ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਪਹਿਲਾਂ ਕੁੱਝ ਵਾਪਰੀਆਂ ਘਟਨਾਵਾਂ- ਅਮਰਜੀਤ ਅਰਪਨ

ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਪਹਿਲਾਂ ਕੁੱਝ ਵਾਪਰੀਆਂ ਘਟਨਾਵਾਂ
^***^
ਗੁਰੂ ਸਾਹਿਬਾਨਾਂ ਦਾ ਜੀਵਨ ਕਾਲ 1469 ਤੋਂ 1708 ਤੱਕ ਲੱਗਭੱਗ 263 ਸਾਲ ਰਿਹਾ।ਸਿੱਖੀ ਵਿਚ ਜਾਤਪਾਤ ਨਾ ਹੋਣ ਦੇ ਬਾਵਜੂਦ ਇਹਦਾ ਚੀੜ੍ਹਾਪਣ ਖਹਿੜਾ ਨਹੀਂ ਛੱਡਦਾ,ਸਮਾਜਿਕ ਯਥਾਰਥ ਅੱਜ ਵੀ ਏਹੀ ਹੈ।
ਗੁਰੂ ਨਾਨਕ ਬੇਦੀਆਂ ਵਿਚੋਂ,ਗੁਰੂ ਅੰਗਦ ਦੇਵ ਭੱਲਾ,ਗੁਰੂ ਅਮਰਦਾਸ ਤ੍ਰੇਹਨ,ਗੁਰੂ ਰਾਮਦਾਸ ਸੋਢੀਆਂ ਵਿਚੋਂ ਸਨ।ਇਹ ਸਾਰੇ ਖਤਰੀਆਂ ਵਿਚੋਂ ਸਨ।ਫਿਰ ਸੋਢੀਆਂ ਵਿਚ ਗੱਦੀ ਜੱਦੀ ਹੋ ਗਈ।
ਗੁਰੂ ਅਰਜਨ ਸਾਹਿਬ ਜੀ ਦੀ ਗੁਰਗੱਦੀ ਵੇਲੇ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਪ੍ਰਿਥੀ ਚੰਦ ਧੱਕੇ ਨਾਲ ਗੱਦੀ ਹਥਿਆਣਾ ਚਾਹੁੰਦੇ ਸਨ।ਦੂਸਰਾ ਬੇਟਾ ਮਹਾਂ ਚੰਦ ਨੂੰ ਵੀ ਏਸ ਯੋਗ ਨਾ ਸਮਝਿਆ। ਗੁਰੂ ਅਰਜਨ ਦੇਵ ਜੀ ਦਾ ਜਨਮ 1563 ਦਾ ਹੈ ਤੇ ਗੁਰਗੱਦੀ ਅਠਾਰਾਂ ਕੁ ਸਾਲ ਦੀ ਉਮਰੇਂ 1581 ਵਿੱਚ ਓਦੋਂ ਮਿਲੀ ਜਦੋਂ ਪ੍ਰਿਥੀ ਚੰਦ ਰਿਸ਼ਤੇਦਾਰੀ ਵਿਚੋਂ ਕਿਸੇ ਵਿਆਹ ਤੇ ਲਾਹੌਰ ਗਏ ਹੋਏ ਸਨ।ਪ੍ਰਿਥੀ ਚੰਦ ਗੁਰੂਘਰ ਦਾ ਵੈਰੀਆਂ ਵਾਂਗ ਵਿਹਾਰ ਕਰਨ ਲੱਗ ਪਿਆ। ਦੂਜੀ ਵੱਡੀ ਘਟਨਾ ਇਹ ਕਿ ਗੁਰਗੱਦੀ ਸੋਢੀ ਵੰਸ਼ ਵਿਚ ਗੁਰੂ ਗੋਬਿੰਦ ਸਿੰਘ ਤੱਕ ਬਰਕਰਾਰ ਰਹੀ।

ਕੁੱਝ ਹੋਰ ਪ੍ਰਮੁੱਖ ਘਟਨਾਵਾਂ ਦਾ ਮੈਂ ਇੱਥੇ ਜ਼ਿਕਰ ਕਰਾਂਗਾ–

-1581 ਤੋਂ 1606 ਤੱਕ ਗੁਰੂ ਅਰਜਨ ਦੇਵ ਜੀ ਨੇ ਮਾਝੇ ਤੇ ਦੁਆਬੇ ਅੰਦਰ ਬਹੁਤ ਕੰਮ ਕੀਤਾ।ਏਸ ਇਲਾਕੇ ਵਿੱਚ ਸਿੱਖੀ ਦਾ ਏਸ ਵੇਲੇ ਬਹੁਤ ਪ੍ਰਚਾਰ ਹੋਇਆ।

-ਹਰਿਮੰਦਿਰ ਸਾਹਿਬ ਜੀ ਦੀ ਨੀਂਹ ਸੂਫ਼ੀ ਸੰਤ ਮੀਆਂ ਮੀਰ ਤੋਂ ਰੱਖਵਾ ਕੇ ‘ਸਭੈ ਸਾਂਝੀਵਾਲਤਾ’ ਦਾ ਸੁਨੇਹਾ ਦਿੱਤਾ ਕਿ ਇਹ ਰੱਬ ਦਾ ਮੰਦਰ ਸਭਨਾ ਲਈ ਹੈ,ਮਨੁੱਖਤਾ ਲਈ ਹੈ।ਚਾਰੋਂ ਪਾਸੇ ਦਰਵਾਜ਼ੇ ਰੱਖ ਕੇ ਚਾਰੋਂ ਵਰਣਾਂ ਨੂੰ ਅੰਦਰ ਆਉਣ ਦਾ ਮਨੁੱਖਵਾਦੀ ਸੁਨੇਹਾ ਦਿੱਤਾ। ਇਹ ਮੰਦਰ ਵੀ ਕਿਸੇ ਗੁਰੂ,ਦੇਵੀ ਜਾਂ ਦੇਵਤੇ ਦੀ ਥਾਂ ‘ਹਰਿ’ ਦਾ ਬਣਾਇਆ।

-ਕਿਉਂਜੋ ਬਾਣੀ ਵਿੱਚ ਮਿਲਾਵਟ ਦਾ ਖਤਰਾ ਬਣ ਖਲੋਤਾ ਸੀ,ਏਸ ਕਰਕੇ ਚਾਰ ਗੁਰੂਆਂ ਦੀ ਬਾਣੀ ਤੇ ਉਹਨਾਂ ਤੋਂ ਪਹਿਲਾਂ ਹੋਏ ਬਾਬਾ ਫ਼ਰੀਦ, ਕਬੀਰ ਤੇ ਹੋਰਨਾ ਸੰਤਾਂ ਦੀ ਬਾਣੀ ਨੂੰ ਇਕੱਠਾ ਕਰਕੇ ਪੁਣਛਾਣ ਉਪਰੰਤ ਸਮੇਂ ਦੇ ਸੰਤਾਂ ਸੂਫ਼ੀਆਂ ਨੂੰ ਵੀ ਸੱਦਾ ਭੇਜਿਆ।ਇਹਨਾਂ ਵਿਚੋਂ ਲਾਹੌਰ ਤੋਂ ਕਾਨ੍ਹਾ,ਛੱਜੂ,ਪੀਲੂ ਤੇ ਸ਼ਾਹ ਹੁਸੈਨ ਇਕ ਰੱਥ ਤੇ ਚੜ੍ਹ ਕੇ ਗੁਰੂ ਸਾਹਿਬ ਕੋਲ ਪਹੁੰਚੇ।ਪਰ ਇਹਨਾਂ ਦੀ ਬਾਣੀ ਗੁਰ ਸਿਧਾਂਤ ਦੇ ਆਸ਼ਿਆਂ ਤੇ ਪੂਰੀ ਤਰ੍ਹਾਂ ਨਾ ਉਤਰਨ ਕਾਰਨ ਗੁਰੂ ਗ੍ਰੰਥ ਵਿੱਚ ਸ਼ਾਮਿਲ ਕਰਨ ਤੋਂ ਮਨ੍ਹਾ ਕਰ ਦਿੱਤਾ।ਏਸ ਤੋਂ ਇਹ ਚਾਰੋਂ ਨਿਰਾਸ਼ ਵੀ ਹੋਏ ਤੇ ਗੁੱਸਾ ਗਿਲਾ ਵੀ ਕੀਤਾ।ਪੀਲੂ ਬਾਰੇ ਤਾਂ ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਸਮੇਂ ਦੇ ਹਾਕਮਾਂ ਨੂੰ ਗੁਰੂ ਸਾਹਿਬ ਵਿਰੁੱਧ ਉਕਸਾਇਆ ਵੀ ਸੀ।

-ਗੁਰੂ ਗ੍ਰੰਥ ਦੀ 1604 ਵਿਚ ਸੰਪਾਦਨਾ ਕਰਨ ਉਪਰੰਤ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਕੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ ਗਿਆ। ਇਉਂ ਇਕ ਧਾਰਮਿਕ ਗ੍ਰੰਥ ਦੇ ਤੌਰ ਤੇ ਅੰਮ੍ਰਿਤਸਰ ਨੂੰ ਇਕ ਪਵਿੱਤਰ ਕੇੰਦਰੀ ਸਥਾਨ ਬਣਾ ਕੇ ਇਕ ਧਰਮ ਦੀ ਸ਼ਕਲ ਦੇ ਦਿੱਤੀ ਗਈ।ਸਿੱਖ ਇਤਹਾਸ ਵਿਚ ਇਹ ਬਹੁਤ ਵੱਡੀ ਤੇ ਬਹੁਤ ਹੀ ਮਹੱਤਵਪੂਰਨ ਘਟਨਾ ਹੈ।

-ਗੁਰੂ ਅਰਜਨ ਦੇਵ ਜੀ ਦੇ ਭਰਪੂਰ ਯਤਨਾਂ ਨਾਲ ਮਾਝੇ ਦੁਆਬੇ ਵਿਚ ਜਿੱਥੇ ਸਿੱਖੀ ਦਾ ਬਹੁਤ ਪ੍ਰਚਾਰ ਹੋਇਆ, ਓਥੇ ਗੁਰੂ ਸਾਹਿਬ ਨੇ ਜੱਟ ਸਮੁਦਾਇ ਨੂੰ ਸਿੱਖੀ ਵਿਚ ਵੱਡੀ ਪੱਧਰ ਤੇ ਲਿਆਂਦਾ। ਸਿੱਖਾਂ ਨੂੰ ਘੋੜਿਆਂ ਦੇ ਵਪਾਰ ਲਈ ਉਤਸਾਹਿਤ ਕੀਤਾ।ਇਹਦੇ ਪਿੱਛੇ ਕਾਰਨ ਇਹ ਸੀ ਕਿ ਗੁਰੂ ਸਾਹਿਬ ਭਾਂਪ ਗਏ ਸਨ ਕਿ ਰਾਜ ਸੱਤਾ ਤੇ ਕੱਟੜਪੰਥੀ ਹਾਵੀ ਹੋ ਰਹੇ ਹਨ।ਸੂਫ਼ੀਆਂ ਵਿਚੋਂ ਵੀ ਕੱਟੜਪੰਥੀ ਧੜਾ ਗੁਰੂ ਘਰ ਦਾ ਦੋਖੀ ਬਣ ਰਿਹਾ ਸੀ। ਪ੍ਰਮੁੱਖ ਧਰਮ ਹਿੰਦੂ ਤੇ ਮੁਸਲਮਾਨ ਸਨ।ਇਹਨਾਂ ਵਿਚੋਂ ਲੋਕ ਗੁਰੂਘਰ ਨਾਲ ਜੁੜ ਰਹੇ ਸਨ।ਜਾਤਪਾਤ ਦਾ ਵਿਚਾਰ ਨਹੀਂ ਰੱਖਿਆ ਜਾਂਦਾ ਸੀ।ਮਸੰਦਾਂ ਨੇ ਏਸ ਸਮੇਂ ਸਿੱਖੀ ਨੂੰ ਬਹੁਤ ਪ੍ਰਚਾਰਿਆ।ਦਸਵੰਧ ਪਰੰਪਰਾ ਸ਼ੁਰੂ ਕਰਨ ਨਾਲ ਗੁਰੂਘਰ ਆਮਦਨ ਦੇ ਵਸੀਲੇ ਨਾਲ ਤਾਕਤਵਰ ਬਣ ਰਿਹਾ ਸੀ। ਖਤਰੀਆਂ ਜੱਟਾਂ ਵਿਚ ਘੋੜਿਆਂ ਦੇ ਵਪਾਰ ਦੇ ਰੁਝਾਨ ਕਾਰਨ ਘੋੜਸਵਾਰੀ, ਤਲਵਾਰਬਾਜ਼ੀ ਨਾਲ ਇਕ ਇਨਕਲਾਬੀ ਸਪਿਰਟ ਪੈਦਾ ਹੋ ਰਹੀ ਸੀ ਜਿਹੜੀ ਸੰਤ ਸਿਪਾਹੀ ਬਣਨ ਦੀ ਇਕ ਕਿਸਮ ਦੀ ਨੀਂਹ ਸੀ। ‘ਤੇਰਾ ਭਾਣਾ ਮੀਠਾ ਲਾਗੇ’ ਦੇ ਸੰਕਲਪ ਦੇ ਨਾਲ ਨਾਲ ਮਾਰਸ਼ਲਿਜ਼ਮ ਦਾ ਅੰਸ਼ ਵੀ ਭਾਰੂ ਹੋਣ ਲੱਗ ਪਿਆ ਜੋ ਸਮੇਂ ਦੇ ਹਾਕਮਾਂ ਨੂੰ ਅਖਰਨ ਲੱਗਿਆ। …..ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵਿਰੁੱਧ ਵਿਰੋਧੀਆਂ ਨੇ ਅਕਬਰ ਦੇ ਐਨੇ ਕੰਨ ਭਰੇ ਕਿ ਅਕਬਰ ਨੇ ਗੁਰੂ ਗ੍ਰੰਥ ਦੀ ਇਕ ਕਾਪੀ ਮੰਗਵਾਉਣ ਉਪਰੰਤ ਜਦੋਂ ਮੁਤਾਲਿਆ ਕੀਤਾ ਕਿ ਇਹ ਤਾਂ ਸਮੁੱਚੀ ਬਾਣੀ ਮਾਨਵਵਾਦੀ ਹੈ ਜਿਸ ਵਿਚ ਪ੍ਰਸਿੱਧ ਸੂਫ਼ੀ ਫ਼ਕੀਰ ਸ਼ੇਖ ਫ਼ਰੀਦ ਦੀ ਬਾਣੀ ਵੀ ਹੈ।ਅਕਬਰ ਖੁਦ ਵੀ ਦੀਨੇ ਇਲਾਹੀ ਚਲਾ ਕੇ ਮਾਨਵਵਾਦੀ ਰੁੱਚੀਆਂ ਵਾਲਾ ਲਿਬਰਲ ਰਾਜਾ ਸੀ।

-ਇਕ ਹੋਰ ਪ੍ਰਮੁੱਖ ਘਟਨਾ ਜਿਸਨੂੰ ਇਤਹਾਸਕਾਰਾਂ ਨੇ ਗੰਭੀਰਤਾ ਨਾਲ ਐਡਰਸ ਨਹੀਂ ਕੀਤਾ, ਉਹ ਹੈ ਦੁਲ੍ਹਾ ਭੱਟੀ ਜਿਹੜਾ ਧਾੜਵੀ ਜਾਂ ਡਾਕੂ ਤਸੱਵਰ ਕਰਕੇ ਅਣਗੌਲਿਆ ਕੀਤਾ ਗਿਆ। ਦੁਲ੍ਹੇ ਭੱਟੀ ਦਾ ਜਨਮ 1569 ਵਿਚ ਹੋਇਆ ਤੇ ਏਸਦਾ ਕਤਲ 1599 ਵਿਚ ਕੀਤਾ ਗਿਆ।ਦੁਲ੍ਹੇ ਦਾ ਜਦੋਂ ਜਨਮ ਹੋਇਆ ਉਹਦੇ ਬਾਪੂ ਫ਼ਰੀਦ ਦਾ ਵੀ ਕਤਲ ਕੀਤਾ ਗਿਆ ਤੇ ਉਹਦੇ ਦਾਦੇ ਸਾਂਦਲ ਦਾ ਵੀ ਸਮੇਂ ਦੇ ਹਾਕਮਾਂ ਨੇ ਕਤਲ ਕਰ ਦਿੱਤਾ ਸੀ।ਇਹਦਾ ਕਾਰਨ ਇਹ ਹੈ ਕਿ ਸਾਂਦਲ ਨੇ ਆਪਣੇ ਇਲਾਕੇ ਵਿੱਚ ਮੁਜਾਹਰਿਆਂ ਨੂੰ ਲਗਾਨ ਦੇਣ ਤੋਂ ਮਨ੍ਹਾਂ ਕੀਤਾ ਹੋਇਆ ਸੀ।ਕਿਸਾਨਾਂ ਵਿਚ ਉਹਦੀ ਇੱਜ਼ਤ ਏਥੋਂ ਤੱਕ ਸੀ ਕਿ ਸਾਂਦਲ ਦੇ ਇਲਾਕੇ ਨੂੰ ਹੁਣ ਤੱਕ ਸਾਂਦਲਬਾਰ ਕਰਕੇ ਜਾਣਿਆ ਜਾਂਦਾ ਹੈ।ਬਾਪੂ ਦਾਦੇ ਦੁਆਰਾ ਕਿਸਾਨਾਂ ਦੇ ਹੱਕ ਵਿੱਚ ਖੜੀ ਕੀਤੀ ਮੂਵਮੈਂਟ ਨੂੰ ਦੁਲ੍ਹੇ ਨੇ ਏਥੋਂ ਤੱਕ ਸਿਖਰ ਤੇ ਪਹੁੰਚਾ ਦਿੱਤਾ ਤੇ ਕਿਸਾਨਾਂ ਵਿਚ ਦੁਲ੍ਹੇ ਦਾ ਐਨਾ ਸਤਿਕਾਰ ਵੱਧ ਗਿਆ ਜਿਹੜਾ ਦੋਨਾਂ ਪੰਜਾਬਾਂ ਵਿਚ ਦੁਲ੍ਹੇ ਦੀਆਂ ਵਾਰਾਂ ਦੇ ਰੂਪ ਵਿਚ ‘ਫੋਕ ਹੀਰੋ’ ਦੇ ਤੌਰ ਤੇ ਅੱਜ ਵੀ ਸਤਕਾਰਿਆ ਜਾਂਦਾ ਹੈ। ਦੁਲ੍ਹੇ ਦਾ ਜ਼ਿਕਰ ਕਰਨ ਦਾ ਮੇਰਾ ਮਤਲਬ ਇਹ ਹੈ ਕਿ ਏਸ ਇਲਾਕੇ ਵਿੱਚ ਕਿਸਾਨੀ ਮੂਵਮੈਂਟ ਖੜੀ ਕਰਨ ਦਾ ਸਿਹਰਾ ਦੁਲ੍ਹੇ ਦੇ ਪਰਿਵਾਰ ਨੂੰ ਜਾਂਦਾ ਹੈ। ਲਾਜ਼ਮੀ ਹੈ ਕਿ ਦੁਲ੍ਹਾ ਗੁਰੂ ਅਰਜਨ ਸਾਹਿਬ ਜੀ ਦਾ ਸਮਕਾਲੀ ਹੋਣ ਕਾਰਨ ਗੁਰੂ ਸਾਹਿਬ ਤੇ ਵੀ ਦੁਲ੍ਹੇ ਦੀ ਸ਼ਹੀਦੀ ਦਾ ਪ੍ਰਭਾਵ ਵੀ ਪਿਆ ਹੋਵੇਗਾ।ਕਿਸਾਨਾਂ ਤੇ ਮੜ੍ਹੇ ਭਾਰੀ ਮਾਮਲੇ ਦਾ ਗੁਰੂ ਸਾਹਿਬ ਨੂੰ ਵੀ ਪਤਾ ਸੀ ਜਿਸਦਾ ਜ਼ਿਕਰ ਗੁਰੂ ਸਾਹਿਬ ਨੇ ਅਕਬਰ ਅੱਗੇ ਕੀਤਾ। ਦੁਲ੍ਹੇ ਦੀ ਬਗਾਵਤ ਐਨੀ ਵੱਧ ਚੁੱਕੀ ਸੀ ਕਿ ਅਕਬਰ ਆਪਣੀ ਸ਼ਾਹੀ ਫੌਜ ਨਾਲ 1598 ਵਿਚ ਲਾਹੌਰ ਡੇਰੇ ਜਾ ਲਾਏ ਤੇ 1599 ਨੂੰ ਦੁਲ੍ਹੇ ਨੂੰ ਫੜ੍ਹ ਕੇ ਕਤਲ ਕਰਨ ਉਪਰੰਤ ਕੁੱਝ ਹੋਰ ਸਮਾਂ ਵੀ ਲਾਹੌਰ ਹੀ ਰੁਕਿਆ ਰਿਹਾ। ਇਉਂ ਇਹ ਪਹਿਲੂ ਵਿਚਾਰਨਯੋਗ ਹੈ ਕਿ ਏਸ ਇਲਾਕੇ ਵਿੱਚ ਕਿਸਾਨਾਂ ਉਪਰ ਮਾਮਲਾ ਵੱਧਣ ਕਾਰਨ ਕਿਸਾਨਾਂ ਵਿਚ ਰੋਹ ਸੀ ਜਿਸਨੂੰ ਸਾਂਦਲ,ਫ਼ਰੀਦ ਤੇ ਦੁਲ੍ਹੇ ਨੇ ਲੀਡ ਕੀਤਾ।ਇਹ ਉਹ ਇਲਾਕਾ ਸੀ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਵੀ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਤੇ ਘੋੜਿਆਂ ਦੇ ਵਪਾਰ ਨੂੰ ਉਤਸਾਹਿਤ ਕਰਨ ਨਾਲ ਕਿਸਾਨੀ ਮੂਵਮੈਂਟ ਗੁਰੂ ਸਾਹਿਬ ਨਾਲ ਜੁੜ ਕੇ ਸਿੱਖ ਲਹਿਰ ਦਾ ਕਰੈਕਟਰ ਬਦਲਣ ਲੱਗ ਪਈ,ਜੱਟਾਂ ਦੀ ਐਂਟਰੀ ਨਾਲ ਸਿੱਖੀ ਵਿਚ ਇਨਕਲਾਬੀ ਸਪਿਰਟ ਆਈ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਲੜਾਈਆਂ ਵੇਲੇ ਧੁਰੀ ਦਾ ਕੰਮ ਕੀਤਾ।ਏਸ ਪਹਿਲੂ ਤੇ ਸਾਡੇ ਹਿਸਟੋਰੀਅਨ ਨੇ ਬਿਲਕੁਲ ਕੰਮ ਨਹੀਂ ਕੀਤਾ ਤੇ ਕਿਸਾਨੀ ਮੂਵਮੈਂਟ ਇਤਹਾਸ ਦੀ ਗਰਦ ਹੇਠ ਦੱਬ ਕੇ ਰਹਿ ਗਈ।

-ਇਉਂ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਕੁੱਝ ਹੋਰ ਘਟਨਾਵਾਂ ਵੀ ਹਨ;ਜਿਵੇਂ 1605 ਵਿਚ ਅਕਬਰ ਦਾ ਮਰਨਾ,ਖੁਸਰੋ ਨੂੰ ਗੱਦੀ ਨਾ ਮਿਲ ਕੇ ਕੱਟੜਵਾਦੀ ਜਹਾਂਗੀਰ ਨੂੰ ਮਿਲੀ। ਖੁਸਰੋ ਦੀ ਬਗਾਵਤ ਨੂੰ ਦਬਾ ਕੇ ਓਸਨੂੰ ਅੰਨ੍ਹਾ ਕੀਤਾ ਗਿਆ ਜੋ ਸੂਫੀਆਂ ਤੇ ਗੁਰੂ ਸਾਹਿਬਾਨਾਂ ਤੋਂ ਬਹੁਤ ਪ੍ਰਭਾਵਿਤ ਸੀ।ਅਗਰ ਖੁਸਰੋ ਅਕਬਰ ਤੋਂ ਬਾਅਦ ਰਾਜਾ ਬਣਦਾ ਤਾਂ ਇਤਹਾਸ ਕੁੱਝ ਹੋਰ ਹੋਣਾ ਸੀ ਤੇ ਨਾ ਹੀ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਜਾਂਦਾ।

ਇਸ ਤਰ੍ਹਾਂ ਹੋਰ ਵੀ ਘਟਨਾਵਾਂ ਹੋ ਸਕਦੀਆਂ ਨੇ ਜਿਸਨੂੰ ਇਤਹਾਸ ਦੇ ਐਂਗਲ ਤੋਂ ਵੇਖਣ ਦੀ ਜ਼ਰੂਰਤ ਹੈ।ਗੁਰਦਾਰਿਆਂ ਵਿਚ ਇਤਹਾਸਕ ਪੱਖ ਨੂੰ ਸ਼ਰਧਾ ਦੀ ਚਾਸ਼ਣੀ ਵਿਚ ਲਪੇਟ ਕੇ ਪਰੋਸਿਆ ਜਾਂਦਾ ਹੈ।ਜ਼ਿਆਦਾਤਰ ਸ਼ਰਧਾਲੂ ਮਾਨਸਿਕਤਾ ਓਵੇਂ ਜਿਵੇਂ ਪ੍ਰਵਾਨ ਕਰੀ ਜਾਂਦੀ ਹੈ। ਸੋ ਧਰਮ ਦੇ ਸਿਧਾਂਤਕ ਪਹਿਲੂਆਂ ਦੇ ਨਾਲ ਨਾਲ ਸਿੱਖ ਇਤਹਾਸ ਨੂੰ ਕੇਵਲ ਇਤਹਾਸਕ ਪੱਖ ਤੋਂ ਵਾਚਣਾ ਚਾਹੀਦਾ ਹੈ।ਏਸ ਬਿਖੜੇ ਕੰਮ ਲਈ ਸਿਆਣੇ ਸਿੱਖ ਚਿੰਤਕ,ਸ਼੍ਰੋਮਣੀ ਕਮੇਟੀ, ਯੂਨੀਵਰਸਿਟੀਆਂ,ਟਕਸਾਲਾਂ ਤੇ ਹੋਰ ਸਿੱਖ ਅਦਾਰੇ ਇਹਦੇ ਤੇ ਮਿਹਨਤ ਨਾਲ ਕੰਮ ਕਰਨ ਤੇ ਸ਼ੋਸ਼ਲ ਮੀਡੀਏ ਦੀ ਸੁਚੱਜੀ ਵਰਤੋ ਨਾਲ ਇਹਦਾ ਨਰੋਏ ਢੰਗ ਨਾਲ ਪ੍ਰਚਾਰ ਕਰਨ। ਗੁਰਦੁਆਰਿਆਂ ਅੰਦਰ ਮਹਿੰਗੇ ਪੱਥਰਾਂ ਦੀ ਥਾਂ ਕੁੱਝ ਨੁੱਕਰ ‘ਸਮਾਰਟ ਰੂਮ’ ਲਈ ਰੱਖ ਲੈਣੀ ਚਾਹੀਦੀ ਹੈ ਜਿੱਥੇ ਪੁਸਤਕ ਰੂਪ ਵਿਚ ਸਿੱਖ ਇਤਹਾਸ ਦੇ ਨਾਲ ਨਾਲ ਏਸਨੂੰ ਡਿਜ਼ੀਟਲ ਰੂਪ ਵੀ ਦਿੱਤਾ ਜਾਵੇ ਤੇ ਬਾਬੇ ਨਾਨਕ ਦੇ ਫਲਸਫ਼ੇ ‘ਕਿਛੁ ਸੁਣੀਐ ਕਿਛੁ ਸੁਣਾਈਏ’ ਉਪਰ ਚੱਲਿਆ ਜਾਵੇ,ਏਨੀ ਕੁ ਮੇਰੀ ਸਨਿਮਰ ਗੁਜਾਰਿਸ਼ ਹੈ।ਬਾਕੀ ਤੁਹਾਡੇ ਵਿਚਾਰਾਂ ਦਾ ਸੁਆਗਤ ਹੈ।
#ਅਮਰਜੀਤ ਅਰਪਨ