ਸਾਰਾ ਸ਼ਗੁਫ਼ਤਾ ਇੱਕ ਸ਼ਾਇਰਾ, ਜੋ ਮਰ ਗਈ !
ਸਾਰਾ ਸ਼ਗੁਫਤਾ( ਇੱਕ ਪਾਕਿਸਤਾਨੀ ਸ਼ਾਇਰਾ ਜੋ ਸਮਾਜ ਦੀ ਚੱਕੀ ਵਿੱਚ ਪਿਸਦੀ ਹੋਈ ਖੁਦ ਕੁਸ਼ੀ ਦਾ ਸ਼ਿਕਾਰ ਬਣੀ) ਦੀਆਂ ਕੁੱਝ ਕੁ ਲਿਖੀਆਂ ਔਰਤ ਬਾਰੇ ਆਇਤਾਂ ਇਸ ਪ੍ਰਕਾਰ ਹਨ। ਸਾਰਾ ਨੂੰ ਮੈਂ ਇੱਕ ਇੰਨਕਲਾਬੀ ਕਾਵਿਤਰੀ ਮੰਨਦਾ ਹਾਂ। ਮਜ਼ਹਿਬ, ਸਮਾਜ, ਸਾਹਿਤਕਾਰ ਅਤੇ ਸਰਕਾਰਾਂ ਇਸ ਨੂੰ ਹਜ਼ਮ ਨਾ ਕਰ ਸਕੀਆਂ। ਤਲਾਕ ਤੇ ਫਿਰ ਦੂਜਾ ਤਲਾਕ ਅਤੇ ਆਖਿਰ ਵਿੱਚ ਹਸਪਤਾਲ ਅਤੇ ਇੱਕ ਮਹਾਨ ਸ਼ਾਇਰਾ ਤੋਂ ਬੱਚੇ ਦਾ ਖੋਹ ਲੈਣਾ। ਚੰਗੇ ਭਲੀ ਜ਼ਹੀਨ ਅਤੇ ਰੌਸ਼ਨ ਦਿਮਾਗ਼ ਸਾਰਾ ਨੂੰ ਜ਼ਬਰ ਦਸਤੀ ਪਾਗਲ ਖਾਨੇ ਵਿੱਚ ਜਾ ਬੰਦ ਕਰਨਾ। ਅਜੇਹੇ ਤਸੀਹੇ ਕਦ ਤਕ, ਆਖਿਰ ਕਦ ਤਕ ਕੋਈ ਬਰਦਾਸ਼ਤ ਕਰੇ! ਉਹ ਅਪਣੇ ਹਵਾਲੇ ਵਿੱਚ ਆਪ ਆਖਦੀ ਹੈ, ” ਮੇਰੇ ਆਲੇ ਦੁਆਲੇ ਪੰਜ ਸੱਤ ਪਾਗਲ ਔਰਤਾਂ ਬੈਠੀਆਂ ਹਨ ਅਤੇ ਮੇਰੇ ਨਾਲ ਗੱਲਾਂ ਕਰਕੇ ਹੱਸਦੀਆਂ ਅਤੇ ਰੋਂਦੀਆਂ ਹਨ। ਕੀਰਨੇ ਅਤੇ ਵੈਣ ਪਾਉਂਦੀਆਂ ਹਨ। ਬੇਹਿੱਸ, ਬੇਜਾਨ ਅਹਿੱਲ ਡੇਲਿਆਂ ਨਾਲ ਇਹਨਾ ਨੂੰ ਤਕਦੀ ਹਾਂ। ਇਹ ਕਿਸ ਕਿਸਮ ਦਾ ਤਸੱਵਰ ਹੈ ਕਿ ਮੈਂ ਹੱਸ ਵੀ ਰਹੀ ਹਾਂ ਅਤੇ ਰੋ ਵੀ। ਹਾਂ ਅਜੇ ਤੱਕ ਹਕੀਕਤ ਨੂੰ ਨਹੀਂ ਮਨ ਰਹੀ ਕਿ ਮੈ ਪਾਗਲ ਹਾਂ। ਮੈ ਪਾਗਲ ਖਾਨੇ ਵਿੱਚ ਬੰਦ ਹਾਂ। ਹਾਂ ਮੈਂ ਬਾਹਿਰ ਵੀ ਪਾਗਲ ਖਾਨੇ ਵਿੱਚ ਸੀ ਅਤੇ ਹੁਣ ਵੀ। ਦੀਦੀ (ਅੰਮ੍ਰਤਾ ਪ੍ਰੀਤਮ) ਸ਼ਾਇਦ ਇਹ ਮੇਰਾ ਆਖਰੀ ਖਤ ਹੋਵੇ। ਮੈਂ ਕੈਦ ਖਾਨਿਆਂ ਅਤੇ ਪਾਗਲ ਖਾਨਿਆਂ ਤੋਂ ਆਜ਼ਾਦ ਹੋਣਾ ਚਾਹੁੰਦੀ ਹਾਂ”
**********
ਔਰਤ ਤੂੰ ਡਰ ਵਿੱਚੋਂ ਬੱਚੇ ਜੰਮਦੀ;
ਇਸ ਲਈ ਅੱਜ ਤੇਰੀ ਕੋਈ ਨਸਲ ਨਹੀਂ
ਤੂੰ ਜਿਸਮ ਦੇ ਇੱਕ ਅੰਗ ਤੋਂ ਬਲਾਈ ਜਾਂਦੀ ਏਂ ਤੇਰਾ ਕੋਈ ਨਾਂ ਨਹੀਂ!
ਤੇਰੀ ਹੈਸੀਅਤ ਵਿੱਚ ਇੱਕ ਚਾਲ ਰੱਖੀ ਗਈ ਇੱਕ ਖੂਬਸੂਰਤ ਚਾਲ
ਇੱਕ ਝੂਠੀ ਮੁਸਕਰਾਹਟ ਤੇਰੇ ਹੋਂਟਾਂ ਤੇ ਤਰਾਸ਼ੀ ਗਈ
ਤੂੰ ਸਦੀਆਂ ਤੋਂ ਨਹੀਂ ਹੱਸੀ; ਸਦੀਆਂ ਤੋਂ ਨਹੀਂ ਰੋਈ
ਕੀ ਮਾਂ ਇੰਜ ਹੁੰਦੀ ਏ ਕਿ ਮਕਬਰੇ ਦੀ ਸਜਾਵਟ ਅਖਵਾਏ?
ਔਰਤ ਤਾਂ ਕਦੇ ਸ਼ਹੀਦ ਨਹੀਂ ਹੁੰਦੀ
ਤੂੰ ਕਿਹੜੀ ਨਮਾਜ਼ ਪੜ੍ਹਦੀ ਰਹੀ?
ਤੇਰੇ ਬੱਚੇ ਤੇਰੇ ਨਾਲ ਜ਼ਨਾਹ ਕਰਦੇ
ਤੂੰ ਕਿਹੜੇ ਕੁੰਨਬੇ ਦੀ ਮਾਂ ਏ?
ਜ਼ਨਾਹ ਬਾ ਉਲ ਜ਼ਬਰ ਦੀ? ਕੈਦ ਦੀ?
ਬੇਟਿਆਂ ਦੇ ਵੰਡੇ ਹੋਏ ਜਿਸਮ ਦੀ? ਤੇ ਇੱਟਾਂ ਵਿੱਚ ਚੁਣੀਆਂ ਬੇਟੀਆਂ ਦੀ?
ਬਾਜ਼ਾਰ ‘ਚ ਤੇਰੀਆਂ ਧੀਆਂ ਅਪਣੇ ਲਹੂ ਨਾਲ ਭੁੱਖ ਗੁੰਨ੍ਹਦੀਆਂ
ਤੇ ਅਪਣਾ ਗੋਸ਼ਤ ਵੇਚਦੀਆਂ—
*********
ਤੇ ਫੇਰ ਸਾਰਾ ਇੱਕ ਹਵਸ ਦੀ ਸ਼ਿਕਾਰ ਔਰਤ ਦਾ ਇਸ ਪ੍ਰਕਾਰ ਰੂਪ ਵੰਡਦੀ ਹੈ
ਮੈਂ, ਮਾਂ ਬਨਣ ਤੋਂ ਬਾਅਦ ਵੀ ਕੁਆਰੀ ਹਾਂ!
ਮੇਰੀ ਮਾਂ ਵੀ ਕੁਆਰੀ ਸੀ, ਉਹਦੀ ਮਾਂ ਵੀ ਕੁਆਰੀ ਸੀ
ਤੇ ਹੁਣ- ਤੁਸੀਂ ਕੁਆਰੀ ਮਾਂ ਦੀ ਹੈਰਾਨੀ ਹੋ!!!
ਔਰਤ ਦਾ ਬਦਨ ਤੋਂ ਇਲਾਵਾ ਕੋਈ ਵਤਨ ਨਹੀਂ ਹੁੰਦਾ
ਮੈਂ ਜੋ ਕਦੀ ਦੀਵਾਰਾਂ ਵਿੱਚ ਚਿਣੀ ਗਈ ਤੇ ਕਦੀ ਬਿਸਤਰੇ ਵਿੱਚ ਚਿਣੀ ਜਾਂਦੀ ਹਾਂ
ਔਰਤ ਦੀ ਰਿਆਸਤ ਚਾਦਰ ਕੁਸ਼ਾਈ ਤੋਂ ਵੱਡੀ ਨਹੀਂ ਹੁੰਦੀ-
ਸਾਰਾ ਦਾ ਕਲਮੀਂ ਬਿਆਨ ਸੀ
ਹੁਣ ਮੇਰਾ ਆਖਰੀ ਮਰਦ ਮਰ ਗਿਆ ਏ
ਜਿਹਦੇ ਨਾਲ ਮੈਂ ਅੱਜ ਤੱਕ ਵਿਆਹੀ ਹੋਈ ਸਾਂ
ਹੁਣ ਮੇਰੀਆਂ ਚੂੜੀਆਂ ਦੇ; ਨੇਜ਼ੇ ਬਣ ਗਏ ਨੇ
ਜਿੰਨ੍ਹਾ ਨਾਲ ਮੈਂ ਅਪਣੀ ਦਾਸਤਾਨ ਲਿਖਾਂਗੀ—
ਪਾਣੀਆਂ ਦੇ ਮੁਕੱਦਰ ਵਿੱਚ ਭੰਵਰ ਹੁੰਦੇ ਨੇ
ਔਰਤ ਦੇ ਮੁਕੱਦਰ ਵਿੱਚ ਇਨਸਾਨ!
ਮੈਂ ਏਨੀ ਤੁਵਾਇਫ਼ ਜ਼ਾਦੀ ਹਾਂ ਕਿ
ਅੱਜ ਤੱਕ ਤੇਰੇ ਕੋਲੋਂ ਹੱਕ-ਮੇਹਰ ਨਹੀਂ ਮੰਗਿਆ!!
ਅਪਣੀ ਅੱਖ ਦੇ ਕੋਲ ਰਹਿਣ ਦੇ
ਕੀ ਔਰਤ ਆਵਾਰਾ ਅਖਵਾਂਦੀ ਏ
ਤੇ ਕੀ ਮਸਜਦ ਦੀ ਇੱਟ ਚੁਰਾਈ ਨਹੀਂ ਜਾ ਸਕਦੀ?
ਮੈਂ ਜ਼ਮੀਰ ਤੋਂ ਜ਼ਿਆਦਾ ਜਾਗ ਗਈ ਹਾਂ
ਮੈਂ ਅਸਸਮਾਨ ਵੇਚ ਕੇ ਚੰਦ ਨਹੀਂ ਕਮਾਂਦੀ
ਮੈਂ ਮਸਜਦ ਵਿੱਚ ਦੁਆ ਮੰਗਦੀ ਹਾਂ; ਤਾਂ ਮੰਦਰ ਰੁਸ ਜਾਂਦੇ ਨੇ
ਮੈਂ ਇਬਾਦਤ ਲਈ ਗ਼ਾਰ ਨਹੀਂ ਇਨਸਾਨ ਚਾਹੁੰਦੀ ਹਾਂ
ਤੇ ਤਲਾਵਤ ਲਈ ਇਨਸਾਨੀ ਕੁਰਾਨ
ਜੇ ਮੈਂ ਲੰਬੇ ਸਫਰ ਤੇ ਚਲੀ ਜਾਵਾਂ; ਤਾਂ ਇਨਸਾਨੀ ਕੁਰਾਨ ਕਿੱਥੇ ਹੈ;
ਲਿਖਿਆ ਹੈ,
ਢੂੰਡਣਾ, ਪੁੱਛਣਾ, ਤੇ ਮੈਨੂੰ ਛਾਪ ਦੇਣਾ।
ਐ ਖੁਦਾ! ਕੀ ਮੈਂ ਤੇਰੀ ਜ਼ਕਾਅ ਹਾਂ ਜਾਂ ਇੱਕ ਸਜਦਾ?
ਐ ਖੁਦਾ! ਤੂੰ ਮੇਰਾ ਇਨਕਾਰ ਏ; ਤੇ ਮੈਂ ਤੇਰਾ ਇਕਰਾਰ ਹਾਂ ਮੈਂ ਨਾਦਾਨੀ ‘ਚ ਬੱਚੇ ਜੰਮਦੀ
ਤੂੰ ਫਜ਼ਲ ਨਾਲ ਹੁਕਮ ਜਮੰਦਾ। ਐ ਖੁਦਾ ਮੈਂ ਅਪਣੀ ਕੁੱਖ ਵਿੱਚ ਤੁਰਦੀ ਤੇ ਤੇਰਾ ਨਾਂ ਜੰਮਦੀ
ਐ ਖੁਦਾ ਮੈਂ ਅਪਣੀ ਨਸਲ ਉੱਤੇ, ਤੇਰਾ ਨਾਂ ਲਿਖਿਆ ਹੈ।
ਸਾਰਾ ਨੇ ਆਪ ਹੀ ਅਪਣੇ ਬਾਰੇ ਲਿਖਿਆ ਸੀ “ਮੈਂ ਹੱਥਾਂ ਤੋਂ ਡਿਗੀ ਹੋਈ ਇੱਕ ਦੁਆ ਹਾਂ”
ਕਿਤੇ ਇਸ ਇਨਸਾਨੀਅਤ ਦੇ ਕਾਤਿਲ ਹਾਕਮਾਂ ਨੇ ਸਮਾਂ ਦਿੱਤਾ ਤਾਂ ਮੈਂ ਇਸ ਕਵੀ ਦੀ ਬਾਬਤ ਖੁਲ੍ਹ ਕੇ ਲਿਖਣ ਦਾ ਹੌਸਲਾ ਕਰਾਂ ਗਾ। ਅੱਜ ਜਦ ਅਸੀਂ ਮਾਂ ਦਿਹਾੜੇ ਨੂੰ ਸਲਾਮ ਕਰ ਰਹੇ ਹਾਂ, ਔਰਤ ਦੇ ਜ਼ੁਲਮ ਦੀ ਇੱਕ ਲੱਖਾਂ ਚਿਹਰਿਆਂ ਵਿੱਚੋਂ ਮੂੰਹ ਬੋਲਦੀ ਤਸਵੀਰ ਮੈਨੂੰ ਸਾਰਾ ਸ਼ਗੁਫਤਾ ਦੀ ਨਜ਼ਰ ਆਈ, ਸੋਚਿਆ ਇਸ ਮਨੁੱਖੀ ਕਾਲਖ ਵਿੱਚ ਲਿਪਟੀ ਔਰਤ ਦਾ ਚਿਹਰਾ ਨੰਗਾ ਕਰਕੇ ਮਰਦਾਂ ਦੀ ਮਰਦਾਨਗੀ ਦੇ ਹਵਾਲੇ ਕਰਾਂ।
(ਨਜ਼ਮਾਂ ਦਾ ਪੰਜਾਬੀਕਰਣ ਅੰਮ੍ਰਤਾ ਪ੍ਰੀਤਮ)
ਮੇਰਾ ਕੀ ਨਾਂ ਹੈ! ( ਇਸਤ੍ਰੀਆਂ ਦੇ ਨਾਂ)
ਡਾ: ਸਲਮਾਨ ਨਾਜ਼
ਪਤਾ ਨਹੀਂ ਮੈਂ ਅਪਣੇ ਵਜੂਦ ਨੂੰ ਕੀ ਆਖਾਂ!
ਸ਼ਾਇਦ ਇਹ ਵਜੂਦ ਵੀ ਨਹੀਂ,
ਮੇਰੀ ਕੀ ਹੋਂਦ ਹੈ ਕੁੱਝ ਵੀ ਨਹੀਂ
ਤੇ ਅੱਜ ਤਕ ਮੈਂ ਅਪਣਾ ਨਾਂ ਨਹੀਂ ਜਾਣਦੀ।
ਜੰਮਣ ਤੇ ਇੱਕ ਮੱਥੇ ਵੱਜੀ ਪੱਥਰੀ ਸਾਂ
ਮਰਦ ਦੇ ਸਪੁਰਦ ਹੋਣ ਤੋਂ ਪਹਿਲੋਂ ਮੈਂ ਛੋਰ੍ਹ
ਕੁੜੀ ਤੇ ਕੰਨਿਆ ਸਾਂ
ਤੇ ਕੁੱਝ ਇੱਕਰਾਰ ਨਾਮਿਆਂ ਦੇ ਮਗਰੋਂ ਵਹੁਟੀ
ਤੇ ਘਸ ਘਸ ਕੇ ਤੀਵੀਂ ਬਣ ਜਾਂਦੀ ਹਾਂ।
ਮਰਦ ਦੇ ਸਹਾਰੇ ਮੈਨੂੰ ਆਖਦੇ ਹਨ;
ਕਿਸੇ ਦੀ ਤੀਵੀਂ!
ਜਾਂ ਫਿਰ ਕਿਸੇ ਦੀ ਰੱਨ!
ਤੇ ਕਿਸੇ ਦੀ ਬੁੱਡੀ; ਤੇ ਲੁਗਾਈ
ਮੇਰੇ ਕਸੂਰ ਪੱਲੇ ਪਾ! ਜੇ ਮੈਨੂੰ ਛੱਡ ਦੇਵਂੇ ਤਾਂ ਮੈਂ ਛੁੱਟਕਲ ਹਾਂ
ਜੋਰੀਂ ਰੱਖੀ ਮੈਂ ਰਖੇਲ ਹੁੰਦੀ ਹਾਂ
ਜੇ ਕਿਸੇ ਮਰਦ ਦੀ ਮੌਤ ਮਗਰੋਂ ਮੈਂ ਅੱਗ ਤੋਂ ਬਚ ਜਾਵਾਂ
ਫੇਰ ਮੇਰਾ ਨਾਂ ਹੁੰਦਾ ਹੈ ਰੰਡੀ;
ਮਰਦ ਦੇ ਕੋਠੇ ਦੀ ਸਜਾਵਟ।
ਆਖਿਰ ਮੈਂ ਕੀ ਹਾਂ?
ਮਰਦ ਕੋਲ ਇਸ ਦਾ ਕੋਈ ਜਵਾਬ ਨਹੀਂ
ਅਪਣੇ ਮਰਦਊ ਪੁਣੇ ਵਿੱਚ
ਮੈਨੂੰ ਮੇਰੇ ਅੰਗਾਂ ਦੇ ਨਾਂ ਲੈ ਕੇ ਪੁਕਾਰਦਾ ਹੈ
ਪਰ ਮੈਨੂੰ ਇਹ ਯਾਦ ਹੈ ਕਿ ਉਹ ਮੈਨੂੰ
ਨਾਰ ਕਿਉਂ ਆਖਦਾ ਹੈ?
ਹਾਂ ਫਾਰਸੀ ਤੇ ਸੰਸਕ੍ਰਿਤ ਵਾਲੇ ਇਸ ਦਾ ਅਰਥ ਕੱਡਦੇ ਹਨ
ਅੱਗ!
ਤੇ ਉਹ ਵੀ ਜੋ ਦੋਜ਼ਖ ਦੀ ਹੈ, ਜੋ ਕਦੀ ਨਹੀਂ ਬੁਝਦੀ।
ਦੁਨੀਆਂ ਵਾਲਿਓ ਮੇਰਾ ਮੈਨੂੰ ਨਾਂ ਦਸਣਾ!!
ਮੈਂ ਅਪਣਾ ਵਜੂਦ ਭਾਲਦੀ ਹਾਂ
ਅਪਣੀ ਹੋਂਦ ਟੋਲਦੀ ਹਾਂ!!
?
ਨਾਰੀ ਦੇ ਨਾਂ
ਡਾ: ਐਸ: ਨਾਜ਼ (416-271-1040)
ਮੈਂ ਕਿਸ ਦੀ ਜੂਠੀ ਰੋਟੀ ਹਾਂ?
ਕਿਸ ਦੀ ਅਧੀ ਰੋਟੀ; ਖੰਨੀ, ਚੱਪਾ ਹਾਂ?
ਤੇ ਕਿਸ ਦੀ ਚੱਬੀ ਚਿੱਥੀ ਉਗਲ਼ੀ ਬੁਰਕੀ ਹਾਂ?
ਕਿਸ ਦੇ ਮੰਥਨ ਦੀ ਝੱਗ ਹਾਂ?
ਜਿਸ ਦੀ ਸੁੱਚ ਨੂੰ ਇੱਕ ਵਾਰ ਚੱਟ ਲੈਣ ਨਾਲ
ਸਾਰੀ ਉਮਰ ਲਈ ਕੁਲਹਿਣੀ ਹੁੰਦੀ ਹਾਂ
ਕਲੰਕਣ ਹੁੰਦੀ ਹਾਂ।
ਇਹ ਕਿਸ ਦਾ ਗੁਨਾਹ ਸੀ?
ਮੇਰਾ ਕਿ ਆਦਮ ਦਾ?
ਕਿਸ ਨੇ ਮੇਰੇ ਕੰਵਾਰੇ ਬੋਲਾਂ ਦਾ ਕੱਚ ਤੋੜਿਆ?
ਮਰਦ ਨੇ ਕਿ ਖੁਦਾ ਨੇ?
ਕਿਸ ਮੇਰੇ ਵਜੂਦ ਦਾ ਮਜ਼ਾਕ ਉਡਾਇਆ?
ਕਿਸ ਦੀ ਮੈਂ ਮੁਜਰਮ ਹੱਵਾ ਹਾਂ?
ਕਿਸ ਨੇ ਮੈਨੂੰ ਅਦਨ ਤੋਂ ਦੇਸ਼ ਨਕਾਲਾ ਦਿੱਤਾ?
ਆਦਮ ਮੇਰੇ ਵਿਲਾਸ ਵਿੱਚ ਗਦ ਗਦ ਹੋਇਆ ਸੀ ਕਿ ਨਹੀਂ?
ਉਹ ਕਿਹੜਾ ਫਲ ਖਾ ਕੇ ਦੋਸ਼ੀ ਸੀ?
ਕੀ ਬਹਿਸ਼ਤ ਦਾ ਦਰਵਾਜ਼ਾ ਬੰਦ ਕਰਨ ਵਾਲਾ ਵੀ
ਐਨਾ ਹੀ ਦੋਸ਼ੀ ਨਹੀਂ?
ਐ ਖੁਦਾ ਏਨਾ ਤੰਗ ਦਰਵਾਜ਼ਾ!
ਹਾਏ ਕੌਣ ਦਾਖਿਲ ਹੋਵੇ ਗਾ?
ਉਸ ਮੇਰੇ ਅੰਗ ਰਸਹੀਨ ਕਿਉਂ ਨਹੀਂ ਘੜੇ?
ਇਹਨਾਂ ਵਿੱਚ ਵਾਸ ਦੀ ਖੁਸ਼ਬੋਈ ਕਿਉਂ ਭਰੀ ?
ਐ ਖੁਦਾ ਕੋਈ ਤਾਂ ਤੇਰੇ ਕੋਲ;
ਮੇਰੇ ਜੁਰਮ ਦੀ ਗੁਵਾਹੀ ਹੋਵੇਗੀ!
ਕੋਈ ਤਾਂ ਅੱਖੀਂ ਡਿੱਠਾ ਗੁਵਾਹ ਹੋਵੇਗਾ?
ਕੋਈ ਤਾਂ ਚਸ਼ਮ ਦੀਦ ਗੁਵਾਹ ਲਿਆ?
ਹੁਣ ਮੇਰੇ ਲਈ ਕੀ ਹੁਕਮ ਹੈ?
ਕੱਚਾ ਬਰਤਨ ਇੱਕ ਵਾਰ ਵਰਤਨ ਨਾਲ
ਮੈਲਾ ਹੋ ਜਾਂਦਾ ਹੈ; ਮੂਸਾ ਆਖਦਾ ਹੈ-
ਫਿਰ ਇਸ ਨੂੰ ਕੋਈ ਵੀ ਮੰਨਸਨ
ਸਾਫ ਨਹੀਂ ਕਰ ਸਕਦਾ;
ਕੇਵਲ ਤੋੜ ਹੀ ਦਿੱਤਾ ਜਾਂਦਾ ਹੈ।
ਮੇਰੇ ਖਿਲਾਫ ਸ਼ਾਇਦ ਸ਼ਰੀਅਤ ਦੀ ਦੀਵਾਰ
ਇਸ ਕਰਕੇ ਹੀ ਤਾਣ ਦਿੱਤੀ ਗਈ ਹੈ,
ਕਿ ਮੈਂ ਸੱਚ ਦੀ ਮੰਗ ਨਾ ਕਰ ਸਕਾਂ
ਆਖਦੇ ਹਨ ਦੀਵਾਰਾਂ ਦੇ ਵੀ ਕੰਨ ਹੁੰਦੇ ਹਨ!
ਜੇ ਇਹ ਗਵਾਹ ਬਣ ਗਈਆਂ
ਤਾਂ ਤੇਰੀ ਰੂਹਾਨੀਅਤ ਦਾ ਕੀ ਬਣੇਗਾ?
ਤੇ ਇਨਸਾਫ ਪਸੰਦੀ ਕਿਸ ਦੇ ਦਰ ਤੇ ਕੈਦ ਹੋਵੇਗੀ?
ਮੇਰੇ ਜਿਸਮ ਤੇ ਵਾਲਾਂ ਜਿੰਨੇ; ਮੇਰੇ ਮੁਸਾਮਾਂ ਜਿੰਨੇ
ਸਵਾਲ ਹੀ ਸਵਾਲ ਹਨ! ਕੀ ਮੈਂ ਸੀਤਾ ਹਾਂ
ਹਾਂ! ਮੈਂ ਇੱਕ ਸਵਾਲੀਆ ਚਿੰਨ ਹਾਂ ????