- ਘੜੇ ਦੀ ਮਛਲੀ ਤੋਂ ਸੱਤ ਸਮੁੰਦਰਾਂ ਦਾ ਸਫ਼ਰ: ਰਾਜਬੀਰ ਰੰਧਾਵਾ
ਪਤਾ ਨਹੀਂ ਕਿੰਨੀਆਂ ਹੀ ਸਦੀਆਂ ਪੰਜਾਬਣਾਂ ਆਪਣੇ ਚਾਵਾਂ, ਵਲਵਲਿਆਂ ਤੇ ਜਜ਼ਬਾਤਾਂ ਨੂੰ ਆਪਣੀ ਦੇਹੀ ਦੀ ਧੂਣੀ ਹੇਠ ਹੀ ਦਬਾਉਂਦੀਆਂ ਜੀਣ ਮਰਨ ਦੇ ਚੱਕਰ ਕੱਢਦੀਆਂ ਆਵਾ-ਗਵਣ ਵਿੱਚ ਹੀ ਪਈਆਂ ਰਹੀਆਂ ਹੋਣਗੀਆਂ ਤੇ ਜਾਂ ਫੇਰ ਲੋਕ ਗੀਤਾਂ ਦੇ ਸਹਾਰੇ ਆਪਣੇ ਦੁੱਖ^ਸੁੱਖ, ਚਾਅ, ਮਲ੍ਹਾਰ, ਗਿਲ਼ੇ, ਤੌਖ਼ਲੇ, ਸਾਂਝੇ ਕਰਦੀਆਂ ਉਮਰਾਂ ਵਿਹਾ ਲੈਂਦੀਆਂ ਹੋਣਗੀਆਂ । ਉਂਨੀਵੀਂ ਸਦੀ ਦੇ ਅੱਧ ਵਿੱਚ ਜੰਮੀ ਪੀਰੋ ਪਹਿਲੀ ਅਜਿਹੀ ਔਰਤ ਸੀ ਜਿਸਨੂੰ ਪੰਜਾਬੀ ਕਵਿਤਾ ਦੀ ਮੁੱਢਲੀ ਹਸਤਾਖ਼ਰ ਮੰਨਿਆਂ ਜਾਂਦਾ ਹੈ । ਉਸਨੇ ਆਪਣੇ ਅੰਦਰ ਚੱਲਦੀ ਕਸ਼ਮਕੱਸ਼ ਨੂੰ ਲੋਕਾਂ ਸਾਹਮਣੇ ਕਵਿਤਾ ਰਾਹੀਂ ਪੇਸ਼ ਕਰਨ ਦੀ ਹਿੰਮਤ ਜੁਟਾਈ। ਉਸ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਦੇ ਨਾਮ ਹਨ ਜਿਹੜੇ ਪੰਜਾਬੀ ਕਵਿਤਾ ਅਤੇ ਵਾਰਤਕ ਦੇ ਖੇਤਰ ਵਿੱਚ ਮੀਲ ਪੱਥਰ ਵਾਂਙ ਗੱਡੇ ਪਏ ਹਨ।
ਰਾਜਬੀਰ ਰੰਧਾਵਾ ਪੰਜਾਬੀ ਸਮਕਾਲੀ ਸਹਿਤ dh ਨਾਮਵਰ ਹਸਤਾਖ਼ਰ ਹੈ ਜਿਸ ਦੀਆਂ ਦੋ ਦਰਜਨ ਤੋਂ ਵਧੇਰੇ ਕਿਤਾਬਾਂ ਪ੍ਰਕਸ਼ਿਤ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ ਕਵਿਤਾ, ਵਾਰਤਕ, ਤੇ ਕਹਾਣੀਆਂ ਦੀਆਂ ਕਿਤਾਬਾਂ ਸ਼ਾਮਿਲ ਹਨ ਅਤੇ ਉਸ ਦੀਆਂ ਚਾਰ ਨਵੀਆਂ ਕਿਤਾਬਾਂ ਵੀ ਛਪਾਈ ਅਧੀਨ ਹਨ। ਹੁਣੇ ਹੁਣੇ ਉਸਦੀ ਸਵੈ-ਜੀਵਨੀ ਘੜੇ ਦੀ ਮਛਲੀ ਵੀ ਛਪ ਕੇ ਆ ਚੁੱਕੀ ਹੈ।
ਰਾਜਬੀਰ ਰੰਧਾਵਾ ਵੱਖ-ਵੱਖ ਵਿਧਾਵਾਂ ਵਿੱਚ ਲਿਖਣ ਵਾਲੀ ਪਰਪੱਕ ਲੇਖਿਕਾ ਹੈ ਪਰ ਮੈਂ ਅੱਜ ਇਸ ਹZਥਲੇ ਲੇਖ ਵਿੱਚ ਉਹਨਾ ਦੀ ਕਵਿਤਾ ns/ ਸ਼ਖ਼ਸ਼ੀਅਤ ਬਾਰੇ ਗੱਲ ਕਰਾਂਗਾ।
ਕਵਿਤਾ ਨੂੰ ਸੱਚੀ ਮੁੱਚੀ ਕਵਿਤਾ ਵਰਗਾ ਹੋਣਾ ਚਾਹੀਦਾ ਹੈ, ਕੋਮਲ, ਨਰਮ, ਸੁੱਗੜ ਅਹਿਸਾਸ ਵਰਗਾ । ਕਵਿਤਾ ਵਿਚ ਨਿਰੰਤਰਤਾ ਹੋਣੀ ਚਾਹੀਦੀ ਹੈ, ਨਦੀਆਂ ਵਾਂਙ, ਸਾਗਰ ਵਾਂਙ ਤੇ ਕਵਿਤਾ ਨੂੰ ਨੀਲੇ ਆਸਮਾਨ ਵਰਗਾ ਵਿਸ਼ਾਲ ਹੋਣਾ ਚਹਾਦਾ ਹੈ , ਦਰਿਆਵਾਂ ਦੀ ਰਵਾਨੀ ਵਾਂਙ, ਨਿਰਛਲ ਪਾਣੀ ਵਾਂਙ, ਡੂੰਘੇ ਸਾਗਰ ਦੀ ਗਹਿਰਾਈ ਵਾਂਙ । ਮੈਂ ਤਾਂ ਕਹਿਨਾ ਕਿ ਕਵਿਤਾ ਨੂੰ ‘ਰਾਜਬੀਰ ਰੰਧਾਵਾ’ ਵਰਗਾ ਹੋਣਾ ਚਾਹੀਦੈ, ਖ਼ੂਬਸੂਰਤ, ਨਿਰਮਲ, ਨਿਰੰਤਰ, ਮੁਹੱਬਤ ਤੇ ਖ਼ਲੂਸ ਨਾਲ ਭਰੀ ਹੋਈ ਰਾਜਬੀਰ ਵਰਗਾ ।
ਰੰਧਾਵਾ ਦੀ ਕਵਿਤਾ ਦਾ ਪਾਠ ਕਰਦਿਆਂ ਮੈਨੂੰ ਇਉਂ ਜਾਪਿਆ ਜਿਵੇਂ ਤਪਦੇ ਥਲ ‘ਤੇ ਕਿਣ ਮਿਣ ਹੋ ਰਹੀ ਹੋਵੇ। ਸਮੁੱਚੀ ਕਵਿਤਾ ਮੈਨੂੰ ਇਸ਼ਕ ਹਕੀਕੀ ਦੇ ਰਹੀਂ ਨੰਗੇ ਪੈਰੀ ਤੁਰਦੀ ਨਜ਼ਰ ਆਈ…।
ਰਾਜਬੀਰ ਰੰਧਾਵਾ ਕੋਲ ਕਵਿਤਾ ਕਹਿਣ ਲਈ ਵਡਮੁੱਲਾ ਸ਼ਬਦ ਭੰਡਾਰ ਹੈ । ਉਸ ਕੋਲ ਅਜੋਕੀ ਰੁਮਾਂਸਵਾਦੀ ਅਤੇ ਦਵੰਦਵਾਦੀ ਕਵਿਤਾ ਤੋਂ ਹਟ ਕਿ ਸੂਫੀਆਨਾ ਢੰਗ ਨਾਲ ਕਵਿਤਾ ਕਹਿਣ ਦਾ ਅੰਦਾਜ਼ ਅਤੇ ਚੱਜ ਹੈ । ਕਵਿਤਾ ਪਾਠ ਕਰਦਿਆਂ ਪਾਠਕ ਕਿਸੇ ਇਕਾਂਤ ਵਿੱਚ ਸੁਣਦੀ ਕਿਸੇ ਫਕੀਰ ਦੀ ਹੂਕ ਨੂੰ ਮਹਿਸੂਸ ਕਰਦਾ ਹੈ ਜੋ ਧੁਰ ਦਰਗਾਹੋਂ ਵੱਜਦੇ ਅਨਹਦ ਨਾਦ ਦੀ ਧੁੰਨ ਵਾਂਙ ਹੈ । ਉਸਦੀ ਕਵਿਤਾ ਸਿਆਲਾਂ ਦੀ ਰੁੱਤੇ ਮਹਿਸੂਸ ਹੁੰਦੀ ਨਿੱਘੀ ਧੁੱਪ ਵਰਗੀ ਵੀ ਲਗਦੀ ਹੈ ਅਤੇ ਤਪਦੇ ਥਲਾਂ ‘ਤੇ ਵਰਦੀ ਕਿਸੇ ਬੱਦਲੀ ਵਾਂਙ ਵੀ ਮਹਿਸੂਸ ਹੁੰਦੀ ਹੈ। ਉਸ ਕੋਲ ਆਪਣੇ ਵਿਰਸੇ, ਸਭਿਆਚਾਰ ਮੁਤਾਬਿਕ ਅਤੇ ਪਰੰਪਰਾਵਾਦੀ ਜੁਗਤ ਨਾਲ ਕਵਿਤਾ ਕਹਿਣ ਦਾ ਹੁਨਰ ਹੈ ਜਿਸ ਸਦਕਾ ਉਹ ਅਜੋਕੀਆਂ ਕਵਿਤਰੀਆਂ ਦੀ ਮੁਹਰਲੀ ਕਤਾਰ ਵਿੱਚ ਖੜ੍ਹੀ ਨਜ਼ਰ ਆਉਦੀ ਹੈ ।
ਉਸਦੀ ਕਵਿਤਾ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਜਿਵੇਂ ਦੂਰ ਕਿਤ ਦੁਮੇਲ ‘ਤੇ ਧਰਤੀ ਅਤੇ ਅਸਮਾਨ ਦੇ ਮੇਲ ਨੂੰ ਕਵਿੱਤਰੀ ਨੇ ਰੱਤੇ ਰੰਗ ਵਿੱਚ ਰੰਗ ਕੇ ਕੋਈ ਅਲੋਕਿਕ ਕਲਾਕਿ੍ਤੀ ਬਣਾ ਧਰੀ ਹੋਵੇ ।
ਖ਼ੂਬਸੂਰਤ ਸਿਰਲੇਖਾਂ ਵਿਚਲੀਆਂ ਕਵਿਤਾਵਾਂ ਬੇ-ਹਦ ਖ਼ੂਬਸੂਰਤ ਸੰਜੀਦਾ ਅਤੇ ਸੰਵੇਦਨਾ ਭਰਪੂਰ ਹਨ।
ਰਾਜਬੀਰ ਜਜਬਾਤਾਂ ਦੇ ਵਹਿਣ ਵਿੱਚ ਵਹਿੰਦਿਆਂ ਹੋਇਆਂ ਵੀ ਕਿਨਾਰੇ ਦੀ ਸੱਚਾਈ ਨੂੰ ਅੱਖੋਂ ਓਝਲ ਨਹੀਂ ਹੋਣ ਦਿੰਦੀ ਅਤੇ ਬਹੁਤ ਬੇ-ਬਾਕੀ ਨਾਲ ਲਿਖਦੀ ਹੈ। ਉਸਦੀ ਕਵਿਤਾ ਬਹੁ-ਅਰਥੀ ਅਤੇ ਸੀਮਾਂਵਾਂ ਰਹਿਤ ਹੈ, ਮੁਹੱਬਤ ਦੀ ਖੁਸ਼ੀ ਅਤੇ ਪੀੜ ਦੇ ਰਲੇ ਮਿਲੇ ਅਹਿਸਾਸ ਤੋਂ ਇਲਾਵਾ, ਔਰਤ ਵਰਗ ਦੇ ਹਰ ਦਰਦ ਨੂੰ ਰੂਪਮਾਨ ਕਰਦੀ ਉਸਦੀ ਕਵਿਤਾ ਡੂੰਘੇ ਅਹਿਸਾਸਾਂ ਨੂੰ ਆਪਣੀ ਬੁੱਕਲ ਵਿੱਚ ਲੈਣ ਦੇ ਨਾਲ-ਨਾਲ ਪੂਰੇ ਬਰਿਹਮੰਡ ਨੂੰ ਆਪਣੇ ਕਲਾਵੇ ਵਿੱਚ ਸਮੇਟਦੀ ਹੈ । ੳਸਦੇ ਸ਼ਿਅਰਾਂ ਵਿੱਚ ਅਮੁੱਕ ਉਡੀਕ ਹੈ, ਵਿਆਕੁਲਤਾ ਹੈ, ਪ੍ਰੇਮ ਹੈ, ਮੋਹ ਹੈ, ਅਜੋਕੇ ਸਮਿਆਂ ਦਾ ਸੱਚ ਹੈ ।
ਕਵਿਤਾ ਬਾਰੇ ਕਵੀ ਤਨਵੀਰ ਲਿਖਦਾ ਹੈ ਕਿ :-
ਕਵਿਤਾ ਉੱਤਰ ਨਹੀਂ ਹੁੰਦੀ, ਪ੍ਰਸ਼ਨ ਹੁੰਦੀ ਹੈ,
ਕਵਿਤਾ ‘ਚ ਫ਼ਲਸਫ਼ਾ, ਖੁਸ਼ਬੂ ਵਾਂਙ ਹੋਣਾ ਚਾਹੀਦਾ ਹੈ,
ਕਵਿਤਾ ਛਪੀ ਖ਼ਬਰ ਦੇ ਪਿੱਛੇ ਛੁਪੀ ਖ਼ਬਰ ਦੀ ਕਬਰ ਫਰੋਲਦੀ ਹੈ।
ਕਵਿਤਾ ਮੈਨੂੰ ਖ਼ਾਲੀ ਕਰਕੇ ਭਰਦੀ ਰਹਿੰਦੀ ਹੈ ।
ਕਵਿਤਾ ਸਮਝਾਈ ਨਹੀਂ ਜਾ ਸਕਦੀ, ਕਵਿਤਾ ਸਮਝਣੀ ਹੁੰਦੀ ਹੈ ।
ਕਵਿਤਾ ਸਿਰਜੇ ਜਾਣ ਤੋਂ, ਲਿਖੇ ਜਾਣ ਤੱਕ ਦਾ ਸਮਾਂ, ਕਵੀ ਦਾ ਸਭ ਤੋਂ ਵੱਡਾ ਇਨਾਮ ਹੁੰਦਾ ਹੈ ।
ਰਾਜਬੀਰ ਰੰਧਾਵਾ ਬਹੁਤ ਹੀ ਖੂਬਸੂਰਤ ਕਵਿਤਾਵਾਂ ਸਿਰਜ਼ਦੀ ਹੈ ਅਤੇ ਉਸਦੀ ਕਵਿਤਾ ਪਾਠਕਾਂ ਨੂੰ ਸਵਾਲ ਪੁੱਛਦੀ ਹੈ। ਮੇਰੇ ਆਲ਼ੇ ਦੁਆਲ਼ੇ ਹਜ਼ਾਰਾਂ ਸਵਾਲ ਘੁੰਮਦੇ ਦਿਖਾਈ ਦੇਣ ਲੱਗ ਪਏ ਹਨ । ਦੁਨੀਆ ਤੇ ਮੌਜੂਦ ਹਰ ਸ਼ੈਅ ਤੁਹਾਡਾ ਧਿਆਨ ਮੰਗਦੀ ਹੈ ਜਦੋਂ ਤੁਸੀਂ ਉਸ ਸੈਅ ਤੇ ਧਿਆਨ ਕੇਂਦਰਿਤ ਕਰੋਗੇ ਤਾਂ ਸਵਾਲਾਂ ਦੀ ਉਤਪਤੀ ਹੋਵੇਗੀ ਤੇ ਜਦੋਂ ਸਵਾਲ ਪੈਦਾ ਹੋਣਗੇ ਤਾਂ ਜ਼ਾਹਿਰ ਹੈ ਤੁਸੀਂ ਉਹਨਾ ਦੇ ਜਵਾਬ ਤਲਾਸ਼ ਕਰੋਗੇ।
ਉਸਦੀਆਂ ਕਵਿਤਾਵਾਂ ਵਿਚ ਪੁਰਾਣੇ ਵੇਲਿਆਂ ਦੀ ਨੁਹਾਰ ਹੈ, ਸੁਨੱਖੇ ਸੱਭਿਆਚਾਰ ਦੀ ਲਿਛਕੋਰ ਹੈ, ਚਿੜੀਆਂ ਦਾ ਰੁਦਨ ਹੈ, ਕੁੜੀਆਂ ਦਾ ਤਰਲਾ ਹੈ । ਰੁੱਖਾਂ ਦੀ ਗੱਲ ਹੈ, ਪਾਣੀ ਦਾ ਹਾਉਕਾ ਹੈ । ਧਰਤੀ ਦੀ ਪੀੜ ਹੈ, ਮਾਵਾਂ ਦੀ ਮਮਤਾ ਹੈ । ਪਰਦੇਸ਼ੀਆਂ ਦੀ ਉਡੀਕ ਹੈ, ਯਾਦਾਂ ਦਾ ਝੁਰਮਟ ਹੈ, ਦੀਵਾਲੀ ਦੀ ਲੋਅ ਹੈ, ਚੁੱਪ ਦਾ ਸੰਨਾਟਾ ਹੈ, ਦੋਹਾਂ ਪੰਜਾਬਾਂ ਦੀ ਟੁੱਟੀ ਸਾਂਝ ਦਾ ਹੇਰਵਾ ਹੈ, ਮਰ ਰਹੀ ਭਾਸ਼ਾ ਦੀ ਚਿੰਤਾ ਹੈ। ਰਾਜਬੀਰ ਹੁਣਾ ਦੀ ਸਬਦਾਵਲੀ ਸਾਦ-ਮੁਰਾਦੀ ਪਰ ਡੂੰਘੀ ਰਮਜ ਵਾਲੀ ਏ ਤੇ ਹਯਾਤੀ ਦੀਆਂ ਕਈ ਕਹਾਣੀਆਂ ਨੂੰ ਬਿਆਨ ਕਰਦੀ ਏ।
ਕਵਿਤਾ ਏਸੇ ਨੂੰ ਤੇ ਕਹਿੰਦੇ ਨੇ । ਜਿਹੜੀ ਦਿਲ ਨੂੰ ਟੁੰਭੇ, ਮਨ ਨੂੰ ਭਾਵੇ, ਸਾਹਾਂ ਵਿੱਚ ਰਲ ਜਾਵੇ, ਨਾਲ ਟੁਰਨ ਲੱਗ ਪਵੇ।
ਰਾਜਬੀਰ ਕਵਿਤਾਵਾਂ ਵਿੱਚ ਦਿ੍ਸ਼ ਚਿਤਰਦੀ ਇੱਕ ਮੁਸੱਵਰ ਲਗਦੀ ਹੈ ਜਿਸ ਕੋਲ ਅਥਾਹ ਵੇਦਨਾਵਾਂ ਤੇ ਸੰਵੇਦਨਾਵਾਂ ਹਨ ਜਿਹੜੀਆਂ ਕਾਗਜ਼ ‘ਤੇ ਉਕਰੇ ਜਾਣ ਲਈ ਕਾਹਲੀਆਂ ਰਹਿੰਦੀਆਂ ।
ਮੈਨੂੰ ਉਸਦੀ ਕਵਿਤਾ ਇੰਝ ਜਾਪੀ ਜਿਵੇਂ ਸਦੀਆਂ ਦਾ ਸੰਤਾਪ ਹੰਡਾ ਕੇ ਕੋਈ ਮੁਕਤ ਹੋ ਗਿਆ ਹੋਵੇ, ਜਿਵੇਂ ਦੁਨੀਆਂ ਦਾ ਸਾਰੇ ਦਾ ਸਾਰਾ ਦਰਦ ਸਮੇਟ ਕੇ ਕੋਈ ਪੁਨੀਤ ਹੋ ਗਿਆ ਹੋਵੇ ।
ਪੁਨੀਤ ਹੋਣਾ ਹੀ ਵੱਡੀ ਗੱਲ ਹੈ, ਪੁਨੀਤ ਹੋਣ ਤੋਂ ਪਹਿਲਾਂ ਤਿੰਨ ਵਾਰ ਪਵਿੱਤਰ ਹੋਣਾ ਪੈਂਦਾ ਹੈ ।
ਰਾਜਬੀਰ ਦੀਆਂ ਕਵਿਤਾਵਾਂ ਪੜ੍ਹਦਿਆਂ ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਮੈਂ ਕਵਿਤਾ ਦੀ ਜਰਖੇਜ਼ ਜ਼ਮੀਨ ਵਿੱਚ ਉੱਗੀ ਗੁਲਾਬਾਂ ਦੀ ਫ਼ਸਲ ਵਿੱਚੋਂ ਲੰਘ ਆਇਆ ਹੋਵਾਂ ਤੇ ਉਹਨਾਂ ਗੁਲਾਬਾਂ ਦੀ ਖ਼ੁਸ਼ਬੋ ਕਵਿਤਾ ਬਣ ਮੇਰੇ ਰੋਮ-ਰੋਮ ਵਿੱਚ ਰਚ-ਮਿਚ ਗਈ ਹੋਵੇ।
ਰਾਜਬੀਰ ਦੀ ਕਵਿਤਾ ਨੇ ਮੈਨੂੰ ਮੇਰੇ ਧੁਰ ਅੰਦਰ ਤੱਕ ਡੁਬਕੀ ਲਗਾਉਣ ਦਾ ਨਾ ਸਿਰਫ਼ ਮੌਕਾ ਦਿੱਤਾ ਸਗੋਂ ਇਸ ਡੁਬਕੀ ਵਿੱਚੋਂ ਜਦੋਂ ਮੈਂ ਬਾਹਰ ਆਇਆ ਤਾਂ ਮੈਨੂੰ ਆਪਣਾ ਆਪ ਨਿਰਮਲ ਤੇ ਹੌਲਾ ਜਾਪਣ ਲੱਗਾ…..
ਉਸਦੀਆਂ ਕਵਿਤਾਵਾਂ ਬਹੁਤ ਹੀ ਖੁਬਸੂਰਤ ਅਹਿਸਾਸਾਂ ਨਾਲ ਭਰਪੂਰ ਹਨ । ਸਮਾਜਿਕ ਸਰੋਕਾਰਾਂ, ਅਜੋਕੀ ਸਮਾਜਿਕ ਟੁੱਟ ਭੱਜ, ਇਨਸਾਨੀ ਜ਼ਿੰਦਗੀ ਵਿੱਚ ਮਨਫੀ ਹੋ ਰਹੇ ਸਕੂਨ, ਟੁੱਟ ਰਹੇ ਰਿਸਤਿਆਂ ਦੀ ਦਾਸਤਾਨ, ਵਰਗੇ ਵਰਤਾਰਿਆਂ ਦੇ ਵਿਰੁੱਧ ਸੰਜੀਦਾ ਤੌਰ ਤੇ ਝੂਜਣ ਲਈ ਖੜੀ ਦਿਖਾਈ ਦਿੰਦੀ ਹੈ।
ਰਾਜਬੀਰ ਰੰਧਾਵਾ ਨੇ ਆਪਣੀ ਜ਼ਿੰਦਗੀ ਪੁਰਅਮਨ ਤਰੀਕੇ ਨਾਲ ਬਤੀਤ ਕੀਤੀ ਹੈ । ਉਸਨੇ ਪਰਵਾਸ ਹੰਢਾਉਂਦਿਆਂ ਕਈਂ ਬਾਹਰਲੇ ਮੁਲਕਾਂ ਦੀ ਯਾਤਰਾ ਕੀਤੀ। ਪਾਕਿਸਤਾਨ ਦਾ ਸਫ਼ਰਨਾਮਾ ਗੁਆਂਢੀ ਉਸਦੀ ਵਾਰਤਕ ਕਲਾ ਦਾ ਪ੍ਰਤੱਖ ਨਮੂਨਾ ਹੈ। ਉਸਨੇ ਆਪਣੇ ਜੀਵਨ ਸਾਥੀ ਦੇ ਵਿਛੋੜੇ ਤੋਂ ਬਾਅਦ ਵੀ ਆਪਣੇ ਆਪ ਨੂੰ ਟੁੱਟਣ ਨਹੀਂ ਦਿੱਤਾ ਸਗੋਂ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਦੇ ਨਾਲ-ਨਾਲ ਆਪਣੇ ਸਾਹਿਤਕ ਕਾਰਜ਼ ਨੂੰ ਜਾਰੀ ਰੱਖਿਆ। ਉਸਦੇ ਘਰ ਇਕ ਸਾਉ ਬੇਰੀ ਹੈ ਜਿਸ ਨੂੰ ਭਰਭੂਰ ਮਿੱਠੇ ਬੇਰ ਲੱਗਦੇ ਨੇ ਮੈਨੂੰ ਤਾਂ ਕਈ ਵਾਰ ਇਹਨਾ ਬੇਰਾਂ ਦਾ ਹੀ ਕੋਈ ਕਾਰਨਾਮਾ ਲੱਗਦਾ ਹੈ ਜਿਸ ਕਾਰਨ ਮੈਡਮ ਰਾਜਬੀਰ ਰੰਧਾਵਾ ਏਨੇ ਪਿਆਰੇ ਮਿੱਠੇ ਤੇ ਕੋਮਲ ਤੇ ਸ਼ਾਇਸਤਗੀ ਨਾਲ ਲਬਰੇਜ਼ ਸ਼ਬਦ ਘੜਨ ਵਿੱਚ ਕਾਮਯਾਬ ਹੁੰਦੀ ਹੈ। ਉਸਦਾ ਤਾਜੀ ਸਵੈ ਜੀਵਨੀ ਘੜੇ ਦੀ ਮਛਲੀ ਛਪ ਕੇ ਆ ਗਿਆ ਹੈ ਜਿਸ ਵਿੱਚੋਂ ਉਹ ਘੜੇ ਚੋਂ ਨਿਕਲ ਕੇ ਸੱਤ ਸਮੁੰਦਰ ਪਾਰ ਤੱਕ ਪਹੁੰਚਦੀ-ਵਿਚਰਦੀ ਦਿਖਾਈ ਦੇਵੇਗੀ। ਮੈਂ ਮੈਡਮ ਰਾਜਬੀਰ ਰੰਧਾਵਾ ਜੀ ਨੂੰ ਉਹਨਾ ਦੇ ਸਾਹਿਤਕ ਯੋਗਦਾਨ ਲਈ ਸਤਿਕਾਰ ਭੇਂਟ ਕਰਦਾ ਹੋਇਆ ਉਹਨਾ ਦੇ ਭਵਿੱਖ ਲਈ ਦੁਆਗੋਅ ਹਾਂ।
ਰੋਜ਼ੀ ਸਿੰਘ
ਜ. ਸਕੱਤਰ ਸਾਹਿਤਕ ਵਿਚਾਰ ਮੰਚ
ਫ਼ਤਿਹਗੜ੍ਹ ਚੂੜੀਆਂ।
9988964633