ਜੱਲ੍ਹਿਆਂ ਵਾਲੇ ਬਾਗ਼ ਦਾ ਅੱਖੀਂ ਡਿੱਠਾ ਸਾਕਾ
– ਜੀ ਆਰ ਸੇਠੀ
(ਜੀ ਆਰ ਸੇਠੀ ਅੰਗਰੇਜ਼ੀ ਦੇ ਬਹੁਤ ਸੀਨੀਅਰ ਪੱਤਰਕਾਰ ਸਨ। ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ। ਇਹਨਾਂ ਦੀ 1988 ਵਿਚ ਮੌਤ ਹੋ ਗਈ ਸੀ। ਲੰਮੀ ਇੰਟਰਵਿਊ ਵਿਚੋਂ ਇੱਕ ਪੜ੍ਹਨ ਯੋਗ ਅੰਸ਼ ਤੁਹਾਡੇ ਲਈ ਪੇਸ਼ ਹੈ-ਵਰਿਆਮ ਸਿੰਘ ਸੰਧੂ)
ਹੁਣ ਮੈਂ ਤੁਹਾਨੂੰ ਜੱਲ੍ਹਿਆਂ ਵਾਲੇ ਬਾਗ਼ ਦੀ ਹਿਸਟਰੀ ਦੱਸਾਂ ਕਿ ਇਹ ਇੱਕ ਮੁਕਾਮ ਹੁੰਦਾ ਸੀ, ਜਿੱਥੇ ਕੂੜਾ ਕਰਕਟ ਸ਼ਹਿਰ ਦਾ ਜਮ੍ਹਾਂ ਕੀਤਾ ਜਾਂਦਾ ਸੀ। ਕਿਉਂਕਿ ਇੱਥੋਂ ਮਿਸਰੀ ਬਾਜ਼ਾਰ ਨੇੜੇ ਸੀ ਅਤੇ ਕੁੱਜਿਆਂ ਦਾ ਰਿਵਾਜ ਸੀ। ਕੁੱਜਿਆਂ ਦੇ ਜਿਹੜੇ ਮਿੱਟੀ ਦੇ ਡੱਕਣੇ ਹੁੰਦੇ ਸਨ, ਉਹਨਾਂ ਦਾ ਕੂੜਾ ਸਾਰਾ ਓਥੇ ਸਿੱਟਿਆ ਜਾਂਦਾ ਸੀ।
1919 ਦੇ ਵਿੱਚ ਅੰਮ੍ਰਿਤਸਰ ਵਾਲਿਆਂ ਨੇ, ਦਿੱਲੀ ਦੀ ਜਿਹੜੀ ਕਾਂਗਰਸ ਹੋਈ ਸੀ 1918 ਦੇ ਵਿੱਚ, ਓਥੇ ਜਾ ਕੇ ਦਾਅਵਤ ਦੇ ਦਿੱਤੀ ਕਿ ਅਗਲੀ ਜਿਹੜੀ ਕਾਂਗਰਸ ਹੈ ਉਹ ਅੰਮ੍ਰਿਤਸਰ ਦੇ ਵਿੱਚ ਹੋਵੇਗੀ, ਦਸੰਬਰ 1919 ਦੀ। ਲਾਹੌਰ ਵਾਲਿਆਂ ਕਿਹਾ ਸੀ ਕਿ ਸਾਡੇ ਹੋਏ। ਪਰ ਅੰਮ੍ਰਿਤਸਰ ਵਾਲੇ ਲਾਹੌਰ ਵਾਲਿਆਂ ਨੂੰ ਮਨਾ ਆਏ ਸਨ। ਲਾਹੌਰ ਵਾਲਿਆਂ ਨੇ ਕਿਹਾ ਠੀਕ ਹੈ, ਹੁਣ ਇਹ ਕਿਸੇ ਨੂੰ ਪਤਾ ਨਹੀਂ ਸੀ ਕਿ ਮਾਰਸ਼ਲ ਲਾ ਹੋ ਜਾਣਾ ਹੈ ਅਤੇ ਮਾਰਸ਼ਲ ਲਾ ਤੋਂ ਪਹਿਲਾਂ ਮਹਾਤਮਾ ਗਾਂਧੀ, ਸਵਾਮੀ ਸਤ ਦੇਵ ਨੂੰ ਅੰਮ੍ਰਿਤਸਰ ਭੇਜਿਆ ਕਿ ਤਿਆਰੀ ਕਰੋ। ਲੋਕਾਂ ਦੇ ਵਿੱਚ ਕਿੰਨਾ ਕੁ ਜੋਸ਼ ਹੈ। ਹੋਰ ਤਾਂ ਕੋਈ ਜਗ੍ਹਾ ਹੈ ਨਹੀਂ ਸੀ ਲੈਕਚਰ ਲਈ।
ਅੰਮ੍ਰਿਤਸਰ ਦੇ ਦੋ ਵੱਡੇ ਆਦਮੀ ਜਿਨ੍ਹਾਂ ਨੇ ਬੜੀ ਭਾਰੀ ਕੁਰਬਾਨੀ ਕੀਤੀ ਹੈ, ਜਿਨ੍ਹਾਂ ਨੂੰ ਅੱਜ ਕੱਲ ਲੋਕ ਭੁੱਲ ਗਏ ਨੇ, ਇੱਕ ਚੌਧਰੀ ਬੁੱਗਾ ਮੱਲ ਅਤੇ ਇੱਕ ਮਹਾਸ਼ਾ ਰਤੋ, ਇਹ ਦੋਨੋਂ ਜੋਸ਼ੀਲੇ ਆਦਮੀ ਸਨ, ਇੱਕ ਕੱਪੜੇ ਦੀ ਦਲਾਲੀ ਕਰਦਾ ਸੀ,ਮਹਾਸ਼ਾ ਰਤੋ, ਦੂਜੇ ਚੌਧਰੀ ਬੁੱਗੇ ਦੀ ਆਪਣੀ ਇੱਕ ਛੋਟੀ ਮੋਟੀ ਦੁਕਾਨ ਸੀ ਅਤੇ ਦੋਵੇਂ ਭਲਵਾਨੀ ਕਰਦੇ ਸਨ । ਇਹ ਆਰੀਆ ਸਮਾਜੀ ਖਿਆਲਾਂ ਦੇ ਸਨ। ਇਹਨਾਂ ਨੇ ਲੋਕਾਂ ਨੂੰ ਪ੍ਰੇਰਨਾ ਕਰ ਕੇ ਕਿਹਾ ਕਿ ਜਲ੍ਹਿਆਂ ਵਾਲਾ ਬਾਗ਼ ਦੀ ਸਫ਼ਾਈ ਕਰਾਈ ਜਾਵੇ। ਇਹਨਾਂ ਨੇ ਕੋਈ ਸੌ ਦੋ ਸੌ ਮਜ਼ਦੂਰ ਲਾ ਕੇ ਸ਼ਾਮੀਂ ਸੱਤ ਵਜੇ ਦੇ ਭਾਸ਼ਣ ਤੋਂ ਪਹਿਲਾਂ ਲੈਵਲ ਕਰ ਦਿੱਤਾ। ਸਵਾਮੀ ਸਤ ਦੇਵ ਸ਼ਾਇਦ 30 ਮਾਰਚ 1919 ਨੂੰ ਅੰਮ੍ਰਿਤਸਰ ਜਲ੍ਹਿਆਂਵਾਲੇ ਬਾਗ਼ ਵਿੱਚ ਆਏ, ਅਤੇ ਇਸ ਤਰ੍ਹਾਂ ਦਾ ਅੱਛਾ ਵਕਤ ਸੀ ਕਿ ਉਸਨੇ ਸਾਰੇ ਹਜੂਮ ‘ਤੇ ਐਨਾ ਅਸਰ ਪਾਇਆ ਕਿ ਲੋਕਾਂ ਦੀਆਂ ਅੱਖਾਂ ਵਿੱਚ ਆਸੂੰ ਆ ਗਏ। ਉਹਨਾਂ ਨੇ ਦੱਸਿਆ ਕਿ ਗੁਲਾਮੀ ਦੇ ਵਿੱਚ ਸਾਡਾ ਕੀ ਹਾਲ ਹੋ ਰਿਹਾ।
ਇਸ ਕਿਸਮ ਦੇ ਜਿਹੜੇ ਪ੍ਰਚਾਰਕ ਸਨ ਕਾਂਗਰਸ ਦੇ, ਉਹਨਾਂ ਦਾ ਕਾਫ਼ੀ ਅਸਰ ਸੀ; ਇੱਥੋਂ ਤੱਕ ਕਿ ਜਿਸ ਵੇਲੇ ਵਿਦੇਸ਼ੀ ਕੱਪੜੇ ਦੇ ਬਾਈਕਾਟ ਦਾ ਅੰਦੋਲਨ ਚੱਲਿਆ ਤੇ ਥਾਨਾਂ ਦੇ ਥਾਨ ਲੋਕਾਂ ਨੇ ਕੱਪੜੇ ਦੇ ਸਾੜੇ, ਬਾਜ਼ਾਰਾਂ ਵਿੱਚ ਅਤੇ ਜੇ ਕਿਸੇ ਨੇ ਰੋਕਣ ਦੀ ਜੁਰਅਤ ਕੀਤੀ ਹੈ, ਉਹਦੀ ਦੁਕਾਨ ਨੂੰ ਵੀ ਅੱਗ ਲਾ ਦਿੱਤੀ ਜਾਂ ਲੁੱਟ ਲਈ। ਐਨਾ ਜੋਸ਼ ਸੀ ਲੋਕਾਂ ਦੇ ਵਿੱਚ।
ਤਿੰਨ ਦਿਨ 10 ਅਪ੍ਰੈਲ ਤੋਂ ਲੈ ਕੇ 12 ਅਪ੍ਰੈਲ ਤੱਕ ਦੀ ਸ਼ਾਮ ਲੋਕਾਂ ਦਾ ਹੀ ਰਾਜ ਸੀ ਕਿਉਂਕਿ ਸਤਪਾਲ ਅਤੇ ਡਾ: ਕਿਚਲੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਸਮੇਂ ਦਾ ਡਿਪਟੀ ਕਸਿ਼ਨਰ ਇਸ ਗੱਲ ਤੇ ਸੜ ਗਿਆ ਕਿ ਹਿੰਦੂਆਂ ਅਤੇ ਮੁਸਲਮਾਨਾਂ ਨੇ ਸਾਂਝੇ ਤੌਰ ਤੇ ਰਾਮ ਨੌਮੀ ਮਨਾਈ ਸੀ 9 ਅਪ੍ਰੈਲ ਨੂੰ। ਉਹਦੇ ਵਿੱਚ ਮੁਸਲਮਾਨਾਂ ਨੇ ਅਤੇ ਹਿੰਦੂਆਂ ਨੇ ਇੱਕੋ ਪਿਆਲੇ ਵਿੱਚ ਪਾਣੀ ਪੀਤਾ । ਹਿੰਦੂ ਮੁਸਲਮਾਨਾਂ ਨੂੰ ਤਿਲਕ ਲਾ ਰਹੇ ਸਨ ਅਤੇ ਮੁਸਲਮਾਨ ਹਿੰਦੂਆਂ ਨੂੰ ਤਿਲਕ ਲਾ ਰਹੇ ਸਨ। ਉਸ ਜੋਸ਼ ਨੂੰ ਦੇਖ ਕੇ ਮਾਇਲਡ ਜਰਲਿਨ ਨੇ, ਜਿਹਨੇ ਆਪ ਜਲੂਸ ਵੇਖਿਆ, ਅਲਾਹਾਬਾਦ ਬੈਂਕ ਦੀ ਇਮਾਰਤ ਆਹਲੂਵਾਲੀਆ ਕਟਰੇ ਦੇ ਵਿੱਚ ਹੈਗੀ, ਓਥੇ ਬੈਠ ਕੇ ਦੇਖਿਆ ਸੀ, ਉਹਨੇ ਗਵਰਨਰ ਨੂੰ ਰਿਪੋਰਟ ਕੀਤੀ ਕਿ ਮੈਨੂੰ ਬਗ਼ਾਵਤ ਦੇ ਆਸਾਰ ਨਜ਼ਰ ਆ ਰਹੇ ਨੇ। ਇਸ ਕਰਕੇ ਉੱਪਰੋਂ ਹੁਕਮ ਹੋਇਆ ਕਿ ਤੁਸੀਂ ਇਹਨਾਂ ਦੋਨਾਂ ਨੂੰ ਫੜ੍ਹ ਲਓ, ਡਾ: ਕਿਚਲੂ ਅਤੇ ਡਾ: ਸਤਪਾਲ ਨੂੰ। ਇਹ ਵੀ ਉਸ ਜਲੂਸ ਵਿੱਚ ਸ਼ਾਮਿਲ ਸਨ। ਅਤੇ ਇਹਨਾਂ ਦੇ ਅਸਰ ਨਾਲ ਇਹ ਬਗ਼ਾਵਤ ਫ਼ੈਲਾਈ ਜਾ ਰਹੀ ਹੈ।
ਜਿਸ ਵੇਲੇ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਲੋਕਾਂ ਨੂੰ ਪਤਾ ਲੱਗਾ ਦਸ ਅਪ੍ਰੈਲ ਨੂੰ ਸਵੇਰੇ ਦਸ ਵਜੇ , ਗਿਆਰਾਂ ਵਜੇ ਸ਼ਹਿਰ ਦੇ ਬਹੁਤ ਸਾਰੇ ਲੋਗ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਦੀ ਕੋਠੀ ਜਾ ਕੇ ਕਹਿਣ ਕਿ ਇਹਨਾਂ ਨੂੰ ਛੱਡ ਦਿਓ। ਓਥੇ ਸੀ:ਆਈ:ਡੀ ਨੇ ਜਰਲਿਨ ਨੂੰ ਇਤਲਾਹ ਦਿੱਤੀ। ਚੁਨਾਂਚਿ ਇੱਕ ਦਸਤਾ, ਕਲਾਂਗੜੀ ਪਿੰਡ ਹੈਗਾ ਜਿਹੜਾ, ਓਥੇ ਇੱਕ ਛੋਟਾ ਪੁਲ ਸੀ, ਇਹਦੇ ਉੱਤੇ ਉਹਨਾਂ ਨੂੰ ਖੜਾ ਕਰ ਦਿੱਤਾ, ਅਤੇ ਲੋਕਾਂ ਨੂੰ ਕਿਹਾ ਕਿ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਿਓਂ ਹੀ ਲੋਕਾਂ ਨੇ ਨਾਹਰੇ ਵਗੈਰਾ ਲਾਏ, ਅਤੇ ਅੱਗੇ ਵਧਣ ਦੀ ਕੋਸਿ਼ਸ਼ ਕੀਤੀ, ਉਹਨਾਂ ਨੇ ਗੋਲੀ ਚਲਾ ਦਿੱਤੀ। ਚਾਰ ਪੰਜ ਆਦਮੀ ਮਾਰੇ ਗਏ, ਦਸ ਬਾਰਾਂ ਜ਼ਖ਼ਮੀ ਹੋ ਗਏ। ਇਸਦਾ ਨਤੀਜਾ ਇਹ ਹੋਇਆ ਕਿ ਲੋਕ ਲਾਸ਼ਾਂ ਚੁੱਕ ਕੇ ਸ਼ਹਿਰ ਵਿੱਚ ਲੈ ਗਏ। ਲੋਕਾਂ ਵਿੱਚ ਐਨਾ ਗੁੱਸਾ ਸੀ ਕਿ ਰਸਤੇ ਦੇ ਵਿੱਚ ਨੈਸ਼ਨਲ ਬੈਂਕ ਆਫ਼ ਇੰਡੀਆ, ਜਿਹੜਾ ਅੱਜ ਕੱਲ ਚਾਰਟਡ ਬੈਂਕ ਹੈ, ਇੱਕ ਅਲਾਂਇੰਸ ਬੈਂਕ ਹੁੰਦਾ ਸੀ, ਜਿਹੜਾ ਆਹਲੂਵਾਲੀਆ ਕਟੜੇ ਦੀ ਪੁਰਾਣੀ ਮਾਰਕਿਟ ਹੈ ਦੇ ਕੋਨੇ ਤੇ, ਇਹਨਾਂ ਬੈਂਕਾਂ ਵਿੱਚ ਕੰਮ ਕਰ ਰਹੇ ਅੰਗਰੇਜ਼ਾਂ ਨੂੰ ਮਾਰ ਦਿੱਤਾ ਅਤੇ ਬੈਂਕਾਂ ਦੇ ਗੁਦਾਮ ਲੁੱਟ ਲਏ।
ਮੈਂ ਉਸ ਵੇਲੇ ਖ਼ਾਲਸਾ ਕਾਲਜ ਦੇ ਵਿੱਚ ਪੜ੍ਹਦਾ ਸਾਂ। ਛੁੱਟੀਆਂ ਦੇ ਦਿਨ ਸਨ ਅਤੇ ਅਸੀਂ ਸਿਵਲ ਲਾਇਨ ਦੇ ਵਿੱਚ ਸੰਤ ਰਾਮ ਚੇਲਾ ਦਾ ਬਾਗ਼ ਹੈ, ਓਥੇ ਪੜ੍ਹਣ ਆਉਂਦੇ ਸੀ। ਇੱਥੇ ਰੌਲਾ ਪਿਆ ਕਿ ਸ਼ਹਿਰ ਵਿੱਚ ਲੁੱਟ ਪੈ ਗਈ ਹੈ। ਅਸੀਂ ਚਲੇ ਗਏ, ਸ਼ਹਿਰ ਜਾ ਕੇ ਦੇਖਿਆ ਕਿ ਜਿਹੜਾ ਅਲਾਇੰਸ ਬੈਂਕ ਦਾ ਸਾਹਿਬ ਹੈ, ਉਹਨੁੰ ਮਾਰ ਕੇ ਕੋਠੇ ਤੋਂ ਤੀਸਰੀ ਮੰਜਿ਼ਲ ਤੋਂ ਬਾਜ਼ਾਰ ਵਿੱਚ ਸੁੱਟਿਆ ਹੋਇਆ ਹੈ ਅਤੇ ਉਸ ਨੂੰ ਅੱਗ ਲਾ ਦਿੱਤੀ ਅਤੇ ਗੁਦਾਮ ਲੁੱਟ ਕੇ ਹਰ ਸ਼ਖ਼ਸ ਜਿਸ ਦਾ ਦਾਅ ਲੱਗਾ ਕੱਪੜੇ ਲੁੱਟ ਕੇ ਲਿਜਾ ਰਹੇ ਨੇ ਘਰਾਂ ਨੂੰ। ਇਸ ਤਰ੍ਹਾਂ ਮਾਲੂਮ ਹੋਇਆ ਜਿਵੇਂ ਅੰਗਰੇਜ਼ਾਂ ਦਾ ਰਾਜ ਨਹੀਂ ਰਿਹਾ। ਇਹ ਹਾਲਤ ਦਸ, ਗਿਆਰਾਂ ਅਪ੍ਰੈਲ ਤੱਕ ਚੱਲਦੀ ਰਹੀ।
13 ਅਪ੍ਰੈਲ ਨੂੰ ਮਾਰਸ਼ਲ ਲਾਅ ਦਾ ਐਲਾਨ ਕੀਤਾ ਗਿਆ, ਕਿਸੇ ਨੇ ਸੁਣਿਆ, ਕਿਸੇ ਨੇ ਨਹੀਂ ਸੁਣਿਆ। ਇੰਨੇ ਨੂੰ ਫ਼ੌਜ ਆ ਗਈ, ਜਨਰਲ ਡਾਇਰ ਦੀ, ਕਿ ਇੱਥੇ ਅਮਨ ਚੈਨ ਕਾਇਮ ਕਰਨਾ ਹੈ। ਸ਼ਾਮ ਦੇ ਵੇਲੇ ਪਤਾ ਲੱਗਾ ਕਿ ਜੱਲ੍ਹਿਆਂ ਵਾਲੇ ਬਾਗ਼ ਵਿੱਚ ਇੱਕ ਬੜੇ ਵੱਡੇ ਜਲਸੇ ਦਾ ਐਲਾਨ ਕੀਤਾ ਗਿਆ ਹੈ। ਇਹ ਵਿਸਾਖੀ ਦਾ ਦਿਨ ਸੀ। ਦਰਬਾਰ ਸਾਹਿਬ ਵਿੱਚ ਬਹੁਤ ਲੋਕ ਪਿੰਡਾਂ ਵਿੱਚੋਂ ਆਏ ਹੋਏ ਸਨ। ਲੱਖਾਂ ਦੀ ਤੈਦਾਦ ਵਿੱਚ ਵਿਸਾਖੀ ਦੇ ਦਿਨ ਇਕੱਠੇ ਹੋ ਜਾਂਦੇ ਔਰ ਜੱਲ੍ਹਿਆਂਵਾਲਾ ਬਾਗ਼ ਕਿਉਂਕਿ ਨੇੜੇ ਸੀ, ਕਈ ਭਲੇ ਲੋਕ ਮੱਥਾ ਟੇਕ ਕੇ ਆਰਾਮ ਕਰਨ ਲਈ ਓਥੇ ਆ ਗਏ। ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਇੱਥੇ ਜਲਸਾ ਹੈ। ਉਹ ਵੀ ਇੱਥੇ ‘ਕਰਾਊਡ’ ਵਿੱਚ ਸ਼ਾਮਿਲ ਹੋ ਗਏ।
ਮੈਂ ਵੀ ਉਸ ਵੇਲੇ ਵਿਦਿਆਰਥੀ ਸੀ। ਮੈਨੂੰ ਵੀ ਪਤਾ ਲੱਗਾ ਕਿ ਓਥੇ ਜਲਸਾ ਹੈ। ਅਸੀਂ ਵੀ ਸੋਚਿਆ ਕਿ ਚਲੋ ਓਥੇ ਤਮਾਸ਼ਾ ਵੇਖਦੇ ਹਾਂ। ਇੰਨੀ ਸਮਝ ਤਾਂ ਜਿ਼ਆਦਾ ਹੈ ਨਹੀਂ ਸੀ, ਲੇਕਿਨ ਜਦੋਂ ਮੈਂ ਅੰਦਰ ਜਾਣ ਲੱਗਾ ਤਾਂ ਮੇਰੇ ਤੋਂ ਇੱਕ ਮਿੰਟ ਪਹਿਲਾਂ ਅੰਦਰ ਫ਼ੌਜ ਦਾਖ਼ਲ ਹੋ ਰਹੀ ਸੀ। ਔਰ ਉਹਨਾਂ ਨੇ ਛੋਟਾ ਜਿਹਾ ਰਸਤਾ ਹੈ, ਸਾਰਾ ਤਿੰਨ ਫੁੱਟ ਚੌੜਾ ਜਲ੍ਹਿਆਂਵਾਲੇ ਬਾਗ਼ ਦਾ,ਔਰ ਸਾਨੂੰ ਸਿਪਾਹੀਆਂ ਨੇ ਅੰਦਰ ਨਹੀਂ ਜਾਣ ਦਿੱਤਾ ਅਤੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਅਤੇ ਬਹੁਤ ਸਾਰੇ ਲੋਕਾਂ ਦੀ ਆਵਾਜ਼ ਆਈ ਕਿ ਇਹ ਫ਼ੋਕੀ ਏ- ਇਹ ਝੂਠੀ ਜੇ, ਇਹ ਆਵਾਜ਼ ਮੈਂ ਸੁਣੀ। ਮੈਨੂੰ ਕਿਉਂਕਿ ਜੱਲ੍ਹਿਆਂ ਵਾਲੇ ਬਾਗ਼ ਦੇ ਦੂਸਰੇ ਰਸਤੇ ਵੀ ਆਉਂਦੇ ਸਨ। ਮੈਂ ਦਰਬਾਰ ਸਾਹਿਬ ਵਾਲੇ ਪਾਸੇ ਜਿਹੜਾ ਗੁਰੂ ਰਾਮਦਾਸ ਸਰਾਏ ਵੱਲੋਂ ਆਈਏ, ਅੱਜ ਕੱਲ ਬ੍ਰਹਮ ਬੂਟਾ ਅਖਾੜੇ ਦਾ ਬਾਜ਼ਾਰ ਹੈ, ਉਸ ਪਾਸਿਓਂ ਰਸਤੇ ਦਾ ਪਤਾ ਸੀ, ਓਧਰ ਜਾਣ ਲੱਗਿਆ। ਅਜੇ ਦਸ ਕਦਮ ਅੱਗੇ ਗਿਆ ਹੋਵਾਂਗਾ ਕਿ ਖ਼ੂਨ ਨਾਲ ਲੱਥ ਪੱਥ ਲੋਕ ਬਾਹਰ ਆਉਣੇ ਸ਼ੁਰੂ ਹੋ ਗਏ। ਫਿ਼ਰ ਪਤਾ ਲੱਗਾ ਕਿ ਗੋਲੀ ਚੱਲੀ ਏ। ਫਿ਼ਰ ਅਸੀਂ ਘਰ ਆ ਗਏ। ਘਰ ਆ ਕੇ ਮੈਂ ਅਜੇ ਬੈਠਿਆ ਹੀ ਸੀ ਕਿ ਮੇਰੇ ਮਾਪਿਆਂ ਨੁੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਕਿੱਥੇ ਗਿਆ, ਲੇਕਿਨ ਉਹਨਾਂ ਦਾ ਅਜਿਹਾ ਖਿ਼ਆਲ ਸੀ ਕਿ ਮੈਂ ਜੱਲ੍ਹਿਆਂਵਾਲੇ ਬਾਗ਼ ਜਾਵਾਂਗਾ, ਮੇਰਾ ਇੱਕ ਜਮਾਤੀ ਪੰਡਤ ਦੌਲਤ ਰਾਮ ਵਸਿ਼ਸ਼ਟ ਮੇਰੀ ਗਲੀ ਵਿੱਚ ਰਹਿੰਦਾ ਸੀ। ਉਹ ਗ਼ਰੀਬ ਆਦਮੀ ਸੀ। ਉਸਦੀ ਮਾਂ ਰੋਂਦੀ ਆ ਗਈ ਕਿ ਮੇਰੇ ਪੁੱਤਰ ਨੂੰ ਗੋਲੀ ਲੱਗੀ ਏ। ਹੁਣ ਮੈਨੂੰ ਉਹ ਕਹਿਣ ਲੱਗੀ ਕਿ ਉਸਦਾ ਇਲਾਜ ਕਰਾਓ। ਮੇਰਾ ਉਹ ਜਿਗਰੀ ਦੋਸਤ ਸੀ। ਮੈਂ ਉਹਨੂੰ ਕਿਹਾ ਕਿ ਚੱਲ ਮੈਂ ਮਹੱਲੇ ਵਿੱਚ ਫਲਾਣੇ ਫਲਾਣੇ ਡਾਕਟਰ ਨੂੰ ਜਾਣਦਾ ਹਾਂ ਤੇ ਮੈਂ ਤੈਨੂੰ ਓਥੇ ਲੈ ਚੱਲਦਾ ਹਾਂ। ਮੈਂ ਉਸਨੂੰ ਲੈ ਗਿਆ, ਡਾ: ਈਸ਼ਰ ਦਾਸ ਭਾਟੀਆ ਕੋਲ ਜਿਹੜੇ ਉਸ ਵੇਲੇ ਪਤਾ ਲੱਗਾ ਕਿ ਇਲਾਜ ਕਰ ਰਹੇ ਸਨ। ਓਥੇ ਜਾ ਕੇ ਪਤਾ ਲੱਗਾ ਕਿ ਉਹ ਕਿਸੇ ਹੋਰ ਆਦਮੀ ਦੀ ਗੋਲੀ ਕੱਢਣ ਬਾਹਰ ਗਏ ਹੋਏ ਸਨ। ਇੱਕ ਹੋਰ ਡਾਕਟਰ ਆਪਣਾ ਵਾਕਿਫ਼ ਸੀ, ਉਹਨਾਂ ਕੋਠੇ ਤੋਂ ਹੀ ਆਵਾਜ਼ ਦੇ ਦਿੱਤੀ। ਇਹਨਾਂ ਨੇ ਦੇਖਿਆ ਕਿ ਇਹ ਚੱਲ ਫਿ਼ਰ ਤਾਂ ਸਕਦਾ ਹੈ। ਇਹਨੇ ਕਿਹਾ ਕਿ ਮੈਂ ਚੁਰਾਸੀ ਅਟਾਰੀ ਕਿਸੇ ਹੋਰ ਆਦਮੀ ਦੀ ਜਾਨ ਬਚਾਣੀ ਹੈ, ਤੁਸੀਂ ਮੇਰੇ ਨਾਲ ਆ ਜਾਉ, ਓਥੇ ਇਸ ਦੇ ਪੱਟੀ ਕਰ ਦਿਆਂਗੇ। ਅਸੀਂ ਦੋਨੇਂ ਉਹਦੇ ਨਾਲ ਚਲੇ ਗਏ। ਚੁਰਾਸੀ ਅਟਾਰੀ ਦਾ ਫ਼ਾਸਲਾ ਸੀ। ਰਸਤੇ ਵਿੱਚ ਲੋਕ ਬੜੇ ਘਬਰਾਏ ਹੋਏ ਸਨ। ਲੇਕਿਨ ਡਾਕਟਰ ਕਿਦਾਰ ਨਾਥ ਬੜੇ ਹੌਂਸਲੇ ਵਾਲਾ ਆਦਮੀ ਸੀ। ਓਥੇ ਜਿਸ ਵੇਲੇ ਗਏ ਤੇ ਜਿਹਦੀ ਗੋਲੀ ਕੱਢੀ, ਉਹ ਮਰ ਗਿਆ। ਫ਼ੇਰ ਡਾਕਟਰ ਸਾਹਿਬ ਵਾਪਸ ਆ ਗਏ, ਇਹਦੀ ਪੱਟੀ ਕਰ ਦਿੱਤੀ ਅਤੇ ਕਹਿ ਦਿੱਤਾ ਕਿ ਗੋਲੀ ਅੰਦਰ ਨਹੀਂ ਹੈ, ਠੀਕ ਹੋ ਜਾਵੇਗਾ। ਚੁਨਾਂਚਿ ਆਪਣਾ ਤਜਰਬਾ ਇਹ ਦੇਖਿਆ ਕਿ ਫ਼ਲਾਣਾ ਦੋਸਤ ਮਰ ਗਿਆ, ਕਿਸੇ ਹੋਰ ਦੋਸਤ ਦਾ ਲੜਕਾ ਮਰ ਗਿਆ, ਰੌਲਾ ਜਿ਼ਆਦਾ ਪੈ ਗਿਆ। ਫ਼ੇਰ ਦੂਸਰੇ ਦਿਨ ਬਿਲੁਕਲ ਚੁੱਪ ਹੋ ਗਈ, ਫ਼ੌਜ ਨੇ ਗਸ਼ਤ ਸ਼ੁਰੂ ਕਰ ਦਿੱਤੀ ਅਤੇ ਸਖ਼ਤੀ ਦਾ ਆਲਮ ਇਹ ਹੋ ਗਿਆ ਕਿ ਖ਼ਾਲਸਾ ਕਾਲਜ ਅਸੀਂ ਪੜ੍ਹਦੇ ਸਾਂ, ਸਾਡੇ ਸਾਰੇ ਬਾਈਸਾਈਕਿਲ ਜ਼ਬਤ ਕਰ ਲਏ ਗਏ ਕਿ ਕੋਈ ਬਾਈਸਾਈਕਿਲ ਨਹੀਂ ਚਲਾ ਸਕਦਾ।
ਸਾਡਾ ਪ੍ਰਿੰਸੀਪਲ ਵਾਦਨ ਸੀ। ਅਸੀਂ ਸ਼ਹਿਰ ਦੇ ਵਿਦਿਆਰਥੀ ਦੋ -ਦੋ, ਤਿੰਨ-2 ਸੌ ਅਸੀਂ ਕਾਲਜ ਕਿਸ ਤਰ੍ਹਾਂ ਅਟੈਂਡ ਕਰੀਏ ਜਦੋਂ ਸਾਡੇ ਬਾਈਸਾਈਕਿਲ ਹੀ ਜ਼ਬਤ ਹੋ ਗਏ। ਉਹ ਸਾਡੇ ਨਾਲ ਅੱਗੇ ਲੱਗ ਕੇ ਬਾਈਸਾਈਕਿਲ ਤੇ ਛਾਉਣੀ ਗਿਆ ਅਤੇ ਜਨਰਲ ਡਾਇਰ ਕੋਲੋਂ ਇਜਾਜ਼ਤ ਲੈ ਦਿੱਤੀ ਕਿ ਖ਼ਾਲਸਾ ਕਾਲਜ ਦੇ ਵਿਦਿਆਰਥੀ ਬਾਈਸਾਈਕਿਲ ਤੇ ਆ ਜਾ ਸਕਦੇ ਹਨ। ਫ਼ੇਰ ਪਤਾ ਲੱਗਾ ਕਿ ਅੰਗਰੇਜ਼ਾਂ ਦੀ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਵਾਦਨ ਸਾਹਿਬ ਗਏ ਅਤੇ ਓਥੇ ਬਹੁਤ ਸਾਰੇ ਅੰਗਰੇਜ਼ਾਂ ਨੇ ਸਲਾਹ ਦਿੱਤੀ ਹੈ। ਇਹ ਮਾਰਸ਼ਲ ਲਾਅ ਤੋਂ ਪਹਿਲਾਂ ਸ਼ਾਇਦ ਸੀ ਜਾਂ ਇੱਕ ਦਮ ਬਾਅਦ ਵਿੱਚ, ਕਿ ਲੋਕਾਂ ਨੇ ਬਾਜ ਨਹੀਂ ਆਉਣਾ, ਇੱਥੇ ਹਵਾਈ ਜਹਾਜ਼ ਨਾਲ ਬੰਬਾਰੀ ਕੀਤੀ ਜਾਏ। ਮੈਨੂੰ ਜਿੱਥੋਂ ਤੱਕ ਪਤਾ ਲੱਗਾ ਮੈਂ ਵਾਦਨ ਸਾਹਬ ਤੋਂ ਤਸਦੀਕ ਵੀ ਕੀਤੀ ਕਿ ਉਹਨਾਂ ਨੇ ਕਿਹਾ ਸੀ ਕਿ ਅਗਰ ਦਰਬਾਰ ਸਾਹਿਬ ਨੂੰ ਕੁਝ ਹੋ ਗਿਆ ਤਾਂ ਸਿੱਖ ਕੌਮ ਸਾਰੀ ਉਮਰ ਕਦੇ ਵੀ ਤੁਹਾਨੂੰ ਮੁਆਫ਼ ਨਹੀਂ ਕਰੇਗੀ ਅਤੇ ਇਹ ਖ਼ਤਰਨਾਕ ਗੱਲ ਨਾ ਕਰਨਾ। ਚੁਨਾਂਚਿ ਵਾਦਨ ਸਾਹਿਬ ਦੇ ਕਹਿਣ ਤੇ ਇਹ ਬਲਾ ਟਲ ਗਈ ਔਰ ਇਸ ਗੱਲ ਦਾ ਸਿਹਰਾ ਮੈਂ ਸਮਝਦਾ ਹਾਂ ਕਿ ਵਾਦਨ ਸਾਹਿਬ ਦੇ ਸਿਰ ਜਾਂਦਾ ਹੈ।
ਹੁਣ ਇਹਦੇ ਬਾਅਦ ਅਮਨ ਸ਼ਾਂਤੀ ਹੋ ਗਈ। ਸਖ਼ਤੀ ਦਾ ਦੌਰ ਸ਼ੁਰੂ ਹੋ ਗਿਆ। ਫੜੋ ਫੜੀ ਸ਼ੁਰੂ ਹੋ ਗਈ। ਲੋਕਾਂ ਨੂੰ ਜਿਸ ਵੇਲੇ ਪਤਾ ਲੱਗਾ ਕਿ ਤਲਾਸ਼ੀਆਂ ਹੋਣਗੀਆਂ, ਜਿਹੜਾ ਚੋਰੀ ਦਾ ਕੱਪੜਾ ਅਤੇ ਬੈਂਕ ‘ਚ ਲੁੱਟ ਕੇ ਲਿਆਏ, ਐਨੇ ਲੋਕ ਡਰੇ ਹੋਏ ਸਨ ਕਿ ਜਿਨ੍ਹਾਂ ਨੇ ਨਵੇਂ ਥਾਨ ਆਪਣੇ ਖਰੀਦੇ ਹੋਏ, ਉਹਨਾਂ ਵੀ ਤਲਾਸ਼ੀ ਤੋਂ ਡਰਦੇ ਸਾਰਿਆਂ, ਉਹ ਵੀ ਥਾਨ ਬਾਜ਼ਾਰਾਂ ਦੇ ਵਿੱਚ ਸਿੱਟ ਦਿਤੇ। ਪੁਲਿਸ ਚੁੱਕ ਕੇ ਲੈ ਗਈ। ਦਹਿਸ਼ਤ ਬਹੁਤ ਫੈਲੀ ਹੋਈ ਸੀ। ਗ੍ਰਿਫ਼ਤਾਰੀਆਂ ਬਹੁਤ ਹੋ ਗਈਆਂ ਸਨ। ਇੱਥੋਂ ਤੱਕ ਕਿ ਵਕੀਲਾਂ ਦੇ ਨਾਮ ਰਜਿਸਟਰ ਹੋ ਗਏ, ਇਹਨਾਂ ਦੀ ਪਰੇਡ ਹੋਣੀ ਸ਼ੁਰੂ ਹੋਈ ਕਿ ਕੰਪਨੀ ਬਾਗ਼ ਵਿੱਚ ਦਸ ਵਜੇ ਇਕੱਠੇ ਹੋਵੋ। ਉਹ ਸਮਝਦੇ ਸਨ ਕਿ ਵਕੀਲ ਜਿਹੜੇ ਹਨ, ਇਹ ਜਿ਼ਆਦਾ ਕੌਮਪ੍ਰਸਤ ਹਨ, ਅਤੇ ਪ੍ਰਚਾਰ ਇਹ ਪੜ੍ਹੇ ਲਿਖੇ ਕਰਵਾਉਂਦੇ, ਇਹਨਾਂ ਉੱਤੇ ਵੀ ਥੋੜ੍ਹੀ ਬਹੁਤ ਸਖ਼ਤੀ ਹੋਈ। ਲੇਕਿਨ ਅੱਠ ਦਸ ਦਿਨ ਬਾਅਦ ਕੁਝ ਠੱਲ ਪੈ ਗਿਆ। ਮਾਰਸ਼ਲ ਲਾਅ ਦੇ ਬਾਅਦ ਮਹੀਨਾ ਭਰ ਦਹਿਸ਼ਤ ਦਾ ਆਲਮ ਰਿਹਾ।
ਬੁੱਗਾ ਚੌਧਰੀ, ਰਤੋ ਫੜੇ ਗਏ, ਇਹਨਾਂ ਤੇ ਕਤਲ ਦੇ ਮੁਕੱਦਮੇ, ਲੁੱਟ ਮਾਰ ਦੇ ਮੁਕੱਦਮੇ, ਪਹਿਲਾਂ ਇਹਨਾਂ ਨੂੰ ਫ਼ਾਂਸੀ ਦੀ ਸਜ਼ਾ ਹੋਈ ਸੀ, ਕਾਲੇ ਪਾਣੀ, ਫ਼ੇਰ ਪੰਡਿਤ ਮੋਤੀ ਲਾਲ ਨਹਿਰੂ , ਸੀ:ਆਰ:ਦਾਸ ਵਗੈਰਾ ਇੱਥੇ ਆਏ, ਉਹਨਾਂ ਦੇ ਦਖ਼ਲ ਨਾਲ ਅਤੇ ਪੰਡਤ ਮਾਲਵੀਆ ਦੇ ਦਖ਼ਲ ਨਾਲ , ਜਿਹੜੇ ਉਸ ਵੇਲੇ ਸੈਂਟਰਲ ਅਸੈਂਬਲੀ ਦੇ ਮੈਂਬਰ ਸਨ, ਉਹਨਾਂ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ ਗਈ। ਇਹ ਵਿਚਾਰੇ ਖ਼ਾਸਾ ਅਰਸਾ ਕਾਲੇ ਪਾਣੀ ਵਿੱਚ ਰਹੇ ਅਤੇ ਜਿਸ ਵੇਲੇ ਇਹ ਬਿਮਾਰ ਹੋ ਗਏ ਇਹਨਾਂ ਨੂੰ ਮੁਲਤਾਨ ਜੇਲ੍ਹ ਵਿੱਚ ਲਿਆਂਦਾ ਗਿਆ ਅਤੇ ਵੀਹ ਸਾਲ ਬਾਅਦ ਇਹਨਾਂ ਦੀ ਰਿਹਾਈ ਹੋਈ। ਹੁਣ ਕਿਉਂਕਿ ਮੇਰੇ ਇਹਨਾਂ ਨਾਲ ਸੰਬੰਧ ਕਾਫ਼ੀ ਨੇੜੇ ਦੇ ਹੋ ਗਏ ਸਨ ਅਤੇ ਜਿਸ ਵੇਲੇ 1947 ਵਿੱਚ ਆਜ਼ਾਦੀ ਆ ਗਈ ਤਾਂ ਮੈਂ ਦੇਖਿਆ ਕਿ ਇਹਨਾਂ ਵਿਚਾਰਿਆਂ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ। ਜਿਸ ਤਰ੍ਹਾਂ ਆਮ ਹੁੰਦਾ ਹੈ ਕਿ ਕੁਰਬਾਨੀ ਕਰਨ ਵਾਲੇ ਪਿੱਛੇ ਸੁੱਟੇ ਗਏ ਅਤੇ ਕਈ ਜਿਸ ਤਰ੍ਹਾਂ ਗੱਡੀ ਲੁੱਟ ਕੇ ਅੱਗੇ ਆ ਜਾਂਦੇ ਨੇ ਉਹ ਅੱਗੇ ਆ ਗਏ, ਉਹਨਾਂ ਨੇ ਖੱਦਰ ਦੇ ਜਾਮੇ ਪਹਿਨ ਲਏ, ਉਹਨਾਂ ਨੇ ਮੈਂਬਰਸ਼ਿਪਾਂ ਕਾਂਗਰਸ ਦੀਆਂ ਹਾਸਿਲ ਕਰ ਲਈਆਂ। ਇਹ ਨਹੀਂ ਕਿ ਸਾਰੇ ਇਸ ਤਰ੍ਹਾਂ ਦੇ ਸਨ, ਪਰ ਕੁਛ ਆਦਮੀ ਜਿਹੜੇ ਬਹੁਤ ਬਹੁਤ ਚਤੁਰ ਸਨ ਉਹਨਾਂ ਨੇ ਨਾਜਾਇਜ਼ ਫ਼ਾਇਦੇ ਉਠਾਉਣ ਖ਼ਾਤਿਰ ਆਪਣੇ ਆਪ ਨੂੰ ਮੈਂਬਰੀ ਲਈ ਪੇਸ਼ ਕਰ ਦਿੱਤਾ।