‘ਗੁਰੂ ਨਾਨਕ ਪਾਤਸ਼ਾਹ ਨੂੰ ਮਿਲਦਿਆਂ’ ਪੁਸਤਕ ਛਪ ਗਈ ਹੈ।
ਬਾਬਾ! ਸਾਨੂੰ ਬਖ਼ਸ਼ ਲੈ, ਹਮ ਪਾਪੀ ਵੱਡ-ਗੁਨਹਗਾਰ।
ਗੱਲੀਂ ਲਾਈਏ ਅੰਬਰੀਂ ਟਾਕੀ, ਲੀਰ-ਲੀਰ ਕਿਰਦਾਰ।
…
ਗੁਰੂ ਨਾਨਕ ਪਾਤਸ਼ਾਹ ਦਾ ਮੈਂ ਦੀਵਾਨਾ ਆਸ਼ਕ ਹਾਂ. ਜੇ ਕੋਈ ਮੈਨੂੰ ਪੁੱਛੇ ਕਿ ਜਦ ਦੀ ਇਹ ਧਰਤੀ ਸਾਜੀ ਗਈ, ਉਦੋਂ ਤੋਂ ਲੈ ਕੇ ਹੁਣ ਤੱਕ, ਮੇਰੇ ਲਈ ਸਭ ਤੋਂ ਮਹਾਨ ਤੇ ਪਿਆਰੀ ਸ਼ਖ਼ਸੀਅਤ ਕੌਣ ਹੈ, ਤਾਂ, ਮੇਰਾ ਆਪ-ਮੁਹਾਰਾ ਜਵਾਬ ਹੋਵੇਗਾ, “ਮੇਰਾ ਬਾਬਾ ਨਾਨਕ!”
ਗੁਰੂ ਬਾਬੇ ਲਈ ਮੇਰੀ ਇਹ ਅਪਣੱਤ, ਇਹ ਅਪਾਰ ਮੁਹੱਬਤ, ਇਹ ਦੀਵਾਨਾਪਨ ਕਿਸੇ ਅੰਨ੍ਹੀ ਸ਼ਰਧਾ ਕਰ ਕੇ ਨਹੀਂ, ਸਗੋਂ ਗੁਰੂ ਦੀ ਬਖ਼ਸ਼ਿਸ਼ ਕੀਤੀ ਨਜ਼ਰ ਕਰ ਕੇ ਹੈ। ਉਹਦੇ ਦਿੱਤੇ ਨਜ਼ਰੀਏ ਕਰ ਕੇ ਹੈ। ਮੈਂ ਧਾਰਮਿਕ ਬੰਦਾ ਨਹੀਂ ਹਾਂ। ਧਰਮੀ ਬਣਨ ਦੀ ਕੋਸ਼ਿਸ਼ ਵਿੱਚ ਜ਼ਰੂਰ ਹਾਂ। ਮੇਰੇ ਲਈ ਧਰਮੀ ਹੋਣਾ, ਜ਼ਮੀਰ ਦੇ ਜਾਗਦੀ ਹੋਣ ਦਾ ਨਾਂ ਹੈ; ਸੱਚੇ ਆਚਾਰ ਦੇ ਧਾਰਨੀ ਹੋਣ ਦਾ ਨਾਂ ਹੈ; ਮਨ, ਵਚਨ ਤੇ ਕਰਮ ਦੀ ਇੱਕਸੁਰਤਾ ਦਾ ਨਾਂ ਹੈ; ਜਾਤ-ਧਰਮ ਨਾਲ ਨਹੀਂ, ਮਨੁੱਖਤਾ ਨਾਲ ਵਚਨ-ਬੱਧਤਾ ਤੇ ਮੁਹੱਬਤ ਦਾ ਨਾਂ ਹੈ; ‘ਮੈਂ’ ਨੂੰ ਤਿਆਗ ਕੇ ‘ਤੂੰ’ ਹੋਣ ਦਾ ਸਫ਼ਰ ਹੈ।
ਗੁਰੂ ਨਾਨਕ ਮੇਰੇ ਲਈ ਕਿਸੇ ਅਸਮਾਨ ਵਿੱਚ ਬੈਠੀ ਹਸਤੀ ਦਾ ਨਾਂ ਨਹੀਂ, ਸਗੋਂ, ਮੇਰੇ ਅੰਗ-ਸੰਗ ਵਿਚਰਦੀ-ਵੱਸਦੀ, ਸਾਹ ਲੈਂਦੀ, ਧੜਕਦੀ ਹਸਤੀ ਦਾ ਨਾਂ ਹੈ, ਜਿਸਦੀ ਮੇਰੇ ਸਿਰ ’ਤੇ ਸੰਘਣੀ ਛਾਂ ਹੈ।
ਗੁਰੂ ਨਾਨਕ ਮੇਰੇ ਘਰ ਦਾ ਸਭ ਤੋਂ ਨੇੜਲਾ ਤੇ ਪਿਆਰਾ ਅਤੇ ਸਭ ਤੋਂ, ਸਭ ਤੋਂ, ਸਭ ਤੋਂ ਵੱਡਾ ਜੀਅ ਹੈ।
ਮੇਰੀ ਪਤਨੀ ਨੇ ਗੁਰੂ ਸਾਹਿਬ ਨਾਲ ਮੇਰੀ ਅਪਾਰ ਮੁਹੱਬਤ ਵੇਖਦਿਆਂ ਮੇਰੇ ਬਾਰੇ ਲਿਖੇ ਇੱਕ ਆਰਟੀਕਲ ਵਿੱਚ ਕੁੱਝ ਇੰਝ ਲਿਖਿਆ ਸੀ, “ਆਪ ਇਹ ਭਾਵੇਂ ਰੱਬ ਨੂੰ ਨਹੀਂ ਮੰਨਦੇ, ਕੋਈ ਪਾਠ-ਪੂਜਾ ਨਹੀਂ ਕਰਦੇ। ਉਂਝ ਗੁਰੂਆਂ ਨੂੰ ਬੜਾ ਮੰਨਦੇ ਨੇ। ਗੁਰੂ ਨਾਨਕ ਸਾਹਿਬ ਨੂੰ ਤਾਂ ਕਹਿੰਦੇ ਨੇ ਇਹ ਮੇਰਾ ਬਾਪੂ ਏ। ਇਸ ਬਾਪੂ ਨਾਲ ਦੀ ਤਾਂ ਕੋਈ ਰੀਸ ਹੀ ਨਹੀਂ। ਉਹ ਬੜਾ ਮਹਾਨ ਮਨੁੱਖ ਤੇ ਮਹਾਨ ਸ਼ਾਇਰ ਸੀ। ਵੱਡਾ ਤਰਕਸ਼ੀਲ। ਤ੍ਰੈ-ਕਾਲ ਦਰਸ਼ੀ। ਕਹਿੰਦੇ ਨੇ, “ਜੇ ਇਸ ਵੇਲੇ ਬਾਬਾ ਮੇਰੇ ਕੋਲ, ਮੇਰੇ ਸਾਹਮਣੇ ਹੋਵੇ ਤਾਂ ਮੈਂ ਉਸੇ ਤਰ੍ਹਾਂ ਲਾਡ ਨਾਲ ਬਾਬੇ ਦੇ ਗਲ਼ ਨਾਲ ਚੰਬੜ ਜਾਵਾਂ ਜਿਵੇਂ ਖੇਡਦੀ-ਖੇਡਦੀ ਮੇਰੀ ਪੋਤਰੀ ਸਰਗਮ ਭੱਜ ਕੇ ਮੇਰੇ ਗਲ ਨਾਲ ਆ ਚੰਬੜਦੀ ਹੈ।”
ਮੇਰਾ ਹੀ ਨਹੀਂ, ਗੁਰੂ ਤਾਂ ਸਭਨਾਂ ਦਾ ਬਾਪੂ ਹੈ। ਗੁਰੂ ਦੀ ਬਾਣੀ, ਗੁਰੂ ਦੇ ਬੋਲ ਤਾਂ ਪੰਜਾਬ ਦੇ ਰਗ਼ੋ-ਰੇਸ਼ੇ ਵਿੱਚ ਵੱਸੇ ਹੋਏ ਨੇ।
ਸ਼ਹੁ ਤੇਰੇ ਤੋਂ ਵੱਖ ਨਹੀਂ।
ਪਰ ਵੇਖਣ ਵਾਲੀ ਅੱਖ ਨਹੀਂ।
ਜੇ ਵੇਖਣ ਵਾਲੀ ਅੱਖ ਹੋਵੇ ਤਾਂ ਗੁਰੂ ਬਾਬਾ ਸਾਨੂੰ ਸਾਡੇ ਆਲੇ-ਦੁਆਲੇ ਹੀ ਨਹੀਂ, ਸਾਡੀ ਸ਼ਾਹ-ਰਗ਼ ਵਿੱਚ ਧੜਕਦਾ ਵੀ ਸੁਣਾਈ ਦੇਣ ਲੱਗ ਜਾਵੇਗਾ।
ਪਿਛਲੇਰੇ ਕੁੱਝ ਸਾਲਾਂ ਤੋਂ ਗੁਰੂ ਨਾਨਕ ਪਾਤਸ਼ਾਹ ਮੈਨੂੰ ਬੜੀ ਸ਼ਿੱਦਤ ਨਾਲ ਯਾਦ ਆ ਰਹੇ ਹਨ। ਰਾਜੇ ਪਾਪ ਕਮਾ ਰਹੇ ਹਨ. ਧਰਮ ਖੰਭ ਲਾ ਕੇ ਉੱਡਦਾ ਜਾ ਰਿਹਾ ਹੈ। ਕੂੜ ਦੀ ਮੱਸਿਆ ਭਰੀ ਪਈ ਹੈ। ਕੌਡਿਆਂ, ਵਲੀ ਕੰਧਾਰੀਆਂ, ਮਲਿਕ ਭਾਗੋਆਂ, ਸੱਜਣ ਠੱਗਾਂ ਦਾ ਚਾਰ-ਚੁਫ਼ੇਰੇ ਬੋਲ-ਬਾਲਾ ਹੈ। ਰਾਜਨੀਤਕ ਹਾਕਮਾਂ ਬਾਰੇ ਤਾਂ ਲਗ-ਭਗ ਪੌਣੀ ਸਦੀ ਪਹਿਲਾਂ ਗਿਆਨੀ ਸੋਹਣ ਸਿੰਘ ਸੀਤਲ ਨੇ ਲਿਖ ਦਿੱਤਾ ਸੀ:
ਹਾਕਮ ਥਾਪੇ ਗਏ ਸੀ, ਪਰਜਾ ਪਾਲਣ ਵਾਸਤੇ,
ਪਰਜਾ ਖਾਣ ਦੀ ਨੀਤੀ ਬਣ ਗਈ ਹੈ ਸਰਕਾਰ ਦੀ.
ਗੁਰੂ ਪਾਤਸ਼ਾਹ ਦੇ ਪੰਜ ਸੌ ਪੰਜਾਹਵੇਂ ਜਨਮ ਦਿਹਾੜੇ ਨੂੰ ਸੰਸਾਰ ਪੱਧਰ ’ਤੇ ਬੜੇ ਵੱਡੇ ਪੱਧਰ ’ਤੇ ਮਨਾਇਆ ਗਿਆ। ਉਹਨਾਂ ਦੀ ਮਹਾਨ ਦੇਣ ਬਾਰੇ ਕਿਤਾਬਾਂ ਲਿਖੀਆਂ ਗਈਆਂ। ਅਖ਼ਬਾਰਾਂ ਤੇ ਮੈਗ਼ਜ਼ੀਨਾਂ ਨੇ ਵਿਸ਼ੇਸ਼ ਅੰਕ ਛਾਪੇ। ਕੀਰਤਨ ਦਰਬਾਰਾਂ ਅਤੇ ਨਗਰ-ਕੀਰਤਨਾਂ ਦਾ ਆਯੋਜਨ ਕੀਤਾ ਗਿਆ। ਗੁਰੂ ਸਾਹਿਬ ਦੀ ਅਜ਼ਮਤ ਨੂੰ ਜਾਨਣ-ਸਮਝਣ ਲਈ ਕਾਨਫ਼ਰੰਸਾਂ ਅਤੇ ਸੈਮੀਨਾਰ ਕਰਵਾਏ ਗਏ। ਗੁਰੂ ਸਾਹਿਬ ਬਾਰੇ ਖੋਜੀ, ਵਿਦਵਾਨ ਤੇ ਬੁਲਾਰੇ ਆਪਣੀ-ਆਪਣੀ ਸਮਝ ਤੇ ਆਪਣੇ-ਆਪਣੇ ਅੰਦਾਜ਼ ਵਿੱਚ ਸਾਰਾ ਸਾਲ ਚਰਚਾ ਕਰਦੇ ਰਹੇ।
ਕਨੇਡਾ ਵਿੱਚ ਵੀ ਅਜਿਹੇ ਕਈ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ। ਇਹਨਾਂ ਸੈਮੀਨਾਰਾਂ ਵਿਚੋਂ ਕਈਆਂ ਵਿੱਚ ਮੈਨੂੰ ਵੀ ਵਿਸ਼ੇਸ਼ ਬੁਲਾਰੇ ਵਜੋਂ ਬੋਲਣ ਲਈ ਸੱਦੇ ਆਏ। ਜ਼ਾਹਿਰ ਹੈ, ਜਦ ਵੀ ਕੋਈ ਬੁਲਾਰਾ ਕਿਸੇ ਵਿਸ਼ੇਸ਼ ਵਿਸ਼ੇ ਬਾਰੇ ਆਪਣੇ ਵਿਚਾਰ ਪ੍ਰਗਟਾਉਂਦਾ ਹੈ ਤਾਂ ਬੋਲਣ ਤੋਂ ਪਹਿਲਾਂ ਆਪਣੇ ਵਿਚਾਰਾਂ ਨੂੰ ਮਨ ਵਿੱਚ ਤਰਤੀਬ ਦੇ ਲੈਂਦਾ ਹੈ। ਮੈਂ ਵੀ ਇੰਝ ਹੀ ਕਰਦਾ ਹਾਂ। ਇਹ ਵੱਖਰੀ ਗੱਲ ਹੈ ਕਿ ਮੈਂ ਕਦੀ ਬੋਲਣ ਲੱਗਿਆਂ ਹੱਥ ਵਿੱਚ ਕੋਈ ਕਾਗ਼ਜ਼-ਪੱਤਰ ਨਹੀਂ ਰੱਖਦਾ, ਤਦ ਵੀ, ਬੋਲਣ ਤੋਂ ਪਹਿਲਾਂ ਕਦੀ-ਕਦੀ ਕੁੱਝ ਮੁੱਖ ਨੁਕਤੇ ਨੋਟ ਵੀ ਕਰ ਲੈਂਦਾ ਹਾਂ। ਹਰੇਕ ਭਾਸ਼ਨ ਸਮੇਂ ਕੁੱਝ ਨਵੇਂ ਨੁਕਤੇ ਜੁੜਦੇ ਜਾਂਦੇ। ਮੈਂ ਉਹ ਨੋਟ ਕੀਤੇ ਕਾਗ਼ਜ਼ ਦੇ ਟੁਕੜੇ ਸਾਂਭੀ ਗਿਆ।
ਪਿਛਲੇ ਦਿਨੀਂ ਫੋਲਾ-ਫਾਲੀ ਕਰਦਿਆਂ ਮੈਨੂੰ ਇਹ ਕਾਗ਼ਜ਼ ਮਿਲ ਗਏ। ਇਹਨਾਂ ਨੁਕਤਿਆਂ ਨੂੰ ਆਧਾਰ ਬਣਾ ਕੇ ਮੈਂ ਇੱਕ ਲੰਮਾਂ ਆਰਟੀਕਲ ਲਿਖਿਆ। ਇੱਕ-ਦੋ ਪਰਚਿਆਂ ਵਿਚ ਵੀ ਛਪਿਆ। ਮੈਂ ਉਹ ਆਰਟੀਕਲ ਫੇਸ-ਬੁੱਕ ’ਤੇ ਵੀ ਕਿਸ਼ਤਾਂ ਵਿੱਚ ਸਾਂਝਾ ਕਰ ਦਿੱਤਾ। ਉਸ ਆਰਟੀਕਲ ਨੂੰ ਪੜ੍ਹ ਕੇ ਪਾਠਕਾਂ ਨੇ ਭਰਪੂਰ ਹੁੰਗਾਰਾ ਭਰਿਆ। ਇਹ ਹੁਲਾਰਵਾਂ ਹੁੰਗਾਰਾ ਭਰਦਿਆਂ ਉਹਨਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਮੈਨੂੰ ਇਸ ਆਰਟੀਕਲ ਨੂੰ ਵਿਸਤਰਿਤ ਰੂਪ ਦੇ ਕੇ ਕਿਤਾਬੀ ਰੂਪ ਵਿੱਚ ਜ਼ਰੂਰ ਛਪਵਾਉਣਾ ਚਾਹੀਦਾ ਹੈ ਤਾਕਿ ਇਹ ਲਿਖਤ ਪਾਠਕਾਂ ਲਈ ਪੱਕੇ ਤੌਰ ’ਤੇ ਸਾਂਭੀ ਜਾ ਸਕੇ।
ਆਪਣੇ ਪਾਠਕਾਂ ਦੀ ਇੱਛਾ ਦਾ ਸਤਿਕਾਰ ਕਰਦਿਆਂ ਹੀ ਇਸ ਲਿਖਤ ਨੂੰ ਥੋੜਾ ਕੁ ਵਿਸਥਾਰ ਦੇ ਕੇ ਕਿਤਾਬੀ ਰੂਪ ਵਿੱਚ ਛਾਪਣ ਦਾ ਨਿਰਣਾ ਕੀਤਾ ਗਿਆ ਹੈ।
ਮੈਂ ਇਸ ਲਿਖਤ ਵਿੱਚ ਗੁਰੂ ਨਾਨਕ ਸਾਹਿਬ ਦਾ ਨਾਮ ਕਈ ਤਰ੍ਹਾਂ ਲਿਖਿਆ ਹੈ। ‘ਗੁਰੂ ਨਾਨਕ ਪਾਤਸ਼ਾਹ’, ‘ਗੁਰੂ ਨਾਨਕ ਸਾਹਿਬ’, ‘ਬਾਬਾ ਨਾਨਕ’, ‘ਬਾਬਾ’ ਤੇ ਹੋਰ ਵੀ ਕਈ ਤਰ੍ਹਾਂ। ਕਿਤੇ ਇੱਕ-ਵਚਨ ਵਿੱਚ ਤੇ ਕਿਤੇ ਬਹੁ-ਵਚਨ ਵਿੱਚ ਬਿਆਨ ਕੀਤਾ ਹੈ। ਮੇਰੇ ਨਜ਼ਦੀਕ ਸਾਰੇ ਸੰਬੋਧਨ ਹੀ ਬਹੁਤ ਪਿਆਰੇ, ਅਪਣੱਤ-ਭਰੇ ਅਤੇ ਸਤਿਕਾਯੋਗ ਹਨ। ਹਰੇਕ ਸੰਬੋਧਨ ਵਿੱਚ ਗੁਰੂ ਜੀ ਵਾਸਤੇ ਮੇਰਾ ਸਤਿਕਾਰ, ਮੇਰੀ ਮੁਹੱਬਤ, ਮੇਰੀ ਅਕੀਦਤ ਘੁਲ਼ੀ ਹੋਈ ਹੈ। ਜੇ ਕਿਸੇ ਸ਼ਰਧਾਲੂ ਨੂੰ ਮੇਰੇ ਸੰਬੋਧਨ ਵਿੱਚ ‘ਸ਼ਰਧਾ ਦੀ ਘਾਟ’ ਰੜਕਦੀ ਜਾਪੇ ਤਾਂ ਮੈਂ ਉਸ ਤੋਂ ਦੋਵੇਂ ਹੱਥ ਜੋੜ ਕੇ ਪਹਿਲਾਂ ਹੀ ਮੁਆਫ਼ੀ ਮੰਗ ਲੈਂਦਾ ਹਾਂ।
ਇਹ ਲਿਖਤ ਕੋਈ ਖੋਜ-ਪੱਤਰ ਨਹੀਂ। ਇਹ ਤਾਂ ਇੱਕ ਪ੍ਰੇਮ-ਗੀਤ ਹੈ। ਮੈਂ ਜਿਸ ਗੁਰੂ ਬਾਰੇ ਲਿਖ ਰਿਹਾ ਹਾਂ, ਉਹ ਗੁਰੂ ‘ਮੇਰਾ ਆਪਣਾ’ ਹੈ।
ਸੋ ਮੇਰੀ ਲਿਖਤ ਨੂੰ ਗੁਰੂ ਸਾਹਿਬ ਵੱਲੋਂ ਮੈਨੂੰ ਬਖਸ਼ਿਸ਼ ਕੀਤੀ ਓਸੇ ਅਪਣੱਤ ਦੀ ਨਜ਼ਰ ਰਾਹੀਂ ਹੀ ਵੇਖਣ ਦੀ ਖ਼ੇਚਲ ਕਰਨਾ।
-ਵਰਿਆਮ ਸਿੰਘ ਸੰਧੂ
ਮਿਲਣ ਦਾ ਪਤਾ:
SANGAM PUBLICATIONS
Near Bus Stand, SAMANA-147101
Distt. Patiala
Ph: 01764-501934, 99151-03490, 98152-43917, 98151-54382
Email: sangam541@gmail.com