ਗੰਢਾਂ (ਦੀਪ ਦੇਵਿੰਦਰ ਸਿੰਘ)

ਕਹਾਣੀ:
ਗੰਢਾਂ

ਦੀਪ ਦੇਵਿੰਦਰ ਸਿੰਘ

ਭਾਪਾ ਜੀ ਦਾ ਅੰਤਿਮ ਸੰਸਕਾਰ ਕੰਮੀਆਂ ਦੇ ਇਸ ਸ਼ਮਸ਼ਾਨ ਘਾਟ ਵਿਚ ਕਰਨ ਦਾ ਮੇਰਾ ਵੱਢਿਆ ਰੂਹ ਨਹੀਂ ਸੀ ਕਰਦਾ ਪਰ ਉਸ ਦਿਨ ਛੋਟੇ ਅੱਗੇ ਮੇਰੀ ਕੋਈ ਵਾਹ ਪੇਸ਼ ਨਹੀਂ ਸੀ ਗਈ। ਮੈਂ ਚਾਹੁੰਦਾ ਸੀ ਭਾਪੇ ਦੀਆਂ ਅੰਤਿਮ ਰਸਮਾਂ ਆਪਣੇ ਸ਼ਹਿਰ ਵਿਚਲੇ ਮਸਾਣਾਂ ’ਚ ਕੀਤੀਆਂ ਜਾਂਦੀਆਂ।ਇਸੇ ਲਈ ਪੂਰੇ ਹੋਏ ਭਾਪੇ ਦੇ ਪੈਰਾਂ ਵੱਲ ਵਿਛੀ ਦਰੀ ’ਤੇ ਬੈਠੇ ਛੋਟੇ ਨੂੰ ਮੈਂ ਕਿੰਨੀ ਵਾਰੀ ਗਲ ’ਚ ਲਿਆ ਸੀ ਤੇ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਨੇ ਜ਼ਬਾਨ ਮੂੰਹ ’ਚ ਨਹੀਂ ਸੀ ਪਾਈ। ‘ਨਾ ਭਾਊ ਤੂੰ ਗੁੱਸਾ ਮੰਨ ਭਾਵੇਂ ਰਾਜ਼ੀ’ ਭਾਪੇ ਨੂੰ ਪਿੰਡ ਲੈ ਕੇ ਜਾਣਾ। ਏਥੇ ਨਹੀਂ ਫੂਕਣਾ ਅਸੀਂ। ਪਿੰਡ ’ਚ ਵਿਹੜੇ ਵਾਲੇ ਕੀ ਕਹਿਣਗੇ ? ‘ਮੁੰਡਾ ਤਹਿਸੀਲਦਾਰ ਬਣ ਗਿਆ ਤਾਂ ਮਰੇ ਪਿਓ ਦੀ ਜੰਮਣ ਭਉ ਛਡਾ ’ਤੀ। ਆਪਾਂ ਪਿੰਡੋਂ ਵੱਡਾ ਕਰਕੇ ਕਢਣਾ ਭਾਪੇ ਨੂੰ। ਸ਼ਰੀਕੇ ਨੂੰ ਰੋਟੀ-ਟੁੱਕ ਖਵਾਉਣਾ ਚੌਥੇ ’ਤੇ। ਲੋਕਾਂ ਦੀਆਂ ਗੱਲਾਂ ਨਹੀਂ ਸੁਣਨੀਆਂ ਕਿ ਇਨਾਂ ਕੋਲੋਂ ਬਬਰ ਨਹੀਂ ਸਰਿਆ ਮਗਰ ਰੇੜਨ ਨੂੰ। ਜਿਥੇ ਵੱਡੇ ਬਾਪੂ ਬੇਬੇ ਤੇ ਹੋਰ ਵੱਡਿਆਂ ਦੇ ਸਿਵੇ ਬਲੇ ਐ ਨਾ। ਉਥੇ ਹੀ ਸਸਕਾਰ ਕਰਨੈ ਭਾਪੇ ਦਾ ਵੀ।’
ਬੇਸ਼ਕ ਛੋਟੇ ਦੀਆਂ ਗੱਲਾਂ ਦਾ ਮੇਰੇ ਕੋਲ ਕੋਈ ਜੁਆਬ ਨਹੀਂ ਸੀ। ਪਰ ਫਿਰ ਵੀ ਜਿਹੜੀ ਦੂਰੀ ਮੈਂ ਪਿੰਡ ਦੇ ਨਿਵਾਣਾਂ ਵੱਲ ਵੱਸੀ ਠੱਠੀ ਵਿਚਲੇ ਆਪਣੇ ਘਰ ਤੋਂ ਸ਼ਹਿਰ ਵਿਚਲੀ ਗਰੀਨ ਐਵੀਨਿਊ ਵਾਲੀ ਆਪਣੀ ਕੋਠੀ ਤੱਕ ਮਿਥ ਲਈ ਸੀ ਉਸ ਨੂੰ ਮੈਂ ਘਟਣ ਨਹੀਂ ਸੀ ਦੇਣਾ ਚਾਹੁੰਦਾ। ਮੇਰਾ ਆਪਣਾ ਦਿਲ ਚਾਹੰੁਦਾ ਸੀ ਕਿ ਭਾਪੇ ਦੇ ਸਸਕਾਰ ਵੇਲੇ ਸ਼ਹੀਦਾਂ ਵਾਲੇ ਮਸਾਣਾਂ ਦੇ ਬਾਹਰ ਲਾਲ-ਬੱਤੀ ਲੱਗੀਆਂ ਹੂਟਰ ਵਾਲੀਆਂ ਗੱਡੀਆਂ ਦੀ ਲੰਮੀ ਕਤਾਰ ਖੜੀ ਹੁੰਦੀ। ਸ਼ਹਿਰ ਦੀਆਂ ਨਾਮੀ-ਗਰਾਮੀ ਹਸਤੀਆਂ ਭਾਪੇ ਦੀ ਚਿਖਾ ਦੁਆਲੇ ਖਲੋਤੀਆਂ ਮੇਰੇ ਨਾਲ ਹਮਦਰਦੀ ਜ਼ਾਹਰ ਕਰਦੀਆਂ। ਪਰ ਛੋਟੇ ਦੀ ਜ਼ਿਦ ਅੱਗੇ ਸਾਰਾ ਕੁਝ ਧਰਿਆ ਧਰਾਇਆ ਰਹਿ ਗਿਆ ਸੀ ਤੇ ਮੈਂ ਇਸ ਸ਼ਮਸ਼ਾਨ ਘਾਟ ’ਚ ਖਲੋਤਾ ਭਾਪੇ ਦਾ ਸਿਵਾ ਬਲਦਾ ਵਿਹੰਦਾ ਰਿਹਾ ਸਾਂ। ਜਿਹੜਾ ਧਰਤੀ ਮਾਂ ਦੀ ਹਿੱਕ ਤੇ ਰਾਖ ਦੀ ਢੇਰੀ ਬਣਿਆ ਮੇਰੇ ਸਾਹਮਣੇ ਐ। ਅੱਜ ਉਨਾਂ ਦਾ ਅੰਗੀਠਾ ਸੰਭਾਲਿਆ ਜਾਣਾ ਹੈ। ਛੋਟੇ ਨੇ ਰਾਤੀਂ ਪੱਕੀ ਕੀਤੀ ਸੀ ਕਿ ‘ਭਾਊ ਵੇਲੇ ਸਿਰ ਆ ਜਾਇਉ। ਇਧਰੋਂ ਫਾਰਗ ਹੋ ਕੇ ਭਾਪਾ ਜੀ ਦੇ ਫੁਲ ਪਾੳਣ ਵੀ ਜਾਣੈਂ।’ ਨੁਕਰ ਵਾਲੀ ਬੁਰਜੀ ਨਾਲ ਢਾਸਣਾ ਲਾ ਕੇ ਖਲੋਤਾ ਮੈਂ ਇਟਾਂ ਦੇ ਓਬੜ- ਖਾਬੜ ਫਰਸ਼ ਉਤੇ ਪਈ ਸਵਾਹ ਦੀ ਢੇਰੀ ਨੂੰ ਨਿਹਾਰਦਾ ਹਾਂ। ਜਿਸ ਵਿਚ ਭਾਪਾ ਹੱਡੀਆਂ ਦੀ ਮੁੱਠ ਬਣਿਆ ਪਿਆ ਹੈ ਤੇ ਅਸੀਂ ਟੱਬਰ ਦੇ ਜੀਅ ਰਲਕੇ ਖਿੰਡਰੀ ਪੁੰਡਰੀ ਸਵਾਹ ‘ਚੋਂ ਉਸਦੇ ਫੁੱਲ ਚੁਗਣ ਲਈ ਖੜੇ ਹਾਂ।
ਭਾਮ ਵਾਲਾ ਮਾਮਾ ਹਾਲੇ ਪਹੁੰਚਿਆ ਨਹੀਂ। ਮੈਂ ਅੱਡੇ ਤੋਂ ਆਉਦੇ ਪਹੇ ਵੱਲ ਦੂਰ ਤੱਕ ਝਾਤੀ ਮਾਰਦਾ ਹਾਂ ਜਿਧਰੋਂ ਮਾਮੇ ਦੇ ਆਉਣ ਦੀ ਉਡੀਕ ਐ। ਮੇਰੀ ਸੁਰਤੀ ਉਸੇ ਪਹੇ ’ਚ ਜਾ ਗੁਆਚਦੀ ਐ। ਭਾਪਾ ਬਹੁਤੀ ਵਾਰੀ ਸਾਨੂੰ ਇਸੇ ਰਸਤੇ ਤੇ ਆਉਦਾ ਮਿਲਦਾ ਸੀ ਜਦੋਂ ਉਹ ਫੌਜ ’ਚੋਂ ਛੁਟੀ ਆਉਦਾ ਹੁੰਦਾ ਸੀ। ਪੇਚ ਸਵਾਰ-ਸਵਾਰ ਬੱਧੀ ਮਿਲਟਰੀ ਰੰਗ ਦੀ ਪੋਚਵੀਂ ਪੱਗ। ਵਾਹ ਸਵਾਰ ਕੇ ਡੋਰੀ ਪਾ ਕੇ ਬੰਨੀ ਦਾਹੜੀ, ਉਪਰੋਂ ਦੀ ਜਾਲੀ। ਪੈਰੀਂ ਮਜ਼ਬੂਤ ਅੱਡੀ ਵਾਲੇ ਬੂਟ ਪਾ ਕੇ ਭਾਪਾ ਰਿਕਸ਼ੇ ’ਚ ਬੈਠਿਆ ਹੁੰਦਾ ਸੀ। ਰਿਕਸ਼ੇ ਦੇ ਟਾਪੇ ’ਚ ਕਾਲੇ ਰੰਗ ਦਾ ਸੰਦੂਕ ਰਖਿਆ ਹੁੰਦਾ ਸੀ। ਜਿਸ ਉਤੇ ਮੋਟੇ ਅੱਖਰਾਂ ’ਚ ਲਾਂਸ ਨਾਇਕ ਰਤਨ ਸਿੰਘ ਲਿਖਿਆ ਹੁੰਦਾ ਸੀ। ਉਸੇ ਟਰੰਕ ਉਤੇ ਭਾਪਾ ਬੂਟਾਂ ਸਮੇਤ ਦੋਵੇਂ ਪੈਰ ਟਕਾਈ ਕੱਛਾਂ ’ਚ ਬਾਹਵਾਂ ਦੇ ਸਿਧੀ ਧੌਣ ਕਰਕੇ ਬੈਠਾ ਕੋਈ ਅਫ਼ਸਰ ਹੀ ਤਾ ਲੱਗਦਾ ਹੁੰਦਾ ਸੀ। ਅਸੀਂ ਰਿਕਸ਼ੇ ਨੂੰ ਧੱਕਾ ਲਾ ਕੇ ਆਪਣੇ ਘਰ ਦੇ ਦਰਵਾਜ਼ੇ ਅੱਗੇ ਲਿਆ ਖਲਿਆਰਦੇ। ਬਿੜਕ ਲੈ ਕੇ ਵਿਹੜੇ ’ਚ ਬੈਠੀ ਬੀਬੀ ਅੱਧ ਢੁਕੇ ਬੂਹੇ ਨੂੰ ਖੋਲਦੀ। ਸਾਹਮਣੇ ਨਿਗਾ ਮਿਲਦਿਆਂ ਦੋਹਾਂ ਦੇ ਚਿਹਰਿਆਂ ਤੇ ਰੌਣਕ ਜਿਹੀ ਪਰਤਦੀ। ਅਸੀਂ ਭਾਪੇ ਦੇ ਲਾਗੇ ਬੈਠੇ ਉਨਾਂ ਦੀਆਂ ਗੱਲਾਂ ਸੁਣਦੇ ਰਹਿੰਦੇ।
ਛੁੱਟੀ ਕੱਟਣ ਆਇਆ ਭਾਪਾ ਦੁਨੀਆਂ ਜਹਾਨ ਦੀਆਂ ਗੱਲਾਂ ਦੱਸਦਾ। ਆਪਣੇ ਸਫ਼ਰ ਦੀਆਂ। ਪਲਟਣ ਦੀਆਂ। ਭਾਪੇ ਨੇ ਇਹ ਵੀ ਦੱਸਿਆ ਕਿ ਉਨਾਂ ਦੀ ਸਿਖ ਲਾਈਟ ਪਲਟਣ ’ਚ ਵੀ ਪੰਜਾਬੀ ਨੇ ਤੇ ਉਹ ਸਾਰੇ ਦੇ ਸਾਰੇ ਮਜ਼ਬੀ ਸਿਖ। ਇਕ ਵੀ ਕਿਸੇ ਹੋਰ ਜਾਤੀ ਦਾ ਨਹੀਂ ਸਾਡੇ ਵਿਚ, ਸਿਵਾਏ ਉਪਰਲੇ ਅਫਸਰਾਂ ਤੋਂ। ਮੈਨੂੰ ਸੁਣਕੇ ਡਾਹਢੀ ਹੈਰਾਨੀ ਹੋਈ ਸੀ ਕਿ ਫੌਜ ਵਿਚ ਵੀ ਮਜਬੀ ਸਿਖਾਂ ਨੂੰ ਵੱਖਰੇ ਰੱਖਿਆ ਜਾਂਦੈ, ਆਪਣੇ ਪਿੰਡਾਂ ਵਿਚਲੀ ਠੱਠੀ ਵਾਂਗ। ਨਾ ਚਾਹੁੰਦਿਆਂ ਹੋਇਆ ਵੀ ਮੇਰੀ ਸੁਰਤੀ ਆਪਣੇ ਪਿੰਡ ਵਾਲੀ ਠੱਠੀ ’ਚ ਜਾ ਵੜਦੀ ਐ। ਉਚੇ ਨੀਵੇਂ ਬੇਤਰਤੀਬੇ ਘਰ। ਕਿਸੇ ਵੀ ਕੰਧ ਕੋਠੇ ਦੀ ਪਿਛਾੜੀ ਜੱਟਾਂ ਜ਼ਿਮੀਦਾਰਾਂ ਦੇ ਘਰਾਂ ਦੀਆਂ ਪਛਾੜੀਆਂ ਨਾਲ ਨਹੀਂ ਲੱਗਦੀ। ਚੜਦੇ ਪਾਸੇ ਜ਼ਿਮੀਦਾਰਾਂ ਦੀਆਂ ਮੜੀਆਂ ਲਹਿੰਦੇ ਪਾਸੇ ਕੰਮੀਆਂ ਕਮੀਣਾਂ ਦੀਆਂ। ਸੋਚਦਿਆਂ ਮਨ ਨੂੰ ਤਲਖੀ ਜਿਹੀ ਮਹਿਸੂਸ ਹੁੰਦੀ ਐ। ਤਲੀਆਂ ’ਚੋਂ ਸੇਕ ਨਿਕਲਣ ਲੱਗਦਾ। ਅੱਖਾਂ ਅੱਗੇ ਗੋਲ-ਗੋਲ ਚੱਕਰ ਘੁੰਮਣ ਲੱਗਦੇ ਐ।
ਅਜਿਹੀ ਅਹੁਰ ਮੈਨੂੰ ਕੋਈ ਹੁਣੇ-ਹੁਣੇ ਪ੍ਰੇਸ਼ਾਨ ਨਹੀਂ ਕਰਨ ਲੱਗੀ। ਛੋਟੇ ਹੁੰਦਿਆਂ ਤੋਂ ਚੰਬੜੀ ਐ। ਕਈ ਵਾਰੀ ਤਾਂ ਆਪਣੇ ਦਫ਼ਤਰ ’ਚ ਪੈਰ ਧਰਦਿਆਂ ਸਾਰ ਬਾਕੀ ਅਲਾਮਤਾਂ ਸਣੇ ਪਿੰਡੇ ’ਚ ਸੂਈਆਂ ਚੁਭਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਮੇਰਾ ਸੇਵਾਦਾਰ ਨਖਰੇ ਜਿਹੇ ਨਾਲ ਮੈਨੂੰ ਗੁੱਡ ਮਾਰਨਿੰਗ ਸਰ ਆਖਦੈ। ਜੈਂਤੀਪੁਰੀਏ ਨੰਬਰਦਾਰ ਦਾ ਪੋਤਰਾ ਇਹ। ਮੇਜ਼ ਤੇ ਕੱਪੜਾ ਫੇਰਦਿਆਂ ਟੇਢੀ ਜਿਹੀ ਨਜ਼ਰੇ ਝਾਕਦਾ ਮੇਰੇ ਵਲ। ਇਨਾਂ ਲੋਕਾਂ ਦੀ ਨਿਗਾ ਪੜਦੇ ਹੀ ਵੱਡੇ ਹੋਏ ਆਂ ਅਸੀਂ ਵੀ। ਇਕ ਵਾਰ ਤਾਂ ਮੈਂ ਸੁਣ ਵੀ ਲਿਆ ਸੀ। ਕਿਸੇ ਮਿਲਣ ਆਏ ਨੂੰ ਕਹਿੰਦਾ, ‘ਐਵੇਂ ਫਰਜ਼ੀ ਗੁਰਾਇਆ ਬਣਿਆ ਆਪਣਾ ਤਹਿਸੀਲਦਾਰ।’ ਮੈਂ ਕਈ ਵਾਰੀ ਸੋਚਦੈਂ ਕਿ ਮੈਂ ਇਹ ਕਿਹੜੀਆਂ ਸੋਚਾਂ ਲੈ ਬਹਿੰਨਾਂ। ਮੈਂ ਕੋਈ ਪਿੰਡ ਥੋੜਾ ਵਸਦਾਂ ਹੁਣ। ਜਿਥੇ ਸਾਡੇ ਇਕ ਪਾਸੇ ਚਾਚਾ ਰੱਤੀ ਤੇ ਦੂਜੇ ਪਾਸੇ ਮਾੜਿਆਂ ਦਾ ਤੋਤੀ ਰਹਿੰਦਾ। ਸ਼ਹਿਰ ਦੇ ਸਿਵਲ ਲਾਈਨ ਏਰੀਏ ’ਚ ਰਿਹਾਇਸ਼ ਐ ਮੇਰੀ। ਦੋ ਮੰਜ਼ਿਲੀ ਕੋਠੀ ਜਿਸ ਦੇ ਇਕ ਪਾਸੇ ਡਾ. ਸਚਦੇਵਾ ਰਹਿੰਦਾ ਤੇ ਦੂਜੇ ਪਾਸੇ ਪੋ੍ਰ. ਗਿਲ। ਆਪਣੇ ਐਮ. ਐਲ. ਏ. ਤੋਂ ਲੈ ਕੇ ਪਿੰ੍ਰਸੀਪਲ ਸਕੱਤਰ ਤੱਕ ਪਹੁੰਚ ਐ ਆਪਣੀ। ਕਾਹਦੀ ਥੋੜ ਐ ਹੁਣ। ਮੈਨੂੰ ਸਮਝ ਨਹੀਂ ਆਉਦੀ ਸਭ ਕੁਝ ਹੁੰਦਿਆਂ- ਸੰੁਦਿਆਂ ਮੇਰੀ ਅਜਿਹੀ ਹਾਲਤ ਕਿਉ ਹੋ ਜਾਂਦੀ ਐ। ਕੋਈ ਨਾ ਕੋਈ ਘਾਟ ਜ਼ਰੂਰ ਐ ਮੇਰੇ ’ਚ। ਮੇਰਾ ਸੇਵਾਦਾਰ ਮੇਰੀਆਂ ਸੋਚਾਂ ’ਚ ਆਣ ਖੜਦਾ, ਖਾ ਜਾਣ ਵਾਲੀਆਂ ਨਿਗਾ ਨਾਲ ਝਾਕਦੈ ਮੇਰੇ ਵਲ। ਜਿਵੇਂ ਮੈਨੂੰ ਭੁਲੇਖੇ ਨਾਲ ਉਨਾਂ ਦੀ ਜੱਦੀ ਪੁਸ਼ਤੀ ਸ਼ੀਟ ਤੇ ਬਿਠਾ ਦਿਤਾ ਹੋਵੇ ਤੇ ਉਸਨੂੰ ਮੇਰੀ ਵਾਲੀ ਪੋਸਟ ਤੇ ਕੰਮ ਕਰਨਾ ਪੈ ਰਿਹਾ ਹੋਵੇ। ਮੈਂ ਬੋਝਲ ਹੋਏ ਆਪਣੇ ਦਿਮਾਗ ਨੂੰ ਛੰਡਦਾ ਤੇ ਦਿਲ ਹੀ ਦਿਲ ’ਚ ਆਖਦਾਂ ਕਿ “ਕੁਲਬੀਰ ਸਿਹਾਂ, ਇਹੋ ਥੋੜ ਐ ਮੇਰੇ ’ਚ ਜਿਹੜਾ ਮੈਂ ਜੰਮਿਆ ਠੀਕ ਘਰ ਨਹੀਂ। ਇਹਦੇ ਨਾਲੋਂ ਜੈਂਤੀਪੁਰੀਆ ਸੇਵਾਦਾਰ ਚੰਗਾ ਜਿਹਨੂੰ ਅਜਿਹੀਆਂ ਸੋਚਾਂ ਤੰਗ ਤਾਂ ਨਹੀਂ ਕਰਦੀਆਂ।“ ਮੇਰਾ ਇੰਝ ਲਮਕਿਆ ਚਿਹਰਾ ਵੇਖ ਕੇ ਫੌਜ ’ਚੋਂ ਛੁਟੀ ਆਇਆ ਭਾਪਾ ਵੀ ਤਾਂ ਕਈ ਵਾਰ ਸਮਝਾਇਆ ਕਰਦਾ ਸੀ ਕਿ ‘ਪੁੱਤ ਕੁਲਬੀਰ ਸਿਹਾਂ ਤੂੰ ਬਹੁਤਾ ਸੋਚਦੈਂ ਇਸ ਬਾਰੇ। ਜ਼ਾਤਾਂ ਤਾਂ ਕੰਮਾਂ ਨਾਲ ਜੁੜੀਆਂ ਨੇ ਸਾਰੀਆਂ। ਜਦੋਂ ਬੰਦਾ ਪੜ ਲਿਖ ਕੇ ਇਸ ਜਿਲਣ ’ਚੋਂ ਬਾਹਰ ਨਿਕਲ ਜਾਏ ਤਾਂ ਜਾਤਾਂ ਨਾਲ ਥੋੜਾ ਤੁਰੀਆਂ ਫਿਰਦੀਆਂ ਕਿਤੇ।’ ਭਾਪੇ ਦੀ ਕਹੀ ਗੱਲ ਨੂੰ ਮੈਂ ਆਪਣੇ ਅੰਦਰ ਜਜ਼ਬ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਸਾਂ। ਇਸੇ ਕਰਕੇ ਵਿਹੜੇ ਵਾਲੇ ਮੁੰਡਿਆਂ ਨਾਲੋਂ ਵਿਥ ਪਾ ਲਈ ਸੀ ਤੇ ਉਠਣਾ ਬੈਠਣਾ ਉੱਚੇ ਪਾਸੇ ਵਾਲੇ ਮੁੰਡਿਆਂ ਨਾਲ ਕਰ ਲਿਆ ਸੀ। ਇਕੱਠੇ ਮਾਲ ਡੰਗਰ ਚਾਰਦੇ ਸਾਂ। ਉੱਪਲਾਂ ਦੇ ਮੈਰੇ ’ਚ ਘੋਲ-ਕਬੱਡੀ ਕਰਦੇ ਮਿੱਟੀ ਨਾਲ ਲਿਬੜੇ-ਤਿਬੜੇ ਇਕ-ਮਿਕ ਹੋ ਜਾਂਦੇ ਸਾਂ।
ਉਨਾਂ ਦਿਨਾਂ ’ਚ ਹੀ ਲੰਬੜਾ ਦੇ ਗੁਰਮੇਲ ਦੀ ਭੈਣ ਦਾ ਵਿਆਹ ਸੀ। ਮੈਂ ਚਾਈਂ-ਚਾਈਂ ਭੱਜ-ਭੱਜ ਕੇ ਗੁਰਮੇਲ ਦੇ ਨਾਲ ਘਰ ਦਾ ਕੰਮ ਧੰਦਾ ਕਰਵਾਉਦਾ ਰਿਹਾ ਸਾਂ। ਜੰਞ ਆਉਣ ਤੋਂ ਇਕ ਦਿਨ ਪਹਿਲਾਂ ਤਾਂ ਸਾਰਾ ਦਿਨ ਅੱਡੀ ਭੋਏਂ ਤੇ ਨਹੀਂ ਸੀ ਲੱਗੀ। ਘਰਾਂ ਤੋਂ ਮੰਜੇ-ਬਿਸਤਰੇ ਇਕੱਠੇ ਕਰਦਿਆਂ, ਚਾਨਣੀਆਂ ਕਨਾਤਾਂ ਲਾਉਦਿਆਂ ਤੇ ਹਲਵਾਈਆਂ ਨੂੰ ਨਿੱਕ-ਸੁਕ ਫੜਾਉਦਿਆਂ ਹਨੇਰਾ ਆਣ ਉਤਰਿਆ ਸੀ। ਗਹਿਮਾ-ਗਹਿਮੀ ’ਚ ਰਾਤ ਦੀ ਰੋਟੀ ਖਵਾਉਣ ਦੀ ਤਿਆਰੀ ਹੋਣ ਲੱਗੀ। ਵੇਖਦਿਆਂ-ਵੇਖਦਿਆਂ ਪਾਲਾਂ ਬੱਝ ਗਈਆਂ। ਵਰਤਾਵੇ ਪੰਗਤਾਂ ’ਚ ਘੁੰਮਣ ਲੱਗੇ। ਮੈਂ ਵੀ ਫੁਲਕਿਆਂ ਦੀ ਥਹੀ ਤਲੀ ਤੇ ਰੱਖ ਕੇ ਵਰਤਾਉਣੇ ਸ਼ੁਰੂ ਕੀਤੇ ਹੀ ਸੀ ਜਦੋਂ ਗੁਰਮੇਲ ਦੇ ਦਾਰ ਜੀ ਨੇ ਮੇਰੇ ਹੱਥੋਂ ਰੋਟੀਆਂ ਫੜਦਿਆਂ ਕਿਹਾ ਸੀ। ‘ਕਾਕਾ ਐਵੇਂ ਹਰ ਥਾਂ ਹੱਥ ਨਹੀਂ ਮਾਰੀਦਾ। ਇਧਰ ਪੰਗਤ ’ਚ ਵਰਾਤਵੇ ਹੈਗੇ ਆਂ ਅਸੀਂ ਬਥੇਰੇ ਜਾਣੈਂ। ਜਾਹ ਚਰ ਹੇਠਾਂ ਛਾਪੇ ਡਾਹ ਭੰਨ-ਭੰਨ ਕੇ ਨਾਲੇ ਅੱਗ ਸੇਕ’ ਕਹਿੰਦਿਆਂ ਉਸ ਨੇ ਫੜੀਆਂ ਰੋਟੀਆਂ ਨੂੰ ਇਸ ਤਰਾਂ ਝਾੜਿਆ ਸੀ ਜਿਵੇਂ ਉਨਾਂ ਨਾਲੋਂ ਮਿਟੀ-ਘੱਟਾ ਝਾੜਦਾ ਹੋਵੇ ਤੇ ਨਾਲ ਹੀ ਮੈਨੂੰ ਡੌਰ-ਭੌਰ ਖਲੋਤੇ ਨੂੰ ਉਸ ਨੇ ਇਕ ਹੱਥ ਨਾਲ ਪੁੱਠੇ ਪੈਰੀਂ ਪੰਗਤ ਅੰਦਰੋਂ ਦੋ-ਤਿੰਨ ਪੈਰ ਬਾਹਰ ਧੱਕ ਦਿਤਾ ਸੀ। ਮੈਨੂੰ ਧਰਤੀ ਵਿਹਲ ਨਹੀਂ ਸੀ ਦੇ ਰਹੀ। ਉਪਰ ਲੱਗੀਆਂ ਚਮਕੀਲੇ ਰੰਗ ਦੀਆਂ ਚਾਨਣੀਆਂ ਹੇਠ ਖਲੋਤਿਆਂ ਮੇਰਾ ਦਮ ਘੁੱਟਣ ਲੱਗਿਆ ਸੀ। ਮੈਂ ਬਿਨਾਂ ਕਿਸੇ ਨਾਲ ਅੱਖ ਮਿਲਾਇਆਂ ਘਰ ਨੂੰ ਵਗ ਆਇਆ ਸਾਂ ਤੇ ਬਗੈਰ ਕੁਝ ਖਾਧਿਆਂ-ਪੀਤਿਆਂ ਰਾਤ ਭਰ ਅਲਾਣੀ ਮੰਜੀ ’ਤੇ ਪਾਸੇ ਮਾਰਦਾ ਰਿਹਾ ਸਾਂ।
ਮੇਰੀ ਸੁਰਤੀ ਵਾਪਸ ਪਰਤਦੀ ਐ। ਭਾਮ ਵਾਲਾ ਮਾਮਾ ਵੀ ਆਣ ਪਹੁੰਚਿਆ ਹੈ। ਵਾਰੋ-ਵਾਰੀ ਸਾਨੂੰ ਗਲ ਨਾਲ ਲਾ ਕੇ ਪਿਆਰ ਦੇਂਦਿਆਂ ਮਾਮਾ ਖਾਕ ਦੀ ਢੇਰੀ ਵੱਲ ਝਾਕਦਾ ਕਹਿੰਦਾ ‘ਆ ਭਾਈ ਕੁਲਬੀਰ ਸਿਹਾਂ, ਆ ਗੁਥਲੀ ਫੜ ਜ਼ਰਾ। ਭਾਈਏ ਦੇ ਫੁੱਲ ਪਾਈਏ ਧੋ-ਧੋ ਕੇ ਇਹਦੇ ’ਚ।’
ਮੈਂ ਮਾਮੇ ਲਾਗੇ ਪੈਰਾਂ ਭਾਰ ਭੋਇੰ ਤੇ ਬੈਠ ਜਾਂਦਾ ਹਾਂ।ਸਵਾਹ ਦੀ ਢੇਰੀ ਅੱਧਿਉ ਬਹੁਤੀ ਫੋਲੀ ਗਈ ਐ। ਸਾਰੇ ਜਣੇ ਉਗਲਾਂ ਨਾਲ ਸਹਿਜ-ਸਹਿਜ ਸਵਾਹ ਫਰੋਲੀ ਜਾਂਦੇ ਨੇ, ਛੋਟਾ ਅਜੇ ਵੀ ਦਿਲ ਨਹੀਂ ਧਰਦਾ। ਸਿਸਕੀਆਂ ਭਰਦਾ। ਮੁੜ-ਮੁੜ ਬਾਂਹ ਨਾਲ ਅੱਖਾਂ ਪੂੰਝਦਾ। ਕਿੰਨੀ ਵਾਰੀ ਮਾਮੇ ਨੇ ਪਿਠ ’ਤੇ ਹੱਥ ਫੇਰਿਆ ਮੈਂ ਵੀ ਗਲ ’ਚ ਲਿਆ ਸਮਝਾਇਆ ਕਿ ਭਾਪਾ ਬਥੇਰਾ ਕਰ ਗਿਆ ਸਾਡੇ ਲਈ। ਫਿਰ ਵੀ ਇਹਦਾ ਦਿਲ ਵਸ ’ਚ ਨਹੀਂ ਆਉਦਾ। ਉਹੀ ਗੱਲ ਲੈ ਕੇ ਬਹਿ ਜਾਂਦੈ। ‘ਭਾਪੇ ਨੂੰ ਐਂ ਨਹੀਂ ਸੀ ਕਰਨਾ ਚਾਹੀਦਾ। ਸਾਰਾ ਟੱਬਰ ਜਾਨ ਦੇਂਦੇ ਸਾਂ ਅਸੀਂ। ਫਿਰ ਵੀ ਮੂੰਹ ਮੋੜ ਗਿਆ ਸਾਡੇ ਤੋਂ। ਕਿੰਨੀ ਵਾਰੀ ਅਸਾਂ ਦੋਹਾਂ ਜੀਆਂ ਤਰਲੇ ਕੀਤੇ ਜਾ ਕੇ ਕਿ ਭਾਪਾ ਘਰ ਮੁੜ ਆ, ਪਿੰਡ ਰਹਿ ਸਾਡੇ ਕੋਲ।’ ਅੱਗਿਉ ਇਕੋ ਰੱਟ। ‘ਰਾਜੀ ਰਹੋ, ਆਪੋ ਆਪਣੇ ਘਰਾਂ ’ਚ ਐਥੇ ਆ ਕੇ ਮਿਲ ਗਿਲ ਜਾਂਦੇ ਜੇ। ਪਿੰਡ ਨਹੀਂ ਹੁਣ ਜੀਅ ਕਰਦਾ ਜਾਣ ਨੂੰ, ਛੋਟੇ ਦਾ ਤੇ ਇਹਦੀ ਘਰਵਾਲੀ ਵਾਲੀ ਦਾ ਹਿਰਖਿਆ ਚਿਹਰਾ ਮੇਰੇ ਸਾਹਮਣੇ ਐ। ਕਿੰਝ ਸਮਝਾਵਾਂ ਇਨਾਂ ਨੂੰ ਕਿ ਭਾਪੇ ਨੇ ਇੰਨਾ ਪੱਥਰ ਦਾ ਜ਼ੇਰਾ ਕਿੰਜ ਕਰ ਲਿਆ ਸੀ ਤੇ ਨਾਲ ਹੀ ਭਾਪੇ ਦਾ ਉਤਰਿਆ ਤੇ ਲਮਕਿਆ ਚਿਹਰਾ ਮੇਰੇ ਜ਼ਿਹਨ ’ਚੋਂ ਗੁਜ਼ਰਦਾ ਹੈ।
ਪੋਰਚ ਉਪਰਲੀ ਬਾਲਕੋਨੀ ’ਚ ਬੈਠਾ ਕਿਸੇ ਨਾਲ ਫੋਨ ’ਤੇ ਗੱਲਾਂ ਕਰਦਾ ਪਿਆ ਸਾਂ ਸ਼ਾਮ ਢਲੇ ਭਾਪਾ ਆਪਣੇ ਮਿਲਟਰੀ ਵਾਲੇ ਟਰੰਕ ਸਣੇ ਗੇਟ ਅੱਗੇ ਉਤਰਿਆ ਸੀ। ਅੰਦਰ ਆਉਦੇ ਭਾਪੇ ਦੀ ਚਾਲ ਢਾਲ ਵੇਖ ਹੈਰਾਨ ਜਿਹਾ ਰਹਿ ਗਿਆ ਸਾਂ। ਸੁਖ ਹੋਵੇ ਸਹੀ। ਭਾਪਾ ਐਂ ਨਹੀਂ ਸੀ ਆਉਣ ਵਾਲਾ। ਕਿੰਨੀ ਵਾਰ ਸ਼ਹਿਰ ਆਉਣ ਲਈ ਜ਼ੋਰ ਪਾਉਦੇ ਸਾਂ। ਅੱਗਿਉਂ ਹੌਲੀ ਜਿਹੀ ਬੋਲਦਾ ਸੀ ‘ਨਾ ਭਾਈ ਕੁਲਬੀਰ ਸਿਹਾਂ, ਤੇਰੇ ਸ਼ਹਿਰ ਵਾਲੇ ਘਰ ਨਹੀਉ ਚਿਤ ਲੱਗਦਾ ਭੋਰਾ ਵੀ। ਸਾਰਾ ਦਿਨ ਕੰਧਾਂ ਨਾਲ ਗੱਲਾਂ ਨਹੀਂ ਹੁੰਦੀਆਂ ਆਪਣੇ ਤੋਂ।
ਅਸੀਂ ਵੇਖਦੇ ਸਾਂ ਭਾਪਾ ਜਿਸ ਦਿਨ ਦਾ ਆਇਆ ਸੀ ਚੁੱਪ-ਚਾਪ ਜਿਹਾ ਹੀ ਰਹਿੰਦਾ ਸੀ। ਜੇ ਉਸ ਨੂੰ ਕੁਰੇਦਨ ਦੀ ਕੋਸ਼ਿਸ਼ ਕਰਦਾ ਤਾਂ ਕਿਥੇ ਦੱਸਦਾ ਸੀ ਕੁਝ ਵੀ। ਗੱਲ ਆਲੇ ਟਾਲੇ ਪਾਉਦਾ। ‘ਕੁਝ ਨਹੀਂ ਕੁਲਬੀਰ ਸਿਹਾਂ, ਉਝ ਹੀ ਮਨ ਜਿਹਾ ਨਹੀਂ ਟਿਕਦਾ ਉਥੇ। ਪਤਾ ਸੀ ਮੈਨੂੰ ਕਿ ਗੱਲ ਇਹ ਨਹੀਂ ਐ। ਭਾਪੇ ਦੇ ਅੰਦਰ ਕੁਝ ਰਿਝਦੈ। ਇਹ ਆਪਣੇ ਆਪ ਨੂੰ ਬਹੁਤਾ ਚਿਰ ਡੱਕ ਕੇ ਨਹੀਂ ਰੱਖ ਸਕਦਾ।
ਉਸ ਦਿਨ ਵੀ ਟੈਰਸ ’ਤੇ ਬੈਠੇ ਸਾਂ ਦੋਵੇਂ। ਨਿਕੀਆਂ ਮੋਟੀਆਂ ਗੱਲਾਂ ਕਰਦੇ। ਉਸ ਨੇ ਆਪਣੇ-ਆਪ ਨੂੰ ਕੁਰਸੀ ’ਤੇ ਥਾਂ ਸਿਰ ਕੀਤਾ। ਅੱਖਾਂ ਮੇਰੀਆਂ ਅੱਖਾਂ ’ਚ ਪਾ ਕੇ ਵਿੰਹਦਾ ਰਿਹਾ ਥੋੜਾ ਚਿਰ। ਫਿਰ ਧੀਮੀ ਜਿਹੀ ਅਵਾਜ਼ ’ਚ ਬੋਲਿਆ, ‘ਪੁੱਤ ਕੁਲਬੀਰ ਸਿਹਾਂ, ਬੀਬਾ ਪੁੱਤ ਬਣ ਕੇ ਇਕ ਧਰਮ ਨਿਭਾਈਂ ਮੇਰੇ ਨਾਲ। ਜੇ ਮੈਂ ਇਥੇ ਤੇਰੇ ਘਰ ਪੂਰਾ ਹੋ ਗਿਆ ਤਾਂ ਮੈਨੂੰ ਫੂਕਣ ਪਿੰਡ ਨਾ ਖੜੀਂ।’ ਕਹਿੰਦਿਆਂ ਉਹਦਾ ਗੱਚ ਭਰ ਆਇਆ ਸੀ। ਭਾਪਾ ਜੀ ਦੇ ਮੂੰਹੋਂ ਅਜਿਹੀ ਗੱਲ ਸੁਣ ਕੇ ਮੇਰੇ ਵੀ ਕਾਲਜੇ ’ਚ ਰੁੱਗ ਭਰਿਆ ਗਿਆ ਸੀ। ਮੈਂ ਕੁਰਸੀ ਸਰਕਾ ਕੇ ਥੋੜਾ ਕੁ ਅੱਗੇ ਸਰਕਦਿਆਂ ਭਾਪੇ ਦੇ ਗੋਡੇ ਲਾਗੇ ਹੋ ਗਿਆ ਸੀ। ਭਾਪੇ ਦੇ ਅੰਦਰਲੀ ਗੰਢ ਢਿਲੀ ਹੋ ਰਹੀ ਸੀ। ਉਸ ਆਪਣੀ ਗੱਲ ਜਾਰੀ ਰੱਖੀ। ‘ਪੁੱਤ ਕੁਲਬੀਰ ਸਿਹਾਂ, ਸੁਣਿਆ ਕਿਤੇ ਪਹਿਲੇ ਵੇਲਿਆਂ ’ਚ ਕਈ ਬੰਦੇ ਮੇਰੇ ਵਾਂਗੂੰ ਪਿੰਡ ਦੀ ਜੂਹ ਛੱਡ ਜਾਂਦੇ ਸਨ। ਕਿਸੇ ਬੇਪਛਾਣੀ ਥਾਂ ਜਾ ਵਸਦੇ ਸਨ ਦੂਰ-ਦੁਰੇਡੇ। ਇਹ ਵੀ ਗੱਲ ਭਾਵੇਂ ਬਹੁਤੀ ਵੱਡੀ ਨਹੀਂ ਪਰ ਦਿਲ ਨੂੰ ਲੱਗ ਗਈ ਐ। ਹਜ਼ਾਰ ਵਾਰੀ ਯਤਨ ਕੀਤਾ ਸੀ ਕਿ ਹਊ ਪਰੇ ਕਰਕੇ ਛੱਡਾਂ ਪਰੇ, ਪਰ ਕਿਥੇ ਛੱਡ ਹੁੰਦਾ।’ ਮੈਂ ਅੱਗਿਓਂ ਚੁੱਪ ਰਿਹਾ। ਉਹਦੇ ਵੱਲ ਟਿਕਟਿਕੀ ਲਾਈ ਰੱਖੀ। ਮੈਂ ਜਾਣਦਾ ਸਾਂ ਉਹ ਛੇਤੀ ਹੀ ਗਲੋਟੇ ਵਾਂਗ ਉਧੜ ਜਾਏਗਾ ਸਾਰੇ ਦਾ ਸਾਰਾ।
ਭਾਪੇ ਨੇ ਕਹਾਣੀ ਦਾ ਮੁੱਢ ਬੰਨਦਿਆਂ ਕਹਿਣਾ ਸ਼ੁਰੂ ਕੀਤਾ, ‘ਕੁਲਬੀਰ ਸਿਹਾਂ, ਬੜੀ ਸ਼ਰਧਾ ਨਾਲ ਉਸ ਦਿਨ ਘਰੋਂ ਨਿਕਲਿਆ ਸਾਂ। ਉਪਲਾਂ ਦੇ ਮੁੰਡਿਆਂ ਟਰੱਕ ਖਰੀਦਿਆ ਸੀ ਤੇ ਗੁਰੂ ਘਰ ਮੱਥਾ ਟਕਾਉਣ ਚੱਲੇ ਸੀ। ਲੋਕਾਂ ਨਾਲ ਮੈਂ ਵੀ ਜਾ ਬੈਠਾ ਸਾਂ ਟਰੱਕ ਦੇ ਡਾਲੇ ’ਚ ਲੱਤਾਂ ਲਮਕਾ ਕੇ। ਲੌਢੇ ਕੁ ਵੇਲੇ ਨਹਿਰ ਦੇ ਕੰਢੇ ’ਤੇ ਬਣੇ ਸੰਗਮਰਮਰੀ ਡੇਰੇ ਜਾ ਉਤਰੇ ਸਾਂ। ਜਿਸ ਦੇ ਉਚੇ ਗੁੰਬਦਾਂ ਉਪਰ ਸੁਨਹਿਰੀ ਕਲਸ ਮੀਲਾਂ ਤੋਂ ਲਿਸ਼ਕੋਰਾਂ ਮਾਰਦੇ ਸਨ। ਉਥੇ ਹੀ ਇਧਰ ਉਧਰ ਫਿਰਦੇ ਤਿੰਨ ਚਾਰ ਬਾਬਿਆਂ ਨੂੰ ਦੇਖਿਆ। ਗੋਡਿਆਂ ਤੋਂ ਹੇਠਾਂ ਤੱਕ ਚਿਟੇ ਟੈਰੀਕਾਟ ਦੇ ਚੋਲੇ। ਸਵਾਰ-ਸਵਾਰ ਕੇ ਬਧੇ ਪਟਕੇ। ਖੁੱਲੀਆਂ, ਵਾਹੀਆਂ ਸਵਾਰੀਆਂ ਦਾੜੀਆਂ। ਪਹਿਲੀ ਨਜ਼ਰੇ ਵੇਖਦਿਆਂ ਉਹ ਕਿਸੇ ਹੋਰ ਦੁਨੀਆਂ ਦੇ ਲੋਕ ਲੱਗਦੇ ਸਨ ਇਨਸਾਨੀ ਜਾਮੇ ’ਚ। ਤੁਰਿਆਂ ਜਾਂਦਿਆਂ ਇਉ ਲੱਗਦਾ ਸੀ ਜਿਉ ਅਸੀਂ ਸਵਰਗ ਲੋਕ ਨੂੰ ਜਾ ਰਹੇ ਹੋਈਏ।’ ਭਾਪਾ ਜਦੋਂ ਦੱਸ ਰਿਹਾ ਸੀ ਤਾਂ ਸ਼ਰਧਾ ਅਤੇ ਭਾਵਨਾ ਦਾ ਹੜ ਉਹਦੇ ਅੰਦਰੋਂ ਡੁਲ-ਡੁਲ ਪੈ ਰਿਹਾ ਸੀ। ਮੈਂ ਉਹਦਾ ਇਕ-ਇਕ ਬੋਲ ਗਹੁ ਨਾਲ ਸੁਣ ਰਿਹਾ ਸਾਂ। ਮੈਂ ਚੁੱਪ-ਚਾਪ ਟਿਕਟਿਕੀ ਲਾਈ ਰੱਖੀ ਤੇ ਉਹ ਵਜ਼ਦ ’ਚ ਆਇਆ ਬੋਲਦਾ ਗਿਆ, ‘ਪੁੱਤ ਕੁਲਬੀਰ ਸਿਹਾਂ, ‘ਹੇਠਾਂ ਬਣੇ ਭੋਰੇ ’ਚ ਉਸ ਡੇਰੇ ਦੇ ਮੁਖੀ ਦਾ ਆਸਣ ਸੀ।
ਮੈਂ ਮੋਹਰਲੀ ਕਤਾਰ ’ਚ ਜਾ ਬੈਠਾ ਸਾਂ ਵੱਡੇ ਮਹਾਂਪੁਰਸ਼ਾਂ ਨੂੰ ਹੋਰ ਨੇੜਿਉ ਤੱਕਣ ਲਈ। ਉਨਾਂ ਦੇ ਇਲਾਹੀ ਬਚਨ ਮੈਂ ਨਾਲਦਿਆਂ ਨਾਲੋਂ ਉਚਿਆਂ ਹੋ-ਹੋ ਸੁਣੇ। ਕੱਲਾ-ਕੱਲਾ ਬੋਲ ਸਾਡੇ ਧੁਰ ਅੰਦਰ ਤੀਕ ਲਹਿ ਗਿਆ ਸੀ ਤੇ ਸਾਡਾ ਆਉਣਾ ਸਫ਼ਲ ਹੋ ਗਿਆ ਲੱਗਦਾ ਸੀ। ਅੱਧਾ ਪੌਣਾ ਘੰਟਾ ਆਪਣੀਆਂ ਗਿਆਨ-ਧਿਆਨ ਦੀਆਂ ਗੱਲਾਂ ਨੂੰ ਸਮੇਟਦਿਆਂ ਉਨਾਂ ਕਿਹਾ, ‘ਭਾਈ ਗੁਰਮੁਖੋ, ਤੁਸੀਂ ਦੂਰੋਂ ਨੇੜਿਉਂ ਚਲ ਕੇ ਆਏ ਜੇ। ਤੁਹਾਡਾ ਇਕ-ਇਕ ਕਦਮ ਲੇਖੇ ’ਚ ਲੱਗਿਆ। ਜਿੰਨੇ ਵੀ ਪ੍ਰਾਣੀ ਪਹੁੰਚੇ ਐ ਕੋਈ ਵੀ ਲੰਗਰ ਛਕਣ ਤੋਂ ਬਗੈਰ ਨਾ ਜਾਏ। ਹਾਂ, ਇਕ ਗੱਲ ਦਾ ਖਾਸ ਧਿਆਨ ਰੱਖਿਉ, ਤੁਹਾਡੇ ਵਿਚ ਮਜ਼ਬੀ ਸਿਖ ਜਾਂ ਕੋਈ ਹੋਰ ਹੇਠਲੀ ਜ਼ਾਤ ਨਾਲ ਸਬੰਧਤ ਹੋਏ ਤਾਂ ਉਨਾਂ ਦਾ ਲੰਗਰ ਬਾਹਰ ਟੀਨ ਦੇ ਸ਼ੈਡ ਹੇਠਾਂ ਤਿਆਰ ਐ। ਉਥੇ ਹੀ ਉਨਾਂ ਦੇ ਬਰਤਨ ਪਏ ਹਨ। ਪ੍ਰਸ਼ਾਦਾ ਛਕ ਕੇ ਆਪੋ-ਆਪਣੇ ਭਾਂਡੇ ਉਸੇ ਤਰਾ ਧੋ ਮਾਂਜ ਕੇ ਮੂਧੇ ਮਾਰ ਕੇ ਜਾਇਉ ਜੇ।’
ਭਾਪੇ ਦੀਆਂ ਕਹੀਆਂ ਗੱਲਾਂ ਮੇਰੇ ਸੀਨੇ ’ਚ ਗੋਲੀ ਵਾਂਗ ਵੱਜੀਆਂ। ਮੈਂ ਨੀਵੀਂ ਪਾ ਲਈ ਸੀ। ਭਾਪੇ ਦਾ ਵੀ ਗੱਚ ਭਰ ਗਿਆ ਲੱਗਦਾ ਸੀ। ਜਿਹੜਾ ਬੋਲਦਾ-ਬੋਲਦਾ ਥੋੜੇ ਸਮੇਂ ਲਈ ਚੁੱਪ ਕਰ ਗਿਆ ਸੀ ਤੇ ਥੋੜਾ ਸੰਭਲ ਕੇ ਬਿਨਾ ਮੇਰਾ ਹੁੰਗਾਰਾ ਉਡੀਕਿਆਂ ਭਾਪਾ ਫਿਰ ਬੋਲਣ ਲੱਗਿਆ ਸੀ, ‘ਕੁਲਬੀਰ ਸਿਹਾਂ, ਪਹਿਲੀਆਂ ਸੁਣੀਆਂ ਗੱਲਾਂ ਦਾ ਨਸ਼ਾ ਦੋ ਮਿੰਟ ’ਚ ਲਹਿ ਗਿਆ ਸੀ। ਸਾਹਮਣੇ ਬਾਬਾ ਮੈਨੂੰ ਇਨਸਾਨੀ ਜਾਮੇ ’ਚ ਕੋਈ ਦੇਅ ਬੈਠਾ ਵਿਖਾਈ ਦੇਣ ਲੱਗਿਆ ਸੀ। ਦਮ ਘੁੱਟਦਾ ਸੀ ਉਥੇ। ਮੈਂ ਕਾਹਲੇ ਕਦਮੀਂ ਅੰਦਰਲੇ ਹਾਲ ’ਚੋਂ ਬਾਹਰ ਨਿਕਲ ਆਇਆ ਸਾਂ ਤੇ ਮੈਂ ਪਿਛਾਂਹ ਭੌਂਅ ਕੇ ਵੇਖਿਆ ਤਾਂ ਆਪਣੇ ਵਿਹੜੇ ’ਚੋਂ ਨਾਲ ਆਏ ਮਾੜਿਆਂ ਦਾ ਤੋਤੀ ਤੇ ਦੋ ਤਿੰਨ ਜਾਣੇ ਹੋਰ ਗੱਲਾਂ ਕਰਦੇ ਟੀਨ ਦੇ ਸ਼ੈਡ ਵੱਲ ਤੁਰੇ ਜਾ ਰਹੇ ਸਨ। ਗੁੱਸਾ ਉਨਾਂ ’ਤੇ ਵੀ ਮੈਨੂੰ ਬਹੁਤ ਆਇਆ ਕਿ ਸਾਡੀ ਜਨਮਾਂ-ਜਨਮਾਤਰਾਂ ਦੀ ਭੁੱਖ ਪਤਾ ਨਹੀਂ ਕਦੋਂ ਨਿਕਲਣੀ ਐਂ।’ ਵਾਪਸ ਆਉਦਿਆਂ ਸਾਰੀ ਵਾਟ ਉੱਚੇ ਪਾਸੇ ਵਾਲੀਆਂ ਜ਼ਨਾਨੀਆਂ ਜ਼ਬਾਨ ਮੂੰਹ ’ਚ ਨਹੀਂ ਸੀ ਪਾਈ, ਕਦੀ ਕਹਿਣ ‘ਐ ਚੰਗਾ ਅਸੂਲ ਐ ਏਥੋਂ ਦਾ। ਪਿੰਡ ’ਚ ਕਦੀ ਪੰਗਤ ’ਚ ਬਹਿ ਕੇ ਰੋਟੀ ਖਾਣੀ ਹੋਵੇ ਤਾਂ ਵਿਚ ਢੁੱਕ-ਢੁੱਕ ਕੇ ਬਹਿਣਗੀਆਂ। ਜੀਅ ਕਾਹਲੇ ਦਾ ਥਾਂ।’ ਭਰੇ ਮਨ ਨਾਲ ਭਾਪਾ ਗੱਲਾਂ ਕਰ ਰਿਹਾ ਸੀ। ਲਾਗੇ ਬੈਠੇ ਦਾ ਮੇਰਾ ਵੀ ਮਨ ਭਰ ਗਿਆ ਸੀ।

ਮੇਰੇ ਵਾਰ-ਵਾਰ ਅੱਖਾਂ ਪੂੰਝਣ ਤੇ ਛੋਟੇ ਨੇ ਮੇਰੇ ਮੋਢੇ ’ਤੇ ਹੱਥ ਰੱਖਦਿਆਂ ਕਿਹਾ, ‘ਭਾਊ ਹੌਂਸਲਾ ਕਰ, ਤੂੰ ਤਾਂ ਵੱਡੈਂ ਘਰ ’ਚ। ਭਾਪੇ ਦੀ ਥਾਂ। ਤੂੰ ਇਹ ਨਾ ਸਮਝੀਂ ਮੈਂ ਤੇਰੇ ਦਿਲ ਦੀ ਗੱਲ ਨਹੀਂ ਸਮਝ ਰਿਹਾ। ਭਾਪੇ ਦਾ ਸਸਕਾਰ ਜੇ ਸ਼ਹਿਰ ਵੀ ਕਰ ਲੈਂਦੇ ਤਾਂ ਕੀ ਫ਼ਰਕ ਪੈਣਾ ਸੀ। ਐਂ ਕਰਨ ਨਾਲ ਕਿਤੇ ਮਸਲਾ ਹੱਲ ਹੋ ਜੂ। ਤੂੰ ਤਾਂ ਪੜਿਆ ਲਿਖਿਆਂ, ਸਭ ਕੁਝ ਸਮਝਦਾਂ। ਸਦੀਆਂ ਦੀਆਂ ਪਈਆਂ ਗੰਢਾਂ ਐਂ ਨੀਂ ਖੁੱਲਦੀਆਂ।’ ਦਿਲ ਕਰਦੈ ਮੈਂ ਛੋਟੇ ਦੇ ਗਲ ਲੱਗ ਕੇ ਭੁੱਬਾਂ ਮਾਰ-ਮਾਰ ਕੇ ਰੋਵਾਂ।
ਛੋਟਾ ਤੇ ਉਹਦੀ ਘਰਵਾਲੀ ਭਾਪੇ ਦੀ ਮੜੀ ਦੁਆਲੇ ਬੈਠ ਗਏ ਹਨ। ਛੋਟਾ ਬਾਲਟੀ ’ਚੋਂ ਪਾਣੀ ਪਾਉਦਾ ਧਾਰ ਬੰਨ ਕੇ। ਉਹਦੀ ਘਰਵਾਲੀ ਉਬੜ ਖਾਬੜ ਫਰਸ਼ ’ਤੇ ਸਚਿਆਰਿਆਂ ਵਾਂਗ ਹੱਥ ਫੇਰਦੀ ਐ। ਕੋਲ ਖੜੀਆਂ ਜ਼ਨਾਨੀਆਂ ਹਦਾਇਤਾਂ ਦਿੰਦੀਆਂ, ਪੁੱਤ ਚੰਗੀ ਤਰਾਂ ਪਾਣੀ ਪਾ, ਚਾਰੇ ਪਾਸਿਉ। ਅਗਲਾ ਜਿਥੇ ਵੀ ਜਾਊ ਠੰਡਾ ਰਹੂ। ਮੈਨੂੰ ਲੱਗਦਾ ਜਿਵੇਂ ਧਾਰ ਬੰਨ ਕੇ ਡਿਗਦੇ ਪਾਣੀ ਨਾਲ ਭਾਪੇ ਦਾ ਕਲੇਜਾ ਤਪਣ ਲੱਗ ਪਿਆ ਹੋਵੇ ਤੇ ਉਹ ਆਪਣੀ ਜਨਮ ਭੋਏਂ ’ਤੇ ਲੰਮੀਆਂ ਤਾਣ ਕੇ ਸੌਣ ਦੀ ਥਾਂ ਮੇਰੇ ਮਸਤਕ ਵਿਚ ਜਾਗ ਪਿਆ ਹੋਵੇ।

ਮੋ: 098721-65707
498-ਏ ਨਿਊ ਜਸਪਾਲ ਨਗਰ
ਸੁਲਤਾਨਵਿੰਡ ਰੋਡ, ਅੰਮਿ੍ਰਤਸਰ।