ਦੋਹਾ ਪੰਜਾਬਾਂ ਦਾ ਸਾਂਝਾ
ਹਾਕੀ ਖੇਡ ਨਾਇਕ ਸੀ ਸੁਰਜੀਤ ਸਿੰਘ
ਮਹਾਨ ਹਾਕੀ ਓਲੰਪੀਅਨ ਸੁਰਜੀਤ ਸਿੰਘ ਨੂੰ ਸਿਜਦਾ ਕਰਦਿਆਂ ਲਾਹੌਰ ਤੋਂ ਚਿਤਰਕਾਰ ਤੇ ਕਵੀ ਮੁਹੰਮਦ ਆਸਿਫ਼ ਰਜ਼ਾ ਨੇ ਅੱਜ ਇਹ ਪੇਂਟਿੰਗ ਕੰਪਿਊਟਰ ਤੇ ਤਿਆਰ ਕਰਕੇ ਭੇਜੀ ਹੈ।
ਸੁਰਜੀਤ ਬਾਰੇ ਲਿਖਦਿਆਂ ਖੇਡ ਪੱਤਰਕਾਰ ਨਵਦੀਪ ਸਿੰਘ ਗਿੱਲ ਦੱਸਦੇ ਹਨ ਕਿ
ਹਾਕੀ ਦੇ ਮਹਾਨ ਖਿਡਾਰੀ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੀ ਬਰਸੀ ਮੌਕੇ ਅੱਜ ਉਸ ਨੂੰ ਯਾਦ ਕਰਦਿਆਂ ਸਿਜਦਾ ਕਰਦੇ ਹੋਏ 15 ਸਾਲ ਪੁਰਾਣੀ ਖ਼ਬਰ ਸਾਂਝੀ ਕਰ ਰਿਹਾ ਹਾਂ। ਉਸ ਵੇਲੇ ਬਟਾਲਾ ਵਿਖੇ ਸੁਰਜੀਤ ਸਿੰਘ ਦਾ ਬੁੱਤ ਲਗਾਇਆ ਜਾ ਰਿਹਾ ਸੀ ਜੋ ਪ੍ਰੋ ਗੁਰਭਜਨ ਗਿੱਲ ਜੀ ਤੇ ਪਿਰਥੀਪਾਲ ਸਿੰਘ ਦੀ ਹਿੰਮਤ ਸਦਕਾ ਸੁਰਜੀਤ ਸਪੋਰਟਸ ਐਸੋਸੀਏਸ਼ਨ ਕੋਟਲਾ ਸ਼ਾਹੀਆ (ਬਟਾਲਾ) ਵੱਲੋਂ ਜਦੋਂ ਜਹਿਦ ਕਰਕੇ ਲਗਾਇਆ ਗਿਆ ਸੀ ਜਿਸ ਸੰਬੰਧੀ ਮੈਂ ਉਸ ਵੇਲੇ ਪੰਜਾਬੀ ਟ੍ਰਿਬਿਊਨ ਵਿੱਚ ਰਿਪੋਰਟਿੰਗ ਕਰਦਿਆਂ ਖ਼ਬਰ ਬਰੇਕ ਕੀਤੀ ਸੀ।
1975 ਵਿਸ਼ਵ ਕੱਪ ਜੇਤੂ ਤੇ 1976 ਮਾਂਟਰੀਅਲ ਓਲੰਪਿਕਸ ਵਿੱਚ ਖੇਡਣ ਵਾਲਾ ਸੁਰਜੀਤ ਸਿੰਘ ਦੁਨੀਆ ਦੇ ਚੋਟੀ ਦੇ ਡਿਫੈਂਡਰਾਂ ਵਿੱਚੋਂ ਇਕ ਹੈ ਅਤੇ ਇਕਲੌਤਾ ਭਾਰਤੀ ਖਿਡਾਰੀ ਹੈ ਜਿਸ ਦੇ ਨਾਮ ਉੱਤੇ ਉਸ ਦੇ ਪਿੰਡ ਦਾ ਨਾਮ ਸੁਰਜੀਤ ਸਿੰਘ ਵਾਲਾ (ਪਹਿਲਾ ਨਾਮਾ ਦਾਖਲਾ), ਦੋ ਸਟੇਡੀਅਮਾਂ ਦੇ ਨਾਮ (ਓਲੰਪੀਅਨ ਸੁਰਜੀਤ ਸਟੇਡੀਅਮ ਜਲੰਧਰ ਤੇ ਸੁਰਜੀਤ ਕਮਲਜੀਤ ਖੇਡ ਕੰਪਲੈਕਸ ਕੋਟਲਾ ਸ਼ਾਹੀਆ), ਅਕੈਡਮੀ ਦਾ ਨਾਮ (ਸੁਰਜੀਤ ਹਾਕੀ ਅਕੈਡਮੀ ਜਲੰਧਰ), ਸੁਸਾਇਟੀ ਦਾ ਨਾਮ (ਸੁਰਜੀਤ ਹਾਕੀ ਸੁਸਾਇਟੀ ਜਲੰਧਰ), ਐਸੋਸੀਏਸ਼ਨ ਦਾ ਨਾਮ (ਸੁਰਜੀਤ ਸਪੋਰਟਸ ਐਸੋਸੀਏਸ਼ਨ ਕੋਟਲਾ ਸ਼ਾਹੀਆ), ਕੌਮੀ ਪੱਧਰ ਦੇ ਟੂਰਨਾਮੈਂਟ ਦਾ ਨਾਮ (ਸੁਰਜੀਤ ਹਾਕੀ ਟੂਰਨਾਮੈਂਟ), ਐਵਾਰਡ ਦਾ ਨਾਮ (ਓਲੰਪੀਅਨ ਸੁਰਜੀਤ ਐਵਾਰਡ ਜੋ ਕਮਲਜੀਤ ਖੇਡਾਂ ਦੌਰਾਨ ਉਘੇ ਹਾਕੀ ਖਿਡਾਰੀ ਨੂੰ ਮਿਲਦਾ ਹੈ) ਅਤੇ ਦੋ ਬੁੱਤ (ਬਟਾਲਾ ਤੇ ਜਰਖੜ) ਲੱਗੇ ਹੋਏ ਹਨ।
ਉਸ ਵੇਲੇ ਦੀ ਖ਼ਬਰ ਦੇ ਨਾਲ ਓਲੰਪੀਅਨ ਸੁਰਜੀਤ ਸਿੰਘ ਦੀ ਫੋਟੋ, ਕਮਲਜੀਤ ਖੇਡਾਂ ਦੀ ਐਵਾਰਡ ਸੈਰੇਮਨੀ, ਆਪਣੇ ਗੁਰੂ ਪ੍ਰਿੰਸੀਪਲ ਸਰਵਣ ਸਿੰਘ ਜੀ ਤੇ ਹਾਕੀ ਓਲੰਪੀਅਨ ਰੀਨਾ ਖੋਖਰ ਦੇ ਨਾਲ ਬਟਾਲਾ ਵਿਖੇ ਸੁਰਜੀਤ ਸਿੰਘ ਦੇ ਬੁੱਤ ਅੱਗੇ ਖਿਚਵਾਈ ਤਸਵੀਰ ਵੀ ਸਾਂਝੀ ਕਰ ਰਿਹਾ ਹਾਂ।
^ਨਵਦੀਪ ਸਿੰਘ ਗਿੱਲ