਾਣੀ ਸੰਗ੍ਰਹਿ ਇਸ ਪਰਕਾਰ ਹਨ: ਸਮਾਚਾਰ-1943, ਕਾਮੇ ਤੇ ਯੋਧੇ-1948, ਅੱਧੀ ਵਾਟ-1951, ਤੀਜਾ ਪਹਿਰ-1956, ਸਿਆਣਪਾਂ-1981æ’ਮੀਂਹ ਜਾਵੋ ਹਨੇਰੀ ਜਾਵੋ’, ‘ਮੁੜ ਵਿਧਵਾ’, ‘ਪੇਮੀ ਦੇ ਨਿਆਣੇ’, ‘ਹਲਵਾਹ’ ਉਸਦੀਆਂ ਬਹੁ-ਚਰਚਿਤ ਕਹਾਣੀਆਂ ਹਨ। ਉਸਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਉਸਦੇ ਨਾਟਕ ‘ਮਿੱਤਰ ਪਿਆਰਾ’ ਲਈ ਪ੍ਰਾਪਤ ਹੋਇਆ।
ਕਹਾਣੀ ਬਾਰੇ:
ਸਾਡੇ ਵਡੇਰੇ ਜਿਸ ‘ਦਿਲ’ ਨੂੰ ‘ਦਰਿਆ’ ਆਖਦੇ ਸਨ ਅਤੇ ਇਸਦੀਆਂ ਡੁੰਘਾਣਾਂ ਨੂੰ ‘ਸਮੁੰਦਰੋਂ ਡੂੰਘਾ’ ਸਮਝਦੇ ਹੋਏ ਉਸਨੂੰ ਜਾਣ ਅਤੇ ਸਮਝ ਸਕਣ ਦੀ ਮਨੁੱਖੀ ਸੀਮਾ ਨੂੰ ਸਵੀਕਾਰ ਕਰਦੇ ਸਨ; ਗਿਆਨ ਤੇ ਮਨੋਵਿਗਿਆਨ ਦੀਆਂ ਖੋਜਾਂ ਨੇ ਓਸੇ ਮਨੁੱਖੀ ਮਨ ਦੀਆਂ ਅਨੇਕਾਂ ਲੁਕੀਆਂ ਪਰਤਾਂ ਨੂੰ ਵੇਖਣ, ਸਮਝਣ ਅਤੇ ਉਹਨਾਂ ਦੀ ਵਿਆਖਿਆ ਕਰਨ ਦੀ ਸੂਝ ਦਿੱਤੀ। ਸਾਡੇ ਮੁਢਲੇ ਪੰਜਾਬੀ ਕਥਾਕਾਰਾਂ ਵਿੱਚ ਸੰਤ ਸਿੰਘ ਸੇਖੋਂ ਇੱਕ ਅਜਿਹਾ ਪਰਮੁੱਖ ਨਾਂ ਹੈ ਜਿਸ ਨੇ ਮਨੁੱਖੀ ਅੰਤਰ-ਮਨ ਵਿੱਚ ਲੁਕੀਆਂ ਤਰੰਗਾਂ, ਅਕਾਂਖਿਆਵਾਂ, ਤ੍ਰਿਪਤੀਆਂ-ਅਤ੍ਰਿਪਤੀਆਂ ਨੂੰ ਸਮਝਣ ਅਤੇ ਸਾਹਿਤ-ਰੂਪ ਵਿੱਚ ਪੇਸ਼ ਕਰਨ ਦਾ ਸਫ਼ਲ ਉਪਰਾਲਾ ਹੀ ਨਹੀਂ ਕੀਤਾ ਸਗੋਂ ਕਾਮ ਅਤੇ ਪ੍ਰੇਮ ਸੰਬੰਧਾਂ ਨਾਲ ਜੁੜੇ ਸਦਾਚਾਰਕ ਵਿਧਾਨ ਨੂੰ ਮੋਕਲਾ ਵੀ ਕੀਤਾ। ਇਸ ਤੋਂ ਪਹਿਲਾਂ ਔਰਤ-ਮਰਦ ਸੰਬੰਧਾਂ ਨੂੰ ਅਕਸਰ ਜਾਗੀਰੂ ਸਮਾਜਕ-ਸਭਿਆਚਾਰਕ ਮੁੱਲ-ਵਿਧਾਨ ਦੇ ਚੌਖਟੇ ਵਿੱਚ ਰੱਖ ਕੇ ਹੀ ਸਮਝਿਆ ਜਾਂਦਾ ਸੀ ਪਰ ਸੰਤ ਸਿੰਘ ਸੇਖੋਂ, ਕਰਤਾਰ ਸਿੰਘ ਦੁੱਗਲ ਅਤੇ ਉਹਨਾਂ ਤੋਂ ਵੀ ਪਹਿਲਾਂ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਨੇ ਇਹਨਾਂ ਸੰਬੰਧਾਂ ਨੂੰ ਇੱਕ ਸਰੀਰਕ ਅਤੇ ਮਾਨਵੀ ਲੋੜ ਵਜੋਂ ਪੇਸ਼ ਕੀਤਾ ਅਤੇ ਕਾਮ ਅਤੇ ਪ੍ਰੇਮ ਸੰਬੰਧਾਂ ਦੇ ਸਾਹਿਤ ਨੂੰ ਸਹਿਜ ਸਵੀਕ੍ਰਿਤੀ ਦਿਵਾਈ।
ਇਸ ਕਹਾਣੀ ਵਿੱਚ ਅਜਨਬੀ ਨੌਜਵਾਨ ਆਪਣੇ ਰੇਲ ਦੇ ਸਫ਼ਰ ਦੌਰਾਨ ਕੇਵਲ ਕੁਝ ਸਮੇਂ ਲਈ ਵੀਹਾਂ ਕੁ ਸਾਲਾਂ ਦੀ ਵਿਧਵਾ ਮੁਟਿਆਰ ਨੂੰ ਮਿਲਦਾ ਹੈ। ਮੁਟਿਆਰ ਦੇ ਪਤੀ ਦੀ ਮੌਤ ਹੋਈ ਨੂੰ ਅਜੇ ਅੱਠ ਕੁ ਮਹੀਨੇ ਹੀ ਹੋਏ ਹਨ। ਜ਼ਾਹਿਰ ਹੈ ਕਿ ਉਹ ਦੁਖੀ ਅਤੇ ਉਦਾਸ ਹੈ ਪਰ ਉਸ ਅਜਨਬੀ ਨੌਜਵਾਨ ਵੱਲੋਂ ਉਸ ਵਿੱਚ ਦਿਖਾਈ ਜਾਂਦੀ ਉਚੇਚੀ ਦਿਲਚਸਪੀ ਕਾਰਨ ਉਸਦੇ ਜਵਾਨ ਜਜ਼ਬੇ ਟੁੰਬੇ ਜਾਂਦੇ ਹਨ ਅਤੇ ਉਹ ਦੋਵੇਂ ਇੱਕ ਦੂਜੇ ਵੱਲ ਆਕਰਸ਼ਿਤ ਹੁੰਦੇ ਹਨ। ਵਿਰੋਧੀ ਲਿੰਗ ਵਾਲੇ ਜਵਾਨ ਦਿਲਾਂ ਦੀ ਇੱਕ ਦੂਜੇ ਪ੍ਰਤੀ ਸਰੀਰਕ ਅਤੇ ਮਾਨਸਿਕ ਖਿੱਚ ਇੱਕ ਮਨੋਵਿਗਿਆਨਕ ਹਕੀਕਤ ਹੈ। ਪਰ ਸਾਡੇ ਸਮਾਜਕ ਅਤੇ ਸਦਾਚਾਰਕ ਵਿਧਾਨ ਮੁਤਾਬਕ ਵਿਧਵਾ ਮੁਟਿਆਰ ਲਈ ਕਿਸੇ ਪਰਾਏ ਮਰਦ ਵਾਸਤੇ ਅਜਿਹਾ ਸਰੀਰਕ ਆਕਰਸ਼ਣ ਵਰਜਿਤ ਅਤੇ ਨਿੰਦਣਯੋਗ ਸਮਝਿਆ ਜਾਵੇਗਾ ਪਰ ਲੇਖਕ ਅਜਿਹੀ ਵਰਜਨਾ ਤੋਂ ਪਾਰ ਜਾ ਕੇ ਵਿਧਵਾ ਮੁਟਿਆਰ ਦੇ ਉਸ ਨੌਜਵਾਨ ਨਾਲ ਅਲਪ-ਕਾਲੀ ਰਿਸ਼ਤੇ ਨੂੰ, ਬਗੈਰ ਕਿਸੇ ਨਿੰਦਾ-ਭਾਵ ਦੇ, ਸਹਿਜ ਸਵੀਕ੍ਰਿਤੀ ਦਿੰਦਾ ਹੈ। ਲੇਖਕ ਉਸ ਨੌਜਵਾਨ ਅਤੇ ਵਿਧਵਾ ਕੁੜੀ ਦੇ ਮਨਾਂ ਅੰਦਰ ਪੈਦਾ ਹੋ ਰਹੇ ਮਨੋਭਾਵਾਂ ਨੂੰ ਕਿਸੇ ਸਮਾਜਕ, ਸਦਾਚਾਰਕ ਪੈਂਤੜੇ ਤੋਂ ਨਹੀਂ ਵੇਖਦਾ ਸਗੋਂ ਉਹਨਾਂ ਦੇ ਮਾਨਵੀ ਆਪੇ ਦੀ ਸੁਭਾਵਿਕ ਲੋੜ ਵਜੋਂ ਵਾਚਦਾ ਹੈ। ਉਹ ਉਹਨਾਂ ਦੇ ਇਸ ਆਪਸੀ ਖਿੱਚ ਵਾਲੇ ਵਿਹਾਰ ਨੂੰ ਕਿਸੇ ਪ੍ਰਕਾਰ ਦੀ ਸਾਧੂਵਾਦੀ ਨੈਤਿਕਤਾ ਨਾਲ ਜੋੜਨ ਦੀ ਬਜਾਇ ਮਨੁੱਖੀ ਮਨ ਦੇ ਤਰਲ ਅਤੇ ਸੁਭਾਵਕ ਮਾਨਵੀ ਵਿਹਾਰ ਵਜੋਂ ਗ੍ਰਹਿਣ ਕਰਦਾ ਹੈ। ਕਿਸੇ ‘ਮੁੱਲਵਾਦੀ’ ਦ੍ਰਿਸ਼ਟੀ ਤੋਂ ਉਸ ਲਈ ਉਹ ਦੋਵੇਂ ਪਾਤਰ ਨਾ ਚੰਗੇ ਹਨ ਤੇ ਨਾ ਹੀ ਬੁਰੇ। ਉਹ ਤਾਂ ਸਿਰਫ਼ ਇਨਸਾਨ ਹਨ ਅਤੇ ਇਹ ਇਨਸਾਨੀ ਪਛਾਣ ਹੀ ਕਹਾਣੀ ਦੀ ਅਸਲੀ ਤਾਕਤ ਹੈ। ਲੇਖਕ ਦੀ ਦ੍ਰਿਸ਼ਟੀ ਵਿੱਚ ਭਰ ਜਵਾਨੀ ਵਿੱਚ ਵਿਧਵਾ ਹੋ ਜਾਣ ਅਤੇ ਚਿੱਟੇ ਕੱਪੜੇ ਪਹਿਨ ਲੈਣ ਨਾਲ ਉਸ ਮੁਟਿਆਰ ਅੰਦਰਲੇ ਰੰਗੀਨ ਜਜ਼ਬੇ ਅਸਲੋਂ ਹੀ ਮਰ-ਮੁੱਕ ਨਹੀਂ ਗਏ। ਸਿਖ਼ਰਲੀ ਜਵਾਨ ਉਮਰ ਦੀਆਂ ਆਪਣੀਆਂ ਸਰੀਰਕ ਅਤੇ ਮਾਨਸਿਕ ਲੋੜਾਂ ਹੁੰਦੀਆਂ ਹਨ। ਵਰਜਨਾ ਨਾਲ ਇਹਨਾਂ ਅਤ੍ਰਿਪਤ ਅਕਾਂਖਿਆਵਾਂ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਇਹਨਾਂ ਦੀ ਸਹਿਜ ਪੂਰਤੀ ਨੂੰ ਸਰੀਰਕ ਅਤੇ ਮਨੋਵਿਗਿਆਨਕ ਪੱਖ ਤੋਂ ਗ਼ੈਰ-ਵਾਜਬ ਨਹੀਂ ਠਹਿਰਾਇਆ ਜਾ ਸਕਦਾ। ਲੇਖਕ ਦੀ ਦ੍ਰਿਸ਼ਟੀ ਦੀ ਵਿਸ਼ੇਸ਼ਤਾ ਇੱਕ ਜਵਾਨ ਜਿਸਮ ਦੀ ਦੂਜੇ ਜਵਾਨ ਜਿਸਮ ਵੱਲ ਖਿੱਚ ਦੀ ਮਨੋਵਿਗਿਆਨਕ ਹਕੀਕਤ ਨੂੰ ਸਮਝਣ ਅਤੇ ਇਸ ਖਿੱਚ ਨੂੰ ਸਹਿਜ ਤੇ ਵਾਜਬ ਠਹਿਰਾਉਣ ਵਿੱਚ ਹੈ। ਔਰਤ ਲਈ ਮਰਦ ਦਾ ਅਤੇ ਮਰਦ ਲਈ ਔਰਤ ਦਾ ਸਰੀਰਕ ਅਤੇ ਮਾਨਸਿਕ ਸਾਥ ਅਨਿਵਾਰੀ ਹੈ। ਇੱਕ ਦੂਜੇ ਦੇ ਸਾਥ ਬਿਨਾਂ ਉਹ ਅਧੂਰੇ ਅਤੇ ਅਤ੍ਰਿਪਤ ਹਨ। ਵਿਧਵਾ ਮੁਟਿਆਰ ਦੀ ਮਾਂ ਵੀ ਦਸ ਸਾਲ ਪਹਿਲਾਂ, ਜਦੋਂ ਇਹ ਮੁਟਿਆਰ ਦਸ ਕੁ ਸਾਲ ਦੀ ਬਾਲੜੀ ਹੋਵੇਗੀ, ਵਿਧਵਾ ਹੋ ਗਈ ਸੀ। ਦੋਵੇਂ ਮਾਵਾਂ-ਧੀਆਂ ਮਰਦ ਤੋਂ ਬਿਨਾਂ ‘ਇਕੱਲੀਆਂ’ ਮਹਿਸੂਸ ਕਰਦੀਆਂ ਹਨ।
ਕਹਾਣੀ ਵਿੱਚ ਹੋਰ ਵੀ ਅਣਕਿਹਾ ਸੁਨੇਹਾ ਮੌਜੂਦ ਹੈ। ਵੀਹਵੀਂ ਸਦੀ ਦੇ ਪਹਿਲੇ ਕੁਝ ਦਹਾਕੇ ਅਜਿਹੇ ਸਨ ਜਦੋਂ ਸਾਡੇ ਸਮਾਜ ਵਿੱਚ ਵਿਧਵਾ-ਵਿਆਹ ਦੀ ਆਗਿਆ ਨਹੀਂ ਸੀ। ਜਵਾਨ ਉਮਰੇ ਵਿਧਵਾ ਹੋ ਗਈਆਂ ਔਰਤਾਂ ਨੂੰ ਆਪਣਾ ਸਾਰਾ ਜੀਵਨ ਅਤ੍ਰਿਪਤੀ ਦੀ ਅੱਗ ਵਿੱਚ ਸੜਦਿਆਂ ਗੁਜ਼ਾਰਨਾ ਪੈਂਦਾ ਸੀ। ਕਹਾਣੀ ਦੇ ਵੇਰਵੇ ਦੱਸਦੇ ਹਨ ਕਿ ਵਿਧਵਾ ਮੁਟਿਆਰ ਦੀ ਮਾਂ ਨੇ ਵੀ ਆਪਣੇ ਪਤੀ ਦੀ ਮੌਤ ਤੋਂ ਪਿੱਛੋਂ ਵਿਆਹ ਨਹੀਂ ਕਰਵਾਇਆ। ਇਸ ਪਰਕਾਰ ਲੇਖਕ ਇਕਤਰ੍ਹਾਂ ਵਿਧਵਾ-ਵਿਆਹ ਦੇ ਹੱਕ ਵਿੱਚ ‘ਖ਼ਾਮੋਸ਼-ਆਵਾਜ਼’ ਉਠਾ ਰਿਹਾ ਹੈ। ਉਸ ਅਨੁਸਾਰ ਔਰਤ-ਮਰਦ ਦਾ ਕੁਝ ਪਲਾਂ ਦਾ ਆਕਰਸ਼ਕ ਸਾਥ ਵੀ ਜੇ ਤਨ-ਮਨ ਨੂੰ ਖ਼ੁਸ਼ੀ ਦੇਣ ਵਾਲਾ ਹੈ ਤਾਂ ਅਜਿਹੇ ਅਲਪ-ਕਾਲੀ ਰਿਸ਼ਤੇ ਨੂੰ ਵੀ ਇੱਕ ਪਰਕਾਰ ਦਾ ‘ਵਿਆਹੁਤਾ-ਰਿਸ਼ਤਾ’ ਆਖਿਆ ਜਾ ਸਕਦਾ ਹੈ। ਇਹਨਾਂ ਪਲਾਂ ਵਿੱਚ ਉਹ ਮੁਟਿਆਰ ‘ਸੁਹਾਗ ਦਾ ਮਾਸੂਮ ਆਨੰਦ’ ਪ੍ਰਾਪਤ ਕਰਦੀ ਹੈ। ਅਜਿਹੇ ‘ਮਾਸੂਮ ਆਨੰਦ’ ਦੀ ਪ੍ਰਾਪਤੀ ਵਿੱਚ ਲੇਖਕ ਨੂੰ ਕੁਝ ਵੀ ਗੈਰ-ਸਦਾਚਾਰਕ ਜਾਂ ਅਵੈਧ ਨਹੀਂ ਲੱਗਦਾ। ਇਹੋ ਕਾਰਨ ਹੈ ਕਿ ਉਸ ਅਜਨਬੀ ਨੌਜਵਾਨ ਨਾਲ ਕੁਝ ਪਲਾਂ ਦੇ ਆਪਸੀ-ਆਕਰਸ਼ਣ ਵਿਚੋਂ ਪ੍ਰਾਪਤ ਹੋਈ ਖ਼ੁਸ਼ੀ ਦੇ ਖੁੱਸ ਜਾਣ ਸਦਕਾ ਉਹ ਮੁਟਿਆਰ ਆਪਣੇ ਆਪ ਨੂੰ ‘ਮੁੜ ਵਿਧਵਾ’ ਹੋਈ ਸਮਝਣ ਲੱਗ ਪੈਂਦੀ ਹੈ।
ਕਹਾਣੀ ਇੱਕ ਹੋਰ ਮਨੋਵਿਗਿਆਨਕ ਸੱਚ ਨੂੰ ਵੀ ਪੇਸ਼ ਕਰਦੀ ਹੈ ਕਿ ਮਨੁੱਖ ਕੇਵਲ ਸਾਲਾਂ ਵਿੱਚ ਹੀ ਨਹੀਂ ਜਿਊਂਦਾ ਸਗੋਂ ਘੜੀਆਂ ਪਲਾਂ ਵਿੱਚ ਵੀ ਜਿਊਂਦਾ ਹੈ। ਕਹਾਣੀ ‘ਪਲਾਂ’ ਵਿੱਚ ਜਿਊਣ ਵਾਲੇ ਮਨੁੱਖ ਦੇ ਤਰਲ ਆਪੇ ਦਾ ਬਿਰਤਾਂਤ ਵੀ ਹੈ ਅਤੇ ਭੂਤਕਾਲ ਦੇ ਫਿਕਰਾਂ ਅਤੇ ਭਵਿੱਖ ਦੀਆਂ ਚਿੰਤਾਵਾਂ ਤੋਂ ਮੁਕਤ ਹੋ ਕੇ ਵਰਤਮਾਨ ਵਿੱਚ ਜਿਊਣ ਅਤੇ ਉਸਨੂੰ ਮਾਨਣ ਦਾ ਸੁਨੇਹਾਂ ਵੀ ਦਿੰਦੀ ਹੈ।
ਕਹਾਣੀ ਵਿਚਲਾ ਸਾਰਾ ਕਾਰਜ ਰੇਲ ਦੇ ਸਫ਼ਰ ਦੌਰਾਨ ਵਾਪਰਦਾ ਹੈ। ਇਥੇ ਹੀ ਨੌਜਵਾਨ ਅਤੇ ਵਿਧਵਾ-ਮੁਟਿਆਰ ਅਤੇ ਉਸਦੀ ਮਾਂ ਆਪਸ ਵਿੱਚ ਮਿਲਦੇ ਹਨ। ਉਹਨਾਂ ਦਾ ਇੱਕ ਦੂਜੇ ਨਾਲ ਰਿਸ਼ਤਾ ਓਨੇ ਸਮੇਂ ਦਾ ਹੀ ਹੈ, ਜਿੰਨਾਂ ਚਿਰ ਉਹ ਸਫ਼ਰ ਵਿੱਚ ਇਕੱਠੇ ਹਨ। ਨੌਜਵਾਨ ਦੇ ਉਹਨਾਂ ਦੇ ਡੱਬੇ ਵਿੱਚ ਵੜਨ ਤੋਂ ਲੈ ਕੇ ਡੱਬੇ ਵਿਚੋਂ ਉਤਰ ਜਾਣ ਤੱਕ ਦੇ ਸਮੇਂ ਵਿੱਚ ਇਹ ਰਿਸ਼ਤਾ ਬਣਦਾ ਅਤੇ ਫਿਰ ਖ਼ਤਮ ਹੋ ਜਾਂਦਾ ਹੈ। ਕਹਾਣੀ ਦਾ ਵਾਪਰਨ-ਸਥਾਨ ਵੀ ਰੇਲ ਦਾ ਡੱਬਾ ਹੀ ਹੈ। ਇੰਜ ਇਸ ਕਹਾਣੀ ਵਿੱਚ ਸਮੇਂ, ਸਥਾਨ ਅਤੇ ਕਾਰਜ ਦੀ ਏਕਤਾ ਵੀ ਵੇਖੀ ਜਾ ਸਕਦੀ ਹੈ। ਨਵੀਂ ਪੰਜਾਬੀ ਕਹਾਣੀ ਭਾਵੇਂ ਹੁਣ ‘ਸਮੇਂ, ਸਥਾਨ ਅਤੇ ਕਾਰਜ ਦੀ ਏਕਤਾ’ ਨੂੰ ਕਹਾਣੀ-ਵਿਧਾ ਦੇ ਇੱਕ ਪੱਕੇ-ਪੀਡੇ ਨਿਯਮ ਵਜੋਂ ਸਵੀਕਾਰ ਨਹੀਂ ਕਰਦੀ ਪਰ ਮੁਢਲੇ ਪੰਜਾਬੀ ਕਹਾਣੀਕਾਰ ਇਸ ‘ਏਕਤਾ’ ਵੱਲ ਉਚੇਚਾ ਧਿਆਨ ਦਿੰਦੇ ਸਨ। ‘ਨਿੱਕੀ ਕਹਾਣੀ’ ਦੇ ਅਕਾਦਮਿਕ ਬੰਧੇਜ ਦਾ ਪ੍ਰਗਟਾਵਾ ਕਰਨ ਲਈ ਆਲੋਚਕਾਂ ਵੱਲੋਂ ਜਿਹੜੀਆਂ ਉਕਤੀਆਂ ਅਕਸਰ ਦੁਹਰਾਈਆਂ ਜਾਂਦੀਆਂ ਸਨ ਉਹਨਾਂ ਵਿਚੋਂ ਇੱਕ ਉਕਤੀ ਇਹ ਸੀ ਕਿ: ‘ਨਿੱਕੀ ਕਹਾਣੀ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਦਾ ਸਫ਼ਰ ਹੈ।’ ‘ਮੁੜ ਵਿਧਵਾ’ ਨੂੰ ਉਸ ਅਕਾਦਮਿਕ ਬੰਧੇਜ ਦੀ ਪ੍ਰਮਾਣਕ ਉਦਾਹਰਣ ਵਜੋਂ ਵੀ ਪੇਸ਼ ਕੀਤਾ ਜਾ ਸਕਦਾ ਹੈ।
000 000 000 000 000
ਮੁੜ ਵਿਧਵਾ
ਗੱਡੀ ਤੁਰਨ ਦੀ ਉਡੀਕ ਵਿੱਚ ਉਹ ਪਲੈਟਫ਼ਾਰਮ ਉਤੇ ਇਧਰ ਉਧਰ ਫਿਰ ਰਿਹਾ ਸੀ, ਜਿਵੇਂ ਕਿਸੇ ਦੀ ਭਾਲ ਕਰ ਰਿਹਾ ਹੋਵੇ। ਗੱਡੀ ਦੇ ਵੱਖ ਵੱਖ ਡੱਬਿਆਂ ਵਿੱਚ ਉਸਨੇ ਲਗਭਗ ਸਾਰੇ ਚਿਹਰੇ ਮੁਹਰੇ ਚੰਗੀ ਤਰ੍ਹਾਂ ਤੱਕ ਲਏ ਸਨ, ਪਰ ਪੋਸਟ-ਗਰੈਜੂਏਟ ਵਿਦਿਆਰਥੀ ਹੋਣ ਕਰਕੇ ਉਹ ਕੋਈ ਅਨੋਖੀ ਰੁਚੀ ਰੱਖਦਾ ਸੀ।
ਫਿਰ ਉਸਦੀਆਂ ਅੱਖਾਂ ਅੰਦਰ ਔਣ ਵਾਲੇ ਦਰਵਾਜ਼ੇ ਵੱਲ ਗਈਆਂ ਤਾਂ ਜੋ ਉਹ ਪਲੈਟਫ਼ਾਰਮ ਉੱਤੇ ਔਣ ਵਾਲੇ ਬੰਦਿਆਂ ਨੂੰ ਦੇਖ ਸਕੇ। ਉਸ ਨੂੰ ਦੋ ਇਸਤ੍ਰੀਆਂ ਅੰਦਰ ਔਂਦੀਆਂ ਨਜ਼ਰੀਂ ਪਈਆਂ, ਇੱਕ ਬੁੱਢੀ, ਤਕਰੀਬਨ ਪੰਜਾਹ ਕੁ ਸਾਲਾਂ ਦੀ ਅਤੇ ਦੂਸਰੀ ਨੌਜਵਾਨ, ਕੋਈ ਵੀਹਾਂ ਕੁ ਸਾਲਾਂ ਦੀ, ਜਿਹਨੇ ਇੱਕ ਵਰ੍ਹੇ ਕੁ ਦਾ ਬੱਚਾ ਕੁੱਛੜ ਚੁਕਿਆ ਹੋਇਆ ਸੀ। ਉਸ ਨੇ ਇਸ ਸੁੰਦਰੀ ਵਲ ਕੁੱਝ ਚਿਰ ਬੜੀ ਗਹੁ ਨਾਲ ਵੇਖਿਆ ਅਤੇ ਕੋਈ ਹਾਵ-ਭਾਵ ਪਰਤੀਤ ਕੀਤਾ, ਜਿਸ ਤੋਂ ਉਸਦੇ ਦਿਲ ਵਿੱਚ ਕਿਸੇ ਆਸ ਤੇ ਪਿਆਰ ਦੀ ਕੋਮਲਤਾ ਆ ਵਸੀ। ਉਹ ਬੁੱਢੀ ਤੀਵੀਂ ਉਸ ਸੁੰਦਰੀ ਦੀ ਮਾਂ ਸੀ, ਜੋ ਪਿਆਰ ਨਾਲ ਬੱਚੇ ਵੱਲ ਘੜੀ ਮੁੜੀ ਧਿਆਨ ਦੇ ਰਹੀ ਸੀ। ਇਨ੍ਹਾਂ ਨਾਲ ਕੋਈ ਨਹੀਂ ਸੀ।
ਉਸ ਦੀਆਂ ਅੱਖਾਂ ਉਨ੍ਹਾਂ ਦੀ ਪੈੜ ਉੱਤੇ ਸਨ ਅਤੇ ਜਦੋਂ ਉਹ ਦੋਵੇਂ ਇੱਕ ਡੱਬੇ ਵਿੱਚ ਜਾ ਬੈਠੀਆਂ, ਉਹ ਵੀ ਉਧਰ ਚਲਾ ਗਿਆ। ਉਹ ਉਨ੍ਹਾਂ ਦੀ ਬਾਰੀ ਅਗੋਂ ਤਿੰਨ ਚਾਰ ਵਾਰੀ ਲੰਘਿਆ, ਅਤੇ ਮੁਟਿਆਰ ਦੀਆਂ ਨਜ਼ਰਾਂ ਨੂੰ ਖਿੱਚ ਪਾਣ ਵਿੱਚ ਕਾਮਯਾਬ ਹੋ ਗਿਆ।
ਉਹ ਉਸ ਡੱਬੇ ਵਿੱਚ ਚੜ੍ਹ ਗਿਆ ਤੇ ਉਸ ਮੁਟਿਆਰ ਵਲ ਮੂੰਹ ਕਰ ਕੇ ਨਾਲ ਵਾਲੀ ਬੁੱਢੀ ਕੋਲ ਇੱਕ ਪਾਸੇ ਜਾ ਬੈਠਾ। ਕੁੱਝ ਚਿਰ ਤਾਂ ਉਹ ਇਸ ਤਰ੍ਹਾਂ ਚੁੱਪ ਚਾਪ ਬੈਠਾ ਰਿਹਾ, ਜਿਸ ਤਰ੍ਹਾਂ ਉਹਦੇ ਦਿਲ ਵਿੱਚ ਕੋਈ ਗੱਲ ਹੀ ਨਹੀਂ ਹੁੰਦੀ। ਉਸਨੇ ਬੜੀ ਇਹਤਿਆਤ ਨਾਲ ਆਪਣੇ ਆਪ ਨੂੰ ਹੋਰ ਮੁਸਾਫ਼ਰਾਂ ਵਿੱਚ ਇੱਕ ਭੋਲਾ ਭਾਲਾ ਜਿਹਾ ਪ੍ਰਗਟ ਕੀਤਾ। ਉਸ ਮੁਟਿਆਰ ਦੇ ਚਿੱਟੇ ਅਰ ਸਾਦੇ ਕੱਪੜੇ ਪਾਏ ਹੋਏ ਸਨ ਜੋ ਉਸਦੇ ਗੋਰੇ ਸਰੀਰ ਨਾਲ ਸੋਹਣੇ ਫਬੇ ਹੋਏ ਸਨ। ਪਰ ਤਦ ਵੀ ਉਹ ਆਪਣੇ ਆਪ ਵਿੱਚ ਕੁੱਝ ਸ਼ਰਮ ਜਿਹੀ ਪਰਤੀਤ ਕਰ ਰਹੀ ਸੀ। ਨੌਜਵਾਨ ਨੇ ਉਸ ਵਲ ਇੱਕ ਤਰਸ ਭਰੀ ਨਜ਼ਰ ਨਾਲ ਦੇਖਿਆ ਅਤੇ ਝਟ ਹੀ ਉਹ ਇਹ ਖ਼ਿਆਲ ਕਰ ਕੇ ਫੁੱਲਿਆ ਕਿ ਉਹ ਉਸ ਨਾਲ ਅਜਿਹੀ ਹਮਦਰਦੀ ਜ਼ਾਹਿਰ ਕਰ ਰਿਹਾ ਸੀ ਜਿਸ ਦੀ ਉਹ ਲੋੜਵੰਦ ਸੀ। ਉਸ ਨੇ ਸਮਝ ਲਿਆ ਕਿ ਉਹ ਬੁੱਢੀ ਸਿਧੀ ਸਾਦੀ ਰਹਿਮ ਦਿਲ ਅਰ ਗਾਲੜੋ ਸੀ।
“ਭੈਣ ਜੀ! ਤੁਸੀਂ ਕਿਥੇ ਜਾਣੈ?” ਇੱਕ ਅਧਖੜ ਉਮਰ ਦੀ ਤੀਵੀਂ ਜੋ ਇਸ ਡੱਬੇ ਵਿੱਚ ਹੁਣੇ ਵੜੀ ਸੀ ਅਤੇ ਬੁੱਢੀ ਤੀਵੀਂ ਦੇ ਪਰਲੇ ਪਾਸੇ ਆ ਬੈਠੀ ਸੀ, ਉਸਨੂੰ ਪੁੱਛਣ ਲੱਗੀ।
“ਅਸੀਂ ਅਟਾਰੀ ਚਲੇ ਆਂ”, ਉਸ ਬੁੱਢੀ ਤੀਵੀਂ ਨੇ ਉੱਤਰ ਦਿੱਤਾ।
ਇਸ ਤੋਂ ਪਿੱਛੋਂ ਆਪਸ ਵਿੱਚ ਗੱਲਾਂ ਛਿੜ ਪਈਆਂ, ਪਰ ਉਹ ਮੁਟਿਆਰ ਚੁਪ ਕਰਕੇ ਬੈਠੀ ਰਹੀ। ਉਹ ਉਸ ਵੱਲ ਤੱਕਦਾ ਰਿਹਾ, ਕਦੀ ਕਦੀ ਉਸ ਦੇ ਅੰਝਾਣੇ ਵੱਲ ਜਾਂ ਬਾਹਰ ਵੱਲ ਤੱਕ ਲੈਂਦਾ ਤਾਂ ਜੋ ਦੂਸਰੇ ਸਿਰ ਨਾ ਹੋ ਜਾਣ। ਉਸ ਨੂੰ ਯਕੀਨ ਸੀ ਕਿ ਉਸ ਨੇ ਮੁਟਿਆਰ ਦਾ ਦਿਲ ਜਿੱਤ ਲਿਆ ਹੈ।
ਉਸ ਨੇ ਅਨੁਮਾਨ ਲਾਇਆ ਕਿ ਇਸ ਦਾ ਵਿਆਹੁਤਾ ਜੀਵਨ ਬੜਾ ਦੁਖਦਾਈ ਹੋਵੇਗਾ ਜਾਂ ਇਹ ਹੁਣੇ ਜਿਹੇ ਹੀ ਵਿਧਵਾ ਹੋਈ ਹੋਵੇਗੀ। ਫਿਰ ਕਦੀ ਕਦੀ ਮਹਿਸੂਸ ਕਰਦਾ ਕਿ ਇਹ ਖ਼ਿਆਲ ਠੀਕ ਨਹੀਂ। ਭਾਵੇਂ ਉਹ ਬੜੀ ਸ਼ਰਮੀਲੀ ਸੀ, ਉਸ ਨੇ ਅਨੁਮਾਨ ਲਾ ਲਿਆ ਕਿ ਇਹ ਬੱਚਾ ਹੀ ਉਸਦੇ ਜੀਵਨ ਦਾ ਇੱਕ ਆਸਰਾ ਸੀ। ਉਹ ਤਾੜ ਗਿਆ ਕਿ ਆਪਣੀ ਸ਼ਰਾਫ਼ਤ ਕਰਕੇ ਹੀ ਉਹ ਆਪਣੇ ਦਿਲ ਦੇ ਭਾਵ ਕਿਸੇ ਤਰ੍ਹਾਂ ਪ੍ਰਗਟ ਨਹੀਂ ਕਰ ਰਹੀ ਸੀ, ਨਾ ਹੀ ਬੱਚੇ ਨਾਲ ਖੇਡ ਵਿੱਚ ਤੇ ਨਾ ਹੀ ਕਿਸੇ ਹੋਰ ਤਰ੍ਹਾਂ।
ਗੱਡੀ ਤੁਰ ਪਈ। ਉਨ੍ਹਾਂ ਤੀਵੀਆਂ ਨੇ ਕੁੱਝ ਹੁਝਕੇ ਜਿਹੇ ਪ੍ਰਤੀਤ ਕੀਤੇ ਅਤੇ ਇੱਕ ਛਿਨ ਭਰ ਲਈ ਉਨ੍ਹਾਂ ਦੀ ਗੱਲਬਾਤ ਰੁਕ ਗਈ। ਬੁੱਢੀ ਤੀਵੀਂ ਨੇ ਬੱਚੇ ਨੂੰ ਆਪਣੇ ਕੁੱਛੜ ਲਿਆ, ਪਿਆਰ ਕੀਤਾ, ਥਾਪੜਿਆ ਤੇ ਉਸ ਨਾਲ ਬਾਲਾਂ ਵਾਲੀਆਂ ਗੱਲਾਂ ਕਰਨ ਲੱਗ ਪਈ।
“ਇਹ ਤੁਹਾਡੀ ਬੀਬੀ ਦਾ ਬਾਲ ਏ, ਮਾਤਾ ਜੀ! ” ਉਸ ਨੇ ਮੌਕਾ ਤਾੜ ਕੇ ਪੁੱਛਿਆ।
“ਹਾਂ ਪੁੱਤਰ! ” ਬੁੱਢੀ ਨੇ ਬੜੇ ਪਿਆਰ ਨਾਲ ਉੱਤਰ ਦਿੱਤਾ, ਅਤੇ ਬਾਲ ਵੱਲ ਦੇਖਣ ਲੱਗ ਪਈ ਤੇ ਉਸ ਨੂੰ ਹਸਾਣ ਲਈ ਸੀਟੀ ਵਜਾਣ ਲੱਗੀ। ਬੱਚਾ ਮੁਸਕਰਾਇਆ। ਇਸ ਨੂੰ ਦੇਖ ਉਹ ਸੁੰਦਰੀ, ਇਸ ਦੀ ਮਾਂ ਵੀ ਰਤਾ ਕੁ ਮੁਸਕਰਾਈ।
ਉਹ ਵੀ ਬਾਲ ਵੱਲ ਤੱਕ ਕੇ ਸੀਟੀਆਂ ਮਾਰਨ ਲੱਗਾ ਅਤੇ ਇਸਦੀ ਮਾਂ ਦੇ ਚਿਹਰੇ ਵਲ ਤੱਕਣ ਲੱਗਾ। ਬਾਲ ਦੀਆਂ ਮੁਸਕੜੀਆਂ ਹਾਸੇ ਵਿੱਚ ਬਦਲ ਗਈਆਂ, ਜਿਵੇਂ ਚਾਂਦੀ ਦੀਆਂ ਘੰਟੀਆਂ ਟੁਣਕਦੀਆਂ ਹਨ। ਇਹ ਦੇਖ ਕੇ ਬੱਚੇ ਦੀ ਮਾਂ ਦੇ ਬੁੱਲ੍ਹਾਂ ਵਿੱਚ ਸ਼ਰਮਾਕਲ ਜਿਹੀ ਮੁਸਕੜੀ ਆ ਗਈ, ਜਿਸ ਨੂੰ ਕੱਜਣ ਲਈ ਉਸ ਨੇ ਝੱਟ ਆਪਣਾ ਰੁਮਾਲ ਮੂੰਹ ਅੱਗੇ ਲੈ ਲਿਆ।
ਨੌਜਵਾਨ ਨੇ ਬੱਚੇ ਵੱਲ ਆਪਣੀਆਂ ਬਾਹਾਂ ਪਸਾਰੀਆਂ। ਬੱਚੇ ਨੇ ਕੁੱਦ ਕੇ ਉਸ ਵੱਲ ਜਾਣ ਦੀ ਇੱਛਾ ਪ੍ਰਗਟ ਕੀਤੀ ਅਤੇ ਬੁੱਢੀ ਨੇ ਉਹ ਬੱਚਾ ਉਸ ਨੂੰ ਦੇ ਦਿੱਤਾ।
ਬੱਚੇ ਦੇ ਨੌਜਵਾਨ ਦੇ ਕੁੱਛੜ ਜਾਣ ਨੇ ਬੱਚੇ ਦੀ ਮਾਂ ਦੇ ਦਿਲ ਉੱਤੇ ਇੱਕ ਖ਼ਾਸ ਅਸਰ ਕੀਤਾ। ਉਸਦਾ ਉਦਾਸ ਚਿਹਰਾ ਖਿੜ ਗਿਆ, ਜਿਵੇਂ ਮੀਂਹ ਪੈਣ ਨਾਲ ਮੁਰਝਾਏ ਹੋਏ ਪੱਤੇ ਮੁੜ ਕੇ ਹਰੇ ਭਰੇ ਹੋ ਜਾਂਦੇ ਹਨ। ਆਪਣੀ ਮਾਂ ਨਾਨੀ ਦੇ ਪਿਆਰ ਮਗਰੋਂ ਮਰਦਾਵੇਂ ਹੱਥਾਂ ਵਿੱਚ ਜਾ ਕੇ ਬੱਚੇ ਨੇ ਇੱਕ ਖ਼ਾਸ ਖ਼ੁਸ਼ੀ ਪ੍ਰਤੀਤ ਕੀਤੀ।
ਉਸ ਮੁਟਿਆਰ ਦੇ ਦਿਲ ਵਿੱਚ ਇੱਕ ਨਵੀਂ ਜੀਵਨ ਰੌ ਆ ਗਈ, ਉਸ ਦਾ ਚਿਹਰਾ ਦਗਦਗ ਕਰਨ ਲੱਗਾ ਤੇ ਉਸਨੇ ਇਸ ਗੱਲ ਦੀ ਰਤਾ ਵੀ ਪਰਵਾਹ ਨਾ ਕੀਤੀ ਕਿ ਉਹ ਆਪਣੇ ਦਿਲ ਵਿੱਚ ਕੀ ਖ਼ਿਆਲ ਕਰਦਾ ਹੋਵੇਗਾ। ਉਹ ਕਿਸੇ ਦੀ ਵੀ ਕੋਈ ਪਰਵਾਹ ਨਾ ਕਰਦੀ ਹੋਈ ਪਰਤੀਤ ਕਰਨ ਲੱਗੀ ਜਿਵੇਂ ਉਹ ਸਾਰੇ ਘਰ ਦੇ ਇੱਕ ਕਮਰੇ ਵਿੱਚ ਬੈਠੇ ਹੁੰਦੇ ਹਨ। ਉਸਨੇ ਬੱਚੇ ਦਾ ਖੇਡਦਾ ਹੱਥ ਫੜ ਲਿਆ ਜਿਸ ਨਾਲ ਦੋਹਾਂ ਦਿਲਾਂ ਵਿੱਚ ਇੱਕ ਅਜਿਹੀ ਤਾਰ ਖੜਕ ਗਈ ਜਿਵੇਂ ਖ਼ਾਵੰਦ ਤੀਵੀਂ ਦੇ ਪਿਆਰ ਦੀ ਹੁੰਦੀ ਹੈ ਪਰ ਫਿਰ ਝੱਟ ਹੀ ਛੱਡ ਦਿੱਤਾ ਜਿਵੇਂ ਉਸ ਨੇ ਇਸ ਰਾਹੀਂ ਬਿਜਲੀ ਦਾ ਝਟਕਾ ਪਰਤੀਤ ਕੀਤਾ ਹੋਵੇ। ਕੁੱਝ ਚਿਰ ਲਈ ਉਸ ਨੇ ਬੱਚੇ ਤੇ ਉਸ ਵੱਲੋਂ ਆਪਣਾ ਧਿਆਨ ਕਿਸੇ ਹੋਰ ਪਾਸੇ ਲਾ ਲਿਆ, ਪਰ ਹੁਣ ਉਹ ਉਦਾਸ ਦਿਖਾਈ ਨਹੀਂ ਸੀ ਦੇ ਰਹੀ।
“ਮਾਤਾ ਜੀ! ਤੁਸੀਂ ਕਿੱਥੋਂ ਆਏ ਓ? ” ਨੌਜਵਾਨ ਨੇ ਬੁੱਢੀ ਕੋਲੋਂ ਪੁੱਛਿਆ ਅਤੇ ਉਹ ਬਾਲ ਉਸ ਨੂੰ ਦੇ ਦਿੱਤਾ ਤਾਂ ਜੋ ਉਹ ਕਿਸੇ ਤਰ੍ਹਾਂ ਦਾ ਸ਼ੱਕ ਨਾ ਕਰ ਲਵੇ। ਉਹ ਚਾਹੁੰਦਾ ਸੀ ਕਿ ਬੱਚੇ ਨਾਲ ਖੇਡਣ ਦੀ ਥਾਂ ਉਹ ਉਸ ਨਾਲ ਗੱਲਾਂ ਕਰੇ।
“ਚੀਚਾ ਵਤਨੀ ਤੋਂ, ਕਾਕਾ, ” ਬੁੱਢੀ ਨੇ ਉੱਤਰ ਦਿੱਤਾ। “ਓਥੇ ਸਾਡਾ ਘਰ ਐ”, ਉਸ ਨੇ ਆਪੇ ਹੀ ਕਿਹਾ। “ਅਤੇ ਅਸੀਂ ਅਟਾਰੀ ਚਲੇ ਆਂ, ਓਥੇ ਮੇਰੀ ਧੀ ਦੇ ਸਹੁਰੇ ਨੇ। ਇਹ ਵਿਧਵਾ ਏ, ਇਸ ਦੇ ਖ਼ਾਵੰਦ ਨੂੰ ਗੁਜ਼ਰਿਆਂ ਕੋਈ ਅੱਠ ਕੁ ਮਹੀਨੇ ਹੋ ਗਏ ਨੇ। ” ਉਸ ਦਾ ਬੁੱਢਾ ਚਿੱਟਾ ਹੱਥ ਅੱਖਾਂ ਵਿਚੋਂ ਡਿਗਣ ਵਾਲੇ ਮੋਤੀ ਜਿਹੇ ਹੰਝੂ ਨੂੰ ਪੂੰਝਣ ਲਈ ਉੱਠਿਆ।
ਨੌਜਵਾਨ ਦੇ ਦਿਲ ਨੂੰ ਸਦਮਾ ਲੱਗਾ, ਜਿਵੇਂ ਕਿਸੇ ਨੂੰ ਕਿਸੇ ਗੱਲ ਦਾ ਡਰ ਹੋਵੇ ਤੇ ਉਹ ਸੱਚ ਹੋ ਜਾਵੇ, ਪਰ ਉਹ ਘਬਰਾਇਆ ਨਹੀਂ। ਉਹ ਉਸ ਕੁੜੀ ਵੱਲ ਵੇਖਣ ਲੱਗਾ, ਜਿਸ ਨੇ ਇਹ ਗੱਲ ਛਿੜਦੇ ਹੀ ਆਪਣਾ ਮੂੰਹ ਪਰਲੇ ਪਾਸੇ ਫੇਰ ਲਿਆ ਸੀ। ਉਹ ਰੁੱਖਾਂ ਵੱਲ ਦੇਖਦੀ ਸੀ ਜੋ ਉਸਦੀਆਂ ਅੱਖਾਂ ਅੱਗੋਂ ਲੰਘਦੇ ਜਾ ਰਹੇ ਸਨ, ਖੇਤਾਂ, ਪੈਲੀਆਂ ਤੇ ਤਾਰ ਖੰਭਿਆਂ ਵੱਲ ਜੋ ਉਸਦੇ ਸਾਹਮਣੇ ਉਡਦੇ ਜਾ ਰਹੇ ਸਨ।
“ਇਹ ਬਾਲ ਈ ਸਿਰਫ਼ ਸਾਡੀ ਜ਼ਿੰਦਗੀ ਦਾ ਆਸਰਾ ਏ”, ਬੁੱਢੀ ਨੇ ਬੜੀ ਦੁਖ ਭਰੀ ਰੋਣੀ ਆਵਾਜ਼ ਵਿੱਚ ਕਿਹਾ, “ਮੇਰੇ ਵੀ ਹੋਰ ਕੋਈ ਬਾਲ ਨਹੀਂ”, (ਕੁੜੀ ਵੱਲ ਸੈਨਤ ਕਰਕੇ), “ਇਹਦੇ ਬਾਪ ਨੂੰ ਵੀ ਮਰਿਆਂ ਕੋਈ ਦਸ ਵਰ੍ਹੇ ਹੋ ਗਏ ਨੇ। “
“ਹਾਂ! ਏਥੇ ਤੁਸੀਂ ਇਕੱਲੇ ਓ। ” ਨੌਜਵਾਨ ਨੇ ਆਪਣੇ ਆਪ ਹੀ ਕਿਹਾ।
“ਹਾਂ! ਬਿਨਾਂ ਮਰਦ ਦੇ, ਇਸੇ ਲਈ ਅਸੀਂ ਇਕੱਲੇ ਆਂ। ਨਹੀਂ ਤੇ ਤੀਵੀਆਂ ਲਈ ਇਕੱਲੇ ਘਰੋਂ ਪੈਰ ਕੱਢਣ ਦੇ ਦਿਨ ਨਹੀਂ ਪੁੱਤਰ! ਸਮਾਂ ਐਡਾ ਭੈੜਾ ਜਾਂਦਾ ਪਿਆ ਏ। ” ਇਸ ਤਰ੍ਹਾਂ ਸਮੇਂ ਦੀ ਸ਼ਿਕਾਇਤ ਕਰ ਕੇ ਉਹ ਚੁੱਪ ਹੋ ਗਈ।
“ਨਹੀਂ! ਨਹੀਂ! ਅੱਜ ਕੱਲ੍ਹ ਇਸ ਤਰ੍ਹਾਂ ਦਾ ਕੋਈ ਡਰ ਨਹੀਂ। ਅੱਜ ਕੱਲ੍ਹ ਤੇ ਤੀਵੀਆਂ ਹਰ ਪਾਸੇ ਇਕੱਲੀਆਂ ਈ ਔਂਦੀਆਂ ਜਾਂਦੀਆਂ ਨੇ।” ਬੁੱਢੀ ਦੀ ਗੱਲ ਉੱਤੇ ਉਸਨੇ ਕਿਹਾ।
“ਹਾਂ ਜਾਂਦੀਆਂ ਨੇ’, ਉਸ ਮਾਈ ਨੇ ਕਿਹਾ।
ਕੁਝ ਚਿਰ ਲਈ ਉਹ ਚੁਪ ਕਰ ਗਏ, ਜਿਵੇਂ ਉਹ ਬੁੱਢੀ ਇਸ ਗੱਲ ਨੂੰ ਹੋਰ ਵਧੇਰੇ ਲਮਕਾਣਾ ਠੀਕ ਨਹੀਂ ਸਮਝਦੀ ਸੀ। ਅਤੇ ਉਹ ਗੱਲ ਛੇੜਨ ਲਈ ਕੋਈ ਬਹਾਨਾ ਸੋਚਣ ਲੱਗਾ। ਭਾਵੇਂ ਉਸਨੂੰ ਗੱਲ ਕਰਨ ਦੀ ਲੋੜ ਨਹੀਂ ਸੀ, ਕਿਉਂਕਿ ਉਹ ਬੁੱਢੀ ਮਾਈ ਆਪ ਹੀ ਬੜੀ ਗਲਾਧੜ ਸੀ।
“ਪੁੱਤਰ! ਤੂੰ ਕਿੱਥੋਂ ਆਇਆ ਏਂ? ” ਮਾਈ ਨੇ ਪੁੱਛਿਆ।
“ਮੈਂ ਮੀਆਂ ਚੰਨੂੰ ਤੋਂ ਆ ਰਿਹਾ ਹਾਂ, ਮਾਤਾ ਜੀ। ” ਨੌਜਵਾਨ ਨੇ ਉੱਤਰ ਦਿੱਤਾ।
“ਤੂੰ ਕਿਤੇ ਨੌਕਰ ਏਂ ਕਾਕਾ? “
“ਨਹੀਂ ਜੀ, ਮੈਂ ਅਜੇ ਲਾਹੌਰ ਪੜ੍ਹਨਾ ਵਾਂ। ਪਰ ਹੁਣ ਮੈਂ ਪੱਤੋ ਕੀ ਚਲਿਆ ਵਾਂ। “
“ਕਿਹੜੀ ਜਮਾਤ ‘ਚ ਪੜ੍ਹਨਾ ਏਂ? “
“ਜੀ ਮੈਂ ਐਮ ਏ ਵਿੱਚ ਪੜ੍ਹਨਾ ਵਾਂ। “
“ਤੈਨੂੰ ਲਾਹੌਰ ਪੜ੍ਹਦਿਆਂ ਕਿੰਨਾ ਚਿਰ ਹੋ ਚੱਲਿਆ ਏ? “
“ਜੀ ਇਹ ਮੇਰਾ ਛੇਵਾਂ ਵਰ੍ਹਾ ਏ? “
ਇੰਨਾ ਚਿਰ ਉਹ ਚੋਰ ਅੱਖ ਨਾਲ ਉਸ ਮੁਟਿਆਰ ਵਲ ਤਕਦਾ ਰਿਹਾ ਇਹ ਜਾਣਨ ਲਈ ਕਿ ਇਸ ਗੱਲਬਾਤ ਦਾ ਉਸ ਉੱਤੇ ਕੀ ਅਸਰ ਹੁੰਦਾ ਹੈ। ਦੇਖਣ ਨੂੰ ਤਾਂ ਉਹ ਬੱਚੇ ਨੂੰ ਖਿਡਾ ਰਹੀ ਸੀ ਪਰ ਇਹ ਇੱਕ ਬਹਾਨਾ ਸੀ, ਉਹ ਚੰਗੀ ਤਰ੍ਹਾਂ ਸਮਝਦਾ ਸੀ। ਉਸ ਕੁੜੀ ਨੇ ਸਾਰੀਆਂ ਗੱਲਾਂ ਸੁਣੀਆਂ ਸਨ। ਉਸਨੂੰ ਕੁੜੀ ਦੇ ਇਸ ਵਤੀਰੇ ਤੇ ਰਤਾ ਕੁ ਨਿਰਾਸਤਾ ਹੋਈ। ‘ਕਿਡੀ ਬੇਪਰਵਾਹ ਏ? ਇੱਕ ਹੁਸ਼ਿਆਰ ਕੁੜੀ ਜ਼ਰੂਰ ਹੀ ਮੇਰੀਆਂ ਗੱਲਾਂ ਵੱਲ ਧਿਆਨ ਦੇਂਦੀ,’ ਉਸ ਨੇ ਖ਼ਿਆਲ ਕੀਤਾ।
“ਤਦ ਤੇ ਤੂੰ ਕੋਈ ਵੱਡਾ ਅਫ਼ਸਰ ਬਣੇਂਗਾ, ” ਬੁੱਢੀ ਮਾਈ ਨੇ ਕੁੱਝ ਫੁਲਾਣ ਲਈ ਤੇ ਕੁੱਝ ਗੰਭੀਰਤਾ ਨਾਲ ਕਿਹਾ।
ਮੁੰਡਾ ਹੌਲੀ ਜਿਹਾ ਹੱਸਿਆ ਪਰ ਉਸ ਦੇ ਦਿਲ ਵਿੱਚ ਕੁੱਝ ਇਸ ਗੱਲ ਤੋਂ ਨਿਰਾਸਤਾ ਸੀ ਕਿ ਉਸ ਮੁਟਿਆਰ ਦਾ ਉਸ ਦੀਆਂ ਗੱਲਾਂ ਵਿੱਚ ਕੋਈ ਧਿਆਨ ਨਹੀਂ ਸੀ।
“ਮੇਰਾ ਜਵਾਈ ਸੌ ਰੁਪੈ ਮਹੀਨਾ ਲੈਂਦਾ ਸੀ। ਉਹ ਮਿੰਟਗੁਮਰੀ ਵਿੱਚ ਬਾਬੂ ਸੀ। ਤੂੰ ਤੇ ਬਹੁਤੀ ਤਨਖ਼ਾਹ ਲਵੇਂਗਾ? “
“ਮਾਤਾ ਜੀ, ਇਹ ਤੁਹਾਨੂੰ ਕਿਵੇਂ ਪਤਾ ਇ? ” ਉਸ ਨੇ ਮੁਸਕਰਾਂਦੇ ਹੋਏ ਉਸ ਕੋਲੋਂ ਪੁੱਛਿਆ, ਜਿਵੇਂ ਕੋਈ ਸਿਆਣੇ ਜੋਤਸ਼ੀ ਕੋਲੋਂ ਪੁੱਛ ਰਿਹਾ ਹੋਵੇ।
“ਮੇਰਾ ਜਵਾਈ ਸਿਰਫ਼ ਚਾਰ ਵਰ੍ਹੇ ਲਾਹੌਰ ਰਿਹਾ ਸੀ। ਉਹ ਬੀ: ਏ ਪਾਸ ਸੀ। ਤੂੰ ਬਹੁਤ ਪੜ੍ਹਿਆ ਹੋਇਆ ਏਂ, ਇਸ ਲਈ ਜ਼ਰੂਰੀ ਏ ਕਿ ਤੈਨੂੰ ਕੋਈ ਚੰਗੇਰੀ ਥਾਂ ਮਿਲੇ। “
“ਇਨ੍ਹਾਂ ਦਿਨਾਂ ਵਿਚ, ਮਾਤਾ ਜੀ ਨੌਕਰੀਆਂ ਦਾ ਉਹ ਹਾਲ ਨਹੀਂ ਜੋ ਕੁੱਝ ਚਿਰ ਪਹਿਲਾਂ ਸੀ, ” ਉਸ ਨੇ ਮੁਟਿਆਰ ਵਲ ਵੇਖਦੇ ਹੋਏ ਕਿਹਾ। ਉਹ ਪਰਤੀਤ ਕਰਨ ਲੱਗਾ ਕਿ ਜਿਸ ਸੁੰਦਰੀ ਦਾ ਦਿਲ ਉਹ ਜਿੱਤਣਾ ਚਾਹੁੰਦਾ ਸੀ ਉਸ ਦੇ ਸਾਹਮਣੇ ਉਹ ਆਪਣੀ ਗ਼ਰੀਬੀ ਦੀ ਹਾਲਤ ਨੂੰ ਮੰਨ ਰਿਹਾ ਸੀ।
ਇਸ ਵਾਰੀ ਉਹ ਮੁਟਿਆਰ ਉਸ ਨੌਜਵਾਨ ਵੱਲ ਦੇਖਣ ਲੱਗੀ, ਪਰ ਜਿਸ ਵੇਲੇ ਅੱਖਾਂ ਚਾਰ ਹੋਈਆਂ, ਉਸ ਨੇ ਝੱਟ ਅੱਖ ਝਮਕੀ ਅਤੇ ਸ਼ਰਮ ਨਾਲ ਨੀਵੀਂ ਪਾ ਲਈ।
Ḕਕੀ ਇਹ ਕੋਈ ਅਜਿਹੀ ਰੁਚੀ ਨਹੀਂ ਰੱਖਦੀ ਜਾਂ ਸ਼ਰਮਾਂਦੀ ਹੈ? Ḕ ਉਸਨੇ ਆਪਣੇ ਆਪ ਨੂੰ ਪੁੱਛਿਆ। ਉਸ ਨੇ ਬਾਲ ਵੱਲ ਦੇਖਕੇ ਸੀਟੀ ਮਾਰੀ ਤੇ ਉਸਨੂੰ ਚੁੱਕਣ ਲਈ ਬਾਹਾਂ ਪਸਾਰੀਆਂ। ਫਿਰ ਉਹ ਉਸ ਕੁੜੀ ਦੇ ਮੂੰਹ ਵੱਲ ਤੱਕਣ ਲੱਗਾ। ਉਸ ਕੁੜੀ ਦੇ ਚਿਹਰੇ ਉੱਤੇ ਸ਼ਰਮ ਦੀ ਲਾਲੀ ਜਿਹੀ ਆ ਗਈ। ਉਹ ਬਾਲ ਵੱਲ ਤੱਕ ਕੇ ਸੀਟੀ ਮਾਰਨ ਲੱਗਾ ਤੇ ਬਾਲ ਉਸ ਵੱਲ ਕੁੱਿਦਆ। ਜਿਸ ਵੇਲੇ ਉਹ ਉਸਨੂੰ ਬਾਲ ਫੜਾਨ ਲੱਗੀ, ਤਾਂ ਉਨ੍ਹਾਂ ਦੇ ਹੱਥ ਇੱਕ ਦੂਜੇ ਨਾਲ ਛੁਹ ਗਏ। ਉਹ ਬਾਲ ਨੂੰ ਖਿਡਾ ਰਿਹਾ ਸੀ ਪਰ ਆਪਣਾ ਧਿਆਨ ਉਸ ਮੁਟਿਆਰ ਵੱਲੋਂ ਮੋੜ ਨਹੀਂ ਸਕਦਾ ਸੀ। ਕੁੜੀ ਦੀ ਚੁੰਨੀ ਥੱਲੇ ਖਿਸਕ ਗਈ। ਉਹ ਉਸ ਵੱਲ ਦੇਖਦਾ ਰਿਹਾ। ਪਰ ਕੁੜੀ ਹੀਆ ਨਾ ਕਰ ਸਕੀ ਕਿ ਉਸ ਵੱਲ ਅੱਖ ਭਰ ਕੇ ਤੱਕੇ।
ਗੱਡੀ ਹੌਲੀ ਹੋਈ ਤੇ ਇੱਕ ਸਟੇਸ਼ਨ ਤੇ ਜਾ ਖੜੀ ਹੋਈ। ਉਸ ਲਈ ਅਜੇ ਇੱਕ ਘੰਟੇ ਦਾ ਸਫ਼ਰ ਬਾਕੀ ਸੀ। ਉਹ ਚਾਹੁੰਦਾ ਸੀ ਕਿ ਮੈਂ ਕਿਸੇ ਤਰ੍ਹਾਂ ਉਸ ਕੁੜੀ ਕੋਲ ਜਾ ਬੈਠਾਂ। ਗੱਡੀ ਖੜੀ ਹੋਣ ਨਾਲ ਉਸਨੂੰ ਮੌਕਾ ਮਿਲ ਗਿਆ। ਬਾਲ ਨੂੰ ਉਸ ਦੀ ਮਾਂ ਕੋਲ ਦੇ ਕੇ ਉਹ ਪਲੇਟਫ਼ਾਰਮ ਉੱਤੇ ਉੱਤਰ ਗਿਆ।
ਬੁੱਢੀ ਮਾਈ ਜੋ ਕੁੱਝ ਥਕੇਵਾਂ ਪਰਤੀਤ ਕਰ ਰਹੀ ਸੀ, ਆਪਣੇ ਨਾਲ ਦੀ ਥਾਂ ਵਿਹਲੀ ਦੇਖ ਕੇ ਲੰਮੀ ਪੈ ਗਈ। ਜਦੋਂ ਗੱਡੀ ਤੁਰ ਪਈ ਉਹ ਫਿਰ ਉਸ ਡੱਬੇ ਵਿੱਚ ਆ ਗਿਆ ਤੇ ਆਪਣੀ ਥਾਂ ਉੱਤੇ ਮਾਈ ਨੂੰ ਲੇਟੀ ਦੇਖ ਦੇ ਉਸ ਕੁੜੀ ਕੋਲ ਜਾ ਬੈਠਾ।
ਪਹਿਲਾਂ ਤਾਂ ਉਹ ਕੁੜੀ ਝਿਜਕੀ ਪਰ ਫ਼ਿਰ ਉਸਨੇ ਕੋਈ ਪਰਵਾਹ ਨਾ ਕੀਤੀ। ਉਸ ਡੱਬੇ ਵਿੱਚ ਬਹੁਤੀ ਭੀੜ ਨਹੀਂ ਸੀ ਤੇ ਖ਼ਾਸ ਕਰਕੇ ਉਨ੍ਹਾਂ ਦੇ ਕੋਲ ਹੋਰ ਕੋਈ ਨਹੀਂ ਸੀ। ਦੂਜੀ ਅੱਧਖੜ ਤੀਵੀਂ ਵੀ ਲੇਟੀ ਹੋਈ ਸੀ। ਉਹ ਚਾਹੁੰਦੀ ਸੀ ਕਿ ਬੱਚੇ ਨੂੰ ਚੁੱਕ ਕੇ ਖਿਡਾਵੇ, ਪਰ ਬੱਚੇ ਨੂੰ ਨੀਂਦ ਆਈ ਹੋਈ ਸੀ, ਉਸ ਕੁੜੀ ਨੇ ਸ਼ਾਲ ਦੀ ਬੁੱਕਲ ਮਾਰੀ ਤੇ ਬਾਲ ਨੂੰ ਸੰਵਾਣ ਲਈ ਉਸ ਨੂੰ ਦੁੱਧ ਦੇਣ ਲਗ ਪਈ।
ਮੁੰਡੇ ਨੇ ਹੌਸਲਾ ਕਰ ਕੇ ਹਥ ਫੜ੍ਹ ਲਿਆ। ਪਹਿਲਾਂ ਤਾਂ ਉਹ ਬਹੁਤ ਡਰੀ, ਪਰ ਫਿਰ ਜਾਣੋ ਕੁੱਝ ਹੌਸਲਾ ਕਰ ਲਿਆ ਤੇ ਹਥ ਛੁੜਾਨ ਦੀ ਕੋਈ ਕੋਸ਼ਿਸ਼ ਨਾ ਕੀਤੀ। ਸੱਚ ਤਾਂ ਇਹ ਹੈ ਕਿ ਉਹ ਸੁੰਦਰੀ ਉਸ ਵੇਲੇ ਸਭ ਕੁੱਝ ਭੁੱਲ ਚੁਕੀ ਸੀ, ਜਿਸ ਵੇਲੇ ਉਸ ਦਾ ਬਾਲ ਉਸਦੀ ਗੋਦੀ ਵਿੱਚ ਪਿਆ ਦੁੱਧ ਚੁੰਘ ਰਿਹਾ ਸੀ ਤੇ ਉਸਦਾ ਪ੍ਰੇਮੀ ਹੱਥ ਫੜ੍ਹੀ ਬੈਠਾ ਸੀ।
ਨੌਜਵਾਨ ਦੇ ਉਤਰਨ ਦੀ ਥਾਂ ਨੇੜੇ ਆ ਰਹੀ ਸੀ, ਪਰ ਦੋਹਾਂ ਦੇ ਮੂੰਹ ਤੋਂ ਕੋਈ ਗੱਲ ਨਹੀਂ ਨਿਕਲਦੀ ਸੀ। ਉਹ ਚੁੱਪ ਚਾਪ ਇਸ ਓਪਰੀ ਜਿਹੀ ਛੁਹ ਦਾ ਆਨੰਦ ਮਾਣ ਰਹੇ ਸਨ, ਕਿ ਓੜਕ ਉਨ੍ਹਾਂ ਦੇ ਵਿਛੜਨ ਦਾ ਸਮਾਂ ਆ ਗਿਆ। ਗੱਡੀ ਪੱਤੋਕੀ ਦੇ ਸਟੇਸ਼ਨ ਤੇ ਖੜੀ ਹੋਈ। ਉਹ ਆਪਣੀ ਥਾਂ ਤੋਂ ਉੱਠਿਆ ਤੇ ਬੜੀ ਨਿਰਾਸਤਾ ਤੇ ਤਰਸ ਭਰੀ ਨਜ਼ਰ ਨਾਲ ਉਸ ਮੁਟਿਆਰ ਵਲ ਦੇਖਦਾ ਡੱਬੇ ਤੋਂ ਬਾਹਰ ਚਲਾ ਗਿਆ।
ਉਹ ਮੁਟਿਆਰ ਹੁਣ ਆਪਣੇ ਆਪ ਨੂੰ ਬੇਆਸਰਾ ਤੇ ਇਕੱਲੀ ਜਿਹੀ ਪਰਤੀਤ ਕਰਨ ਲੱਗੀ। ਉਹ ਜੋ ਕੁੱਝ ਚਿਰ ਪਹਿਲਾਂ ਇੱਕ ਤਰ੍ਹਾਂ ਨਾਲ ਸੁਹਾਗ ਦਾ ਮਿੱਠਾ ਜਿਹਾ ਮਾਸੂਮ ਆਨੰਦ ਮਾਣ ਰਹੀ ਸੀ, ਆਪਣੇ ਆਪ ਨੂੰ ਮੁੜ ਵਿਧਵਾ ਪਰਤੀਤ ਕਰਨ ਲੱਗੀ।
-0-