ਕਿਰਪਾ ਰਾਮ ਉਦਾਸ ਹੈ -ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ

ਮਾਕੋਵਾਲ/ਚੱਕ ਨਾਨਕੀ/ਅਨੰਦਪੁਰ ਸਾਹਿਬ 1675,

ਨਮੋਸ਼ੀ ਗ੍ਰਸਿਆ ਉੱਤਰਿਆ ਰੰਗੋਂ ਬਦਰੰਗ ਚਿਹਰਾ,

ਹੀਣਤਾ ਭਰਪੂਰ ਝੁਲਸੀ ਆਤਮਾ,

ਸੀਨੇ ਵਿਚ ਰੜਕਦੀ ਚੀਸ,

ਗਲੇਡੂ ਪਥਰਾਏ ਗੱਲ੍ਹਾਂ ਤੇ …

ਸਿਤਮ ਦੀ ਇਬਾਰਤ ਬੁੱਲ੍ਹਾਂ ਤੇ…

ਊਂਧੀ ਪਾਈਆਂ ਪੁਤਲੀਆਂ,

ਸਹਿਮਿਆ ਖੜ੍ਹਾ ਉਦਾਸ ਕਸ਼ਮੀਰੀ ਪੰਡਤ ਕਿਰਪਾ ਰਾਮ।

ਹੱਥ ਜੋੜਦਾ ਚਰਨੀਂ ਢਹਿ ਪਿਆ

ਗੁਰੂ ਤੇਗ ਬਹਾਦਰ ਦੇ ਦਰਬਾਰ।

‘ਬਾਬਾ ਬਕਾਲਾ ਵਾਲਿਆ, ਭਵਜਲ ਚੋਂ ਤਾਰਨ ਹਾਰਿਆ,

ਬੇੜਾ ਡੁੱਬਦਾ ਮੋਢਾ ਦੇ ਤਾਰਿਆ,

ਮੱਖਣ ਸ਼ਾਹ ਲੁਬਾਣੇ ਦਾ ਤੂੰ ਪਤਵਾਰ।

ਸਾਡੀ ਮਦਦ ਕਰੋ ਸਰਕਾਰ।’

 

ਘੋਰ ਕਲਯੁਗ ਹਿੰਦੂਆਂ ਤੇ ਆਇਆ

ਜੱਨਤ-ਏ-ਕਸ਼ਮੀਰ ਹੋ ਗਿਆ ਪਰਾਇਆ।

ਗਵਰਨਰ ਦਾ ਸ਼ਾਹੀ ਫੁਰਮਾਣੁ…

ਧੋਤੀ ਟੋਪੀ ਜਨੇਊ ਸਭਿਆਚਾਰ ਰੂੜ੍ਹੀ ਰਵਾਇਤਾਂ

ਕਾਫ਼ਰਾਂ ਦਾ ਕਰ ਦਿਓ ਸਫ਼ਾਇਆ।

ਖ਼ਾਲਸ ਇਸਲਾਮੀ ਰਾਜ ਬਣਾਉਣਾ,

ਨਮਾਜ਼ਾਂ ਕਲਮਾ ਪੜ੍ਹੋ, ਸੁੰਨਤ ਕਰਵਾਓ,

ਰੁਤਬੇ ਵਜੀਰੀਆਂ ਲਓ, ਮੂੰਹ ਮੰਗੀਆਂ ਮੁਰਾਦਾਂ ਪਾਓ।

ਕੁਫਰ ਹਨ ਹੋਰ ਧਰਮ ਸਾਰੇ, ਇਸਲਾਮ ਅਪਣਾਓ,

ਜਾਂ ਫਿਰ ਅਜ਼ਮਾਓ ਸ਼ਾਹੀ ਤਿੱਖੀ ਤਲਵਾਰ।…

ਸਾਡੀ ਰੱਖਿਆ ਕਰੋ ਸਰਕਾਰ।

 

ਟੈਕਸ ਜਜ਼ੀਆ ਭਾਰੀ ਪੰਡਤਾਂ ਤੇ ਲਾਇਆ,

ਜ਼ਬਰਦਸਤੀ ਕਰਦੇ ਨੇ, ਬੋਹਲ ਵੰਡਾਇਆ,

ਹਿੰਦੂ ਘਰਾਂ ਸ਼ਹਿਰਾਂ ਪਿੰਡਾਂ ਦੀ ਨਾਕਾਬੰਦੀ!

ਬੰਦੀ ਬਣਾ ਲੈ ਜਾਂਦੇ ਪੰਡਤਾਂ ਨੂੰ ਗ਼ੁਲਾਮਾਂ ਵਾਂਗ,

ਸ਼ਾਂਤੀ ਦਾ ਪ੍ਰਤੀਕ ਹਿੰਦੂ ਧਰਮ ਟਾਰਗੈਟ,

ਸੰਖਾਂ ਟੱਲੀਆਂ ਦੀ ਘੁੱਟੀ ਸੰਘੀ,

ਮੰਦਰ ਦੁਆਰੇ ਢਾਹ ਦਿੱਤੇ ਸਾਰੇ,

ਬੇਤਹਾਸ਼ਾ ਕਹਿਰ ਮਚਾਇਆ।

ਦਿਨ-ਦੀਵੀ ਨਿਧੜਕ ਡਾਕੇ, ਥਾਂ ਥਾਂ ਮੱਚੀ ਹਾਹਾਕਾਰ।

ਸਾਡਾ ਜਿਊਣਾ ਦੁੱਭਰ ਦੁਰਕਾਰ। …

ਸਾਡੀ ਮਦਦ ਕਰੋ ਸਰਕਾਰ।

 

ਲੈ ਜਾਂਦੇ ਧੂਹ ਕੇ ਜਰਵਾਣੇ ਸਰਕਾਰੀ ਏਜੰਟ …

ਸਾਡੇ ਕੋਲੋਂ, ਸਾਡੇ ਹੱਥੋਂ … ਸ਼ਰੇਆਮ ਦਿਨ-ਦੀਵੀ,

ਧੀਆਂ, ਭੈਣਾਂ, ਪਤਨੀਆਂ, ਮਾਵਾਂ ਨੂੰ ਸ਼ਰੇ-ਬਾਜ਼ਾਰ.

ਲੀਰੋ-ਲੀਰ ਕਰਦੇ ਜੱਗ ਜਣਨੀ ਦੀ ਮਰਯਾਦਾ,

ਇੱਜ਼ਤਾਂ ਅਜ਼ਮਤਾਂ ਦਾ ਅੰਨ੍ਹੇਵਾਹ ਖਿਲਵਾੜ.

ਅਬਲਾਵਾਂ ਸੰਗ ਦੁਸ਼ਕਰਮ, ਸਮੂਹਕ ਬਲਾਤਕਾਰ।

ਜੰਨਤ ਦੀਆਂ ਹੂਰਾਂ ਲੱਭਦੇ ਉਜਾੜ ਰਹੇ ਜੰਨਤ।

ਚੋਰਾਂ ਨਾਲ ਰਲ ਗਈ ਕੁੱਤੀ, ਖੇਤਾਂ ਨੂੰ ਖਾਂਦੀ ਵਾੜ।…

ਸਾਡੀ ਮਦਦ ਕਰੋ ਸਰਕਾਰ।

 

ਗਾਉਂਦੇ ਉੱਲੂ ਕਰੁਣਾਮਈ ਵਿਰਾਨੀਆਂ ਦਾ ਮਰਸੀਆ।

ਗਊ ਗਰੀਬ ਨਿਆਸਰਿਆਂ ਦਾ ਸ਼ੋਸ਼ਣ,

ਸੁੰਦਰ ਹੁਸੀਨ ਵਾਦੀ ਵਿਚ ਜੰਗਲ ਰਾਜ,

ਹੱਕ ਸੱਚ ਨਿਆਂ ਦਾ ਬੰਦ ਕਿਵਾੜ,

ਉੱਭੇ-ਸਾਹ ਲੈਂਦੀ ਇਨਸਾਨੀਅਤ।

ਐਲੀ ਐਲੀ ਕਰਦੇ ਮੁਤਅੱਸਬ ਕੱਟੜਪੰਥੀ,

ਦਿੰਦੇ ਤਾਹਨੇ ਮਿਹਣੇ ਸ਼ਰੇਆਮ,

‘ਬੁਲਾਓ ਆਪਣਾ ਪੀਰ ਤਿਲਕ ਜੰਞੂ ਦਾ ਰਾਖਾ,

ਖ਼ੁਦਾ ਬੰਦਾ ਪਰਵਰਦਿਗਾਰ,

ਬਣ ਜਾਵੇ ਮੁਸਲਮਾਨ ਜਾਂ ਦਿਖਾਵੇ ਚਮਤਕਾਰ।…

ਸਾਡੀ ਮਦਦ ਕਰੋ ਸਰਕਾਰ।

 

ਸਰਕਾਰੀ ਲੋਭ ਲਾਲਚ, ਇਵਜ਼ਾਨਾ, ਹਰਜਾਨਾ!

ਕੀ ਕਿਵੇਂ ਕਦੋਂ ਭਰ ਸਕਦੇ ਨੇ ਇਹ ਖਸਾਰਾ?

ਕੀ ਹੋ ਸਕਦੀ ਹੈ ਸਤ ਭੰਗ ਹੋਣ ਦੀ ਭਰਪਾਈ!

ਕੀ ਹੋ ਸਕਦੀ ਹੈ ਇੱਜ਼ਤਾਂ ਰੋਲਣ ਦੀ ਮੁਜਰਾਈ?

ਕਿਉਂ ਕਰੀਏ ਅਸੀਂ/ਤੁਸੀਂ ਧਰਮ ਪ੍ਰੀਵਰਤਣ?

ਗੁੰਮ-ਸੁੰਮ ਚਿੰਤਾਤੁਰ ਬਾਬਾ ਤੇਗ਼ਾ ਮੱਲ, ਢੂੰਡ ਰਿਹਾ ਜੁਆਬ।

ਨਿਰਾਸ਼ ਹੈ ਕਿਰਪਾ ਰਾਮ…

ਉਦਾਸ ਹੈ ਗੁਰੂ ਤੇਗ ਬਹਾਦਰ।…

 

ਗੁਰੂ ਤੇਗ ਬਹਾਦਰ:-

ਇਹ ਹਿੰਦੂ ਧਰਮ ਬਚਾਉਣ ਦਾ ਸਾਕਾ।

ਸਿਰ ਆ ਚੜ੍ਹਿਆ ਕਰਤੱਵ ਨਿਭਾਉਣ ਦਾ ਸਾਕਾ।

ਮਤਲਬ… ਦਿੱਲੀ ਨਾਲ ਟਕਰਾਉਣ ਦਾ ਸਾਕਾ।

ਸਰਕਾਰਾਂ ਨਾਲ ਸਿੰਗ ਫਸਾਉਣ ਦਾ ਸਾਕਾ।

ਮਖ਼ਮਲੀ ਅਰਮਾਨ ਲੁਟਾਉਣ ਦਾ ਸਾਕਾ।

ਸ਼ਾਹੀ ਤਾਜ ਕਲਗ਼ੀ ਗਵਾਉਣ ਦਾ ਸਾਕਾ।

ਅੱਗ ਵਿਚ ਹੱਥ ਸੜਵਾਉਣ ਦਾ ਸਾਕਾ

ਆਰੇ ਨਾਲ ਤਨ ਚਿਰਾਉਣ ਦਾ ਸਾਕਾ।

ਦੇਗਾਂ ਵਿਚ ਤਨ ਉਬਲਾਉਣ ਦਾ ਸਾਕਾ।

ਇਹ ਹੈ ਯੁੱਗ ਪਲਟਾਉਣ ਦਾ ਸਾਕਾ।

ਵੱਡੇ ਫ਼ੱਕਰ ਦੀ ਬਲੀ ਦਿਵਾਉਣ ਦਾ ਸਾਕਾ!

ਚਾਂਦਨੀ ਚੌਕ ਵਿਚ ਸੀਸ ਕਟਵਾਉਣ ਦਾ ਸਾਕਾ। …

 

ਗੋਬਿੰਦ ਰਾਏ:-

ਸੁਣ ਕੇ ਤਲਖ਼ ਹਕੀਕਤ ਗੋਬਿੰਦ ਰਾਏ,

ਮਲਕੜੇ ਉੱਠ ਗੋਦੀ ਵਿਚ ਆਏ।

ਜਾਓ ਪਿਤਾ ਜੀ ਨਿਸ਼ਚਿੰਤ ਜਾਓ,

ਦੁਖੀਆਂ ਦਾ ਤੁਸੀਂ ਦੀਨ ਬਚਾਓ।

ਹਿੰਦੂਆਂ ਦਾ ਹੋ ਰਿਹਾ ਨਿਰਾਦਰ, ਸਵੈਮਾਣ ਇਨ੍ਹਾਂ ਬਹਾਲ ਕਰਾਓ.

ਮੇਰਾ ਫ਼ਿਕਰ ਨਾ ਕਰਿਓ ਕੋਈ, ਮੁਗ਼ਲਾਂ ਨੂੰ ਤੁਸੀਂ ਸਬਕ ਸਿਖਾਓ।

ਤੁਹਾਥੋਂ ਵੱਡਾ ਨਾ ਕੋਈ ਸਰਬੰਸ ਦਾਨੀ, ਦਿੱਲੀ ਜਾਓ ਸੀਸ ਕਟਾਓ।

ਬੋਲੇ ਸੋ ਨਿਹਾਲ… ਸਤਿ ਸ੍ਰੀ ਅਕਾਲ।

 

ਗੁਰੂ ਤੇਗ ਬਹਾਦਰ:-

ਸਿਰ ਧੜ ਦੀ ਬਾਜੀ ਲਾਵਾਂਗੇ, ਅਸੀਂ ਆਪਣਾ ਧਰਮ ਬਚਾਵਾਂਗੇ।

ਗੁਰੂ ਅਰਜਨ ਦੇਵ ਨੂੰ ਦਿੱਲੀ ਨੇ ਪਾਈ, ਭਾਜੀ ਦਾ ਮੁੱਲ ਚੁਕਾਵਾਂਗੇ।

ਨਾ ਧੌਂਸ ਦੇਣੀ ਨਾ ਮੰਨਣੀ, ਸੁਨਹਿਰੀ ਮਰਯਾਦਾ ਤੇ ਫੁਲ ਚੜ੍ਹਾਵਾਂਗੇ।

ਪਿਉ ਦਾਦਾ ਦੇ ਗਏ ਨਸੀਹਤ,

ਨਾ ਜਬਰ ਮੂਹਰੇ ਸੀਸ ਝੁਕਾਵਾਂਗੇ।

ਕਹਿ ਦਿਓ ਔਰੰਗਜ਼ੇਬ ਨੂੰ ਜਾ ਕੇ,

ਅਸੀਂ ਝਬਦੇ ਹੀ ਦਿੱਲੀ ਜਾਵਾਂਗੇ।

ਸਮੂਹਕ ਸ਼ਹੀਦੀਆਂ ਦੇਵਾਂਗੇ,

ਉਸ ਲੇਂਝ ਦੀ ਪਿਆਸ ਮਿਟਾਵਾਂਗੇ।

ਇੱਟ ਨਾਲ ਇੱਟ ਖੜਕਾਵਾਂਗੇ,

ਕਾਣੀ ਸਰਕਾਰ ਦੇ ਕਿੰਗਰੇ ਢਾਹਵਾਂਗੇ।

ਲਾਲ ਕਿਲ੍ਹੇ ਨਾਲ ਮੱਥਾ ਮਾਰਾਂਗੇ,

ਮੁਗ਼ਲਾਂ ਦਾ ਤੁਖ਼ਮ ਮਿਟਾਵਾਂਗੇ।

ਬੋਲੇ ਸੋ ਨਿਹਾਲ… ਸਤਿ ਸ੍ਰੀ ਅਕਾਲ।”