|
“ਸਤਿ ਸ਼੍ਰੀ ਅਕਾਲ ਆਂਟੀ”
“ਹਾਂ ਭਾਈ ਕੁੜੀਏ, ਕੀ
ਹਾਲ ਨੇ ਤੇਰੇ?”
” ਆਂਟੀ ਠੀਕ ਹੈ ਜੀ। ਬਹੁਤ ਵਧੀਆ।ਤੁਸੀਂ ਦੱਸੋ?”
” ਠੀਕ ਹਾਂ ਪੁੱਤ,ਬਾਕੀ ਵਸ ਤੈਨੂੰ ਪਤੈ ਬੁੜ੍ਹੇ ਸ਼ਰੀਰਾਂ ਦਾ। ਹੋਰ ਤੂੰ ਦੱਸ ਕੀ ਕਰ ਰਹੀ ਏਂ ਅੱਜਕਲ੍ਹ?”
“ਆਂਟੀ ਮੈਂ ਪਟਿਆਲੇ ਤੋਂ ਤਿਆਰੀ ਕਰ ਰਹੀ ਹਾਂ ਜੀ, ਆਈ.ਏ.ਐੱਸ ਦੀ”
“ਚੱਲੋ ਪੁੱਤ ਵਧੀਆ।ਮੇਹਨਤ ਕਰੋ। ਤਾਂ ਜੋ ਮੁੱਲ ਪਵੇ ਪੜ੍ਹਾਈਆਂ ਕੀਤੀਆਂ ਦਾ”
“ਹਾਂਜੀ ਆਂਟੀ ਵਸ ਇਹੀ ਕੋਸ਼ਿਸ਼ ਕਰ ਰਹੀ ਹਾਂ ਜੀ”
ਗਲੀ ਵਿੱਚੋਂ ਦੀ ਲੰਘ ਰਹੀ ਬਿਮਲਾ ਆਂਟੀ ਨੇ ਇੰਟਰਵਿਊ ਦੇ ਸੁਆਲਾਂ ਵਾਂਗ ਇੱਕ-ਇੱਕ ਕਰਕੇ ਕਈ ਸੁਆਲ ਮੈਨੂੰ ਇਕੱਠਿਆਂ ਹੀ ਦਾਗ਼ ਦਿੱਤੇ। ਮੈਂ ਵੀ ਹੁਸ਼ਿਆਰ ਵਿਦਿਆਰਥੀ ਵਾਂਗ ਆਂਟੀ ਵੱਲੋਂ ਕੀਤੇ ਸਾਰੇ ਸੁਆਲਾਂ ਦੇ ਜੁਆਬ ਬੜੇ ਹੀ ਪਿਆਰ ਨਾਲ ਦਿੱਤੇ।
ਉਸ ਵਕਤ ਮੈਂ ਰੋਜ਼ ਵਾਂਗ ਆਪਣੇ ਘਰ ਦੇ ਬਾਹਰ ਬੈਠੀ ਸੀ।ਅਕਸਰ ਸ਼ਾਮ ਢਲਣ ‘ਤੇ ਮੈਂ ਅਤੇ ਮੰਮਾ ਬਾਹਰ ਬੈਠ ਜਾਂਦੇ ਹਾਂ।ਸਾਰਾ ਦਿਨ ਘਰ ਅੰਦਰ ਬੈਠਣਾ ਵੀ ਬੜਾ ਔਖਾ ਕੰਮ ਹੈ।ਸਗੋਂ ਜੇ ਮੈਂ ਇਹ ਕਹਾਂ ਕਿ ਦੁਨੀਆਂ ਦਾ ਸਭ ਤੋਂ ਔਖਾ ਕੰਮ ਹੀ ਵਿਹਲੇ ਘਰ ਬੈਠਣਾ ਹੈ ਤਾਂ ਮੈਨੂੰ ਲਗਦੈ ਮੈਂ ਗ਼ਲਤ ਨਹੀਂ ਹੋਵਾਂਗੀ।ਇਹ ਗੱਲ ਮੈਂ ਮਾਂ ਨਾਲ ਵੀ ਸਾਂਝੀ ਕੀਤੀ।ਉਸਨੇ ਮੇਰੇ ਨਾਲ ਸਹਿਮਤ ਹੁੰਦੇ ਹੋਏ ਇਹ ਕਿਹਾ ਕਿ ਜੋ ਇਨਸਾਨ ਜਿਸ ਤਰ੍ਹਾਂ ਦਾ ਕਿੱਤਾ ਕਰਦਾ ਹੈ ਉਸ ਤੋਂ ਟੁੱਟਣਾ ਹਮੇਸ਼ਾ ਉਸ ਲਈ ਔਖਾ ਹੀ ਹੁੰਦਾ ਏ।ਉਹਨਾਂ ਦਾ ਇਸ਼ਾਰਾ ਮੇਰੇ ਨਿੱਤ ਪਟਿਆਲੇ ਕਲਾਸਾਂ ਲਗਾਉਣ ਵੱਲ ਸੀ, ਜੋ ਕਿ ਹੁਣ ‘ਲਾੱਕਡਾਊਨ’ ਕਰਕੇ ਬੰਦ ਹੋ ਗਈਆਂ ਸਨ।ਉਂਜ ਅਕਾਦਮੀ ਵਾਲੇ ਪੜ੍ਹਾ ਤਾਂ ਆਨਲਾਈਨ ਵੀ ਰਹੇ ਸੀ ਪਰ ਅਸਲੀਅਤ ਤੋਂ ਇਹ ਕੋਹਾਂ ਦੂਰ ਦੀ ਗੱਲ ਸੀ।ਇਸ ਆਨਲਾਈਨ ਵਾਲੇ ਸਿਸਟਮ ਵਿੱਚ ਮੇਰੀ ਭੋਰਾ ਵੀ ਦਿਲਚਸਪੀ ਨਹੀਂ। ਆਨਲਾਈਨ ਪੜ੍ਹਨਾ ਇੰਜ ਲਗਦਾ ਹੈ ਜਿਵੇਂ ਯੂ-ਟਿਊਬ ਤੋਂ ਕਿਸੇ ਵਿਦਵਾਨ ਦਾ ਭਾਸ਼ਣ ਸੁਣ ਰਹੇ ਹੋਈਏ।ਬਿਨਾਂ ਕਿਸੇ ਪ੍ਰਤੀਕਿਰਿਆ ਤੋਂ ਦਿੱਤਾ ਜਾ ਰਿਹਾ ਭਾਸ਼ਣ ਮੈਨੂੰ ਹਮੇਸ਼ਾ ਅਕਾਊ ਅਤੇ ਥਕਾਊ ਲੱਗਦਾ ਹੈ।ਇਸ ਕਰਕੇ ਹੀ ਮੈਂ ਆਨਲਾਈਨ ਕਲਾਸ ਲਗਾਉਣ ਤੋਂ ਟਾਲਾ ਵੱਟ ਲੈਨੀ ਹਾਂ।
ਗਰੈਜੂਏਸ਼ਨ ਪੂਰੀ ਹੋਣ ਤੋਂ ਬਾਅਦ ਹੀ ਮੈਂ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ ਤਾਂ ਜੋ ਮੰਮੀ-ਪਾਪਾ ਹੋਰਾਂ ਦਾ ਮੈਨੂੰ ਅਫਸਰ ਬਣਾਉਣ ਦਾ ਸੁਪਨਾ ਸਾਕਾਰ ਹੋ ਸਕੇ। ਮੈਨੂੰ ਜਾਂਦਿਆਂ ਹਾਲੇ ਦੋ ਮਹੀਨੇ ਵੀ ਪੂਰੇ ਨਹੀਂ ਹੋਏ ਸੀ ਕਿ ਆ ਨਵੀਂ ਮੁਸੀਬਤ ‘ਲਾੱਕਡਾਊਨ’ ਹੋ ਗਿਆ।ਉੱਤੋਂ ਹੁਣ ਇਸ ਵਿੱਚ ਹੋ ਰਹੇ ਲਗਾਤਾਰ ਵਾਧੇ ਨੇ ਸਥਿਤੀ ਨੂੰ ਹੋਰ ਉਲਝਾ ਕੇ ਰੱਖ ਦਿੱਤੈ। ਘਰ ਰਹਿਣਾ, ਉਹ ਵੀ ਸਾਰਾ ਦਿਨ, ਬੜਾ ਔਖਾ ਲੱਗਦੈ।
ਹੁਣ ਤਾਂ ਮੈਂ ਸਾਰਾ ਦਿਨ ਘਰ ਬੈਠ- ਬੈਠ ਕੇ ਅੱਕ ਗਈ ਹਾਂ। ਇਸ ਉਦਾਸੀ ਦੇ ਆਲਮ ਨੇ ਦੂਰ ਨੇੜੇ ਦੇ ਸਕੇ ਸਬੰਧੀ ਸਭ ਚੇਤੇ ਕਰਵਾ ਦਿੱਤੇ ਨੇ।ਸਾਰਾ-ਸਾਰਾ ਦਿਨ ਰਿਸ਼ਤੇਦਾਰਾਂ ਨੂੰ ਫੋਨ ਕਰਦਿਆਂ ਲਗਾਉਣਾ ਪੈਂਦੈ।ਸੱਚ ਆਖਾਂ ਤਾਂ ਹੁਣ ਇਸ ਕੰਮ ਤੋਂ ਵੀ ਮਨ ਅੱਕਣ ਲੱਗ ਗਿਆ ਹੈ। ਭਲਾਂ ਹਰ ਰੋਜ਼ ਕੀ ਗੱਲ ਹੁੰਦੀ ਹੈ ਕਰਨ ਨੂੰ? ਉਹੀ ਗੱਲਾਂ, ਇਨਸਾਨ ਕਿੰਨੇ ਕੁ ਦਿਨ ਅਤੇ ਕਿੰਨੀਆਂ ਕੁ ਘੁਮਾ ਫਿਰਾ ਕੇ ਕਰ ਸਕਦਾ ਹੈ ਭਲਾਂ।ਮੈਂ ਅੱਕੀ ਹੋਈ ਕੋਈ ਹੱਲ ਸੋਚ ਹੀ ਰਹੀ ਸੀ ਕਿ ਮੈਨੂੰ ਇੱਕਦਮ ਮੇਰੀਆਂ ਸਕੂਲ ਸਮੇਂ ਦੌਰਾਨ ਨਾਲ ਪੜ੍ਹਦੀਆਂ ਸਹੇਲੀਆਂ ਯਾਦ ਆਈਆਂ।ਸੋਚਿਆ ਉਹਨਾਂ ਨਾਲ ਚਾਰ-ਪੰਜ ਮਹੀਨਿਆਂ ਤੋਂ ਗੱਲ ਵੀ ਨਹੀਂ ਹੋਈ ਇਸ ਕਰਕੇ ਉਹਨਾਂ ਨੂੰ ਫੋਨ ਕਰਦੀ ਹਾਂ।
ਸਭ ਤੋਂ ਪਹਿਲਾਂ ਮੈਨੂੰ ਉਸ ਸਹੇਲੀ ਦਾ ਚੇਤਾ ਆਇਆ ਜਿਸ ਨਾਲ ਮੈਂ ਸਭ ਤੋਂ ਵੱਧ ਲੜਿਆ ਕਰਦੀ ਸੀ।ਇਹ ਵੀ ਇੱਕ ਸਚਾਈ ਹੈ ਕਿ ਦੂਰ ਹੋਣ ਨਾਲ ਰਿਸ਼ਤਿਆਂ ਦੀ ਅਹਿਮੀਅਤ ਦਾ ਅਹਿਸਾਸ ਜ਼ਿਆਦਾ ਹੁੰਦਾ ਹੈ।ਸਮੇਂ ਨਾਲ ਰਿਸ਼ਤਿਆਂ ਵਿਚਲੇ ਅਰਥ ਫਿੱਕੇ ਜਾਂ ਗੂੜ੍ਹੇ ਹੋ ਜਾਂਦੇ ਹਨ।ਉਸ ਸਮੇਂ ਸਾਡੇ ਲੜਨ ਦਾ ਕਾਰਨ ਇਹ ਹੁੰਦਾ ਸੀ ਕਿ ਉਹ ਕਈ ਵਾਰ ਮੇਰੇ ਮੁਕਾਬਲੇ ਦੇ ਨੰਬਰ ਲੈ ਜਾਂਦੀ ਸੀ।ਮੈਨੂੰ ਫਿਕਰ ਹੁੰਦਾ ਸੀ ਕਿ ਕਿਤੇ ਕਿਸੇ ਦਿਨ ਇਹ ਮੇਰੇ ਤੋਂ ਜ਼ਿਆਦਾ ਨੰਬਰ ਨਾ ਲੈ ਜਾਵੇ।ਇਸ ਕਰਕੇ ਮੈਂ ਉਸ ਨਾਲ ਖਾਰ ਖਾਂਦੀ ਸੀ।ਗੱਲ- ਗੱਲ ਉੱਤੇ ਉਸ ਨਾਲ ਲੜਨ ਦਾ ਅਸਲੀ ਕਾਰਨ ਇਹੀ ਹੁੰਦਾ ਸੀ,ਉਂਜ ਭਾਵੇਂ ਬਹਾਨਾ ਕੋਈ ਹੋਰ ਬਣ ਜਾਂਦਾ ਸੀ।ਪਤਾ ਨਹੀਂ ਕਿਉਂ ਅੱਜ ਮੈਨੂੰ ਉਸ ਪ੍ਰੀਤ ਦਾ ਹੀ ਸਭ ਤੋਂ ਜ਼ਿਆਦਾ ਪਿਆਰ ਆ ਰਿਹਾ ਸੀ। ਇਸ ਕਰਕੇ ਮੈਂ ਉਸ ਨਾਲ ਸਭ ਤੋਂ ਪਹਿਲਾਂ ਗੱਲ ਕਰਨ ਲਈ ਉਸਦੇ ਘਰ ਫ਼ੋਨ ਮਿਲਾਇਆ।ਫ਼ੋਨ ਉੱਠਦੇ ਸਾਰ ਹੀ ਮੈਂ ਆਵਾਜ਼ ਪਛਾਣ ਕੇ ਅੱਗੋਂ ਕਿਹਾ-
“ਸਤਿ ਸ਼੍ਰੀ ਅਕਾਲ ਅੰਕਲ ਜੀ,ਮੈਂ ਰਮਨ ਬੋਲ ਰਹੀ ਹਾਂ।ਮੇਰੀ ਪ੍ਰੀਤ ਨਾਲ ਗੱਲ ਕਰਵਾ ਦਿਓ।”
ਕੁੱਝ ਸਕਿੰਟ ਦੀ ਚੁੱਪ ਬਾਅਦ ਪ੍ਰੀਤ ਨੇ “ਹੈਲੋ” ਕਿਹਾ
“ਹਾਂ ਪ੍ਰੀਤ ਕੀ ਹਾਲ ਨੇ,ਮੈਂ ਰਮਨ ਬੋਲ ਰਹੀ ਹਾਂ।”
“ਹਾਂਜੀ ਕਿਵੇਂ ਆ ਰਮਨ।ਤੈਨੂੰ ਕਿਵੇਂ ਅੱਜ ਮਹੀਨਿਆਂ ਬਾਅਦ ਮੇਰੀ ਯਾਦ ਆ ਗਈ?”
ਉਸਦੇ ਇਹ ਸੁਆਲ ਦਾ ਤਾਂ ਮੇਰੇ ਕੋਲ ਜੁਆਬ ਨਹੀਂ ਸੀ।ਇਸ ਲਈ ਇਸਦਾ ਉੱਤਰ ਨਾ ਦਿੰਦੇ ਹੋਏ ਮੈਂ ਗੱਲ ਨੂੰ ਹੋਰ ਪਾਸੇ ਮੋੜ ਦਿੱਤਾ।
“ਵਸ ਯਾਰ ਕੁੱਝ ਨਹੀਂ ਆ ਕੋਰੋਨਾ ਨੇ ਸਭ ਗੜਬੜ ਕਰ ਦਿੱਤੀ ਹੈ।ਘਰਾਂ ਵਿੱਚ ਬੰਨ੍ਹ ਕੇ ਬਿਠਾ ਦਿੱਤਾ ਹੈ”
“ਹਾਂਜੀ ਹਾਂ ਇਹ ਤਾਂ ਹੈ।”
“ਮੈਂ ਤਾਂ ਯਾਰ ਪਟਿਆਲੇ ਤੋਂ ਕੋਚਿੰਗ ਲੈ ਰਹੀ ਸੀ ਆਈ. ਏ.ਐੱਸ ਦੀ।ਆ ‘ਲਾੱਕਡਾਊਨ’ ਹੋ ਗਿਆ।ਵਸ ਫੇਰ ਹੁਣ ਘਰ ਬੈਠਣ ਲਈ ਮਜ਼ਬੂਰ ਹਾਂ।”
” ਅੱਛਾ -ਅੱਛਾ ਤਾਂ ਹੀ ਯਾਦ ਆ ਗਈ ਤੈਨੂੰ ਮੇਰੀ।”
“ਹਾਹਾਹਾਹਾਹਾ…ਹੋਰ ਤੂੰ ਸੁਣਾ ਕੀ ਕਰ ਰਹੀ ਏਂ ਅੱਜਕਲ੍ਹ? ਪ੍ਰੀਤ ਤੈਨੂੰ ਔਖਾ ਨਹੀਂ ਲਗਦਾ ਯਾਰ ਘਰ ਬੈਠਣਾ? ਮੈਨੂੰ ਤਾਂ ਬਹੁਤ ਔਖਾ ਹੋਇਆ ਪਿਆ ਹੈ ਇੱਕ-ਇੱਕ ਪ਼ਲ ਲੰਘਾਉਣਾ”
” ਨਹੀਂ ਰਮਨ ਮੈਨੂੰ ਤਾਂ ਕੋਈ ਔਖਾ ਨਹੀਂ ਲੱਗ ਰਿਹਾ, ਕਿਉਂਕਿ ਮੈਂ ਤਾਂ ਭੈਣੇ ਕਾਲਜ ਤੋਂ ਬਾਅਦ ਦੀ ਘਰ ਹੀ ਹਾਂ”
“ਸੱਚੀਂ! ਤੂੰ ਅੱਗੇ ਨੀ ਕੁੱਝ ਕਰਨ ਬਾਰੇ ਸੋਚਿਆ।”
“ਨਹੀਂ ਰਮਨ, ਘਰ ਵਾਲੇ ਕਹਿੰਦੇ ਬਹੁਤ ਆ ਗਰੈਜੂਏਸ਼ਨ ਹੋ ਗਈ।ਬਹੁਤਾ ਪੜ੍ਹ ਕੇ ਕੀ ਕਰਨਾ, ਨੌਕਰੀਆਂ ਤਾਂ ਅੱਜਕਲ੍ਹ ਮਿਲਦੀਆਂ ਨਹੀਂ।ਉਹ ਮੁੰਡਾ ਦੇਖ ਰਹੇ ਨੇ ਵਿਆਹ ਕਰ ਦੇਣਗੇ ਮੇਰਾ।”
“ਅੱਛਾ ਅੱਛਾ…ਹੋਰ ਸੁਣਾ ਸਭ ਠੀਕ ਹੈ ਘਰ।ਭਾਈ ਕੀ ਕਰ ਰਿਹਾ ਤੇਰਾ?”
“ਉਹਦਾ ਵਿਆਹ ਹੋ ਗਿਆ ਹੈ।ਉਸ ਕੋਲ ਇੱਕ ਬੇਟਾ ਹੈ।”
“ਉਹ ਵਾਓ… ਵੈਰੀ ਗੁੱਡ।ਭਾਬੀ ਕੀ ਕਰਦੇ ਨੇ?”
“ਉਹ ਤਾਂ ਘਰ ਹੀ ਹੁੰਦੇ ਨੇ ਵੀਰਾ ਪੜ੍ਹ ਰਿਹਾ ਯੂਨੀਵਰਸਿਟੀ ‘ਚ ਐੱਮ-ਫ਼ਿਲ ਕਰ ਰਿਹਾ ਹੈ।”
“ਚਲੋ ਵਧੀਆ ਪ੍ਰੀਤ।ਹੋਰ…ਸਭ ਠੀਕ। ਚੱਲ ਠੀਕ ਹੈ ਪ੍ਰੀਤ, ਧਿਆਨ ਰੱਖੀਂ ਆਪਣਾ ਬਾਏ..”
“ਹਾਂਜੀ ਠੀਕ ਰਮਨ ਓਕੇ।”
ਪ੍ਰੀਤ ਦੀਆਂ ਗੱਲਾਂ ਸੁਣ ਕੇ ਮੇਰੇ ਅੰਦਰ ਹਜ਼ਾਰਾਂ ਸੁਆਲ ਖੜ੍ਹੇ ਹੋਏ।ਇਸ ਤੋਂ ਪਹਿਲਾਂ ਕਿ ਮੈਂ ਇਹਨਾਂ ਉੱਠੇ ਪ੍ਰਸ਼ਨਾਂ ਦੇ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕਰਦੀ ਜਾਂ ਇਸ ਬਾਰੇ ਕਿਸੇ ਨਾਲ ਗੱਲ ਕਰਦੀ, ਮੈਂ ਅਗਲਾ ਫ਼ੋਨ ਪ੍ਰਭਜੋਤ ਨੂੰ ਮਿਲਾ ਦਿੱਤਾ।
“ਹੈਲੋ…ਆਂਟੀ ਸਤਿ ਸ਼੍ਰੀ ਅਕਾਲ ਜੀ,ਮੈਂ ਰਮਨ ਬੋਲ ਰਹੀ ਹਾਂ।ਮੇਰੀ ਪ੍ਰਭਜੋਤ ਨਾਲ ਗੱਲ ਕਰਵਾ ਦਿਓ।”
ਆਂਟੀ ਦੇ ਜਵਾਬ ਨੇ ਮੈਨੂੰ ਸੋਚਾਂ ਵਿੱਚ ਪਾ ਦਿੱਤਾ।
“ਪੁੱਤ ਪ੍ਰਭਜੋਤ ਦਾ ਤਾਂ ਵਿਆਹ ਹੋ ਗਿਆ ਹੈ।ਉਹ ਹੁਣ ਆਪਣੇ ਸਹੁਰੇ ਘਰ ਹੈ।”
ਮੈਨੂੰ ਇਹ ਸੁਣ ਕੇ ਬੜਾ ਅਜ਼ੀਬ ਜਿਹਾ ਲੱਗਿਆ ਕਿ ਐਨੀ ਛੇਤੀ ਵਿਆਹ ਕਿਵੇਂ ਕਰ ਦਿੱਤਾ।।ਉਸਦੀ ਉਮਰ ਤਾਂ ਤਕਰੀਬਨ ਮੇਰੇ ਹਾਣ ਦੀ,ਅਠਾਰਾਂ-ਉੱਨੀਂ ਸਾਲ ਸੀ।ਇਸ ਵਿਚਾਰ ਨੂੰ ਅੱਗੇ ਵਧਾਉਂਦਿਆਂ ਮੇਰੇ ਦਿਲ ਅੰਦਰ ਹੋਰ ਕਈ ਤਰ੍ਹਾਂ ਦੇ ਸੁਆਲ ਖੜ੍ਹੇ ਹੋਣ ਲੱਗੇ।
ਇਸ ਤੋਂ ਪਹਿਲਾਂ ਕਿ ਮੈਂ ਕੁੱਝ ਬੋਲਦੀ ਆਂਟੀ ਹੀ ਬੋਲ ਪਏ।
“ਪੁੱਤ ਜੇ ਕੋਈ ਜ਼ਰੂਰੀ ਗੱਲ ਕਰਨੀ ਹੈ ਤਾਂ ਮੈਂ ਤੈਨੂੰ ਉਸਦਾ ਨੰਬਰ ਲਿਖਾ ਦਿੰਦੀ ਹਾਂ ਤੂੰ ਉਸਨੂੰ ਫ਼ੋਨ ਕਰ ਲਵੀਂ।”
“ਜੀ ਆਂਟੀ ਲਿਖਵਾ ਦਿਓ ,97816….।ਠੀਕ ਹੈ ਆਂਟੀ ਮੈਂ ਕਰਦੀਂ ਹਾਂ ਫ਼ੋਨ ਉਸ ਨੂੰ।”
“ਹੋਰ ਆਂਟੀ ਘਰ ਸਭ ਠੀਕ ਹੈ ਜੀ?”
“ਹਾਂ ਪੁੱਤ ਰਾਜੀ ਹੈ”
“ਓਕੇ ਆਂਟੀ,ਰੱਖ ਰਹੀ ਹਾਂ ਫੋਨ।”
ਆਂਟੀ ਦੇ “ਚੰਗਾ ਪੁੱਤ ਕਹਿੰਦਿਆਂ” ਮੈਂ ਫ਼ੋਨ ਕੱਟ ਦਿੱਤਾ।
ਫ਼ੋਨ ਰੱਖਣ ਬਾਅਦ ਮੈਂ ਸੋਚਾਂ ਵਿੱਚ ਪੈ ਗਈ ਕਿ ਭਲਾਂ ਐਦਾਂ ਵੀ ਵਿਆਹ ਹੋ ਜਾਂਦੇ ਨੇ। ਪ੍ਰਭਜੋਤ ਦੇ ਮੰਮੀ ਕਹਿ ਰਹੇ ਸੀ ਕਿ ਸਾਨੂੰ ਰਿਸ਼ਤਾ ਜਲਦੀ-ਜਲਦੀ ਵਿੱਚ ਕਰਨਾ ਪਿਆ।ਮੁੰਡਾ ਚੰਗਾ ਮਿਲ ਗਿਆ ਸੀ। ਕੱਲਾ ਪੁੱਤ ਹੈ ਮਾਪਿਆਂ ਦਾ ਤੇ ਪੰਦਰਾਂ ਕਿੱਲੇ ਜ਼ਮੀਨ ਆਉਂਦੀ ਐ। ਪੈਸਾ ਵਥੇਰੈ ਕੋਈ ਥੋੜ੍ਹ ਨਹੀਂ ਕਾਸੇ ਦੀ।ਵਿਹਲੀ ਬੈਠ ਕੇ ਖਾਊ ਕੁੜੀ ਆਪਣੀ।ਇਹ ਤਾਂ ਇਹਦੇ ਕਰਮ ਚੰਗੇ ਸਨ।ਪਹਿਲਾਂ ਮੁੰਡਾ ਤਾਂ ਤਕੜੇ ਘਰ ਹੀ ਮੰਗਿਆ ਹੋਇਆ ਸੀ। ਉਹ ਤਾਂ ਇਹਦੇ ਕਰਮਾਂ ਨੂੰ ਆ ‘ਲੋਕਡਾਊਨ’ ਹੋ ਗਿਆ।ਉਹਨਾਂ ਨੂੰ ਕੁੜੀ ਵਾਲੇ ਕਹਿੰਦੇ ਅਸੀਂ ਤਾਂ ਕੁੜੀ ਵਿਆਹ ਕਰੇ ਬਿਨਾਂ ਨਹੀਂ ਤੋਰਨੀ। ਕੱਲੀ ਕੁੜੀ ਹੈ।ਐਨਾ ਪੈਸਾ ਹੈ ਸਾਡੇ ਕੋਲ।ਜੇ ਐਦਾਂ ਤੋਰ ਦਿੱਤੀ ਸਾਡੇ ਰਿਸ਼ਤੇਦਾਰ ਕੀ ਕਹਿਣਗੇ? ‘ਕੱਠ ਤੈਨੂੰ ਪਤੈ ਗਾਰਮਿੰਟ ਨੇ ਬੰਦ ਕਰ ਦਿੱਤੇ ਨੇ ਕਰਨੇ।ਉਹ ਕਹਿੰਦੇ ਵਿਆਹ ਅੱਗੇ ਪਾ ਲੈਂਦੇ ਹਾਂ।ਪਰ ਇਹ ਕਹਿੰਦੇ ਸਾਡੀ ਸ਼ਰੀਕੇ ਵਿੱਚ ਬੇਇੱਜ਼ਤੀ ਹੋ ਜਾਵੇਗੀ ਜੇ ਮੁੰਡੇ ਦਾ ਸਹੀ ਸਮੇਂ ‘ਤੇ ਵਿਆਹ ਨਾ ਹੋਇਆ।ਮੁੰਡੇ ਵਾਲਿਆਂ ਤਾਂ ਇਹ ਵੀ ਆਖਿਆ ਸੀ ਕਿ ਆਪਾਂ ਬਾਅਦ ਵਿੱਚ ਵੱਡੀ ਪਾਰਟੀ ਕਰ ਲਵਾਂਗੇ ਜਦੋਂ ਆ ਹਾਲਾਤ ਠੀਕ ਹੋ ਗਏ।ਵਸ ਭਾਈ ਕੁੜੀ ਮੰਨੇ ਨਹੀਂ,ਤੇ ਰਿਸ਼ਤਾ ਟੁੱਟ ਗਿਆ।
ਮੁੰਡੇ ਵਾਲਿਆਂ ਘਰ ਅੰਦਰੋਂ-ਅੰਦਰੀਂ ਸਲਾਹਾਂ ਹੋ ਲੱਗੀਆਂ ਕਿ ਕਿਵੇਂ ਗੱਲ ਸਿੱਧੇ ਰਾਹ ਪਾਈ ਜਾਵੇ ਤਾਂ ਜੋ ਬੇਇੱਜ਼ਤੀ ਹੋਣ ਤੋਂ ਬਚ ਜਾਵੇ।ਉਹ ਕਿਤੇ ਪ੍ਰਭਜੋਤ ਦੀ ਭੂਆ ਉਹਨਾਂ ਨੂੰ ਜਾਣਦੀ ਸੀ।ਉਹ ਕਹਿੰਦੀ ਕੁੜੀ ਤਾਂ ਮੈਂ ਲਿਆ ਦਿੰਦੀ ਹਾਂ ਭਾਈ ਪਰ ਦੇ ਨ੍ਹੀਂ ਸਕਦੇ ਕੁੱਝ।ਇਹ ਕਹਿੰਦੇ ਅਸੀਂ ਤਾਂ ਕਪੜੇ ਵੀ ਆਪਣੇ ਪਾ ਕੇ ਲੈ ਜਾਵਾਂਗੇ । ਇਹਦੀ ਭੂਆ ਨੇ ਪ੍ਰਭਜੋਤ ਦੇ ਪਾਪੇ ਨੂੰ ਮਨਾ ਲਿਆ।ਵਸ ਫੇਰ ਕੀ ਸੀ ਪੁੱਤ ਅਸੀਂ ਚਾਰ ਦਿਨਾਂ ਵਿੱਚ ਵਿਆਹ ਦੇ ਦਿੱਤਾ।ਇਸ ਤਰ੍ਹਾਂ ਇਹਦੀ ਭੂਆ ਜਰੀਏ ਗੱਲ ਸਿਰੇ ਚੜ੍ਹ ਗਈ।ਉਹਨਾਂ ਦਾ ਸ਼ਰੀਕੇ ਵਿੱਚ ਨੱਕ ਰਹਿ ਗਿਆ ‘ਤੇ ਆਪਾਂ ਨੂੰ ਸਿਊਨੇ ਵਰਗਾ ਘਰ ਮਿਲ ਗਿਆ।
ਪ੍ਰਭਜੋਤ ਦੀ ਮੰਮਾ ਦੇ ਇਹ ਸਾਰੇ ਬੋਲ ਕਿਸੇ ਫ਼ਿਲਮ ਦੇ ਡਾਇਲਾਗ ਵਾਂਗ ਇੱਕਦਮ ਹੀ ਮੇਰੇ ਦਿਮਾਗ਼ ਵਿੱਚ ਚੜ੍ਹ ਗਏ।ਗੱਲ ਮਨ ਵਿੱਚੋਂ ਆਈ ਗਈ ਕਰ ਕੇ ਮੈਂ ਪ੍ਰਭਜੋਤ ਨੂੰ ਫ਼ੋਨ ਮਿਲਾਇਆ।
“ਹੈਲੋ ਪ੍ਰਭਜੋਤ…”
“ਹਾਂਜੀ…ਰਮਨ….”
“ਬੜਾ ਪਹਿਚਾਣਿਆ ਤੂੰ ਮੈਨੂੰ ਪ੍ਰਭਜੋਤ”
“ਲੈ ਦੱਸ ਭੁੱਲ ਕਿਵੇਂ ਸਕਦੇ ਹਾਂ…ਆਖ਼ਿਰ ਕਿੰਨਾ ਸਮਾਂ ਇੱਕ ਦੂਜੇ ਨਾਲ ਰਹੇ ਹਾਂ। ਹੋਰ ਨੰਬਰ ਕਿੱਥੋਂ ਮਿਲਿਆ ਤੈਨੂੰ ਮੇਰਾ?”
“ਨੰਬਰ ਤਾਂ ਭੈਣੇ ਮਿਲ ਹੀ ਜਾਂਦੇ ਨੇ… ਜੇ ਤੂੰ ਵਿਆਹ ਕਰਵਾ ਕੇ ਨਹੀਂ ਦੱਸੇਂਗੀ,ਇਹਦਾ ਮਤਲਬ ਇਹ ਥੋੜ੍ਹਾ ਹੈ ਵੀ ਪਤਾ ਹੀ ਨਹੀਂ ਲੱਗੂਗਾ।”
“ਨਹੀਂ ਰਮਨ ਇਹ ਤਾਂ ਵਸ ਅਚਾਨਕ ਹੀ ਹੋ ਗਿਆ।”
“ਚੱਲ ਕੋਈ ਨਾ ਹੋਰ ਸੁਣਾ ਕਿਵੇਂ ਹੈ ਤੇਰਾ ਸਹੁਰਾ ਪਰਿਵਾਰ?”
“ਠੀਕ ਹੈ ਰਮਨ, ਵਧੀਆ,ਤੂੰ ਸੁਣਾ ਕੀ ਕਰ ਰਹੀ ਏਂ ਅੱਜਕਲ੍ਹ?”
“ਮੈਂ ਤਾਂ ਪ੍ਰਭਜੋਤ ਤਿਆਰੀ ਕਰ ਰਹੀ ਹਾਂ ਆਈ.ਏ.ਐੱਸ ਦੀ ਪਟਿਆਲੇ।ਪਰ ਹੁਣ ਸਭ ਕੁੱਝ ਬੰਦ ਹੈ ਇਸ ਲਈ ਘਰ ਬੈਠਣ ਲਈ ਮਜਬੂਰ ਹਾਂ…। ਕਿੰਨਾ ਔਖਾ ਘਰ ਬੈਠਣਾ ਪ੍ਰਭਜੋਤ ਹੈ ਨਾ”
“ਹਾਂ ਰਮਨ ਜਿਹੜਾ ਨਿੱਤ ਘਰੋਂ ਬਾਹਰ ਜਾਂਦਾ ਹੋਵੇ ਉਸ ਲਈ ਤਾਂ ਔਖਾ ਹੀ ਹੈ।ਮੇਰੇ ਵਰਗੀ ਨੂੰ ਕੀ ਔਖਾ ਲੱਗਣੈ ਭੈਣੇ,ਮੈਂ ਤਾਂ ਪਹਿਲਾਂ ਵੀ ਘਰ ਹੀ ਸੀ, ਹੁਣ ਵਿਆਹ ਤੋਂ ਬਾਅਦ ਵੀ ਸਦਾ ਘਰ ਅੰਦਰ ਹੀ ਰਹਿਣਾ ਹੈ।”
“ਕਿਉਂ ਪ੍ਰਭਜੋਤ ਤੇਰਾ ਅੱਗੇ ਪੜ੍ਹਨ ਦਾ ਦਿਲ ਨਹੀਂ ਕਰਿਆ।ਤੈਨੂੰ ਤਾਂ ਪੜ੍ਹਨਾ ਐਨਾ ਚੰਗਾ ਲਗਦਾ ਸੀ।ਮੈਨੂੰ ਯਾਦ ਹੈ ਤੂੰ ਕਾਲਜ ਵਿੱਚ ਰੋਟੀ ਖਾਣ ਦੇ ਸਮੇਂ ਵੀ ਕਿਤਾਬਾਂ ਲਈ ਬੈਠੀ ਹੁੰਦੀ ਸੀ।”
” ਉਹ ਪ੍ਰਭਜੋਤ ਉਸ ਵਕਤ ਦੀਆਂ ਗੱਲਾਂ ਨੇ।ਹੁਣ ਉਹ ਸਭ ਕੁੱਝ ਇੱਕ ਸੁਪਨਾ ਜਿਹਾ ਬਣ ਕੇ ਰਹਿ ਗਿਆ ਹੈ।”
“ਅੱਛਾ ਚੱਲ ਛੱਡ ਹੋਰ ਸੁਣਾ ਕੀ ਕਰਦੇ ਨੇ ਜੀਜਾ ਜੀ?”
“ਕੁੱਝ ਨਹੀਂ ਪ੍ਰਭਜੋਤ,ਆਪਣੀ ਜ਼ਮੀਨ ਹੈ ਸਾਡੀ ਖ਼ਾਸੀ।ਖੇਤ ਲਈ ਕਈ ਕਾਮੇ ਰੱਖੇ ਹੋਏ ਨੇ ਵਸ ਉਹਨਾਂ ਦਾ ਧਿਆਨ ਰੱਖਦੇ ਨੇ ਤੈਨੂੰ ਪਤੈ ਅੱਜਕਲ੍ਹ ਮਾਲਕ ਬਿਨਾਂ ਨੌਕਰ ਕੰਮ ਨਹੀਂ ਕਰਦੇ।”
“ਹੂੰ ਹੂੰ…ਹੋਰ ਪ੍ਰਭਜੋਤ ਸਭ ਠੀਕ।ਚੱਲ ਧਿਆਨ ਰੱਖੀਂ ਆਪਣਾ ਬਾਏ…”
“ਹਾਂਜੀ ਠੀਕ ਓਕੇ ਰਮਨ”
ਫ਼ੋਨ ਕੱਟਣ ਬਾਅਦ ਮੈਂ ਐਨਾ ਉਲਝ ਗਈ ਕਿ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਸਾਡੇ ਸਮਾਜ ਅੰਦਰ ਇਹ ਹੋ ਕੀ ਰਿਹਾ ਹੈ? ਫ਼ੋਨ ਪਾਸੇ ਰੱਖਣ ਬਾਅਦ ਮੈਂ ਸੋਚ ਰਹੀ ਸੀ ਕਿ ਕਿਵੇਂ ਸਾਡਾ ਸਮਾਜ ਪ੍ਰਭਜੋਤ ਵਰਗੀਆਂ ਕੁੜੀਆਂ ਦੀ ਜ਼ਿੰਦਗੀ ਲਈ ਹਮੇਸ਼ਾ ਭਰ ਦੀ ‘ਤਾਲਾਬੰਦੀ’ ਦੇ ਫੈਸਲੇ ਸੁਣਾ ਰਿਹਾ ਹੈ।ਕਿਵੇਂ ਪ੍ਰੀਤ ਵਰਗੀਆਂ ਕੁੜੀਆਂ ਮਾਪਿਆਂ ਦੀ ਸੂਝ ਭਰੀ ‘ਤਾਲਾਬੰਦੀ’ ਕਰਕੇ ਆਪਣੇ ਸੁਪਨਿਆਂ ਦਾ ਕਤਲ ਕਰ ਸਦਾ ਲਈ ਘਰ ਬੈਠਣ ਲਈ ਮਜ਼ਬੂਰ ਹਨ। ਕੋਰੋਨਾ ਵਾਇਰਸ ਤੋਂ ਬਚਾਅ ਲਈ ਕੀਤੀ ‘ਤਾਲਾਬੰਦੀ’ ਤਾਂ ਆਸ ਹੈ ਮਹੀਨੇ- ਵੀਹ ਦਿਨਾਂ ਮਗਰੋਂ ਖੁੱਲ੍ਹ ਜਾਵੇਗੀ ਪਰ ਅਜਿਹੀਆਂ ਕੁੜੀਆਂ ਲਈ ਹੋ ਰਹੀਆਂ ‘ਤਾਲਾਬੰਦੀਆਂ’ ਖੌਰੇ ਕਦੋਂ ਖੁੱਲ੍ਹਣਗੀਆਂ?
ਜੀਤ ਹਰਜੀਤ
ਪ੍ਰੀਤ ਨਗਰ ਹਰੇੜੀ ਰੋਡ, ਸੰਗਰੂਰ
9781677772