1
ਉਸ ਤਰ੍ਹਾਂ ਲਿਖਦਾ ਹਾਂ ਮੈਂ ਤਾਂ,ਜਿਸ ਤਰ੍ਹਾਂ ਲਗਦਾ ਹੈ ਮੈਨੂੰ
ਕੋਈ ਵੀ ਪਰਵਾਹ ਨਹੀਂ ਹੈ,ਕੋਈ ਕੀ ਕਹਿੰਦਾ ਹੈ ਮੈਨੂੰ
ਜ਼ਿੰਦਗੀ ਨੂੰ ਪਿਆਰ ਕਰਦਾ ਹਾਂ ਬਹੁਤ ,ਪਰ ਮੌਤ ਦੀ ਵੀ
ਅੱਖ ਦੇ ਵਿਚ ਅੱਖ ਪਾ ਕੇ ਹੱਸਣਾ ਆਉਂਦਾ ਹੈ ਮੈਨੂੰ
ਤਿੜਕ ਕੇ ਮੱਕੀ ਦੇ ਦਾਣੇ ਵਾਂਗ ਖਿੜ ਜਾਂਦਾ ਹੈ ਦਿਲ
ਜਦ ਵੀ ਤੇਰੇ ਦੁੱਖ ਵਿਚਦੀ ਲੰਘਣਾ ਪੈਂਦਾ ਹੈ ਮੈਨੂੰ
ਨਾ ਕੋਈ ਮੋਹ ਨਾ ਮੁਹੱਬਤ, ਨਾ ਕੋਈ ਲੱਗ ਨਾ ਲਗਾਵ
ਇਕ ਤੇਰਾ ਹੋਣਾ ਹੀ ਕਿੰਨਾ ਆਸਰਾ ਦਿੰਦਾ ਹੈ ਮੈਨੂੰ
ਟੰਗੇ ਨੇ ਥਾਂ- ਥਾਂ ‘ਤੇ ਜੋ, ਸਾਰੇ ਦੇ ਸਾਰੇ ਕੱਚ ਨੇਂ
ਬਸ ਉਹੀ ਸ਼ੀਸ਼ੈ, ਜਿਦ੍ਹੇ ‘ਚੋ ਤੇਰਾ ਮੂੰਹ ਦਿਸਦਾ ਹੈ ਮੈਨੂੰ
ਮੇਰੀ ਛਾਤੀ ਵਿਚ ਕੋਈ ਮੰਦਰ ਹੈ, ਜਿਸ ‘ਚੋਂ ਹਰ ਘੜੀ
ਨਾਮ ਤੇਰਾ, ਘੰਟੀਆਂ ਵੱਤ, ਖੜਕਦਾ ਸੁਣਦਾ ਹੈ ਮੈਨੂੰ
ਇਸ ਤਰ੍ਹਾਂ ਹੀ ਅੰਗ-ਸੰਗ ਤੁਰਦੀ ਰਹੀਂ ਮੇਰੀ ਗ਼ਜ਼ਲ
ਦੇ ਕੇ ਤੈਨੂੰ ਹਾਕ,ਹਰ ਕੋਈ ਬੁਲਾ ਲੈਂਦਾ ਹੈ ਮੈਨੂੰ
2
ਸ਼ੋਰ ਵਿਹੜੇ ‘ਚ ਖੜ੍ਹ ਗਿਐ ਆ ਕੇ,
ਇਸ ਘੜੀ ਮੌਨ ਧਾਰਨਾ ਪੈਣੈ।
ਕੌਣ ਹਾਂ ਮੈਂ, ਤੇ ਕਿਸ ਜਗ੍ਹਾ ‘ਤੇ ਹਾਂ,
ਇਹ ਦੁਬਾਰਾ ਵਿਚਾਰਨਾ ਪੈਣੈ।
ਪਾਣੀ, ਪਾਣੀ ਨਹੀਂ ਰਹੇ ਅੱਜਕਲ੍ਹ,
ਬਰਫ਼ ਬਣ ਗਏ, ਜਾਂ ਭਾਫ਼ ਬਣ ਗਏ ਨੇਂ,
ਜਾਪਦੈ ਆ ਰਹੇ ਨੇ ਉਹ ਦਿਨ, ਜਦ,
ਅੱਗ ਨੂੰ ਅੱਗ ਨਾਲ਼ ਠਾਰਨਾ ਪੈਣੈ।
ਇੱਕੋ ਵੇਲੇ ਵਿਖਾਉਣੀ ਪੈਣੀ ਹੈ,
ਆਪਣੀ ਤਾਕਤ, ਤੇ ਆਪਣੀ ਕਮਜ਼ੋਰੀ,
ਨੋਚਣਾ ਪੈਣੈ ਹਰ ਮੁਖੌਟਾ,ਪਰ,
ਆਪਣਾ ਘੁੰਡ ਵੀ ਉਤਾਰਨਾ ਪੈਣੈ।
ਬੇਵਿਸਾਹੀਆਂ ਦੇ ਮੌਸਮਾਂ ਅੰਦਰ,
ਚੱਲਣਾ ਪੈਣੈ ਜੁਆਰੀਆਂ ਵਾਂਗੂੰ,
ਕਿਧਰੇ ਕੰਕਰ ਵੀ ਸਾਂਭਣੇ ਪੈਣੇ,
ਕਿਧਰੇ ਹੀਰਾ ਵੀ ਹਾਰਨਾ ਪੈਣੈ।
ਰੁਤਬਾ, ਅਹੁਦਾ, ਮੁਕਾਮ, ਹਉਂ, ਹਸਤੀ,
ਸਾਥ, ਸਰਦਾਰੀਆਂ, ਸਮਝ, ਸ਼ੁਹਰਤ,
ਕਲਪਨਾਵਾਂ ਦਾ ਇਹ ਚੰਡੋਲ ਜਿਹਾ,
ਅੰਤ ਭੁੰਜੇ ਉਤਾਰਨਾ ਪੈਣੈ।
3
ਤੇਰੀ ਮੁੱਠੀ ‘ਚ ਰੰਗ ਨੇ ਜੇਕਰ
ਮੇਰੇ ਪਾਣੀ ‘ਚ ਘੋਲ ਕੇ ਦੱਸ ਖਾਂ।
ਬੰਦ ਕਿਸਮਤਪੁੜੀ ਸੁਗੰਧਾਂ ਦੀ
ਸਾਡੇ ਬੁੱਲਿਆਂ ‘ਚ ਖੋਲ੍ਹ ਕੇ ਦੱਸ ਖਾਂ।
ਤੇਰੀ ਪਰਵਾਜ਼ ਜੇ ਉਕਾਬੀ ਹੈ
ਫਿਰ ਇਹ ਇਜ਼ਹਾਰ ਕਿਉਂ ਕਿਤਾਬੀ ਹੈ ?
ਨੰਨ੍ਹੇ ਬੋਟਾਂ ਨੂੰ ਵੱਲ ਉੱਡਣ ਦਾ
ਅਪਣੇ ਖੰਭਾਂ ਨੂੰ ਤੋਲ ਕੇ ਦੱਸ ਖਾਂ।
ਸਾਂਝ, ਸ਼ਿੱਦਤ ਸੰਵੇਦਨਾ,ਸਦਭਾਵ
ਕਹਿੰਦੇ ਪੱਥਰਾਂ ਦੀ ਜੂਨ ਪੈ ਗਏ ਨੇ ,
ਪਾਣੀਆ!ਹੈਂ ਤਾਂ ਫਿਰ ਲਰਜ਼ ਕੇ ਵਿਖਾ
ਪਾਰਿਆ! ਹੈਂ ਤਾਂ ਡੋਲ ਕੇ ਦੱਸ ਖਾਂ ।
ਤੇਰੀ ਤਲਵਾਰ ਲਾਲ- ਸੁਰਖ ਦਿਸੇ
ਮੇਰਾ ਸਿਰ ਵੀ ਹੈ ਤੇਰੀ ਠੋਕਰ ‘ਤੇ
ਸੱਚੀਂ ਖ਼ੁਸ਼ ਏਂ ਤੂੰ ਮੇਰੇ ਕਤਲ ਤੋਂ ਬਾਅਦ ?
ਅਪਣਾ ਅੰਦਰ ਫਰੋਲ ਕੇ ਦੱਸ ਖਾਂ।
ਚਲ ਗੁਲਾਬਾਂ ਦੀ ਗੱਲ ਨਹੀਂ ਕਰਦੇ
ਤੇਰੇ ਥੋਹਰਾਂ ‘ਤੇ ਫੁੱਲ ਖਿੜੇ ਕਿ ਨਹੀਂ ?
ਸਾਡੀ ਬਾਰਿਸ਼ ਦਾ ਕੀ ਹਸ਼ਰ ਹੋਇਆ ?
ਗੂੰਗੀਏ ਮਿੱਟੀਏ ਬੋਲ ਕੇ ਦੱਸ ਖਾਂ।
4
ਬੁਝਿਆ ਹਾਂ ਦੀਪ ਵਾਗੂੰ,ਧੁੰਦ ਵਾਂਗ ਛਟ ਗਿਆ ਹਾਂ
ਤੇਰੇ ਵਜੂਦ ਅੱਗੇ ਕਿੰਨਾ ਸਿਮਟ ਗਿਆ ਹਾਂ
ਮੈਂ ਲਹਿ ਗਿਆ ਹਾਂ ਹਉਂ ਦੇ ਝੂਠੇ ਚਬੂਤਰੇ ‘ਤੋਂ
ਮੈਂ ਕਲਪਨਾ ਦੇ ਫ਼ਰਜ਼ੀ ਰਾਹਾਂ ‘ਚੋਂ ਹਟ ਗਿਆ ਹਾਂ
ਝੱਲੀ ਨਹੀਂ ਸੀ ਜਾਂਦੀ ਏਨੀ ਘੁਟਨ ,ਮੈਂ ਤਾਹੀਓਂ
ਦੁਨੀਆ ਦੀ ਭੀੜ ਵਿੱਚੋਂ ਥੋੜਾ ਕੁ ਘਟ ਗਿਆ ਹਾਂ
ਦੁਨੀਆ ਦਾ ਕੂੜ ਮੈਨੂੰ ਸੋਨਾ ਪਛਾਣਦਾ ਸੀ
ਲੈ ਵੇਖ, ਤੇਰੇ ਸਾਹਵੇਂ,ਮਿੱਟੀ ‘ਚ ਵਟ ਗਿਆ ਹਾਂ
ਬਲ਼ਦਾ ਪਿਆ ਸਾਂ,ਇਸਦੀ ਤੈਨੂੰ ਨਾ ਆਂਚ ਲੱਗੇ
ਇਹ ਸੋਚ ਕੇ ਹੀ ਤੇਰੇ ਰਸਤੇ ‘ਚੋਂ ਹਟ ਗਿਆ ਹਾਂ
ਮੈਨੂੰ ਸੰਭਾਲ ਨਦੀਏ,ਲੈ ਕੇ ਮੈਂ ਨਾਮ ਤੇਰਾ
ਤੇਰੇ ਵਹਾਅ ‘ਚ ਕਿਸ਼ਤੀ ਵਾਗੂੰ ਉਲਟ ਗਿਆ ਹਾਂ