ਡੌਂਟ ਵਰੀ ਮਿਸਿਜ਼ ਸ਼ਰਮਾ
ਮਾਰਚ ਦਾ ਮਹੀਨਾ…ਭਾਵ ਮਹਿਕਾਂ ਤੇ ਪੁੰਗਾਰੇ ਦੀ ਰੁੱਤ। ਇਸ ਮਹਿਕਦੀ ਰੁੱਤ ‘ਚ ਦਲਜੀਤ ਗਿੱਲ ਦੀ ਬੱਤੀ ਸੈਕਟਰ ‘ਚ ਬਣੀ ਕੋਠੀ ਦੇ ਬਾਹਰਵਾਰ ਅਲੂਚੇ ਅਤੇ ਆੜੂ ਦੇ ਬੂਟੇ ਚਿੱਟੇ ਗੁਲਾਬੀ ਫੁੱਲਾਂ ਨਾਲ ਲੱਦੇ ਮਸਤੀ ‘ਚ ਝੂਮ ਰਹੇ ਸਨ। ਉਸਦੀ ਸਵਰਗਵਾਸੀ ਪਤਨੀ ਤੇਜੀ ਦੇ ਹੱਥੀਂ ਲਾਏ ਇਨ੍ਹਾਂ ਬੂਟਿਆਂ ਉੱਤੇ ਕੂਲ਼ੀਆਂ ਕੂਲ਼ੀਆਂ ਕਰੂੰਬਲਾਂ ਫੁੱਟ ਰਹੀਆਂ ਸਨ ਤੇ ਇਨ੍ਹਾਂ ਦੀਆਂ ਟਹਿਣੀਆਂ ਉੱਤੇ ਨਿੱਕੀਆਂ—ਨਿੱਕੀਆਂ ਕਾਲੀਆਂ ਚਿੜੀਆਂ ਟੀਹੂੰ ਟੀਹੂੰ ਕਰਦੀਆਂ ਟਪੂਸੀਆਂ ਮਾਰਦੀਆਂ ਫਿਰ ਰਹੀਆਂ ਸਨ।
ਡਰਾਇੰਗ ਰੂਮ ਦੀ ਇਕ ਖੁੱਲ੍ਹੀ ਖਿੜਕੀ ‘ਚੋਂ ਮਹਿਕਦੀ ਬਸੰਤੀ ਹਵਾ ਦਾ ਬੁੱਲ੍ਹਾ ਪਰਦਿਆਂ ਨੂੰ ਪਿਛਾਂਹ ਧੱਕ ਕੇ ਅੰਦਰ ਆ ਵੜਿਆ। ਉਸਦੀ ਮਹਿਕ ‘ਚ ਮਦਮਸਤ ਹੋਏ ਦਲਜੀਤ ਗਿੱਲ ਦੇ ਦਿਲ ‘ਚ ਵੀ ਇਕ ਬਸੰਤੀ ਲੋਚਾ ਜਾਗੀ। ਉਸਨੇ ਆਪਣੇ ਚਿੱਟੇ ਕੁੜਤੇ ਦੇ ਅਗਲੇ ਪੱਲੇ ਨੂੰ ਹੱਥ ਨਾਲ ਸੁਆਰਿਆ।
ਉਹ ਦੋਵੇਂ ਮਾਵਾਂ—ਧੀਆਂ ਉਸਦੇ ਬਿਲਕੁਲ ਸਾਹਮਣੇ ਸੋਫ਼ੇ ‘ਤੇ ਬੈਠੀਆਂ ਹੋਈਆਂ ਸਨ। ਮਿਸਿਜ਼ ਸ਼ਰਮਾ ਨੇ ਆਪਣਾ ਸਿਰ ਮਿੰਨੀ ਦੇ ਮੋਢੇ ਉੱਤੇ ਰੱਖਿਆ ਹੋਇਆ ਸੀ ਤੇ ਮਿੰਨੀ ਦੀਆਂ ਮਲੂਕ ਪਤਲੀਆਂ ਉਂਗਲੀਆਂ ਮਿਸਿਜ਼ ਸ਼ਰਮਾ ਦੇ ਵਾਲਾਂ ਨੂੰ ਪਲੋਸ ਰਹੀਆਂ ਸਨ। ਇਨ੍ਹਾਂ ਮੋਹ—ਗੜੁੱਚੇ ਪਲਾਂ ‘ਚ ਧੀ ਮਾਂ ਬਣੀ ਬੈਠੀ ਸੀ ਤੇ ਆਪਣੀ ਬਾਲੜੀ ਬਣੀ ਬੈਠੀ ਰੁੱਸੀ ਮਾਂ ਨੂੰ ਵਰਚਾ ਰਹੀ ਸੀ। ਕੁਝ ਚਿਰ ਉਹ ਦੋਵੇਂ ਦੀਨ—ਦੁਨੀਆਂ ਤੋਂ ਬੇਖ਼ਬਰ ਇਕ ਦੂਜੀ ਨੂੰ ਦੁਲਾਰਦੀਆਂ ਇੰਝ ਹੀ ਬੈਠੀਆਂ ਰਹੀਆਂ। ਫਿਰ ਮਿੰਨੀ ਨੇ ਸਿਰ ਉਤਾਂਹ ਚੁੱਕ ਕੇ ਵਾਲ ਕਲੌਕ ਵੱਲ ਦੇਖਿਆ ਤੇ ਮਿਸਿਜ਼ ਸ਼ਰਮਾ ਦੇ ਮੋਢੇ ਨੂੰ ਘੁੱਟ ਕੇ ਪਲੋਸਦਿਆਂ ਕਿਹਾ, “ਓਕੇ ਮੰਮਾ, ਰੈਸਟ ਕਰੋ ਹੁਣ ਤੁਸੀਂ ਵੀ। ਮੈਂ ਵੀ ਆਪਣੇ ਇਕ—ਦੋ ਕੰਮ ਨਿਪਟਾ ਲਵਾਂ। ਕੱਲ੍ਹ ਸ਼ਾਮ ਦੀ ਫਲਾਈਟ ਹੈ ਮੇਰੀ।” ਫਿਰ ਉਹ ਉਸ ਵੱਲ ਦੇਖ ਕੇ ਮੁਸਕਰਾਈ ਤੇ ਕਹਿਣ ਲੱਗੀ—“ਡੌਂਟ ਵਰੀ ਮੰਮਾ ! ਮਿਸਟਰ ਗਿੱਲ ਬਹੁਤ ਅੱਛੇ ਇਨਸਾਨ ਹਨ। ਤੁਹਾਡਾ ਬਹੁਤ ਖ਼ਿਆਲ ਰੱਖਣਗੇ।”
ਫਿਰ ਉਹ ਦੋਵੇਂ ਜਣੀਆਂ ਉਥੋਂ ਉੱਠ ਕੇ ਕਮਰੇ ਵਿਚ ਚਲੇ ਗਈਆਂ। ਉਨ੍ਹਾਂ ਦੇ ਜਾਣ ਮਗਰੋਂ ਉਸਨੇ ਸੁਖ ਦਾ ਸਾਹ ਲਿਆ ਕਿਉਂਕਿ ਕੁਝ ਦਿਨਾਂ ਤੋਂ ਮਨਾਂ ‘ਚ ਉੱਠਦੀਆਂ ਅਸ਼ਾਂਤ ਲਹਿਰਾਂ ਹੁਣ ਸ਼ਾਂਤ ਹੋ ਗਈਆਂ ਸਨ।
ਮਿੰਨੀ ਨੇ ਪਰਸੋਂ ਸੁਨਾਮੀ ਵਾਂਗ ਤੂਫ਼ਾਨ ਮਚਾਉਂਦਿਆਂ ਇਸ ਘਰ ‘ਚ ਪੈਰ ਧਰਿਆ ਸੀ ਤੇ ਫਿਰ ਉਸ ਨੂੰ ਕੋਈ ਦੁਆ—ਸਲਾਮ ਕੀਤੇ ਬਿਨਾਂ ਹੀ ਆਪਣੀ ਮਾਂ ਦੇ ਕਮਰੇ ਵਿਚ ਚਲੀ ਗਈ ਸੀ। ਉਂਝ ਉਸ ਨੂੰ ਇਸ ਸੁਨਾਮੀ ਆਉਣ ਦੀ ਥੋੜ੍ਹੀ ਬਹੁਤੀ ਖ਼ਬਰ ਪਹਿਲਾਂ ਹੀ ਸੀ। ਇਕ ਦਿਨ ਉਸ ਨੂੰ ਅਮਰੀਕਾ ਤੋਂ ਹੈਰੀ ਦਾ ਫ਼ੋਨ ਆਇਆ ਸੀ ਤੇ ਉਸਨੇ ਹੀ ਸਾਰਾ ਮਾਜਰਾ ਬਿਆਨ ਕੀਤਾ ਸੀ। ਅਸਲ ‘ਚ ਹੈਰੀ ਅਤੇ ਮਿੰਨੀ ਦੀ ਫ਼ੋਨ ਉੱਤੇ ਜ਼ਬਰਦਸਤ ਤਕਰਾਰ ਹੋਈ ਸੀ। ਮਿਸਿਜ਼ ਸ਼ਰਮਾ ਦੇ ਇਥੇ ਰਹਿੰਦੇ ਕੁਝ ਰਿਸ਼ਤੇਦਾਰਾਂ ਨੇ ਉਸਦੇ ਅਤੇ ਮਿਸਿਜ਼ ਸ਼ਰਮਾ ਦੇ ਬਾਰੇ ਇੰਨਾ ਵਧਾ ਚੜਾਅ ਕੇ ਮਿੰਨੀ ਅੱਗੇ ਪਰੋਸਿਆ ਸੀ ਕਿ ਗੁੱਸੇ ‘ਚ ਭਰੀ ਪੀਤੀ ਮਿੰਨੀ ਨੇ ਝੱਟ ਅਮਰੀਕਾ ਬੈਠੇ ਹੈਰੀ ਨੂੰ ਫ਼ੋਨ ਮਿਲਾ ਕੇ ਚਿਤਾਵਨੀ ਦਿੰਦਿਆਂ ਕਿਹਾ ਸੀ—
“ਆਪਣੇ ਪਿਓ ਨੂੰ ਸਮਝਾ। ਉਹ ਮੇਰੀ ਮਾਂ ਨੂੰ ਵਰਗਲਾ ਰਿਹਾ। ਉਹਨੇ ਇੰਡੀਆ ‘ਚ ਆਪਣੀ ਤੇ ਮੇਰੀ ਮੌਮ ਦੀ ਥੂਹ—ਥੂਹ ਕਰਵਾ ਛੱਡੀ ਆ। ਤੂੰ ਸਮਝਾ ਉਹਨੂੰ।”
ਹੈਰੀ ਇਸ ਮਾਮਲੇ ਬਾਰੇ ਪਹਿਲਾਂ ਹੀ ਜਾਣਦਾ ਸੀ। ਉਸਨੇ ਤਾਂ ਚੁੱਪ ਚੁਪੀਤੇ ਇਸ ਰਿਸ਼ਤੇ ਲਈ ਆਪਣੀ ਸਹਿਮਤੀ ਵੀ ਦੇ ਦਿੱਤੀ ਸੀ। ਹੈਰੀ ਨੇ ਮਿੰਨੀ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅੱਗਿਓਂ ਭੜਕ ਉੱਠੀ ਤੇ ਉਸਨੇ ਹੈਰੀ ਨੂੰ ਕਾਫ਼ੀ ਬੁਰਾ—ਭਲਾ ਸੁਣਾ ਦਿੱਤਾ।
ਉਸ ਨੂੰ ਸੁਸਤੀ ਜਿਹੀ ਮਹਿਸੂਸ ਹੋਈ। ਉਹ ਡਰਾਇੰਗ ਰੂਮ ‘ਚੋਂ ਉੱਠਿਆ ਤੇ ਆਪਣੇ ਕਮਰੇ ਵਿਚ ਆ ਕੇ ਲੰਮਾ ਪੈ ਗਿਆ। ਉਸਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਪਰ ਨੀਂਦ ਆਉਣ ਦੀ ਬਜਾਇ ਉਸਦੇ ਦਿਮਾਗ਼ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਵਾਪਰ ਰਹੀਆਂ ਘਟਨਾਵਾਂ ਦੀ ਰੀਲ੍ਹ ਚੱਲ ਪਈ।
ਲਗਭਗ ਛੇ ਮਹੀਨੇ ਪਹਿਲਾਂ ਉਸ ਦਿਨ ਉਹ ਡੈਂਟਲ ਸਰਜਨ ਉੱਪਲ ਦੇ ਕਲੀਨਿਕ ‘ਚ ਡੈਂਟਲ ਚੇਅਰ ਉੱਤੇ ਬੈਠਾ ਕਠਪੁਤਲੀ ਵਾਂਗ ਉਸ ਦੀਆਂ ਹਿਦਾਇਤਾਂ ਦੀ ਪਾਲਣਾ ਕਰ ਰਿਹਾ ਸੀ। ਡਾਕਟਰ ਨੇ ਆਪਣੀ ਸਹੂਲਤ ਅਨੁਸਾਰ ਸੈੱਟ ਕਰਕੇ ਅਗਲੇ ਕੁਝ ਮਿੰਟਾਂ ‘ਚ ਉਸਦੇ ਦੋਵੇਂ ਦੰਦ ਉਖਾੜ ਕੇ ਕੱਢ ਦਿੱਤੇ। ਜਬਾੜਾ ਸੁੰਨ ਕੀਤਾ ਹੋਇਆ ਹੋਣ ਕਰਕੇ ਉਸ ਨੂੰ ਸਿਰਫ਼ ਹਲਕਾ ਜਿਹਾ ਝਟਕਾ ਤੇ ਕਟੋਰੀ ‘ਚ ਸੁੱਟੇ ਦੰਦਾਂ ਦਾ ਮੱਧਮ ਜਿਹਾ ਖੜਾਕ ਹੀ ਮਹਿਸੂਸ ਹੋਇਆ। ‘ਜੇ ਅੱਜ ਤੇਜੀ ਜਿਊਂਦੀ ਹੁੰਦੀ ਤਾਂ ਉਸਨੇ ਹੱਸ ਕੇ ਮਜ਼ਾਕ ਨਾਲ ਕਹਿਣਾ ਸੀ—ਬੜਾ ਮਾਣ ਕਰਦਾ ਸੀ ਨਾ, ਅਹੁ ਪਏ ਨੇ ਤੇਰੇ ਚਿੱਟੇ ਮੋਤੀਆਂ ਵਰਗੇ ਦੰਦ’। ਇਹ ਸੋਚ ਕੇ ਉਸਦੇ ਸੁਸਤ ਤੇ ਬੇਜਾਨ ਚਿਹਰੇ ਉੱਤੇ ਹਲਕੀ ਜਿਹੀ ਮੁਸਕਾਨ ਉੱਭਰੀ ਪਰ ਉਸੇ ਵੇਲੇ ਡਾਕਟਰ ਉੱਪਲ ਨੇ ਸਖ਼ਤ ਹਿਦਾਇਤ ਦੇ ਕੇ ਕਿਹਾ, “ਨਹੀਂ, ਮਿਸਟਰ ਗਿੱਲ…ਫੇਸ ਨੌਰਮਲ ਰੱਖੋ। ਹਾਲੇ ਅੱਜ ਦੇ ਦਿਨ ਤਾਂ ਕਿਸੇ ਨਾਲ ਗੱਲਬਾਤ ਨਾ ਕਰਿਓ। ਹਾਂ, ਇਕ ਘੰਟੇ ਬਾਅਦ ਦਰਦ ਦੀ ਗੋਲੀ ਖਾ ਲੈਣਾ ਤੇ ਰਾਤ ਨੂੰ ਪੂਰੀ ਡੋਜ਼ ਲੈਣੀ। ਕੱਲ੍ਹ ਤੋਂ ਤੁਸੀਂ ਪਤਲੀ ਖਿਚੜੀ ਜਾਂ ਸ਼ੀਰਾ ਵਗੈਰਾ ਖਾ ਸਕਦੇ ਹੋ ਪਰ ਅੱਜ ਸਿਰਫ਼ ਠੰਡਾ ਤੇ ਲਿਕਵਿਡ ਫੂਡ ਹੀ ਲੈਣਾ।” ਡਾਕਟਰ ਉਸ ਨੂੰ ਸਮਝਾਉਂਦਾ ਹੋਇਆ ਅਸ਼ਤਰ—ਸ਼ਸ਼ਤਰ ਸਾਂਭ ਕੇ ਅਗਲੇ ਮਰੀਜ਼ ਦੀ ਉਡੀਕ ਕਰਨ ਲੱਗ ਪਿਆ।
ਉਹ ਹੌਲੀ—ਹੌਲੀ ਆਪਣੇ ਆਪ ਨੂੰ ਸੰਭਾਲਦਾ ਹੋਇਆ ਡਾਕਟਰ ਦੇ ਕਲੀਨਿਕ ‘ਚੋਂ ਨਿਕਲਿਆ। ਕਾਰ ਸਟਾਰਟ ਕੀਤੀ ਤੇ ਪੱਥਰਾਂ ਦੇ ਇਸ ਸ਼ਹਿਰ ਦੀਆਂ ਖੁੱਲ੍ਹੀਆਂ ਸਪਾਟ ਸੜਕਾਂ ‘ਤੇ ਕਾਰ ਚਲਾਉਂਦਾ ਹੋਇਆ ਸੈਕਟਰ ਬੱਤੀ ‘ਚ ਆਪਣੇ ਘਰ ‘ਗਿੱਲ ਕਾਟੇਜ਼’ ‘ਚ ਆ ਪਹੁੰਚਿਆ। ਉਸਨੇ ਚਾਬੀ ਨਾਲ ਗੇਟ ਖੋਲਿ੍ਹਆ, ਕਾਰ ਗੈਰਜ ‘ਚ ਲਾਈ ਤੇ ਸਿੱਧਾ ਆਪਣੇ ਬੈੱਡਰੂਮ ਵਿਚ ਆ ਕੇ ਲੰਮਾ ਪੈ ਗਿਆ। ਮੂੰਹ ਦੇ ਅੰਦਰ ਲੱਗੇ ਟੀਕੇ ਦਾ ਅਸਰ ਹੌਲੀ—ਹੌਲੀ ਘਟ ਰਿਹਾ ਸੀ। ਉਸਨੇ ਕੰਧ ‘ਤੇ ਲੱਗੇ ਵਾਲ ਕਲੌਕ ਵੱਲ ਨਜ਼ਰ ਮਾਰੀ। ਉਸਨੇ ਰਸੋਈ ਵਿਚ ਜਾ ਕੇ ਫਰਿਜ ‘ਚੋਂ ਠੰਡੇ ਪਾਣੀ ਦਾ ਗਿਲਾਸ ਭਰਿਆ ਤੇ ਦਰਦ ਦੀ ਗੋਲੀ ਨਿਗਲ ਕੇ ਮੁੜ ਲੰਮਾ ਪੈ ਗਿਆ। ਕੁਝ ਚਿਰ ਮਗਰੋਂ ਉਹ ਫਿਰ ਉੱਠਿਆ ਤੇ ਐਂਟੀਬਾਇਟਿਕ ਦਵਾਈ ਦੀ ਡੋਜ਼ ਲੈ ਕੇ ਫਿਰ ਸੌਂ ਗਿਆ। ਸਵੇਰੇ ਸੱਤ ਕੁ ਵਜੇ ਉਸ ਨੂੰ ਜਾਗ ਆ ਗਈ। ਸ਼ਾਇਦ ਪੇਨਕਿਲਰ ਅਤੇ ਐਂਟੀਬਾਇਟਿਕ ਦਾ ਅਸਰ ਘੱਟ ਗਿਆ ਸੀ।
ਉਹ ਰਸੋਈ ‘ਚ ਗਿਆ ਤੇ ਪਤਲਾ ਜਿਹਾ ਕੜਾਹ ਬਣਾ ਕੇ ਢਿੱਡ ‘ਚ ਸੁੱਟਿਆ। ਫਿਰ ਉਹ ਕਮਰੇ ਵਿਚ ਆਇਆ ਤੇ ਮੇਜ਼ ਤੋਂ ਗੋਲੀਆਂ ਚੁੱਕ ਕੇ ਨਿਗਲ ਲਈਆਂ। ਫਿਰ ਉਸਨੇ ਬਾਹਰਲਾ ਬੂਹਾ ਖੋਲ੍ਹ ਕੇ ਵਿਹੜੇ ‘ਚੋਂ ਅਖ਼ਬਾਰ ਚੁੱਕੀ ਤੇ ਪੌੜੀਆਂ ਚੜ੍ਹ ਕੇ ਉਪਰਲੇ ਕਮਰੇ ਦਾ ਬੂਹਾ ਖੋਲਿ੍ਹਆ ਤੇ ਕਮਰੇ ‘ਚੋਂ ਕੁਰਸੀ ਕੱਢੀ ਤੇ ਟੈਰਿਸ ‘ਚ ਡਾਹ ਕੇ ਅਖ਼ਬਾਰ ਪੜ੍ਹਨ ਦਾ ਅਭਿਨੈ ਕਰਦਾ ਹੋਇਆ ਬਾਹਰ ਗਲੀ ‘ਚੋਂ ਆਉਂਦੇ ਜਾਂਦੇ, ਜਾਣੇ—ਪਛਾਣੇ ਚਿਹਰਿਆਂ ਦੀ ਨਕਸ਼ ਨਵੀਸੀ ਕਰਨ ਲੱਗ ਪਿਆ। ਅਚਾਨਕ ਉਸਦੇ ਕੰਨੀਂ ਜਾਣੇ ਪਛਾਣੇ ਹਾਸੇ ਦੀ ਖਣਕਾਰ ਪਈ। ਟਰੈਕ ਸੂਟ ਪਾਈ ਚੁਸਤ ਫੁਰਤ ਮਿਸਿਜ਼ ਸ਼ਰਮਾ ਆਪਣੀਆਂ ਸਹੇਲੀਆਂ ਨਾਲ ਯੋਗਾ ਸ਼ਿਵਰ ਤੋਂ ਵਾਪਸ ਆ ਰਹੀ ਸੀ। ਉਸਨੇ ਰੋਜ਼ ਵਾਂਗ ਉਸ ਵੱਲ ਉਤਾਂਹ ਤੱਕ ਕੇ ਗੁੱਡ ਮੌਰਨਿੰਗ ਕਹੀ ਪਰ ਉਹ ਅੱਗਿਓਂ ਜਵਾਬ ਨਾ ਦੇ ਸਕਿਆ। ਉਸਨੇ ਅਖ਼ਬਾਰ ਉਪਰੋਂ ਹੱਥ ਚੁੱਕ ਕੇ ਹਿਲਾਇਆ। ਮਿਸਿਜ਼ ਸ਼ਰਮਾ ਰੁਕ ਗਈ ਤੇ ਮੱਥੇ ‘ਤੇ ਹਲਕੀ ਜਿਹੀ ਸ਼ਿਕਨ ਪਾ ਕੇ ਪੁੱਛਣ ਲੱਗੀ, “ਹਾਓ ਆਰ ਯੂ ਮਿਸਟਰ ਗਿੱਲ ?”
ਮੂੰਹ ‘ਚ ਪੈਂਦੀ ਚਸਕ ਕਾਰਨ ਉਹ ਬੋਲ ਨਾ ਸਕਿਆ ਤੇ ਉਸਨੇ ਆਪਣੀਆਂ ਦੋਵਾਂ ਗੱਲ੍ਹਾਂ ਨੂੰ ਹੱਥ ਨਾਲ ਦਬਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਮਿਸਿਜ਼ ਸ਼ਰਮਾ ਦੇ ਪੱਲੇ ਕੁਝ ਨਹੀਂ ਪਿਆ ਤੇ ਉਹ ਨੀਵੀਂ ਪਾ ਕੇ ਅਗਾਂਹ ਤੁਰ ਪਈ। ਉਸਦੇ ਜਾਣ ਤੋਂ ਬਾਅਦ ਉਸ ਨੂੰ ਆਪਣੀਆਂ ਗੱਲਾਂ ਦਬਾਉਣ ਵਾਲੀ ਹਰਕਤ ਚੇਤੇ ਕਰਕੇ ਸ਼ਰਮ ਜਿਹੀ ਮਹਿਸੂਸ ਹੋਈ। ਉਹ ਪੌੜੀਆਂ ਉਤਰ ਕੇ ਬੈੱਡਰੂਮ ਵਿਚ ਆਇਆ ਤੇ ਪੱਖਾ ਚਲਾ ਕੇ ਲੰਮਾ ਪੈ ਗਿਆ। ਹਾਲੇ ਉਸ ਨੂੰ ਲੇਟਿਆਂ ਪੰਦਰਾਂ ਕੁ ਮਿੰਟ ਹੀ ਹੋਏ ਸਨ ਕਿ ਅਚਾਨਕ ਡੋਰ ਬੈੱਲ ਵੱਜੀ। ਬਾਹਰ ਬੂਹੇ ‘ਤੇ ਮਿਸਿਜ਼ ਸ਼ਰਮਾ ਖੜ੍ਹੀ ਮੁਸਕਰਾ ਰਹੀ ਸੀ। ਉਹ ਬਿਨਾਂ ਕਿਸੇ ਉਚੇਚ ਦੇ ਉਸਦੇ ਅੱਗੇ ਅੱਗੇ ਤੁਰ ਪਈ ਤੇ ਲੌਬੀ ਦੇ ਸੋਫ਼ੇ ‘ਤੇ ਬਿਰਜਮਾਨ ਹੋ ਗਈ। ਉਹ ਝਿਜਕਦਾ ਹੋਇਆ ਉਸਦੇ ਸਾਹਮਣੇ ਬੈਠ ਗਿਆ। ਉਸ ਨੂੰ ਹਾਲੇ ਵੀ ਅੰਦਰੋਂ ਅੰਦਰੀਂ ਆਪਣੀਆਂ ਗੱਲ੍ਹਾਂ ਦਬਾਉਣ ਵਾਲੀ ਹਰਕਤ ਬਾਰੇ ਸੋਚ ਕੇ ਸ਼ਰਮ ਮਹਿਸੂਸ ਹੋ ਰਹੀ ਸੀ। “ਹੋਰ ਸੁਣਾਓ, ਮਿਸਟਰ ਗਿੱਲ, ਕੀ ਹਾਲ ਹੈ ?” ਮਿਸਿਜ਼ ਸ਼ਰਮਾ ਨੇ ਮੁਸਕਰਾ ਕੇ ਪੁੱਛਿਆ ਤੇ ਫਿਰ ਉਸਦੇ ਜਵਾਬ ਦੇਣ ਤੋਂ ਪਹਿਲਾਂ ਹੀ ਕਹਿਣ ਲੱਗੀ, “ਓਹ ! ਸ਼ਾਇਦ ਤੁਸੀਂ ਦੰਦਾਂ ਦੀ ਤਕਲੀਫ਼ ‘ਚੋਂ ਗੁਜ਼ਰ ਰਹੇ ਹੋ। ਅਸਲ ‘ਚ ਜਦੋਂ ਤੁਸੀਂ ਮੈਨੂੰ ਇਸ਼ਾਰੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਉਦੋਂ ਮੈਨੂੰ ਸਮਝ ਨਹੀਂ ਲੱਗੀ।”
ਉਸ ਨੂੰ ਫਿਰ ਸ਼ਰਮ ਆਈ। ਮਿਸਿਜ਼ ਸ਼ਰਮਾ ਉੱਠ ਕੇ ਰਸੋਈ ‘ਚ ਚਲੀ ਗਈ ਤੇ ਪਾਣੀ ਦਾ ਗਿਲਾਸ ਲੈ ਕੇ ਉਸਦੇ ਸਾਹਮਣੇ ਬੈਠ ਗਈ। ਉਸਨੇ ਠੰਡੇ ਪਾਣੀ ਦਾ ਘੁੱਟ ਭਰਦਿਆਂ ਪੁੱਛਿਆ, “ਤੁਸੀਂ ਨਾਸ਼ਤਾ ਕਰ ਲਿਆ ? ਹਾਲੇ ਤਾਂ ਤੁਸੀਂ ਤਰਲ ਭੋਜਨ ਹੀ ਲੈ ਰਹੇ ਹੋਵੋਗੇ।”
“ਜੀ,” ਉਸਨੇ ਬੜੀ ਔਖ ਨਾਲ ਜਵਾਬ ਦਿੱਤਾ।
“ਚਲੋ, ਮੈਂ ਕੁਝ ਬਣਾ ਦਿੰਦੀ ਹਾਂ।” ਇਹ ਕਹਿ ਕੇ ਉਹ ਰਸੋਈ ਵਿਚ ਚਲੀ ਗਈ।
ਦੁਪਹਿਰ ਵੇਲੇ ਉਸ ਕੋਲ ਖਾਣ—ਪੀਣ ਦੇ ਕਈ ਆਪਸ਼ਨ ਸਨ। ਮਿਸਿਜ਼ ਸ਼ਰਮਾ ਮੂੰਗੀ ਦੀ ਦਾਲ, ਸ਼ੀਰਾ, ਰਸਮ ਆਦਿ ਕਿੰਨਾ ਕੁਝ ਬਣਾ ਕੇ ਰੱਖ ਗਈ ਸੀ। ਮਿਸਿਜ਼ ਸ਼ਰਮਾ ਤੇਜੀ ਦੀ ਸਹੇਲੀ ਸੀ ਤੇ ਉਨ੍ਹਾਂ ਦੇ ਘਰ ਤੋਂ ਕੋਈ ਚਾਰ ਕੁ ਮਕਾਨ ਅੱਗੇ ਇਕ ਕੋਠੀ ਦੇ ਉਪਰਲੇ ਪੋਰਸ਼ਨ ਵਿਚ ਕਿਰਾਏ ‘ਤੇ ਇਕੱਲੀ ਰਹਿੰਦੀ ਸੀ। ਉਸਦੇ ਪਤੀ ਦੀ ਮੌਤ ਹੋ ਚੁੱਕੀ ਸੀ ਤੇ ਇਕਲੌਤੀ ਧੀ ਵਿਆਹ ਕਰਵਾ ਕੇ ਲੰਡਨ ਵਸ ਗਈ ਸੀ।
ਤੇ ਅਗਲੇ ਤਿੰਨ ਦਿਨ ਇਹ ਸਿਲਸਿਲਾ ਬਰਕਰਾਰ ਰਿਹਾ। ਹਰ ਰੋਜ਼ ਮਿਸਿਜ਼ ਸ਼ਰਮਾ ਉਸਦਾ ਹਾਲ—ਚਾਲ ਪੁੱਛਣ ਆਉਂਦੀ ਤੇ ਉਸ ਲਈ ਹਲਕਾ—ਫੁਲਕਾ ਪਕਾ ਕੇ ਰੱਖ ਜਾਂਦੀ। ਆਖ਼ਿਰ ਚੌਥੇ ਦਿਨ ਉਸ ਨੂੰ ਆਪ ਹੀ ਕਹਿਣਾ ਪਿਆ, “ਮਿਸਿਜ਼ ਸ਼ਰਮਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਤੁਹਾਨੂੰ ਬਹੁਤ ਤਕਲੀਫ਼ ਦਿੱਤੀ। ਹੁਣ ਕੱਲ੍ਹ ਤੋਂ ਮੈਂ ਆਪਣਾ ਟਿਫ਼ਿਨ ਮੰਗਵਾ ਲਿਆ ਕਰਾਂਗਾ।”
“ਜੀ, ਕੋਈ ਗੱਲ ਨਹੀਂ। ਤਕਲੀਫ਼ ਵੇਲੇ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਹੈ।” ਮਿਸਿਜ਼ ਸ਼ਰਮਾ ਨੇ ਕਿਹਾ।
“ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਆਪਾਂ ਗਿਆਰਾਂ ਵਜੇ ਵਾਲੀ ਚਾਹ ਇਕੱਠੀ ਪੀਆ ਕਰਾਂਗੇ।” ਉਸਨੇ ਮਿਸਿਜ਼ ਸ਼ਰਮਾ ਅੱਗੇ ਬੇਝਿਜਕ ਆਪਣੀ ਮੰਗ ਰੱਖੀ।
“ਜੀ ਸ਼ੋਅਰ, ਨਾਲੇ ਕੁਝ ਡਿਸਕਸ਼ਨ ਵੀ ਹੋ ਜਾਇਆ ਕਰੇਗੀ।” ਮਿਸਿਜ਼ ਸ਼ਰਮਾ ਨੇ ਮੁਸਕਰਾ ਕੇ ਹੁੰਗਾਰਾ ਭਰਿਆ।
ਤੇ ਫਿਰ ਉਨ੍ਹਾਂ ਦੋਵਾਂ ਦਾ ਗਿਆਰਾਂ ਵਜੇ ਦੀ ਚਾਹ ਦੇ ਬਹਾਨੇ ਮੇਲ ਮਿਲਾਪ ਦਾ ਨਵਾਂ ਸਿਲਸਿਲਾ ਸ਼ੁਰੂ ਹੋ ਗਿਆ। ਉਹ ਦੋਵੇਂ ਨਿਰਸੰਕੋਚ ਹੋ ਕੇ ਦੁੱਖ—ਸੁੱਖ, ਦੁਨੀਆਂਦਾਰੀ ਅਤੇ ਜ਼ਿੰਦਗੀ ਦੇ ਝਮੇਲਿਆਂ ਨੂੰ ਸਾਂਝਾ ਕਰਦੇ। ਇਕ ਦਿਨ ਮਿਸਿਜ਼ ਸ਼ਰਮਾ ਨੇ ਉਸ ਨੂੰ ਗੱਲਾਂ ਗੱਲਾਂ ‘ਚ ਕਿਹਾ—
“ਮਿਸਟਰ ਗਿੱਲ, ਤੁਸੀਂ ਕਦੇ ਕਦਾਈਂ ਹੈਰੀ ਕੋਲ ਗੇੜਾ ਮਾਰ ਆਇਆ ਕਰੋ। ਮਨ ਹੋਰ ਹੋ ਜਾਂਦਾ। ਇਕਲਾਪਾ ਵੀ ਬੰਦੇ ਨੂੰ ਸਿਉਂਕ ਵਾਂਗ ਹੌਲੀ ਹੌਲੀ ਖਾਈ ਜਾਂਦਾ ਹੈ।”
“ਗਿਆ ਸਾਂ ਇਕ ਦੋ ਵਾਰੀ। ਉਥੇ ਜਾ ਕੇ ਮੈਂ ਸਗੋਂ ਹੋਰ ਇਕੱਲਾ ਹੋ ਜਾਂਦਾ ਸੀ। ਨੂੰਹ—ਪੁੱਤ ਕੰਮਾਂ ‘ਤੇ ਚਲੇ ਜਾਂਦੇ ਸੀ ਤੇ ਮੈਂ ਸ਼ੁਦਾਈਆਂ ਵਾਂਗ ਕੰਧਾਂ ਵੱਲ ਝਾਕਦਾ ਰਹਿੰਦਾ ਸੀ। ਭਾਵੇਂ ਇਥੇ ਵੀ ਮੈਂ ‘ਕੱਲਾ ਹਾਂ ਪਰ ਇਥੇ ਕੁਝ ਵੀ ਓਪਰਾ ਨਹੀਂ ਲੱਗਦਾ। ਇਹ ਸ਼ਹਿਰ…ਇਥੋਂ ਦੇ ਲੋਕ…ਆਲਾ ਦੁਆਲਾ। ਜਿਵੇਂ ਸਭ ਕੁਝ ਆਪਣਾ ਆਪਣਾ ਹੋਵੇ, ਰਤਾ ਵੀ ਬੇਗ਼ਾਨਗੀ ਦਾ ਅਹਿਸਾਸ ਨਹੀਂ ਹੁੰਦਾ। ਤੁਸੀਂ ਵੀ ਤਾਂ…ਮਿੰਨੀ ਕੋਲ ਕਦੇ ਨਹੀਂ ਗਏ।” ਉਸਨੇ ਮਿਸਿਜ਼ ਸ਼ਰਮਾ ਨੂੰ ਟਟੋਲਿਆ।
“ਉਸਦੀ ਜੁਆਇੰਟ ਫੈਮਿਲੀ ਹੈ। ਐਵੇਂ ਝਾਕਾ ਜਿਹਾ ਮਹਿਸੂਸ ਹੁੰਦਾ। ਉਂਝ ਵੀ ਮੈਂ ਉਹਦੇ ‘ਤੇ ਬੋਝ ਨਹੀਂ ਬਣਨਾ ਚਾਹੁੰਦੀ। ਮੇਰਾ ਇਥੇ ਕਾਫ਼ੀ ਫਰੈਂਡ ਸਰਕਲ ਹੈ। ਬਸ ਟਾਈਮ ਪਾਸ ਹੋਈ ਜਾਂਦਾ।” ਮਿਸਿਜ਼ ਸ਼ਰਮਾ ਨੇ ਸੰਤੁਸ਼ਟੀ ਦਾ ਇਜ਼ਹਾਰ ਕਰਦਿਆਂ ਕਿਹਾ।
“ਚਲੋ, ਹੁਣ ਤਾਂ ਆਪਾਂ ਦੋਵੇਂ ਵੀ ਵਧੀਆ ਦੋਸਤ ਬਣ ਗਏ ਹਾਂ,” ਉਸਨੇ ਸ਼ਰਾਬਤ ਨਾਲ ਮਿਸਿਜ਼ ਸ਼ਰਮਾ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਕਿਹਾ।
“ਹਾਂ ਜੀ, ਕਿਉਂ ਨਹੀਂ। ਅੱਛਾ, ਹੁਣ ਮੈਂ ਚਲਦੀ ਹਾਂ।” ਇਹ ਕਹਿ ਕੇ ਉਹ ਤੁਰ ਪਈ। ਉਹ ਉਸ ਨੂੰ ਦਰਵਾਜ਼ੇ ਤਕ ਛੱਡਣ ਲਈ ਗਿਆ। ਉਸ ਨੂੰ ਬਾਹਰ ਸੜਕ ‘ਤੇ ਲੱਗੇ ਫੁੱਲਾਂ ਨਾਲ ਭਰੇ ਗੁਲਮੋਹਰ ਅਤੇ ਅਮਲਤਾਸ ਦੇ ਰੁੱਖ ਮੁਸਕਰਾਉਂਦੇ ਹੋਏ ਜਾਪੇ। ਦੂਰੋਂ ਕਿਸੇ ਸੰਘਣੇ ਰੁੱਖ ਦੀਆਂ ਟਹਿਣੀਆਂ ‘ਚੋਂ ਕੁਹੂ—ਕੁਹੂ ਕਰਦੀ ਕੋਇਲ ਨੇ ਉਸਦੇ ਦਿਲ ਉੱਤੇ ਚੂੰਡੀ ਵੱਢੀ। ਉਸਦੀ ਦੇਹ ਨੂੰ ਹਲਕੀ ਜਿਹੀ ਝੁਣਝੁਣੀ ਮਹਿਸੂਸ ਹੋਈ ਪਰ ਅਗਲੇ ਹੀ ਪਲ ਉਸਦਾ ਰੋਮ ਰੋਮ ਆਨੰਦਿਤ ਹੋ ਗਿਆ।
ਅਗਲੇ ਕੁਝ ਮਹੀਨਿਆਂ ‘ਚ ਸੰਯੋਗ ਵਸ ਉਪਰੋ—ਥਲੀ ਕੁਝ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਕਿ ਉਨ੍ਹਾਂ ਦੀ ਦੋਸਤੀ ਹੋਰ ਪੀਡੀ ਹੋ ਗਈ। ਮਿਸਿਜ਼ ਸ਼ਰਮਾ ਜਿਸ ਕੋਠੀ ਦੇ ਇਕ ਪੋਰਸ਼ਨ ਵਿਚ ਕਿਰਾਏ ‘ਤੇ ਰਹਿ ਰਹੀ ਸੀ, ਉਸ ਕੋਠੀ ਦੇ ਮਕਾਨ ਮਾਲਕ ਨੇ ਅਚਾਨਕ ਉਸ ਨੂੰ ਪੋਰਸ਼ਨ ਖ਼ਾਲੀ ਕਰਨ ਲਈ ਕਹਿ ਦਿੱਤਾ। ਮਿਸਿਜ਼ ਸ਼ਰਮਾ ਪ੍ਰੇਸ਼ਾਨ ਹੋ ਗਈ। ਮਿਸਿਜ਼ ਸ਼ਰਮਾ ਕਈ ਵਰਿ੍ਹਆਂ ਤੋਂ ਇਸੇ ਲੇਨ ਵਿਚ ਰਹਿੰਦੀ ਸੀ। ਉਸ ਦੀਆਂ ਕਈ ਸਹੇਲੀਆਂ ਵੀ ਲਗਭਗ ਇਥੇ ਹੀ ਰਹਿੰਦੀਆਂ ਸਨ। ਉਹ ਸੋਚਾਂ ‘ਚ ਪੈ ਗਈ ਕਿ ਹੁਣ ਕੀ ਕੀਤਾ ਜਾਵੇ। ਉਸਦੀ ਇਸ ਮੁਸ਼ਕਲ ਦਾ ਹੱਲ ਛੇਤੀ ਹੀ ਲੱਭ ਲਿਆ ਗਿਆ ਜਦੋਂ ਉਸਨੇ ਥੋੜ੍ਹੇ ਜਿਹੇ ਸੰਕੋਚ ਨਾਲ ਮਿਸਿਜ਼ ਸ਼ਰਮਾ ਨੂੰ ਕਿਹਾ—
“ਮਿਸਿਜ਼ ਸ਼ਰਮਾ, ਜੇ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਤਾਂ ਤੁਸੀਂ ਮੇਰੇ ਘਰ ਦੇ ਉੱਪਰ ਵਾਲੇ ਪੋਰਸ਼ਨ ਵਿਚ ਸ਼ਿਫਟ ਹੋ ਸਕਦੇ ਹੋ।”
ਤੇ ਇੰਝ ਮਿਸਿਜ਼ ਸ਼ਰਮਾ ਆਪਣੇ ਸਾਜ਼ੋ—ਸਾਮਾਨ ਸਮੇਤ ਉਸਦੇ ਘਰ ਵਿਚ ਸ਼ਿਫਟ ਹੋ ਗਈ ਤੇ ਸ਼ਾਇਦ ਜਾਣੇ—ਅਨਜਾਣੇ ਉਸਦੇ ਦਿਲ ਵਿਚ ਵੀ…।
ਭਾਵੇਂ ਉਹ ਦੋਵੇਂ ਅੰਦਰੋ—ਅੰਦਰੀ ਇਸ ਪਨਪ ਰਹੇ ਨਵੇਂ ਰਿਸ਼ਤੇ ਤੋਂ ਇਨਕਾਰੀ ਸਨ ਪਰ ਇਸ ਰਿਸ਼ਤੇ ਦੀ ਮਹਿਕ ਨੇ ਉਨ੍ਹਾਂ ਦੋਵਾਂ ਦੇ ਚਿਹਰਿਆਂ ਨੂੰ ਅਨੋਖੀ ਖ਼ੁਸ਼ੀ ਨਾਲ ਲਿਸ਼ਕਾ ਦਿੱਤਾ ਸੀ। ਚਾਵਾਂ ਦੇ ਵਲਵਲਿਆਂ ‘ਚ ਤੰਦਰੁਸਤ ਅਤੇ ਖ਼ੂਬਸੂਰਤ ਦਿਸਣ ਦਾ ਅਹਿਸਾਸ ਵੀ ਸ਼ਾਮਿਲ ਹੋ ਗਿਆ ਸੀ। ਉਸਦੇ ਮੂੰਹ ਉੱਤੇ ਬਨਾਉਟੀ ਦੰਦਾਂ ਦਾ ਪੀੜ ਲਿਸ਼ਕਾਂ ਮਾਰ ਰਿਹਾ ਸੀ ਤੇ ਮਿਸਿਜ਼ ਸ਼ਰਮਾ ਨੇ ਨਵੇਂ ਰਿਸ਼ਤੇ ਦੀ ਮੈਰਾਥਨ ਜਿੱਤਣ ਲਈ ਗੋਡਿਆਂ ਦਾ ਉਪਰੇਸ਼ਨ ਕਰਵਾ ਲਿਆ ਸੀ। ਉਨ੍ਹਾਂ ਦੋਵਾਂ ਨੇ ਅੰਦਰਖਾਤੇ ਇਕੱਠਿਆਂ ਰਹਿਣ ਦੀਆਂ ਸ਼ਰਤਾਂ ਅਤੇ ਨੇਮ ਵੀ ਤੈਅ ਕਰ ਲਏ ਸਨ। ਉਸਨੇ ਤਾਂ ਹੈਰੀ ਨੂੰ ਸਭ ਕੁਝ ਦੱਸ ਦਿੱਤਾ ਸੀ ਪਰ ਮਿਸਿਜ਼ ਸ਼ਰਮਾ ਹਾਲੇ ਮਿੰਨੀ ਨੂੰ ਇਸ ਬਾਰੇ ਦੱਸਣ ਤੋਂ ਝਿਜਕ ਰਹੀ ਸੀ ਤੇ ਫਿਰ ਉਹੀ ਗੱਲ ਹੋਈ, ਜਿਸ ਦਾ ਡਰ ਸੀ। ਮਿਸਿਜ਼ ਸ਼ਰਮਾ ਦੇ ਰਿਸ਼ਤੇਦਾਰਾਂ ਨੇ ਮਿੰਨੀ ਨੂੰ ਵਧਾ ਚੜ੍ਹਾ ਕੇ ਗੱਲਾਂ ਦੱਸੀਆਂ ਤੇ ਇਕ ਹਫ਼ਤੇ ਦੇ ਅੰਦਰ ਹੀ ਗੁੱਸੇ ‘ਚ ਭਖਦੀ ਮਿੰਨੀ ਐਮਰਜੈਂਸੀ ਛੁੱਟੀ ਲੈ ਕੇ ਲੰਡਨ ਤੋਂ ਚੰਡੀਗੜ੍ਹ ਪਹੁੰਚ ਗਈ।
ਪਹਿਲੇ ਦੋ ਦਿਨ ਮਾਵਾਂ ਧੀਆਂ ਵਿਚਕਾਰ ਲਗਾਤਾਰ ਤਕਰਾਰ ਹੁੰਦੀ ਰਹੀ। ਮਿੰਨੀ ਮਿਸਿਜ਼ ਸ਼ਰਮਾ ਦੀ ਕੋਈ ਵੀ ਗੱਲ ਜਾਂ ਦਲੀਲ ਸੁਣਨ ਨੂੰ ਤਿਆਰ ਨਹੀਂ ਸੀ। ਅੱਜ ਸਵੇਰੇ ਵੀ ਉਹ ਲੌਬੀ ਦੇ ਸੋਫ਼ੇ ‘ਤੇ ਬੈਠੀਆਂ ਬਹਿਸ ਕਰ ਰਹੀਆਂ ਸਨ। ਮਿੰਨੀ ਨੇ ਬਸ ਇਕੋ ਹੀ ਰੱਟ ਲਾਈ ਹੋਈ ਸੀ—“ਮੰਮੀ ਤੁਸੀਂ ਮੂਵ ਕਰੋ ਇਥੋਂ। ਮੈਂ ਤੁਹਾਨੂੰ ਇਸ ਬੰਦੇ ਨਾਲ ਨਹੀਂ ਰਹਿਣ ਦੇਣਾ। ਇਹ ਬੰਦਾ ਤੁਹਾਨੂੰ ਗੁੰਮਰਾਹ ਕਰ ਰਿਹਾ। ਸਾਡੇ ਖਾਨਦਾਨ ਦੀ ਇੱਜ਼ਤ ਮਿੱਟੀ ‘ਚ ਮਿਲਾ ਰਿਹਾ। ਤੁਸੀਂ ਸੋਚੋ ਜ਼ਰਾ, ਮੇਰੇ ਇਨ ਲਾਅਜ਼ ਕੀ ਸੋਚਣਗੇ ? ਕੁਝ ਤਾਂ ਸ਼ਰਮ ਕਰੋ ?”
ਮਿਸਿਜ਼ ਸ਼ਰਮਾ ਮਿੰਨੀ ਦੀ ਕਿਚ—ਕਿਚ ਤੋਂ ਤੰਗ ਆ ਚੁੱਕੀ ਸੀ। ਆਖ਼ਿਰ ਉਸਨੇ ਆਪਣਾ ਫ਼ੈਸਲਾ ਸੁਣਾਇਆ—“ਮਿੰਨੀ ! ਮੈਂ ਡਿਸਾਈਡ ਕਰ ਲਿਆ ਹੈ ਕਿ ਮੈਂ ਤੇਰੇ ਨਾਲ ਲੰਡਨ ਜਾ ਕੇ ਰਹਾਂਗੀ। ਮੇਰਾ ਇਥੇ ਹੋਰ ਹੈ ਵੀ ਕੌਣ ? ਬੇਟਾ, ਮੈਂ ਤੈਨੂੰ ਪੜ੍ਹਾਇਆ, ਲਿਖਾਇਆ ਤੇ ਵਿਆਹਿਆ। ਹੁਣ ਇਸ ਉਮਰ ਵਿਚ ਮੈਨੂੰ ਸਾਂਭਣ ਦੀ ਜ਼ਿੰਮੇਵਾਰੀ ਤੇਰੀ ਹੈ।”
“ਪਰ ਮੰਮਾ, ਮੈਂ ਤੁਹਾਨੂੰ ਆਪਣੇ ਨਾਲ ਕਿਵੇਂ ਰੱਖ ਸਕਦੀ ਹਾਂ। ਮੇਰੇ ਇਨ—ਲਾਅਜ਼ ਵੀ ਮੇਰੇ ਨਾਲ ਰਹਿੰਦੇ ਨੇ। ਰਜੇਸ਼ ਦਾ ਸੁਭਾਅ ਵੀ ਤੁਹਾਨੂੰ ਪਤਾ ਹੈ। ਉਹ ਤੁਹਾਨੂੰ ਨਾਲ ਰੱਖਣ ਲਈ ਕਦੇ ਵੀ ਨਹੀਂ ਮੰਨੇਗਾ। ਹੇ ਭਗਵਾਨ, ਇਹ ਤਾਂ ਨਵੀਂ ਮੁਸ਼ਕਿਲ ਪੈ ਜਾਵੇਗੀ।” ਮਿੰਨੀ ਫ਼ਿਕਰਮੰਦ ਹੋ ਕੇ ਬੋਲੀ।
“ਫਿਰ ਤੂੰ ਦੋ ਦਿਨਾਂ ਤੋਂ ਮੇਰੀ ਮਾਂ ਬਣਨ ਦੀ ਕੋਸ਼ਿਸ਼ ਕਿਉਂ ਕਰ ਰਹੀ ਏਂ। ਬੜੀ ਸਿਆਣੀ ਹੋ ਗਈ ਏਂ ਨਾ ਤੂੰ ? ਆਪਣੀ ਮਾਂ ਨੂੰ ਅਕਲ ਦੇਣ ਦੀ ਜਾਚ ਆ ਗਈ ਤੈਨੂੰ। ਹੁਣ ਆਪਣੀ ਜ਼ਿੰਮੇਵਾਰੀ ਤੋਂ ਕਿਉਂ ਭੱਜ ਰਹੀ ਏਂ।” ਮਿਸਿਜ਼ ਸ਼ਰਮਾ ਤੈਸ਼ ਵਿਚ ਆ ਕੇ ਬੋਲੀ।
“ਪਰ ਮੰਮਾ, ਮੈਂ ਤੁਹਾਨੂੰ ਕਿਵੇਂ ਰੱਖ ਸਕਦੀ ਹਾਂ…?” ਮਿੰਨੀ ਹਿਚਕਚਾਉਂਦੀ ਹੋਈ ਕਹਿ ਰਹੀ ਸੀ।
ਅਖ਼ੀਰ ਮਾਂ—ਧੀ ਵਿਚਾਲੇ ਛਿੜੀ ਜੰਗ ਨੂੰ ਇਕ ਸਿਰੇ ਲਾਉਣ ਲਈ ਉਸ ਨੂੰ ਦਖ਼ਲ ਦੇਣਾ ਪਿਆ। ਉਸ ਨੇ ਮਿੰਨੀ ਦਾ ਸਿਰ ਪਲੋਸ ਕੇ ਕਿਹਾ, “ਮਿੰਨੀ ਬੇਟਾ, ਮੈਂ ਤੇ ਤੇਰੀ ਮੰਮੀ ਜ਼ਿੰਦਗੀ ਦੇ ਇਕੋ ਪੜਾਅ ‘ਚੋਂ ਲੰਘ ਰਹੇ ਹਾਂ। ਅਸੀਂ ਦੋਵੇਂ ਬੁਢਾਪੇ ‘ਚ ਇਕਲਾਪੇ ਨਾਲ ਜੂਝ ਰਹੇ ਹਾਂ। ਤੂੰ ਤੇ ਮੇਰਾ ਬੇਟਾ ਹੈਰੀ ਸਾਡੇ ਤੋਂ ਹਜ਼ਾਰਾਂ ਮੀਲ ਦੂਰ ਦੁਨੀਆਂ ਦੀਆਂ ਦੂਜੀਆਂ ਨੁੱਕਰਾਂ ‘ਤੇ ਵਸ ਗਏ ਹੋ। ਤੂੰ ਇਕ ਗੱਲ ਦੱਸ, ਜੇ ਦੋ ਵੱਖ ਵੱਖ ਰਾਹਾਂ ਦੇ ਪਾਂਧੀ ਇਕੋ ਮੰਜ਼ਿਲ ਵੱਲ ਜਾ ਰਹੇ ਹੋਣ ਤਾਂ ਇਕ ਸਾਂਝਾ ਰਾਹ ਸਿਰਜ ਲੈਣ ਵਿਚ ਕੀ ਬੁਰਾਈ ਹੈ ?”
ਮਿੰਨੀ ਕਿੰਨਾ ਚਿਰ ਸੋਚਦੀ ਰਹੀ। ਫਿਰ ਉਸਨੇ ਆਪਣਾ ਸੰਸਾ ਦੁਹਰਾਇਆ, “ਪਰ ਅੰਕਲ, ਲੋਕ ਕੀ ਕਹਿਣਗੇ ?”
ਉਸਨੇ ਮਿੰਨੀ ਨੂੰ ਫਿਰ ਸਮਝਾਉਂਦਿਆਂ ਹੋਇਆਂ ਕਿਹਾ—“ਮਿੰਨੀ ਬੇਟਾ, ਇਹ ਦੁਨੀਆਂ ਸਵਾਰਥ ਦੇ ਕੀੜਿਆਂ ਨਾਲ ਭਰੀ ਹੋਈ ਹੈ। ਸੁਖ ਵੇਲੇ ਇਹ ਸਾਰੇ ਤੁਹਾਨੂੰ ਚੂਸਦੇ ਰਹਿੰਦੇ ਹਨ ਤੇ ਦੁੱਖ ਵੇਲੇ ਕੋਈ ਨੇੜੇ ਨਹੀਂ ਢੁੱਕਦਾ। ਤੇਰੀ ਮੰਮਾ ਮੇਰੇ ਨਾਲ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨਾ ਚਾਹੁੰਦੀ ਹੈ। ਤੂੰ ਖਿੜੇ ਮੱਥੇ ਇਸ ਦੇ ਫ਼ੈਸਲੇ ਨੂੰ ਸਵੀਕਾਰ ਕਰ। ਯਕੀਨ ਕਰ, ਮੈਂ ਤੇਰੀ ਮੰਮਾ ਦਾ ਬਹੁਤ ਖ਼ਿਆਲ ਰੱਖਾਂਗਾ।”
ਫਿਰ ਉਹ ਤਿੰਨੇ ਜਣੇ ਚੁੱਪਚਾਪ ਸੋਫ਼ੇ ‘ਤੇ ਬੈਠੇ ਸੋਚਦੇ ਰਹੇ। ਅਖ਼ੀਰ ਮਿੰਨੀ ਸੋਫ਼ੇ ਤੋਂ ਉੱਠ ਕੇ ਉਸ ਕੋਲ ਆਈ ਤੇ ਕਹਿਣ ਲੱਗੀ, “ਆਈ ਐਮ ਸੌਰੀ ਅੰਕਲ, ਤੁਸੀਂ ਠੀਕ ਕਹਿ ਰਹੇ ਹੋ। ਮੈਂ ਤੁਹਾਨੂੰ ਦੋਵਾਂ ਨੂੰ ਬਹੁਤ ਪ੍ਰੇਸ਼ਾਨ ਕੀਤਾ ਹੈ। ਮੈਨੂੰ ਤਾਂ ਸਗੋਂ ਤੁਹਾਡੇ ਫ਼ੈਸਲੇ ਉੱਤੇ ਪਰਾਊਡ ਫੀਲ ਹੋਣਾ ਚਾਹੀਦਾ ਹੈ। ਮੈਨੂੰ ਤੁਹਾਡਾ ਅਤੇ ਮੰਮਾ ਦਾ ਰਿਸ਼ਤਾ ਮਨਜ਼ੂਰ ਹੈ।”
ਫਿਰ ਉਹ ਮਿਸਿਜ਼ ਸ਼ਰਮਾ ਕੋਲ ਜਾ ਕੇ ਬਹਿ ਗਈ ਤੇ ਉਸਦਾ ਸਿਰ ਆਪਣੇ ਮੋਢੇ ਉੱਤੇ ਰੱਖ ਕੇ ਪਿਆਰ ਨਾਲ ਪਲੋਸਣ ਲੱਗ ਪਈ। ਤੇਜ਼ ਵਲਵਲਿਆਂ ਦੀ ਉਛਲਦੀ ਸੁਨਾਮੀ ਹੁਣ ਸ਼ਾਂਤ ਹੋ ਚੁੱਕੀ ਸੀ।
ਉਸਨੇ ਪਾਸਾ ਪਰਤਿਆ। ਅਚਾਨਕ ਉਸ ਨੂੰ ਲੌਬੀ ਵਿਚੋਂ ਮਿਸਿਜ਼ ਸ਼ਰਮਾ ਦੇ ਖਿੜੇ ਹੋਏ ਹਾਸੇ ਦੀ ਆਵਾਜ਼ ਸੁਣਾਈ ਦਿੱਤੀ। ਉਹ ਆਪਣੇ ਕਮਰੇ ਵਿਚੋਂ ਉੱਠ ਕੇ ਦੋ ਚਹਿਕਦੀਆਂ ਚਿੜੀਆਂ ਦੀ ਰੁਣਝੁਣ ‘ਚ ਸ਼ਾਮਿਲ ਹੋ ਗਿਆ।
ਵਿਪਨ ਗਿੱਲ