ਚਰਮਖ਼ਾਂ ਦਾ ਹੋਕਾ ਦਿੰਦੀ
ਬਾਜ਼ੀਗਰਨੀ ਨੰਦੋ
ਹੁਣ ਸਾਡੇ ਪਿੰਡ ਦੀਆਂ ਗਲੀਆਂ ‘ ਚ
ਕਦੇ ਨਹੀਂ ਆਉਂਦੀ।
ਸ਼ਾਇਦ ਮਰ ਖਪ ਗਈ ਹੈ।
ਨਿੱਕੀਆਂ ਕੁੜੀਆਂ ਦੇ ਨੱਕ ਕੰਨ ਵਿੰਨ੍ਹਦੀ
ਵਿੱਚ ਬਹੁਕਰ ਦੀ ਸੁੱਚੀ ਤੀਲ੍ਹ ਪਰੋ ਦਿੰਦੀ।
ਆਖਦੀ,
ਸਰ੍ਹੋਂ ਦੇ ਤੇਲ ਵਿੱਚ ਹਲਦੀ ਮਿਲਾ ਕੇ
ਲਾਈ ਜਾਇਉ।
ਅਗਲੀ ਵਾਰ ਆਉਂਦੀ ਤਾਂ
ਪਿੱਤਲ ਦੇ ਕੋਕੇ, ਮੁਰਕੀਆਂ
ਕੰਨੀਂ ਪਾ ਆਖਦੀ
ਚਲੋ ਬਈ,
ਧੀ ਮੁਟਿਆਰ ਹੋ ਗਈ।
ਨੰਦੋ ਔਰਤਾਂ ਦੀ ਅੱਧੀ ਵੈਦ ਸੀ।
ਪੇਟ ਦੁਖਦੇ ਤੋਂ ਚੂਰਨ
ਅੱਖ ਆਈ ਤੇ ਸੁਰਮਚੂ ਫੇਰਦੀ।
ਖਰਲ ਚ ਸੁਰਮਾ ਪੀਸਦੀ
ਸਭ ਦੇ ਸਾਹਮਣੇ
ਡਲੀ ਨੂੰ ਰੜਕਣ ਜੋਗਾ ਨਾ ਛੱਡਦੀ।
ਧਰਨ ਪਈ ਤੇ ਢਿੱਡ ਮਲਦਿਆਂ ਆਖਦੀ
ਕੌਡੀ ਹਿੱਲ ਗਈ ਆ
ਬੀਬੀ ਭਾਰ ਨਾ ਚੁੱਕੀਂ
ਪੱਬਾਂ ਭਾਰ ਬਹਿ ਕੇ ਧਾਰ ਨਾ ਕੱਢੀਂ।
ਬਹੁਤ ਕੁਝ ਜਾਣਦੀ ਸੀ ਨੰਦੋ
ਅੱਧ ਪਚੱਧੀ ਧਨੰਤਰ ਵੈਦ ਸੀ।
ਨੰਦੋ ਚਲੰਤ ਰੇਡੀਉ ਸੀ ਬਿਨ ਬੈਟਰੀ
ਤੁਰਦੀ ਫਿਰਦੀ ਅਖ਼ਬਾਰ ਸੀ
ਬਿਨ ਅੱਖਰੋਂ ਸਥਾਨਕ ਖ਼ਬਰਾਂ ਵਾਲੀ।
ਵੀਹ ਤੀਹ ਪਿੰਡਾਂ ਦੀ ਸਾਂਝੀ ਬੁੱਕਲ ਸੀ ਨੰਦੋ।
ਦੁਖ ਸੁਖ ਪੁੱਛਦੀ, ਕਦੇ ਆਪਣਾ ਨਾ ਦੱਸਦੀ।
ਦੀਵੇ ਵਾਂਗ ਬਲ਼ਦੀ ਅੱਖ ਵਾਲੀ ਨੰਦੋ
ਬੁਰੇ ਭਲੇ ਦਾ ਨਿਖੇੜ ਕਰਦੀ
ਪੂਰੇ ਪਿੰਡ ਨੂੰ ਦੱਸਦੀ
ਨੀਤੋਂ ਬਦਨੀਤਾਂ ਤੇ ਸ਼ੁਭਨੀਤਾਂ ਬਾਰੇ।
ਨੰਦੋ ਨਾ ਹੁੰਦੀ ਤਾਂ
ਕਿੰਨੀਆਂ ਧੀਆਂ ਭੈਣਾਂ ਨੂੰ,
ਦਸੂਤੀ ਚਾਦਰ ਤੇ ਮੋਰ ਘੁੱਗੀਆਂ
ਦੀ ਪੈੜ ਪਾਉਣੀ ਨਹੀਂ ਸੀ ਆਉਣੀ।
ਉਹ ਅੱਟੀਆਂ ਲਿਆਉਂਦੀ ਧਿਆਨਪੁਰੋਂ
ਮਜ਼ਬੂਤ , ਪੱਕੇ ਰੰਗ ਦੀਆਂ।
ਮੇਰੀ ਮਾਂ ਕੋਲੋਂ
ਲੱਸੀ ਦਾ ਗਿਲਾਸ ਫੜਦਿਆਂ
ਰਾਤ ਦੀ ਬਚੀ ਬੇਹੀ ਰੋਟੀ ਮੰਗਦੀ
ਸੱਜਰੀ ਪੱਕਦੀ ਰੋਟੀ ਕਦੇ ਨਾ ਖਾਂਦੀ
ਅਖੇ! ਆਦਤ ਵਿਗੜ ਜਾਂਦੀ ਐ
ਭੈਣ ਤੇਜ ਕੁਰੇ!
ਸਾਰੇ ਪਿੰਡਾਂ ਚ ਤੇ ਨਹੀਂ ਨਾ ਤੇਰੇ ਵਰਗੀਆਂ।
ਚੌਂਕੇ ਚ ਮਾਂ ਮੁੱਢ ਬੈਠੇ
ਨਿਆਣਿਆਂ ਦਾ ਮੱਥਾ
ਦੂਰੋਂ ਤਾੜਦੀ ਤੇ ਕਹਿੰਦੀ
ਸਕੂਲ ਨਹੀਂ ਗਿਆ? ਬੁਖ਼ਾਰ ਈ।
ਚਰਖ਼ੇ ਦੀ ਚਰਮਖ਼ ਤੋਂ ਕਾਲਖ ਉਤਾਰਦੀ
ਤੇ ਮੇਰੇ ਵਰਗਿਆਂ ਦੇ
ਕੰਨ ਪਿੱਛੇ ਲਾ ਕੇ ਕਹਿੰਦੀ
ਬੁਖ਼ਾਰ ਦੀ ਐਸੀ ਕੀ ਤੈਸੀ
ਰਾਹ ਭੁੱਲ ਜੂ ਪੁੱਤ ਤਾਪ!
ਸਵੇਰ ਨੂੰ ਸਰੀਰ ਹੌਲਾ ਫੁੱਲ ਹੋ
ਮੈਂ ਸਕੂਲੇ ਤੁਰ ਪੈਂਦਾ ਬਸਤਾ ਚੁੱਕੀ।
ਨੰਦੋ ਦੀ ਮੋਟੇ ਤਰੋਪਿਆਂ ਨਾਲ
ਨਿਗੰਦੀ ਬਗਲੀ ‘ਚ ਪੂਰਾ ਸੰਸਾਰ ਸੀ।
ਹਰ ਕਿਸੇ ਲਈ ਕੁਝ ਨਾ ਕੁਝ ਵੱਖਰਾ।
ਪਿੱਤਲ ਦੇ ਛਾਪਾਂ ਛੱਲੇ ਮੁਹੱਬਤੀਆਂ ਲਈ
ਨਿੱਕੇ ਨਿਆਣਿਆਂ ਲਈ
ਕਾਨਿਆਂ ਦੇ ਛਣਕਣੇ ,ਪੀਪਨੀਆਂ, ਵਾਜੇ।
ਨੰਦੋ ਕੰਨ ਤੇ ਹੱਥ ਧਰ ਲੰਮੀ ਹੇਕ ਲਾ
ਪੁੱਤਾਂ ਦੀਆਂ ਘੋੜੀਆਂ ਗਾਉਂਦੀ
ਤਾਂ ਲੱਗਦਾ ਪੌਣਾਂ ਸਾਹ ਰੋਕ ਸੁਣਦੀਆਂ।
ਸੁਹਾਗ ਗਾਉਂਦੀ ਤਾਂ
ਮਾਵਾਂ ਦੇ ਹੰਝੂਆਂ ਨਾਲ
ਕੰਧਾਂ ਸਿੱਲ੍ਹੀਆਂ ਹੁੰਦੀਆਂ।
ਧਰੇਕਾਂ ਡੋਲਦੀਆਂ ਪੱਤਿਆਂ ਸਣੇ।
ਘਰ ਦੀਆਂ ਚਾਰੇ ਕੰਧਾ ਹਿੱਲਦੀਆਂ।
ਲੱਗਦਾ ਜੀਕੂੰ ਡੋਲੀ ਤੁਰ ਰਹੀ ਹੈ।
ਸਿਰ ਤੋਂ ਪੈਰਾਂ ਤੀਕ
ਵਿਯੋਗ ‘ਚ ਮਨ ਝੁਣਝੁਣੀ ਚ ਕੰਬਦਾ।
ਕੰਧਾਂ ਦੇ ਪਰਛਾਵੇਂ ਲਮਕਦੇ ਤਾਂ
ਬਗਲੀ ਸਿਰ ਧਰ
ਆਪਣੇ ਡੇਰੇ ਨੂੰ ਵਾਹੋਦਾਹੀ ਦੌੜ ਜਾਂਦੀ।
ਨੰਦੋ ਖ਼ਾਨਗਾਹ ਵਾਲੇ ਤਲਾਅ ਚੋਂ
ਕੰਮੀਆਂ ਲਿਆਉਂਦੀ
ਡੰਡੀਆਂ ਦੀਆਂ ਗੰਦਲਾਂ ਦੇ ਹਾਰ ਪਰੋਂਦੀ
ਸਾਡੇ ਜਹੇ ਨਿੱਕੇ ਨਿਆਣਿਆਂ ਦੇ
ਸਿਰ ਪਲੋਸ ਕੇ ਗਲੀਂ ਪਾਉਂਦੀ।
ਖਿੜ ਉੱਠਦਾ ਮਨ ਦਾ ਬਾਗ।
ਮਾਵਾਂ ਤੋਂ ਆਟੇ ਦੀ ਕੌਲੀ ਲੈ
ਅਸੀਂ ਨੰਦੋ ਦੀ ਬਗਲੀ ਭਰ ਦਿੰਦੇ।
ਕਿੰਨਾ ਸਵੱਲਾ ਸੀ ਖ਼ੁਸ਼ੀਆਂ ਦਾ ਬਗੀਚਾ।
ਵੱਡੇ ਹੋਇਆਂ
ਸ਼ਹਿਰ ਆ ਕੇ ਜਾਣਿਆਂ
ਇਨ੍ਹਾਂ ਕੰਮੀਆਂ ਨੂੰ ਹੀ
ਕੰਵਲ ਫੁੱਲ ਆਖਦੇ ਨੇ।
ਚਿੱਕੜ ਚ ਉੱਗੀਆਂ ਕੰਮੀਆਂ
ਤੇ ਕੰਮ ਕਰਦੇ ਕਾਮੇ ਕੰਮੀਆਂ ਲਈ
ਕਦਰਦਾਨ ਨੇਤਰ ਕਦੋਂ ਖੁੱਲਣਗੇ?
ਨੰਦੋ ਨੇ ਨਹੀਂ,
ਕਿਤਾਬਾ ਦੇ ਖੋਲ੍ਹੇ ਤੀਜੇ ਨੇਤਰ ਨੇ
ਹੁਣ ਮੈਨੂੰ ਬਹੁਤ ਵਾਰ ਪੁੱਛਿਆ ਹੈ।
ਸ਼ੁਕਰ ਹੈ!
ਅਨਪੜ੍ਹ ਨੰਦੋ ਨੇ ਸਾਨੂੰ
ਕਦੇ ਨਹੀਂ ਸੀ ਪੁੱਛਿਆ।
ਦੀਨ ਸ਼ਾਹ ਦੀ ਕੁੱਲੀ ਵਾਲੇ ਬਾਗ ‘ਚੋਂ
ਲਿਆਂਦੇ ਸੁੱਚੇ ਮੋਤੀਏ ਦੇ ਹਾਰ।
ਮੇਰੀ ਮਾਂ ਨੂੰ ਦਿੰਦੀ ਤੇ ਕਹਿੰਦੀ
ਮਹਿਕਦਾ ਰਹੇ ਤੇਰਾ ਪਰਿਵਾਰ ਗੁਲਜ਼ਾਰ
ਅਸੀਸਾਂ ਵੰਡਦੀ ਬੇ ਦਾਮ।
ਆਟੇ ਦੀ ਲੱਪ ਲੱਪ ਨਾਲ
ਆਪਣੀ ਬਗਲੀ ਭਰਦੀ,
ਵੰਡਦੀ ਕਿੰਨਾ ਕੁਝ।
ਘਾਹ ਦੀਆਂ ਤਿੜਾਂ ਤੋਂ
ਅੰਗੂਠੀ ਬੁਣਨੀ
ਉਸ ਨੇ ਹੀ ਮੈਨੂੰ ਸਿਖਾਈ ਸੀ।
ਕਿਤਾਬਾਂ ਨੇ ਉਹ ਜਾਚਾਂ ਤਾਂ ਭੁਲਾ ਦਿੱਤੀਆਂ
ਪਰ ਹੁਣ ਮੈਂ ਸ਼ਬਦ ਬੁਣਦਾ ਹਾਂ।
ਅੱਖਰ ਅੱਖਰ ਘਾਹ ਦੀਆਂ ਤਿੜਾਂ ਜਹੇ।
ਨੰਦੋ ਦਾ ਕੋਈ ਪਿੰਡ ਨਹੀਂ ਸੀ
ਬੇ ਨਾਮ ਟੱਪਰੀਆਂ ਸਨ।
ਸਿਰਨਾਵਾਂ ਨਹੀਂ ਸੀ ਕੋਈ,
ਪਰ ਨੰਦੋ ਬਾਜ਼ੀਗਰਨੀ
ਘਰ ਘਰ ਦੀ ਕਹਾਣੀ ਸੀ।
ਸਾਡੇ ਸਕੂਲ ਦੇ ਨੇੜ ਹੀ ਸਨ
ਨੰਦੋ ਕੀਆਂ ਟੱਪਰੀਆਂ
ਪਰ ਇੱਕ ਵੀ ਬਾਲ ਸਕੂਲੇ ਨਾ ਆਉਂਦਾ।
ਸਦਾ ਆਖਦੀ,
ਇਹ ਸਾਡੀਆਂ ਕੁੱਲੀਆਂ ਢਾਹ ਕੇ ਬਣਿਐ
ਸਾਡੀ ਨਿਸ਼ਾਨੀ ਬੋਹੜ ਹੀ ਹੈ ਇਕੱਲਾ
ਬਾਕੀ ਸਾਰਾ ਕੁਝ ਪੈਸੇ ਵਾਲਿਆਂ ਦਾ।
ਗਿਆਨ ਦੇ ਨਾਂ ਤੇ ਹੱਟੀਆਂ
ਗਰੀਬਾਂ ਲਈ ਖੁਆਰੀਆਂ ਤੇ ਚੱਟੀਆਂ।
ਸਾਡੇ ਜੀਅ ਤਾਂ
ਇਹਦੇ ਨਲਕਿਉਂ ਪਾਣੀ ਵੀ ਨਹੀਂ ਭਰਦੇ।
ਛੱਪੜੀ ਦਾ ਪਾਣੀ ਮਨਜ਼ੂਰ ,
ਇਹ ਜ਼ਹਿਰ ਜਿਹਾ ਲੱਗਦੈ ਸਾਨੂੰ।
ਸਾਡੀ ਆਪਣੀ ਜ਼ਬਾਨ ਹੈ ਵੇ ਲੋਕਾ
ਇਹ ਸਕੂਲ ਸਾਡੀ ਬੋਲੀ ਵਿਗਾੜ ਦੇਵੇਗਾ।
ਨਿਆਣਿਆਂ ਨੂੰ ਬਾਜ਼ੀ ਪਾਉਣੀ ਭੁਲਾਵੇਗਾ।
ਕੋਹੜੀ ਕਰੇਗਾ ਸੁਡੌਲ ਜਿਸਮ ਤੇ ਸੁਪਨੇ।
ਟਾਂਗੇ ਵਾਲਾ ਘੋੜਾ ਬਣਾਵੇਗਾ।
ਚੁਫ਼ੇਰੇ ਵੇਖਣ ਤੋਂ ਵਰਜੇਗਾ।
ਨੰਦੋ ਦੇ ਮੱਥੇ ਤੇ ਚੰਦ ਸੀ
ਜੋ ਸਾਰੀ ਉਮਰ ਚੌਧਵੀਂ ਰਾਤ ਤੀਕ
ਪੂਰਾ ਨਾ ਚਮਕ ਸਕਿਆ।
ਮਰੀਅਲ ਫਾਂਕ ਜਿਹਾ ਏਕਮ ਦਾ ਚੰਦ
ਠੋਡੀ ਤੇ ਖੁਣਿਆ ਪੰਜ ਦਾਣਾ
ਬੜੇ ਜਨੌਰਾਂ ਨੇ ਚੁਗਣਾ ਚਾਹਿਆ
ਪਰ ਨੰਦੋ …. ਪੂਰੀ ਮਰਦ ਬੱਚੀ
ਚਿੜੀ ਨਾ ਫਟਕਣ ਦਿੰਦੀ।
ਉਸ ਦੀਆਂ ਬਾਹਾਂ ‘ਚ ਘਸੇ ਹੋਏ
ਚਾਂਦੀ ਦੇ ਗੋਖੜੂ ਵੀ ਫੱਬ ਫੱਬ ਪੈਂਦੇ।
ਕੰਨੀਂ ਕੋਕਲੇ ਚਾਂਦਨੀ ਰੰਗੇ।
ਨੰਦੋ ਕੋਲ ਵੱਡੀ ਸਾਰੀ ਡਾਂਗ ਹੁੰਦੀ
ਕਿਸੇ ਪੁੱਛਣਾ ਨੰਦੋ!
ਡਾਂਗ ਚੁੱਕੀ ਫਿਰਦੀ ਹੈਂ,
ਸਾਡੇ ਪਿੰਡ ਦੇ ਕੁੱਤੇ ਤਾਂ ਤੈਨੂੰ ਪਛਾਣਦੇ ਨੇ
ਤੇਰੇ ਪਿੱਛੇ ਭੌਂਕਦੇ ਤਾਂ ਕਦੇ ਨਹੀਂ ਵੇਖੇ?
ਆਖਦੀ! ਵੇ ਸਰਦਾਰੋ !
ਸਾਰੇ ਕੁੱਤੇ ਹੀ ਚਹੁੰ ਲੱਤਾਂ ਵਾਲੇ ਨਹੀਂ ਹੁੰਦੇ।
ਇਹ ਸੋਟਾ ਦੋ ਲੱਤਾਂ ਵਾਲਿਆਂ ਵਾਸਤੇ।
ਨੰਦੋ ਦੱਸਦੀ
ਬਈ ਸਾਡੀ ਬਾਜ਼ੀਗਰਾਂ ਦੀ
ਆਪਣੀ ਪੰਚਾਇਤ ਹੈ ਸਰਦਾਰੋ।
ਅਸੀਂ ਤੁਹਾਡੀਆਂ ਕਚਹਿਰੀਆਂ ਚ
ਨਹੀਂ ਵੜਦੇ, ਚੜ੍ਹਦੇ।
ਸਾਡੇ ਵਡੇਰੇ ਇਨਸਾਫ਼ ਕਰਦੇ ਨੇ,
ਫ਼ੈਸਲੇ ਨਹੀਂ।
ਤੁਹਾਡੀਆਂ ਅਦਾਲਤਾਂ ਚ
ਇਨਸਾਫ਼ ਨਹੀਂ,ਫ਼ੈਸਲੇ ਹੁੰਦੇ ਨੇ।
ਸੂਰਜ ਗਵਾਹ ਹੈ
ਹਨ੍ਹੇਰਾ ਉੱਤਰਨੋਂ ਪਹਿਲਾਂ
ਸਾਡਾ ਟੱਪਰੀਆਂ ਚ ਪਹੁੰਚਣਾ
ਲਾਜ਼ਮੀ ਹੁੰਦਾ ਹੈ।
ਰਾਤ ਪਈ ਤੇ ਗੱਲ ਗਈ,
ਅਕਸਰ ਏਨਾ ਕੁ ਕਹਿ
ਉਹ ਬਹੁਤ ਕੁਝ ਸਮਝਾਉਂਦੀ।
ਪਰ ਸਾਨੂੰ
ਬਿਲਕੁਲ ਸਮਝ ਨਾ ਆਉਂਦੀ।
ਸਾਡੀਆਂ ਧੀਆਂ ਮੰਗਣ ਨਹੀਂ ਚੜ੍ਹਦੀਆਂ
ਤੇ ਨੂੰਹਾਂ ਵਿਹਲੀਆਂ ਨਹੀਂ ਖਾਂਦੀਆਂ।
ਨੰਦੋ ਜਦ ਵੀ ਜਵਾਨ ਉਮਰੇ
ਬਾਜ਼ੀ ਪਾਉਂਦੇ ਮੋਏ ਪੁੱਤ ਦੀ ਗੱਲ ਕਰਦੀ
ਤਾਂ ਹਾਉਕੇ ਵੀ ਸਾਹ ਰੋਕ ਸੁਣਦੇ।
ਪਿੱਪਲ ਪੱਤਿਆਂ ਦੀ ਅੱਖੋਂ ਨੀਰ ਕਿਰਦਾ
ਬੋਹੜ ਜੜ੍ਹੋਂ ਡੋਲ ਜਾਂਦਾ ਪੂਰੇ ਵਜੂਦ ਸਣੇ।
ਕਹਿੰਦੀ ਤਰੇੜ੍ਹੀ ਛਾਲ ਲਾਉਂਦਿਆਂ
ਧੌਣ ਦਾ ਮਣਕਾ ਟੁੱਟ ਗਿਆ
ਮੁੜ ਨਹੀਂ ਉੱਠਿਆ ਸਿਵਿਆਂ ਤੀਕ।
ਮੋਈ ਮਿੱਟੀ ਮੈਨੂੰ ਵੀ ਨਾਲ ਲੈ ਜਾਂਦਾ
ਕੋਈ ਹੱਜ ਨਹੀਂ ਭੈਣੇ
ਤੁਹਾਡੇ ਆਸਰੇ ਤੁਰੀ ਫਿਰਦੀ ਆਂ।
ਸਾਹ ਵਰੋਲਦੀ , ਜਿੰਦ ਘਸੀਟਦੀ।
ਨੰਦੋ ਹੁਬਕੀਂ ਰੋਂਦੀ
ਧਰਤੀ ਅੰਬਰ ਨੂੰ ਲੇਰ ਸੁਣਦੀ
ਸੁੱਕੇ ਨੇਤਰੀਂ ਮੁੱਕੇ ਅੱਥਰੂ,
ਖੂਹ ‘ਚੋਂ ਟਿੰਡਾਂ ਖਾਲੀ ਆਉਂਦੀਆਂ।
ਪਰਨਾਲੇ ਚ ਦਰਦ ਵਹਿੰਦੇ,
ਮੈਂ ਵੱਡਾ ਹੋਇਆ ਤਾਂ ਜਦ ਕਦੇ
ਮਾਲ੍ਹੇ ਵਾਲੇ ਖੂਹ ਤੇ ਔਲੂ ‘ਚ
ਟੁੱਟੀਆਂ ਠੀਕਰੀਆਂ ਵੇਖਦਾ
ਤਾਂ ਮੈਨੂੰ ਲੱਗਦਾ,
ਨੰਦੋ ਦੇ ਤਿੜਕੇ ਸੁਪਨੇ ਨੇ
ਕੰਕਰ ਕੰਕਰ, ਠੀਕਰ ਠੀਕਰ।
ਨੰਦੋ ਕੀਆਂ ਟੱਪਰੀਆਂ, ਝੁੱਗੀਆਂ ਦਾ
ਹੁਣ ਸਰਕਾਰ ਨੇ ਪੰਚਾਇਤੀ ਨਾਮ
ਲਾਲਪੁਰਾ ਰੱਖਿਆ ਦੱਸਦੇ ਨੇ।
ਪਰ ਬਾਜ਼ੀਗਰ ਅਜੇ ਵੀ
ਬਾਜ਼ੀਗਰ ਬਸਤੀ ਕਹਿ ਕੇ ਬੁਲਾਉਂਦੇ ਨੇ।
ਨੰਦੋ ਚਿਰੋਕਣੀ ਗੁਜ਼ਰ ਗਈ ਹੈ,
ਪਰ ਬਾਕੀ ਧੀਆਂ ਪੁੱਤਰ ਤਾਂ ਜੀਉਂਦੇ ਨੇ।