ਕਹਾਣੀ -ਰਾਡ – ਡਾ. ਸਰਘੀ
ਟੀ.ਵੀ. ਚੈਨਲ ‘ਤੇ ਆਉਂਦੀਆਂ ਵੰਨ-ਸੁਵੰਨੀਆਂ ਖ਼ਬਰਾਂ ਮੈਨੂੰ ਪ੍ਰੇਸ਼ਾਨ ਕਰ ਜਾਂਦੀਆਂ ਹਨ।
ਕੁਝ ਵਿਸਰ ਜਾਂਦੀਆਂ…
ਤੇ ਕੁਝ ਦਿਲ ‘ਤੇ ਇਸ ਤਰਾਂ੍ਹ ਸਟੱ ਮਾਰਦੀਆਂ ਕਿ ਮੈਂ ਰੋਣਹਾਕੀ ਹੋ ਜਾਂਦੀ ਹਾਂ। ਅਜੇ ਮਹੀਨਾ ਪਹਿਲਾਂ ਵਾਪਰੀ ਘਟਨਾਨੇ ਮਰੇ ਾ ਤਾ੍ਰਹਕਢੱ ਦਿੱਤਾ ਸੀ ਤੇ ਆਹਜਿਹੜੀਕਲੱ ੍ਹਦੀਵਾਰਦਾਤਹੈ, ਇਹਨੇ ਤਾਂ ਮੈਨੂੰ ਸਿਰ ਤੋਂ ਪੈਰਾਂ ਤਕ ਹਿਲਾ ਛੱਡਿਆ ਸੀ।
ਹੁਣ ਇਹ ਦੋਵੇਂ ਖ਼ਬਰਾਂ ਰਲਗੱਡ ਹੋਈਆਂ ਮੇਰਾ ਪਿੱਛਾ ਕਰਦੀਆਂ ਹਨ। ਕਦੇ ਪਹਿਲੀ ਖ਼ਬਰ ਸਿਰ ਕੱਢ ਖਲੋਂਦੀ ਹੈ ਤੇ ਕਦੇ ਦੂਜੀ ਖ਼ਬਰ…।
ਪਹਿਲੀ ਖ਼ਬਰ
ਪਹਿਲੀ ਖ਼ਬਰ ਮਿਸਟਰ ਅਤੇ ਮਿਸਿਜ਼ ਅਨੰਦ ਦੇ ਘਰ ਦੀ ਹੈ। ਜਿਸ ਦੀ ਤੇਰ੍ਹਾਂ ਵਰ੍ਹਿਆਂ ਦੀ ਮੁਟਿਆਰ ਧੀ ਤੇ ਨੌਕਰ ਦੀ ਲਾਸ਼ ਘਰ ਵਿਚੋਂ ਬਰਾਮਦ ਹੋਈ। ਫਿਰ ਹਰੇਕ ਚੈਨਲ ਵਾਲੇ ਉਸ ਖ਼ਬਰ ਦਾ ਖੁਰਾ ਖੋਜ ਲੱਭਣ ਤੁਰ ਪੈਂਦੇ ਹਨ। ਇਸ ਘਟਨਾ ਨਾਲ ਸੰਬੰਧਤ ਨਿੱÎਕੇ ਤੋਂ ਨਿੱਕਾ ਵੇਰਵਾ ਟੀ.ਵੀ. ‘ਤੇ ਦਿਖਾਇਆ ਜਾਣ ਲੱਗਦਾ ਹੈ। ਖ਼ਬਰ ਸੁਣ ਮੈਂ ਸਹਿਜ ਨਹੀਂ ਰਹਿੰਦੀ। ਸਾਹਮਣੇ ਬੈਠੀ ਧੀ ਵੱਲ ਵੇਖ ਹੋਰ ਡਰ ਜਾਂਦੀ ਹਾਂ। ਉਹ ਵੀ ਤੇਰਾਂ ਸਾਲਾਂ ਦੀ ਹੈ। ਮੈਂ ਆਪਣੀ ਧੀ ਨੂੰ ਗਹੁ ਨਾਲ ਵੇਖਦੀ ਹਾਂ…ਉਸ ਦੇ ਮਸੂਮ ਨਕਸ਼ ਜਵਾਨੀ ਦੀ ਭਾਹ ਮਾਰਨ ਲੱਗਦੇ ਨੇ…ਮੈਂ ਤ੍ਰਬਕ ਜਾਂਦੀ ਹਾਂ…ਮੇਰੇ ਨੇੜੇ ਬੈਠੇ ਮੇਰੇ ਪਤੀ ਵੀ ਇਹ ਖ਼ਬਰ ਸੁਣ ਰਹੇ ਨੇ…ਹੋ ਸਕਦਾ…ਉਨ੍ਹਾਂ ਦੇ ਮਨ ‘ਚ ਵੀ ਕੋਈ ਖ਼ੌਫ਼ ਆਇਆ ਹੋਵੇ। ਪਰ ਉਹ ਮੇਰੇ ਨਾਲ ਕੋਈ ਗੱਲ ਸਾਂਝੀ ਨਹੀਂ ਕਰਦੇ…। ਆਪਣੇ ਕਮਰੇ ‘ਚ ਜਾਣ ਲੱਗਿਆਂ ਬੇਮਤਲਬਾ ਹੀ ਕੁੜੀ ਨੂੰ ਝਿੜਕ ਗਏ…ਤੇ ਮੈਨੂੰ ਆ ਕੇ ਕਹਿਣ ਲੱਗੇ, ”ਤੂੰ ਨੌਕਰੀ ਛੱਡ ਦੇ…।”
ਉਹ ਤਾਂ ਉਸ ਤੋਂ ਬਾਅਦ ਨਾਰਮਲ ਹੋ ਗਏ…ਪਰ ਮੇਰੇ ਮਨੋ ਉਹ ਗੱਲ ਜਾਂਦੀ ਨਹੀਂ…ਬਥੇਰਾ ਸੋਚਦੀ ਹਾਂ ਜੋ ਉਥੇ ਹੋਇਆ…ਉਹ ਮੇਰੇ ਘਰ ਨਹੀਂ ਹੋ ਸਕਦਾ।
ਪਰ ਫਿਰ ਵੀ ਪਤਾ ਨਹੀਂ ਕਿਵੇਂ ਮਂੈ ਆਪਣੀ ਧੀ ਉੱਤੇ ਸ਼ਰਤੂ ੀਦਾ ਚਿਹਰਾ ਮੜ੍ਹ ਦਿਤੱ ਾ ਤੇਉਹ ਨਕੌ ਰਮਨੂੰੈ ਆਪਣੇ ਨੌਕਰਵਰਗਾਲਗੱ ੀ ਜਾਵ।ੇ ਜਦਂੋ ਵੀ ਘਰੋਂ ਬਾਹਰਹੁੰਦੀ ਹਾਂਤਾਂ ਮੈਨੂੰ ਲੱਗਦਾ ਮਰੇ ੇ ਘਰ ਵੀ ਉਹੋ ਜਹੀ ਵਾਰਦਾਤਹੋ ਰਹੀ ਹੈ। ਨਿਤੱ ਸੋਚਦੀ ਹਾਂ ਉਸ ਖ਼ਬਰ ਬਾਰੇ ਮੈਂ ਕੁਝ ਨਹੀਂ ਪੜ੍ਹਨਾ-ਸੁਣਨਾ। ਪਰ ਫਿਰ ਵੀ ਅਖ਼ਬਾਰ ‘ਚ ਜਦ ਕੋਈ ਖ਼ਬਰ Àਸੁ ਘਟਨਾ ਬਾਰੇ ਹੁੰਦੀ ਤਾਂ ਮੇਰੇਕੋਲੋਂ ਪੜ੍ਹੇ ਬਿਨਾਂ ਨਹੀਂਰਹਿ ਹੁੰਦਾ…।
ਕਾਲਜ ‘ਚ ਮਨੋਵਿਗਿਆਨ ਪੜ੍ਹਾਉਂਦੀ ਮੇਰੀ ਸਹੇਲੀ ਨੂੰ ਆਪਣੀ ਸਮੱਸਿਆ ਬਾਰੇ ਦੱਸਦੀ ਹਾਂ। ਉਹ ਮੈਨੂੰ ਰੀਲੇਕਸ ਕਰਨ ਦੀ ਕੋਸ਼ਿਸ਼ ਕਰਦੀ ਹੈ। ਜੋ ਵੀ ਮੇਰੇ ਅੰਦਰ ਚੱਲ ਰਿਹਾ ਹੈ…ਉਸ ਦੀਆਂ ਗੱਲਾਂ ਨਾਲ ਸ਼ਾਂਤ ਹੁੰਦਾ ਹੈ ਪਰ ਫਿਰ ਘਰ ਵੱਲ ਜਾਂਦਿਆਂ ਉਸ ਘਟਨਾ ਨਾਲ ਸੰਬੰਧਤ ਵੰਨ ਸੁਵੰਨੀਆਂ ਖ਼ਬਰਾਂ ਮੈਨੂੰ ਆਪਣੇ ਘਰ ਵਾਪਰ ਰਹੀਆਂ ਲੱਗਦੀਆਂ…ਅਜੀਬ ਤਰ੍ਹਾਂ ਦੀ ਖ਼ਲਬਲੀ ਮੱਚ ਜਾਂਦੀ ਹੈ।
ਚੱਤੇ ਪਹਿਰ ਮਨ ਉਦਾਸ ਰਹਿੰਦਾ ਹੈ। ਪਾਠ ਕਰਦੀ ਹਾਂ…ਪਰ ਪਾਠ ਕਰਨ ਵੇਲੇ ਵੀ ਘਟੀਆ ਵਿਚਾਰ ਆਉਣੋਂ ਨਹੀਂ ਹਟਦੇ। ਹੱਥ ‘ਚ ਫੜਿਆ ਗੁਟਦਾ ਹੱਥੋਂ ਛੁੱਟ ਜਾਂਦਾ ਹੈ…ਮੈਂ ਰੋਣਹਾਕੀ ਹੋ ਜਾਂਦੀ ਹਾਂ।
ਕਾਲਜ ‘ਚ ਤੁਰੀ ਫਿਰਦੀ ਵੀ ਮੈਂ ਆਪਣੇ ਘਰ ਦੀ ਪਰਿਕਰਮਾ ਕਰ ਰਹੀ ਹੁੰਦੀ। ਉਹ ਘਰ ਜਿਥੇ ਨੌਕਰ ਵੀ ਹੈ ਤੇ ਮੇਰੀ ਬੇਟੀ ਵੀ…। ਸ਼ਾਇਦ ਇਸੇ ਕਰਕੇ ਇਕ ਦਿਨ ਮੈਂ ਟਾਈਮ ਤੋਂ ਪਹਿਲਾਂ ਹੀ ਘਰ ਆ ਈ। ਜਿਵੇਂ ਆਪਣੇ ਹੀ ਘਰ ਰੇਡ ਮਾਰਨੀ ਹੋਵੇ। ਘਰ ਦਾ ਦਰਵਾਜ਼ਾ ਦਸ-ਬਾਰਾਂ ਮਿੰਟ ਨਹੀਂ ਖੁੱਲ੍ਹਦਾ ਤਾਂ ਮੇਰੇ ਸਾਹਮਣੇ ਦਿਨ ਦਿਹਾੜੇ ਉਸ ਖ਼ਬਰ ਦੇ ਸੀਨ ਨੱਚਣ ਲੱਗ ਜਾਂਦੇ ਹਨ।
ਬੈੱਲ ਦੀ ਆਵਾਜ਼ ਸੁਣ…ਮੇਰੇ ਘਰੋਂ ਤਾਂ ਬਾਹਰ ਕੋਈ ਨਹੀਂ ਸੀ ਨਿਕਲਿਆ…ਪਰ ਮੇਰੇ ਰੌਲੇ ਰੱਪੇ ਨੇ ਸਾਰੀ ਗਲੀ ਕੱਠੀ ਕਰ ਲਈ ਸੀ। ਮੈਂ ਰੋਈ ਜਾਵਾਂ…। ਭੀੜ ‘ਚੋਂ ਹੀ ਕੋਈ ਆਵਾਜ਼ ਆਉਂਦੀ ਹੈ…ਕੀ ਹੋਇਆ? ਮੇਰੇ ਮੂੰਹੋਂ ਬਸ ਇਹੀ ਨਿਕਲਦਾ ਹੈ…”ਮੇਰੀ ਧੀ ਕਿੱਥੇ?”
ਭੀੜ ਦੇ ਕਈ ਚਿਹਰੇ ਉਦਾਸ ਸੀ…ਤੇ ਕਈ ਮੁਸਕਣੀਆਂ ‘ਚ ਹੱਸ ਰਹੇ ਸੀ…। ਪਰ ਫਿਰ ਵੀ ਲੱਗਦਾ ਹੈ ਉਸ ਭੀੜ ‘ਚ ਮੇਰਾ ਦਰਦ ਸਮਝਣ ਵਾਲਾ ਕੋਈ ਨਹੀਂ। ਤੇ ਉਸ ਭੀੜ ‘ਚੋਂ ਹੀ ਕਿਸੇ ਦੀ ਆਵਾਜ਼ ਮੇਰੇ ਕੰਨਾਂ ਨਾਲ ਖਹਿ ਜਾਂਦੀ ਹੈ, ”ਜਿਹੜੀਆਂ ਮਾਵਾਂ ਸਾਰਾ-ਸਾਰਾ ਦਿਨ ਘਰੋਂ ਬਾਹਰ ਰਹਿਣ ਉਨ੍ਹਾਂ ਨਾਲ ਇਹੀ ਕੁਝ ਹੁੰਦਾ…।”
ਦਸ ਪੰਦਰਾਂ ਮਿੰਟਾਂ ਦੀ ਕਾਵਾਂ ਰੌਲੀ ਨੇ ਲੋਕਾਂ ਨੂੰ ਮੇਰੀ ਧੀ ਬਾਰੇ ਗੱਲਾਂ ਬਣਾਉਣ ਦੀ ਖੁੱਲ੍ਹ ਦੇ ਦਿੱਤੀ ਸੀ। ਹੜਬੜਾਹਟ ‘ਚ ਹੀ ਨੌਕਰ ਦੇ ਮੋਬਾਇਲ ‘ਤੇ ਫ਼ੋਨ ਕਰਦੀ ਹਾਂ…ਬੈੱਲ ਜਾ ਰਹੀ ਹੈ…ਪਰ ਨੌਕਰ ਫ਼ੋਨ ਨਹੀਂ ਚੁੱਕ ਰਿਹਾ…ਮੈਂ ਹੋਰ ਡਰ ਜਾਂਦੀ ਹਾਂ।
ਤੇ ਫਿਰ ਪੰਜ ਮਿੰਟਾਂ ਬਾਅਦ ਹੀ ਮੇਰੀ ਧੀ ਤੇ ਨੌਕਰ ਆਉਂਦੇ ਦਿਸੇ।
ਭੀੜ ਵੱਲ ਵੇਖ ਨੌਕਰ ਡਰ ਜਾਂਦਾ ਹੈ।
”ਕੀ ਹੋਇਆ ਬੀਬੀ ਜੀ…ਘਰ ਮੇਂ ਸਭ ਠੀਕ ਹੈ।”
ਜੀ ‘ਚ ਆਇਆ ਇਹਨੂੰ ਆਖਾਂ ਨਹੀਂ ਸਭ ਠੀਕ ਨਹੀਂ ਹੈ…। ਪਰ ਕਹਿ ਨਹੀਂ ਹੋਇਆ।
ਅਣਮੰਨੇ ਜਿਹੇ ਮਨ ਨਾਲ ਬਸ ਏਨਾ ਹੀ ਪੁੱਛਦੀ ਹਾਂ, ”ਕਿੱÎਥੇ ਗਈ ਸੀ?”
”ਬੀਬੀ ਜੀ! ਆਪ ਭੂਲ ਗਈ ਹਰ ਸ਼ਨੀਵਾਰ ਕੋ ਬਿਟੀਆ ਬਾਹਰ ਕਾ ਖਾਣਾ ਖਾਤੀ ਹੈ…ਇਸੇ ਬਾਹਰ ਸੇ ਖਾਨਾ ਖਿਲਾਕਰ ਲਾਇਆ ਹੂੰ।”
ਹੁਣ ਮੇਰੇ ਘਰ ਦੇ ਬਾਹਰ ਕੋਈ ਭੀੜ ਨਹੀਂ…ਘਰ ਦਾ ਦਰਵਾਜ਼ਾ ਖੋਲ੍ਹ ਅੰਦਰ ਜਾਂਦੀ ਹਾਂ ਤਾਂ ਹਰ ਬੈੱਡ ਦੀ ਚਾਦਰ ਨੂੰ ਗਹੁ ਨਾਲ ਵੇਖਦੀ ਹਾਂ…। ਆਪਣੇ ਮਨ ‘ਚ ਆਉਂਦੇ ਵਿਚਾਰਾਂ ਤੇ ਸ਼ਰਮਸ਼ਾਰ ਹੋ ਜਾਂਦੀ ਹਾਂ।
ਨੌਕਰ ਦੀ ਆਵਾਜ਼ ਆਉਂਦੀ ਹੈ…”ਮੈਂ ਕਹਿ ਰਹਾ ਥਾ ਨਾ ਬੀਬੀ ਜੀ ਘਰ ਮੇਂ ਸਬ ਠੀਕ ਠਾਕ ਹੈ…ਆਪ ਕੋ ਤੋ ਪਤਾ ਨਹੀਂ ਕਯਾ ਹੋ ਜਾਤਾ ਹੈ ਕਭੀ ਕਭੀ।”
ਆਪਣੀ ਬੇਟੀ ਨੂੰ ਗਲੇ ਲਾਉਂਦੀ ਹਾਂ…ਸ਼ਾਂਤ ਹੋ ਜਾਂਦੀ ਹਾਂ…ਤੇ ਫਿਰ ਬੇਮੁਹਾਰੇ ਅੱਥਰੂ ਮੇਰੀਆਂ ਅੱਖਾਂ ‘ਚੋਂ ਕਿਰਨ ਲੱਗ ਜਾਂਦੇ ਨੇ…।
ਨੌਕਰ ਸਭ ਕੁਝ ਦੇਖ ਰਿਹਾ ਹੈ…ਕਿਆ ਹੂਆ ਬੀਬੀ ਜੀ…ਮੇਰੇ ਹੋਤੇ ਕੋਈ ਟੈਨਸ਼ਨ ਨਹੀਂ…ਉਹ ਬੋਲੀ ਜਾ ਰਹੀ ਸੀ…ਮੇਰੇ ਕੋਲ ਕੋਈ ਜੁਆਬ ਨਹੀਂ ਦੇ ਹੁੰਦਾ ਤੇ ਮੇਰੇ ਦੋਵੇਂ ਹੱਥ ਆਪਮੁਹਾਰੇ ਉਹਦੇ ਸਾਹਮਣੇ ਜੁੜ ਜਾਂਦੇ ਨੇ…। ਉਹ ਮੇਰੇ ਸਿਰ ‘ਤੇ ਹੱਥ ਰੱਖ ਰਸੋਈ ‘ਚ ਕੰਮ ਕਰਨ ਚਲਾ ਜਾਂਦਾ ਹੈ।
ਉਹਨੂੰ ਕੀ ਦੱਸਾਂ…ਉਹਦੇ ਕਰਕੇ ਈ ਤਾਂ ਟੈਨਸ਼ਨ ਹੈ…ਮਨ ‘ਚ ਬਹੁਤ ਵਾਰ ਆਉਂਦਾ ਹੈ, ਇਹਨੂੰ ਘਰੋਂ ਕੱਢ ਦੇਵਾਂ…ਫਿਰ ਤਾਂ ਸ਼ਾਂਤ ਹੋਵਾਂਗੀ। ਮੈਨੂੰ ਆਪਣੇ ਆਪ ‘ਤੇ ਵੀ ਖਿਝ ਆਉਂਦੀ ਹੈ…ਮੇਰੇ ਡਿਸਟਰਬ ਰਹਿਣ ‘ਤੇ ਸਾਰਾ ਘਰ ਡਿਸਟਰਬ ਹੋ ਜਾਂਦਾ। ਬੇਮਤਲਬਾ ਹੀ ਨੌਕਰ ਨੂੰ ਝਿੜਕਦੀ ਰਹਿੰਦੀ ਹਾਂ। ਨਵਜੋਤ ਦੀ ਦੱਸੀ ਦਵਾਈ ਲੈ ਰਹੀ ਹਾਂ…ਡੀਪ ਬਰੀਦਿੰਗ ਵੀ ਕਰਦੀ ਹਾਂ। ਥੋੜ੍ਹੀ ਬਹੁਤ ਸ਼ਾਂਤ ਹੁੰਦੀ ਹਾਂ…ਫਿਰ ਵੀ ਟੀ.ਵੀ. ‘ਤੇ ਇਹੋ ਜਿਹਾ ਕੁਝ ਸੁਣ ਲੈਂਦੀ ਹਾਂ ਜਿਸ ਨਾਲ ਅਸ਼ਾਂਤ ਹੋਈ…ਪੂਰੇ ਘਰ ਦੀ ਸ਼ਾਂਤੀ ਭੰਗ ਕਰ ਦੇਂਦੀ ਹਾਂ।
ਆਪਣੇ ਨੌਕਰ ਬਾਰੇ ਚੰਗਾ ਸੋਚਣ ਦੀ ਕੋਸ਼ਿਸ਼ ਕਰਦੀ ਹਾਂ…ਕੋਈ ਵੀ ਅਜਿਹੀ ਗੱਲ ਸਾਹਮਣੇ ਨਹੀਂ ਆਉਂਦੀ…ਜਦ ਉਸ ਕਿਸੇ ਵੀ ਔਰਤ ਵੱਲ ਲਲਚਾਈਆਂ ਨਜ਼ਰਾਂ ਨਾਲ ਵੇਖਿਆ ਹੋਵੇ ਪਰ ਉਦੋਂ ਗੱਲ ਹੋਰ ਸੀ…ਉਦੋਂ ਇਹਦੀ ਬੀਵੀ ਜਾਂਦੀ ਜਾਗਦੀ ਸੀ…ਹੁਣ ਬੀਵੀ ਮਰ ਖਪ ਗਈ ਤੇ ਇਹ ਸਾਡੇ ਘਰ ਦਾ ਹੀ ਹੋ ਕੇ ਰਹਿ ਗਿਆ। ਪਿੱਛੇ ਮੁੜ ਕੇ ਵੇਖਦੀ ਹਾਂ ਤਾਂ ਸਭ ਕੁਝ ਚੇਤੇ ਆਉਂਦਾ ਹੈ। ਇਸ ਨੌਕਰ ਦਾ ਸਾਡੇ ਘਰ ਨਾਲ ਨਾਤਾ ਬਾਰ੍ਹਾਂ ਵਰ੍ਹਿਆਂ ਦਾ ਹੈ…ਮੇਰੀ ਬੇਟੀ ਸਾਲ ਕੁ ਦੀ ਸੀ ਜਦ ਇਹ ਦੋਵੇਂ ਜੀਅ ਸਾਡੇ ਘਰ ਆਏ ਸੀ। ਇਹ ਦੋਵੇਂ ਕਦੇ ਓਪਰੇ ਨਹੀਂ ਸੀ ਲੱਗੇ ਤੇ ਨਾ ਹੀ ਇਨ੍ਹਾਂ ਨੂੰ ਨੌਕਰਾਂ ਵਾਂਗੂੰ ਜਾਣਿਆ ਸੀ।
ਪਰ ਹੁਣ ਮੈਂ ਜਦ ਨੌਕਰ ਨੂੰ ਵੇਖਦੀ ਹਾਂ ਤਾਂ ਚੰਡੀ ਚੜ੍ਹ ਜਾਂਦੀ ਆ…ਕਈ ਵਾਰ ਸੋਚੂੰ ਇਹ ਇੰਝ ਨਹੀਂ ਕਰ ਸਕਦਾ…ਮੇਰੀ ਧੀ ਦਾ ਖ਼ਿਆਲ ਮੇਰੇ ਤੋਂ ਵੀ ਵੱਧ ਰੱਖਦਾ। ਪਰ ਫਿਰ ਉਸ ਕੇਸ ਨਾਲ ਆਈ ਵੰਨ-ਸੁਵੰਨੀ ਖ਼ਬਰ ਮੈਨੂੰ ਕੰਬਾਅ ਕੇ ਰੱਖ ਦਿੰਦੀ ਹੈ।
ਪ੍ਰੇਸ਼ਾਨ ਜਿਹੀ ਮੈਂ…ਉਦਾਸ ਜਿਹੀ ਮੈਂ…ਆਪਣੀ ਸਹੇਲੀ ਨਵਜੋਤ ਨੂੰ ਸਭ ਕੁਝ ਦੱਸਦੀ ਹਾਂ…ਉਹ ਮੈਨੂੰ ਆਪਣੇ ‘ਕੌਂਸਲਿੰਗ ਸੈਂਟਰ’ ‘ਤੇ ਬੁਲਾਉਂਦੀ ਹੈ। ਮੇਰੀ ਕੇਸ ਹਿਸਟਰੀ ਤਿਆਰ ਕਰਨ ਲÂਂ ਮੈਨੂੰ ਪੁੱਛਦੀ ਹੈ, ”ਤੈਨੂੰ ਕਦੇ ਅੱਗੇ ਵੀ ਇੰਝ ਹੋਇਆ?”
”ਨਹੀਂ।”
ਉਹ ਫਿਰ ਪੁੱਛਦੀ ਹੈ, ”ਆਪਣੀ ਜਵਾਨੀ, ਬਚਪਨ ‘ਚ ਕਦੇ ਇੰਝ ਲੱਗਾ ਜੋ ਕਿਸੇ ਨਾਲ ਹੋਇਆ, ਜੇ ਉਹ ਮੇਰੇ ਨਾਲ ਵਾਪਰ ਜਾਏ…।”
”ਹਾਂ…ਮੈਨੂੰ ਯਾਦ ਹੈ…ਜਦ ਮੇਰੀ ਸਹੇਲੀ ਦਾ ਬਾਪ ਮਰਿਆ ਤਾਂ ਮੈਨੂੰ ਲੱਗੀ ਜਾਵੇ…ਜੇ ਮੇਰਾ ਬਾਪ ਮਰ ਜਾਵੇ…।”
”ਹੋਰ ਇਸ ਤਰ੍ਹਾਂ ਦਾ ਕੁਝ…।” ਉਹ ਫਿਰ ਪੁੱਛਦੀ ਹੈ।
ਆਪਣੇ ਦਿਮਾਗ਼ ‘ਤੇ ਥੋੜ੍ਹਾ ਜ਼ੋਰ ਪਾ ਕੇ ਉਸ ਨੂੰ ਦੱਸਦੀ ਹਾਂ…ਜਦੋਂ ਕਦੇ ਪਿੰਗਲਵਾੜੇ ਜਾਂਦੀ ਹਾਂ ਤਾਂ ਅੱਖ ਭਰ ਆਉਂਦੀ ਹੈ…ਮੈਨੂੰ ਲੱਗਦਾ ਜੇ ਮੇਰੇ ਬੱਚਿਆਂ ਨਾਲ ਵੀ ਇੰਝ ਹੋ ਜਾਵੇ…।
”ਨਵਜੋਤ, ਤੈਨੂੰ ਵੀ ਪਤਾ ਹੈ…ਮੈਂ ਇਸ ਤਰ੍ਹਾਂ ਦੀ ਸ਼ੱਕੀ ਨਹੀਂ ਸੀ।”
”ਇਹ ਸ਼ੱਕ ਨਹੀਂ ਦੀਪਾ! ਯੂ ਆਰ ਸਫ਼ਰਿੰਗ ਫਰੋਮ ਪੈਰਾਨੋਇਡ ਡਿਸਔਰਡਰ…ਬਟ ਯੂ ਡੌਂਟ ਵਰੀ…ਅਜੇ ਸਮੱਸਿਆ ਮਾਈਲਡ ਹੈ।”
”ਮੈਂ ਠੀਕ ਹੋ ਜਾਵਾਂਗੀ।” ਮੈਂ ਤਰਲੇ ਜਿਹੇ ਨਾਲ ਉਸ ਨੂੰ ਪੁੱਛਦੀ ਹਾਂ।
”ਵੇਖ ਦੀਪਾ! ਦੋ ਤਰ੍ਹਾਂ ਦੇ ਲੋਕ ਹੁੰਦੇ ਨੇ…ਇਕ ਉਹ ਜੋ ਬਿਮਾਰੀ ਨੂੰ ਆਪਣੇ ‘ਤੇ ਹਾਵੀ ਕਰ ਲੈਂਦੇ ਨੇ…ਤੇ ਕੁਝ ਬਿਮਾਰੀ ‘ਤੇ ਆਪ ਹਾਵੀ ਹੋ ਜਾਂਦੇ ਨੇ। ਦੂਜੀ ਕਿਸਮ ਦੇ ਲੋਕ ਜਲਦੀ ਬਿਮਾਰੀ ਤੋਂ ਓਵਰਕਮ ਕਰ ਲੈਂਦੇ ਨੇ…।”
ਉਹਦੀ ਕਲੀਨਿਕ ਤੋਂ ਆ ਮੈਂ ਦਵਾਈ ਲੈਂਦੀ ਹਾਂ…ਅੱਜ ਕਿੰਨੇ ਹੀ ਦਿਨਾਂ ਬਾਅਦ ਮੈਂ ਰੀਲੈਕਸਡ ਫੀਲ ਕਰ ਰਹੀ ਹਾਂ…ਤੇ ਕਿੰਨੇ ਹੀ ਦਿਨਾਂ ਬਾਅਦ ਮੈਂ ਰੱਜ ਕੇ ਸੁੱਤੀ ਹਾਂ…ਪਰ ਜਦ ਅੱਖ ਖੁੱਲ੍ਹਦੀ ਹੈ ਤਾਂ ਘਰ ‘ਚ ਤੁਰਿਆ ਫਿਰਦਾ ਨੌਕਰ ਮੈਨੂੰ ਇੰਝ ਲੱਗਦਾ…ਜਿਵੇਂ ਮੇਰੀ ਜਵਾਨ ਹੋ ਰਹੀ ਧੀ ਨੂੰ ਅੱਖਾਂ ਹੀ ਅੱਖਾਂ ‘ਚ ਮਾਪ ਰਿਹਾ ਹੋਵੇ…।
ਆਪਣੇ ਧਿਆਨ ਨੂੰ ਹੋਰ ਥਾਂ ਪਾਉਣ ਲਈ ਨੈੱਟ ਖੋਲ੍ਹਦੀ ਹਾਂ…ਉਂਜ ਮੈਂ ਬਹੁਤ ਦਿਨਾਂ ਤੋਂ ਉਸ ਘਟਨਾ ਨਾਲ ਰੀਲੇਟਡ ਕੋਈ ਖ਼ਬਰ ਨਹੀਂ ਸੁਣੀ…ਮਨ ‘ਤੇ ਜ਼ਾਬਤਾ ਰੱਖਣ ਦੀ ਕੋਸ਼ਿਸ਼ ਕਰਦੀ ਹਾਂ ਕਿ ਅੱਜ ਮੀ ਉਸ ਘਟਨਾ ਬਾਰੇ ਕੁਝ ਨਹੀਂ ਵੇਖਣਾ…ਪਰ ਫਿਰ ਵੀ ਪਤਾ ਨਹੀਂ ਕਿਵੇਂ ਨੈੱਟ ‘ਤੇ ਸ਼ਾਰੂਤੀ ਮਰਡਰ ਕੇਸ ਕਲਿੱਕ ਹੋ ਗਿਆ…ਉਸ ਘਟਨਾ ਦਾ ਨਿੱਕਾ-ਨਿੱਕਾ ਵੇਰਵਾ ਅੱਖਾਂ ਅੱਗੇ ਵਿਛ ਜਾਂਦਾ ਹੈ। ਅਜੀਬ ਹਾਲਤ ਸੀ ਮੇਰੀ…ਜਿਹੜੀਆਂ ਗੱਲਾਂ ਦੁੱਖ ਦੇਂਦੀਆਂ…ਉਨ੍ਹਾਂ ਦਾ ਹੀ ਖ਼ਰਾ ਖੋਜ ਲੱਭਣ ਤੁਰ ਪੈਂਦੀ ਹਾਂ…। ਇਕ ਵੇਰਵਾ ਪੜ੍ਹ ਮੈਂ ਫਿਰ ਹਾਲੋ-ਬੇਹਾਲ ਹੋ ਜਾਂਦੀ ਹਾਂ। ਸੋਚਦੀ ਹਾਂ ਜੇ ਮੇਰੇ ਨੌਕਰ ਨੇ ਵੀ ਮੇਰੀ ਧੀ ਦੀ ਪੋਰਨ ਵੀਡੀਓ ਬਣਾ ਦਿੱਤੀ ਹੋਊ ਤਾਂ ਮੈਂ ਕੀ ਕਰੂੰਗੀ? ਮੈਂ ਲੈਪਟੋਪ ਨੂੰ ਵਗਾਹ ਮਾਰਦੀ ਹਾਂ…ਕਾਲੀ ਹੋਈ ਡਿਸਪਲੇਅ ਵਿਚੋਂ ਵੀ ਮੈਨੂੰ ਸੀਨ ਦਿਸਣੋਂ ਨਹੀਂ ਹਟਦੇ…ਹੜਬੜਾਹਟ ਜਿਹੀ ‘ਚ ਮੈਂ ਆਪਣੀ ਧੀ ਨੂੰ ਵਾਜਾਂ ਮਾਰਨ ਲੱਗ ਜਾਂਦੀ ਹਾਂ…।
”ਮਾਮਾ! ਕੀ ਹੋਇਆ?”
ਮੇਰੇ ਮੂੰਹੋਂ ਕੁਝ ਨਹੀਂ ਨਿਕਲਦਾ ਤੇ ਝੱਲਿਆਂ ਵਾਂਗ ਉਹਦੇ ਦੁਆਲੇ ਬਾਹਵਾਂ ਵਲ ਦੇਂਦੀ ਹਾਂ।
”ਪਲੀਜ਼ ਲੀਵ ਮੀ…ਮੇਰਾ ਸਾਹ ਘੁੱਟ ਰਿਹਾ ਮਾਮਾ।” ਮੇਰੇ ਕੋਲੋਂ ਉਹ ਜ਼ਬਰਦਸਤੀ ਛੁੱਟ ਜਾਂਦੀ ਹੈ…ਮੇਰੇ ਅੱਥਰੂ ਵਹਿ ਜਾਂਦੇ ਨੇ।
ਮੇਰੀ ਰੋਜ ਮੇਰੇ ਕੋਲ ਬੈਠ ਜਾਂਦੀ ਹੈ…ਮੈਂ ਉਹਦੇ ਮੋਢੇ ‘ਤੇ ਸਿਰ ਰੱਖ ਦੇਂਦੀ ਹਾਂ।
”ਮਾਮਾ! ਕੀ ਹੋ ਜਾਂਦਾ ਹੈ ਤੁਹਾਨੂੰ…।”
”ਪਤਾ ਨਹੀਂ ਰੋਜ, ਮੈਨੂੰ ਕੀ ਹੋ ਜਾਂਦਾ ਹੈ।”
”ਰੋਜ! ਤੈਨੂੰ ਪਤਾ…ਜਦੋਂ ਤੂੰ ਛੋਟੀ ਸੀ…ਪਾਪਾ ਨਾਲ ਲੁਕਣਮੀਟੀ ਖੇਡਦੀ ਹੁੰਦੀ ਸੀ। ਮੈਂ ਤੈਨੂੰ ਬਚਾਉਣ ਲਈ ਆਪਣੀ ਬੁੱਕਲ ‘ਚ ਲੁਕਾ ਲੈਂਦੀ ਸੀ।”
ਹੁਣ ਵੀ ਮੇਰਾ ਦਿਲ ਕਰਦਾ…ਤੈਨੂੰ ਮੈਂ ਕਿਤੇ ਲੁਕਾ ਲਵਾਂ…।”
”ਇਹ ਕੀ ਗੱਲ ਹੋਈ ਮਾਮਾ…ਤੁਸੀਂ ਮੈਨੂੰ ਲੁਕਾਅ ਨਹੀਂ ਸਕਦੇ…ਆਈ ਐਮ ਬਿਗ ਨਾਓ।”
ਉਹਨੂੰ ਕੀ ਦੱਸਾਂ…ਦਿਨੋ ਦਿਨ ਉਹਦਾ ਵੱਡਾ ਹੋਣਾ…ਮੈਨੂੰ ਕਿਹੜੇ ਚੱਕਰਾਂ ‘ਚ ਪਾ ਰਿਹਾ। ਕਈ ਵਾਰ ਸੋਚਦੀ ਹਾਂ ਸਾਡੇ ਵੇਲੇ ਏਡੇ ਕੰਪਲੈਕਸਡ ਨਹੀਂ ਸੀ ਹੁੰਦੇ। ਸਾਨੂੰ ਹਮੇਸ਼ਾ ਘਰ ਦੇ ਬਾਹਰੋਂ ਹੀ ਡਰ ਸੀ…ਘਰ ਦੇ ਅੰਦਰ ਤਾਂ ਨਹੀਂ। ਪਰ ਅੱਜ ਕੱਲ੍ਹ ਤਾਂ ਲੈਪਟੋਪ ‘ਤੇ ਜੋ
ਮਰਜ਼ੀ ਗੰਦ-ਮੰਦ ਵੇਖੀ ਜਾਣ ਨਿਆਣੇ…। ਫਿਰ ਨੌਕਰ ਦਿਸਦਾ ਹੈ ਤਾਂ ਮੈਨੂੰ ਲੱਗਦਾ ਇਹਦੇ ਕਰਕੇ ਹੀ ਸਭ ਕੁਝ ਗਲਤ ਮਲਤ ਹੋ ਰਿਹਾ।
•••
ਤੇ ਫਿਰ ਇਕ ਦਿਨ ਮੈਂ ਉਸ ਨੌਕਰ ਨੂੰ ਘਰੋਂ ਕੱਢ ਦਿੱਤਾ ਸੀ, ਜਿਹੜਾ ਬਾਰਾਂ ਸਾਲਾਂ ਤੋਂ ਮੇਰੇ ਘਰ ਨੂੰ ਆਪਣਾ ਹੀ ਘਰ ਸਮਝ ਰਿਹਾ ਸੀ। ਮੈਂ ਇਸ ਸਾਂਝ ਨੂੰ ਇਕ ਝਟਕੇ ਨਾਲ ਹੀ ਪਰਾਇਆ ਕਰ ਦਿੱਤਾ ਸੀ।
ਉਹਦੇ ਤੋਂ ਅੱਖਾਂ ਤਾਂ ਮੈਂ ਕਦੋਂ ਦੀਆਂ ਫੇਰ ਲਈਆਂ ਸੀ ਪਰ ਫਿਰ ਵੀ ਉਹਦਾ ਮੇਰੇ ਘਰੋਂ ਜਾਣ ਨੂੰ ਜੀਅ ਨਹੀਂ ਸੀ ਕਰਦਾ। ਇਕ ਦਿਨ ਉਸ ਮੈਨੂੰ ਤਰਲੇ ਨਾਲ ਕਿਹਾ ਸੀ, ”ਬੀਬੀ ਜੀ…ਆਪ ਤੋ ਐਸੀ ਕਭੀ ਨ ਥੀ…। ਮੇਰੀ ਗਲਤੀ ਕਯਾ ਹੈ…ਯੇਹ ਤੋ ਬਤਾਓ।”
”ਤੂੰ ਮੈਨੂੰ ਕੁਝ ਨਾ ਪੁੱਛ…। ਪਰ ਮੈਨੂੰ ਚੰਗਾ ਨਹੀਂ ਲੱਗਦਾ ਕਿ ਤੂੰ ਹੁਣ ਇਸ ਘਰ ‘ਚ ਰਹੇ…।”
ਜਿਸ ਦਿਨ ਉਸ ਘਰ ਛੱਡਿਆ…ਉਹਦੀਆਂ ਅੱਖਾਂ ਪੀਲੀਆਂ ਸੀ। ਮਨ ‘ਚ ਆਈ ਉਹਨੂੰ ਆਖਾਂ ਡਾਕਟਰ ਤੋਂ ਚੈੱਕਅਪ ਕਰਵਾ ਲਈਂ…ਪਰ ਮੈਂ ਤਾਂ ਪੱਥਰ ਬਣ ਗਈ ਸੀ…ਮੈਥੋਂ ਕੁਝ ਨਾ ਕਹਿ ਹੋਇਆ।
ਜਾਣ ਵੇਲੇ ਬਸ ਉਸ ਏਨਾ ਹੀ ਕਿਹਾ ਸੀ, ”ਮੈਂ ਜਾ ਰਹਾ ਹੂੰ…ਬੀਬੀ ਜੀ!”
”ਚੰਗਾ ਤੂੰ ਚਲੇ ਜਾ…ਮੁੜ ਕਦੇ ਨਾ ਆਈਂ।”
”ਬੀਬੀ ਜੀ! ਮੈਂ ਆਨੇ ਕੇ ਲੀਏ ਨਹੀਂ ਜਾ ਰਹਾ।”
ਇਸ ਤੋਂ ਬਾਅਦ ਉਹ ਚੁੱਪ ਹੋ ਗਿਆ…ਉਹਦੀਆਂ ਪੀਲੀਆਂ ਅੱਖਾਂ ‘ਚ ਅੱਥਰੂ ਸੀ…ਉਹ ਹੱਥ ਮੈਨੂੰ ਸਿਰ ‘ਤੇ ਪਿਆਰ ਦੇਣ ਲਈ ਉੱਪਰ ਉੱਠਿਆ…ਪਰ ਫਿਰ ਆਪਣੇ ਆਪ ਉਸ ਹੱਥ ਪਿਛਾਂਹ ਕਰ ਲਿਆ…ਕੰਬਦੇ ਹੱਥਾਂ ਨਾਲ ਉਸ ਸਤਿ ਸ੍ਰੀ ਅਕਾਲ ਬੁਲਾਈ…ਫਿਰ ਉਹ ਇਕਦਮ ਕਮਰੇ ਤੋਂ ਬਾਹਰ ਹੋ ਗਿਆ। ਮੇਰਾ ਘਰਵਾਲਾ ਉਹਨੂੰ ਕਾਰ ‘ਚ ਬਿਠਾ ਕਿਤੇ ਛੱਡ ਆਇਆ ਸੀ।
ਉਹਦੇ ਜਾਣ ਤੋਂ ਬਾਅਦ ਮੈਂ ਬਹੁਤ ਰੋਈ ਸੀ…ਉਸ ਦਿਨ ਸਾਡੇ ਘਰ ਕੁਝ ਰਿੱÎਝਿਆ ਪੱਕਿਆ ਨਾ…ਮੇਰੀ ਬੇਟੀ ਗੁੰਮ ਸੁੰਮ ਰਹਿਣ ਲੱਗ ਪਈ। ਪਰ ਫਿਰ ਵੀ ਮੈਨੂੰ ਸਕੂਨ ਮਿਲ ਗਿਆ ਸੀ।
•••
ਮੇਰੇ ਘਰ ਤੋਂ ਦੂਰ ਜਾ ਕੇ ਉਹ ਬਹੁਤੇ ਦਿਨ ਜੀਅ ਨਹੀਂ ਸੀ ਸਕਿਆ। ਉਹਦੇ ਮਰਨ ਦੀ ਖ਼ਬਰ ਮੇਰਾ ਘਰਵਾਲਾ ਹੀ ਲੈ ਕੇ ਆਇਆ ਸੀ। ਉਸ ਦਾ ਸੰਸਕਾਰ ਅਸੀਂ ਆਪਣੇ ਹੱਥੀਂ ਕੀਤਾ। ਉਹਦੇ ਅੰਤਮ ਦਰਸ਼ਨ ਕਰਦੀ ਹਾਂ ਤਾਂ ਆਵਾਜ਼ ਆਉਂਦੀ ਹੈ, ”ਮੈਂ ਆਨੇ ਕੇ ਲੀਏ ਨਹੀਂ ਜਾ ਰਹਾ।” ਉਹਦੇ ਮਰਨ ਦੀਆਂ ਰਸਮਾਂ ਮੈਂ ਆਪਣੇ ਧਰਮ ਮੁਤਾਬਕ ਨਿਭਾਈਆਂ। ਪਤਾ ਨਹੀਂ ਇਹ ਰਸਮਾਂ ਉਹਦੀ ਸ਼ਾਂਤੀ ਲਈ ਸੀ ਜਾਂ ਮੇਰੀ ਆਪਣੀ ਸ਼ਾਂਤੀ ਲਈ…। ਗੁਰਦੁਆਰੇ ਦੇ ਗੰ੍ਰਥੀ ਨੇ ਅੰਤਮ ਅਰਦਾਸ ਕਰਦਿਆਂ ਕਿਹਾ ਸੀ ਇਸ ਨੂੰ ਆਵਾਗਮਨ ਦੇ ਚੱਕਰ ਤੋਂ ਬਚਾਉਣ…ਇਸ ਦੀ ਰੂਹ ਨੂੰ ਭਟਕਣਾ ਤੋਂ ਬਚਾਉਣਾ…ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ਣਾ ਹੇ ਵਾਹਿਗੁਰੂ! ਮੈਂ ਸੋਚ ਰਹੀ ਸੀ ਜੇ ਰੂਹਾਂ ਦੀ ਕੋਈ ਭਟਕਣਾ ਹੁੰਦੀ ਹੋਊ ਤਾਂ ਉਹਦੀ ਰੂਹ ਤਾਂ ਅਜੇ ਵੀ ਮੇਰੇ ਘਰ ਦਾ ਕੋਈ ਖੂੰਝਾ ਮੱਲ ਕੇ ਬੈਠੀ ਹੋਣੀ…ਫਿਰ ਸੋਚਦੀ ਹਾਂ ਰੂਹ ਦਾ ਕੀ ਆ…ਪੁਆੜੇ ਤਾਂ ਸਭ ਸਰੀਰਾਂ ਦੇ ਨੇ…।
ਨੌਕਰ ਮਰ ਚੁੱਕਾ ਸੀ ਪਰ ਅਜੇ ਵੀ ਆਨੀਂ-ਬਹਾਨੀਂ ਚੇਤੇ ਆਉਂਦਾ ਹੈ। ਟੀ.ਵੀ. ‘ਤੇ ਗਾਣਾ ਚੱਲ ਰਿਹਾ ਸੀ…ਬਾਬਲ ਪਿਆਰੇ ਰੋਏ ਪਾਇਲ ਕੀ ਛਮ ਛਮ, ਨਿਸ ਦਿਨ ਤੁਮ੍ਹੇ ਪੁਕਾਰੇ ਮਨ…। ਗੀਤ ਸੁਣਦਿਆਂ ਹੀ ਮੇਰੇ ਕਈ ਦਿਨਾਂ ਦੇ ਡੱਕੇ ਅੱਥਰੂ ਬੇਮੁਹਾਰੇ ਵਹਿ ਤੁਰੇ…। ਇਹ ਗੀਤ ਸੁਣ ਪਹਿਲਾਂ ਮੈਨੂੰ ਮਰਿਆ ਬਾਪ ਚੇਤੇ ਆਉਂਦਾ ਸੀ…ਪਰ ਅੱਜ ਪਤਾ ਨਹੀਂ ਕਿਉਂ ਨੌਕਰ ਯਾਦ ਆ ਗਿਆ?
ਉਹਦੇ ਮਰਨ ਦੀ ਖ਼ਬਰ ਸੁਣ ਮੇਰੀ ਧੀ ਉਦਾਸ ਰਹਿੰਦੀ ਹੈ। ਇਕ ਦਿਨ ਮੇਰੇ ਕੋਲ ਬੈਠੀ ਅਚਾਨਕ ਮੈਨੂੰ ਕਹਿਣ ਲੱਗੀ, ”ਮਾਮਾ! ਤੁਹਾਨੂੰ ਪਤਾ ਨੌਕਰ ਅੰਕਲ ਦੀ ਤੁਹਾਡੇ ਕਰਕੇ ਡੈੱਥ ਹੋਈ ਹੈ।” ਉਹਦੀ ਗੱਲ ਸੁਣ ਇਕ ਪਲ ਲਈ ਮੈਂ ਤ੍ਰਬਕ ਜਾਂਦੀ ਹਾਂ। ਪਰ ਦੂਜੇ ਹੀ ਪਲ ਸੋਚਦੀ ਹਾਂ, ਚੰਗਾ ਹੋਇਆ ਆਪਣੇ ਆਪ ਮਰ ਖਪ ਗਿਆ। ਮੇਰੇ ‘ਤੇ ਕਤਲ ਦਾ ਇਲਜ਼ਾਮ ਨਹੀਂ ਆ ਸਕਦਾ। ਮਿਸਟਰ ਅਤੇ ਮਿਸਿਜ਼ ਅਨੰਦ ਵਾਂਗ।
ਦੂਜੀ ਖ਼ਬਰ
ਦਿਨ ਬੀਤ ਗਏ…ਹੁਣ ਮੈਂ ਸਹਿਜ ਹਾਂ…ਜ਼ਿੰਦਗੀ ਸਹਿਜ ਹੋ ਰਹੀ ਹੈ। ਘਰ ‘ਚ ਸ਼ਾਂਤੀ ਹੈ…ਮੈਂ ਜੁ ਸ਼ਾਂਤ ਹੋ ਗਈ…ਮਨ ਦਾ ਗਰਦ ਗੁਬਾਰ ਨਿਕਲ ਚੁੱਕਾ ਸੀ…ਯੋਗਾ, ਡੀਪ ਬਰੀਦਿੰਗ, ਮੈਡੀਟੇਸ਼ਨ ਕਰਦੀ ਹਾਂ। ਪਰ ਫਿਰ ਵੀ ਨਵਜੋਤ ਦੇ ਕੌਂਸਿਲੰਗ ਸੈਂਟਰ ਜਾਣਾ ਨਹੀਂ ਭੁੱਲਦੀ। ਉਹਨੂੰ ਮੇਰੀ ਫ਼ਿਕਰ ਸੀ। ਆਨੀਂ ਬਹਾਨੀਂ ਨੌਕਰ ਦੀਆਂ ਗੱਲਾਂ ਛੇੜਦੀ ਹੈ। ਮੈਨੂੰ ਲੱਗਦਾ ਹੈ ਮੇਰੇ ‘ਤੇ ਕੋਈ ਤਜਰਬੇ ਕਰ ਰਹੀ ਹੋਵੇ। ਮੈਂ ਹੱਸਦੀ ਕਹਿੰਦੀ ਹਾਂ, ”ਹੁਣ ਮੈਂ ਅਨੰਦ ਦੀ ਅਵਸਥਾ ‘ਚ ਹਾਂ…ਏਥੇ ਨਾ ਕੋਈ ਖ਼ੁਸ਼ੀ ਹੈ…ਨਾ ਕੋਈ ਗ਼ਮੀ। ਹੁਣ ਕੋਈ ਭੈਅ ਨਹੀਂ। ਮੈਂ ਤਾਂ ਚਾਹੁੰਦੀ ਹਾਂ…ਤੂੰ ਹਮੇਸ਼ ਇੰਝ ਹੀ ਸਹਿਜਤਾ ‘ਚ ਰਹੇ। ਮੈਂ ਮੋੜਵਾਂ ਜਵਾਬ ਦਿੱਤਾ, ”ਵਟ ਡੂ ਯੂ ਮੀਨ…ਆਈ ਐਮ ਨਾਟ ਵੈੱਲ?” ਨਵਜੋਤ ਨੇ ਕੋਈ ਜਵਾਬ ਨਹੀਂ ਦਿੱਤਾ…ਸਿਰਫ਼ ਮੁਸਕਰਾਉਂਦੀ ਹੈ।
ਪਰ ਇਕ ਦਿਨ ਨਿਰਭੈਅ ਦੀ ਖ਼ਬਰ ਨੇ ਮੇਰਾ ਭੈਅ ਵਧਾ ਦਿੱਤਾ ਸੀ। ਉਫ਼ ਏਨਾ ਭਿਆਨਕ…ਇੰਝ ਵੀ ਹੋ ਸਕਦਾ ਹੈ…ਬੰਦਾ ਏਨਾ ਵਹਿਸ਼ੀ ਤੇ ਜੰਗਲੀ ਵੀ ਹੋ ਸਕਦਾ ਹੈ? ਮੇਰੇ ਮਨ ‘ਚ ਪਤਾ ਨਹੀਂ ਕੀ ਕੀ ਆ ਰਿਹਾ ਸੀ।
ਨਿਰਭੈਅ ਨਾਲ ਹੋਏ ‘ਰੇਪ’ ‘ਚ ‘ਰਾਡ’ ਦੀ ਵੀ ਹਿੱਸੇਦਾਰੀ ਸੀ। ਨਿਰਭੈਅ ਨੂੰ ਉਸ ‘ਰਾਡ’ ਨੇ ਮਾਰ ਦਿੱਤਾ ਸੀ। ਉਹ ਮੇਰੀ ਕੁਝ ਨਹੀਂ ਸੀ…ਪਰ ਉਹਦੀ ਪੀੜ ਮੇਰਾ ਹਿੱਸਾ ਬਣ ਗਈ ਸੀ। ਮੇਰੀਆਂ ਲੱਤਾਂ ‘ਚ ਸਾਹ ਸਤ ਨਾ ਰਿਹਾ…ਮੈਨੂੰ ਲੱਗਦਾ ਉਸ ਰਾਡ ਨੇ ਮੈਨੂੰ ਹਰ ਥਾਂ ਤੋਂ ਵਿੰਨ ਦਿੱਤਾ ਹੋਵੇ…।
ਮੈਂ ਰੋਣਹਾਕੀ ਹੋਈ ਨਵਜੋਤ ਦੇ ਕਲੀਨਿਕ ਪਹੁੰਚ ਜਾਂਦੀ ਹਾਂ…। ਉਹ ਮੇਰੇ ਚਿਹਰੇ ਤੋਂ ਉਦਾਸੀ ਦੇ ਨਕਸ਼ ਪਹਿਚਾਣਦੀ ਪੁੱਛਦੀ ਹੈ, ”ਆਰ ਯੂ ਫਾਈਨ?”
”ਨੋ ਡੀਅਰ…ਮੈਂ ਬਹੁਤ ਡਰੀ ਹੋਈ ਹਾਂ…ਦਿੱਲੀ ਵਾਲੇ ਰੇਪ ਕੇਸ ਤੋਂ…ਯਾਰ ਉਹ ਮਾਈ ਗਾਡ…ਬੰਦਾ ਏਨਾ ਜੰਗਲੀ ਵੀ ਹੋ ਸਕਦਾ ਹੈ?”
”ਓ ਯਾਰ…ਇਫ਼ ਮੈਨ ਇਜ਼ ਏ ਸੋਸ਼ਲ ਐਨੀਮਲ…ਤਦ ਉਹਦਾ ਜੰਗਲੀਪੁਣਾ ਵੀ ਤਾਂ ਕਦੇ ਕਦਾਈਂ ਬਾਹਰ ਆਉਣਾ ਹੀ ਹੈ।”
ਮੈਂ ਉਹਦੀ ਗੱਲ ਦਾ ਜਵਾਬ ਨਹੀਂ ਦੇਂਦੀ।
”ਨਾਰਮਲ ਹੋ ਦੀਪਾਂ! ਏਡਾ ਵੱਡਾ ਦੇਸ਼…ਏਥੇ ਇੰਝ ਦਾ ਨਿੱਕਾ ਮੋਟਾ ਕੁਝ ਵਾਪਰਦਾ ਹੀ ਰਹਿਣਾ ਹੈ।”
”ਪਰ ਨਵਜੋਤ ਇਕ ਜਿਉਂਦੀ ਜਾਗਦੀ ਕੁੜੀ ਨੂੰ ਰਾਡ ਨਾਲ ਵਿੰਨ੍ਹ ਦਿੱਤਾ ਤੇ ਤੂੰ ਇਸ ਨੂੰ ਨਿੱਕਾ ਮੋਟਾ ਹਾਦਸਾ ਦੱਸਦੀ ਏਂ…।”
”ਵੇਖ ਦੀਪ! ਕ੍ਰੋੜਾਂ ਜਨਤਾ ਦੇ ਗ਼ਮਾਂ ਨੂੰ ਆਪਣੇ ‘ਤੇ ਕਿਵੇਂ ਝੱਲ ਲਵਾਂਗੇ।”
ਮੈਂ ਕੁਝ ਨਹੀਂ ਬੋਲਦੀ…ਚੁੱਪਚਾਪ ਨਵਜੋਤ ਦੇ ਘਰੋਂ ਤੁਰ ਪੈਂਦੀ ਹਾਂ…।
ਮੇਰੀ ਸਹਿਜਤਾ ਭੰਗ ਹੋ ਗਈ…ਮੈਨੂੰ ਲੱਗਾ ਫਿਰ ਉਹੀ ਚੱਕਰ ਸ਼ੁਰੂ ਹੋ ਗਿਆ। ਨਵਜੋਤ ਵੀ ਕਹਿ ਰਹੀ ਸੀ…”ਤੇਰਾ ਔਬਜੈਕਟ ਬਦਲਿਆ ਹੈ…ਸਮੱਸਿਆ ਤਾਂ ਅਜੇ ਵੀ ਉਥੇ ਦੀ ਉਥੇ ਹੀ ਹੈ।”
ਕਾਲਜ ਜਾਂਦੀ ਹਾਂ ਉੱਖੜੀ-ਉੱਖੜੀ ਜਹੀ, ਜਿਥੇ ਵੀ ਦੋ ਚਾਰ ਕੁਲੀਗ ਖੜ੍ਹੇ ਹੁੰਦੇ ਨੇ…ਮੈਨੂੰ ਲੱਗਦਾ ‘ਰਾਡ’ ਚੁੱਕਣ ਦੀ ਤਿਆਰੀ ਵਿਚ ਹੋਣ…। ਰਾਊਂਡ ਡਿਊਟੀ ਦੇਣ ਲੱਗਿਆਂ ਵੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੇਰੇ ਨਾਲ ਕੋਈ ਔਰਤ ਹੀ ਹੋਵੇ…ਜੇ ਕਿਤੇ ਕੱਲੀ ਤੁਰੀ ਜਾਵਾਂ ਤਾਂ ਐਵੇਂ ਮੁੜ ਮੁੜ ਪਿੱਛੇ ਵੇਖਦੀ ਰਹਿੰਦੀ ਹਾਂ…।
ਮੈਨੂੰ ਕੀ ਹੋ ਗਿਆ…ਮੈਂ ਇੰਝ ਦੀ ਨਹੀਂ ਸੀ…ਚੰਗਾ ਲਿਟਰੇਚਰ ਪੜ੍ਹਨ ਦੀ ਕੋਸ਼ਿਸ਼ ਕਰਦੀ ਹਾਂ…ਚਾਹੁੰਦੀ ਹਾਂ ਮੇਰੇ ਮਨ ‘ਚ ਸਭ ਲਈ ਚੰਗੇ ਵਿਚਾਰ ਆਉਣ। ਪਰ ਇਸ ਖ਼ਬਰ ਨੇ ਮੇਰੇ ਅੰਦਰ ਨੈਗੇਟਿਵਟੀ ਭਰ ਦਿੱਤੀ ਹੈ…ਤੇ ਮੇਰੇ ਕੋਲੋਂ ਚੰਗਾ ਨਹੀਂ ਸੋਚਿਆ ਜਾਂਦਾ।
ਕਾਲਜ ਦਾ ਸਾਰਾ ਸਟਾਫ਼ ਬਸੱ ਅਡੱ ੇ ਉਤਰ ਜਾਂਦਾ ਹੈ। ਆਖ਼ਰੀ ਸਟਾਪਜ਼ ਮੇਰਾ ਹੁੰਦਾ ਹੈ…ਤੇ ਇਸ ਦੋ ਕਿਲੋਮੀਟਰ ਦੀ ਵਾਟ ਵਿਚ ਪਤਾ ਨਹੀਂਮੈਂ ਕੀ-ਕੀ ਸਚੋ ਲੈਂਦੀ ਹਾਂ।
ਬੱਸ ਦੇ ਕੋਨੇ ‘ਚ ਪਈ ਹਾਕੀ ਤੇ ਰਾਡ ਦਿਸਦੀ ਹੈ…ਮੈਨੂੰ ਪ੍ਰੇਸ਼ਾਨੀ ਹੋ ਜਾਂਦੀ ਹੈ। ਮੈਨੂੰ ਲੱਗਾ ਉਹ ਰਾਡ ਮੇਰੇ ਵੱਲ ਵਧ ਰਹੀ ਹੈ। ਮੇਰੀ ਚੀਕ ਨਿਕਲ ਜਾਂਦੀ ਹੈ। ਡਰਾਈਵਰ ਹੱਕਾ ਬੱਕਾ ਹੋਇਆ ਮੇਰੇ ਵੱਲ ਵੇਖਦਾ ਹੈ…। ਮੈਂ ਰੁਕਣ ਦਾ ਇਸ਼ਾਰਾ ਕਰਦੀ ਹਾਂ…।
”ਮੈਡਮ! ਤੁਸੀਂ ਤਾਂ ਅਗਲੇ ਮੋੜ ‘ਤੇ ਉਤਰਨਾ ਹੈ।”
”ਮੈਨੂੰ ਪਤਾ ਮੈਂ ਕਿੱÎਥੇ ਉਤਰਨਾ ਹੈ।’ ਖਿਝ ਜਿਹੀ ‘ਚ ਬੋਲਦੀ ਬੱਸ ਵਿਚੋਂ ਉਤਰ ਜਾਂਦੀ ਹਾਂ…ਦਸੰਬਰ ਮਹੀਨੇ ‘ਚ ਮੇਰੇ ਪਸੀਨੇ ਛੁੱਟ ਗਏ…
ਘਰ ਆਉਂਦੀ ਹਾਂ ਤਾਂ ਘਰਵਾਲਾ ਇਕੱਲਾ ਹੁੰਦਾ ਹੈ…। ਮੈਂ ਬਗ਼ੈਰ ਕੋਈ ਗੱਲ ਕੀਤੀ ਬੈੱਡਰੂਮ ‘ਚ ਚਲੇ ਜਾਂਦੀ ਹਾਂ…ਬੈੱਡ ‘ਤੇ ਲੰਮੀ ਪਈ ਮੈਂ…ਐਵੇਂ ਹੀ ਛੱਤ ਨੂੰ ਘੂਰੀ ਜਾਂਦੀ ਹਾਂ, ਬਾਹਰ ਵਾਲਾ ਗੇਟ ਬੰਦ ਹੋ ਜਾਂਦਾ ਹੈ…ਮੈਨੂੰ ਗੇਟ ਬੰਦ ਹੋਣ ਦੇ ਅਰਥ ਪਤਾ ਹਨ।
ਮੈਨੂੰ ਆਪਣੇ ਹੀ ਘਰ ਆਪਣੇ ਪਤੀ ਤੋਂ ਖ਼ੌਫ਼ ਆਉਂਦਾ ਹੈ। ਥੋੜ੍ਹੀ ਸਹਿਜ ਹੋਣ ਦੀ ਕੋਸ਼ਿਸ਼ ਕਰਦੀ ਹਾਂ…ਪਰ ਹੋਇਆ ਨਹੀਂ ਜਾਂਦਾ…ਮੈਂ ਉੱਠ ਕੇ ਬੈਠ ਜਾਂਦੀ ਹਾਂ…।
”ਪਲੀਜ਼ ਲੀਵ ਮੀ ਅਲੋਨ।” ਆਪ ਮੁਹਾਰੇ ਮੇਰੇ ਕੋਲੋਂ ਕਹਿ ਹੋ ਜਾਂਦਾ ਹੈ।
”ਤੈਨੂੰ ਕੀ ਹੋ ਗਿਆ…ਜਦ ਵੀ ਮੈਂ ਤੇਰੇ ਕੋਲ ਆਉਂਦਾ ਹਾਂ ਤਾਂ ਤੂੰ ਇੰਝ ਬੀਹੇਵ ਕਰਦੀ ਹੈਂ ਜਿਵੇਂ ਮੈਂ ਕੋਈ ਓਪਰਾ ਬੰਦਾ ਹੋਵਾਂ…।”
”ਆਈ ਐਮ ਨਾਟ ਸਟੈਬਲ ਰਾਈਟ ਨਾਓ…।”
”ਬਟ ਆਈ ਐਮ ਸਟੈਬਲ…ਵੇਖ ਮੈਂ ਨਾਰਮਲ ਇਨਸਾਨ ਹਾਂ…ਤੈਨੂੰ ਪਤਾ ਹੈ ਨਾ ਨਾਰਮਲ ਇਨਸਾਨ ਨੂੰ ਹਰ ਤਰ੍ਹਾਂ ਦੀ ਭੁੱਖ ਲੱਗਦੀ ਹੈ।”
ਮੈਂ ਗੱਲ ਅਣਸੁਣੀ ਕਰ ਡਰਾਇੰਗ ਰੂਮ ‘ਚ ਬੈਠ ਜਾਂਦੀ ਹਾਂ…ਕਦੇ ਇਹ ਪਲ ਮੇਰੇ ਲਈ ਬਹੁਤ ਖ਼ਾਸ ਹੁੰਦੇ ਸੀ…ਪਰ ਹੁਣ ਸਭ ਕੁਝ ਬੇਮਤਲਬ ਲੱਗਦਾ ਹੈ। ਜੀਅ ਕਰਦਾ ਹੈ ਸਭ ਕੁਝ ਛੱਡ ਬ੍ਰਹਮਚਾਰੀ ਸ਼ਿਵ ‘ਚ ਚਲੇ ਜਾਵਾਂ।
ਨਵਜੋਤ ਦੇ ਕੌਂਸਲਿੰਗ ਸੈਂਟਰ ਜਾਂਦੀ ਹਾਂ…ਸ਼ਾਇਦ ਮੇਰੀ ਬੇਚੈਨੀ ਨੂੰ ਚੈਨ ਮਿਲ ਜਾਵੇ…। ਅੱਜ ਉਹ ਸਾਈਕੋਲੋਜਿਸਟ ਘੱਟ ਤੇ ਮੇਰੀ ਸਹੇਲੀ ਵੱਧ ਲੱਗ ਰਹੀ ਹੈ। ਮੈਂ ‘ਬ੍ਰਹਮਚਾਰੀ ਸ਼ਿਵਰ’ ‘ਚ ਜਾਣ ਦੀ ਗੱਲ ਕਰਦੀ ਹਾਂ ਤਾਂ ਉਹ ਮੈਨੂੰ ਮੱਤਾਂ ਦੇਣ ਲੱਗਦੀ ਹੈ, ”ਜੋ ਤੇਰੇ ਚਾਲੇ ਨੇ ਦੀਪ! ਤੂੰ ਆਪਣਾ ਘਰ ਤਬਾਹ ਕਰ ਲੈਣਾ।”
ਮੈਂ ਉਹਦੇ ਸਾਹਮਣੇ ਭੁੱਬਾਂ ਮਾਰ ਮਾਰ ਰੋਂਦੀ ਹਾਂ…ਉਹ ਮੈਨੂੰ ਸੰਭਾਲਦੀ ਹੈ।
”ਵੇਖ ਇਹ ਡਰ, ਇਹ ਸ਼ੰਕੇ ਮਨ ‘ਚੋਂ ਕੱਢ ਤੂੰ ਆਪਣੇ ਆਪ ਠੀਕ ਹੋ ਜਾਵੇਂਗੀ।” ਮੈਂ ਆਗਿਆਕਾਰੀ ਬੱਚੇ ਵਾਂਗ ਸਿਰ ਹਿਲਾਉਂਦੀ ਹਾਂ।
”ਨਵਜੋਤ ਮੈਂ ਬਸ ਇਕ ਵਾਰੀ ਬ੍ਰਹਮਚਾਰੀ ਸ਼ਿਵਰ ‘ਚ ਜਾਣਾ ਚਾਹੁੰਦੀ ਹਾਂ।”
”ਦੀਪ…ਤੂੰ ਕਿਉਂ ਨਹੀਂ ਸਮਝਦੀ…ਉਥੇ ਜਾਏਂਗੀ ਤਾਂ ਤੇਰਾ ਸਭ ਕੁਝ ਤਬਾਹ ਹੋ ਜਾਣਾ।”
”ਮੈਂ ਸਭ ਝੰਜਟਾਂ ਤੋਂ ਮੁਕਤ ਹੋਣਾ ਚਾਹੁੰਦੀ ਹਾਂ…ਨਵਜੋਤ।”
”ਜਦ ਤਕ ਤੂੰ ਆਪਣੇ ਅੰਦਰ ਜ਼ਮਾਨੇ ਭਰ ਦੀ ਚਿੰਤਾ, ਡਰ ਸਾਂਭ ਕੇ ਬੈਠੀ ਰਹੇਂਗੀ, ਤੂੰ ਮੁਕਤ ਨਹੀਂ ਹੋ ਸਕਦੀ। ਕੀ ਤੇਰਾ ਜੀਅ ਨਹੀਂ ਕਰਦਾ ਤੂੰ ਆਪਣੇ ਬੱਚੇ ਨਾਲ ਟਾਈਮ ਸਪੈਂਡ ਕਰੇਂ…?”
”ਨਹੀਂ।”
”ਕੀ ਤੈਨੂੰ ਆਪਣੇ ਘਰ ਨਾਲ ਕੋਈ ਮੋਹ ਨਹੀਂ…।”
”ਬਿਲਕੁਲ ਨਹੀਂ।”
”ਕੀ ਤੈਨੂੰ ਆਪਣੇ ਘਰਵਾਲੇ ਦੇ ਹਾਲਾਤ ‘ਤੇ ਤਰਸ ਨਹੀਂ ਆਉਂਦਾ।”
ਮੈਂ ਚੁੱਪ ਰਹਿੰਦੀ ਹਾਂ।
”ਦੀਪਾ! ਤੈਨੂੰ ਬ੍ਰਹਮਚਾਰੀ ਸ਼ਿਵਰ ‘ਚ ਜਾਣ ਦੀ ਕੀ ਜ਼ਰੂਰਤ ਹੈ…ਤੂੰ ਤਾਂ ਸਭ ਕਾਸੇ ਤੋਂ ਹੁਣ ਤੋਂ ਹੀ ਮੁਕਤ ਹੈਂ।”
”ਨਵਜੋਤ! ਤੂੰ ਮੇਰੀ ਹਾਲਤ ਸਮਝ…ਮੈਨੂੰ ਸੁਪਨੇ ਅਜੀਬ ਆਉਂਦੈ…ਉਸ ਰਾਤ ਮੈਂ ਸੁੱਤੀ ਪਈ ਸੀ…ਮੈਨੂੰ ਲੱਗਾ ਮੇਰੇ ‘ਤੇ ਮਾਸ ਦੇ ਟੁਕੜੇ ਡਿੱਗ ਰਹੇ ਨੇ…ਮੈਂ ਜ਼ੋਰ ਦੀ ਆਵਾਜ਼ ਦੇਣਾ ਚਾਹੁੰਦੀ ਹਾਂ…ਮੇਰੀ ਸੰਘੀ ਦੱਬੀ ਜਾਂਦੀ ਹੈ…ਮੈਨੂੰ ਭਾਰ ਮਹਿਸੂਸ ਹੁੰਦਾ ਹੈ…ਚੀਕ ਵੱਜਦੀ ਹੈ ਤਾਂ ਮੇਰਾ ਘਰਵਾਲਾ ਮੇਰੇ ਮੂੰਹ ‘ਤੇ ਹੱਥ ਰੱਖ ਦਿੰਦਾ ਹੈ। ਮੇਰੀਆਂ ਤ੍ਰੇਲੀਆਂ ਛੁੱਟ ਜਾਂਦੀਆਂ ਨੇ…।”
”ਤੈਨੂੰ ਕੀ ਦੱਸਾਂ ਨਵਜੋਤ! ਮੈਨੂੰ ਆਪਣੇ ਘਰਵਾਲੇ ਤੋਂ ਘਰਵਾਲਾ ਨਹੀਂ ਦਿਸਦਾ, ਰਾਡ ਦਿਸਦੀ ਹੈ…ਉਹ ਰਾਡ, ਜਿਸ ਨੇ ਮੇਰਾ ਜੀਣਾ ਹਾਲੋ ਬੇਹਾਲ ਕੀਤਾ ਹੋਇਆ।”
ਨਵਜੋਤ ਮੇਰੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਰਹੀ ਸੀ। ਉਹ ਸਿਰਫ਼ ਏਨਾ ਹੀ ਕਹਿੰਦੀ ਹੈ, ”ਬ੍ਰਹਮਚਾਰ ਵੀ ਤਾਂ ਜ਼ਿੰਦਗੀ ਤੋਂ ਭੱਜਣਾ ਸਿਖਾਉਂਦਾ…ਤੇ ਤੇਰੇ ਵਰਗੇ ਜਿਹੜੇ ਪਹਿਲਾਂ ਹੀ ਭਗੌੜੇ ਹੋਣ ਨੂੰ ਫਿਰਦੇ ਹੋਣ…ਉਹ ਸੁਰਖਰੂ ਹੋ ਜਾਂਦੈ…ਦੀਪ!”
”ਮੈਂ ਸਹਿਜ ਹੋ ਕੇ ਵਾਪਸ ਆ ਜਾਵਾਂਗੀ ਨਵਜੋਤ…।” ਨਵਜੋਤ ਤੇ ਮੇਰਾ ਘਰਵਾਲਾ ਮੈਨੂੰ ਸ਼ਿਵਰ ‘ਚ ਛੱਡ ਆਏ ਸੀ…ਮੈਂ ਇਕਦਮ ਸ਼ਿਵਰ ਦੇ ਅੰਦਰ ਚਲੇ ਗਈ ਸੀ…ਪਿੱਛੇ ਮੁੜ ਕੇ ਨਹੀਂ ਸੀ ਵੇਖਿਆ।”
•••
ਸ਼ਿਵਰ ‘ਚ ਚਾਰੇ ਪਾਸੇ ਚਿੱਟ ਕੱਪੜੀਏ ਲੋਕ ਸੀ।…ਹਰ ਕੋਈ ਆਪਣੇ ਆਪ ‘ਚ ਵਿਅਸਤ…। ਕੀ ਇਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ? ਕੀ ਇਹ ਸਭ ਕਾਸੇ ਤੋਂ ਮੁਕਤ ਹਨ? ਭਜਨ ਚੱਲ ਰਿਹਾ…ਸਭ ਲੋਕ ਝੂਮ ਝੂਮ ਕੇ ਅਨੰਦਿਤ ਹੋਣ ਦਾ ਭੁਲੇਖਾ ਪਾ ਰਹੇ ਨੇ…। ਮੇਰੀਆਂ ਅੱਖਾਂ ‘ਚੋਂ ਅੱਥਰੂ ਕਿਰ ਰਹੇ ਸਨ…ਇਹ ਖ਼ੁਸ਼ੀ ਹੈ ਜਾਂ ਗ਼ਮੀ…ਮੈਨੂੰ ਕੋਈ ਪਤਾ ਨਹੀਂ ਲੱਗਦਾ…। ਹੁਣ ਪ੍ਰਵਚਨ ਚੱਲ ਰਿਹਾ ਹੈ…’ਮਨੁੱਸ਼ਯ ਕੀ ਪੀੜਾ ਉਸੀ ਕੇ ਕਾਰਨ ਹੈ…ਹਜ਼ਾਰੋਂ ਸਾਲੋਂ ਸੇ ਹਮਾਰੇ ਰਿਸ਼ੀ ਮੁਨੀ ਅਨੁਰੋਧ ਕਰ ਰਹੇ ਹੈਂ ਕਿ ਯੇ ਦੁਨੀਆ… ਯੇ ਰਿਸ਼ਤੇ…ਸਭ ਮਾਯਾ ਹੈ। ਲੇਕਿਨ ਹਮ ਇਸ ਛਲਾਵੇ ਕੋ ਹੀ ਸੱਚ ਸਮਝਤੇ ਚਲੇ ਗਏ ਔਰ ਹਮਾਰੇ ਦੁਖ ਬੜਤੇ ਚਲੇ ਗਏ।…ਤੋ ਹਮ ਤਬ ਹੀ ਦੁਖ ਸੇ ਮੁਕਤ ਹੋ ਸਕਦੇ ਹੈਂ…ਜਬ ਹਮ ਇਸ ਸੰਸਾਰ ਕੇ ਸਪਨੇ ਕੋ ਹੀ ਚਿਤ ਸੇ ਨਕਾਲ ਦੇ…ਭੂਲ ਜਾਏਂ ਕਿ ਹਮਾਰਾ ਕੋਈ ਹੈ।”
ਪ੍ਰਵਚਨ ਖ਼ਤਮ ਹੋ ਚੁੱਕਾ ਸੀ ਤੇ ਮੈਂ ਸੋਚ ਰਹੀ ਸੀ ਕਿ ਕੀ ਮੇਰਾ ਕੋਈ ਹੈ…। ਜੋ ਅਨੰਦ, ਜੋ ਮੁਕਤੀ ਮੈਂ ਏਥੇ ਲੱਭਣ ਆਈ ਸੀ…ਉਹ ਤਾਂ ਏਥੇ ਵੀ ਨਹੀਂ ਸੀ…ਜਿਨ੍ਹਾਂ ਇਹ ਪ੍ਰਵਚਨ ਘਰ ਤੋਂ ਦੂਰ ਹੋਣ ਦੀ ਗੱਲ ਕਦੇ…ਓਨੇ ਹੀ ਮੈਨੂੰ ਘਰ ਚੇਤੇ ਆਉਂਦਾ…ਜਦ ਜਦ ਇਹ ਪ੍ਰਵਚਨ ਰਿਸ਼ਤਿਆਂ ਦੇ ਕੱਚੇ ਹੋਣ ਦੀ ਗੱਲ ਕਰਦੇ…ਤਦ ਤਦ ਮੈਨੂੰ ਆਪਣੇ ਰਿਸ਼ਤੇ ਸੱਚੇ ਲੱਗਦੇ।
ਤੇ ਇਕ ਦਿਨ ਮੇਰੇ ਸਭ ਭੁਲੇਖੇ ਦੂਰ ਹੋ ਗਏ…ਭਜਨ ਸੁਣ ਕੇ ਅਨੰਦਿਤ ਹੋਣ ਵਾਲੀਆਂ ਸਾਧਣੀਆਂ ਲੁੱਚ-ਲਫੰਗੀਆਂ ਗੱਲਾਂ ਕਰਦੀਆਂ…ਕਹੀਆਂ ਸੁਣੀਆਂ ਗੱਲਾਂ ਦੇ ਦੂਹਰੇ ਚੌਹਰੇ ਮਤਲਬ ਕੱਢ ਦੋਹਰੀਆਂ-ਚੌਹਰੀਆਂ ਹੋਈ ਜਾਂਦੀਆਂ…।…ਤੇ ਉਹ ਰਾਤ ਤਾਂ ਬਹੁਤ ਭਿਆਨਕ ਸੀ।
ਅਗਲੇ ਦਿਨ ਮੈਂ ਆਪਣੇ ਸਮਾਨ ਚੁੱਕੀ ਨਵਜੋਤ ਦੇ ਘਰ ਆ ਗਈ। ਅੱਜ ਮੈਂ ਸਿੱਧਾ ਉਹਦੇ ਕਲੀਨਿਕ ਨਹੀਂ, ਘਰ ਆਈ ਸੀ। ਉਸ ਸ਼ਾਇਦ ਕਲੀਨਿਕ ਤੋਂ ਹੀ ਮੈਨੂੰ ਵੇਖ ਲਿਆ ਸੀ…ਮੇਰੇ ਵੱਲ ਵੇਖ ਮੁਸਕਰਾਉਂਦੀ ਹੋਈ ਮੇਰੇ ਦੁਆਲੇ ਬਾਂਹਾਂ ਵਲ ਦੇਂਦੀ ਹੈ।
”ਮੈਨੂੰ ਪਤਾ ਸੀ, ਤੂੰ ਜ਼ਰੂਰ ਵਾਪਸ ਆ ਜਾਵੇਂਗੀ…ਦੀਪ।”
”ਨਵਜੋਤ! ਮੇਰੇ ਸਭ ਭੁਲੇਖੇ ਦੂਰ ਹੋ ਗਏ…ਤੈਨੂੰ ਪਤਾ, ਉਸ ਸ਼ਿਵਰ ‘ਚ ਵੀ ਰਾਡ ਹੈ…ਮੈਂ ਆਪਣੀ ਅੱਖੀਂ ਵੇਖੀ…ਉਸ ਰਾਤ ਪੰਜ ਛੇ ਸਾਧਣੀਆਂ ਆਪਸ ‘ਚ…ਮੈਂ ਤੈਨੂੰ ਦੱਸ ਨਹੀਂ ਸਕਦੀ…।”
”ਦੀਪ…ਅੱਜ ਮੈਂ ਬਹੁਤ ਖ਼ੁਸ਼ ਹਾਂ।”
”ਨਵਜੋਤ! ਮੈਨੂੰ ਪਤਾ ਤੂੰ ਮੇਰੇ ਕਰਕੇ ਖ਼ੁਸ਼ ਹੈਂ…ਹੁਣ ਮੈਂ ਤੈਨੂੰ ਨਹੀਂ ਪੁੱਛਾਂਗੀ ਕਿ ਮੈਂ ਠੀਕ ਹੋ ਜਵਾਂਗੀ…।”
ਨਵਜੋਤ ਫਿਰ ਮੁਸਕਰਾਉਂਦੀ ਹੈ।
”ਦੀਪ! ਬ੍ਰਹਮਚਾਰ ਵੀ ਤਾਂ ਜ਼ਿੰਦਗੀ ਦੀ ਸੱਚਾਈ ਤੋਂ ਪਿੱਠ ਮੋੜੀ ਖੜ੍ਹਾ ਹੈ…ਘਰੋਂ ਭੱਜ ਜਾਣਾ ਵੀ ਤਾਂ ਸੱਚਾਈ ਤੋਂ ਅੱਖਾਂ ਫੇਰਨ ਬਰਾਬਰ ਹੈ।”
”ਹਾਂ ਨਵਜੋਤ, ਜੇ ਅੱਖਾਂ ਬੰਦ ਕਰ ਲੈਣ ਨਾਲ ਸਭ ਕੁਝ ਮਿਟ ਜਾਂਦਾ ਹੁੰਦਾ ਤਾਂ ਜ਼ਿੰਦਗੀ ਜੀਣੀ ਬੜੀ ਸੌਖੀ ਹੋ ਜਾਣੀ ਸੀ।”
”ਦੀਪ! ਹਰ ਕੋਈ ਕਹਿੰਦਾ ਹੈ ਰੇਪ ਬੰਦ ਹੋਣੇ ਚਾਹੀਦੇ…ਪਰ ਕੋਈ ਇਹ ਨਹੀਂ ਸੋਚਦਾ ਰੇਪ ਕਿਉਂ ਹੁੰਦੇ ਆ…।”
”ਨਵਜੋਤ! ਦੱਸ ਰੇਪ ਕਿਉਂ ਹੁੰਦੇ ਆ…ਕਿਉਂ ਜੀਂਦੀ ਜਾਗਦੀ ਕੁੜੀ ਨੂੰ ਵਿੰਨ੍ਹ ਦਿੱਤਾ ਜਾਂਦਾ ਹੈ ਰਾਡ ਨਾਲ…?”
”ਦੀਪ ਜਦ ਮਨੁੱਖ ਦੇ ਅੰਦਰੋਂ ਪ੍ਰੇਮ ਮਨਫ਼ੀ ਹੋ ਜਾਵੇ ਤਾਂ ਰੇਪ ਹੀ ਹੋਣਗੇ…।”
”ਨਵਜੋਤ! ਤੂੰ ਸੱਚ ਕਹਿ ਰਹੀ ਹੈਂ…ਮੈਨੂੰ ਪਤਾ ਜਦ ਜ਼ਿੰਦਗੀ ‘ਚੋਂ ਪਿਆਰ ਮਨਫ਼ੀ ਹੋ ਜਾਂਦਾ ਤਾਂ ਕੀ ਹੁੰਦਾ ਹੈ…ਬੰਦੇ ਨੂੰ ਆਪਣੀ ਸ਼ਕਲ ਡਰਾਉਣੀ ਲੱਗਦੀ ਹੈ…ਹਰ ਵੇਲੇ ਕ੍ਰੋਧ…ਹਰ ਵੇਲੇ ਖਿਝ…ਹਰ ਵੇਲੇ ਨੇਗੈਟਿਵਟੀ…।”
”ਦੀਪ! ਜਿਸ ਬੰਦੇ ਕੋਲ ਹਮੇਸ਼ ਕ੍ਰੋਧ…ਹਮੇਸ਼ ਘਿਰਣਾ ਹੋਵੇਗੀ ਉਹ ਕਤਲ ਕਰ ਸਕਦਾ…ਰੇਪ ਕਰ ਸਕਦਾ…ਪਰ ਪਿਆਰ ਨਹੀਂ ਕਰ ਸਕਦਾ।”
”ਚੰਗਾ ਨਵਜੋਤ! ਬੁੱਝ ਭਲਾ ਮੇਰੇ ਕੋਲ ਪਿਆਰ ਹੈ ਜਾਂ ਕ੍ਰੋਧ…।”
”ਇਹ ਤੂੰ ਆਪਣੇ ਆਪ ਕੋਲੋਂ ਪੁੱਛ…ਤੈਨੂੰ ਆਪੇ ਪਤਾ ਲੱਗ ਜੂ।” ਮੇਰੇ ਵੱਲ ਵੇਖਦੀ ਉਹ ਸਿਰਫ਼ ਮੁਸਕਰਾਉਂਦੀ ਹੈ।
”ਚੰਗਾ ਨਵਜੋਤ, ਮੈਂ ਆਪਣੇ ਘਰ ਜਲਦੀ ਜਾਣਾ ਚਾਹੁੰਦੀ ਹਾਂ।”
”ਬਾਹਰ ਮੌਸਮ ਖ਼ਰਾਬ ਹੈ…ਰੁਕ ਜਾ ਥੋੜ੍ਹੀ ਦੇਰ ਹੋਰ…।”
”ਨਹੀਂ ਨਵਜੋਤ…ਬੜੇ ਚਿਰਾਂ ਬਾਅਦ ਤਾਂ ਮੌਸਮ ਠੀਕ ਹੋਇਆ…।”
•••
ਮੈਂ ਕੁਝ ਪਲਾਂ ‘ਚ ਆਪਣੇ ਘਰ ਪਹੁੰਚ ਜਾਂਦੀ ਹਾਂ…ਘਰ ਦੇ ਮੇਨ ਗੇਟ ਨੂੰ ਮੈਂ ਅੱਗੇ ਹਮੇਸ਼ਾ ਬਾਹਰ ਵੱਲ ਖੋਲ੍ਹਦੀ ਸੀ…ਪਰ ਅੱਜ ਪਤਾ ਨਹੀਂ ਕਿਉਂ ਮੈਂ ਗੇਟ ਨੂੰ ਅੰਦਰ ਵੱਲ ਖੋਲ੍ਹ ਦਿੱਤਾ। ਘਰ ‘ਚ ਕੋਈ ਨਹੀਂ ਮੇਰੇ ਤੋਂ ਸਿਵਾ…। ਕਮਰੇ ਨੂੰ ਗਹੁ ਨਾਲ ਵੇਖਦੀ ਹਾਂ…ਫੈਮਿਲੀ ਫੋਟੋ ‘ਤੇ ਜੰਮੀ ਧੂੜ ਨੂੰ ਸਾਫ਼ ਕਰਦੀ ਹਾਂ…ਸਭ ਦੇ ਚਿਹਰੇ ਖਿੜ ਜਾਂਦੇ ਨੇ…ਕੋਈ ਸ਼ਬਦ ਮੂੰਹੋਂ ਨਹੀਂ ਨਿਕਲਦਾ…ਭਰੀਆਂ ਅੱਖਾਂ ਛਲਕ ਜਾਂਦੀਆਂ ਨੇ…। ਕਲੀਨ ‘ਤੇ ਬੈਠ ਡੀਪ ਬਰੀਦਿੰਗ ਕਰਦੀ ਹਾਂ…ਸਾਹ ਉੱਪਰ ਖਿੱਚਦੀ ਹਾਂ…ਕੋਈ ਵਿਚਾਰ ਨਹੀਂ…ਕੋਈ ਭੈਅ ਨਹੀਂ…ਸਾਹ ਥੱਲੇ ਛੱਡਦੀ ਹਾਂ ਤਾਂ ਸਿਰਫ਼ ਵਰਤਮਾਨ ਜਿਊਂਦਾ ਹੋ ਜਾਂਦਾ ਹੈ।
ਮੇਰੇ ਅੰਦਰ ਕੁਝ ਲਟ-ਲਟ ਬਲਣ ਲੱਗਦਾ ਹੈ। ਪੂਰੇ ਘਰ ‘ਚ ਚਿਤਰਾ ਸਿੰਘ ਦੀ ਗ਼ਜ਼ਲ ‘ਪਿਆਰ ਹੀ ਪਿਆਰ ਹੈ ਹਮ ਪੇ ਭਰੋਸਾ ਕੀਜੈ’ ਗੂੰਜਣ ਲੱਗਦੀ ਹੈ। ਮੈਂ ਬਾਹਰ ਆਉਂਦੀ ਹਾਂ…ਬੜੇ ਹੀ ਦਿਨਾਂ ਦੇ ਖ਼ਰਾਬ ਮੌਸਮ ਤੋਂ ਬਾਅਦ ਅੱਜ ਦਾ ਦਿਨ ਨਿਖਰਿਆ ਨਿਖਰਿਆ ਲੱਗਦਾ ਹੈ। ਮੇਰੀ ਨਜ਼ਰ ਘਰ ਦੇ ਲਾਅਨ ਵੱਲ ਸਰਕਦੀ ਹੈ। ਰੰਗ ਬਿਰੰਗੇ ਫੁੱਲ ਮੈਨੂੰ ਝੱਲਾ ਜਿਹਾ ਕਰ ਜਾਂਦੇ ਨੇ। ਮੈਨੂੰ ਲੱਗਾ ਜਿਵੇਂ ਇਹ ਫੁੱਲ ਮੇਰੇ ਲਈ ਹੀ ਝੂਮ ਰਹੇ ਹੋਣ ਪਰ ਅੱਜ ਮੈਨੂੰ ਚਿੱÎਟੇ ਗੁਲਾਬ ਚੰਗੇ ਨਹੀਂ ਲੱਗਦੇ…ਮੈਨੂੰ ਲਾਲ, ਪੀਲੇ, ਗੁਲਾਨਾਰੀ ਫੁੱਲ ਜ਼ਿਆਦਾ ਚੰਗੇ ਲੱਗ ਰਹੇ ਨੇ…। ਦੂਰ ਫੁੱਲਾਂ ਨਾਲ ਲੱਦੀ ‘ਲਾਜਵੰਤੀ’ ਮੂਧੇ ਮੂੰਹ ਡਿੱਗੀ ਦਿਖਾਈ ਦਿੰਦੀ ਹੈ…ਉਹਦੇ ਫੁੱਲ ਮੁਰਝਾ ਚੁੱਕੇ ਨੇ…। ਮੈਂ ਕਾਹਲੀ ਨਾਲ ‘ਲਾਜਵੰਤੀ’ ਕੋਲ ਜਾਂਦੀ ਹਾਂ…ਲੋਹੇ ਦੀ ਇਕ ਭਾਰੀ ਰਾਡ ਨੇ ਉਸ ਬੂਟੇ ਨੂੰ ਮਿੱਧਿਆ ਹੋਇਆ ਸੀ। ਮੈਨੂੰ ਨਿਰਭੈਅ ਯਾਦ ਆਉਂਦੀ ਹੈ…ਪਰ ‘ਰਾਡ’ ਤੋਂ ਡਰ ਨਹੀਂ ਲੱਗਦਾ…ਮੈਂ ਇਕ ਝਟਕੇ ਨਾਲ ਰਾਡ ਨੂੰ ਘਰ ਤੋਂ ਬਾਹਰ ਵਗਾਹ ਮਾਰਦੀ ਹਾਂ…ਕੁਝ ਚਿਰ ਬਾਅਦ ਮੈਂ ‘ਲਾਜਵੰਤੀ’ ਨੂੰ ਵੇਖਦੀ ਹਾਂ…ਉਹ ਹੁਣ ਪੂਰੀ ਤਰ੍ਹਾਂ ਖਿੜ ਚੁੱਕੀ ਹੈ…ਖਿੜੀ ਲਾਜਵੰਤੀ ਨੂੰ ਵੇਖ ਮੈਂ ਆਪ ਵੀ ਖਿੜ ਜਾਂਦੀ ਹਾਂ…ਹੁਣ ਮੇਰੇ ਘਰ ਫੁੱਲ ਹੀ ਫੁੱਲ ਹਨ…ਕੋਈ ਰਾਡ ਨਹੀਂ।