ਡਾ. ਅੰਬੇਡਕਰ ਬਾਰੇ ਪ੍ਰਚਾਰੇ ਜਾਂਦੇ ਗਲ੍ਹਤ ਵਿਚਾਰਾਂ ਦੇ ਝਰੋਖੇ ਵਿੱਚੋਂ

ਡਾ. ਅੰਬੇਡਕਰ ਬਾਰੇ ਪ੍ਰਚਾਰੇ ਜਾਂਦੇ ਗਲ੍ਹਤ ਵਿਚਾਰਾਂ ਦੇ ਝਰੋਖੇ ਵਿੱਚੋਂ
ਬਾਬਾ ਸਾਹਿਬ ਦਾ ਜਨਮ 14 ਅਪਰੈਲ 1891 ਨੂੰ ਹੋਇਆ। ਬਾਬਾ ਸਾਹਿਬ ਦੀ ਜ਼ਿੰਦਗੀ ਇਕੱਲੀ ਸੰਘਰਸ਼ਪੂਰਨ ਹੀ ਨਹੀਂ ਰਹੀ ਸਗੋਂ ਪ੍ਰੇਰਨਾਦਾਇਕ ਵੀ ਰਹੀ। ਉਨ੍ਹਾਂ ਨੂੰ ਉਹ ਸਾਰੇ ਜਾਤੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਜੋ ਹਰ ਦਲਿਤ ਨੂੰ ਕਰਨਾ ਪੈਂਦਾ ਹੈ। ਉਹ ਸਾਰੀ ਉਮਰ ਇਸ ਜਾਤ ਪਾਤੀ ਵਿਤਕਰੇ ਨੂੰ ਖਤਮ ਕਰਨ ਦੇ ਲਈ ਲੱਗੇ ਰਹੇ। ਉਨ੍ਹਾਂ ਦੀ ਜ਼ਿੰਦਗੀ ਤੇ ਵਿਚਾਰਧਾਰਾ ਪ੍ਰਤੀ ਹਾਕਮ ਜਮਾਤੀ ਪਾਰਟੀਆਂ ਤੇ ਚਤੁਰ ਅੰਬੇਦਕਰਾਈਟ ਵੱਲੋਂ ਕਈ ਭਰਮ ਭੁਲੇਖੇ ਖੜ੍ਹੇ ਕੀਤੇ ਜਾਂਦੇ ਰਹੇ ਹਨ। ਉਨ੍ਹਾਂ ਨੂੰ ਆਪਣੇ ਮੁਫ਼ਾਦਾਂ ਮੁਤਾਬਕ ਢਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਵੱਲੋਂ ਆਪਣੀ ਜ਼ਿੰਦਗੀ ਵਿੱਚ ਲਿਖੀਆਂ ਕਿਤਾਬਾਂ ਦੀ ਗਿਣਤੀ, ਲੇਖਾਂ ਤੇ ਭਾਸ਼ਣਾਂ ਦੀ ਗਿਣਤੀ ਤਾਂ ਕਰ ਲਈ ਜਾਂਦੀ ਹੈ ਪ੍ਰੰਤੂ ਉਨ੍ਹਾਂ ਵਿਚਲਾ ਬਹੁਤਾ ਕੁਝ ਲੁਕੋ ਲਿਆ ਜਾਂਦਾ ਹੈ। ਪ੍ਰੰਤੂ ਬਾਬਾ ਸਾਹਿਬ ਕੋਈ ਮੋਮ ਦਾ ਨੱਕ ਨਹੀਂ, ਜਿਸ ਨੂੰ ਹਰੇਕ ਆਪਣੇ ਮੁਤਾਬਕ ਢਾਲ ਲਵੇਗਾ। ਬਾਬਾ ਸਾਹਿਬ ਬਾਰੇ ਪ੍ਰਚਾਰੇ ਜਾਂਦੇ ਗਲਤ ਵਿਚਾਰਾਂ ਦੀ ਅੱਜ ਆਪਾਂ ਚਰਚਾ ਕਰਾਂਗੇ। ਜਿਨ੍ਹਾਂ ਵਿੱਚ ਪਹਿਲਾ ਕਿ ਬਾਬਾ ਸਾਹਿਬ ਨੇ ਆਪਣੀ ਜ਼ਿੰਦਗੀ ਵਿੱਚ ਲੜੀਆਂ ਐਜੀਟੇਸ਼ਨਾਂ ਨੂੰ ਲੁਕੋ ਕੇ ਸਿਰਫ਼ ਉਨ੍ਹਾਂ ਦੇ ਇਲੈਕਸ਼ਨ ਬਾਰੇ ਰੋਲ ਨੂੰ ਪ੍ਰਚਾਰਿਆ ਜਾਂਦਾ, ਉਹ ਵੀ ਤੋੜ ਮਰੋੜ ਕੇ। ਦੂਸਰਾ ਉਨ੍ਹਾਂ ਨੂੰ ਸੰਵਿਧਾਨ ਦਾ ਨਿਰਮਾਤਾ ਤਾਂ ਦਿਖਾਇਆ ਜਾਂਦਾ ਪ੍ਰੰਤੂ ਜਾਤ ਪਾਤ ਤੋਂ ਮੁਕਤੀ ਬਾਰੇ ਉਨ੍ਹਾਂ ਦੇ ਕੀ ਵਿਚਾਰ ਹਨ? ਇਨ੍ਹਾਂ ਬਾਰੇ ਬਹੁਤੀ ਚਰਚਾ ਨਹੀਂ ਕੀਤੀ ਜਾਂਦੀ। ਨੌਕਰੀਆਂ ਵਿਚ ਰਿਜ਼ਰਵੇਸ਼ਨ ਦਾ ਪ੍ਰਚਾਰ ਤਾਂ ਕੀਤਾ ਜਾਂਦਾ ਪ੍ਰੰਤੂ ਪੈਦਾਵਾਰੀ ਸਾਧਨਾਂ ਵਿੱਚ ਹਿੱਸੇਦਾਰੀ ਦੀ ਲੋੜ ’ਤੇ ਚੁੱਪ ਧਾਰ ਲਈ ਜਾਂਦੀ ਹੈ। ਅਜਿਹਾ ਕਿਉਂ ਕੀਤਾ ਜਾਂਦਾ ਹੈ? ਆਓ ਆਪਾਂ ਚਰਚਾ ਕਰੀਏ।
ਬਾਬਾ ਸਾਹਿਬ ਨੇ ਜ਼ਿੰਦਗੀ ਵਿੱਚ ਜਿੱਥੇ ਹੋਰ ਬਹੁਤ ਸੰਘਰਸ਼ ਕੀਤੇ ਉਥੇ ਜਨਤਕ ਸੰਘਰਸ਼ਾਂ ਵਿੱਚ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਨਾਅਰਾ ਦਿੱਤਾ ਕਿ ਪੜ੍ਹੋ, ਜੁੜੋ ਤੇ ਸੰਘਰਸ਼ ਕਰੋ ਪ੍ਰੰਤੂ ਮੌਜੂਦਾ ਸਮੇਂ ਵਿੱਚ ਉਨ੍ਹਾਂ ਦੇ ਇਸ ਨਾਅਰੇ ਵਿਚੋਂ ਸੰਘਰਸ਼ ਸ਼ਬਦ ਖਤਮ ਕਰ ਦਿੱਤਾ ਹੈ। ਜਾਂ ਕਹਿ ਸਕਦੇ ਹਾਂ ਕਿ ਸੰਘਰਸ਼ ਸਿਰਫ਼ ਪਾਰਲੀਮੈਂਟ ਤੱਕ ਹੀ ਰਹਿ ਗਿਆ ਹੈ ਇਹ ਪਾਰਲੀਮਾਨੀਵਾਦੀ ਲੋਕ ਸਾਰੇ ਦੁੱਖਾਂ ਦੀ ਦਾਰੂ ਚੋਣਾਂ ਨੂੰ ਹੀ ਦੱਸਦੇ ਹਨ। ਜਦਕਿ ਬਾਬਾ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ ਸਮੇਂ ਆਪਣੇ ਤਜਰਬੇ ਵਿਚੋਂ ਚੋਣਾਂ ਦੇ ਰਾਹ ਨੂੰ ਰੱਦ ਕੀਤਾ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਮਤਲਬ ਪਾਰਲੀਮੈਂਟ ਜਾਂ ਗਣਤੰਤਰ ਨਹੀਂ। ਲੋਕਤੰਤਰ ਦਾ ਮਤਲਬ ਆਰਥਿਕ, ਰਾਜਨੀਤਕ ਤੇ ਸਮਾਜਿਕ ਬਰਾਬਰੀ ਹੈ। ਸੰਨ 1927 ਵਿੱਚ ਖੂਹਾਂ ਤੇ ਤਲਾਬਾਂ ਵਿੱਚੋਂ ਪੀਣ ਵਾਲਾ ਪਾਣੀ ਲੈਣ ਲਈ ਅਤੇ ਪਾਣੀ ਭਰਨ ਦੇ ਮਸਲੇ ’ਤੇ ਮਹਾੜ ਅੰਦਰ ਜ਼ਬਰਦਸਤ ਅੰਦੋਲਨ ਕੀਤਾ, ਕਿਉਂਕਿ ਉਸ ਸਮੇਂ ਦਲਿਤਾਂ ਨੂੰ ਖੂਹਾਂ, ਤਲਾਬਾਂ ਵਿੱਚ ਪਾਣੀ ਲੈਣ ਦੀ ਮਨਾਹੀ ਸੀ। ਬਾਬਾ ਸਾਹਿਬ ਨੇ ਪਹਿਲਾਂ ਇਸ ਮਸਲੇ ’ਤੇ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਕਈ ਕਾਨਫ਼ਰੰਸਾਂ ਕੀਤੀਆਂ। ਫਿਰ ਉਨ੍ਹਾਂ ਨੇ ਹਜ਼ਾਰਾਂ ਦਲਿਤਾਂ ਨੂੰ ਨਾਲ ਲੈ ਕੇ ਇਕ ਜ਼ਬਰਦਸਤ ਮਾਰਚ ਕੀਤਾ। ਮਾਰਚ ਦੇ ਅਖੀਰ ਵਿਚ ਉਨ੍ਹਾਂ ਨੇ ਖੂਹ ਵਿੱਚੋਂ ਪਾਣੀ ਭਰਿਆ ਤੇ ਪੀਤਾ। ਇਸ ਦੇ ਨਾਲ ਬਹੁਤ ਸਾਰਾ ਵਿਵਾਦ ਹੋਇਆ। ਬ੍ਰਾਹਮਣਾਂ ਨੇ ਇਸ ਤੇ ਦੰਗੇ ਭੜਕਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਸੰਘਰਸ਼ ਅੱਗੇ ਸਭ ਹੌਲਾ ਪੈ ਗਿਆ। 4 ਅਗਸਤ ਨੂੰ ਮਹਾੜ ਮਿਉਸਿਪੈਲਿਟੀ ਨੇ 1924 ਵਾਲਾ ਮਤਾ ਰੱਦ ਕਰ ਦਿੱਤਾ, ਜਿੱਥੇ ਦਲਿਤਾਂ ਨੂੰ ਜਨਤਕ ਥਾਵਾਂ ਤੇ ਜਾਣ ਦਾ ਅਧਿਕਾਰ ਸੀ। ਇਸ ਮਤੇ ਨੂੰ ਰੱਦ ਕਰਨ ਦੇ ਖ਼ਿਲਾਫ਼ ਸੰਘਰਸ਼ ਨੇ ਹੋਰ ਵੇਗ ਫੜ ਲਿਆ। ਜਗ੍ਹਾ ਜਗ੍ਹਾ ਤੇ ਵਿਰੋਧ ਪ੍ਰਦਰਸ਼ਨ ਹੋਏ 25 ਦਸੰਬਰ ਨੂੰ ਪਹਿਲੀ ਵਾਰ ਮਨੂਸਮਿ੍ਰਤੀ ਸਾੜੀ ਗਈ। ਇਸ ਤੋਂ ਇਲਾਵਾ ਮੰਦਰਾਂ ਵਿਚ ਪ੍ਰਵੇਸ਼ ਕਰਨ ਦੇ ਮਹੱਤਵਪੂਰਨ ਮੁੱਦੇ ਤੇ ਬਾਬਾ ਸਾਹਿਬ ਨੇ ਸੰਘਰਸ਼ ਕੀਤਾ। ਇਹ ਸੰਘਰਸ਼ ਜਿੱਥੇ ਭਾਰਤ ਦੇ ਬਹੁਤ ਸਾਰੇ ਖੇਤਰਾਂ ਵਿੱਚ ਫੈਲਿਆ, ਉੱਥੇ ਅਮਰਾਵਤੀ ਪੂਨਾ ਤੇ ਨਾਸ਼ਕ ਇਸ ਦੇ ਕੇਂਦਰ ਵਜੋਂ ਉੱਭਰੇ। 3 ਮਾਰਚ 1930 ਨੂੰ 125 ਬੰਦੇ ਤੇ 25 ਔਰਤਾਂ ਨੇ ਮੰਦਿਰ ਵਿੱਚ ਪ੍ਰਵੇਸ਼ ਕਰਨ ਦੇ ਮੁੱਦੇ ਤੇ ਮੰਦਿਰ ਦੇ ਗੇਟਾਂ ਅੱਗੇ ਧਰਨਾ ਲਾ ਦਿੱਤਾ। ਜਿਹੜਾ ਡੇਢ ਮਹੀਨਾ ਚੱਲਿਆ। ਪ੍ਰੰਤੂ ਬਾਬਾ ਸਾਹਿਬ ਮੂਰਤੀ ਪੂਜਾ ਦੇ ਖਿਲਾਫ ਸਨ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਹੱਕ ਲਈ ਲੜ ਰਹੇ ਹਾਂ ਨਾ ਕਿ ਮੂਰਤੀ ਪੂਜਾ ਲਈ। 13 ਅਕਤੂਬਰ 1935 ਨੂੰ ਜੀਓਲਾ ਕਾਨਫ਼ਰੰਸ ਦੌਰਾਨ ਹਿੰਦੂ ਧਰਮ ਤਿਆਗਣ ਦਾ ਐਲਾਨ ਕਰ ਦਿੱਤਾ। ਜਿਸ ਨੇ ਦਲਿਤ ਮੁਕਤੀ ਨੂੰ ਨਵਾਂ ਮੋੜ ਦਿੱਤਾ। ਜਦੋਂ ਉਨ੍ਹਾਂ 1936 ਵਿੱਚ ਇੰਡੀਪੈਂਡੈਂਟ ਲੇਬਰ ਪਾਰਟੀ ਬਣਾਈ ਤਾਂ ਫੈਕਟਰੀ ਮਜ਼ਦੂਰਾਂ ਲਈ ਜ਼ੋਰਦਾਰ ਸੰਘਰਸ਼ ਕਰਦੇ ਰਹੇ। ਬਾਬਾ ਸਾਹਿਬ ਰਜਵਾੜਿਆਂ ਤੇ ਜਗੀਰਦਾਰਾਂ ਵੱਲੋਂ ਉਜਾੜੇ ਗਏ ਮੁਜ਼ਾਹਰਿਆਂ ਦੇ ਹੱਕ ਵਿੱਚ ਖੜ੍ਹੇ ਹੋਏ (ਦਲਿਤ, ਪਛਾਣ, ਮੁਕਤੀ ਅਤੇ ਸ਼ਕਤੀਕਰਨ- ਡਾ. ਰੌਣਕੀ ਰਾਮ ਦੀ ਕਿਤਾਬ ਵਿੱਚੋਂ)। ਪਰ ਅੱਜ ਉਨ੍ਹਾਂ ਦੀ ਪਹਿਚਾਣ ਸਿਰਫ਼ ਚੋਣਾਂ ਦੇ ਦਾਇਰੇ ਤਕ ਸੀਮਤ ਕਰਕੇ ਰੱਖ ਦਿੱਤੀ ਹੈ। ਚੋਣਾਂ ਦਾ ਉਨ੍ਹਾਂ ਦਾ ਤਜਰਬਾ ਕਾਫ਼ੀ ਕੌੜਾ ਰਿਹਾ ਜਦੋਂ ਉਨ੍ਹਾਂ ਨੇ ਇੰਡੀਪੈਂਡੈਂਟ ਲੇਬਰ ਪਾਰਟੀ ਬਣਾਈ ਤਾਂ ਉਹ ਪਾਰਲੀਮੈਂਟ ਵਿਚ ਬਹੁਤਾ ਕੁਝ ਨਾ ਕਰ ਸਕੇ। ਫਿਰ ਉਨ੍ਹਾਂ ਨੇ ਸ਼ਡਿਊਲਡ ਕਾਸਟ ਫੈਡਰੇਸ਼ਨ ਬਣਾਈ ਪ੍ਰੰਤੂ ਉਨ੍ਹਾਂ ਦੀ ਮੰਗ ਕਿ ਮੁਸਲਮਾਨਾਂ ਤੇ ਹਿੰਦੂਆਂ ਦੀ ਤਰ੍ਹਾਂ ਸ਼ਡਿਊਲ ਕਾਸਟ ਨੂੰ ਵੀ ਬਰਾਬਰ ਦਾ ਦਰਜਾ ਦਿੱਤਾ ਜਾਵੇ, ਨੂੰ ਅੰਗਰੇਜ਼ਾਂ ਨੇ ਨਾ ਮੰਨਿਆ ਅਤੇ ਨਾ ਹੀ ਸ਼ਡਿਊਲਡ ਕਾਸਟ ਫੈਡਰੇਸ਼ਨ ਇਸ ਦੇ ਹਾਣ ਦੀ ਹੋ ਸਕੀ ਕਿ ਇਸ ਤੇ ਉਹ ਵੱਡਾ ਸੰਘਰਸ਼ ਕਰ ਸਕਦੀ। ਅਣਮੰਨੇ ਮਨ ਦੇ ਨਾਲ ਉਹ ਉਸ ਵੇਲੇ ਅੰਗਰੇਜ਼ਾਂ ਅਤੇ ਨਹਿਰੂ ਉਨ੍ਹਾਂ ਦੇ ਵਿਚਕਾਰ ਚੱਲ ਰਹੇ ਸਮਝੌਤੇ ਦਾ ਹਿੱਸਾ ਬਣੇ। ਉਨ੍ਹਾਂ ਨੂੰ ਲੱਗਿਆ ਕਿ ਜਿੰਨਾ ਉਹ ਆਪਣੇ ਲੋਕਾਂ ਨੂੰ ਲੈ ਕੇ ਦੇ ਸਕਦੇ ਹਨ, ਓਨਾ ਲੈਣਾ ਚਾਹੀਦਾ ਹੈ। ਭਾਰਤ ਦੀ ਪਹਿਲੀ ਸਰਕਾਰ ਦਾ ਚਾਹੇ ਉਹ ਹਿੱਸਾ ਰਹੇ ਪ੍ਰੰਤੂ ਉਨ੍ਹਾਂ ਨੇ ਕਾਨੂੰਨ ਮੰਤਰੀ ਦੇ ਵਜੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਨਵੀਂ ਪਾਰਟੀ ਆਰ.ਪੀ.ਆਈ. ਬਣਾਈ। ਜਿਸ ਦੇ ਤਹਿਤ ਪੂਰੇ ਦੇਸ਼ ਦੇ ਵਿੱਚ ਚੋਣਾਂ ਲੜੇ ਪ੍ਰੰਤੂ ਇਹ ਪਾਰਟੀ ਵੀ ਕੋਈ ਮਹੱਤਵਪੂਰਨ ਰੋਲ ਅਦਾ ਨਾ ਕਰ ਸਕੀ। ਉਨ੍ਹਾਂ ਨੂੰ ਪਾਰਲੀਮਾਨੀ ਕੋਸ਼ਿਸ਼ਾਂ ਰਾਹੀਂ ਸਪੱਸ਼ਟ ਹੋ ਗਿਆ ਸੀ ਕਿ ਜਾਤਪਾਤ ਦਾ ਖ਼ਾਤਮਾ ਨਹੀਂ ਹੋ ਸਕਦਾ। ਆਪਣੇ ਅਖੀਰਲੇ ਸਮੇਂ ਬੀਬੀਸੀ ਨਾਲ ਇੰਟਰਵਿਊ ਵਿੱਚ ਉਹ ਇਸ ਗੱਲ ਦੀ ਹੋਰ ਪ੍ਰੋੜਤਾ ਕਰਦੇ ਹਨ। ਮੌਜੂਦਾ ਸਮੇਂ ਵਿੱਚ ਉਨ੍ਹਾਂ ਵੱਲੋਂ ਕੀਤੇ ਗਏ ਤਜਰਬਿਆਂ ਤੋਂ ਸਿੱਖਦੇ ਹੋਏ ਅੱਗੇ ਵਧਣ ਦੀ ਥਾਂ ਪਾਰਲੀਮਾਨੀ ਹਾਕਮ ਜਮਾਤੀ ਲੋਕ ਅਤੇ ਕੁਝ ਚਤਰ ਅੰਬੇਦਕਰਾਈਟ ਉਨ੍ਹਾਂ ਨੂੰ ਸਿਰਫ਼ ਪਾਰਲੀਮੈਂਟ ਤੱਕ ਹੀ ਸੀਮਤ ਕਰਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।
ਦੂਸਰਾ ਮਸਲਾ ਕਿ ਬਾਬਾ ਸਾਹਿਬ ਦੀ ਸਾਰੀ ਜ਼ਿੰਦਗੀ ਦੀ ਘਾਲਣਾ ਨੂੰ ਸਿਰਫ਼ ਨੌਕਰੀਆਂ ਵਿੱਚ ਰਿਜ਼ਰਵੇਸ਼ਨ ਤਕ ਸੀਮਤ ਕਰਕੇ ਰੱਖਿਆ ਜਾਂਦਾ ਹੈ। ਪੈਦਾਵਾਰੀ ਸਾਧਨਾਂ ਵਿਚ ਦਲਿਤਾਂ ਦੀ ਹਿੱਸੇਦਾਰੀ ਤੋਂ ਮੂੰਹ ਮੋੜ ਲਿਆ ਜਾਂਦਾ ਹੈ। ਖ਼ਾਸ ਤੌਰ ’ਤੇ ਜ਼ਮੀਨ ਦੇ ਸਵਾਲ ਤੋਂ, ਜ਼ਮੀਨ ਦੇ ਸਵਾਲ ਤੇ ਬਾਬਾ ਸਾਹਿਬ ਦੇ ਸੰਘਰਸ਼ ਨੂੰ ਤੇ ਵਿਚਾਰਾਂ ਨੂੰ ਲੋਕਾਂ ਤਕ ਪਹੁੰਚਾਇਆ ਹੀ ਨਹੀਂ ਗਿਆ। ਰਿਜ਼ਰਵੇਸ਼ਨ ਬਚਾਓ, ਬਾਬਾ ਸਾਹਿਬ ਨੇ ਲੈ ਕੇ ਦਿੱਤੀ ਸੀ, ਇਸ ਨੂੰ ਬਚਾਉਣ ਦੀ ਲੋੜ ਹੈ, ਦਲਿਤਾਂ ਤੇ ਹਮਲਾ, ਅੰਬੇਦਕਰ ਤੇ ਹਮਲਾ ਆਦਿ ਦਾ ਰੌਲਾ ਪਾਇਆ ਜਾਂਦਾ ਤਾਂ ਕਿ ਉਨ੍ਹਾਂ ਨੂੰ ਮਿਲਦੀ ਸਹੂਲਤ ਬਚੀ ਰਹੇ ਤੇ ਉਨ੍ਹਾਂ ਨੂੰ ਅੱਗੇ ਕੋਈ ਨਵੀਂ ਘਾਲਣਾ ਨਾ ਘੱਲਣੀ ਪਵੇ, ਨਾਲ ਹੀ ਸਿਆਸੀ ਤੌਰ ਤੇ ਉਹ ਇਸ ਦਾ ਲਾਹਾ ਲੈਂਦੇ ਰਹਿਣ। ਇਸ ਵਿੱਚ ਬਹੁਜਨ ਸਮਾਜ ਪਾਰਟੀ ਉਸ ਦੀਆਂ ਜਥੇਬੰਦੀਆਂ, ਬਾਮਸੇਫ, ਡੀ.ਐੱਸ. ਫੋਰ ਆਦਿ ਹੋਰ ਬਹੁਤ ਸਾਰੇ ਲੋਕ ਆਉਂਦੇ ਹਨ। ਜੇਕਰ ਅਸੀਂ ਇਸ ਸਾਰੇ ਮਸਲੇ ਦੀ ਫੋਲਾ ਫਰਾਲੀ ਕਰੀਏ ਤਾਂ ਪਿਛਲੀ ਜਨਗਣਨਾ 2011 ਮੁਤਾਬਕ ਭਾਰਤ ਵਿਚ ਕੁੱਲ ਸਰਕਾਰੀ ਨੌਕਰੀਆਂ ਸਵਾ ਦੋ ਕਰੋੜ ਹਨ ਜਦ ਕਿ ਭਾਰਤ ਦੀ ਆਬਾਦੀ ਲਗਪਗ ਇੱਕ ਅਰਬ ਚਾਲੀ ਕਰੋੜ ਤੋਂ ਉੱਪਰ ਪਹੁੰਚ ਗਈ ਹੈ। ਇਸੇ ਤਰ੍ਹਾਂ ਪਿਛਲੀ ਜਨਗਣਨਾ ਮੁਤਾਬਕ ਦਲਿਤਾਂ ਦੀ ਕੁੱਲ ਆਬਾਦੀ 16.6 ਪ੍ਰਤੀਸ਼ਤ ਹੈ। ਮਤਲਬ 23 ਕਰੋੜ 24 ਲੱਖ ਬਣਦੀ ਹੈ। ਪੰਜਾਬ ਵਿੱਚ ਸ਼ਡਿਊਲ ਕਾਸਟ ਕੈਟਾਗਰੀ ਨੂੰ ਨੌਕਰੀਆਂ ਵਿੱਚ 22.5 ਪ੍ਰਤੀਸ਼ਤ ਰਿਜ਼ਰਵੇਸ਼ਨ ਮਿਲਦੀ ਹੈ। ਭਾਰਤ ਦੇ ਵੱਖਰੇ ਵੱਖਰੇ ਸੂਬਿਆਂ ਵਿੱਚ ਰਿਜ਼ਰਵੇਸ਼ਨ ਵੱਖਰੀ ਵੱਖਰੀ ਹੈ। ਜੇਕਰ ਅਸੀਂ ਪੰਜਾਬ ਨੂੰ ਇਸ ਦਾ ਆਧਾਰ ਵੀ ਮੰਨ ਲਈਏ ਤਾਂ ਦੇਸ਼ ਭਰ ਦੀ ਕੁੱਲ ਨੌਕਰੀ ਵਿਚੋਂ ਦਲਿਤਾਂ ਨੂੰ 51 ਲੱਖ ਸਰਕਾਰੀ ਨੌਕਰੀਆਂ ਮਿਲਦੀਆਂ ਹਨ। ਪੌਣੇ 23 ਕਰੋੜ ਦਲਿਤ ਨੌਕਰੀਆਂ ਤੋਂ ਵਾਂਝੇ ਰਹਿ ਜਾਂਦੇ ਹਨ। ਇਹ ਵੀ ਸਾਰੀਆਂ ਪੋਸਟਾਂ ਨਹੀਂ ਭਰਦੀਆਂ ਤੇ ਬਹੁਤ ਸਾਰੀਆਂ ਖਾਲੀ ਪਈਆਂ ਹਨ। ਸਵਾਲ ਉੱਠਦਾ ਹੈ ਕਿ ਬਾਕੀ ਦਲਿਤ ਨੌਕਰੀਆਂ ਵਿੱਚ ਰਿਜ਼ਰਵੇਸ਼ਨ ਬਚਾਉਣ ਲਈ ਲੱਗਣ ਜਾਂ ਫਿਰ ਇਸ ਤੋਂ ਅੱਗੇ ਸੰਘਰਸ਼ ਵੱਲ ਵਧਣ। ਇਸ ਤੋਂ ਇਲਾਵਾ ਭਾਰਤ ਵਿੱਚ 92 ਪ੍ਰਤੀਸ਼ਤ ਕਾਮੇ ਗ਼ੈਰ ਜਥੇਬੰਦਕ ਖੇਤਰ ਵਿੱਚ ਹਨ ਤੇ ਸਿਰਫ਼ 8 ਪ੍ਰਤੀਸ਼ਤ ਵਰਕਰ ਜਥੇਬੰਦਕ ਖੇਤਰ ਵਿੱਚ ਹਨ। ਇਨ੍ਹਾਂ ਵਿੱਚੋਂ ਵੀ ਬਹੁਤਾ ਕੰਮ ਆਊਟਸੋਰਸਿੰਗ ਰਾਹੀਂ ਹੁੰਦਾ ਹੈ। ਇਹ ਪਾਰਲੀਮਾਨੀ ਪਾਰਟੀਆਂ ਤੇ ਚਤੁਰ ਅੰਬੇਦਕਰਾਈਟ ਇਸ ਕਾਮਾ ਸ਼ਕਤੀ ਨੂੰ ਜਥੇਬੰਦ ਕਰਨ ਦਾ ਯਤਨ ਕਿਉਂ ਨਹੀਂ ਕਰਦੇ? ਉਹ ਨਿੱਜੀਕਰਨ ਰਾਹੀਂ ਖਤਮ ਕੀਤੀਆਂ ਜਾ ਰਹੀਆਂ ਨੌਕਰੀਆਂ ਦੇ ਮਸਲੇ ’ਤੇ ਕਿਉਂ ਨਹੀਂ ਬੋਲਦੇ? ਬਾਬਾ ਸਾਹਿਬ ਨੇ ਆਗਰੇ ਵਿੱਚ ਬੋਲਦੇ ਹੋਏ ਕਿਹਾ ਸੀ ਕਿ ਮੈਂ ਪੇਂਡੂ ਮਜ਼ਦੂਰਾਂ ਦੇ ਲਈ ਕੁਝ ਨਹੀਂ ਕਰ ਸਕਿਆ। ਮੈਂ ਉਨ੍ਹਾਂ ਦੀ ਬਿਹਤਰੀ ਲਈ ਹਰ ਤਰ੍ਹਾਂ ਨਾਲ ਯਤਨ ਕਰਾਂਗਾ, ਉਹ ਚਾਹੇ ਪਾਰਲੀਮੈਂਟ ਦੇ ਅੰਦਰ ਹੋਣ ਚਾਹੇ ਬਾਹਰ। ਉਨ੍ਹਾਂ ਕਿਹਾ ਕਿ ਨੌਕਰੀਆਂ ਤੇ ਸਾਡੇ ਲੱਗੇ ਲੋਕ ਪੇਟੂ ਬਣ ਗਏ ਹਨ। ਉਹ ਸਮਾਜ ਲਈ ਕੁਝ ਨਹੀਂ ਕਰਦੇ। ਨੌਜਵਾਨਾਂ ਨੂੰ ਪਿੰਡਾਂ ਦੇ ਗ਼ਰੀਬ ਲੋਕਾਂ ਵਿੱਚ ਜਾਣਾ ਚਾਹੀਦਾ। ਆਰਪੀਆਈ ਬਾਬਾ ਸਾਹਿਬ ਦੇ ਸਮੇਂ ਅਤੇ ਬਾਅਦ ਦੇ ਵਿੱਚ ਜ਼ਮੀਨ ਦੇ ਮਸਲੇ ’ਤੇ ਸੰਘਰਸ਼ ਕਰਦੀ ਰਹੀ। ਪੰਜਾਬ ਵਿੱਚ ਬਾਬਾ ਮੰਗੂ ਰਾਮ ਇਸ ਮਸਲੇ ਤੇ ਸੰਘਰਸ਼ ਕਰਦੇ ਰਹੇ। ਭਾਰਤ ਦੇ ਪਲੈਨਿੰਗ ਕਮਿਸ਼ਨ ਮੁਤਾਬਕ ਪਿੰਡਾਂ ਵਿਚ 65 ਪ੍ਰਤੀਸ਼ਤ ਲੋਕ ਬੇਜ਼ਮੀਨੇ ਹਨ। ਭਾਰਤ ਤਰੱਕੀ ਤਾਂ ਹੀ ਕਰ ਸਕਦਾ ਹੈ ਜੇਕਰ ਇਹ ਜ਼ਮੀਨ ਮੁੜ ਵੰਡੀ ਜਾਵੇ। ਅੱਜ ਲੋੜ ਹੈ ਪੈਦਾਵਾਰੀ ਸਾਧਨਾਂ ਵਿੱਚੋਂ ਹਿੱਸੇਦਾਰੀ ਮੰਗੀ ਜਾਵੇ ਜਿਸ ਤਹਿਤ ਜ਼ਮੀਨਾਂ, ਫੈਕਟਰੀਆਂ ਤੇ ਕੁਦਰਤੀ ਸਰੋਤ ਆਉਂਦੇ ਹਨ।
ਤੀਸਰਾ ਅੱਜ ਹਾਕਮਾਂ ਨੇ ਤੇ ਅਖੌਤੀ ਅੰਬੇਦਕਰਾਈਟ ਨੇ ਸੰਵਿਧਾਨ ਨੂੰ ਇਕ ਪਵਿੱਤਰ ਕਿਤਾਬ ਬਣਾ ਦਿੱਤਾ ਹੈ, ਜਦਕਿ ਉਸਦੇ ਮੁਕਾਬਲੇ ਜਾਤ ਪਾਤ ਦੇ ਖ਼ਾਤਮੇ ਸਬੰਧੀ ਬਾਬਾ ਸਾਹਿਬ ਦੇ ਯਤਨਾਂ ਨੂੰ ਨਹੀਂ ਉਭਾਰਿਆ। ਬਾਬਾ ਸਾਹਿਬ ਦੀਆਂ ਮੂਰਤੀਆਂ ਦੇ ਹੱਥ ਵਿੱਚ ਸੰਵਿਧਾਨ ਤਾਂ ਫੜਾ ਦਿੱਤਾ ਪ੍ਰੰਤੂ ‘ਜਾਤਪਾਤ ਦਾ ਬੀਜਨਾਸ਼’ ਨਾਂ ਦੀ ਕਿਤਾਬ ਕਿਉਂ ਨਹੀਂ ਫੜਾਈ ਗਈ? ਮੌਜੂਦਾ ਸਮੇਂ ਵਿੱਚ ਜਦੋਂ ਸੰਘੀ ਫਾਸ਼ੀਵਾਦ ਸੱਤਾ ਤੇ ਕਬਜ਼ੇ ਵੱਲ ਵਧ ਰਿਹਾ ਹੈ ਉਸ ਸਮੇਂ ਸੰਵਿਧਾਨ ਵਿਚ ਕੋਈ ਸੋਧ ਕਰਨੀ ਜਾਂ ਉਸ ਨੂੰ ਰੱਦਣ ਲਈ ਸੰਘਰਸ਼ ਕਰਨਾ ਸੰਘੀ ਫਾਸ਼ੀਵਾਦ ਦੇ ਹੱਕ ਵਿੱਚ ਭੁਗਤਣਾ ਹੋਵੇਗਾ, ਪ੍ਰੰਤੂ ਇਸ ਤੇ ਚਰਚਾ ਕਰਨੀ ਤਾਂ ਜ਼ਰੂਰ ਬਣਦੀ ਹੈ। ਕੀ ਬਾਬਾ ਸਾਹਿਬ ਨੇ ਸਾਰਾ ਸੰਵਿਧਾਨ ਲਿਖਿਆ? ਨਹੀਂ ਉਹ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸਨ, ਜੋ ਸੰਵਿਧਾਨ ਲਿਖ ਰਹੀ ਸੀ। ਡਰਾਫਟਿੰਗ ਕਮੇਟੀ ਦੇ ਵਿਚ ਅਲਾਦੀ ਕਿ੍ਰਸ਼ਨਾ, ਸਵਾਮੀ ਅਰੀਆਰ, ਐੱਨ. ਗੋਪਾਲਸਵਾਮੀ, ਬੀ.ਆਰ. ਅੰਬੇਦਕਰ, ਕੇ. ਐੱਮ. ਮੁਨਸ਼ੀ, ਮੁਹੰਮਦ ਸਦੁੱਲਾ, ਬੀ.ਐਲ. ਮਿੱਤਲ, ਡੀ. ਪੀ. ਖੈਤਾਨ ਸਨ। ਇਸ ਡਰਾਫਟਿੰਗ ਕਮੇਟੀ ਨੂੰ ਬਣਾਉਣ ਵਾਲੀ ਸੰਘਟਕ ਅਸੈਂਬਲੀ ਸੀ ਅਤੇ ਹਰ ਕਾਨੂੰਨ ਨੂੰ ਪਾਸ ਕਰਨ ਵਾਲੀ ਵੀ ਇਹੀ ਸੀ। ਬਾਬਾ ਸਾਹਿਬ ਨੇ ਕਦੇ ਵੀ ਸੰਵਿਧਾਨ ਨੂੰ ਪਵਿੱਤਰ ਕਿਤਾਬ ਨਹੀ ਕਿਹਾ। ਉਲਟਾ ਉਨ੍ਹਾਂ ਰਾਜ ਸਭਾ ਵਿੱਚ 2 ਦਸੰਬਰ 1953 ਨੂੰ ਕਿਹਾ ਕਿ ਜੇਕਰ ਇਹ ਸਾਡੇ ਲੋਕਾਂ ਦੀ ਹਾਲਤ ਵਿੱਚ ਤਬਦੀਲੀ ਨਹੀਂ ਕਰ ਸਕਦਾ ਤਾਂ ਮੈਂ ਉਹ ਪਹਿਲਾ ਵਿਅਕਤੀ ਹੋਵਾਂਗਾ, ਜਿਹੜਾ ਇਸ ਸੰਵਿਧਾਨ ਨੂੰ ਜਲਾ ਦੇਵੇਗਾ। ਜੇਕਰ ਬਾਬਾ ਸਾਹਿਬ ਦੀ ਸਾਰੀ ਗੱਲ ਮੰਨੀ ਜਾ ਰਹੀ ਹੁੰਦੀ ਤਾਂ ਉਹ ਹਿੰਦੂ ਕੋਡ ਬਿੱਲ ਤੇ 1951 ’ਚ ਕਾਨੂੰਨ ਮੰਤਰੀ ਵਜੋਂ ਅਸਤੀਫਾ ਕਿਉਂ ਦਿੰਦੇ? ਉਨ੍ਹਾਂ ਬੀਬੀਸੀ ਨਾਲ ਇੰਟਰਵਿਊ ਵਿੱਚ ਕਿਹਾ ਕਿ ਲੋਕਤੰਤਰ ਇੱਥੇ ਫਿੱਟ ਨਹੀਂ ਹੋ ਸਕਦਾ ਕਿਉਂਕਿ ਇੱਥੇ ਸਮਾਜਿਕ ਢਾਂਚਾ ਵੱਖਰਾ ਹੈ। ਹੁਣ ਤਕ ਸੰਵਿਧਾਨ ਵਿਚ 104 ਸੋਧਾਂ ਹੋ ਚੁੱਕੀਆਂ ਹਨ (ਵਿਕੀਪੀਡੀਆ)। ਪੇਰੀਆਰ ਨੇ ਕਿਹਾ ਕਿ ਸੰਵਿਧਾਨ ਕੰਮ ਦਾ ਨਹੀਂ, ਇਸ ਨੂੰ ਅੱਗ ਲਗਾ ਦਿਓ। ਕੀ ਬਾਬਾ ਸਾਹਿਬ ਦੇ ਸੁਪਨੇ ਮੁਤਾਬਕ ਸਾਡੇ ਲੋਕਾਂ ਦੀ ਹਾਲਤ ਸੁਧਰ ਗਈ? ਕੀ ਜਾਤ ਪਾਤ ਖਤਮ ਹੋ ਗਈ? ਪ੍ਰੰਤੂ ਮਸਲਾ ਤਾਂ ਇਹ ਹੈ ਕਿ ਸੱਤਾਧਾਰੀ ਲੋਕ ਤੇ ਅਖੌਤੀ ਅੰਬੇਦਕਰਾਈਟ ਇਹ ਜਾਤ ਪਾਤ ਨੂੰ ਰੱਖਣਾ ਚਾਹੁੰਦੇ ਹਨ ਤਾਂ ਕਿ ਉਹ ਆਪਣੀਆਂ ਸਿਆਸੀ ਰੋਟੀਆਂ ਸੇਕ ਸਕਣ। ਜਾਤ ਪਾਤ ਦੇ ਖਾਤਮੇ ਲਈ ਬਾਬਾ ਸਾਹਿਬ ਨੇ ਪਹਿਲਾਂ ਪੂਨਾ ਪੈਕਟ ਰਾਹੀਂ ਕੋਸ਼ਿਸ਼ ਕੀਤੀ। ਫਿਰ ਉਨ੍ਹਾਂ ਨੇ ਅੰਤਰਜਾਤੀ ਵਿਆਹ ਦਾ ਵਿਚਾਰ ਲਿਆਂਦਾ। ਉਨ੍ਹਾਂ ਨੇ ਪਿੰਡ ਵੱਖਰੇ ਕਰਨ ਦਾ ਵਿਚਾਰ ਲਿਆਂਦਾ। ਉਨ੍ਹਾਂ ਰਾਜਨੀਤੀ ਰਾਹੀਂ ਵੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸੰਵਿਧਾਨ ਰਾਹੀਂ ਕੁਝ ਕੋਸ਼ਿਸ਼ਾਂ ਕੀਤੀਆਂ। ਅਖੀਰ ਉਨ੍ਹਾਂ ਨੇ ਧਰਮ ਤਬਦੀਲੀ ਰਾਹੀਂ ਕੋਸ਼ਿਸ਼ ਕੀਤੀ।
ਜਦੋਂ ਅਸੀਂ ਭਾਰਤੀ ਸਮਾਜ ’ਤੇ ਨਿਗ੍ਹਾ ਮਾਰਦੇ ਹਾਂ ਤਾਂ ਜਾਤਪਾਤ ਅੱਜ ਵੀ ਮੌਜੂਦ ਹੈ। ਆਰਥਿਕ, ਸਮਾਜਿਕ ਤੇ ਰਾਜਨੀਤਕ ਪੱਧਰ ’ਤੇ ਨਾ ਬਰਾਬਰੀ ਹੈ। ਸਵਾਲ ਇਹ ਹੈ ਕਿ ਬਾਬਾ ਸਾਹਿਬ ਨੇ ਜੋ ਯਤਨ ਕੀਤੇ, ਜੋ ਉਨ੍ਹਾਂ ਨੇ ਕੁਝ ਸਹੂਲਤਾਂ ਲੈ ਕੇ ਦਿੱਤੀਆਂ, ਉਨ੍ਹਾਂ ਦਾ ਆਨੰਦ ਮਾਣਿਆ ਜਾਵੇ ਜਾਂ ਉਸ ਤੋਂ ਅੱਗੇ ਸੰਘਰਸ਼ ਤੋਰਿਆ ਜਾਵੇ ਜਾਂ ਉਨ੍ਹਾਂ ਦੀ ਸਹੀ ਵਿਚਾਰਧਾਰਾ ਨੂੰ ਲੋਕਾਂ ਵਿੱਚ ਪੇਸ਼ ਕੀਤਾ ਜਾਵੇ। ਜੇਕਰ ਅਸੀਂ ਉਨ੍ਹਾਂ ਦੇ ਕੀਤੇ ਯਤਨਾਂ ਨੂੰ ਅੱਗੇ ਤੋਰਦੇ ਹਾਂ ਤੇ ਉਨ੍ਹਾਂ ਦੀ ਸਹੀ ਵਿਚਾਰਧਾਰਾ ਨੂੰ ਲੋਕਾਂ ਵਿੱਚ ਲੈ ਕੇ ਜਾਂਦੇ ਹਾਂ, ਤਾਂ ਅਸੀਂ ਉਨ੍ਹਾਂ ਦੇ ਜਨਮਦਿਨ ਤੇ ਉਨ੍ਹਾਂ ਨੂੰ ਇਹ ਸਭ ਤੋਂ ਵਧੀਆ ਤੋਹਫ਼ਾ ਦਿੰਦੇ ਹੋਵਾਂਗੇ।
ਇਨਕਲਾਬ ਸਾਡਾ ਰਾਹ ਵਿਚੋਂ ਧੰਨਵਾਦ ਸਹਿਤ