ਠੱਠੀ
ਕਹਾਣੀ ਜਗਜੀਤ ਗਿੱਲ
ਧਰਤੀ ਨੇ ਹੌਲ਼ੀ ਹੌਲ਼ੀ ਸਾਰਾ ਸੂਰਜ ਖਾ ਲਿਆ ਸੀ।ਸੂਰਜ ਦੀ ਰੱਤ ਅੰਬਰ ਨੂੰ ਮਟਮੈਲ਼ਾ ਕਰ ਰਹੀ ਸੀ।ਬੜਾ ਘੁੱਟ
ਜਿਹਾ ਲੱਗਾ ਸੀ।ਚਾਰੇ ਪਾਸੇ ਗਹਿਰ ਚੜ੍ਹੀ ਸੀ ਜਿਸ ਤੋਂ ਤਕੜੇ ਝੱਖੜ ਦਾ ਖ਼ਦਸ਼ਾ ਸੀ।ਔਰਤਾਂ ਨੇ ਤਾਰਾਂ ਉੱਤੋਂ ਲੀੜੇ ਲਾਹ ਲਏ ਤੇ ਪਥਕਣਾਂ ਵਿੱਚ ਸੁੱਕੀਆਂ ਪਾਥੀਆਂ ਦੇ ਢੇਰ ਲਾ ਕੇ ਉੱਤੇ ਪੱਲੇ ਪਾ ਦਿੱਤੇ ਸਨ।ਹੱਟੀ ਤੋਂ ਮੋਮਬੱਤੀਆਂ ਵੀ ਮੰਗਵਾ ਲਈਆਂ ਸਨ ਕਿਉਂਕਿ ਝੱਖੜ ਸ਼ੁਰੂ ਹੁੰਦਿਆਂ ਹੀ ਬੱਤੀ ਬੰਦ ਹੋ ਜਾਣੀ ਸੀ।ਪਾਣੀ ਵਾਲ਼ੇ ਘੜੇ ਭਰ ਕੇ ਰੱਖ ਲਏ ਸਨ।ਹੁਣ ਦੀ ਗਈ ਬੱਤੀ ਕੀ ਪਤਾ ਕਿੱਦਣ ਆਵੇ ਤੇ ਨਲ਼ਕਿਆਂ ਦਾ ਪਾਣੀ ਹੁਣ ਪੀਣ ਵਾਲ਼ਾ ਨਹੀਂ ਸੀ ਰਿਹਾ।ਕੈਂਸਰ ਨੇ ਇਸ ਪਿੰਡ ਵੀ ਪੈਰ ਪਸਾਰ ਲਏ ਸਨ।ਬਿੱਕਰ ਦੀ ਵਹੁਟੀ ਦੇ ਦੋਵੇਂ ਥਣ ਵੱਢਣੇ ਪਏ ਸਨ।ਪਰ ਫ਼ਿਰ ਵੀ ਡਾਕਟਰਾਂ ਵਰ੍ਹੇ ਤੋਂ ਵੱਧ ਜੀਣ ਦੀ ਹਾਮੀ ਨਹੀਂ ਸੀ ਭਰੀ।ਬੰਤੇ ਦੀ ਘਰਦੀ ਦੀ ਵੱਖੀ ਵਿੱਚ ਵੀ ਪੀੜ ਨਹੀਂ ਹਟਦੀ।ਡਾਕਟਰਾਂ ਘਰੇ ਲਿਜਾ ਕੇ ‘ਹੁਣ ਬੱਸ ਸੇਵਾ ਕਰਨ’ ਨੂੰ ਕਿਹਾ ਹੈ ਪਰ ਉਸਨੂੰ ਦੁਖਭੰਜਨੀ ਬੇਰੀ ਥੱਲਿਉਂ ਇਸ਼ਨਾਨ ਕਰਵਾਇਆ ਹੈ।ਕਹਿੰਦੇ,ਫ਼ਰਕ ਤਾਂ ਜਾਪਿਆ ਹੈ…ਵੇਖੋ…।
ਬਾਬੇ ਸੋਮੇ ਨੇ ਸੰਖ ਪੂਰ ਕੇ ‘ਦੁਖੁ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ’ਨਾਲ ਰਹਿਰਾਸ ਸ਼ੁਰੂ ਕਰ ਦਿੱਤੀ ਸੀ।ਪੰਛੀ ਵੀ ਡਾਰਾਂ ਬੰਨ੍ਹ ਬੰਨ੍ਹ ਕੇ ਘਰਾਂ ਨੂੰ ਪਰਤ ਰਹੇ ਸਨ।ਠੱਠੀ ਵਿੱਚਲੇ ਬੁੱਢੇ ਪਿੱਪਲ਼ ਉੱਤੇ ਆਲ੍ਹਣਿਆਂ ਵਿੱਚੋਂ ਬਗਲਿਆਂ ਦੀ ਕੈਂ ਕੈਂ ਦੀ ਅਵਾਜ਼ ਆ ਰਹੀ ਸੀ ਤੇ ਧੜਾ ਧੜ ਵੱਡੀਆਂ ਵੱਡੀਆਂ ਵਿੱਠਾਂ ਕਰ ਰਹੇ ਸਨ।ਉਨ੍ਹਾਂ ਦੀਆਂ ਵਿੱਠਾਂ ਤੋਂ ਦੁਖੀ,ਠੱਠੀ ਵਾਲਿਆਂ ਬੜੀ ਵਾਰ ਪਿੱਪਲ਼ ਨੂੰ ਵਢਾਉਣ ਦੀ ਸੋਚੀ ਪਰ ਪਿੱਪਲ ਨੂੰ ਬ੍ਰਾਹਮਣ ਦਾ ਰੂਪ ਸਮਝਿਆ ਜਾਂਦਾ ਹੋਣ ਕਰਕੇ ਸਿਆਣਿਆਂ ਨੇ ਵੱਢਣ ਤੋਂ ਮਨ੍ਹਾਂ ਕਰ ਦਿੱਤਾ ਸੀ।ਉਂਝ ਇਹ ਇੱਕੋ ਇੱਕ ਬ੍ਰਾਹਮਣ ਸੀ ਜਿਸਨੇ ਠੱਠੀ ਦੇ ਲੋਕਾਂ ਤੋਂ ਕਦੀ ਕੌਂਸ ਨਹੀਂ ਸੀ ਕੀਤੀ ਤੇ ਨਾ ਹੀ ਅਜੇ ਤਾਈਂ ਇਹ ਭਿੱਟਿਆ ਗਿਆ ਸੀ।ਇਹ ਤਾਂ ਸਗੋਂ ਬੜੀ ਸੰਘਣੀ ਛਾਂ ਦਿੰਦਾ ਸੀ।ਦੁੱਖ ਸਿਰਫ਼ ਭਗਤਾਂ ਦੇ ਭੇਸ ਵਿੱਚ ਲੰਮੀ ਬੋਦੀ ਵਾਲੇ ਬਗਲਿਆਂ ਦਾ ਸੀ ਜਿਹੜੇ ਸਿਰਾਂ ਵਿੱਚ ਜਾਂ ਚੌਂਕਿਆਂ ਵਿੱਚ ਵਿੱਠਾਂ ਮਾਰ ਕੇ ਗੰਦ ਪਾਉਂਦੇ ਸਨ।
ਝੋਨਾ ਲਾ ਕੇ ਬੁੱਢੀਆਂ,ਬੰਦਿਆਂ ਤੋਂ ਪਹਿਲਾਂ ਆ ਗਈਆਂ ਸਨ ਕਿਉਂਕਿ ਚੁੱਲ੍ਹੇ ਚੌਂਕੇ ਦਾ ਆਹਰ ਤਾਂ ਬੁੱਢੀਆਂ ਨੇ ਕਰਨਾ ਹੋਇਆ।ਬੰਦਿਆਂ ਜ਼ਰਾ ਹਟ ਕੇ ਆਉਣਾ ਸੀ ਕਿਉਂ ਜੁ ਡੰਗਰਾਂ ਵਾਸਤੇ ਪੱਠਾ ਦੱਥਾ ਵੀ ਲਈ ਆਉਣਾ ਸੀ।
“ਹੁਣ ਪੁਰਾਣੇ ਸਮੇਂ ਨਹੀਂ ਰਹੇ ਸੀਤੋ,ਪਹਿਲਾਂ ਤਾਂ ਜਿਹੜੀ ਮਰਜ਼ੀ ਵੱਟ ਤੋਂ ਘਾਹ ਵੱਢ ਲਿਆਈਦਾ ਸੀ ਪਰ ਹੁਣ ਜੱਟਾਂ ਦੀ ਨੀਤ ਬੜੀ ਮਾੜੀ ਹੁੰਦੀ ਜਾਂਦੀ ਹੈ,ਜੱਟੀਆਂ ਨੇ ਪਤਾ ਨ੍ਹੀਂ ਕੀ ਖਾ ਕੇ ਨਿਆਣੇ ਜੰਮੇ ਆ,ਔਂਤਰੇ ਮਾਸਾ ਮਾਸਾ ਜਿੰਨੇ,ਸਿਰ ਦੇ ਵਾਲ਼ਾਂ ਨੂੰ ਆਉਂਦੇ ਆ,ਚਿਲ਼ਾਈ ਦੇ ਦੋ ਪੱਤੇ ਵੀ ਨ੍ਹੀ ਤੋੜਨ ਦਿੰਦੇ,ਮੈਂ ਤਾਂ ਆਹਨੀਂ ਆਂ ਸਗੋਂ ਇਹ ਵੀ ਕੰਮੀ ਹੁੰਦੇ ਜਾਂਦੇ ਆ,ਉਹੋ ਮੈਂ ਆਖਿਆ ਕੰਮੀ ਹੁੰਦੇ ਜਾਂਦੇ ਆ,ਨਹੀਂ?”ਗੋ੍ਹਲਣ ਨੇ ਤੁਰੀ ਤੁਰੀ ਜਾਂਦੀ ਨੇ ਸੀਤੋ ਨੂੰ ਕਿਹਾ।
“ਆਹੋ ਭੈਣ ਮੰਗਿਆਈ ਵੀ ਤਾਂ ਕਿੰਨੀ ਵਧ ਗਈ ਆ,ਜੱਟ ਵੀ ਵਿਚਾਰੇ ਕੀ ਕਰਨ,ਖਾਦਾਂ ਦਵਾਈਆਂ ਦੇ ਭਾਅ ਨਿੱਤ ਵਧਦੇ ਜਾਂਦੇ,ਹਣਾ ਭੀ?ਛੀਂ ਮਹੀਨੀਂ ਜਾ ਕੇ ਰੁਪੱਈਏ ਦਾ ਮੂੰਹ ਵੇਖਣਾ ਹੁੰਦਾ ਤੇ ਉਹ ਵੀ ਜੇ ਡਾਹਢੇ ਦੀ ਮਰਜ਼ੀ ਹੋਈ ਤਾਂ,ਹਣਾ ਭੀ…?”ਸੀਤੋ ਨੇ ਜੱਟਾਂ ਦੀ ਹਾਮੀ ਭਰੀ।
“ਤੂੰ ਤਾਂ ਜੱਟਾਂ ਵੱਲ ਦੀ ਗੱਲ ਕਰਨੀ ਹੋਈ ਸੀਤੋ ਬੰਦੀਏ,ਸਾਰੀ ਉਮਰ ਤੂੰ ਭਾਲੇ ਦੀ ਬਹਿਕ’ਤੇ ਹੀ ਰਹੀ ਏਂ,ਤੈਨੂੰ ਕਿਸੇ ਚੀਜ਼ ਦੀ ਤੋਟ ਜੁ ਨਹੀਂ ਆਉਣ ਦਿੱਤੀ ਉਨ੍ਹਾਂ,ਉਹੋ ਮੈਂ ਆਖਿਆ ਤੋਟ ਜੁ ਨ੍ਹੀ ਆਉਣ ਦਿੱਤੀ,ਨਹੀਂ…?”
ਗੋ੍ਹਲਣ ਗੱਲ ਕਰਦੀ ਨੇ ਕਨੱਖੀਏ ਸੀਤੋ ਵੱਲ ਝਾਕਿਆ ਤੇ ਦੰਦਾਂ’ਚ ਜ਼ੁਬਾਨ ਦੇ ਕੇ ਅੱਖ ਮਾਰੀ।ਸਾਰੀਆਂ ਉਸਦੀ ਗੁੱਝੀ ਟਾਂਚ ਸਮਝ ਕੇ ਮੁਸ਼ਕੜੀਏ ਹੱਸ ਪਈਆਂ।ਸੀਤੋ ਕੱਚੀ ਜਿਹੀ ਹੋ ਗਈ ਪਰ ਸ਼ਰਮਿੰਦੀ ਨਾ ਹੋਈ-“ਕੀ ਕਰੀਏ ਭੈਣਾ,ਨਾ ਸਰਦੇ ਨੂੰ ਬੜਾ ਕੁਝ ਝੱਲਣਾ ਪੈਂਦਾ ਈ,ਹਣਾ ਭੀ…?”ਸੀਤੋ ਦਾ ਖਸਮ ਸੰਮਾ ਭਾਲੇ ਹੁਰਾਂ ਨਾਲ ਰਿਹਾ ਸੀ।ਰਿਹਾ ਕਾਹਦਾ ਸੀ,ਰਹਿਣਾ ਪਿਆ ਸੀ।
ਉਦੋਂ ਸੀਤੋ ਨਵੀਂ ਨਵੀਂ ਵਿਆਹੀ ਆਈ ਸੀ।ਸੰਮਾ ਜੈਮਲ ਨਾਲ ਦਿਹਾੜੀ ਕਰਦਾ ਸੀ।ਜੈਮਲ ਮਿਸਤਰੀ ਸੀ ਤੇ ਸ਼ਹਿਰ ਕੋਠੀਆਂ ਪਾਉਂਦਾ ਸੀ।ਸੰਮਾ ਉਹਦੇ ਨਾਲ ਪੱਕਾ ਈ ਦਿਹਾੜੀਆ ਲੱਗਾ ਸੀ।ਬਾਦ ਵਿੱਚ ਜੈਮਲ ਦਾ ਕੰਮ ਬਾਹਰ ਦਾ ਬਣ ਗਿਆ ਤੇ ਸੰਮਾ ਰਹਿ ਗਿਆ ਭਾਲੇ ਕੇ ਪੱਠੇ ਪਾਉਣ ਜੋਗਾ।ਭਾਲੇ ਹੁਰੀਂ ਸਵੇਰੇ ਚਾਹ ਬੜੀ ਕਰਾਰੀ ਪਿਆਉਂਦੇ ਸਨ।ਗਿਆਰਾਂ ਕੁ ਵਜੇ ਸੁਸਤੀ ਪੈਣ ਲੱਗਣੀ ਤਾਂ ਭਾਲੇ ਫ਼ਿਰ ਸੰਤੋ ਨੂੰ ਕਾਨੇਂ ਗੱਡਵੀਂ ਚਾਹ ਬਣਾਉਣ ਨੂੰ ਕਹਿਣਾ।ਚਾਹ ਪੀ ਕੇ ਉਸ ਫ਼ਿਰ ਨੌ ਬਰ ਨੌ ਹੋ ਜਾਣਾ।ਚਾਹ ਦਾ ਬੱਧਾ ਸੰਮਾ ਭਾਲੇ ਦੀ ਬਹਿਕ ਜੋਗਾ ਹੋ ਕੇ ਰਹਿ ਗਿਆ।ਜਦੋਂ ਕਿਤੇ ਭਾਲੇ ਨੇ ਦਿਹਾੜੀ ਨਾ ਸੱਦਣਾ ਤਾਂ ਉਹਦਾ ਸਰੀਰ ਟੁੱਟਦਾ ਰਹਿਣਾ।ਹੋਰ ਕਿਸੇ ਦੇ ਘਰੋਂ,ਚਾਹ ਦੇ ਉਹ ਗੈ੍ਹਟੇ ਹੀਂ ਸਨ ਬੱਝਦੇ ਜਿਹੜੇ ਭਾਲੇ ਦੀ ਚਾਹ ਨਾਲ ਬੱਝਦੇ।ਸਾਰਾ ਦਿਨ ਸਰੀਰ’ਚ ਤੱਰਾਟਾਂ ਜਿਹੀ ਉੱਠਦੀਆਂ ਰਹਿੰਦੀਆਂ।ਫ਼ਿਰ ਇੱਕ ਦਿਨ ਭਾਲੇ ਦੀ ਚਾਹ ਨੇ ਵੀ ਕੋਈ ਜੌਹਰ ਨਾ ਵਿਖਾਇਆ-“ਅੱਜ,ਗੱਲ ਨਹੀਂ ਬਣੀ ਬਿੰਬਰਾ ਓਦਣ ਵਾਲੀ…”ਝਕਦੇ ਝਕਦੇ ਨੇ ਭਾਲੇ ਨੂੰ ਕਹਿ ਦਿੱਤਾ।ਸਾਬਕਾ ਪੰਚਾਇਤ ਮੈਂਬਰ ਹੋਣ ਕਰਕੇ ਭਾਲੇ ਨੂੰ ਪਿੰਡ’ਚ ਬਿੰਬਰ ਹੀ ਕਹਿੰਦੇ।
“ਭਾਊ ਗੱਲ ਐਂਵੇਂ ਨਹੀਂ ਬਣਦੀ…ਚਾਹ ਵਿੱਚ ਜਿਹੜਾ ਮਸਾਲਾ ਪਾਈਦਾ ਨਾ,ਉਹ ਮਿਲਦਾ ਨਹੀਂ ਹੁਣ,ਤਾਂਹੀਂਏਂ ਮਾਂਹਗਾ ਵੀ ਬਾਹਲ਼ਾ ਹੋ ਗਿਆ ਗੜੀ ਪੈਣਾ।ਜੇ ਤੂੰ ਪੀਣੀ ਆ ਚਾਹ ਤਾਂ ਮਾਇਆ ਦਾ ਘੁੰਡ ਥੋੜ੍ਹਾ ਚੁੱਕਣਾ ਪੈਣਾ,ਅੱਾਹ ਤੇ ਵੀਰਾ…ਅੱਾਹ।”ਭਾਲੇ ਨੇ ਸਿੱਧੇ ਸ਼ਬਦਾਂ ਵਿੱਚ ਸਮਝਾ ਦਿੱਤਾ ਸੀ।
ਉਹ ਚਾਹ ਵਿੱਚ ਅਫ਼ੀਮ ਘੋਲ਼ ਕੇ ਪਿਆਉਂਦਾ ਸੀ ਤਾਂ ਕਿ ਦਿਹਾੜੀ ਆਇਆ ਬੰਦਾ ਕੰਮ ਨੂੰ ਕਾਹਲ਼ਾ ਵਗੇ ਤੇ ਕੰਮ ਘੱਟ ਸਮੇਂ’ਚ ਬਾਹਲ਼ਾ ਨਿਬੜੇ।ਸੰਮਾ ਬੱਸ ਹੁਣ ਭਾਲੇ ਹੁਰਾਂ ਜੋਗਾ ਹੋ ਕੇ ਰਹਿ ਗਿਆ ਸੀ।ਤੜਕੇ ਉਨ੍ਹਾਂ ਦੀਆਂ ਬਰੂਹਾਂ ਜਾ ਮੱਲਦਾ।ਕਦੇ ਡੰਗਰਾਂ ਨੂੰ ਪੱਠੇ ਪਾ,ਕਦੇ ਘੋੜਿਆਂ ਦੀ ਲਿੱਦ ਸੁੱਟ,ਕਦੇ ਧਾਰਾਂ ਕੱਢ ਲਿਆ,ਕਦੇ ਕਿਸੇ ਖੱਤੇ ਨੂੰ ਪਾਣੀ ਬੰਨ੍ਹ,ਕਦੇ ਡੰਗਰ ਵੱਛੇ ਨੂੰ ਛਾਵੇਂ ਕਰ।ਸੀਤੋ ਗੋਹਾ ਕੂੜਾ ਕਰਦੀ,ਪੀਹਣ ਕਰਦੀ,ਭਾਂਡੇ ਮਾਂਜਦੀ,ਵਿਹੜਾ ਹੂੰਝਦੀ,ਨਿਆਣਿਆਂ ਦਾ ਗੂੰਹ ਮੂਤ ਸੁੱਟਦੀ ਤੇ ਭਾਲੇ ਕੀਆਂ ਬੁੱਢੀਆਂ ਦੀਆਂ ਬੁੱਤੀਆਂ ਨੱਤੀਆਂ ਕਰਦੀ।ਸੰਮੇ ਨੇ ਨਿੱਕੀ ਭੈਣ ਦੇ ਵਿਆਹ ਉੱਤੇ ਵੀ ਕਰਜ਼ਾ ਭਾਲੇ ਹੁਰਾਂ ਤੋਂ ਹੀ ਚੁੱਕਿਆ ਸੀ।ਵੱਡੀ ਪਿੰਡ ਦੇ ਤਰਖਾਣਾਂ ਦੇ ਮੁੰਡੇ ਨਾਲ ਨਿਕਲ ਗਈ ਤੇ ਨਹੀਂ ਤਾਂ ਕਰਜ਼ਾ ਹੋਰ ਵੀ ਜ਼ਿਆਦਾ ਚੜ੍ਹ ਜਾਣਾ ਸੀ।ਕਰਜ਼ਾ ਹੁਣ ਸਣੇ ਵਿਆਜ ਇੰਨਾ ਕੁ ਹੋ ਗਿਆ ਸੀ ਕਿ ਨਾ ਕਦੇ ਭਾਲੇ ਹੁਰਾਂ ਦੱਸਿਆ ਸੀ ਕਿ ਕਿੰਨਾ ਹੋ ਗਿਆ ਤੇ ਨਾ ਕਦੇ ਸੰਮੇ ਹੁਰਾਂ ਪੁੱਛਿਆ ਸੀ ਕਿ ਕਿੰਨਾ ਰਹਿ ਗਿਆ।ਪਹਿਲਾਂ ਪਹਿਲਾਂ ਕਰਜ਼ਾ ਲਾਹੁਣ ਲਈ ਉਹ ਉਨ੍ਹਾਂ ਨਾਲ ਸਾਲ ਵਾਸਤੇ ਰਹਿ ਪਿਆ ਸੀ ਪਰ ਅਗਲਿਆਂ ਅਫ਼ੀਮ ਦਾ ਖਰਚਾ ਵੀ ਵਿੱਚੇ ਜੋੜ ਜੋੜ ਕੇ ਕਰਜ਼ੇ ਦਾ ਏਡਾ ਪਹਾੜ ਖੜਾ ਕਰ ਦਿੱਤਾ ਕਿ ਸੰਮਾ ਤੇ ਉਹਦੀ ਵਹੁਟੀ ਸੀਤੋ ਬੱਸ ਸੌਣ ਵਾਸਤੇ ਹੀ ਠੱਠੀ ਆਉਂਦੇ।
ਸੰਮਾ ਅਸਲੋਂ ਰਹਿ ਗਿਆ ਸੀ ਤੇ ਅਫ਼ੀਮ ਦਾ ਨਸ਼ਾ ਨਾ ਪੁੱਗਣ ਕਰਕੇ ਭਾਲੇ ਹੁਰਾਂ ਉਸਨੂੰ ਜਵਾਬ ਦੇ ਦਿੱਤਾ-“ਨਾ ਭਾਊ,ਨਾ,ਗੜੀ ਪੈਣੀ ਸਰਕਾਰ ਨੇ ਸਖ਼ਤੀ ਕਰ’ਤੀ ਆ।ਹੁਣ ਨਹੀਂ ਗੱਲ ਬਣਨੀ,ਆਪਣਾ ਪ੍ਰਬੰਧ ਕਰ’ਲਾ ਭਾਊ…ਅੱਾਹ ਤੇ ਵੀਰਾ…ਅੱਾਹ”ਭਾਲੇ ਸਾਫ਼ ਸਿਰ ਮਾਰ ਦਿੱਤਾ।ਕੁਝ ਦਿਨ ਉਹਦੇ ਹੱਡ ਪੈਰ ਟੁੱਟਦੇ ਰਹੇ।ਤੇ ਫ਼ਿਰ ਕਿੰਨੇ ਦਿਨਾਂ ਤੋਂ ਉਸਨੂੰ ਘਰੋਂ ਬਾਹਰ ਨਿਕਲੇ ਨੂੰ ਵੀ ਕਿਸੇ ਨਾ ਵੇਖਿਆ।
“ਬੰਦਾ ਭਾਵੇਂ ਕਿੰਨਾ ਵੀ ਹੱਡਾਂ ਪੈਰਾਂ ਦਾ ਸੱਬਲ਼ ਕਿਉਂ ਨਾ ਹੋਵੇ ਭਾਊ,ਨਸ਼ਾ ਖੋਖਲ਼ਿਆਂ ਕਰ ਈ ਦਿੰਦੈ ਗੜੀ
ਪੈਣਾ,ਹੇਖਾਂ ਸੰਮਾ ਸਿਹੁੰ ਵੀ ਤਾਂ ਭੰਗ ਦੇ ਭਾੜੇ ਈ ਗਿਆ,ਸੀਤੋ ਦੇ ਅਜੇ ਚਾਅ ਵੀ ਨ੍ਹੀਂ ਲੱਥੇ ਵਿਚਾਰੀ ਦੇ,ਅੱਾਹ ਤੇ ਵੀਰਾ…ਅੱਾਹ…”ਸੰਮੇ ਦੇ ਸੱਥਰ ੳੁੱਤੇ ਬਹਿੰਦਿਆਂ ਭਾਲੇ ਨੇ ਕਿਹਾ ਸੀ।ਤੇ ਵੈਣ ਪਾਉਂਦੀ ਸੀਤੋ ਵੱਲ ਕਨੱਖੀਂ ਝਾਕ ਕੇ ਕਿਹਾ- “ਕਰਜ਼ਾ ਵੀ ਵਾਹਵਾ ਚੜ੍ਹਾ ਗਿਆ,ਗੜੀ ਪੈਣਾ ਸੰਮਾ।ਹੁਣ ਲਾਹੁਣਾ ਤਾਂ ਵਿਚਾਰੀ ਸੀਤੋ ਨੂੰ ਈ ਨੂੰ ਪੈਣਾ ਏ ਨਾ,ਕਿਸੇ ਨਾ ਕਿਸੇ ਤਰੀਕੇ…ਅੱਾਹ ਤੇ ਵੀਰਾ…ਅੱਾਹ…”ਭਾਲੇ ਨੇ ਮੜ੍ਹੀਆਂ ਵਿੱਚ ਬਾਲਣ ਸੁਟਾ ਦਿੱਤਾ ਸੀ ਪਰ ਉਸਨੇ ਖਾਤੇ ਵਿੱਚ ਨਹੀਂ ਸੀ ਚੜ੍ਹਾਇਆ।ਕਰਜ਼ਾ ਲਾਹੁਣ ਦਾ ਤਰੀਕਾ ਉਸਨੇ ਭੋਗ ਤੋਂ ਬਾਦ ਗੋਹਾ ਕੂੜਾ ਕਰਨ ਆਈ ਸੀਤੋ ਨੂੰ ਅੱਖਾਂ ਅੱਖਾਂ ਨਾਲ ਸਮਝਾ ਦਿੱਤਾ ਸੀ।
ਬੂਹਾ ਢੋਣ ਦੇ ਨਾਂ’ਤੇ ਗੋ੍ਹਲਣ ਨੇ ਪੱਲੀ ਨੂੰ ਦੋਵੇਂ ਕੰਨੀਆਂ ਤੋਂ ਕਿੱਲਾਂ ਨਾਲ ਬੰਨ੍ਹ ਦਿੱਤਾ।ਫ਼ਿਰ ਵੀ ਨਲਕੇ ਨੂੰ ਮੰਜੇ ਦਾ ਓਹਲਾ ਕਰਕੇ ਉੱਤੇ ਘਸੀ ਜਿਹੀ ਡੱਬੀਆਂ ਵਾਲ਼ੀ ਚਾਦਰ ਪਾ ਕੇ ਗੋ੍ਹਲਣ ਨਹਾਉਣ ਲੱਗ ਪਈ।ਮੁੜ੍ਹਕੇ ਨਾਲ ਗਲ਼ਿੱਜੇ ਲੀੜੇ ਲਾਹ ਕੇ ਮੰਜੇ ਦੀ ਪੈਂਦ’ਚ ਅੜਾ ਦਿੱਤੇ।ਮਾੜਾ ਮੋਟਾ ਸਾਬਣ ਲਾ ਕੇ ਉਸ ਪਿੰਡਾ ਸੁੱਚਾ ਕੀਤਾ।ਨਿੰਮੋ ਰੋਟੀ ਪਾਣੀ ਵਾਸਤੇ ਰੋਹੀ ਤੋਂ ਕਿੱਕਰਾਂ ਤੇ ਅੱਕ ਦੀਆਂ ਟਾਹਣੀਆਂ ਸੂਰਜ ਰਹਿੰਦਿਆਂ ਚੁਗ ਲਿਆਈ ਸੀ ਤੇ ਆ ਕੇ ਸਕੂਲੋਂ ਮਿਲਿਆ ਛੁੱਟੀਆਂ ਦਾ ਕੰਮ ਵੀ ਅੱਧਾ ਪਚੱਦਾ ਨਿਬੇੜ ਲਿਆ ਸੀ।ਦੱਸਵੀਂ ਕਰ ਲੈਣ’ਤੇ ਉਸ ਬਥੇਰਾ ਆਖਿਆ ਭੀ ਹੁਣ ਸਕੂਲ ਦਾ ਖਹਿੜਾ ਛੱਡ ਦੇ ਪਰ ਸਕੂਲ ਵਾਲਾ ਮਾਸਟਰ ਇਹਦੇ ਪਿਉ ਨੂੰ ਸਮਝਾ ਗਿਆ-ਅਖੇ ਬੜੀ ਹੁਸ਼ਿਆਰ ਬੱਚੀ ਹੈ,ਇਹਨੂੰ ਪੜ੍ਹਣੋਂ ਨਾ ਹਟਾਇਆ ਜੇ,ਸਾਰੇ ਧੋਣੇ ਧੋ ਦਿਊਗੀ ਜੇ ਇੱਕ ਵਾਰੀ ਮੁਕਾਬਲੇ ਦਾ ਇਮਤਿਹਾਨ ਪਾਸ ਕਰ ਗਈ ਤਾਂ…ਬੰਦਾ ਮਸ਼ਟਰ ਨੂੰ ਪੁੱਛੇ ਭੀ ਜਿਹੋ ਜਿਹਾ ਜ਼ਮਾਨਾ ਏ ਕੁੜੀਆਂ ਆਵਦੀ ਪੱਤ ਲੈ ਕੇ ਆਵਦੇ ਘਰੇ ਚਲੀਆਂ ਜਾਣ ਇੰਨਾ ਹੀ ਬਹੁਤ ਏ,ਉਹੋ ਮੈਂ ਆਖਿਆ ਏਨਾ ਈ ਬਹੁਤ ਏ,ਨਹੀਂ?”ਉਸਨੂੰ ਇਹ ਤਾਂ ਪਤਾ ਨਹੀਂ ਸੀ ਕਿ ਧੋਣੇ ਕਿੱਦਾਂ ਧੋ ਦਿਊਗੀ ਪਰ ਮਾਸਟਰ ਦਾ ਮਾਣ ਰੱਖਦਿਆਂ ਗਾਗੀ ਨੇ ਨਿੰਮੋ ਨੂੰ ਮਾਣੋਚਾਹਲ ਵੱਡੇ ਸਕੂਲ ਯਾਰ੍ਹਵੀਂ’ਚ ਪੜ੍ਹਣੇ ਪਾ ਦਿੱਤਾ।
ਨਿੰਮੋ ਠੱਠੀ ਦੀਆਂ ਸਾਰੀਆਂ ਕੁੜੀਆਂ ਨਾਲੋਂ ਹੁੰਦੜਹੇਲ ਨਿਕਲੀ ਸੀ।ਉਹਨੇ ਤਾਂ ਮਾਂ ਤੋਂ ਵੀ ਸਿਰ ਕੱਢ ਲਿਆ ਸੀ।ਟਾਂਗਲ਼ ਜਿਹੀ ਤੁਰਨ ਲੱਗੀ ਝੋਲ਼ ਮਾਰਦੀ ਸੀ।ਬਥੇਰਾ ਆਖਿਆ ਭਈ ਸਿੱਧੀ ਹੋ ਕੇ ਤੁਰਿਆ ਕਰੇ ਤੇ ਚੁੰਨੀ ਹਿੱਕ ਉੱਤੋਂ ਦੀ ਖਿਲਾਰ ਕੇ ਲਿਆ ਕਰੇ ਪਰ ਨਹੀਂ।ਮੱਥੇ ਦੀਆਂ ਠੀਕਰਾਂ ਭੰਨ ਕੇ ਵੇਖ ਲਈਆਂ ਪਰ ਅੱਜ ਕੱਲ੍ਹ ਦੇ ਧੀਆਂ ਪੁੱਤਾਂ ਆਖੇ ਕਿੱਥੇ ਲੱਗਣਾ ਸਿੱਖਿਆ?ਉਹਨੇ ਵੇਖਿਆ ਸੀ ਜਦੋਂ ਸ਼ੰਗਾਰੇ ਕਾ ਅਮਨਾ ਜਿਹੜਾ ਕਾਲਜ ਪੜ੍ਹਦਾ ਏ,ਜਦੋਂ ਝੋਨਾ ਲਾਉਣ ਲਈ ਟੋਲੀ ਕਹਿਣ ਆਇਆ,ਕਿੱਦਾਂ ਆਨੇ ਟੱਡ ਕੇ ਨਿੰਮੋ ਦੀ ਹਿੱਕ ਵੱਲ ਵੇਖੀ ਜਾ ਰਿਹਾ ਸੀ।ਨਿੰਮੋ ਦਾ ਰੰਗ ਸਉਲ਼ਾ ਸੀ ਪਰ ਨੈਣ ਨਕਸ਼ ਤਿੱਖੇ ਹੋਣ ਕਰਕੇ ਫ਼ੱਬਦੀ ਸੀ।ਮਾਂ ਨਾਲ ਹੱਥ ਵਟਾਉਂਦੀ ਉਹ ਅੰਨ ਪਾਣੀ ਕਰ ਦਿੰਦੀ ਤੇ ਮਾਂ ਸ਼ਾਹਾਂ ਦਾ ਗੋਹਾ ਕੂੜਾ ਕਰ ਆਉਂਦੀ।ਗੋ੍ਹਲਣ ਕਦੇ ਵੀ ਉਸਨੂੰ ਗੋਹਾ ਕੂੜਾ ਕਰਨ ਨਾ ਘੱਲਦੀ-“ਭਾਈ ਜ਼ਮਾਨਾ ਨ੍ਹੀਂ ਚੰਗਾ,ਫ਼ਿਰ ਜੁ ਕਿਸੇ ਦੇ ਧੀ ਪੁੱਤ ਨੂੰ ਦੋਸ਼ ਦੇਵਾਂਗੇ…ਆਪਣਾ ਘਰ ਰੱਖੀਏ ਸੰਭਾਲ਼ ਕੇ ਤੇ ਚੋਰ ਨਾ ਕਿਸੇ ਨੂੰ ਆਖੀਏ… ਉਹੋ ਮੈਂ ਆਖਿਆ ਚੋਰ ਨਾ ਕਿਸੇ ਨੂੰ ਆਖੀਏ,ਨਹੀਂ?”ਉਹ ਆਪਣੇ ਮਨ ਵਿੱਚ ਕਹਿੰਦੀ।
ਨਿੱਕਾ ਲੱਥ ਤਾਂ ਪਤਾ ਨਹੀਂ ਕਿੱਥੇ ਕੁੱਤੇ ਖੱਸੀ ਕਰਦਾ ਫ਼ਿਰਦਾ ਹੋਣੈਂ।ਝੋਨਾ ਲਾ ਕੇ ਤਾਂ ਕਦੋਂ ਦਾ ਵਿਹਲਾ ਹੋ ਕੇ
ਆਇਆ।ਕਈ ਦਿਨ ਹੋ ਗਏ ਉਹ ਸਕੂਲ ਨਹੀਂ ਸੀ ਗਿਆ।ਘਰਦਿਆਂ ਨਾਲ ਝੋਨਾ ਲਵਾਉਣ ਕਰਕੇ ਉਸਨੇ ਛੁੱਟੀਆਂ
ਮਾਰੀਆਂ ਸਨ।
ਕੰਧ ਉੱਤੋਂ ਸਿਰੀ ਕੱਢ ਕੇ ਵਿਹੰਦੀ ਸੀਤੋ ਨੂੰ ਗੋ੍ਹਲਣ ਦੱਸ ਰਹੀ ਸੀ-‘ਨਿੱਕੇ ਦੇ ਸਕੂਲ ਵਾਲਾ ਮਸ਼ਟਰ ਆਇਆ ਸੀ ਝੱਬੂਦਾੜ੍ਹਾ ਜਿਹਾ,ਅਖੇ ‘ਸਕੂਲੇ ਪੜ੍ਹਣ ਵਾਲਿਆਂ ਨਿਆਣਿਆਂ ਨੂੰ ਮਜੂਰੀ ਨ੍ਹੀਂ ਕਰਨ ਦੇਂਦੀ ਸਰਕਾਰ,ਮੈਂ ਤਾਂ ਸਕੂਲੇ ਲੈ ਕੇ ਜਾਣਾ’,ਮੈਂ ਤਾਂ ਸਿੱਧਾ ਕਹਿ’ਤਾ ਭੀ ਸਰਕਾਰ ਸਾਡੇ ਝੋਨੇ ਲਾ ਦੇਵੇ ਤੇ ਅਸੀਂ ਘੱਲ ਦੇਨੇਂ ਆਂ ਸਕੂਲ਼ੇ ਤੇ ਨਾਲੇ ਇਹਨੇ ਕਿਹੜਾ ਪੜ੍ਹ ਕੇ ਡੀ.ਸੀ. ਲੱਗ ਜਾਣਾ,ਜੱਟਾਂ ਦੇ ਪੱਠੇ ਈ ਪਾਉਣੇ ਆ… ਉਹੋ ਮੈਂ ਆਖਿਆ ਜੱਟਾਂ ਦੇ ਪੱਠੇ ਈ ਪਾਉਣੇ ਆ,ਨਹੀਂ?”
ਕੁਝ ਦਿਨ ਪਹਿਲਾਂ ਜਦੋਂ ਪ੍ਰਾਇਮਰੀ ਸਕੂਲ ਦਾ ਮਾਸਟਰ ਮੇਜਰ ਸਿਹੁੰ ਨਿੱਕੇ ਨੂੰ ਲੈਣ ਆਇਆ ਤਾਂ ਗੋ੍ਹਲਣ ਨੇ ਕਹਿ ਸੁਣਾਇਆ ਸੀ।
“ਡੀ.ਸੀ. ਵੀ ਤਾਂ ਤੁਹਾਡੇ ਹੀ ਲੱਗੇ ਆ ਬੀਬੀ,ਜੱਟ ਤਾਂ ਵਿਚਾਰੇ ਮੁੱਛਾਂ ਨੂੰ ਈ ਵੱਟ ਚਾੜ੍ਹਨ ਜੋਗੇ ਰਹਿ ਗਏ ਆ। ਹੁਣ ਤਾਂ ਪਟਵਾਰੀ ਤੋਂ ਲੈ ਕੇ ਡੀ.ਸੀ. ਤੱਕ ਸਭ ਤੁਹਾਡੇ ਈ ਬੰਦੇ ਲੱਗੇ ਆ।”ਮੇਜਰ ਸਿਹੁੰ ਦੇ ਮੂੰਹੋਂ ਸ਼ਬਦ ਨਿਕਲਣੋਂ ਰੁਕੇ ਨਾ।“ਕੀ ਪਤਾ ਕਿਹੜੇ ਲੱਗੀ ਜਾਂਦੇ ਆ ਡੀ.ਸੀ.,ਪਟਵਾਰੀ,ਜਿਹੜੇ ਇੱਕ ਵਾਰ ਕੁੰਡਲ਼ ਮਾਰ ਕੇ ਬਹਿ ਜਾਂਦੇ ਆ ਉਹ ਹੋਰ ਕਿਸੇ ਨੂੰ ਅੱਗੇ ਆਉਣ ਦਿੰਦੇ ਆ ਭਲਾ?ਅਮੀਰ ਹੋਰ ਅਮੀਰ ਹੋਈ ਜਾਂਦੇ ਆ,ਅਸੀਂ ਤਾਂ ਮ੍ਹਾਤੜਾਂ ਨੇ ਇੱਥੇ ਈ ਰਹਿਣਾ…ਨਾਲ਼ੇ ਤੂੰ ਪੰਦਰਾਂ ਸਾਲ ਹੋਗੇ ਇਸੇ ਸਕੂਲੇ ਪੜ੍ਹਾਉਣ ਡਿਆ ਏਂ ਅਜੇ ਤਾਂਈਂ ਤੇਰਾ ਪੜ੍ਹਾਇਆ ਤਾਂ ਕੋਈ ਵਿਚਾਰਾ ਮਸ਼ਟਰ ਮੂਸ਼ਟਰ ਵੀ ਨਹੀਂ ਲੱਗਾ,ਨਹੀਂ?”
ਮੇਜਰ ਸਿਹੰੁ ਸੁਣ ਕੇ ਠਿੱਠ ਜਿਹਾ ਹੋ ਗਿਆ ਤੇ ਬੁੜ ਬੁੜ ਕਰਦਾ ਚਲਾ ਗਿਆ-‘ਢੱਠੇ ਖੂਹ ਵਿੱਚ ਪਵੋ,ਨਹੀਂ ਤੇ ਨਾ ਸਹੀ,ਅੱਾਹ…ਮੁਖ਼ਤ ਦੀ ਪੜ੍ਹਾਈ ਤੇ ਦਵਾਈ ਨ੍ਹੀ ਕਿਸੇ ਨੂੰ ਪਚਦੀ ਹੁੰਦੀ।ਸਰਕਾਰ ਵੀ ਇਨ੍ਹਾਂ ਨੂੰ ਅੰਨ੍ਹੀਆਂ ਸਹੂਲਤਾਂ ਦੇ ਕੇ ਪੈਸਾ ਈ ਖਰਾਬ ਕਰਨ ਡਹੀ ਏ।ਇਹ ਇਸੇ ਵਾਹੇ ਵਾਲੇ ਈ ਆ।ਠੀਕ ਈ ਕਿਹਾ ਸੀ ਸਰਾਂਵਾਂ ਵਾਲੇ ਮਾਸਟਰ ਗੁਰਨਾਮ ਸਿਹੁੰ ਨੇ-‘ਜੇ ਠੱਠੀ ਵਾਲੇ ਪੜ੍ਹ ਗਏ ਤਾਂ ਸਾਡੇ ਪੱਠੇ ਕੀਹਨੇ ਪਾਉਣੇ ਆਂ?’ਇਨ੍ਹਾਂ ਦਾ ਤਾਂ ਵੱਢਿਆ ਰੂਹ ਨ੍ਹੀਂ ਕਰਦਾ ਪੜ੍ਹਣ ਨੂੰ,ਇਹ ਠੱਠੀ ਜੋਗੇ ਹੀ ਰਹਿਣੇ ਨੇ…।’ਮੇਜਰ ਸਿਹੁੰ ਜਿਵੇਂ ਬੇਵੱਸ ਹੋਇਆ ਸਕੂਲ ਮੁੜ ਆਇਆ ਸੀ।
ਹਨੇਰਾ ਵਾਹਵਾ ਹੋ ਗਿਆ ਸੀ ਪਰ ਗਾਗੀ ਅਜੇ ਤੱਕ ਘਰੇ ਨਹੀਂ ਸੀ ਆਇਆ।ਉੱਤੋਂ ਝੱਖੜ ਵੀ ਆਖੇ ਬੱਸ ਅੱਜ ਈ ਆਂ।ਹੱਥ ਨੂੰ ਹੱਥ ਨਹੀਂ ਸੀ ਦਿੱਸਦਾ।ਬੂਹੇ ਬੱਧੀ ਪੱਲੀ ਵੀ ਉੱਡ ਕੇ ਮਾਤਾ ਰਾਣੀ ਵਾਲੇ ਜੰਡ ਨਾਲ ਜਾ ਅੜੀ ਸੀ।ਇੱਕੋ ਪੱਲੀ ਸੀ।ਜੱਟ ਤਾਂ ਪੱਲੀ ਬਣਾਉਣ ਲਈ ਖਾਦ ਵਾਲੇ ਖਾਲੀ ਤੋੜੇ ਦੇਣ ਲੱਗਿਆਂ ਵੀ ਰੋਂਦੇ ਆ।ਅਖੇ ਅਸੀਂ ਵੀ ਬਣਾਉਣੀਆਂ ਹੁੰਦੀਆਂ ਨੇ ਪੱਲੀਆਂ…ਬੰਦਾ ਪੁੱਛੇ ਤੁਸੀਂ ਚਿੱਤੜਾਂ’ਚ ਲੈਣੀਆਂ ਪੱਲੀਆਂ,ਨਾ ਤੁਸੀਂ ਤੂੜੀ ਢੋਣੀ,ਨਾ ਤੁਸੀਂ ਡੰਗਰਾਂ ਵਾਲੇ ਢਾਰਿਆਂ ਅੱਗੇ ਪਾਉਣੀਆਂ,ਨਾ ਤੁਸੀਂ ਬੂਹੇ ਬੰਦ ਕਰਨ ਲਈ ਤਾਣਨੀਆਂ,ਬੱਸ ਭੁੱਖ ਈ ਪੈ ਗਈ ਏ ਹੁਣ ਤਾਂ…।ਜੱਟ ਤਾਂ ਬੱਸ ਨਾਂ ਦੇ ਈ ਜੱਟ ਰਹਿ ਗਏ ਆ।ਇਹ ਤਾਂ ਨੇਂਘ ਦੀ ਜੂੰ ਨਹੀਂ ਦੇਂਦੇ।ਜੱਟ ਤਾਂ ਹੁੰਦੇ ਸੀ ਪੁਰਾਣੇ,ਇਨ੍ਹਾਂ ਦੇ ਬੁੜੇ੍ਹ।ਬੜੇ ਖੁੱਲ੍ਹ ਦਿਲੇ ਹੁੰਦੇ ਸੀ।ਜਿੰਨਾ ਮਰਜ਼ੀ ਸਾਗ ਤੋੜਨਾ,ਗੰਡ’ਤੇ ਬਹਿ ਕੇ ਜਿੰਨਾ ਮਰਜ਼ੀ ਗੁੜ ਖਾਣਾ।ਦੁਸਹਿਰੇ ਵਾਲੇ ਦਿਨ ਗੰਨੇ ਨਵੇਂ ਕਰਨੇ।ਕਮਾਦ ਵਿੱਚ ਵੜ ਕੇ ਜਿੰਨੇ ਮਰਜ਼ੀ ਗੰਨੇ ਚੂਪਣੇ।ਜੱਟੀਆਂ ਨੇ ਕਿੰਨੀਆਂ ਕਿੰਨੀਆਂ ਛੱਲੀਆਂ ਘੱਲ ਦੇਣੀਆਂ। ਅਖੇ ਨਿਆਣੇ ਭੱਠੀ ਤੋਂ ਦਾਣੇ ਭੰੁਨਾਅ ਕੇ ਖਾਣਗੇ ਤਾਂ ਬਰਕਤ ਪਊਗੀ।ਲੋਹੜੀ ਵਾਲੀ ਰਾਤ ਰੌਹ ਵਾਲੀ ਖੀਰ ਬਣਾਉਣ ਲਈ ਬਾਲਟੀ ਬਾਲਟੀ ਰੌਹ ਦੀ ਘੱਲ ਦੇਣੀ।ਅਖੇ ਮਾਘੀ ਮੌਕੇ ਨਿਰਨੇ ਕਾਲ਼ਜੇ ਦਹੀਂ ਪਾ ਕੇ ਮੋਠਾਂ ਵਾਲ਼ੀ ਖਿਚੜੀ ਤੇ ਰੌਹ ਦੀ ਖੀਰ ਖਾਣਾ ਸ਼ਗਨ ਹੁੰਦਾ।ਸਾਂਝ ਸੀ ਜੱਟਾਂ ਦੀ,ਠੱਠੀ ਵਾਲ਼ਿਆਂ ਨਾਲ।ਐਂਵੇਂ ਨ੍ਹੀਂ ਆਂਹਦੇ ਭੀ ਜਾਤ ਜਿੰਨਾ ਮਰਜ਼ੀ ਵੰਡੀਆਂ ਪਾ ਲਵੇ,ਪੰਡ ਬੰਨ੍ਹਣ ਲੱਗਿਆਂ ਮਜ਼ਹਬੀ ਤੇ ਜੱਟ ਦੇ ਸਿਰ ਜੁੜ ਹੀ ਜਾਂਦੇ ਆ,ਉਹੋ ਮੈਂ ਆਖਿਆ ਸਿਰ ਜੁੜ ਜਾਂਦੇ ਆ,ਨਹੀਂ?’ਗੋ੍ਹਲਣ ਸੋਚਾਂ ਵਿੱਚ ਪਤਾ ਨਹੀਂ ਕਿੱਥੇ ਪਹੁੰਚ ਗਈ ਸੀ।
ਘੰਟਾ ਉਡੀਕ,ਦੋ ਘੰਟੇ ਉਡੀਕ ਅੱਜ ਤਾਂ ਹੱਦ ਕਰ’ਤੀ।ਝੱਖੜ ਰਤਾ ਥੰਮ੍ਹਿਆ ਤਾਂ ਗ੍ਹੋਲਣ ਨੇ ਆਪਣੇ ਵੱਡੇ ਮੁੰਡੇ ਕੋਕਣ ਨੂੰ ਕਿਹਾ-“ਕੋਕਣਾ,ਵੇ ਕੋਕਣਾ,ਵੇ ਉੱਠ ਕੇ ਵੇਖ ਵੇ ਤੇਰਾ ਭਾਊ ਨਹੀ ਆਇਆ… ਪਹਿਲਾਂ ਤਾਂ ਉਹਨੇ ਕਦੀ ਇੰਨਾ ਨ੍ਹੇਰਾ ਨ੍ਹੀਂ ਕੀਤਾ,ਰੱਬ ਸੁੱਖ ਰੱਖੇ,ਸਮੈਕੀਏ ਤਾਂ ਦਸਾਂ ਰਪੱਈਆਂ ਪਿੱਛੇ ਬੰਦਾ ਮਾਰ ਦਿੰਦੇ ਆ,ਉਹੋ ਮੈਂ ਆਖਿਆ ਬੰਦਾ ਮਾਰ ਦਿੰਦੇ ਆ,ਨਹੀਂ?”ਕੋਕਣ ਨੇ ਪਾਸਾ ਪਰਤਿਆ ਤੇ ਫ਼ਿਰ ਕੰਨਾਂ ਘੇਸਲ ਮਾਰ ਈ,“ਊਂ…ਊਂ…”
“ਵੇ ਉੱਠ ਵੀ ਪੈ ਕਲ਼ੇਜਾ ਕਢਾਉਣਿਆਂ,ਪਿਉ ਆਵਦੇ ਨੂੰ ਲਿਆ ਲੱਭ ਕੇ…ਕੰਜਰ ਨੂੰ,ਮੈਂ ਆਂਹਨੀਂ ਆਂ…”ਉਹਨੇ ਰਤਾ ਖਿਝ ਕੇ ਕਿਹਾ ਤਾਂ ਉਹ ਬਹਿ ਕੇ ਜਟੂਰੀਆਂ ਵਲ਼੍ਹੇਟਣ ਲੱਗ ਪਿਆ।
“ਸੌਣ ਮਰਨ ਵੀ ਨ੍ਹੀਂ ਦੇਣਾ ਕਿਹੇ ਕੰਜਰ ਨੂੰ ਚੰਗੀ ਤਰ੍ਹਾਂ…ਅੱਾਹ…”ਤੜਕੇ ਦਾ ਦਿਹਾੜੀ ਗਏ ਕੋਕਣ ਨੂੰ ਸ਼ਾਹਾਂ ਨੇ ਖਉ ਪੀਏ ਤੱਕ ਸਾਹ ਨਹੀਂ ਸੀ ਲੈਣ ਦਿੱਤਾ-“ਕਣਕ ਵਾਲੀ ਦਿਹਾੜੀ ਚੱਲਦੀ ਹੋਣ ਕਰਕੇ ਜੱਟ ਬੰਦੇ ਦੀ ਬੱਸ ਢੂਈ ਨਹੀਂ ਮਾਰਦੇ,ਕਚੂੰਮਰ ਤਾਂ ਕੱਢ ਈ ਦਿੰਦੇ ਆ।ਇਨ੍ਹਾਂ ਦਾ ਤਾਂ ਕੰਮ ਹੀ ਬੰਦੇ ਦਾ ਲਹੂ ਨਿਚੋੜਨਾ ਬਣ ਗਿਆ।ਇਨ੍ਹਾਂ ਦਾ ਤਾਂ ਵੱਸ ਨਹੀਂ ਚੱਲਦਾ,ਇਹ ਤਾਂ ਸੂਰਜ ਨੂੰ ਵੀ ਠੰੁਮ੍ਹਣਾ ਦੇ ਕੇ ਉੱਤਾਂਹ ਖਲ੍ਹਾਰੀ ਛੱਡਣ ਤੇ ਕਹਿਣ-‘ਹੇਖਾਂ ਸੂਰਜ ਤਾਂ ਸਿਰ’ਤੇ ਆ ਅਜੇ ਤੇ ਤੂੰ ਹੁਣੇ ਝਾੜਣ ਲੱਗ ਪਿਐਂ ਲੀੜਾ ਲੱਤਾ…?’ਸ਼ਾਹਾਂ ਦਾ ਕੰਮ ਨਿੱਬੜ ਵੀ ਗਿਆ ਹੋਵੇ ਤਾਂ ਵੀ ਤੁਰਦੇ ਤੁਰਦੇ ਨੂੰ ਕਹੀ ਜਾਣਗੇ -‘ਕੋਕਣਾਂ ਡੰਗਰਾਂ ਨੂੰ ਪਾਣੀ ਵੀ ਡਾਹ ਜਾ,ਕੋਕਣਾਂ ਮੰਜੇ ਦੀ ਪੈਂਦ ਕੱਸ ਜਾ,ਕੋਕਣਾਂ ਸੰਡ ਖੁੱਲ੍ਹ ਗਈ ਊ,ਉਹ ਵੀ ਬੰਨ੍ਹ ਜਾ,ਕੋਕਣਾਂ ਕਿੱਲਾ ਗੱਡ ਜਾ,ਕੋਕਣਾ ਮਹਿੰ ਨਵੀਂ ਕਰਵਾ ਲਿਆ,ਕੋਕਣ ਨੂੰ ਇਹ ਵੀ ਕਹਿ ਦਿਆ ਕਰੋ ਕਿਤੇ ਕੰਜਰੋ, ਕੋਕਣਾਂ ਸ਼ਾਹਣੀ ਨੂੰ ਵੀ ਨਵੀਂ ਕਰ ਜਾ…ਸਾਲ਼ੇ ਵਿਹਲੜ …ਅੱਾਹ…”ਉਹ ਬੁੜ ਬੁੜ ਕਰਦਾ ਸਭ ਕੁਝ ਕਰੀ ਜਾਂਦਾ।ਮੂੰਹ ਵਿੱਚ ਕਹਿ ਕੇ ਭੜਾਸ ਕੱਢ ਲੈਂਦਾ…“ਵਾਢੀਆਂ ਵਾਲੀ ਦਿਹਾੜੀ ਦਿੰਦੇ ਆ ਤੇ ਕੀ ’ਹਸਾਨ ਕਰਦੇ ਆ?ਹੱਡ ਭੰਨਦੇ ਆਂ ਤੇ ਰਪੱਈਏ ਲੈਨੇਂ ਆਂ,ਮੁਖ਼ਤ ਨੀਂ ਲੈਂਨੇ…ਅੱਾਹ,”ਉਹ ਬੁੜ ਬੁੜ ਕਰਦਾ ਸਭ ਕੰਮ ਕਰੀ ਜਾਂਦਾ।
“ਭਾਊ ਨ੍ਹੀ ਵੇਖਿਆ ਕਿਤੇ,ਫ਼ੁੱਫ਼ੜਾ?”ਬਾਬੇ ਜੀਤੇ ਘਰੋਂ ਨਿਕਲ ਕੇ ਵਾਹੋ ਦਾਹੀ ਆਪਣੇ ਘਰ ਨੂੰ ਜਾਂਦੇ ਤਾਰੀ ਨੂੰ ਪਿੱਛੋਂ ਪਛਾਣ ਕੇ ਕੋਕਣ ਨੇ ਪੁੱਛਿਆ।ਤਾਰੀ ਨੂੰ ਉਹ ਹਨੇਰੇ ਕਰਕੇ ਦਿੱਸਿਆ ਤਾਂ ਨਾ ਪਰ ਆਵਾਜ਼ ਪਛਾਣ ਕੇ ਕਹਿ ਦਿੱਤਾ “ਨਾ ਭਾਊ,ਐਵੇਂ ਆਖੀਏ…” ਤਾਰੀ,ਭਾਈ ਦੇ ਜਵਾਈ ਸ਼ਾਲ੍ਹੇ ਦਾ ਭਰਾ ਸੀ।ਦੋ ਕੁ ਸਾਲ ਪਹਿਲਾਂ ਭਾਈ ਦੀ ਕੁੜੀ ਦਰਸ਼ੋ ਦਾ ਵਿਆਹ ਫ਼ਰੰਦੀਪੁਰ ਦੇ ਸ਼ਾਲੇ੍ਹ ਨਾਲ ਹੋਇਆ ਸੀ ਪਰ ਸੱਸ ਉਹਦੀ ਪਹਿਲਾਂ ਈ ਨਹੀਂ ਸੀ ਤੇ ਸਹੁਰੇ ਦੇ ਮਰਨ ਤੋਂ ਬਾਦ ਉਹ ਘਰਵਾਲੇ ਤੇ ਛੜੇ ਜੇਠ ਤਾਰੀ ਨੂੰ ਨਾਲ ਲੈ ਕੇ ਪੇਕੇ ਆ ਗਈ।ਤੇ ਸ਼ਾਲ੍ਹੇ ਦੇ ਨਾਲ ਨਾਲ ਫ਼ਿਰ ਤਾਰੀ ਛੜਾ ਵੀ ਸਾਰੇ ਪਿੰਡ ਦਾ ਫ਼ੁੱਫ਼ੜ ਬਣ ਕੇ ਬਹਿ ਗਿਆ।
ਤਾਰੀ ਛੜਾ ਛਾਂਟ ਨਹੀਂ ਸੀ।ਉਹ ਵੀ ਘੋੜੀ ਚੜ੍ਹਿਆ ਸੀ ਤੇ ਉਸਦੇ ਵੀ ਅੱਖੀਂ ਸੁਰਮਾ ਪਿਆ ਸੀ।ਪਹਿਲੀ ਰਾਤੇ ਹੀ ਉਸਨੇ ਮੋਟੀ ਅਫ਼ੀਮ ਖਾ ਕੇ ਸੁੱਖੀ ਨੂੰ ਆਪਣੀ ਮਰਦਾਨਗੀ ਵਿਖਾਈ ਸੀ।ਕਮਰੇ’ਚ ਵੜਦਿਆਂ ਈ ਉਹਨੇ ਝੁੰਗਲ਼ਮਾਟੇ ਵਿੱਚ ਇਕੱਠੀ ਜਿਹੀ ਹੋ ਕੇ ਬੈਠੀ ਸੁੱਖੀ ਦੇ ਦੋ ਤਿੰਨ ਧੌਲ਼ਾਂ ਜੜ ਦਿੱਤੀਆਂ।ਉਹ ਇੱਕ ਦਮ ਭਵੰਤਰ ਗਈ ਤੇ ਡਰਦੀ ਨੁੱਕਰ ਵਿੱਚ ਜਾ ਖੜੋਤੀ।ਡੌਰਭੌਰੀ ਜਿਹੀ ਉਹ ਤਾਰੀ ਵੱਲ ਵੇਖ ਰਹੀ ਸੀ ਤੇ ਖੱਬਾ ਹੱਥ ਉਸਦਾ ਕੰਨਾਂ ਵਿੱਚੋਂ ਨਿਕਲ ਰਹੇ ਸੇਕ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ।ਉਹਦੇ ਕੰਨ’ਚੋਂ ਵੱਡਾ ਸਾਰਾ ਕਾਂਟਾ ਨਿਕਲ ਕੇ ਬੂਹੇ ਵਿੱਚ ਜਾ ਡਿੱਗਾ ਸੀ।ਕੁਝ ਬੋਲਣ ਤੋਂ ਪਹਿਲਾਂ ਹੀ ਤਾਰੀ ਨੇ ਉਸਦੀ ਗੁੱਤੋਂ ਫ਼ੜ ਕੇ ਮੰਜੇ’ਤੇ ਸੁੱਟ ਲਿਆ ਤੇ ਸਾਰੇ ਕੱਪੜੇ ਇੱਕੇ ਝਟਕੇ ਨਾਲ ਲਾਹ ਸੁੱਟੇ।ਕਸਾਈ ਵੀ ਬੱਕਰੇ ਨੂੰ ਜ਼ਿਬਾਹ ਕਰਨ ਲੱਗਿਆਂ ਪਲੋਸਦਾ ਹੈ ਪਰ ਤਾਰੀ ਤਾਂ ਕਸਾਈਆਂ ਤੋਂ ਵੀ ਭੈੜਾ ਨਿਕਲਿਆ।ਫ਼ਿਰ ਨੰਗੇ ਧੜ ਤੇ ਨੰਗੇ ਪੈਰੀਂ ਸਾਰੀ ਰਾਤ ਠੰਢ ਵਿੱਚ ਠੰਢੀ ਫ਼ਰਸ਼’ਤੇ ਖਲ੍ਹਾਰੀ ਛੱਡਿਆ।ਪੈਰਾਂ ਰਾਹੀਂ ਸੀਤ ਸੁੱਖੀ ਦੇ ਸਰੀਰ ਨੂੰ ਚੀਰਦੀ ਜਾ ਰਹੀ ਸੀ।ਸੁੱਖੀ ਦੀਆਂ ਸਹੇਲੀਆਂ ਦੇ ਦੱਸੇ ਮੁਤਾਬਿਕ ਤਾਂ ਮੁਕਲਾਵੇ ਵਾਲੀ ਰਾਤ ਹੋਰ ਤਰ੍ਹਾਂ ਦੀ ਹੁੰਦੀ ਹੈ ਪਰ ਇਹ ਤਾਂ ਉਸ ਤਰ੍ਹਾਂ ਦੀ ਨਹੀਂ ਸੀ।ਸੁੱਖੀ ਰੋਂਦੀ ਰੋਂਦੀ ਸੋਚ ਰਹੀ ਸੀ।ਠੰਢੀ ਫ਼ਰਸ਼ ਉੱਤੇ ਖਲ੍ਹਾਰਨ ਦੇ ਪਿੱਛੇਤਾਰੀ ਦੀ ਕੀ ਮਨਸ਼ਾ ਸੀ ਇਹ ਤਾਂ ਉਹੀ ਜਾਣੇ।ਪਰ ਮੁੰਡਿਆਂ ਨੇ ਉਹਨੂੰ ਸਮਝਾ ਕੇ ਅੰਦਰ ਘੱਲਿਆ ਸੀ ਕਿ ਪਹਿਲੀ ਰਾਤੇ ਜੇ ਵਹੁਟੀ ਨੂੰ ਨੱਪ ਕੇ ਰੱਖੀਏ ਤਾਂ ਸਾਰੀ ਉਮਰ ਚੂੰ ਨਹੀਂ ਕਰਦੀ ਤੇ ਨਾ ਕਿਸੇ ਵੱਲ ਅੱਖ ਚੁੱਕ ਕੇ ਵਿੰਹਦੀ ਏ।ਸਾਰੀ ਰਾਤ ਸੁੱਖੀ ਤੜਫ਼ਦੀ ਤੇ ਕੁਰਲਾਉਂਦੀ ਰਹੀ।ਤਾਰੀ ਦਾ ਇਹ ਰੂਪ ਵੇਖਣ ਤੋਂ ਬਾਦ ਸੁੱਖੀ ਪੇਕੇ ਪੈਰ ਪਾਉਣ ਗਈ ਨਾ ਆਈ।ਉਦੋਂ ਤੋਂ ਹੀ ਉਹ ਛੜਾ ਸੀ।
ਉਸਦੀ ਮਰਦਾਨਗੀ ਦੇ ਚਰਚੇ ਹੁਣ ਤੱਕ ਸਾਰੇ ਪਿੰਡ ਵਿੱਚ ਸੁਆਦ ਲੈ ਲੈ ਕੇ ਹੁੰਦੇ ਹਨ।
“ਉਹਨੇ ਵਿਚਾਰੀ ਨੇ ਮਰਨਾ ਕੀਤਾ ਸੀ ਡੰਗਰ ਗਾੜੀ?ਇਹ ਤੇ ਭੂਤਰੇ ਸਾਨ੍ਹ ਵਾਂਙ ਉੱਤਰਦਾ ਨ੍ਹੀਂ ਸੀ ਭੈਣਚੋਦ, ਸਿਆਣੀਆਂ ਬੁੱਢੀਆਂ ਬੂਹਾ ਨਾ ਭੰਨਦੀਆਂ ਤਾਂ ਇਹਨੇ ਕੁੜੀ ਨੂੰ ਮਾਰ ਕੇ ਹੀ ਦਮ ਲੈਣਾ ਸੀ।”
“ਇਹਦਾ ਕਸੂਰ ਵੀ ਕੋਈ ਨ੍ਹੀਂ ਸੀ,ਭਾਊ,ਇਹਦੇ ਨਾਲ ਦਿਆਂ ਮੁਸ਼ਟੰਡਿਆਂ ਨੇ ਇਹਨੂੰ ਜਿਹੜੀ ਕਾਲੀ ਨਾਗਣੀ ਦਿੱਤੀ ਉਹ ਬੜੀ ਖਰੀ ਸੀ,ਸਿੱਧੀ ਪਾਕਿਸਤਾਨੋਂ ਆਈ ਸੀ,ਸਿੱਧੀ।”
ਉਹ ਇਕੱਲਾ ਰਹਿ ਗਿਆ।ਤੇ ਹੁਣ ਹੋਰ ਕੋਈ ਉਸਨੂੰ ਰਿਸ਼ਤਾ ਕਰਾ ਕੇ ਸਾਰੀ ਉਮਰ ਉਲ਼ਾਹਮੇ ਨਹੀਂ ਸੀ ਲੈਣਾ ਚਾਹੁੰਦਾ।ਹਾਰ ਕੇ ਉਸਦੇ ਛੋਟੇ ਭਰਾ ਦਾ ਵਿਆਹ ਕਰਕੇ ਉਸਦੇ ਪਿਉ ਨੇ ਰੋਟੀ ਟੁੱਕ ਦਾ ਠੁੱਕ ਬੰਨਿਆ।
ਤਾਰੀ ਚੋਰੀ ਛੁਪੇ ਤਾਰ ਉੱਤੇ ਸੁੱਕਣੇ ਪਾਏ ਭਰਜਾਈ ਦੇ ਥੱਲਿਉਂ ਦੀ ਪਾਉਣ ਵਾਲੇ ਨਿੱਕੇ ਕੱਪੜਿਆਂ ਨੂੰ ਬੜੀ ਨੀਝ ਨਾਲ ਵਿੰਹਦਾ ਰਹਿੰਦਾ।ਬੱਚੇ ਨੂੰ ਚੁੱਕਣ ਲੱਗਿਆਂ ਉਹਦਾ ਹੱਥ ਜੇ ਕਿਸੇ ਨੰਗੇ ਅੰਗ ਨਾਲ ਛੂਹ ਜਾਂਦਾ ਤਾਂ ਅੰਦਰਲਾ ਸਾਨ੍ਹ ਭੂਤਰਨ ਲੱਗ ਪੈਂਦਾ।ਜਿੰਨਾ ਚਿਰ ਕਮਰੇ ਦਾ ਬੂਹਾ ਬੰਦ ਕਰਕੇ ਸ਼ਾਂਤ ਨਾ ਹੋ ਜਾਂਦਾ,ਉਸਨੂੰ ਰੋਟੀ ਨਹੀਂ ਸੀ ਲੰਘਦੀ।ਉਹਦੀਆਂ ਅੱਖਾਂ ਚੱਤੋ ਪਹਿਰ ਹਰ ਔਰਤ’ਚੋਂ ਸੁੱਖੀ ਦਾ ਸਰੀਰ ਭਾਲ਼ਦੀਆਂ ਰਹਿੰਦੀਆਂ।ਰਾਤ ਵੀ ਦਰਸ਼ੋ ਤੇ ਸ਼ਾਲ੍ਹਾ ਜਦੋਂ ਸੌਂਦੇ ਤਾਂ ਬੂਹੇ ਦੀਆਂ ਝੀਤਾਂ ਥਾਂਣੀਂ ਝਾਤੀਆਂ ਮਾਰਦਾ ਰਹਿੰਦਾ।ਉਸਦੇ ਇਨ੍ਹਾਂ ਚਾਲਿਆਂ ਤੋਂ ਦੁਖੀ ਸ਼ਾਲ੍ਹਾ ਆਪਣਾ ਡੰਡਾ ਡੋਲ਼ੀ ਲੈ ਕੇ ਆਪਣੇ ਸਹੁਰੇ ਆ ਗਿਆ।ਪਰ ਤਾਰੀ ਚਾਰ ਦਿਨ ਵੀ ਉੱਥੇ ਨਾ ਟਿਕਿਆ-“ਭਾਊ,ਮੇਰਾ ਵੀਰ ਮੈਨੂੰ ਭੁੱਖਿਆਂ ਕਿਉਂ ਮਾਰਦਾ ਏਂ,ਇੱਥੇ ਦਿਹਾੜੀ ਕਰ ਲਿਆ ਕਰੂੰ ਮੈਂ ਵੀ,ਰੱਖ ਲੈ ਨਾਲ…”ਮਾਂ ਜਾਇਆ ਸੀ,ਸ਼ਾਲ੍ਹੇ ਦੇ ਮੂੰਹੋਂ ‘ਹਾਂ’ ਨਿਕਲ ਗਈ ਪਰ ਦਰਸ਼ੋ ਨੇ ਇੱਕੋ ਨੰਨ੍ਹਾ ਧਰੀ ਰੱਖਿਆ ਜਾਂ ਤਾਂ ਤਾਰੀ ਰਹੂ ਜਾਂ ਮੈਂ।ਪਰ ਰਾਤ ਨੂੰ ਦਰਸ਼ੋ ਨੂੰ ਸ਼ਾਲ੍ਹੇ ਨੇ ਸਮਝਾਇਆ-‘ਛੜਾ ਛਾਂਟ ਹੈਗਾ ਕੱਲ੍ਹ ਕਲੋਤਰ ਨੂੰ ਪਿੰਡ ਵਾਲੇ ਘਰ ਵਿੱਚੋਂ ਇਹਦਾ ਹਿੱਸਾ ਤਾਂ ਆਪਾਂ ਨੂੰ ਈ ਮਿਲਣਾ’ਦਰਸ਼ੋ ਸਮਝ ਗਈ ਸੀ।ਦੋਵੇਂ ਵੱਸੀ ਗਏ।ਤਾਰੀ ਦੀ ਕਮਾਈ ਨਾਲ ਲੂਣ ਤੇਲ ਆ ਜਾਂਦਾ ਸੀ।ਪਰ ਇਸ ਲੂਣ ਤੇਲ ਦੀ ਕੀਮਤ ਦਰਸ਼ੋ ਨੂੰ ਚੁਕਾਉਣੀ ਪੈਂਦੀ ਜਿਸ ਬਾਰੇ ਉਹ ਚਾਹ ਕੇ ਵੀ ਸ਼ਾਲ੍ਹੇ ਨੂੰ ਨਾ ਦੱਸ ਸਕੀ।ਇੱਕ ਦਿਨ ਜਦੋਂ ਦਰਸ਼ੋ ਨੇ ਸ਼ਾਲ੍ਹੇ ਨੂੰ ਦੱਸ ਦੇਣ ਦੀ ਧਮਕੀ ਦਿੱਤੀ ਤਾਂ ਤਾਰੀ ਨੇ ਦਾਤਰ ਕੱਢ ਲਿਆ।
“ਬਾਹਲ਼ੀ ਚੀਂ ਪੈਂ ਕੀਤੀ ਤਾਂ ਰੰਡੀ ਕਰਦੂੰ…ਫ਼ਿਰ ਵੀ ਤਾਂ ਮੇਰੇ ਈ ਬਹਿਣਾ ਈ,ਜਰੀ ਜਾ ਚੁੱਪ ਕਰਕੇ”ਤੇ ਉਹ ਚੁੱਪਚਾਪ ਜਰੀ ਗਈ।ਉਹ ਦਿਲ’ਤੇ ਪੱਥਰ ਰੱਖ ਕੇ ਦਿਨ ਕਟੀ ਕਰੀ ਗਈ।ਕਈ ਵਾਰ ਸ਼ਾਲ੍ਹਾ ਉਸਦੀਆਂ ਰੋ ਰੋ ਕੇ ਸੁਜਾਈਆਂ ਅੱਖਾਂ ਵਿੱਚੋਂ ਕੁਝ ਪੜ੍ਹਣ ਦੀ ਕੋਸ਼ਿਸ਼ ਕਰਦਾ ਪਰ ਉਹ ਕਦੀ ਧੂੰਆਂ ਤੇ ਕਦੀ ਮੱਛਰ ਪੈਣ ਦਾ ਬਹਾਨਾ ਕਰ ਦਿੰਦੀ।ਸ਼ਾਲ੍ਹੇ ਦੀਆਂ ਨਜ਼ਰਾਂ ਵਿੱਚੋਂ ਸ਼ੱਕ ਸਾਫ਼ ਝਲਕਦਾ ਸੀ ਪਰ ਉਹ ਉੱਭਾਸਰਦਾ ਨਹੀਂ ਸੀ।
ਤਾਰੀ ਬਾਬੇ ਜੀਤੇ ਘਰੋਂ ਗਲਾਸੀ ਲਾਉਣ ਰੋਜ਼ ਆਉਂਦਾ।ਬਾਬਾ ਜੀਤਾ ਸ਼ਰਾਬ ਕੱਢ ਕੇ ਵੇਚਦਾ ਸੀ।ਤਕਾਲ਼ੀਂ ਪਈ ਬਾਬੇ ਜੀਤੇ ਵਾਲਾ ਚੌਂਕ ਅੰਮ੍ਰਿਤਸਰ ਵਾਲਾ ਹਾਲ ਬਜ਼ਾਰ ਬਣਿਆ ਹੁੰਦਾ।ਪੁਲਿਸ ਨਾਲ ਗਾਂਢਾ ਤੋਪਾ ਹੋਣ ਕਰਕੇ ਉਸਨੂੰ ਕੋਈ ਡਰ ਡੁੱਕਰ ਨਹੀਂ ਸੀ।ਜੇ ਕਿਤੇ ਮਹੀਨਾ ਭਰਨ ਵਿੱਚ ਦੇਰ ਸਵੇਰ ਹੋ ਜਾਂਦੀ ਤਾਂ ਸ਼ਰਾਬ ਫ਼ੜਨ ਆਏ ਸਿਪਾਹੀਆਂ ਨੂੰ ਜੀਤੇ ਦੀ ਘਰ ਦੀ ਦੇਬੋ ਪਿਛਲੇ ਅੰਦਰ ਲੈ ਜਾਂਦੀ ਤੇ ਉੱਥੋਂ ਨਿਕਲ ਕੇ ਉਹ ਨੀਵੀਂ ਅੱਖੀਂ ਚੁੱਪ ਚਾਪ ਚਲੇ ਜਾਂਦੇ।ਸ਼ਰਾਬ ਫ਼ੜਨ ਆਏ ਉਹ ਉਲਟਾ ਸੌ ਪੰਜਾਹ ਦੇ ਕੇ ਜਾਂਦੇ।
ਜੀਤਾ ਵੱਡਾ ਪਿਅੱਕੜ ਸੀ ਤੇ ਬਿਨਾਂ ਪਾਣੀ ਪਾਇਆਂ ਅਧੀਆ ਪੀ ਕੇ ਟੁੱਨ ਹੋ ਜਾਂਦਾ।ਉਹਨੂੰ ਸੁੱਧ ਨਾ ਰਹਿੰਦੀ।ਦੇਬੋ ਤੇ ਤਾਰੀ ਉਹਨੂੰ ਮੰਜੇ ਉੱਤੇ ਲਿਟਾ ਕੇ ਆਪ ਪਿਛਲੇ ਕਮਰੇ ਦੀ ਕੁੰਡੀ ਮਾਰ ਲੈਂਦੇ।ਗਲਾਸੀ ਲਾਉਣ ਤਾਂ ਜੀਤੇ ਘਰੇ ਸਾਰੇ ਪਿਅੱਕੜ ਆਉਂਦੇ ਪਰ ਤਾਰੀ ਦਾ ਵੇਲ਼ਾ ਉਦੋਂ ਹੁੰਦਾ ਜਦੋਂ ਸਾਰੇ ਚਲੇ ਜਾਂਦੇ ਤੇ ਸਾਰੀ ਠੱਠੀ ਸੌਂ ਜਾਂਦੀ।ਵੀਹਾਂ ਦੀ ਗਲਾਸੀ ਪੀ ਕੇ ਤਾਰੀ ਪੰਜਾਹਾਂ ਦਾ ਨੋਟ ਬਦੋਬਦੀ ਉਹਦੇ ਸਿਰਹਾਣੇ ਥੱਲੇ ਵੀ ਤਾਂ ਰੱਖ ਜਾਂਦਾ ਸੀ।ਜੀਤਾ ਸ਼ਰਾਬ ਕੱਢਦਾ ਜ਼ਰੂਰ ਸੀ ਪਰ ਰੋਟੀ ਦਾ ਡੰਗ ਤਾਂ ਦੇਬੋ ਦੀ ਕਮਾਈ ਨਾਲ ਹੀ ਚੱਲਦਾ ਸੀ।
ਕੋਕਣ ਨੇ ਸਾਰਾ ਪਿੰਡ ਛਾਣ ਮਾਰਿਆ ਪਰ ਗਾਗੀ ਕਿਤੇ ਨਜ਼ਰ ਨਾ ਆਇਆ।ਹਾਰ ਹੰਭ ਕੇ ਉਸਨੇ ਘਰ ਪਰਤ ਜਾਣ ਦੀ ਸੋਚੀ।ਪਰ ਆਖ਼ਰ ਗਿਆ ਕਿੱਥੇ।ਪੀ ਕੇ ਡਿੱਗਾ ਹੁੰਦਾ ਤਾਂ ਕਿਸੇ ਨਾ ਕਿਸੇ ਘਰੇ ਦੱਸ ਦੇਣਾ ਸੀ ਜਾਂ ਛੱਡ ਜਾਣਾ ਸੀ ਪਰ …ਕਿਤੇ ਛੱਪੜ ਵੱਲ ਨੂੰ ਨਾ ਨਿਕਲ ਗਿਆ ਹੋਵੇ…ਕਿਤੇ ਛੱਪੜ ਵਿੱਚ …ਨਹੀਂ ਏਡੀ ਗੱਲ ਨਹੀਂ ਹੋ ਸਕਦੀ,ਖਿਆਲ ਆਉਂਦਿਆਂ ਈ ਉਹਦਾ ਦਿਲ ਬਹਿ ਗਿਆ।ਉਹ ਜੀਅ ਭਿਆਣਾ ਤਾਏ ਅੰਬੇ ਵੱਲ ਗਿਆ।ਤਾਏ ਨੇ ਦੋ ਚਾਰ ਬੰਦੇ ਨਾਲ ਲਏ ਤੇ ਛੱਪੜ ਵੱਲ ਨੂੰ ਹੋ ਤੁਰੇ।ਅਜੇ ਚਾਰ ਕੁ ਪੈਰ ਅਗਾਂਹ ਗਏ ਸੀ ਕਿ ਗਾਗੀ ਦਾ ਝਉਲ਼ਾ ਪਿਆ।ਉਹ ਡਿੱਕੋ ਡੋਲੇ ਖਾਂਦਾ ਤੁਰਿਆ ਆ ਰਿਹਾ ਸੀ।ਸਭ ਨੇ ‘ਕਿੱਥੇ ਸੀ’ਦੇ ਸਵਾਲਾਂ ਦੀ ਝੜੀ ਲਾ ਦਿੱਤੀ ਪਰ ਉਹ ਰਤਾ ਨਾ ਉਭਾਸਰਿਆ।ਢੇਲ਼ਾ ਜਿਹਾ ਬਣ ਕੇ ਘਰੇ ਆ ਗਿਆ ਤੇ ਆਉਂਦਿਆਂ ਮੰਜੇ’ਤੇ ਢੇਰੀ ਹੋ ਗਿਆ।ਬਥੇਰਾ ਮੋਢਿਆਂ ਤੋਂ ਫ਼ੜ ਕੇ ਹਲੂਣਿਆ ਪਰ ਉਹ ਗੁੱਗਲ਼ ਜਿਹਾ ਹੋਇਆ ਪਿਆ ਰਿਹਾ।
ਵੋਟਾਂ ਵਿੱਚ ਐਂਤਕੀਂ ਪਿੰਡ ਐਸ.ਸੀ.ਰਿਜ਼ਰਵ ਹੋ ਗਿਆ ਸੀ।ਸਰਪੰਚ ਭਾਵੇਂ ਠੱਠੀ ਵਿੱਚੋਂ ਹੀ ਕਿਸੇ ਨੂੰ ਬਣਾਉਣਾ ਸੀ ਪਰ ਸਭ ਜਾਣਦੇ ਸਨ ਕਿ ਅਸਲੀ ਸਰਪੰਚੀ ਤਾਂ ਜੱਟਾਂ ਨੇ ਹੀ ਕਰਨੀ ਹੈ।ਇੱਕ ਧੜਾ ਸ਼ਾਹਾਂ ਕਾ ਤੇ ਇੱਕ ਸ਼ੰਗਾਰੇ ਕਾ।ਬੱਸ ਦੋਹਾਂ ਦੀ ਸਰਪੰਚੀ ਵਾਰੀ ਨਾਲ ਚੱਲੀ ਆਉਂਦੀ ਸੀ।ਤੇ ਦੋਹੇਂ ਵਾਰੋ ਵਾਰੀ ਗਰਾਂਟਾਂ ਤੇ ਪੰਚਾਇਤੀ ਪੈਲ਼ੀ ਦੀ ਆਮਦਨੀ ਖਾਈ ਜਾ ਰਹੇ ਸਨ।ਠੱਠੀ ਜਿੱਧਰ ਹੋ ਜਾਂਦੀ,ਉਹੋ ਜਿੱਤ ਜਾਂਦਾ।ਹਰ ਧਿਰ ਦੀ ਪੂਰੀ ਵਾਹ ਹੁੰਦੀ ਕਿ ਠੱਠੀ ਨੂੰ ਆਪਣੇ ਵੱਲ ਖਿੱਚਿਆ ਜਾਵੇ।ਠੱਠੀ ਦਾ ਵੀ ਪੂਰਾ ਏਕਾ ਸੀ।ਜੱਟਾਂ ਦੀ ਕਿਹੜੀ ਗੱਲ ਆ।ਜੱਟ ਤਾਂ ਪਾਟੇ ਈ ਹੁੰਦੇ ਆ।ਮਹੀਨਾ ਭਰ ਸ਼ਰਾਬ ਕਿਸੇ ਵੱਲੋਂ ਪੀਂਦੇ ਰਹਿਣਗੇ ਤੇ ਅਖੀਰਲੇ ਦਿਨ ਇਸੇ ਗੱਲੋਂ ਲੜ ਪੈਣਗੇ ਕਿ ‘ਡਲ਼ੇ ਘੱਟ ਸੀ ਤੇ ਤਰੀ ਜ਼ਿਆਦਾ ਆਪਾਂ ਤਾਂ ਨਹੀਂ ਪਾਉਣੀ ਭਾਊ ਵੋਟ’ ਤੇ ਵੋਟ ਦੂਜੀ ਧਿਰ ਨੂੰ ਪਾ ਦੇਣਗੇ,ਉਹ ਵੀ ਨੇਣ੍ਹ ਕੇ,ਲਲਕਾਰ ਕੇ।ਹਰ ਵਾਰ ਜੱਟਾਂ ਨੂੰ ਜਿਤਾਉਣ ਦੇ ਬਾਵਜੂਦ ਵੀ ਨਾ ਠੱਠੀ ਵਿੱਚ ਪੱਕੀਆਂ ਲੈਟਰੀਨਾਂ ਬਣੀਆਂ ਤੇ ਨਾ ਪੱਕਾ ਕੋਠਾ।ਨਾ ਕਿਸੇ ਬੁੱਢੇ ਦੀ ਪੈਨਸ਼ਨ ਲੱਗੀ ਤੇ ਨਾ ਕਿਸੇ ਦੀ ਕੁੜੀ ਨੂੰ ਵਿਆਹ ਦਾ ਸ਼ਗਨ ਮਿਲਿਆ।ਪੰਜੀਂ ਸਾਲੀਂ ਆ ਕੇ ਸਾਲ਼ੇ ਪੂਛਾਂ ਮਾਰਦੇ ਲੱਤਾਂ’ਚ ਵੜਦੇ ਜਾਣਗੇ।ਫ਼ੇਰ ਤਾਂ ਘੋੜੀ ਵੀ ਬਣ ਜਾਣਗੇ।ਇਸ ਵਾਰੀ ਵੀ ਵੋਟਾਂ ਕਰਕੇ ਹੀ ਝੋਨੇ ਦੀ ਲਵਾਈ ਵਧਾਉਣ ਨੂੰ ਮੰਨੇ ਨੇ ਨਹੀਂ ਤਾਂ ਕਿੱਥੇ ਮੰਨਦੇ ਸਨ।
ਗਾਗੀ ਨੂੰ ਤ੍ਰਿਕਾਲ਼ਾਂ ਦਾ ਸ਼ੰਗਾਰੇ ਨੇ ਠੰਢੀ ਹਵਾ ਵਾਲੀ ਬੈਠਕ ਵਿੱਚ ਬਿਠਾਇਆ ਸੀ ਜਿੱਥੇ ਉਹਦੀ ਬਾਹਰ ਵਾਲ਼ੀ ਞਮੇਮ ਭਰਜਾਈ ਤੇ ਭਤੀਜੇ ਜਦੋਂ ਇਧਰ ਆਉਂਦੇ ਤਾਂ ਸੌਂਦੇ।ਉਹ ਤਾਂ ਜੁੱਤੀ ਬਾਹਰ ਲਾਹ ਕੇ ਅੰਦਰ ਵੜਿਆ ਸੀ ਪਰ ਸ਼ੰਗਾਰੇ ਨੇ ਆਪ ਉਹਦੇ ਪੈਰੀਂ ਜੁੱਤੀ ਪਵਾਈ ਸੀ-ਅਖੇ ਨਹੀਂ ਗਾਗਾ ਸਿੰਘ ਜੀ,ਇਹ ਤੁਹਾਡਾ ਈ ਘਰ ਏ’ਗਾਗੀ ਨੇ ਸ਼ੰਗਾਰੇ ਦੇ ਕਹਿਣ’ਤੇ ਉਸ ਜੁੱਤੀ ਤਾਂ ਪਾ ਲਈ ਪਰ ਗਾਗੀ ਦੀ ਭੁੰਜੇ ਬਹਿਣ ਦੀ ਜ਼ਿੱਦ ਅੱਗੇ ਸ਼ੰਗਾਰਾ ਹਾਰ ਗਿਆ ਸੀ।ਉਸਦੀਆਂ ਲੋਲੋ ਪੋਪੀਆਂ ਸਭ ਜੱਗ ਜਾਣਦਾ ਸੀ।ਮਿੱਠੀ ਛੁਰੀ ਆ ਸ਼ੰਗਾਰਾ ਮਿੱਠੀ ਛੁਰੀ।ਉਹ ਸਭ ਸਮਝ ਗਿਆ ਸੀ ਕਿ ਐਂਤਕੀਂ ਸ਼ਾਹਾਂ ਨਾਲੋਂ ਤੋੜ ਕੇ ਠੱਠੀ ਵਾਲ਼ਿਆਂ ਨੂੰ ਆਪਣੇ ਵੱਲ ਕਰਨ ਦੀ ਸਕੀਮ ਆ ਸ਼ੰਗਾਰੇ ਦੀ,ਤਾਂਹੀਓਂ ਪਲਾਲ ਕਰਨ ਡਿਆ ਆ’ਅੰਗਰੇਜ਼ੀ ਸ਼ਰਾਬ ਦੀ ਬੋਤਲ ਤੇ ਗਲਾਸੀਆਂ ਰੱਖ ਕੇ ਸ਼ੰਗਾਰੇ ਦਾ ਮੁੰਡਾ ਅਮਨਾ ਚਲਾ ਗਿਆ।ਬਦਾਮ,ਕਾਜੂ ਤੇ ਹੋਰ ਨਿੱਕ ਸੁੱਕ ਵਾਲੀ ਪਲੇਟ ਗਾਗੀ ਅੱਗੇ ਰੱਖ ਦਿੱਤੀ ਸੀ।ਗਾਗੀ ਨੇ ਬੜੇ ਸਾਲ ਪਹਿਲਾਂ ਕਿਤੇ ਬਦਾਮ ਖਾਧੇ ਸਨ।ਉਦੋਂ ਇੰਝ ਨਹੀਂ ਸਨ ਮਿਲਦੇ,ਭੰਨਣੇ ਪੈਂਦੇ ਸਨ।ਇੱਟ ਉੱਤੇ ਰੱਖ ਕੇ ਹਥੌੜੀ ਮਾਰਨੀ ਤੇ ਜੇ ਭੁੜਕ ਕੇ ਕਿਤੇ ਦੂਰ ਜਾ ਡਿੱਗਣਾ ਤਾਂ ਔਖੇ ਹੋ ਕੇ ਲੱਭਣਾ।ਅੱਵਲ ਤਾਂ ਉਹ ਲੱਭਣਾ ਨਾ ਤੇ ਜੇ ਲੱਭ ਪੈਣਾ ਤਾਂ ਗਿਰੀ ਕੌੜੀ ਨਿਕਲ ਆਉਣੀ ਤੇ ਮੂੰਹ ਦਾ ਸਵਾਦ ਭੈੜਾ ਹੋ ਜਾਣਾ। ਆਹ ਤਾਂ ਵਾਹਵਾ ਮੌਜ ਆ ਨਾ ਬਦਾਮ ਭੰਨਣਾ ਪਵੇ ਤੇ ਨਾ ਗਿਰੀ ਕੌੜੀ ਦਾ ਡਰ ਰਵ੍ਹੇ।ਪਰ ਉਹ ਆਪਣੇ ਕਰਮਾਂ ਨੂੰ ਜਾਣਦਾ ਸੀ।ਕੁਝ ਵੀ ਹੋਵੇ ਉਸਦੀ ਗਿਰੀ ਕੌੜੀ ਨਿਕਲਣੀ ਹੀ ਨਿਕਲਣੀ ਹੈ।ਉਸਨੇ ਮੁੱਠ ਭਰ ਕੇ ਗਿਰੀਆਂ ਦੀ ਮੂੰਹ ਵਿੱਚ ਸੁੱਟ ਲਈ।ਸਾਰਾ ਮੂੰਹ ਕੌੜਾ ਜ਼ਹਿਰ ਹੋ ਗਿਆ।ਗਿਰੀ ਕੋਈ ਕੌੜੀ ਨਹੀਂ ਸੀ ਨਿਕਲੀ ਪਰ ਉਸਨੂੰ ਗਿਰੀਆਂ ਨਾਲੋਂ ਆਪਣੇ ਕਰਮਾਂ ਉੱਤੇ ਜ਼ਿਆਦਾ ਭਰੋਸਾ ਸੀ।ਤੇ ਕੁੜੱਤਣ ਦੀ ਕਲਪਨਾ ਨਾਲ ਹੀ ਉਸ ਦਾ ਮੂੰਹ ਕੁੜੱਤਣ ਨਾਲ ਭਰ ਗਿਆ ਸੀ।ਇਸ ਕੁੜੱਤਣ ਨੂੰ ਘੱਟ ਕਰਨ ਦੇ ਵਾਸਤੇ ਉਸਨੇ ਗਲਾਸੀ ਵੀ ਇੱਕੇ ਡੀਕੇ ਖਾਲੀ ਕਰ ਦਿੱਤੀ।ਤੇ ਧੁਣਧੁਣੀ ਜਿਹੀ ਲੈਂਦਿਆਂ ਬੋਲਿਆ,“ਸਰਦਾਰ ਜੀ ਕੀ ਲੋੜ ਪੈ ਗਈ ਮ੍ਹਾਤੜ ਤਾਂਈਂ?”
ਖੰਘੂਰਾ ਮਾਰ ਕੇ ਸ਼ੰਗਾਰੇ ਨੇ ਬਿਨਾਂ ਇੱਕ ਪਲ ਗੁਆਇਆਂ ਗੱਲ ਸਪੱਸ਼ਟ ਕੀਤੀ।
“ਵੇਖੋ ਸਰਦਾਰ ਗਾਗਾ ਸਿੰਘ ਜੀ,ਆਪਣੇ ਪਿੰਡ ਦੀ ਸਰਪੰਚੀ ਤਾਂ ਐਂਤਕੀਂ ਐਸ.ਸੀ. ਰਿਜ਼ਰਵ ਏ,ਸ਼ਾਹ ਵੀ
ਐਂਤਕੀਂ ਪੂਰੀ ਤਿਆਰੀ ਵਿੱਚ ਨੇ।ਪਰ ਉੱਤੇ ਸਰਕਾਰ ਆਪਣੀ ਆ,ਜਿੱਤ ਤਾਂ ਅਸੀਂ ਜਾਣਾ,ਭਾਵੇ ਕਿਵੇਂ ਵੀ ਜਿੱਤੀਏ,ਇਹ ਤਾਂ ਤੈਨੂੰ ਵੀ ਪਤਾ,ਹੈਂਕਿਣਾ?”ਗਾਗੀ ਨਿਮਾਣਾ ਜਿਹਾ ਬਣਿਆ ਬਦਾਮਾਂ ਦੀਆਂ ਗਿਰੀਆਂ ਨੂੰ ਘੂਰ ਰਿਹਾ ਸੀ।ਅਗਲਾ ਪੈੱਗ ਫ਼ਿਰ ਤਿਆਰ ਕਰਕੇ ਸ਼ੰਗਾਰੇ ਨੇ ਅੱਗੇ ਕਰ ਦਿੱਤਾ।ਉਸ ਇੱਕੋ ਸਾਹੇ ਉਹ ਵੀ ਖਿੱਚ ਲਿਆ।ਐਂਤਕੀਂ ਉਸਨੇ ਬਦਾਮਾਂ ਨੂੰ ਹੱਥ ਨਹੀਂ ਪਾਇਆ।ਕਾਜੂ ਦਾ ਸਵਾਦ ਉਸਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਵੇਖਿਆ ਸੀ।ਉਹ ਵੀ ਤਾਂ ਪਤਾ ਲੱਗਾ ਜਦੋਂ ਸ਼ੰਗਾਰੇ ਉਸਨੂੰ ਆਖਿਆ,ਗਾਗਾ ਸਿਹੰੁ ਜੀ,ਫ਼ੜੋ ਕਾਜੂ ਵੀ ਖਾਓ।ਬੋਤਲ ਪੌਣੀ ਹੋ ਚੁੱਕੀ ਸੀ।ਗੱਲ ਅਜੇ ਨਿੱਤਰ ਕੇ ਸਾਹਮਣੇ ਨਹੀਂ ਸੀ ਆਈ ਕਿ ਸ਼ੰਗਾਰਾ ਉਸ ਤੋਂ ਕੀ ਚਾਹੁੰਦਾ ਸੀ।ਉਹ ਅੰਦਰ ਗਿਆ ਤੇ ਦੱਥੀ ਸੌ ਸੌ ਦੇ ਨੋਟਾਂ ਦੀ ਮੇਜ਼ ਉੱਤੇ ਰੱਖ ਦਿੱਤੀ-ਨਿੰਮੋ ਸਾਡੀ ਵੀ ਧੀ ਏ,ਇਹ ਉਸ ਵਾਸਤੇ ਸਾਡਾ ਪਿਆਰ ਆ ਹੈਂਕਿਣਾ?”
ਗਾਗੀ ਦੇ ਦਿਮਾਗ ਵਿੱਚ ਕੁਝ ਨਹੀਂ ਸੀ ਪੈ ਰਿਹਾ।ਸ਼ੰਗਾਰੇ ਨੂੰ ਪਤਾ ਵੀ ਸੀ ਕਿ ਗਾਗੀ ਸ਼ਾਹਾਂ ਦੀ ਪੱਕੀ ਵੋਟ ਏ ਤੇ ਫ਼ਿਰ ਵੀ ਇੰਨਾ ਮਿਹਰਵਾਨ ਕਿਉਂ ਹੋ ਰਿਹਾ ਹੈ?
“ਸੌਗੀ ਵੀ ਖਾਓ ਮਹਾਰਾਜ,ਅੱਜ ਤੋਂ ਤੂੰ ਸਾਡਾ ਸਰਪੰਚ ਏਂ ਸਰਦਾਰ ਗਾਗਾ ਸਿਹੰੁ ਜੀ,ਹੈਂਕਿਣਾ?”
ਹੌਲ਼ੀ ਹੌਲ਼ੀ ਹਲਾਲ ਕਰਦੇ ਕਰਦੇ ਸ਼ੰਗਾਰੇ ਨੇ ਇੱਕੋ ਝਟਕੇ ਨਾਲ ਵਾਰ ਕਰ ਦਿੱਤਾ।ਦੂਜੀ ਬੋਤਲ ਦੇ ਆਉਂਦਿਆਂ ਗਾਗੀ ਸਰਪੰਚੀ ਕਰਨ ਲੱਗ ਪਿਆ ਸੀ-ਸਰਦਾਰ ਸਰਦਾਰ ਕਹਿੰਦਿਆਂ ਗਾਗੀ ਦੇ ਮੂੰਹੋਂ ਕਦੋਂ ‘ਸ਼ੰਗਾਰਾ ਸਿਹਾਂ’ ਨਿਕਲਣ ਲੱਗ ਪਿਆ ਸੀ,ਉਸਨੂੰ ਪਤਾ ਹੀ ਨਹੀਂ ਸੀ ਲੱਗਾ।
ਸ਼ਾਹਾਂ ਨੇ ਠੱਠੀ ਵਿੱਚੋਂ ਗਾਗੀ ਦੇ ਮੁਕਾਬਲੇ ਦਾ ਬੰਦਾ ਭਾਲ਼ਿਆ ਪਰ ਸਾਰੀ ਠੱਠੀ ਨੇ ਗਾਗੀ ਉੱਤੇ ਭਰੋਸਾ
ਪ੍ਰਗਟਾਇਆ ਤੇ ਸ਼ਾਹ ਹੱਥ ਮਲ਼ਦੇ ਰਹਿ ਗਏ।ਗਾਗੀ ਧੌਣ ਉੱਚੀ ਚੁੱਕ ਕੇ ਤੁਰਦਾ।ਤ੍ਰਕਾਲ਼ਾਂ ਨੂੰ ਉਸਦਾ ਡੇਰਾ ਸ਼ੰਗਾਰੇ ਵੱਲ ਹੀ ਹੁੰਦਾ।ਅਮਨਾ ਕਦੇ ਕਦੇ ਗਾਗੀ ਨੂੰ ਮੋਟਰ ਸਾਈਕਲ ਉੱਤੇ ਬਿਠਾ ਕੇ ਲੈ ਜਾਂਦਾ ਤੇ ਕਦੇ ਤ੍ਰਿਕਾਲ਼ਾਂ ਨੂੰ ਛੱਡ ਵੀ ਜਾਂਦਾ।ਕਦੇ ਵੇਲ਼ੇ ਕੁਵੇਲ਼ੇ ਵੀ ਆਉਂਦਾ ਜਦੋਂ ਨਿੰਮੋ ਇਕੱਲੀ ਘਰ ਹੁੰਦੀ।ਗੋ੍ਹਲਣ ਕੌੜ ਮਨਾਉਂਦੀ।ਰਾਤ ਨੂੰ ਮੰਜੇ ਪਈ,ਗਾਗੀ ਨੂੰ ਘੂਰੀ ਵੱਟਦੀ-“ਕੱਲ੍ਹ ਨੂੰ ਜੇ ਕੋਈ ਚੰਦ ਚੜ੍ਹ ਗਿਆ ਤਾਂ ਕਰ ਲਈਂ ਸਰਪੰਚੀ…ਪਿਉ ਵਾਲ਼ੀ… ਮੈਨੂੰ ਤਾਂ ਵਿਹ ਵਿਖਾਲ਼ੀ ਦਿੰਦਾ ਸ਼ੰਗਾਰੇ ਆਲ਼ਾ…ਤੱਕਣੀ ਨ੍ਹੀਂ ਚੰਗੀ ਉਹਦੀ,ਉਹੋ ਮੈਂ ਆਖਿਆ ਤੱਕਣੀ ਨ੍ਹੀ ਚੰਗੀ ਉਹਦੀ,ਨਹੀਂ?”
“ਤੈਨੂੰ ਉਹ ਚੂੰਢੀਆਂ ਵੱਢਦਾ?ਐਵੇਂ ਬੁੱਢੀਆਂ ਵਾਲੀਆਂ ਨਾ ਮਾਰੀ ਜਾ,ਕਿੰਨਾ ਮਾਣ ਕੀਤਾ ਉਹਨੇ ਮੇਰਾ,ਨਹੀਂ ਤਾਂ ਹੋਰ ਥੋੜ੍ਹੀ ਝੜੰਮ ਸੀ ਠੱਠੀ’ਚ ਜਿਹਨਾਂ ਨੂੰ ਉਹ ਸਰਪੰਚ ਬਣਾ ਸਕਦਾ ਸੀ।ਉਹ ਤਾਂ ਤੀਲਾ ਖਲ੍ਹਾਰ ਦੇਵੇ ਤਾਂ ਉਹ ਵੀ ਸਰਪੰਚ ਬਣ ਜਾਏ ਮੈਂ ਤਾਂ ਫ਼ੇਰ ਮਰਦ ਆਂ…”
“ਮੈਨੂੰ ਭਲਾ ਭੁੱਲ ਆ ਤੇਰੀ ਵੱਡੇ ਮਰਦ ਦੀ?ਵਿਆਹ ਤੋਂ ਚੌਂਈਂ ਸਾਲੀਂ ਬਾਦ ਕੋਕਣ ਮੇਰੀ ਕੁੱਖੇ ਪਿਆ।ਉਹ ਵੀ ਮੇਰੀ ਕੱਚਿਆਂ ਪੱਕਿਆਂ ਵਾਲ਼ੀ ਮਾਸੀ ਦੀ ਧੀ,ਪੱਟੀ ਵਾਲੇ ਡਾਕਦਾਰ ਵਾਲੀਏ ਦੀ ਦੱਸ ਨਾ ਪਾਉਂਦੀ ਤਾਂ ਲੱਭ ਲੈਂਦੀ ਮਾਂ ਤੇਰੀ ਪੋਤਰੇ…।ਅਖੇ ਗੋ੍ਹਲਣੇ…ਮੈਂ ਪੋਤਰੇ ਪਤਾ ਨਹੀਂ ਕਦੋਂ ਖਿਡਾਉਂਗੀ…,ਸੁਣਾ’ਤੀ ਫ਼ਿਰ ਮੈਂ ਵੀ,ਮਖਾਂ ਕਿਤੇ ਖੋਪਾ ਚਾਰ ਪੁੱਤ ਆਪਣੇ ਨੂੰ,ਪੋਤਰੇ ਖਿਡਾਉਣ ਦਾ ਚਾਅ ਆ ਤਾਂ…।ਮੈਂ ਤਾਂ ਗੱਲ ਕਰਦੀ ਆਂ ਭੀ ਸ਼ੰਗਾਰੇ ਆਲ਼ੇ ਦੀ ਅੱਖ ਨਿੰਮੋ ਦੀ ਹਿੱਕ ਤੋਂ ਪਰ੍ਹੇ ਨਹੀਂ ਹੁੰਦੀ।ਇਹ ਤਾਂ ਮੈਂ ਨਿੰਮੋ ਨੂੰ ਕਿਹਾ ਭੀ ਜਦੋਂ ਇਹ ਆਵੇ ਤੂੰ ਸਬਾਤ ਵਿੱਚ ਵੜ ਜਾਇਆ ਕਰ,ਉਹੋ ਮੈਂ ਆਖਿਆ ਸਬਾਤ’ਚ ਵੜ ਜਿਆ ਕਰ,ਨਹੀਂ?”
“ਓ,ਹਰਾਮਦੀਏ,ਕੁੱਤੇ ਦੀਏ ਮਾਰੇ ਕਿਉਂ ਭੌਂਕੀ ਜਾਨੀਂ ਏਂ,ਕੋਈ ਬਦੋ ਬਦੀ ਨ੍ਹੀਂ ਕਿਸੇ ਨੂੰ ਮੂੰਹ ਵਿੱਚ
ਪਾਉਂਦਾ,ਆਪਣਾ ਧੀ ਪੁੱਤ ਚੰਗਾ ਹੋਣਾ ਚਾਹੀਦਾ,ਬੱਸ…ਆੱਹ”ਗਾਗੀ ਨੇ ਗੱਲ ਮੁਕਾਈ।
ਝੋਨਾ ਲੱਗ ਚੁੱਕਾ ਸੀ।ਬੱਸ ਕੋਈ ਕੋਈ ਖੱਤਾ ਲੱਗਣ ਵਾਲਾ ਸੀ।ਵੋਟਾਂ ਕਰਕੇ ਪਿਅੱਕੜਾਂ ਨੂੰ ਮੌਜਾਂ ਲੱਗੀਆਂ
ਸਨ।ਰਾਤ ਨੂੰ ਠੱਠੀ ਵਿੱਚ ਚਾਰੇ ਪਾਸਿਉਂ ਬੜ੍ਹਕਾਂ ਦੀਆਂ ਆਵਾਜ਼ਾਂ ਆਉਂਦੀਆਂ ਤੇ ਨਾਲ ਹੀ ਕੁੱਤੇ ਭੌਂਕਣ ਲੱਗ ਪੈਂਦੇ।ਪਤਾ ਨਾ ਲੱਗਦਾ ਕਿ ਬੜ੍ਹਕਾਂ ਕੀਹਨੂੰ ਤੇ ਕਿਹੜੀ ਗੱਲੋਂ ਮਾਰੀਆਂ ਸਨ।ਨਿੱਤ ਦੇ ਪਿਅੱਕੜ ਵਾਧੂ ਪੀਤੀ ਜਾਂ ਤਾਂ ਬੁਢੀਆਂ ਨੂੰ ਕੁੱਟ ਕੇ ਕੱਢਦੇ ਤੇ ਜਾਂ ਫ਼ਿਰ ਤੜਕੇ ਨਾਲ਼ੀ ਕੰਢੇ ਉਲਟੀਆਂ ਕਰਕੇ।ਮੁਫ਼ਤ ਦੀ ਦਾਰੂ ਕਿਤੇ ਅੰਦਰ ਟਿਕਦੀ ਆ?
ਤਾਰੀ ਦਾ ਡੇਰਾ ਬੇਸ਼ੱਕ ਵੋਟਾਂ ਦੇ ਦਿਨਾਂ ਵਿੱਚ ਸ਼ੰਗਾਰੇ ਘਰੇ ਲੱਗ ਗਿਆ ਸੀ ਪਰ ਦੇਬੋ ਦੇ ਦਰਸ਼ਨ ਕਰਨ ਕਦੇ ਕਦੇ ਗਾਗੀ ਦੇ ਬੂਹੇ ਅੱਗੋਂ ਦੀ ਲੰਘ ਜਾਂਦਾ ਸੀ।ਉਂਝ ਤਾਂ ਦੇਬੋ ਦੇ ਘਰ ਨੂੰ ਰਾਹ ਫ਼ਿਰਨੀ ਥਾਂਣੀ ਨੇੜੇ ਸੀ ਪਰ ਉਧਰ ਵੱਡੀ ਸਾਰੀ ਵਹਿਣੀ ਹੋਣ ਕਰਕੇ ਉਹ ਥੋੜ੍ਹਾ ਵਲ਼ ਪਾ ਕੇ ਇਧਰ ਦੀ ਲੰਘਦਾ।
ਗ੍ਹੋਲਣ ਝੋਨੇ ਦਾ ਆਖਰੀ ਖੱਤਾ ਨਿਬੇੜ ਕੇ ਵੇਲ਼ੇ ਨਾਲ ਘਰੇ ਆ ਕੇ ਧਰੇਕ ਹੇਠਾਂ ਮੰਜੀ ਡਾਹ ਕੇ ਪੈ ਗਈ ਸੀ।ਬਾਲਣ ਨੂੰ ਗਈ ਨਿੰਮੋ ਅਜੇ ਤਾਂਈਂ ਨਹੀਂ ਸੀ ਆਈ।ਕੱਚੀ ਕੰਧ ਨੀਵੀਂ ਹੋਣ ਕਰਕੇ ਮੰਜੀ ਉੱਤੇ ਖੜੋ ਕੇ ਰੋਹੀ ਵੱਲ ਝਾਤੀ ਮਾਰੀ ਤਾਂ ਕਿਤੇ ਨਾ ਦਿੱਸੀ।ਕੁਝ ਚਿਰ ਲੰਮੇ ਪੈ ਕੇ ਬਰੂਹਾਂ’ਚ ਆ ਖੜੋਤੀ ਗ੍ਹੋਲਣ ਅਜੇ ਅਗਾਂਹ ਹੋਣ ਹੀ ਲੱਗੀ ਕਿ ਨਿੰਮੋ ਅੱਤ ਪੱਤ ਹੁੰਦੀ ਧਰੇਕ ਹੇਠਾਂ ਆ ਡਿੱਗੀ।ਪਾਣੀ ਪਾਣੀ ਕਰਦੀ ਉਹ ਤ੍ਰੇਲ਼ੀਓ ਤ੍ਰੇਲ਼ੀ ਹੋ ਗਈ ਸੀ।ਭੱਜ ਕੇ ਨਲ਼ਕੇ ਨੂੰ ਗਈ ਤੇ ਬਾਕਣ ਲੱਗ ਪਈ।
“ਕਿੱਦਣ ਦੇ ਆਏ ਆ ਕੱਪੜੇ?”ਪੁੱਛਦਿਆਂ ਗੋ੍ਹਲਣ ਦੇ ਚਿਹਰੇ ਉੱਤੇ ਅੰਤਾਂ ਦਾ ਫ਼ਿਕਰ ਤੈਰਨ ਲੱਗ ਪਿਆ ਤੇ ਅੱਖਾਂ ਅਣਕਿਆਸੇ ਡਰ ਨਾਲ ਹੋਰ ਚੌੜੀਆਂ ਹੋ ਗਈਆਂ।
“ਪੰਜ ਦਿਨ ਟੱਪ ਗਏ ਆ…ਬੀਬੀਏ…”ਨਿੰਮੋ ਦੇ ਮੂੰਹੋਂ ਨਿਕਲਣ ਦੀ ਦੇਰ ਸੀ ਕਿ ਗੋ੍ਹਲਣ ਦੁਹੱਥੜੀਂ ਟੱਕਰ
ਪਈ,“ਹਾਇ ਹਾਇ ਨੀ ਨਿੰਮੋ ਬੰਦੀਏ ਤੇਰਾ ਕੱਖ ਨਾ ਰਵੇ੍ਹ ਥੇਹ ਹੋਣੀਏਂ,ਤੇਰੇ ਪਰਦਾ ਈ ਪੈ ਜੇ,ਤੈਨੂੰ ਲੜ ਜਾਏ ਸੱਪ ਖੜੱਪਾ ਕਿਤੇ ਤੈਨੂੰ,ਹਾਇ ਹਾਇ ਨਖਾਫ਼ੱਣੀਏ ਤੇਰਾ ਬੇੜਾ ਈ ਬਹਿ ਜੇ,ਹਾਇ ਹਾਇ ਨੀ ਤੂੰ ਜੰਮਦੀ ਕਿਉਂ ਨਾ ਮਰ ਗਈ, ਕੁੱਤੀਏ, ਚਵਲ਼ੇ, ਨੀ ਤੂੰ ਕੱਖ ਪੱਲੇ ਨਾ ਛੱਡਿਆ।ਪਿਉ ਕੰਜਰ ਦੇ ਧੌਲ਼ੇ ਝਾਟੇ ਦਾ ਵੀ ਖਿਆਲ ਨਾ ਕੀਤਾ, ਹਰਾਮਦੀਏ ਮਾਰੇ” ਉਸਨੇ ਆਪਣੇ ਸਿਰ ਵਿੱਚ ਦੁਹੱਥੜ ਮਾਰਨੇ ਸ਼ੁਰੂ ਕਰ ਦਿੱਤੇ ਤੇ ਕੰਧ ਨਾਲ ਮੱਥਾ ਮਾਰ ਕੇ ਮੱਥਾ ਸੁਜਾ ਲਿਆ।ਨਿੰਮੋ ਉਹਨੂੰ ਕਮਲ਼ੀ ਬੋਲ਼ੀ ਹੋਈ ਵੇਖ ਕੇ ਚੀਕਾਂ ਮਾਰਨ ਲੱਗ ਪਈ।ਗੋ੍ਹਲਣ ਨੂੰ ਪਤਾ ਨਾ ਲੱਗਾ,ਸੀਤੋ,ਬੀਰੋ ਤੇ ਗੁਰਮੀਤੋ ਕਦੋਂ ਉਹਦੇ ਸਿਰਹਾਣੇ ਆ ਕੇ ਖੜੋ ਗਈਆਂ।
“ਨੀ ਚੱਲ ਗੋ੍ਹਲਣੇ ਹੌਲ਼ੀ ਬੋਲ।ਕੰਧਾਂ ਦੇ ਵੀ ਕੰਨ ਹੁੰਦੇ ਆ।ਜਾਫ਼ਲ਼ ਦੀ ਗੰਢੀ ਦੇ ਕੁੜੀ ਨੂੰ,ਨਾਲ਼ੇ ਠੂਠੀ,ਅੱਾਹ,ਆ ਜਾਣਗੇ ਕੱਪੜੇ…ਨਾਲ਼ੇ ਧੰਨੋ ਦਾਈ ਦੀ ਸਲਾਹ ਲੈ,ਕੀ ਆਂਹਦੀ ਆ ਗੋ੍ਹਲਣੇ,ਹਣਾ ਭੀ…?”ਸੀਤੋ ਨੇ ਤਜਰਬਾ ਦੱਸਿਆ।
“ਹਾਇ ਨੀ ਮੈਨੂੰ ਤਾਂ ਉਦੋਂ ਦਾ ਹੀ ਲੱਗਦਾ ਸੀ,ਇਹ ਚੰਦ ਚੜ੍ਹ ਕੇ ਰਹਿਣਾ।ਹਰਾਮਦਾ,ਕੰਜਰ,ਕੁੱਤੇ ਦਾ ਬੀਅ
ਸ਼ੰਗਾਰੇ ਆਲ਼ਾ ਹਿੱਕ ਤੋਂ ਅੱਖ ਨ੍ਹੀਂ ਸੀ ਚੁੱਕਦਾ,ਇਹਦੇ ਡੇਲੇ ਮੈਂ,ਕੱਢੇ ਨਾ ਤਾਂ ਆਖੀਂ।ਹੱਡੀਆਂ ਦਾ ਚੂਰਮਾ ਮੈਂ ਵੇਖੀਂ ਕਿੱਦਾਂ ਬਣਵਾਉਨੀ ਆਂ।ਲੱਤਾਂ ਨਾ ਭੰਨਵਾਈਆਂ ਤਾਂ ਮੈਨੂੰ ਗ੍ਹੋਲਣ ਕੀਹਨੇਂ ਆਖਣਾ…ਵੇ ਸ਼ੰਗਾਰਿਆ ਬੰਦਿਆ ਤੇਰਾ ਥੇਹ ਹੋ ਜੇ ਵੇ ਤੇਰਾ,ਪਿਉ ਮੇਰੇ ਦਿਆ ਸਾਲ਼ਿਆ।ਤੇਰੀ ਕੁੜੀ’ਤੇ ਛੱਡਿਆ ਸਾਨ੍ਹ ਕੁੰਡੀ ਵਾਲ਼ਾ,ਵੇ ਸ਼ੰਗਾਰਿਆ ਬੰਦਿਆ,ਤੂੰ ਚੂੜ੍ਹਿਆਂ ਦੀ ਯਾਰੀ ਵੇਖੀ ਆ ਦਾਦੇ ਮਗ੍ਹਾਉਣਿਆ,ਹੁਣ ਵੈਰ ਵੇਖੀਂ।ਪਿੱਛੋਂ ਦੀ ਬਾਂਹ ਪਾ ਕੇ ਕਲ਼ੇਜਾ ਨਾ ਕੱਢ ਲਿਆਂਦਾ ਤਾਂ ਆਖੀਂ…ਕੁੱਤਿਆ ਕੰਜਰਾ,ਤੂੰ ਸਾਡੀ ਭਲਮਾਣਸੀ ਵੇਖੀ ਆ ਸ਼ੰਗਾਰਿਆ ਬੰਦਿਆ,ਹੁਣ ਬਦਮਾਸ਼ੀ ਵਿਖਾਵਾਂਗੇ ਤੈਨੂੰ।ਤੇਰੇ ਦਾਦੇ ਦਾੜ੍ਹੀ ਹੱਗਿਆ ਤੇਰੇ…ਰਤੀ ਠਹਿਰ ਜਾ ਹੁਣ ਤੇਰੀ ਕੁੜੀ ਨੂੰ ਨੰਗੀ ਕਰ ਕੇ ਠੱਠੀ’ਚ ਫ਼ੇਰਨਾ ਈ,ਸਾਰੀ ਝੜੰਮ ਨੂੰ ਟਪਾਉਣਾ ਈ ਉੱਤੋਂ ਦੀ,ਹਾਇ ਹਾਇ ਵੇ ਕੰਜਰਾ ਲੁੱਚਿਆ,ਭਣਵੱਈਏ ਨੂੰ ਸੱਦ ਸੱਦ ਐਂਵੇ ਨੀਂ ਸ਼ਰਾਬਾਂ ਪਿਆਉਂਦਾ,ਬਦਾਮ ਖੁਆਉਂਦਾ,ਕੁੜੀ’ਤੇ ਚੜ੍ਹਾਉਣਾ ਈ ਉਹਨੂੰ ਆਪਣੀ’ਤੇ?ਵੇਖੀਂ ਹੁਣ ਤੂੰ ਵੇਖੀਂ ਜਾਈਂ,ਜੱਗ ਵੇਖੂ ਸਾਰਾ,ਮੈਂ ਤਾਂ ਕੱਢ ਦੂੰ ਗੂੰਹ ਸਾਰੇ ਖਣਵਾਦੇ ਦਾ,ਲਵਾ ਦੂੰ ਫ਼ਾਹੇ ਸਾਰੇ ਟੱਬਰ ਨੂੰ,ਉਹੋ ਮੈਂ ਆਖਿਆ ਮੈਂ ਤਾਂ ਲਵਾਦੂੰ ਫ਼ਾਹੇ ਸਾਰੇ ਖਣਵਾਦੇ ਨੂੰ,ਨਹੀਂ?”ਗੋ੍ਹਲਣ ਨੇ ਸ਼ੰਗਾਰੇ ਕੇ ਪੂਰੇ ਖਾਨਦਾਨ ਨੂੰ ਪੁਣ ਸੁੱਟਿਆ ਸੀ।ਬਨੇਰਿਆਂ ਉੱਤੋਂ ਦੀ ਉੱਲਰੀਆਂ ਗੋ੍ਹਲਣ ਦੀਆਂ ਸ਼ਰੀਕਣੀਆਂ ਨੇ ਕੰਨਾਂ ਵਿੱਚ ਉਂਗਲ਼ਾਂ ਪਾ ਲਈਆਂ ਤੇ ਮੂੰਹ ਚੁੰਨੀਆਂ ਨਾਲ ਕੱਜ ਲਏ।ਤ੍ਰਿਕਾਲ਼ਾਂ ਤੱਕ ਪਿੰਡ ਵਿੱਚ ਨਿੰਮੋ ਤੇ ਅਮਨੇ ਦਾ ਚਰਚਾ ਸੀ।
ਗੋ੍ਹਲਣ ਭਿੱਖੀਵਿੰਡ ਵਾਲ਼ੀ ਦਲਬੀਰੋ ਲੁੱਚੀ ਨਾਲ ਨੂੰ ਲੈ ਕੇ ਝਬਾਲ਼ ਠਾਣੇ ਪਹੁੰਚ ਗਈ।ਠਾਣੇਦਾਰ ਦਲਬੀਰੋ ਦਾ ਯਾਰ ਸੀ।ਸ਼ਾਮ ਨੂੰ ਪੁਲਿਸ ਆ ਕੇ ਅਮਨੇ ਨੂੰ ਲੈ ਗਈ,“ਕੋਈ ਗੱਲ ਨਹੀਂ ਸ਼ੰਗਾਰਾ ਸਿੰਹੁ ਜੀ,ਭਲ਼ਕੇ ਮੁੰਡਾ ਛੱਡ ਦਿਆਂਗੇ ਰਾਜ਼ੀ ਨਾਮਾ ਕਰਵਾ ਕੇ”ਹੌਲਦਾਰ ਸ਼ੰਗਾਰੇ ਨੂੰ ਤਸੱਲੀ ਦੇ ਗਿਆ ਸੀ।
“ਪਰ ਮਾਮਲਾ ਜੇ ਇੱਕ ਵਾਰ ਦਰਜ ਹੋ ਗਿਆ ਤਾਂ ਕੰਮ ਲੰਮਾ ਹੋ ਜਾਊ।ਇੱਜ਼ਤ ਦੀਆਂ ਤਾਂ ਮੁੰਡੇ ਨੇ ਧੱਜੀਆਂ ਉਡਾ ਹੀ ਦਿੱਤੀਆਂ ਸਨ,ਹੁਣ ਸਰਪੰਚੀ ਵੀ ਹੱਥੋਂ ਨਿਕਲ ਗਈ ਸਮਝੋ,ਸ਼ਾਹ ਤਾਂ ਭੈਣ ਦੇਣੇ ਅੱਗੇ ਈ ਇਹੋ ਕੁਛ ਚਾਹੁੰਦੇ ਸੀ,ਹੈਂਕਿਣਾ?”ਸ਼ੰਗਾਰਾ ਚਿੰਤਾ ਵਿੱਚ ਲਿੱਸਾ ਹੋਈ ਜਾ ਰਿਹਾ ਸੀ।
ਨਿੰਮੋ ਨੇ ਠਾਣੇਦਾਰ ਸਾਹਵੇਂ ਦੰਦ ਤੋਂ ਦੰਦ ਨਾ ਚੁੱਕਿਆ।ਚੁੰਨੀ ਦੀ ਕੰਨੀਂ ਨੂੰ ਕਦੇ ਉਂਗਲ਼’ਤੇ ਲਪੇਟ ਲਵੇ ਤੇ ਫ਼ਿਰ ਖੋਲ੍ਹ ਲਵੇ,ਫ਼ਿਰ ਲਪੇਟ ਲਵੇ ਫ਼ਿਰ ਖੋਲ੍ਹ ਲਵੇ।ਬੱਸ ਇਹੀ ਕਰੀ ਜਾ ਰਹੀ ਸੀ।ਅੱਖਾਂ ਵਿੱਚ ਡਰ ਤੈਰ ਰਿਹਾ ਸੀ।ਦਲਬੀਰੋ ਉਹਦੇ ਲੱਲ੍ਹ ਵੇਂਹਦੀ ਰਹੀ।ਉਸਨੇ ਉਸਨੂੰ ਪਾਸੇ ਲਿਜਾ ਕੇ ਕਿਹਾ,“ਵੇਖ ਨਿੰਮੋ,ਤੇਰੇ ਪਿਉ ਦੀ ਪੱਤ ਤਾਂ ਹੁਣ ਜਿਹੜੀ ਮਿੱਟੀ ਵਿੱਚ ਮਿਲਣੀ ਸੀ,ਮਿਲ ਗਈ।ਤੇਰੇ ਨਾਲ ਹੋਈ ਬੇਇਨਸਾਫ਼ੀ ਦੀ ਸਜ਼ਾ ਤਾਂ ਅਮਨੇ ਨੂੰ ਮਿਲਣੀ ਚਾਹੀਦੀ ਆ।ਸਭ ਕੁਝ ਦੱਸ ਦੇ।ਕਾਰਵਾਈ ਤੇਰੇ ਬੋਲਣ ਤੋਂ ਬਾਦ ਹੀ ਸ਼ੁਰੂ ਹੋਣੀ ਆ।ਠਾਣੇਦਾਰ ਨੇ ਕਿਹਾ ਏ ਕਿ ਜੇ ਕੁੜੀ ਨੇ ਆਪਣੀ ਮਰਜ਼ੀ ਨਾਲ ਸਭ ਕੁਝ ਕੀਤਾ ਹੈ ਤਾਂ ਕੇਸ ਨਹੀਂ ਜੇ ਬਣਨਾ,ਪਰ ਜੇ ਕੇਸ ਬਣਾਉਣਾ ਜੇ ਤਾਂ ਕੁੜੀ ਕਹਿ ਦੇਵੇ ਕਿ ਉਸ ਨੂੰ ਡਰਾ ਧਮਕਾ ਕੇ ਜ਼ਬਰਦਸਤੀ ਕਰਦਾ ਆ ਰਿਹਾ ਹੈ ਤਾਂ ਕੇਸ ਮਜ਼ਬੂਤ ਹੋ ਸਕਦਾ ਹੈ।ਉਹ ਆਂਹਦਾ ਆ ਭੀ ਕੁੜੀ ਜਿੰਨਾ ਚਿਰ ਮੂੰਹੋਂ ਨਾ ਬੋਲੂ ਆਪਣੇ ਹੱਥ ਖੜੇ ਆ।ਅਖਬਾਰਾਂ ਵਾਲੇ ਤਾਂ ਸੁੰਘਦੇ ਫ਼ਿਰਦੇ ਆ ਪੁਲਿਸ ਕਦੋਂ ਗਲਤ ਕੰਮ ਕਰੇ ਤੇ ਕਦੋਂ ਖਬਰ ਛਾਪੀਏ,ਤੇ ਨਾਲ਼ੇ ਨਿੰਮੋ ਉਹ ਆਂਹਦਾ ਭੀ ਅੱਜ ਕੱਲ੍ਹ ਕੁੜੀਆਂ ਦੀ ਬੜੀ ਛੇਤੀ ਸੁਣੀ ਜਾਂਦੀ ਆ।ਤੇ ਨਾਲੇ ਹੁਣ ਤਾਂ ਕਾਨੂੰਨ ਵੀ ਏਨੇ ਸਖ਼ਤ ਬਣ ਗਏ ਬੰਦਾ ਸਾਰੀ ਉਮਰ ਜੇਲ੍ਹ ਵਿੱਚ ਰਹੂਗਾ।ਤੇ ਨਾਲੇ ਇਹੋ ਜਿਹੇ ਕੇਸਾਂ ਵਿੱਚ ਤਾਂ ਕੋਈ ਛੋਟ ਹੀ ਨਹੀਂ ਜਿੱਥੇ ਕੁੜੀ ਮਜ੍ਹਬੀਆਂ ਦੀ ਹੋਵੇ ਤੇ ਮੁੰਡਾ ਜੱਟਾਂ ਦਾ।”ਦਲਬੀਰੋ ਨੇ ਨਿੰਮੋ ਨੂੰ ਸਮਝਾਇਆ।
“ਮੈਂ…ਮੈਂ ਘਰੇ ਜਾਣਾ…”ਨਿੰਮੋ ਹੌਲ਼ੀ ਜਿਹੀ ਬੋਲੀ,ਕਾੜ ਕਰਦਾ ਥੱਪੜ ਦਲਬੀਰੋ ਨੇ ਉਹਦੀ ਗੱਲ੍ਹ ਉੱਤੇ ਜੜ੍ਹ
ਦਿੱਤਾ,“ਕੁੱਤੀ,ਲੱਗਦੀ ਘਰੇ ਜਾਣ ਦੀ,ਪਹਿਲਾਂ ਸਵਾਦ ਲੈਣੇ ਆ,ਹੁਣ ਮੂੰਹੋਂ ਵੀ ਨਹੀਂ ਫ਼ੁੱਟਣਾ …ਕੰਜਰੀ ਕਿਹੇ ਥਾਂ ਦੀ…”ਦਲਬੀਰੋ ਉਹਨੂੰ ਰੋਂਦੀ ਨੂੰ ਛੱਡ ਕੇ ਠਾਣੇਦਾਰ ਦੇ ਕਮਰੇ ਵਿੱਚ ਜਾ ਪਈ।ਨਿੰਮੋ ਨੇ ਬਿਆਨ ਨਾ ਦਿੱਤੇ ਤੇ ਸ਼ੰਗਾਰਾ ਅਮਨੇ ਨੂੰ ਲੈ ਕੇ ਘਰੇ ਆ ਗਿਆ।
ਖਉ ਪੀਏ ਸ਼ੰਗਾਰਾ ਗਾਗੀ ਘਰੇ ਗਿਆ।ਗਾਗੀ ਨ੍ਹੇਰੇ ਵਿੱਚ ਮੰਜਾ ਡਾਹ ਕੇ ਪਿਆ ਸੀ।ਅੰਨ ਪਾਣੀ ਦਾ ਵੇਲ਼ਾ ਸੀ ਪਰ ਗੋ੍ਹਲਣ ਨੇ ਚੁੱਲ੍ਹੇ ਵਿੱਚ ਗੋਹਿਆਂ ਦੀ ਰੀਣੀ ਲਾ ਕੇ ਛੱਡ ਦਿੱਤੀ।ਚੁੱਲ੍ਹਾ ਤਪਾਉਣ ਨੂੰ ਵੱਢਿਆ ਰੂਹ ਨਹੀਂ ਸੀ ਕਰ ਰਿਹਾ।ਨਿੰਮੋ ਸਿਰ ਬੰਨ੍ਹ ਕੇ ਸਬਾਤ ਵਿੱਚ ਲਾਣੀ ਮੰਜੀ ਉੱਤੇ ਪੈਂਦ ਵੱਲ ਸਿਰ ਕਰਕੇ ਪਈ ਸੀ।
“ਵੇਖ ਗਾਗਾ ਸਿੰਹਾਂ,ਤਰਕਾਲ਼ ਸੋਂਹ ਦਾ ਵੇਲ਼ਾ ਈ,ਮੈਨੂੰ ਨ੍ਹੀਂ ਪਤਾ ਸੱਚ ਕੀ ਏ ਤੇ ਝੂਠ ਕੀ?ਜੋ ਵੀ ਏ ਵਾਹਿਗੁਰੂ ਤੋਂ ਤਾਂ ਲੁਕਿਆ ਨਹੀਂ,ਹੈਂਕਿਣਾ?ਉਸੇ ਨੂੰ ਜਾਨ ਦੇਣੀ ਆ ਸਭ ਨੇ,ਰਤੀ ਗੌਰ ਕਰੀਂ,ਤੂੰ ਸੁੱਕੀ ਚਗਾਠ’ਤੇ ਬੈਠਾ ਈ,ਤੈਨੂੰ ਲੱਗਦਾ ਆ ਭੀ ਇਹ ਕੰਮ ਆਪਣੇ ਅਮਨੇ ਦਾ ਹੋਊ?ਤੇ ਜੇ ਤੈਨੂੰ ਲੱਗਦਾ ਕਿ ਇਹ ਕੰਮ ਅਮਨੇ ਦਾ ਹੀ ਹੈ ਤਾਂ ਰਹੁਰਾਸ ਦਾ ਵੇਲ਼ਾ ਈ,ਚਾਨਣ ਮੱਥੇ ਲੱਗਦਾ ਈ,ਮੈਂ ਆਪ ਆਪਣੇ ਹੱਥੀਂ ਉਹਨੂੰ ਫ਼ਾਹੇ ਲਾਊਂ ਸਭ ਦੇ ਸਾਹਮਣੇ,ਇਸੇ ਪਿੱਪਲ਼ ਦੇ ਥੱਲੇ,ਠੱਠੀ ਦੇ ਐਨ ਵਿਚਕਾਰ…ਹੈਂਕਿਣਾ?”ਪੋਟੇ ਮਿਣ ਮਿਣ ਪਾਲ਼ੇ,ਆਪਣੇ ਸਰਫ਼ੇ ਦੇ ਪੁੱਤ ਬਾਰੇ ਇੰਝ ਕਹਿੰਦਿਆਂ ਸ਼ੰਗਾਰੇ ਦਾ ਗੱਚ ਭਰ ਆਇਆ।ਗਾਗੀ ਕੁਝ ਵੀ ਬੋਲ ਨਾ ਸਕਿਆ।ਸ਼ੰਗਾਰੇ ਦੇ ਚਿਹਰੇ ਵੱਲ ਵੇਖਣ ਦੀ ਉਹਦੀ ਹਿੰਮਤ ਨਾ ਪਈ।ਸ਼ਬਦ ਗਾਗੀ ਦੇ ਸੰਘ ਵਿੱਚ ਅੜੇ ਰਹੇ।ਸ਼ੰਗਾਰੇ ਦੇ ਜਾਣ ਤੋਂ ਬਾਦ ਉਹ ਪੰਦਰਾਂ ਵੀਹ ਮਿੰਟ ਸੋਚਾਂ ਵਿੱਚ ਡੁੱਬਾ ਰਿਹਾ।ਫ਼ਿਰ ਉਸਦੇ ਅੰਦਰ ਜਿਵੇਂ ਕੋਈ ਸ਼ੈਅ ਵੜ ਗਈ ਹੋਵੇ।ਵੇਂਹਦਿਆਂ ਵੇਂਹਦਿਆਂ ਉਹਦੇ ਡੇਲੇ ਬਾਹਰ ਨੂੰ ਉਗਲ਼ ਆਏ ਤੇ ਲਾਲ ਭਾਹ ਮਾਰਨ ਲੱਗੇ।ਉਸਦੇ ਹੱਥ ਦਾਤਰ ਪਤਾ ਨਹੀਂ ਕਿੱਥੋਂ ਆ ਗਿਆ ਤੇ ਨਿੰਮੋ ਨੂੰ ਗੁੱਤੋਂ ਫ਼ੜ ਧੂਹ ਕੇ ਅੰਦਰ ਵਾੜ ਲਿਆ।ਗੋ੍ਹਲਣ ਵੀ ਮਗਰੇ ਡਾਡਾਂ ਮਾਰਦੀ ਅੰਦਰ ਨੂੰ ਭੱਜੀ ਪਰ ਗਾਗੀ ਦੇ ਸਿਰ ਉੱਤੇ ਖ਼ੂਨ ਸਵਾਰ ਸੀ।ਗਾਗੀ ਨੇ ਧੱਕਾ ਮਾਰ ਕੇ ਉਸ ਨੂੰ ਪਿੱਛਾਂਹ ਬਰੂਹਾਂ ਵਿੱਚ ਸੁੱਟ ਦਿੱਤਾ।
“ਹਾਇ ਵੇ ਗਈ ਨਿੰਮੋ,ਹਾਇ ਵੇ ਮਾਰ’ਤੀ ਵੇ…ਲੋਕਾ,ਹਾਇ ਬਹੁੜੀਂ ਵੇ ਰੱਬਾ,ਨਾ ਮਾਰੀਂ ਨਿੰਮੋ ਨੂੰ ਦੁਸ਼ਟਾ,ਹਾਇ ਨਾ ਮਾਰੀਂ,ਵੇ ਲੋਕਾ ਵੱਢ’ਤੀ ਵੇ ਮੇਰੀ ਲਾਡਾਂ ਨਾਲ ਪਾਲ਼ੀ ਧੀ…ਹਾਇ ਵੇ ਕੋਈ ਬਚਾ ਲਓ ਮੇਰੀ ਧੀ ਨੂੰ ਵੇ …ਵੇ ਲੋਕਾ ਬਹੁੜੀਂ ਵੇ…”ਨਿੰਮੋ ਨੇ ਆਪਣੇ ਬਾਪ ਦਾ ਕਦੀ ਇਹ ਰੂਪ ਨਹੀਂ ਸੀ ਵੇਖਿਆ।ਡਰ ਨਾਲ ਸੁੱਥਣ ਵਿੱਚ ਉਸਦਾ ਪਿਸ਼ਾਬ ਨਿਕਲ ਗਿਆ।ਸਾਹਮਣੇ ਮੌਤ ਨੂੰ ਵੇਖ ਕੇ ਅੱਠਾਂ ਪਹਿਰਾਂ ਦੀ ਵੱਟੀ ਚੁੱਪ ਨੂੰ ਤੋੜਦਿਆਂ ਨਿੰਮੋ ਕੁਰਲਾ ਉੱਠੀ, “ਨਾ ਭਾਪਾ,ਨਾ ਮਾਰੀਂ,ਤਾਰੀ,ਤਾਰੀ,ਫ਼ੁੱਫ਼ੜ ਤਾਰੀ…”ਦਾਤਰ ਸੁੱਟ ਕੇ ਉਹ ਮੱਥਾ ਫ਼ੜ ਕੇ ਉੱਥੇ ਈ ਬਹਿ ਗਿਆ।ਹੌਲ਼ੀ ਹੌਲ਼ੀ ਉਹ ਸਹਿਜ ਹੋ ਗਿਆ।ਨਿੰਮੋ ਗੋ੍ਹਲਣ ਦੇ ਗਲ਼ ਨਾਲ ਦੁਬਕੀ ਸਿਸਕਦੀ ਦੱਸ ਰਹੀ ਸੀ-“ਬੀਬੀਏ,ਉਹ ਰੋਜ਼ ਆਉਂਦਾ ਸੀ ਜਦੋਂ ਝੋਨੇ ਨੂੰ ਚਲੀਆਂ ਜਾਂਦੀਆਂ ਤੁਸੀਂ।ਰੱਜਿਆ ਹੁੰਦਾ ਸੀ ਉਹ ਦਾਰੂ ਨਾਲ,ਉਹਦੇ ਮੂੰਹ ਵਿੱਚੋਂ ਬੜੀ ਬੋਅ ਆਉਂਦੀ।ਹੌਲ਼ੀ ਹੌਲ਼ੀ ਮੇਰੇ ਪਿੰਡੇ’ਤੇ ਹੱਥ ਫ਼ੇਰਦਾ,ਮੇਰੇ ਗਲ਼ਮੇ ਦੇ ਵਿੱਚ ਝਾਤੀਆਂ ਮਾਰਦਾ।ਮੈਂ ਕਿਹਾ,ਫ਼ੁੱਫ਼ੜ ਜੀ ਕੀ ਕਰਦਾ ਏਂ ਤਾਂ ਕਹਿੰਦਾ-ਮੈਂ ਤੈਨੂੰ ਸ਼ਹਿਰੋਂ ਸੋਹਣੇ ਕੱਪੜੇ ਬਣਾ ਕੇ ਦਿਉਂਗਾ…ਬੀਬੀਏ ਮੈਂ ਜਦੋਂ ਉਹਦੀਆਂ ਗੰਦੀਆਂ ਗੱਲਾਂ ਤੋਂ ਰੋਣ ਲੱਗ ਪਈ ਤਾਂ ਉਹਨੇ ਵੱਡਾ ਸਾਰਾ ਚਾਕੂ ਕੱਢ ਲਿਆ,ਕਹਿੰਦਾ-ਚੁੱਪਚਾਪ ਕਰੀ ਜਾਏਂਗੀ ਤਾਂ ਚੰਗੀ ਰਹੇਂਗੀ…” ਮੇਰੇ ਹੱਥਾਂ ਪੈਰਾਂ ਨੂੰ ਜਕੜ ਕੇ ਫ਼ਿਰ ਗੰਦੇ ਕੰਮ ਕੀਤੇ।ਫ਼ਿਰ ਉਹ ਤੀਏ ਚੌਥੇ ਦਿਨ ਆਉਣ ਲੱਗ ਪਿਆ।ਕਹਿੰਦਾ-ਜੇ ਕਿਸੇ ਨੂੰ ਦੱਸਿਆ ਤਾਂ ਕੋਕਣ ਨੂੰ ਮਾਰ ਦੇਵੇਗਾ…ਮੈਂ ਡਰਦੀ ਨੇ ਦੱਸਿਆ ਨਾ,ਕਿਤੇ…ਬੀਬੀਏ…ਮੈਨੂੰ ਡਰ ਲੱਗਦਾ ਬੀਬੀਏ ਕਿਤੇ ਉਹ …ਹੁਣ ਵੀ…ਕੁਛ ਨਾ ਕਿਹੋ ਉਹਨੂੰ…ਮੈਨੂੰ ਡਰ ਲੱਗਦੈ ਬੀਬੀਏ ਨੀ…” ਉਹਦੀ ਰੋਂਦੀ ਦੀ ਘਿੱਗੀ ਬੱਝ ਗਈ ਸੀ।ਕੰਧਾਂ ਉੱਤੋਂ ਦੀ ਓਕੜ ਓਕੜ ਕੇ ਵੇਖ ਰਹੀਆਂ ਬੁੱਢੀਆਂ ਤੇ ਜਵਾਕ ਹੌਲ਼ੀ ਹੌਲ਼ੀ ਖਿਸਕਣ ਲੱਗੇ।
***************************************************************************
ਝਬਾਲੋਂ ਠਾਣਾ ਚੜ੍ਹ ਕੇ ਆਇਆ ਸੀ।ਪਿੱਪਲ ਥੱਲੇ ਪਿੰਡ ਦਾ ਸਰਪੰਚ ਗਾਗਾ ਸਿਹੁੰ ਤੇ ਸ਼ੰਗਾਰਾ ਸਿੰਹੁ ਇੱਕੇ ਮੰਜੇ ਦੀ ਹੀਅ ਉੱਤੇ ਬੈਠੇ ਸਨ।ਠਾਣੇਦਾਰ ਕਾਰਵਾਈ ਲਈ ਮੋਹਤਬਰਾਂ ਦੇ ਬਿਆਨ ਲੈ ਰਿਹਾ ਸੀ।ਤਾਰੀ ਦਾ ਭਰਾ ਸ਼ਾਲ੍ਹਾ ਠਾਣੇਦਾਰ ਦੇ ਮੂਹਰੇ ਪੈਰਾਂ ਭਾਰ ਬੈਠਾ ਸੀ।
“ਰਸਾਲ ਸਿੰਘ ਉਰਫ਼ ਸ਼ਾਲ਼੍ਹਾ ਵਲ਼ਦ ਨੱਥਾ ਸਿੰਘ ਉੱਤੇ ਦੋਸ਼ ਹੈ ਕਿ ਉਸਨੇ ਆਪਣੇ ਸਕੇ ਭਰਾ ਤਾਰਾ ਸਿੰਘ ਉਰਫ਼ ਤਾਰੀ ਵਲ਼ਦ ਨੱਥਾ ਸਿਹੰੁ ਵਾਸੀ ਫ਼ਰੰਦੀਪੁਰ ਹਾਲ ਵਾਸੀ ਪਿੰਡ ਭੂਰੇ ਗਿੱਲ ਤਹਿਸੀਲੋ ਜ਼ਿਲ੍ਹਾ ਤਰਨ ਤਾਰਨ ਨੂੰ ਮੱਝਾਂ ਵਾਲਾ ਸੰਗਲ਼ ਮਾਰ ਮਾਰ ਕੇ ਕਤਲ ਕਰ ਦਿੱਤਾ ਹੈ।ਵਾਰਦਾਤ ਵਿੱਚ ਵਰਤਿਆ ਗਿਆ ਸੰਗਲ਼ ਉਕਤ ਦੋਸ਼ੀ ਦੀ ਨਿਸ਼ਾਨਦੇਹੀ ਉੱਤੇ ਵਕੂਏ ਵਾਲੀ ਥਾਂ ਤੋਂ ਬਰਾਮਦ ਕਰ ਲਿਆ ਗਿਆ ਹੈ।ਠੀਕ ਏ ਜਨਾਬ?”ਕੱਚੀ ਰਿਪੋਰਟ ਲਿਖ ਕੇ ਮੁਨਸ਼ੀ ਨੇ ਮੋਹਤਬਰਾਂ ਦੇ ਦਸਤਖ਼ਤ ਲੈਣ ਲਈ ਠਾਣੇਦਾਰ ਨੂੰ ਪੁੱਛਿਆ।
“ਕਿਉਂ ਭਈ ਭਰਾਵੋ ਠੀਕ ਏ?”ਠਾਣੇਦਾਰ ਕਾਗਜ਼ ਸਾਂਭ ਕੇ ਤੁਰਨ ਲੱਗਾ।ਹੌਲਦਾਰ ਨੇ ਸ਼ਾਲ੍ਹੇ ਨੂੰ ਵੀ ਗੁੱਟੋਂ ਫ਼ੜ ਕੇ ਉੱਠਣ ਲਈ ਦਬਕਾ ਮਾਰਿਆ।ਸ਼ਾਲ੍ਹਾ ਉੱਠ ਕੇ ਕੱਪੜੇ ਝਾੜਨ ਲੱਗ ਪਿਆ।
“ਨਹੀਂ ਜਨਾਬ,”ਸਭ ਤੋਂ ਪਹਿਲਾਂ ਗਾਗਾ ਸਿੰਘ ਸਰਪੰਚ ਬੋਲਿਆ।ਸਾਰਿਆਂ ਕੰਨ ਚੁੱਕੇ।“ਸਾਡੇ ਪਿੰਡ ਕੋਈ ਕਤਲ ਨਹੀਂ ਹੋਇਆ।ਤੁਹਾਨੂੰ ਕਿਸੇ ਨੇ ਗਲਤ ਇਤਲਾਹ ਦਿੱਤੀ ਏ।”
“ਕੀ ਮਤਲਬ ਸਰਪੰਚ ਸਾਹਿਬ?”ਗਾਗੇ ਨੂੰ ਪਹਿਲੀ ਵਾਰ ਕਿਸੇ ਨੇ ਸਰਪੰਚ ਕਿਹਾ ਸੀ,ਉਹ ਵੀ ਕਿਸੇ ਠਾਣੇਦਾਰ ਨੇ।ਉਹਨੇ ਵੀ ਸੋਚ ਲਿਆ ਕਿ ਹੁਣ ਸਰਪੰਚੀ ਕਰਕੇ ਦਿਖਾਉਣੀ ਏ।
“ਜਨਾਬ,ਤਾਰਾ ਸਿਹੁੰ ਨੂੰ ਕਿਸੇ ਨੇ ਕਤਲ ਨਹੀਂ ਕੀਤਾ,ਇਹ ਤਾਂ ਤ੍ਰਕਾਲੀਂ ਛੱਪੜੋਂ ਮੱਝਾਂ ਨਵ੍ਹਾਉਣ ਗਿਆ ਸੀ,ਮੈਂ ਖੁਦ ਵੇਖਿਆ,ਸੰਗਲ਼ ਵਿੱਚ ਇਹਨੇ ਗੁੱਟ ਫ਼ਸਾਇਆ ਸੀ ਭੀ ਡੰਗਰ ਭੱਜਣ ਨਾ।ਪਰ ਡੰਗਰ ਮੱਛਰ ਪਏ ਤੇ ਭੱਜ ਪਏ।ਤਾਰਾ ਸਿਹੁੰ ਵਿਚਾਰਾ ਤਾਂ ਘਸੀਟਣ ਨਾਲ ਮੇਰੇ ਵਿਹੰਦਿਆਂ ਵਿਹੰਦਿਆਂ ਦਮ ਤੋੜ ਗਿਆ,ਕਿਹੜਾ ਕਤਲ ਤੇ ਕਿਹੜਾ ਕਾਤਲ,ਠਾਣੇਦਾਰ ਸਾਹਿਬ?”ਠੱਠੀ ਵਾਲ਼ੇ ਹੀ ਨਹੀਂ ਸਾਰੇ ਜੱਟਾਂ ਵੀ ਉਸਦੀ ਹਾਮੀ ਭਰੀ।ਜਦੋਂ ਸਾਰੇ ਪਿੰਡ ਨੇ ਇੱਕੇ ਸੁਰ ਵਿੱਚ ਸ਼ਾਲ੍ਹੇ ਨੂੰ ਬੇਕਸੂਰ ਸਾਬਿਤ ਕਰ ਦਿੱਤਾ ਤਾਂ ਠਾਣੇਦਾਰ ਬੇਵੱਸ ਹੋ ਗਿਆ।
“ਅੱਜ ਦੁਸਹਿਰਾ ਆ ਸਗੋਂ?”ਠਾਣੇਦਾਰ ਨੇ ਮੂੰਹ ਵਿੱਚ ਕਿਹਾ।ਮੁਨਸ਼ੀ ਨੂੰ ਸਮਝ ਨਾ ਲੱਗੀ।
“ਸਰਦਾਰ ਬਹਾਦਰ,ਕੀ ਹੋ ਗਿਆ,ਜਨਾਬ?ਅਜੇ ਦੁਸਹਿਰੇ’ਚ ਤਾਂ ਅਜੇ ਵਾਹਵਾ ਚਿਰ ਏ,ਮਾਅਰਾਜ”
“ਨਹੀਂ ਅਈਦਾਂ ਲੱਗਾ ਜਿੱਦਾਂ ਕਿਤੇ ਰਾਵਣ ਮਰਿਆ ਹੁੰਦਾ…”ਕੱਚੀ ਰਿਪੋਰਟ ਵਾਲਾ ਕਾਗਜ਼ ਪਾੜ ਕੇ ਉਸ ਠੱਠੀ ਵਿੱਚ ਹੀ ਸੁੱਟ ਦਿੱਤਾ ਤੇ ਪਿੰਡ ਵਾਲ਼ਿਆਂ ਨੂੰ ਫ਼ਤਹਿ ਬੁਲਾ ਕੇ ਠਾਣੇਦਾਰ ਗੱਡੀ ਵਿੱਚ ਬਹਿ ਗਿਆ।ਝਬਾਲ਼ ਦੇ ਰਾਹ ਜਾਂਦੀ ਗੱਡੀ ਪਿੱਛੇ ਕਾਲ਼ਾ ਧੂੰਆਂ ਛੱਡਦੀ ਜਾ ਰਹੀ ਸੀ।
ਠੱਠੀ ਵਿੱਚ ਚੁੱਪ ਚਾਂ ਸੀ।ਬਾਬੇ ਸੋਮੇ ਨੇ ਸੰਖ ਪੂਰ ਕੇ ਰਹਿਰਾਸ ਦਾ ਪਾਠ ਸ਼ੁਰੂ ਕਰ ਦਿੱਤਾ ਸੀ-‘ਹਰਣਾਖਸ਼ ਦੁਸਟ ਹਰਿ ਮਾਰਿਆ…।’ ਸ਼ਾਲੇ੍ਹ ਦੇ ਘਰੋਂ ਆਉਂਦੀ ਚਮਕੀਲੇ ਦੇ ਗਾਣਿਆਂ ਦੀ ਆਵਾਜ਼ ਹੋਰ ਉੱਚੀ ਹੋ ਗਈ।
ਜਗਜੀਤ ਗਿੱਲ