ਦਲੀਪ ਕੌਰ ਟਿਵਾਣਾ ਪੰਜਾਬੀ ਸਾਹਿਤ ਦੀਆਂ ਕੁੱਝ ਕੁ ਔਰਤ ਸਾਹਿਤਕਾਰਾਂ ਵਿੱਚੋਂ ਇੱਕ ਅਜਿਹੀ ਲੇਖਿਕਾ ਹੈ ਜੋ ਆਪਣੇ ਰਚਨਾਤਮਕ ਜਗਤ ਦੀ ਸਿਰਜਣਾ ਬਹੁਤ ਗੰਭੀਰ ਹੋ ਕੇ ਕਰਦੀ ਹੈ। ਉਸਦੀ ਸੁਹਿਰਦਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸਨੇ ਆਪਣੀਆਂ ਰਚਨਾਵਾਂ ਵਿੱਚ ਔਰਤ ਦੀ ਪੀੜ੍ਹਾ, ਸੰਤਾਪ ਅਤੇ ਉਸਦੀ ਤ੍ਰਾਸਦੀ ਨੂੰ ਸਮਾਜਕ ਸੰਦਰਭ ਵਿੱਚ ਰੱਖ ਕੇ ਚਿਤਰਿਆ ਹੈ। ‘ਅਗਨੀ-ਪ੍ਰੀਖਿਆ’ ਤੋਂ ਲੈ ਕੇ ‘ਜ਼ਿਮੀ ਪੁਛੇ ਅਸਮਾਨ’ ਤੀਕ ਟਿਵਾਣਾ ਦੀ ਗਲਪ ਦ੍ਰਿਸ਼ਟੀ ਹਮੇਸ਼ਾ ਸਮਾਜਕ ਸੰਦਰਭ ਵਿੱਚ ਤ੍ਰਾਸਦੀ ਭੋਗਦੀ ਔਰਤ ਉਪਰ ਹੀ ਕੇਂਦਰਿਤ ਰਹੀ ਹੈ। ਉਸਨੇ ਨਾਵਲਾਂ ਵਿੱਚ ਭਾਵੇਂ ਔਰਤ ਦੀ ਤ੍ਰਾਸਦੀ ਨੂੰ ਵੱਖੋ-ਵੱਖਰੇ ਰੂਪਾਂ ਰਾਹੀਂ ਮੂਰਤੀਮਾਨ ਕਰਨ ਦਾ ਯਤਨ ਕੀਤਾ ਹੈ। ਪ੍ਰੰਤੂ ਉਸਦੀ ਇਸ ਪੇਸ਼ਕਾਰੀ ਵਿੱਚ ਅਜਿਹੀ ਨਾਰੀ ਦਾ ਭਰਵਾ ਗਲਪ ਬਿੰਬ ਉਘੜਦਾ ਹੈ ਜੋ ਜਾਗੀਰਦਾਰੀ ਪ੍ਰਬੰਧ-ਅਧੀਨ ਉਸਰੇ ਮਰਦ-ਪ੍ਰਧਾਨ ਦੀਆਂ ਸਮਾਜਕ ਸੰਸਕ੍ਰਿਤ ਕਦਰਾਂ-ਕੀਮਤਾ ਕਰਕੇ ਤ੍ਰਾਸਦੀ ਦਾ ਸ਼ਿਕਾਰ ਹੁੰਦੀ ਹੈ।
ਔਰਤ ਲੇਖਿਕਾਵਾਂ ਦੀ ਨਾਰੀ-ਚੇਤਨਾ ਔਰਤਾਂ ਦੀਆਂ ਸਮੱਸਿਆਵਾਂ ਪ੍ਰਤੀ ਦੋ ਦ੍ਰਿਸ਼ਟੀਕੌਣ ਰੱਖਦੀ ਹੈ। ਪਹਿਲੀ ਦ੍ਰਿਸ਼ਟੀ (ਪਰੰਪਰਿਕ ਨਾਰੀ ਚੇਤਨਾ) ਅਨੁਸਾਰ ਔਰਤ ਤੇ ਹੋ ਰਹੇ ਜਬਰ ਜੁਲਮ ਅਤੇ ਵਿਤਕਰੇ ਨੂੰ ਹੋਣੀ ਸਮਝ ਕੇ ਜਰੀ ਜਾਣਾ ਅਤੇ ਆਪਣੇ ਆਪ ਨੂੰ ਮਰਦ ਪ੍ਰਧਾਨ ਸਮਾਜ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਨਾ ਹੈ। ਦੂਜੀ ਦ੍ਰਿਸ਼ਟੀ (ਆਧੁਨਿਕ ਨਾਰੀ ਚੇਤਨਾ) ਅਨੁਸਾਰ ਆਪਣੇ ਤੇ ਹੋ ਰਹੇ ਜਬਰ-ਜੁਲਮ ਨੂੰ ਸਮਝਣਾ ਅਤੇ ਇਸ ਖਿਲਾਫ ਸੰਘਰਸ਼ ਕਰਨਾ ਹੈ। ਦਲੀਪ ਕੌਰ ਟਿਵਾਣਾ ਨਾ ਤਾਂ ਔਰਤ ਦੀ ਨਿਸੰਗਤਾ ਨੂੰ ਨਿਰੱਲਜਤਾ ਵਿੱਚ ਪ੍ਰਸ਼ਤੁਤ ਕਰਦੀ ਹੈ ਅਤੇ ਨਾ ਹੀ ਉਸਦੇ ਨਾਵਲਾਂ ਵਿੱਚ ਔਰਤ ਅਣ-ਪਛਾਤੀ ਰਹਿੰਦੀ ਹੈ ਇਸੇ ਕਾਰਣ ਦੀ ਟਿਵਾਣਾ ਦੇ ਨਾਵਲਾਂ ਵਿੱਚੋਂ ਔਰਤ ਦਾ ਬਿੰਬ ਦੂਸਰੇ ਨਾਵਲਕਾਰਾਂ ਤੋਂ ਭਿੰਨ ਹੈ।
ਡਾ. ਜਗਬੀਰ ਸਿੰਘ ਅਨੁਸਾਰ ‘‘ਟਿਵਾਣਾ ਦੀ ਨਾਵਲੀ ਵਿਲੱਖਲਤਾ ਦਾ ਮੂਲ ਅਧਾਰ ਇੱਕ ਵਿਸ਼ੇਸ਼ ਭਾਂਤ ਦੀ ਨਾਰੀ ਚੇਤਨਾ ਹੈ ਜੋ ਉਸਦੇ ਸਮੁੱਚੇ ਨਾਵਲੀ ਸੰਸਾਰ ਵਿੱਚ ਫੈਲੀ ਹੋਈ ਹੈ।
‘ਜਿਮੀ ਪੁਛੈ ਅਸਮਾਨ’ ਨਾਵਲ ਵਿੱਚ ਇੱਕ ਅਜਿਹੀ ਔਰਤ ਦਾ ਬਿੰਬ ਉਭਰਦਾ ਹੈ ਜੋ ਆਪਣੀ ਆਤਮ ਪਛਾਣ ਲਈ ਕਿਰਿਆਸ਼ੀਲ ਹੈ ਜੋ ਜਿੰਦਗੀ ਵਿੱਚ ਆਪਣੀ ਹੌਂਦ ਦੇ ਅਰਥ ਤਲਾਸ਼ ਰਹੀ ਹੈ। ਆਤਮ ਪਛਾਣਦੀ ਆਪਣੀ ਤਲਾਸ਼ ਵਿੱਚੋਂ ਹੀ ਇੱਕ ਨਵੀਂ ਔਰਤ ਦਾ ਸੰਕਲਪ ਉਭਰਿਆ ਹੈ ਜੋ ਆਪਣੇ ਅਤੀਤ ਵਰਤਮਾਨ ਅਤੇ ਭਵਿੱਖ ਨੂੰ ਇੱਕ ਦੂਜੇ ਦੇ ਪ੍ਰਸੰਗ ਵਿੱਚ ਸਮਝਣ ਦੀ ਸਮਰੱਥਾ ਰੱਖਦੀ ਹੈ। ਇਹ ਸਮੱਰਥਾ ਬੜੀ ਭਵਿੱਖਮਈ ਹੈ ਕਿਉਂਕਿ ਇਸ ਔਰਤ ਨੇ ਆਪਣੀ ਹੋਂਦ ਨੂੰ ਪੰਰਪਰਾਗਤ ਰਿਸ਼ਤਿਆਂ ਵਿੱਚ ਪਛਾਣਨ ਦੀ ਥਾਂ ਆਪਣੇ ਲਈ ਖੁਦ ਨਵੇਂ ਰਿਸ਼ਤੇ ਤਲਾਸ਼ ਕੀਤੇ ਅਤੇ ਇਨਾਂ੍ਹ ਦੇ ਨਵੇਂ ਅਰਥ ਸਿਰਜੇ ਹਨ। ਵਰਤਮਾਨ ਵਿੱਚ ਚਾਹੇ ਜਾਗੀਰਦਾਰੀ ਅਰਥ-ਵਿਵਸਥਾ ਦਾ ਤਾਂ ਲਗਭਗ ਖਾਤਮਾ ਹੋ ਗਿਆ ਹੈ ਪਰ ਨਵੇਂ ਉਸਰ ਰਹੇ ਸਰਮਾਏਦਾਰੀ ਵਿਅਕਤੀਵਾਦੀ ਪ੍ਰਬੰਧ ਦੇ ਅਨੁਕੂਲ ਨਵਾ ਵਿਚਾਰਧਾਰਾਈ ਉਸਾਰ ਅਜੇ ਆਪਣੇ ਵਿਕਾਸ ਵਿੱਚ ਹੀ ਵਿਚਰ ਰਿਹਾ ਹੈ। ਉਸਦੇ ਨਾਵਲਾਂ ਵਿੱਚ ਵਿਚਾਰਧਾਰਕ ਸੰਘਰਸ਼ ਦੀ ਰੂਪ ਰੇਖਾ ਪ੍ਰਤੱਖ ਤੌਰ ਤੇ ਉਘੜਦੀ ਦੇਖੀ ਜਾ ਸਕਦੀ ਹੈ। ਇਸੇ ਤਰ੍ਹਾਂ ਹੀ ‘ਅਗਨੀ ਪ੍ਰੀਖਿਆ’ ‘ਏਹੁ ਹਮਾਰਾ ਜੀਵਣਾ’ ਅਤੇ ਪੀਲੇ-ਪੱਤਿਆ ਦੀ ਦਾਸਤਾਨ ਵਿੱਚ ਵੀ ਇਹ ਪੀੜਤ ਨਾਰੀ ਵਿਦਰੋਹ ਉੱਤੇ ਉਤਾਰੂ ਨਜ਼ਰ ਆਉਂਦੀ ਹੈ।
ਟਿਵਾਣਾ ਦੇ ਨਾਵਲੀ ਜਗਤ ਵਿੱਚ ਨਾਰੀ ਪੁਰਸ਼ ਸੰਬੰਧਾਂ ਅਤੇ ਪਰਿਵਾਰਿਕ ਰਿਸ਼ਤਿਆਂ ਦੇ ਇਰਦ-ਗਿਰਦ ਫੈਲੇ ਹੋਏ ਵਿਚਾਰਧਰਾਈ ਧਰਾਤਲ ਨੂੰ ਫਰੋਲਣ ਦਾ ਉਪਰਾਲਾ ਕੀਤਾ ਗਿਆ ਹੈ। ਉਸਦੀ ਗਲਪ-ਸਿਰਜਣਾ ਦਾ ਇਹ ਸਫਰ ਘਰ ਦੀ ਚਾਰ-ਦੀਵਾਰੀ ਵਿੱਚ ਘਿਰੀ ਆਤਮ ਪਛਾਣ ਤੋਂ ਸੱਖਣੀ ਪੇਂਡੂ ਨਾਰੀ ਤੋਂ ਲੈ ਕੇ ਵਰਤਮਾਨ ਮਹਾਨਗਰ ਵਿੱਚ ਵਿਚਰਨ ਵਾਲੀ ਆਰਥਕ ਤੌਰ ਤੇ ਸੁੰਤਤਰ ਹੁੰਦੀ ਜਾ ਰਹੀ ਨੋਕਰੀ-ਪੇਸ਼ਾ ਕਰਦੀ ਨਾਰੀ ਤੱਕ ਫੈਲਿਆ ਹੋਇਆ ਹੈ। ਆਰਥਕ ਪੱਖੋ ਸੰੁਤਤਰ ਨਾਰੀ ਹਰ ਕਿਸਮ ਦੀ ਜਿਸਮਾਨੀ ਅਤੇ ਜਿਹਨੀ ਗੁਲਾਮੀ ਦੇ ਖਿਲਾਫ ਬਗਾਵਤ ਕਰਨਾ ਸੋਚਦੀ ਹੈ, ਪਰ ਵਿਰਸੇ ਦੀਆਂ ਪੰਰਪਰਕ ਕਦਰਾਂ-ਕੀਮਤਾਂ ਨਾਲ ਟਕਰਾਉਂਦੀ ਹੋਈ ਬਹੁਤ ਵਾਰੀ ਤ੍ਰਾਸਦੀ ਦੇ ਕੰਢੇ ਪਹੁੰਚ ਜਾਂਦੀ ਹੈ। ਉਸਦੇ ਨਾਵਲਾਂ ਵਿੱਚ ਦੋ ਔਰਤਾਂ ਇੱਕ ਮਰਦ ਦੀ ਤਿਕੋਨ ਆਮ ਮਿਲਦੀ ਹੈ। ਭਾਵ ਪਤੀ-ਪਤਨੀ ਦੇ ਵਿਚਕਾਰ ਕੋਈ ਤੀਜਾ ਆਉਂਦਾ ਹੈ ਜਿਸ ਨਾਲ ਨਾਵਲਾਂ ਵਿੱਚ ਅਜੀਬ ਕਿਸਮ ਦਾ ਮਾਨਸਿਕ ਤਣਾਅ ਬਣਦਾ ਹੈ। ਉਹ ਇੱਕ ਦੂਜੇ ਦਾ ਵਿਰੋਧ ਨਾ ਕਰਦੇ ਹੋਏ ਵੀ ਖੁਦ ਕਿਸੇ ਹੋਰ ਵੱਲ ਝੁਕ ਜਾਂਦੇ ਹਨ। ‘ਧੁੱਪ ਛਾਂ ਤੇ ਰੁੱਖ’ ਦਾ ਪਰਸ਼ੋਤਮ ਕਮਲ ਲਤਾ ਨਾਂ ਦੀ ਮਸ਼ਹੂਰ ਨਾਰੀ ਨਾਲ ਪ੍ਰੇਮ ਵਿਆਹ ਕਰਵਾਉਂਦਾ ਹੈ। ਪਰ ਬਾਅਦ ਵਿੱਚ ਰੀਟਾ ਵੱਲ ਝੁਕ ਜਾਂਦਾ ਹੈ। ‘ਸੂਰਜ ਤੇ ਸਮੁੰਦਰ’ ਨਾਵਲ ਦਾ ਇੰਦਰ ਸੋਨਾ ਵਰਗੀ ਸੰਵੇਦਨਸ਼ੀਲ ਪਤਨੀ ਦੇ ਹੁੰਦਿਆ ਹੋਇਆ ਰਾਣੀ ਨਾਲ ਸਰੀਰਕ ਸੰਬੰਧ ਬਣਾਈ ਰੱਖਦਾ ਹੈ ਜਿਸ ਦੇ ਵਤੀਰੇ ਸਦਕਾ ਹੀ ਸੋਨਾ ਅਤੇ ਉਸਦਾ ਦਿਉਰ ਅਜੀਤ ਵੀ ਇੱਕ-ਦੂਜੇ ਵੱਚ ਝੁਕਦੇ ਹਨ। ਇਸੇ ਤਰ੍ਹਾਂ ਹੀ ‘ਹਸਤਾਖਰ’ ਨਾਵਲ ਦੀ ਸੀਮਾ ਅਤੇ ਅਮਰ ਦਾ ਵਿਆਹ ਪਰਸਪਰ ਚੋਣ ਰਾਹੀ ਹੋਇਆ ਹੁੰਦਾ ਹੈ ਪਰ ਅਮਰ ਸੁਨੀਤਾ ਸੋਧੀ ਵੱਲ ਝੁਕ ਜਾਂਦਾ ਹੈ। ਟਿਵਾਣਾ ਦੇ ਨਾਵਲਾਂ ਦੀਆਂ ਨਾਇਕਾਵਾਂ ਵਿਆਹ ਮਰਜ਼ੀ ਨਾਲ ਕਰਵਾਉਣ ਦੀਆਂ ਇੱਛੁਕ ਹਨ ਉਹ ਆਪਣੀ ਸਮਰੱਥਾ ਅਨੁਸਾਰ ਸੰਘਰਸ਼ ਕਰਦੀਆਂ ਹਨ। ਇਨ੍ਹਾਂ ਸਾਹਮਣੇ ਸਵੈਮਾਨ ਦੀ ਸਮੱਸਿਆਵਾ ਖੜੀ ਹੁੰਦੀ ਹੈ ਉਹ ਆਪਣੇ ਅਸਤਿੱਤਵ ਲਈ ਪਾਈ ਪਾਈ ਦਾ ਹਿਸਾਬ ਮੰਗਦੀਆਂ ਮਾਨਸਿਕ ਤੌਰ ਤੇ ਟੁੱਟ ਜਾਂਦੀਆਂ ਹਨ। ‘ਵਾਟ-ਹਮਾਰੀ’ ਦੀ ਕੰਵਲ ‘ਹਸਤਾਖਰ’ ਦੀ ਸੀਮਾ ‘ਰਿਣ ਪਿਤਰਾ ਦਾ’ ਦੀ ਸਿੰਮੀ ਅਤੇ ‘ਤੀਲੀ ਦੇ ਨਿਸ਼ਾਨ’ ਦੀ ਕਿਰਨ ਅਜਿਹੀਆਂ ਹੀ ਔਰਤਾਂ ਹਨ ਜੋ ਸਰਦਾਰਾਂ ਦੀਆਂ ਧੀਆਂ ਹਨ ਤੇ ਪੜੀਆ-ਲਿਖੀਆਂ ਹੋਣ ਕਾਰਨ ਮੱਝਾਂ-ਗਾਈਆਂ ਦੀ ਤਰ੍ਹਾਂ ਔਰਤ ਦਾ ਮੁੱਲ ਪੈਣ ਦੇ ਖਿਲਾਫ ਹਨ। ਇਹ ਨਾਇਕਾਵਾਂ ਭਾਵੇ ਆਧੁਨਿਕ ਹਨ ਪਰ ਸਭਿਆਚਾਰਕ ਦਾ ਗਲਬਾ ਵੱਡਾ ਹੋਣ ਕਰਕੇ ਉਹ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ। ਸਭਿਆਚਾਰਕ ਸੰਸਕਾਰਾਂ ਦੀ ਪੀਡੀ ਜਕੜ ਉਨ੍ਹਾਂ ਨੂੰ ਇਸ ਤਰਾਂ੍ਹ ਘੇਰਦੀ ਹੈ ਕਿ ਉਨ੍ਹਾਂ ਲਈ ਇਸ ਨੂੰ ਉਲੰਘਣਾ ਸੌਖਾ ਨਹੀਂ ਹੁੰਦਾ। ਜੇਕਰ ਉਹ ਇੰਨ੍ਹਾਂ ਸੰਸਕਾਰਾਂ ਦੀ ਜਕੜ ਤੋਂ ਅਜ਼ਾਦ ਹੁੰਦੀਆਂ ਹਨ ਤਾਂ ਸਭਿਆਚਾਰਕ ਕੀਮਤਾਂ ਜੋ ਔਰਤ ਵਿਰੋਧੀ ਹਨ ਉਨ੍ਹਾਂ ਦਾ ਬੁਰੀ ਤਰ੍ਹਾ ਪਿੱਛਾ ਕਰਦੀਆਂ ਹਨ। ਰੰਧੇਪਾ ਇੱਕ ਅਜਿਹੀ ਸਮੱਸਿਆ ਹੈ ਜੋ ਨਿਰੌਲ ਔਰਤ ਦੀ ਸਮੱਸਿਆ ਹੈ ਤੇ ਇਸ ਨੂੰ ਔਰਤ ਲੇਖਿਕਾਵਾਂ ਨੇ ਆਪਣੀਆਂ ਰਚਨਾਵਾਂ ਵਿੱਚ ਅਭਿਵਿਅਕਤ ਕੀਤਾ ਹੈ। ਦਲੀਪ ਕੌਰ ਟਿਵਾਣਾ ਦੇ ਨਾਵਲ ‘ਤੀਲੀ ਦਾ ਨਿਸ਼ਾਨ’ ‘ਏਹੁ ਹਮਾਰਾ ਜੀਵਣਾ’ ‘ਸਭ ਦੇਸ ਪਰਾਇਆ` ਆਦਿ ਇਸ ਸਮੱਸਿਆ ਨਾਲ ਹੀ ਸੰਬੰਧਤ ਹਨ। ਤੀਲੀ ਦੇ ਨਿਸ਼ਾਨ ਦੀ ਨਾਇਕਾ ਕਿਰਨ ਬਿਨਾਂ ਵਿਆਹੁਤਾ ਜਿੰਦਗੀ ਦਾ ਆਨੰਦ ਮਾਣੇ ਹੀ ਵਿਧਵਾ ਹੋ ਜਾਂਦੀ ਹੈ। ਕਿਰਨ ਆਧੁਨਿਕ ਚੇਤੁਨਾ ਅਨੁਸਾਰੀ ਮਰਜੀ ਦੀ ਜਿੰਦਗੀ ਗੁਜਾਰਨੀ ਚਾਹੰਦੀ ਹੈ। ਕਿਰਨ ਆਧੁਨਿਕ ਚੇਤਨਾ ਅਨੁਸਾਰ ਮਰਜੀ ਦੀ ਜਿੰਦਗੀ ਗੁਜਾਰਨੀ ਚਾਹੁੰਦੀ ਹੈ ਜਿਸ ਕਾਰਨ ਉਹ ਸਮਾਜਿਕ ਪ੍ਰਤੀਮਾਨਾਂ ਵਿਰੁੱਧ ਟੱਕਰ ਲੈਂਦੀ ਹੈ ਪਰ ਟੱਕਰ ਵਿਚ ਮਰਦ ਪਰਧਾਨ ਵਡੇਰੇ ਸਮਾਜਿਕ ਪਰਪੰਚ ਵਿਚ ਅੋਰਤ ਦੀ ਹਾਰ ਯਕੀਨੀ ਹੈ। ਇਸੇ ਕਾਰਨ ਕਿਰਨ ਆਖੀਰ ਆਪਣੇ ਆਪ ਨੂੰ ਵਿਧਵਾ ਸਵੀਕਾਰ ਕਰ ਲੈਂਦੀ ਹੈ ਤੇ ਮਾਨਸਿਕ ਤਵਾਜ਼ਨ ਗੁਆ ਕੇ ਘਰੋਂ ਚਲੀ ਜਾਂਦੀ ਹੈ। ਹਿਸੇ ਤਰਾਂ੍ਹ ਹੀ ‘ਏਹੁ ਹਮਾਰਾ ਜੀਵਣਾ` ਨਾਵਲ ਵਿਚ ਲੇਖਿਕਾ ਦੱਸਦੀ ਹੈ ਕਿ ਕਿਵੇਂ ਭਾਨੋ ਮਰਦ ਹੱਥੋਂ (ਪਿਤਾ) ਮਰਦ ਖਾਤਰ (ਭਰਾ) ਮਰਦ ਪਾਸ (ਪਤੀ) ਵਿਕਣਾ ਪੈਂਦਾ ਹੈ। ਭਾਨੋਂ ਮੁੱਲ ਦੀ ਔਰਤ ਹੋ ਕੇ ਵੀ ਸਮਾਜਿਕ ਮਰਿਯਦਾਵਾਂ ਅਨੁਸਾਰ ਪਰਵਾਨਤ ਹੋਣਾ ਚਾਹੁੰਦੀ ਹੈ, ਪਰ ਉਸਦਾ ਵਿਦਰੋਹ ਸ਼ਾਬਦਿਕ ਹੋਣ ਦੀ ਥਾ ਕਿਰਿਆਵੀ ਹੈ। ਉਹ ਸਮਾਜਿਕ ਮਰਿਯਦਾਵਾਂ ਅਨੁਸਾਰ ਆਪਣੇ ਰੁਤਬੇ ਲਈ ਸਾਰੀ ਜਿੰਦਗੀ ਸੰਘਰਸ਼ ਕਰਦੀ ਹੋਈ ਉਨਾਂ੍ਹ ਹੱਥੋਂ ਹੀ ਹਾਰ ਖਾ ਕੇ ਉਨਾਂ੍ਹ ਤੋਂ ਹੀ ਮੂੰਹ ਮੋੜ ਲੈਂਦੀ ਹੈ। ‘ਸਭ ਦੇਸ ਪਰਾਇਆ’ ਦਾ ਨਾਇਕਾ ਜੋਤੀ ਤੇ ਭਾਨੋ ਵਿੱਚ ਵੱਡੀ ਸਾਂਝ ਇਹ ਹੈ ਕਿ ਦੋਵੇਂ ਵਿਧਵਾ ਹਾਲਤ ਵਿਚ ਦੂਜੇ ਪਤੀ ਨਾਲ ਮਾਨਸਿਕ ਤੋਰ ਤੇ ਇਕਸੁਰ ਨਹੀਂ ਹੁੰਦੀਆ। ਉਹ ਆਪਣੇ ਅਤੀਤ ਨੂੰ ਵਰਤਮਾਨ ਵਿਚੋਂ ਖਾਰਜ ਨਹੀਂ ਕਰ ਸਕਦੀਆ ਤੇ ਦੁਖਾਂਤ ਨੂੰ ਪ੍ਰਾਪਤ ਹੁੰਦੀਆ ਹਨ। ਸੋ ਟਿਵਾਣਾ ਦੇ ਨਾਵਲਾਂ ਦੀ ਨਾਰੀ ਆਪਣੇ ਸਭਿਆਚਾਰਕ ਸੰਕਟ ਅਤੇ ਸ਼ੋਸ਼ਣ ਵਿੱਚੋਂ ਕੋਸ਼ਿਸ਼ਾਂ ਦੇ ਬਾਵਜੂਦ ਨਿਕਲਣਾ ਉਸਦੇ ਵੱਸ ਵਿੱਚ ਨਹੀਂ। ਪੰਜਾਬੀ ਸਭਿਆਚਾਰ ਵਿਚ ਵਿਧਵਾ ਨੂੰ ਉਹ ਰੁਤਬਾ ਹਾਸਲ ਨਹੀਂ ਜੋ ਕਿ ਸੁਹਾਗਣ ਔਰਤ ਨੂੰ ਹੈ ਇਸ ਦੀ ਪੇਸ਼ਕਾਰੀ ਟਿਵਾਣਾ ਦੇ ਮਹਾ-ਸ਼ਾਹਕਾਰ ਨਾਵਲ ‘ਲੰਘ ਗਏ ਦਰਿਆ’ ਵਿਚ ਬੜੀ ਬਖੂਬੀ ਮਿਲਦੀ ਹੈ। ਜਦੋਂ ਰਾਜ ਮਾਤਾ ਆਪਣੀ ਪੋਤਰੀ ਨੂੰ ਚੁੰਨੀ ਚੜਾਉਣ ਦੀ ਰਸਮ ਵਿਚ ਇਸ ਲਈ ਸ਼ਾਮਲ ਨਹੀਂ ਹੋ ਸਕੀ ਸੀ ਕਿਉਂਕਿ ਉਹ ਵਿਧਵਾ ਹੈ। ਟਿਵਾਣਾ ਦੀ ਨਾਰੀ ਹਮੇਸ਼ਾ ਤ੍ਰਾਸਦੀ ਭੋਗਦੀ ਹੈ। ਚਾਹੇ ਵੁਹ ਪੜੀ-ਲਿਖੀ, ਅਨਪੜ੍ਹ, ਅਮੀਰ ਜਾਂ ਗਰੀਬ ਹੋਵੇ। ਇਹ ਔਰਤ ਸਮਾਜਿਕ ਪ੍ਰਬੰਧ, ਪਰਿਵਾਰ ਪ੍ਰਬੰਧ ਭਾਈਚਾਰਕ ਰਿਸ਼ਤੇ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਹੁੰਦੀਆ ਹਨ। ਉਹ ਹਰ ਰੂਪ ਵਿੱਚ ਦੁਖਾਂਤ ਭੋਗਦੀਆ ਹਨ। ਉਸਦੇ ਨਾਵਲਾਂ ਦੀਆ ਨਾਇਕਾਵਾਂ ਆਪਣੇ ਸਵੈਮਾਣ ਨੂੰ ਕਾਇਮ ਕਰਨ ਦੀ ਖਾਤਿਰ ਸਮਾਜਿਕ ਮਰਿਯਦਾਵਾਂ ਨੂੰ ਤੋੜਨ ਦੀ ਥਾਂ ਅਕਸਰ ਅੰਤਰਮੁਖੀ ਹੋ ਜਾਂਦੀਆ ਹਨ ਅਤੇ ਸੂਖਮ ਵਿਦਰੋਹ ਕਰਦੀਆ ਹਨ। ਅਜਿਹੀਆ ਨਾਇਕਾਵਾਂ ਜਿਉਣ ਲਈ ਨਹੀਂ ਜਿਉਂਦੀਆ ਸਗੋ ਜਿੰਦਗੀ ਦੇ ਅਰਥ ਤਲਾਸ਼ ਕਰਦੀਆਂ ਹਨ। ਉਸ ਦੀਆ ਰਚਨਾਵਾਂ ਨੇ ਔਰਤ ਦੀ ਅਜ਼ਾਦੀ ਅਤੇ ਨਾਰੀ-ਪੱਧਰ ਦੀ ਚੇਤਨਾ ਦੇ ਵਿਕਾਸ ਲਈ ਰਾਹ ਪੱਧਰਾ ਕੀਤਾ ਹੈ।
ਹਵਾਲੇ ਤੇ ਟਿੱਪਣੀਆਂ
1) ਗਲਪਕਾਰ ਡਾ. ਦਲੀਪ ਕੌਰ ਟਿਵਾਣਾ (ਡਾ. ਧਨਵੰਤ ਕੌਰ)
2) ਧਿਰਤਾਂਤਕ ਗਲਪ ਸਿਧਾਨ ਤੇ ਸਰੀਖਿਆ (ਡਾ. ਜਗਬੀਰ ਸਿੰਘ)
3) ਦਲੀਪ ਕੌਰ ਟਿਵਾਣਾ ਦਾ ਨਾਵਲ ਜਗਤ (ਡਾ. ਤਾਰਾ ਸਿੰਘ)
ਪੂਨਮ ਕੁਮਾਰੀ
ਅਸਿਸਟੈਂਟ ਪ੍ਰੋਫੈਸਰ
ਡੀ.ਏ.ਵੀ. ਕਾਲਜ, ਅੰਮ੍ਰਿਤਸਰ