ਕੁੱਝ ਲੋਕ ਮੇਰੇ ਵਰਗੇ ਵੀ ਹੁੰਦੇ ਨੇ … ਸ਼ੁਦਾਈ।/ ਅਮੀਨ ਮਲਿਕ
ਜਿਹੜੇ ਅਹਿਸਾਸ ਨੂੰ ਤੀਲੀ ਲਾ ਕੇ ਹੰਝੂਆਂ ਦਾ ਛੱਟਾ ਦੇਣ ਵਾਲੇ ਹਯਾਤੀ ਦੀ ਅਸਲ ਫ਼ਸਲ ਵੱਢਦੇ ਹਨ , ਜਜ਼ਬਾਤ ਦੇ ਆਖੇ ਲੱਗ ਕੇ ਲੋਕਾਂ ਦੇ ਗਮ ਅਪਣੇ ਮੋਢਿਆਂ ਉਤੇ ਚੁਕੀ ਫਿਰਦੇ ਹਨ । ਜਿਨ੍ਹਾਂ ਦੇ ਨਾਜ਼ੁਕ ਜਜ਼ਬਿਆਂ ਨੂੰ ਸ਼ੁਰੂ ਦੀਆਂ ਲੱਤਾਂ ਲੱਗ ਜਾਵਣ ਤਾਂ ਉਹ ਸਾਰੀ ਜ਼ਿੰਦਗੀ ਔਖੇ ਪੈਂਡੇ ਤੈਅ ਕਰਦੇ ਰਹਿੰਦੇ ਨੇ। ਜਿਹੜੇ ਅਪਣੇ ਪਿੰਡ ਦੀ ਮਿੱਟੀ ਪਟਲੀ ਨੂੰ ਚੁੰਮਦੇ ਰਹਿੰਦੇ ਨੇ । ਜਿਨ੍ਹਾਂ ਦਾ ਅੰਦਰ ਜਿਉਂਦਾ ਹੈ , ਉਹ ਬਾਹਰ ਝਾਤੀ ਜ਼ਰੂਰ ਮਾਰਦੇ ਨੇ । ਉਹ ਆਖਦੇ ਨੇ , ਅਮੀਨ ! ਮੈਂ ਤੈਨੂੰ ਧਰਤੀ ਮਾਤਾ ਵਿਖਾਣ ਦਾ ਯਤਨ ਕਰਾਂਗਾ । ਮੇਰੀ ਦੁਆਹੈ ਰੱਬ ਉਨ੍ਹਾਂ ਨੂੰ ਕਈ ਯੁੱਗ ਹੋਰ ਵਿਖਾਵੇ … ਵੱਖੀ ਪਰਤੀਏ ਤਾਂ ਇਸ ਜੱਗ ਵਿਚ ਅਜਿਹੇ ਵੀ ਹਨ ਜਿਨ੍ਹਾਂ ਦੇ ਪੈਰ ਥੱਲੇ ਚਿੜੀ ਦਾ ਬੋਟ ਮਿਧਿਆ ਜਾਵੇ ਤਾਂ ਹੱਸ ਕੇ ਜੁੱਤੀ ਸਾਫ਼ ਕਰ ਲੈਂਦੇ ਹਨ । ਗੁਲਾਬ ਦੀ ਲਾਲੀ ਵੇਖ ਕੇ ਦਿਲ ਖਿੜਦੈ , ਨਾ ਕਿਸੇ ਯਤੀਮ ਦੇ ਹੱਥੋਂ ਰੋਟੀ ਖੋਹਦਾਕਾਂ ਵੇਖ ਕੇ ਦਿਲ ਦੁਖਦਾ।ਨਾ ਸਾਉਣ ਦੀਆਂ ਸੁਰਮਈ ਘਟਾਵਾਂ ਵਿਚ ਰੂਹ ਪੀਂਘਾਂ ਪਾਉਂਦੀ ਅਤੇ ਨਾ ਘੁੱਗੀ ਦੇ ਆਂਡੇ ਪੀਂਦਾ ਸੱਪ ਵੇਖ ਕੇ ਦਿਲ ਨੂੰ ਡੰਗ ਵਜਦਾਏ । ਪਰ ਫਿਰ ਵੀ ਕਈ ਹਨ …
ਪਤਾ ਨਹੀਂ ਕਿਹੜੇ ਵੇਲੇ ਕਿਸ ਤਰ੍ਹਾਂ ਮੇਰੇ ਗ਼ਮ ਦੀ ਲੂੰਬੀ ਵਿਚੋਂ ਕੋਈ ਦਰਦ ਭਰਿਆ ਧੂੰਆਂ ਇਕ ਕਮਲੇ ਨੇ ਵੇਖ ਲਿਆ ਸੀ ਜਾਂ ਦੁਆਵਾਂ ਦੇਵਾਂ ਕਿਸੇ ਅਖ਼ਬਾਰ ਨੂੰ ਜਿਸ ਦੇ ਵਰਕਿਆਂ ਉਤੇ ਬਹਿ ਕੇ ਮੈਂ ਆਪਣੇ ਮਾਜ਼ੀ,(ਬੀਤੇ ਹੋਏ ਸਮੇਂ) ਵਲ ਉਡਾਰੀਆਂ ਮਾਰਦਾ ਰਹਿੰਦਾ ਹਾਂ ਜਿਸ ਦੀ ਚਾਦਰ ਬਣਾ ਕੇ ਅਪਣੇ ਠਰਦੇ ਜਜ਼ਬਿਆਂ ਨੂੰ ਨਿੱਘ ਦੇ ਲੈਂਦਾ ਹਾਂ । ਕਿਸੇ ਕਮਲੇ ਨੇ ਅਖ਼ਬਾਰ ਦੇ ਮੱਥੇ ਉਤੇ ਲਿਖਿਆ ਮੇਰਾ ਨਸੀਬ ਪੜ੍ਹ ਲਿਆ।ਉਹ ਇਕ ਨੌਜਵਾਨ ਸੀ , ਛਿਹਰਟੇ ਦਾ ਰਮਨਦੀਪ ਸਿੰਘ ਸਿੱਧੂ । ਰੱਬ ਜਾਣੇ ਉਸ ਨੇ ਮੇਰੇ ਉਤੇ ਜੁਲਮ ਕੀਤਾ ਕਿ ਰਹਿਮ। ਉਸ ਨੇ ਇਕ ਚਿੱਠੀ ਵਿਚ ਬੰਦ ਕਰ ਕੇ ਮੇਰੀ ਤੀਜੀ ਮਾਂ (ਚੜਦਾ ਪੰਜਾਬ) ਦੀ ਕੂਕ ਘੱਲ ਦਿਤੀ । ਉਸ ਦੀ ਚਿੱਠੀ ਵਿਚ ਮੇਰੀ ਜਨਮ ਭੂਮੀ ਗੁਜਰਾਂਵਾਲੇ ਦੀਆਂ 26 ਤਸਵੀਰਾਂ ਸਨ । ਇਹ 26 ਸੱਪ ਸਾਰੀ ਰਾਤ ਮੈਨੂੰ ਡੰਗਦੇ ਰਹੇ । ਫ਼ਕੀਰੇ ਵਾਲਾ ਖੂਹ ਜਿਸ ਦੀ ਗਾਧੀ ਉਤੇ ਬੈਠ ਕੇ ਮੈਂ ਢੱਗੇ ਹਿੱਕੇ ਸਨ , ਤਕੀਆ ਜਿਥੇ ਫ਼ਕੀਰਾਂ ਦੀਆਂ ਕਬਰਾਂ ਤੋਂ ਮੈਂ ਚਾਵਲ ਖਾਧੇ ਸਨ । ਨਦੀ ਦੀ ਤਸਵੀਰ ਜਿਸ ਵਿਚ ਮੈਂ ਕਦੇ ਨੰਗਮ ਨੰਗਾ ਨਾਹਤਾ ਸੀ । ਉਸ ਦਾ ਪੱਤਣ ਜਿਥੇ ਮੈਂ ਚੋਰੀ ਚੋਰੀ ਸਕੀਨਾ ਨੂੰ ਵੇਖਿਆ ਸੀ।ਉਹ ਗਲੀਆਂ ਜਿਥੇ ਮੇਰੇ ਬਚਪਨ ਨੇ ਲੁਕਣ ਮੀਟੀ ਖੇਡੀ ਸੀ।ਜਿਨ੍ਹਾਂ ਗਲੀਆਂ ਦੇ ਕੱਖ ਮੈਨੂੰ ਅੱਜ ਵੀ ਰੋਂਦੇ ਨੇ । ਮੈਂ ਅਪਣੀਆਂ ਤਸਵੀਰਾਂ ਨੂੰ , ਅਪਣੀ ਮਾਂ ਨੂੰ , ਅਪਣੀ ਜਨਮ ਭੂਮੀ ਨੂੰ ਮੰਜੀ ਉਤੇ ਖਲਾਰ ਕੇ ਸਾਰੀ ਰਾਤ ਅਪਣੇ ਬਚਪਨ ਦਾ ਹਾਲ ਪੁਛਦਾ ਰਿਹਾ , ਰੋਂਦਾ ਰਿਹਾ ਅਤੇ ਉਹ ਚੁੱਪ ਚਾਪ ਗੁੰਗੀਆਂ ਤਸਵੀਰਾਂ ਮੇਰੇ ਵਲ ਵੇਖਦੀਆਂ ਰਹੀਆਂ । ਰਾਤ ਦਾ ਆਖ਼ਰੀ ਪਹਿਰ ਹੋਇਆ ਤਾਂ ਰਾਣੀ (ਪਤਨੀ) ਨੇ ਤਸਵੀਰਾਂ ਚੁੱਕ ਕੇ ਮੈਨੂੰ ਅਪਣੇ ਗੱਲ ਨਾਲ ਲਾ ਲਿਆ ਤੇ ਆਖਣ ਲੱਗੀ , “ ਹੁਣ ਜਦੋਂ ਵੀ ਤੂੰ ਵੀਜ਼ਾ ਲੈਣ ਜਾਵੇਂਗਾ ਮੈਂ ਤੇਰੇ ਨਾਲ ਜਾਵਾਂਗੀ।ਵੇਖਾਂਗੇ ਉਹ ਤੈਨੂੰ ਕਿਵੇਂ ਡਕਦੇ ਨੇ ਗੁਜਰਾਂਵਾਲੀ ਜਾਣ ਤੋਂ । ਆਲ੍ਹਣਿਆਂ ਤੋਂ ਦੂਰ : ਤਸਵੀਰਾਂ ਵੇਖ ਕੇ ਅਜੇ ਅੱਖਾਂ ਖੁਸ਼ਕ ਵੀ ਨਹੀਂ ਸਨ ਹੋਈਆਂ ਤਾਂ ਰਮਨਦੀਪ ਦੀ ਚਿੱਠੀ ਪੜ੍ਹਨ ਉਸਤਾਦ ਗੁਰਦਾਸ ਸਿੰਘ ਪਰਮਾਰ ਘਰ ਆ ਗਿਆ । ਹਰ ਸ਼ਬਦ ਦੀ ਧਰਤੀ ਵਿਚ ਇਕ ਹਾਅ ਬੀਜੀ ਹੋਈ ਸੀ , ਹਰ ਸਿਆੜੀ ਵਿਚ ਇਕ ਹਉਕਾ ਉੱਗ ਆਇਆ ਸੀ ਅਤੇ ਹਰ ਹਉਕੇ ਉਤੇ ਹੰਝੂ ਲੱਗ ਗਿਆ ਸੀ । ਅਖ਼ੀਰ ਇਸ ਚਿੱਠੀ ਵਿਚੋਂ ਇਕ ਅਜਿਹਾ ਸੁਨੇਹਾ ਮਿਲਿਆ ਜਿਸ ਨੇ ਜਜ਼ਬਾਤ ਨੂੰ ਤੀਲੀ ਲਾ ਕੇ ਭਾਂਬੜ ਬਾਲ ਦਿਤੇ । ਮੈਂ ਵੀ ਅੱਖਾਂ ਦੇ ਨੱਕੇ ਤੋੜ ਸੁੱਟੇ ਅਤੇ ਪਰਮਾਰ ਜੀ ਦਾ ਅੰਦਰ ਵੀ ਮੋਮ ਬਣ ਕੇ ਅੱਖਾਂ ਰਾਹੀਂ ਬਾਹਰ ਆ ਗਿਆ । ਰਮਨਦੀਪ ਨੇ ਇਕ ਤਸਵੀਰ ਤਕੀਏ ਦੇ ਇਕ ਮਜ਼ਾਰ ਮੁੱਢ ਬੁਝਦੇ ਹੋਏ ਦੀਵੇ ਵਰਗੇ ਸ਼ਖ਼ਸ ਕੁਲਤਾਰ ਸਿੰਘ ਦੀ ਵੀ ਘੱਲੀ ਸੀ ਜਿਸ ਨੇ ਅਮੀਨ ਮਲਿਕ ਦਾ ਨਾਂ ਸੁਣ ਕੇ ਛੇਤੀ ਨਾਲ ਅੰਦਰੋਂ ਸਪੋਕਸਮੈਨ ਅਖ਼ਬਾਰ ਲਿਆ ਕੇ ਆਖਿਆ , “ ਤੂੰ ਇਸੇ ਹੀ ਅਮੀਨ ਦੀ ਗੱਲ ਕਰਦਾ ਏ ਜਿਸ ਨੂੰ ਅਸੀ ਪੜ੍ਹ ਕੇ ਰੋਂਦੇ ਹਾਂ । ਫਿਰ ਰੋਂਦੇ ਹੋਏ ਕੁਲਤਾਰ ਸਿੰਘ ਨੇ ਆਖਿਆ “ ਸਾਨੂੰ ਅਮੀਨ ਮਲਿਕ ਦੇ ਘਰ ਦਾ ਕੁੱਝ ਪਤਾ ਨਹੀਂ , ਕਿਹੜਾ ਹੈ ਅਸੀ ਤਾਂ ਆਪ ਲਾਇਲਪੁਰ ਦੇ ਟੋਭਾ ਟੇਕ ਸਿੰਘ ਦੀ ਮਿੱਟੀ ਨੂੰ ਤਰਸ ਰਹੇ ਹਾਂ , ਤੂੰ ਅਮੀਨ ਮਲਿਕ ਨੂੰ ਆਖੀਂ ਮੇਰੀਆਂ ਨਸਲਾਂ ਤੇਰੀ ਮਿੱਟੀ ਵਿਚੋਂ ਹੀ ਰਿਜ਼ਕ ਖਾਂਦੀਆਂ ਨੇ । ਇਹ ਮਿੱਟੀ ਕਲ ਵੀ ਤੇਰੀ ਸੀ , ਅੱਜ ਵੀ ਤੇਰੀ ਅਤੇ ਕਲ ਵੀ ਤੇਰੀ ਰਹੇਗੀ । ਤੂੰ ਆਜਾ ਅਪਣੀ ਮਿੱਟੀ ਦਿਆ ਮਾਲਕਾ , ਜੇ ਆ ਸਕਨਾ ਏਂ ਤਾਂ, ਅਸੀ ਸਾਰੇ ਹੀ ਡਿੱਗੇ ਹੋਏ ਪੰਛੀ