ਗੁਲਾਮ ਮਾਨਸਿਕਤਾ ਦੀ ਨਿਸ਼ਾਨਦੇਹੀ…—ਸਰਬਜੀਤ ਸੋਹੀ, ਆਸਟਰੇਲੀਆ

ਗੁਲਾਮ ਮਾਨਸਿਕਤਾ ਦੀ ਨਿਸ਼ਾਨਦੇਹੀ…….
ਸੋਲਵੀਂ ਸਦੀ ਵਿਚ ਆਈ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਯੂਰਪੀਅਨ ਦੇਸ਼ਾਂ ਵਿਚ ਦੁਨੀਆਂ ਦੇ ਗਰੀਬ ਅਤੇ ਪਹੁੰਚ ਰਹਿਤ ਦੇਸ਼ਾਂ ਵਿਚ ਵਪਾਰ ਅਤੇ ਇਸਾਈਅਤ ਦੇ ਬਹਾਨੇ ਬਸਤੀਆਂ ਵਸਾਉਣ ਦੀ ਇਕ ਹੋੜ ਸ਼ੁਰੂ ਹੋ ਗਈ। ਇਹਨਾਂ ਸਮੁੰਦਰੀ ਮੁਹਿੰਮਾਂ ਤਹਿਤ 19 ਵੀਂ ਸਦੀ ਦੇ ਅੰਤ ਤੱਕ ਗਲੋਬ ਦਾ ਚੱਪਾ ਚੱਪਾ ਗਾਹਿਆ ਗਿਆ ਅਤੇ ਆਪਣੀਆਂ ਧਰਤੀਆਂ ਤੇ ਸਦੀਆਂ ਤੋਂ ਆਜ਼ਾਦ ਵੱਸਦੇ ਬਾਸ਼ਿੰਦਿਆਂ ਨੂੰ ਗੁਲਾਮ ਬਣਾ ਲਿਆ ਗਿਆ। ਫਿਰ ਇਸੇ ਹੀ ਬਾਂਦਰ ਵੰਡ ਦੇ ਚੱਲਦਿਆਂ ਆਪਣੇ ਅਤੇ ਗੁਲਾਮ ਦੇਸ਼ਾਂ ਦੇ ਮਜਬੂਰ ਲੋਕਾਂ ਨੂੰ ਪਹਿਲੀ ਅਤੇ ਦੂਸਰੀ ਵਿਸ਼ਵ ਜੰਗ ਵਿਚ ਧਕੇਲਿਆ ਗਿਆ। ਖਾਣ ਪੀਣ ਦੀਆਂ ਵਸਤਾਂ ਤੋਂ ਲੈ ਕੇ ਜਿਊਂਦੇ ਜਾਗਦੇ ਬੰਦਿਆਂ ਤੱਕ ਨੂੰ ਮੰਡੀ ਦਾ ਮਾਲ ਬਣਾ ਕੇ ਵੇਚਿਆ-ਖ਼ਰੀਦਿਆ ਗਿਆ। ਆਸਟਰੇਲੀਆ ਅਤੇ ਨਿਊਜੀਲੈਂਡ ਵਿਚ ਵੀ ਇਹਨਾਂ ਸਾਮਰਾਜੀ ਧਾੜਾਂ ਦੀ ਪਹਿਲੀ ਆਹਟ ਸਤਾਰਵੀਂ ਸਦੀ ਦੇ ਪਹਿਲੇ ਅੱਧ ਵਿਚ ਸੁਣਾਈ ਦਿੱਤੀ। ਅੰਗਰੇਜ਼ ਕੈਪਟਨ ਕੁੱਕ ਅਤੇ ਡੱਚ ਕੈਪਟਨ ਅਬੇਲ ਤਾਸਮਨ ਨੇ ਇਹਨਾਂ ਖੇਤਰਾਂ ਵਿਚ ਆਪੋ ਆਪਣੇ ਦੇਸ਼ਾਂ ਏਦਾਂ ਝੰਡੇ ਲਹਿਰਾਏ। ਯੂਰਪੀ ਹਮਲਾਵਰਾਂ ਨੇ ਬਹੁਤ ਜਲਦ ਹੀ ਰਵਾਇਤੀ ਹਥਿਆਰਾਂ ਨਾਲ ਲੜਣ ਵਾਲੇ ਕਬੀਲਿਆਂ ਨੂੰ ਪਿਛਾੜਦੇ ਹੋਏ ਆਸਟਰੇਲੀਆ/ਨਿਊਜੀਲੈਂਡ ਵਿਚ ਬਸਤੀਵਾਦ ਦੇ ਅਮਾਨਵੀ ਅਤੇ ਸ਼ੌਸਨ ਭਰੇ ਦੌਰ ਦੀ ਬੁਨਿਆਦ ਰੱਖ ਦਿੱਤੀ।
—ਇਹਨਾਂ ਵਿੱਚੋਂ ਡੱਚ ਜਹਾਜ਼ਰਾਨ ਅਬੇਲ ਜ਼ੈਨਜ਼ੂਨ ਤਾਸਮਨ ਡੱਚ ਈਸਟ ਇੰਡੀਆ ਕੰਪਨੀ ਦੇ ਤਹਿਤ ਵਪਾਰਿਕ ਟੋਹੀ ਦੇ ਰੂਪ ਵਿਚ ਕੀਵੀਆਂ ਦੀ ਧਰਤੀ ਤੇ ਪਹੁੰਚਣ ਵਾਲਾ ਪਹਿਲਾ ਵਿਦੇਸ਼ੀ ਵਿਅਕਤੀ ਸੀ। ਨਵੰਬਰ 1642 ਵਿਚ ਆਸਟਰੇਲੀਆ ਦੇ ਸਭ ਤੋਂ ਵੱਡੇ ਟਾਪੂ Palawa kani ਵਿਖੇ ਪਹੁੰਚਿਆ, ਇੱਥੇ ਡੱਚ ਝੰਡਾ ਲਹਿਰਾਉਣ ਤੋਂ ਬਾਅਦ ਉਸ ਨੇ ਇਸ ਦਾ ਨਾਮ ਉਸ ਵੇਲੇ ਕੰਪਨੀ ਡੱਚ ਗਵਰਨਰ ਜਨਰਲ ਦੇ ਨਾਮ ਤੇ Van Diemen’s Land ਰੱਖਿਆ। ਜੋ ਬਾਅਦ ਵਿਚ ਉਸ ਬਸਤੀਵਾਦੀ ਟੋਹੀ ਨੂੰ ਚਮਕਾਉਣ ਲਈ ਉਸ ਦੇ ਨਾਮ ਤੇ ਤਸਮਾਨੀਆ ਕਰ ਦਿੱਤਾ ਗਿਆ ਹੈ, Palawa Kani ਦਾ ਨਾਮ ਮੂਲ ਨਿਵਾਸੀਆਂ ਦੇ ਬੁੱਲਾਂ ਤੋਂ ਲਹਿੰਦਾ ਲਹਿੰਦਾ ਹੁਣ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ। ਨੋਟ ਕੀਤਾ ਜਾਵੇ ਕਿ ਨਾਵਾਂ ਨੂੰ ਬਦਲਾਉਣ, ਮਿਟਾਉਣ ਅਤੇ ਉਚਿਆਉਣ ਮਗਰ ਇਕ ਵਿਸ਼ੇਸ ਪਹੁੰਚ ਕੰਮ ਕਰਦੀ ਹੈ।
—ਮੌਜੂਦਾ ਤਸਮਾਨੀਆ ਵਿਚ ਡੱਚ ਦਾਅਵੇ ਦੀ ਸਥਾਪਤੀ ਤੋਂ ਬਾਅਦ ਅਬੇਲ ਤਾਸਮਨ ਦੀ ਅਗਵਾਈ ਵਿਚ ਬਸਤੀਵਾਦੀ ਟੋਹੀਆਂ ਨੇ ਨਿਊਜੀਲੈਂਡ ਦੇ ਦੱਖਣੀ ਟਾਪੂ ਤੇ ਆਪਣੇ ਕਦਮ ਰੱਖੇ। ਸਦੀਆਂ ਤੋਂ ਆਜ਼ਾਦ ਵੱਸਦੇ ਮਿਓਰੀ ਲੋਕਾਂ ਦੇ ਗੁਲਾਮ ਹੋਣ ਦੀ ਨੀਂਹ ਅਬੇਲ ਤਾਸਮਨ ਦੀ ਇਸ ਫੇਰੀ ਨਾਲ ਰੱਖੀ ਗਈ। ਛੇਤੀ ਹੀ ਉਹ ਟਾਪੂ ਦੇ ਨਾਲ ਨਾਲ ਚੱਲਦੇ ਹੋਏ Golden Bay ਖੇਤਰ ਵਿਚ ਪਹੁੰਚ ਗਏ। ਤਾਸਮਨ ਨੇ ਤੱਟ ਦੇ ਕੋਲ ਪਹੁੰਚ ਕੇ ਆਪਣੇ ਕੁੱਝ ਬੰਦੇ ਇਕ ਕਿਸ਼ਤੀ ਰਾਹੀਂ ਟਾਪੂ ਤੋਂ ਪਾਣੀ ਵਾਸਤੇ ਭੇਜੇ। ਏਥੇ ਮਿਓਰੀਆਂ ਦੇ ਇਕ ਸਥਾਨਿਕ ਕਬੀਲੇ ਨਾਲ ਉਹਦੇ ਬੰਦਿਆਂ ਦੀ ਹਿੰਸਕ ਝੜਪ ਹੋਈ। ਜਿਸ ਵਿਚ ਕਈ ਲੋਕ ਮਾਰੇ ਗਏ। ਇਸ ਤੋਂ ਬਾਅਦ ਤਾਸਮਨ ਅਤੇ ਉਸ ਦੇ ਸਾਥੀ ਪਿੱਛੇ ਹੱਟ ਗਏ ਅਤੇ ਨਿਊਜੀਲੈਂਡ ਦੇ ਉੱਤਰੀ ਟਾਪੂ ਦੇ ਕੋਲ਼ੋਂ ਲੰਘਦਿਆਂ ਫਿਜੀ ਥਾਈਂ ਜੂਨ 1643 ਵਿਚ ਵਾਪਸ ਆ Batavia (ਮੌਜੂਦਾ ਜਕਾਰਤਾ) ਪਰਤ ਆਇਆ।
—ਆਪਣੀ ਦੂਸਰੀ ਸਮੁੰਦਰੀ ਯਾਤਰਾ ਦੌਰਾਨ ਉਸ ਨੇ 1644 ਵਿਚ ਆਸਟਰੇਲੀਆ ਦੀ ਧਰਤੀ ਬਾਰੇ ਪਹਿਲੀ ਵਾਰ ਜਾਣਕਾਰੀ ਦਿੱਤੀ ਅਤੇ ਇਸਦਾ ਨਾਮ ਨਿਊ ਹਾਲੈਂਡ ਰੱਖਿਆ। ਉਸ ਦੀ ਨਿਸ਼ਾਨਦੇਹੀ ਨੂੰ ਆਧਾਰ ਬਣਾਉਂਦਿਆਂ ਹੀ ਅੰਗਰੇਜ਼ ਕੈਪਟਨ ਜਾਰਜ ਕੁੱਕ ਨੇ 125 ਸਾਲ ਬਾਅਦ ਆਸਟਰੇਲੀਆ ਤੇ ਬ੍ਰਿਟਿਸ਼ ਕਬਜ਼ੇ ਨੂੰ ਅਮਲੀ ਰੂਪ ਦਿੰਦਿਆਂ ਆਸਟਰੇਲੀਆ/ਨਿਊਜੀਲੈਂਡ ਨੂੰ ਇੰਗਲੈਂਡ ਦੀਆਂ ਕਾਲੋਨੀਆਂ ਵਜੋਂ ਕਬਜ਼ੇ ਵਿਚ ਲੈਣ ਦੀ ਨੀਂਹ ਰੱਖੀ। ਇਸ ਤੋਂ ਬਾਅਦ ਮੂਲ ਨਿਵਾਸੀਆਂ ਦੇ ਵੱਡੇ ਪੱਧਰ ਤੇ ਨਰਸੰਹਾਰ, ਸਟੋਲਨ ਜਨਰੇਸ਼ਨ ਅਤੇ ਵਸੀਲਿਆਂ ਦੀ ਲੁੱਟ ਖਸੁੱਟ ਦਾ ਇਕ ਕਾਲਾ ਦੌਰ ਸ਼ੁਰੂ ਹੋਇਆ, ਜਿਸ ਤਹਿਤ ਇਸ ਧਰਤੀ ਦੇ ਮੂਲ ਵਸਨੀਕਾਂ ਨੂੰ ਆਪਣੀ ਹੀ ਧਰਤੀ ਤੇ ਗੁਲਾਮ ਬਣਾ ਦਿੱਤਾ ਗਿਆ।
—ਅਬੇਲ ਤਾਸਮਨ ਦਾ ਅੰਤਲਾ ਸਮਾਂ ਜ਼ਲੀਲਤਾ ਭਰਿਆ ਸੀ। ਉਹ ਪਹਿਲਾਂ ਸੁਮਾਟਰਾ ਅਤੇ ਫਿਰ ਸ਼ਿਆਮ ਵਿਚ ਤਾਇਨਾਤ ਰਿਹਾ। ਇੱਥੋਂ ਹੀ ਇਕ ਵਾਰ ਉਸ ਨੇ ਅਮਰੀਕਾ ਤੋਂ ਆਉਂਦੇ ਚਾਂਦੀ ਨਾਲ ਭਰੇ ਸਪੈਨਿਸ਼ ਜਹਾਜ਼ ਲੁੱਟਣ ਦੀ ਮੁਹਿੰਮ ਦੀ ਅਗਵਾਈ ਕੀਤੀ, ਪਰ ਉਸ ਦੇ ਹੱਥ ਅਸਫਲਤਾ ਲੱਗੀ। ਸੰਨ੍ਹ 1649 ਵਿਚ ਉਸ ਨੇ ਸ਼ਰਾਬ ਦੇ ਨਸ਼ੇ ਵਿਚ ਆਪਣੇ ਹੀ ਦੋ ਸਾਥੀਆਂ ਨੂੰ ਬਿਨਾ ਕਿਸੇ ਕਾਰਨ ਦੇ ਫਾਂਸੀ ਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਵਿੱਚੋਂ ਇਕ ਮਰ ਗਿਆ ਅਤੇ ਦੂਸਰਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਸ ਕਤਲ ਦੇ ਦੋਸ਼ ਵਿਚ ਉਸ ਤੇ ਮੁਕੱਦਮਾ ਚੱਲਿਆ। ਉਸ ਤੋਂ ਕਮਾਂਡਰ ਦਾ ਅਹੁਦਾ ਖੋਹ ਲਿਆ ਗਿਆ। ਉਸ ਨੂੰ ਇਸ ਕਤਲ ਦੇ ਦੋਸ਼ ਵਿਚ ਜੁਰਮਾਨਾ ਕੀਤਾ ਗਿਆ ਅਤੇ ਮਾਰੇ ਗਏ ਵਿਅਕਤੀ ਦੇ ਪਰਿਵਾਰ ਨੂੰ ਹਰਜਾਨਾ ਦੇਣ ਲਈ ਮਜਬੂਰ ਕੀਤਾ ਗਿਆ। ਇਸ ਤੋਂ ਬਾਅਦ ਉਹ 1659 ਵਿਚ ਮਰਨ ਤੱਕ Batavia ਵਿਚ ਹੀ ਰਿਹਾ।
—ਉਸ ਦੇ ਸਨਮਾਨ ਵਿਚ ਆਸਟਰੇਲੀਆ ਵਿਚ Tasmania State, Tasman Peninsula, Tasman Bridge, Tasman Highway ਆਦਿ ਦੇ ਨਾਮ ਉਸ ਦੀ ਯਾਦ ਵਿਚ ਰੱਖੇ ਹੋਏ ਹਨ। ਨਿਊਜੀਲੈਂਡ ਵਿਚ Tasman Glacier, Tasman National Park, Tasman lake, Tasman River, Tasman Mountain, Tasman bay ਆਦਿ ਨਾਮ ਰੱਖੇ ਹਨ। ਨਿਊਜੀਲੈਂਡ ਅਤੇ ਆਸਟਰੇਲੀਆ ਦੇ ਵਿਚਲਾ ਸਮੁੰਦਰੀ ਖੇਤਰ ਦਾ ਨਾਮ Tasman Sea ਰੱਖਿਆ ਗਿਆ ਹੈ।
—ਸਾਮਰਾਜਵਾਦੀ ਦੇਸ਼ਾਂ ਵੱਲੋਂ ਬਸਤੀਵਾਦੀ ਦੌਰ ਵਿਚ ਆਪਣੀਆਂ ਕਾਲੋਨੀਆਂ ਵਿਚ ਤਸ਼ਦੱਦ ਕਰਨ ਵਾਲੇ, ਮਾਨਵੀ ਵਪਾਰ ਕਰਨ ਵਾਲੇ, ਕਤਲੇਆਮ ਕਰਨ ਵਾਲੇ ਅਤੇ ਆਰਥਿਕ ਲੁੱਟ ਖਸੁੱਟ ਕਰਨ ਵਾਲੇ ਹਰ ਬਾਹੂ-ਬਲੀ ਅਤੇ ਵਪਾਰੀ ਦੇ ਨਾਵਾਂ ਨੂੰ ਸਥਾਨਕ ਨਾਵਾਂ ਨੂੰ ਖਤਮ ਕਰਦਿਆਂ ਸਥਾਪਿਤ ਕੀਤਾ ਗਿਆ ਹੈ। ਇਹ ਕੋਈ ਦਾਨਿਸ਼ਮੰਦੀ ਵਾਲੀ ਗੱਲ ਨਹੀਂ, ਬਲਕਿ ਇਤਿਹਾਸਕ ਬੇਈਮਾਨੀ ਅਤੇ ਮੂਲ ਨਿਵਾਸੀਆਂ ਦੇ ਵਜੂਦ ਨੂੰ ਖਤਮ ਕਰਨ ਦੀ ਕੋਝੀ ਚਾਲ ਹੈ। ਜਿਉਂ ਜਿਉਂ ਸਾਮਰਾਜੀ ਬਸਤੀਆਂ ਕਨੇਡਾ, ਅਮਰੀਕਾ, ਨਿਊਜੀਲੈਂਡ, ਆਸਟਰੇਲੀਆ ਵਿਚ ਦਬਾਈਆਂ ਗਈਆਂ ਕੌਮਾਂ/ਕਬੀਲਿਆਂ ਵਿਚ ਜਾਗ੍ਰਿਤੀ ਆ ਰਹੀ ਹੈ, ਲੋਕ ਇਹਨਾਂ ਧੱਕੇ ਨਾਲ ਕੀਤੇ ਗਏ ਨਾਮਕਰਨਾਂ ਦੇ ਖ਼ਿਲਾਫ਼ ਹੋ ਰਹੇ ਹਨ। ਪਿੱਛੇ ਜਹੇ ਅਮਰੀਕਾ ਵਿਚ ਇਕ ਪੁਲਸ ਵਾਲੇ ਹੱਥੋਂ ਕੋਹ ਕੇ ਮਾਰੇ ਗਏ ਕਾਲੇ ਵਿਅਕਤੀ ਦੀ ਮੌਤ ਤੋਂ Black live Matter ਤਹਿਤ ਅਮਰੀਕਾ ਦੇ ਕਾਲੇ ਵਸਨੀਕਾਂ ਨੇ ਪ੍ਰਦਰਸ਼ਨਾਂ ਦੀ ਹਨੇਰੀ ਲਿਆ ਦਿੱਤੀ। ਇਹ ਗ਼ੁੱਸਾ ਕੋਈ ਇਕ ਘਟਨਾ ਦੇ ਵਿਰੋਧ ਵਿਚ ਨਹੀਂ, ਸਦੀਆਂ ਤੋਂ ਚੱਲਦੇ ਆ ਰਹੇ ਰੰਗ ਅਧਾਰਤ ਭੇਦ-ਭਾਵ, ਤਸ਼ਦੱਦ ਭਰੇ ਵਰਤਾਰਿਆਂ ਅਤੇ ਬਸਤੀਵਾਦ ਦੌਰ ਦੇ ਦਮਨਕਾਰੀ ਵਤੀਰਿਆਂ ਖ਼ਿਲਾਫ਼ ਉਪਜਿਆ ਹਿੰਸਕ ਰੋਹ ਸੀ। ਇਸਦਾ ਅਸਰ ਪੂਰੇ ਵਿਸ਼ਵ ਵਿਚ ਪਿਆ। ਇਸ ਦੇ ਤਹਿਤ ਬਸਤੀਵਾਦੀ ਦੌਰ ਦੀਆਂ ਨਿਸ਼ਾਨੀਆਂ, ਉਚਿਆਏ ਗਏ ਕਾਤਲਾਂ, ਲੁਟੇਰਿਆਂ ਦੇ ਬੁੱਤ ਲੋਕਾਂ ਚੌਕਾਂ ਵਿੱਚੋਂ ਲਾਹ ਲਾਹ ਕੇ ਪਰੇ ਮਾਰੇ। ਸੁਨਹਿਰੀ ਹਰਫ਼ਾਂ ਵਾਲੀਆਂ ਪਲੇਟਾਂ ਤੇ ਕਾਲ਼ਖ ਮਲ਼ ਦਿੱਤੀ ਗਈ। ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਅਤੇ ਸਿਡਨੀ ਆਦਿ ਵਿਚ ਬਸਤੀਵਾਦੀ ਦੌਰ ਨੂੰ ਚੇਤੇ ਕਰਵਾਉਣ ਵਾਲੇ ਬੁੱਤਾਂ ਅੱਗੇ ਪੁਲਸ ਫੋਰਸ ਲਾ ਦਿੱਤੀ ਗਈ ਤਾਂ ਕਿ ਮੁਜ਼ਾਹਰੇ ਕਰਨ ਵਾਲੇ ਲੋਕ ਬੁੱਤ ਨਾ ਤੋੜ ਦੇਣ। ਇਹ ਕਾਲੇ ਲੋਕਾਂ ਦੀ ਜਗਮਗਾਉਂਦੀ ਸੋਚ ਦੀ ਇਕ ਝਲਕ ਹੈ, ਜੋ ਇਹਨਾਂ ਧਰਤੀਆਂ ਤੇ ਰਹਿ ਕੇ ਵੀ ਆਪਣੇ ਕਾਲੇ ਅਤੀਤ ਲਈ ਗੋਰਿਆਂ ਨੂੰ ਮਾਫ਼ ਨਹੀਂ ਕਰਨਾ ਚਾਹੁੰਦੀ।
—ਸਾਡੇ ਪੰਜਾਬੀਆਂ ਵਿਚ ਖਾਸ ਕਰ ਸਿੱਖ ਭਾਈਚਾਰੇ ਜਿੰਨੀ ਦੁਬਿਧਾ ਕਿਸੇ ਵੀ ਕੌਮ ਵਿਚ ਨਹੀਂ ਹੈ, ਜੋ ਗੋਰਿਆਂ ਦੇ ਖ਼ਿਲਾਫ਼ ਲੜਣ ਵਾਲਿਆਂ ਨੂੰ ਵੀ ਪੂਜੀ ਜਾਂਦੇ ਹਨ ਅਤੇ ਗੋਰਿਆਂ ਵਾਸਤੇ ਲੜਣ ਵਾਲਿਆਂ ਨੂੰ ਵੀ ਪੂਜੀ ਜਾਂਦੇ ਹਨ। ਇਹ ਗੁਲਾਮ ਮਾਨਸਿਕਤਾ ਪਰਵਾਸ ਵਿਚ ਆਣ ਕੇ ਵੀ ਉਹਨਾਂ ਦਾ ਖਹਿੜਾ ਨਹੀਂ ਛੱਡ ਦੀ। ਇਸ ਨੂੰ ਉਹਨਾਂ ਦੀ ਅਲਪ ਬੁੱਧੀ ਕਹਿ ਲਵੋ ਜਾਂ ਖੂਨ ਵਿਚ ਰਚੀ ਹੋਈ ਗੁਲਾਮ ਮਾਨਸਿਕਤਾ, ਉਹ ਸਾਰਾਗੜੀ ਦੇ ਬਹਾਨੇ, ਗੈਲੀਪੋਲੀ ਦੇ ਬਹਾਨੇ, ਐਨਜੈਕ ਦਿਵਸ ਦੇ ਰੂਪ ਵਿਚ ਬਸਤੀਵਾਦੀ ਦੌਰ ਦੀ ਗੁਲਾਮੀ ਨੂੰ ਮਾਣ ਨਾਲ ਤਸਦੀਕ ਕਰਦੇ ਰਹਿੰਦੇ ਹਨ। ਇਕ ਪਾਸੇ ਆਸਟਰੇਲੀਆ ਡੇਅ ਦੀ ਤਰੀਕ ਬਦਲਣ ਲਈ ਮੂਲ ਨਿਵਾਸੀਆਂ ਨਾਲ ਖੜਦੇ ਹਨ, ਦੂਸਰੇ ਪਾਸੇ ਮੂਲ ਨਿਵਾਸੀਆਂ ਦੀ ਪਹਿਚਾਣ ਅਤੇ ਇਤਿਹਾਸ ਨੂੰ ਮਿਟਾ ਕੇ ਰੱਖੇ ਗਏ ਗਏ ਨਾਵਾਂ ਦੀ ਤਾਈਦ ਵੀ ਕਰਦੇ ਹਨ। ਅਣਪੜ੍ਹ ਲੋਕਾਂ ਨਾਲ਼ੋਂ ਅੱਧਪੜ੍ਹ ਲੋਕ ਜ਼ਿਆਦਾ ਖ਼ਤਰਨਾਕ ਹੁੰਦੇ ਹਨ, ਕਿਉਂਕਿ ਉਹ ਅਧੂਰੇ ਇਤਿਹਾਸ ਅਤੇ ਕੱਚ-ਘਰੜ੍ਹ ਹਵਾਲਿਆਂ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਕੱਲ ਨੂੰ ਕੋਈ ਪੰਜਾਬੀ ਸਰ ਥਾਮਸ ਰੋਇ, ਕ੍ਰਿਸਟੋਫ਼ਰ ਕੋਲੰਬਸ ਜਾਂ ਕੈਪਟਨ ਕੁੱਕ ਦੇ ਨਾਮ ਪੁਰਸਕਾਰ ਸ਼ੁਰੂ ਕਰ ਲਵੇ ਤਾਂ ਇਹ ਕੋਈ ਅਚੰਭੇ ਵਾਲੀ ਗੱਲ ਨਹੀਂ ਹੋਵੇਗੀ, ਇਸ ਨੂੰ ਆਪਣੀ ਝੋਲੀ ਵਿਚ ਪਵਾਉਣ ਵਾਲੇ ਵੀ ਇਹਨਾਂ ਨਾਵਾਂ ਦਾ ਇਤਿਹਾਸ ਨਹੀਂ ਫੋਲਣਗੇ। ਕੱਲ ਨੂੰ ਕੋਈ ਪੰਜਾਬੀ ਤੈਮੂਰ, ਵਾਸਕੋ-ਡੀ-ਗਾਮਾ ਜਾ ਲਾਰਡ ਡਲਹੌਜ਼ੀ ਦੇ ਨਾਮ ਤੇ ਸਾਹਿਤਕ ਮੈਗਜ਼ੀਨ ਸ਼ੁਰੂ ਕਰ ਲਵੇ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ।
—ਸਾਡੀ ਬੇਸਮਝੀ ਜਾਂ ਗੁਲਾਮ ਮਾਨਸਿਕਤਾ ਨਾਲ ਬਸਤੀਵਾਦੀ ਰਹਿੰਦ ਖੂੰਹਦ ਤੇ ਲਾਈ ਮੋਹਰ ਵੀ ਕਿਸੇ ਨਾਮ ਨੂੰ ਚਮਕਾ ਨਹੀਂ ਸਕੇਗੀ, ਅਜਿਹੀ ਕੋਸ਼ਿਸ਼ ਕਿਸੇ ਬਸਤੀਵਾਦੀ ਮੋਹਰੇ ਦੀ ਸਥਾਪਤੀ ਨੂੰ ਕਾਇਮ ਨਹੀਂ ਰੱਖ ਸਕੇਗੀ। ਸੰਸਾਰ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਆਸਟਰੇਲੀਆ ਵਿਚ ਸਟੋਸਨ ਜਨਰੇਸ਼ਨ ਲਈ ਪਾਰਲੀਮੈਂਟ ਵਿਚ ਮਾਫ਼ੀ ਮੰਗੀ ਗਈ ਹੈ। ਆਉਣ ਵਾਲੇ ਸਮਿਆਂ ਵਿਚ ਥੋਪੇ ਹੋਏ ਗੈਰ ਸਥਾਨਿਕ ਨਾਮ ਬਦਲੇ ਜਾਣਗੇ, ਆਪ ਹੀ ਘੜੇ ਹੋਏ ਇਤਿਹਾਸ ਨੂੰ ਰੱਦੀ ਬਣਨਾ ਪਵੇਗਾ, ਸਥਾਪਿਤ ਕੀਤੇ ਹੋਏ ਪੱਥਰ ਦੇ ਬੁੱਤ ਤੋੜ ਦਿੱਤੇ ਜਾਣਗੇ। ਜੋ ਜਾਣੇ-ਅਣਜਾਣੇ ਵਿਚ ਜਾਂ ਸਭ ਸਮਝਦੇ ਹੋਏ ਵੀ ਇਸ ਕੂੜੇ ਕਚਰੇ ਨੂੰ ਪਲੱਸਤਰ ਮਾਰ ਰਹੇ ਹਨ, ਉਹ ਬਸਤੀਵਾਦੀ ਰਹਿੰਦ ਖੂੰਹਦ ਨੂੰ ਅਮਰ ਨਹੀਂ ਬਣਾ ਸਕਦੇ। ਸਾਨੂੰ ਆਪਣੀ ਜਨਮ ਭੂਮੀ ਦੇ ਨਾਲ ਨਾਲ ਆਪਣੀ ਕਰਮ ਭੂਮੀ ਦੇ ਇਤਿਹਾਸ, ਵਿਰਾਸਤ ਅਤੇ ਹਵਾਲਿਆਂ ਨੂੰ ਗੁਲਾਮ ਮਾਨਸਿਕਤਾ ਦੀ ਐਨਕ ਲਾਹ ਕੇ ਪੜ੍ਹਣਾ ਚਾਹੀਦਾ ਹੈ। ਅਸੀਂ ਬਸਤੀਵਾਦੀ ਦੌਰ ਵਿਚ ਗੁਲਾਮ ਹੋਈਆਂ ਕੌਮਾਂ ਦੀ ਤ੍ਰਾਸਦੀ ਨੂੰ ਉਹਨਾਂ ਦੇ ਪੱਧਰ ਤੇ ਆਣ ਕੇ ਸਮਝੀਏ ਅਤੇ ਉਹਨਾਂ ਧਰਤੀਆਂ ਦੀ ਮੌਲਿਕ ਪਹਿਚਾਣ ਨੂੰ ਖਤਮ ਕਰਨ ਵਾਲੀ ਪਹੁੰਚ ਦਾ ਹਿੱਸਾ ਨਾ ਬਣੀਏ। ਜਿਨ੍ਹਾਂ ਧਰਤੀਆਂ ਤੇ ਅਸੀਂ ਬਿਹਤਰ ਜੀਵਨ ਜਿਊਣ ਦੀ ਤਾਂਘ ਲੈ ਆਏ ਹਾਂ, ਇਹਨਾਂ ਧਰਤੀਆਂ ਦੀਆਂ ਸੁੱਖ-ਸਹੂਲਤਾਂ ਅਤੇ ਵਧੀਆ ਜੀਵਨ-ਸ਼ੈਲੀ ਦੇ ਪਿੱਛੇ ਇਕ ਲਹੂ-ਭਿੱਜਿਆ ਇਤਿਹਾਸ ਹੈ……. ਸਾਨੂੰ ਉਸ ਨੂੰ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ !
—ਸਰਬਜੀਤ ਸੋਹੀ, ਆਸਟਰੇਲੀਆ