ਚੁੱਪ ਕਿਉਂ ਹੋ ਅੰਕਲ- ਹਰਮੀਤ ਵਿਦਿਆਰਥੀ

ਚੁੱਪ ਕਿਉਂ ਹੋ ਅੰਕਲ
ਅੰਕਲ
ਉਹ ਮੇਰੀ ਤਸਵੀਰ ਸੀ
ਜਿਸਨੂੰ ਥਾਂ ਥਾਂ ਤੇ ਲਾ ਕੇ
ਤੁਸੀਂ ਆਪਣੇ ਯੁੱਧ ਨੂੰ
ਲੋਕ ਯੁੱਧ ਬਨਾਉਣ ਦਾ
ਐਲਾਨ ਕਰਦੇ ਰਹੇ
ਆਪਣੀਆਂ ਛੁੱਟੀਆਂ ਵਿੱਚ
ਨਾਨਕੇ ਜਾਣ ਦੀ ਥਾਂ
ਮੈਂ ਆਪਣੇ ਮੰਮੀ ਪਾਪਾ ਨਾਲ
ਸਿੰਘੂ ਬਾਰਡਰ ਤੇ ਗਈ ਸਾਂ
ਮੈਨੂੰ ਤਾਂ ਪਤਾ ਵੀ ਨਹੀਂ ਸੀ
ਕਿ ਕਿਉਂ ਲੜ ਰਹੇ ਹੋ ਤੁਸੀਂ
ਕੀ ਮੰਗਦੇ ਓ
ਕਿਉਂ ਮੰਗਦੇ ਓ
ਕਿਸ ਤੋਂ ਮੰਗਦੇ ਓ
ਬੱਸ ਚੰਗਾ ਲੱਗਦਾ ਸੀ
ਨਾਅਰਿਆਂ ਨੂੰ ਸੁਨਣਾ
ਇਸੇ ਲਈ ਤੁਹਾਡੀਆਂ ਆਵਾਜ਼ਾਂ ਵਿੱਚ
ਮਿਲਾ ਦਿੰਦੀ ਸੀ
ਆਪਣੀ ਤੋਤਲੀ ਆਵਾਜ਼
” ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ “
ਬੱਸ ਹਰ ਥਾ ਇਹੀ ਸੁਣਦਾ ਸੀ
ਫ਼ਸਲਾਂ ਬਚਾਉਣੀਆਂ ਨੇ
ਨਸਲਾਂ ਬਚਾਉਣੀਆਂ ਨੇ
ਅੰਕਲ
ਜਿਸ ਦਿਨ ਤੁਸੀਂ ਜਿੱਤ ਕੇ ਮੁੜੇ ਸੀ
ਉਸ ਦਿਨ ਬਹੁਤ ਖੁਸ਼ ਸਾਂ ਮੈਂ
ਜਿੱਤ ਦੇ ਅਰਥ ਤਾਂ ਪਤਾ ਨਹੀਂ ਸਨ
ਪਰ ਮੰਮੀ ਨਾਲ ਰਲ ਕੇ
ਆਪਣੇ ਨਿੱਕੇ ਨਿੱਕੇ ਪੈਰਾਂ ਨਾਲ
ਵਿਹੜੇ ਵਿੱਚ ਗਿੱਧਾ ਪਾਇਆ ਸੀ ਰੱਜ ਕੇ
ਡੈਡੀ ਹੁਰੀਂ ਰਾਤੀਂ ਝੁੱਗੀ ਦੇ ਬਾਹਰ ਬਹਿ ਕੇ
ਗੱਲਾਂ ਕਰਦੇ ਸੁਣਦੇ ਸੀ
ਇੱਕ ਵਾਰ ਤਾਂ ਫਸਲਾਂ ਬਚਾ ਲਈਆਂ
ਬਚੇ ਖੇਤਾਂ ਚ ਬੀਜੀ ਫਸਲ ਵੱਢੀ
ਫਸਲ ਘਰ ਆਈ
ਜਸ਼ਨ ਮਨਾਏ
ਮੈਂ ਪਾਪਾ ਨਾਲ ਖੇਤ ਜਾਂਦੀ
ਪਾਪਾ ਅੰਕਲ ਦੇ ਖੇਤਾਂ ਵਿੱਚ ਕੰਮ ਕਰਦੇ
ਮੈਂ ਮਿੱਟੀ ਨਾਲ ਖੇਡਦੀ ਰਹਿੰਦੀ
ਅਚਾਨਕ ਪਤਾ ਨਹੀਂ ਕਿਧਰੋਂ ਆਇਆ
ਇੱਕ ਲਾਂਬੂ
ਮੈਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਉਸਨੇ
ਮੰਜੀ ਥੱਲੇ ਲੁਕਣ ਲੱਗੀ
ਸਦਾ ਲਈ ਲੁਕ ਗਈ
ਅੰਕਲ
ਮੇਰਾ ਸੜਨਾ ਵੱਡੀ ਗੱਲ ਨਹੀਂ
ਸਾੜ ਦੀ ਪੀੜ ਤੋਂ ਜ਼ਿਆਦਾ ਦੁਖੀ ਕਰਦਾ ਏ
ਮੇਰੇ ਸੜਨ ਤੇ ਤੁਹਾਡਾ ਚੁੱਪ ਰਹਿਣਾ
ਖੇਤਾਂ ਚ ਅੱਗ ਬੀਜ ਕੇ
ਕਿੰਨਾ ਕੁ ਬਚਾ ਲਉਗੇ
ਆਪਣੀ ਮਿੱਟੀ ਚ ਅੱਗ ਬੀਜ ਕੇ
ਕਿੰਨੀ ਕੁ ਦੇਰ ਜਿਉਂਦੇ ਰਹੋਗੇ
ਜੇ ਜਖ਼ਮ ਨੂੰ ਦਵਾ ਨਾ ਮਿਲੇ
ਤਾਂ ਹੱਥ ਨਹੀਂ ਵੱਢ ਲਈਦੇ
ਅੰਕਲ
ਹੁਣ ਜਦੋਂ ਯੁੱਧ ਵਿੱਚ ਜਾਉਗੇ
ਕਿਹੜੇ ਮੂੰਹ ਨਾਲ ਮੇਰੀ ਤਸਵੀਰ ਲਾਉਗੇ
ਕਿਸ ਹੌਂਸਲੇ ਨਾਲ
ਆਪਣੀ ਜੰਗ ਨੂੰ ਲੋਕ ਯੁੱਧ ਕਹੋਗੇ
ਅੰਕਲ
ਉਹ ਮੇਰੀ ਤਸਵੀਰ ਸੀ
ਜਿਸਨੂੰ ਥਾਂ ਥਾਂ ਤੇ ਲਾ ਕੇ
ਤੁਸੀਂ ਆਪਣੇ ਯੁੱਧ ਨੂੰ
ਲੋਕ ਯੁੱਧ ਬਨਾਉਣ ਦਾ
ਐਲਾਨ ਕਰਦੇ ਰਹੇ
-ਹਰਮੀਤ ਵਿਦਿਆਰਥੀ
ਤਸਵੀਰ Gurpreet artist