ਅਮ੍ਰਿਤਸਰ ਉਦਾਸ ਹੈ। ਅੰਬਰਸਰੀਆਂ ਦੇ ਇਕ ਯੁੱਗ ਦਾ ਅੰਤ ਹੋ ਗਿਆ। ਗੁਰਮੀਤ ਬਾਵਾ ਜੀ ਤੁਰ ਜਾਣ ਨਾਲ ਪੰਜਾਬੀ ਗਾਇਕੀ ਦਾ ਅੰਬਰ ਸੁੰਨਾ ਹੋ ਗਿਆ ।ਸਿਖਰ ਦੁਪਹਿਰੇ ਰਾਤ ਪਈ ਵੇਖੀ ਅਸੀਂ ਆਪਣੇ ਘੁੱਗ ਵੱਸਦੇ ਸ਼ਹਿਰ ਵਿਚ।
ਉਸ ਚੜ੍ਹਦੀ ਸਵੇਰ ਹੀ ਮਿਲੀ ਇਸ ਖਬਰ ਤੇ ਯਕੀਨ ਨਹੀਂ ਸੀ ਬੱਝਦਾ। ਆਪਣੇ ਸ਼ਾਇਰ ਮਿੱਤਰ ਦੇਵ ਦਰਦ ਨਾਲ ਮੈਂ ਅਣਮੰਨੇ ਜਿਹੇ ਮੰਨ ਨਾਲ ਬਾਵਾ ਜੀ ਦੇ ਘਰ ਨੂੰ ਜਾਂਦੀ ਗਲੀ ਦਾ ਮੋੜ ਮੁੜਿਆ ਸਾਂ। ਸੁੰਨ ਸੀ ਚਾਰੇ ਪਾਸੇ। ਸੁਰਜੀਤ ਜੱਜ ਦੀਆਂ ਲਾਈਨਾਂ ਜਿਹਨ ਵਿਚ ਆਉਂਦੀਆਂ ਹਨ ” ਔੜ ਹੈ, ਵਿਰਾਨਗੀ ਹੈ ,ਨਾ ਉਮੀਦੀ ਹੈ ਮਗਰ ,ਪੈੜ ਦਸਦੀ ਹੈ ਕਿ ਇਥੋਂ ਕਾਫਲਾ ਲੰਘਿਆ ਤਾਂ ਸੀ ”
ਅੱਧ ਢੁਕੇ ਗੇਟ ਦੇ ਸਾਹਮਣੇ ਭੌਏ ਤੇ ਵਿਛੀ ਦਰੀ ਉਤੇ ਗੁਰਮੀਤ ਬਾਵਾ ਦੇ ਪਤੀ ਕਿਰਪਾਲ ਬਾਵਾ ਧੌਣ ਸੁੱਟੀ ਬੈਠੇ ਸਨ ਤੇ ਆਸ ਪਾਸ ਬਾਵਾ ਜੀ ਨੂੰ ਚਾਹੁਣ ਵਾਲੇ। ਕਦੀ ਕਦੀ ਕੋਈ ਉਹਨਾਂ ਦੀ ਗਲ ਕਰਦਾ ਸੀ ।ਕਿਰਪਾਲ ਬਾਵਾ ਰਿਸ਼ੀਆ ਵਾਂਗ ਧੌਣ ਉੱਪਰ ਚੁੱਕਦੇ । ਸ਼ਾਇਦ ਕੁਝ ਬੋਲਣਾ ਚਾਹੁੰਦੇ ਸੀ, ਸ਼ਬਦ ਸਾਥ ਨਹੀਂ ਦਿੰਦੇ। ਭਰੀਆਂ ਅੱਖਾਂ ਨਾਲ ਖਾਲੀ ਖਾਲੀ ਝਾਕਦੇ ਸਨ ਆਸੇ ਪਾਸੇ ਨੂੰ।
ਮੈਨੂੰ ਯਾਦ ਆਉਂਦੈ ਇਸੇ ਘਰ ਵਿਚ ਇਕ ਵੇਰਾਂ ਗੁਰਮੀਤ ਬਾਵਾ ਜੀ ਨੇ ਗਲ ਕਰਦਿਆਂ ਸ਼ਿਵ ਬਟਾਲਵੀ ਦੇ ਗੀਤ ਦੀਆਂ ਲਾਈਨਾਂ ਗੁਣਗੁਣਾਈਆਂ ਸਨ ਅਖੇ
” ਆਖ ਸੂ ਨੀ ਮਾਏ ਇਹਨੂੰ ਰੋਵੇ ਬੁਲੵ ਚਿੱਥ ਕੇ ਨੀ,
ਜਗ ਕਿਤੇ ਸੁਣ ਨਾ ਲਵੇ ।
ਮੱਤਾਂ ਸਾਡੇ ਮੋਇਆਂ ਪਿਛੋਂ, ਜਗ ਇਹ ਸ਼ਰੀਕੜਾ ਨੀ
ਗੀਤਾਂ ਨੂੰ ਚੰਦਰਾ ਕਹੇ।
ਸਟੇਜ ਤੋਂ ਗੁਰਮੀਤ ਬਾਵਾ ਜੀ ਦੀ ਗਜ ਲੰਮੀ ਹੇਕ ਸ਼ੁਰੂ ਕਰਨ ਤੋਂ ਪਹਿਲਾਂ ਕਿਰਪਾਲ ਬਾਵਾ ਸਾਹਬ ਦੀ ਜ਼ੁਬਾਨ ਤੋਂ ਤਲਵਾਰ ਵਾਂਗੂ ਵੱਗਦੇ ਅਤੇ ਮੋਰ ਵਾਂਗ ਪੈਰਾਂ ਪਾਉਂਦੇ ਸਬਦ ਕਿਧਰੇ ਗੁੰਮ ਗਵਾਚ ਗਏ ਲਗਦੇ ਸਨ।
ਲੋਕ ਗੀਤਾਂ ਵਾਂਗ ਹੀ ਕਿਰਪਾਲ ਬਾਵਾ ਜੀ ਨਾਲ ਸਾਥ ਸੀ ਗੁਰਮੀਤ ਬਾਵਾ ਹੁਰਾਂ ਦਾ। ਜਿਸ ਗੁਰਮੀਤ ਬਾਵਾ ਦੀ ਜੁਗਨੀ ਦੇ ਧਾਗੇ ਹਮੇਸ਼ਾ ਬੱਗੇ ਰਹੇ , ਅਜ ਅਛੋਪਲੇ ਜਿਹੇ ਬਾਂਹ ਛੁਡਵਾ ਕਿਤੇ ਅੰਬਰਾਂ ਦਾ ਤਾਰਾ ਜਾ ਬਣੀ ਸੀ।
“ਕੋਹਾਰੋ ਡੋਲੀ ਨਾ ਚਾਇਓ, ਅਜੇ ਮੇਰੇ ਬਾਬੁਲ ਆਇਆ ਨਹੀਂ ”
ਰਾਹੀਂ ਮਹੌਲ ਨੂੰ ਭਾਵੁਕ ਕਰਨ ਵਾਲੀ ਉਸ ਲੰਮੀ ਹੇਕ ਦੀ ਮਲਕਾ ਨੇ ਜਾਣ ਵੇਲੇ ਕਿਸੇ ਨੂੰ ਵੀ ਨਹੀਂ ਸੀ ਉਡੀਕਿਆ ,ਕਿਸੇ ਤਪੱਸਵੀ ਵਾਂਗ ਚੁੱਪ ਚੁਪੀਤੇ ਅਗਲੇ ਜਹਾਨ ਨੂੰ ਰੁਖਸੁਤ ਹੋ ਗਈ ਸੀ।
1944 ਨੂੰ ਗੁਰਦਾਸਪੁਰ ਜਿਲ੍ਹੇ ਦੇ ਪਿੰਡ ਕੋਠੇ ਵਿਖੇ ਬਾਪ ਉਤਮ ਸਿੰਘ ਤੇ ਮਾਤਾ ਰਾਮ ਕੌਰ ਦੇ ਘਰ ਜਨਮੀ ਗੁਰਮੀਤ ਬਾਵਾ ਜੀ ਨੂੰ ਗੁੜਤੀ ਵੀ ਲੋਕ ਗੀਤਾਂ ਦੀ ਮਿਲੀ।
ਬਾਵਾ ਜੀ ਨੂੰ ਸਰਫ ਹਾਸਿਲ ਸੀ ਕਿ ਉਹਨਾਂ ਲੋਕ ਗੀਤ, ਘੋੜੀਆਂ ,ਸੁਹਾਗ ,ਸਿੱਠਣੀਆਂ ਆਪ ਪਿੰਡਾਂ ਦੀਆਂ ਬਜੁਰਗ ਔਰਤਾਂ ਕੋਲੋਂ ਇਕੱਠੇ ਕੀਤੇ ਅਤੇ ਉਸੇ ਤਰਜ ਤੇ ਪੇਸ਼ ਕੀਤੇ। ਗੁਰਮੀਤ ਬਾਵਾ ਜੀ ਨੇ ਜਿਥੇ 45 ਸੈਕਿੰਡ ਲੰਮੀ ਹੇਕ ਲਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਉਥੇ ਅਲਗੋਜੇ ਅਤੇ ਚਿਮਟਾ ਲੋਕ ਸਾਜਾਂ ਨਾਲ ਜੁਗਨੀ ,ਮਿਰਜ਼ਾ ਤੇ ਵਾਰਾਂ ਗਾ ਕੇ ਆਪਣੀ ਲੋਕ ਗਾਇਕੀ ਦਾ ਲੋਹਾ ਮਨਵਾਇਆ।
ਗੁਰਮੀਤ ਬਾਵਾ ਭਾਵੇਂ ਕਿਸੇ ਸਭਿਆਚਾਰਕ ਸਟੇਜ ਤੇ ਹੁੰਦੀ ਤੇ ਭਾਵੇਂ ਕਿਸੇ ਸਗੁਨ ਸਾਰਥ ਉਤੇ। ਉਹਦੇ ਕੋਲੋਂ ਮਿਰਜਾ ਸੁਣਨ ਵਾਲਿਆਂ ਦੀ ਫਰਮਾਇਸ਼ ਦਾ ਹੜ੍ਹ ਆਇਆ ਹੁੰਦਾ। ਉਹ ਕੰਨ ਤੇ ਹੱਥ ਧਰ ਮਿਰਜਾ ਸ਼ੋਹ ਦੀ । ਰਾਹ ਜਾਂਦੇ ਰਾਹੀ ਰਾਹ ਭੁੱਲ ਜਾਂਦੇ ।ਸਮਾਂ ਰੁੱਕ ਜਾਂਦਾ। ਖਲੋਤੀ ਦੁਨੀਆਂ ਅਕਸਰ ਕਹਿੰਦੀ ਕਿ “ਸਾਹਿਬਾਂ ਦਾ ਤਾਂ ਨਾ ਹੀ ਲਗਦਾ, ਅਸਲ ਵਿੱਚ ਮਿਰਜਾ ਗੁਰਮੀਤ ਬਾਵਾ ਦਾ।”
ਜਿੰਦਗੀ ਦੀਆਂ 77 ਬਹਾਰਾਂ ਮਾਣ ਕੇ ਰੁਖਸੁਤ ਹੋਈ ਪੰਜਾਬੀ ਜ਼ੁਬਾਨ ਦੀ ਇਸ ਮਾਣ ਮੱਤੀ ਗਾਇਕਾ ਦੀ ਝੋਲੀ ਦੁਨੀਆਂ ਭਰ ਦੇ ਇਨਾਮ ਸਨਮਾਨ ਪਏ ਉਹਦੇ ਚਾਹੁਣ ਵਾਲਿਆਂ ਉਹਨੂੰ ਪਲਕਾਂ ਤੇ ਬਿਠਾ ਕੇ ਰਖਿਆ, ਹਰ ਤਰਾਂ ਦੀ ਸ਼ੋਹਰਤ ਉਹਦੇ ਕੋਲੋਂ ਸਹਿਜੇ ਜਿਹੇ ਗੁਜਰ ਜਾਂਦੀ ਸੀ ।
ਸਚਮੁੱਚ ਇਕ ਯੁੱਗ ਦਾ ਅੰਤ ਹੋ ਗਿਆ। ਪੰਜਾਬੀ ਗਾਇਕੀ ‘ਚ ਪਿਆ ਖਲਾਅ ਕਿੰਝ ਪੂਰਾ ਹੋਵੇਗਾ ਜਿਹਦਾ ਮੈਨੂੰ ਜਵਾਬ ਨਹੀਂ ਅਹੁੜਦਾ ।
ਦੀਪ ਦੇਵਿੰਦਰ ਸਿੰਘ
9872165707