ਮਹਿਕਮੇ ਦੇ ਕਿਸੇ ਜ਼ਰੂਰੀ ਕੰਮ ਲਈ ਮੈਂ ਬਾਰਡਰ ਦੇ ਇੱਕ ਪਿੰਡ ਵਿਖੇ ਜਾਣਾ ਸੀ।ਇਹ ਪਿੰਡ ਮੇਰੇ ਸ਼ਹਿਰ ਤੋਂ ਲਗਭਗ ਪੰਜਾਹ ਕਿਲੋਮੀਟਰ ਦੂਰ ਸੀ।ਮੈਂ ਸਟਾਰਟ ਕੀਤਾ ਤੇ ਮੰਜ਼ਿਲ ਵੱਲ ਸਕੂਟਰ ਤੋਰ ਲਿਆ। ਲਗਭਗ ਇੱਕ ਘੰਟੇ ਦੇ ਬਾਅਦ ਮੈਂ ਬਾਰਡਰ ਦੇ ਪਿੰਡ ਤੋਂ ਕੋਈ ਪੰਜ ਕਿਲੋਮੀਟਰ ਉਰਾਂ ਹੀ ਸੀ ਕਿ ਸਾਹਮਣੇ ਭੂਆ ਦਾ ਪਿੰਡ ਨਜਰੀ ਪਿਆ। ਸਕੂਟਰ ਆਪ ਮੁਹਾਰੇ ਹੀ ਜਿਵੇਂ ਰੁੱਕ ਗਿਆ ਹੋਵੇ ਮੇਰੀ ਆਤਮਾ ਦੀ ਸਹਿਮਤੀ ਲੈਕੇ। ਮੈਂ ਸਕੂਟਰ ਖੜਾ ਕਰ ਲਿਆ ਤੇ ਮੇਰੇ ਬਚਪਨ ਦੇ ਉਹ ਦਿਨ ਕੀੜੀਆਂ ਦੇ ਭੌਣ ਵਾਂਗੂੰ ਕਿਰਣਮ ਕਿਰਣੀ ਦੌਰੜਨ ਲੱਗੇ। ਅੱਜ 30 ਸਾਲਾਂ ਬਾਅਦ ਭੂਆ ਦੇ ਪਿੰਡ ਤੋਂ ਇੱਕ ਮੀਟਰ ਦੂਰ ਖੜਾ ਸਾਂ।ਜਿਵੇਂ ਮੈਂ ਮੰਨ ਹੀ ਮੰਨ ਕਹਿ ਰਿਹਾ ਹੋਵਾਂ….. ਭੂਆ ਮੈਂ ਆ ਗਿਆ ਹਾਂ ਤੈਨੂੰ ਮਿਲਣ। ਭੂਆ ਵੇਖ ਤੇਰਾ ਬਿੰਦ ਵੀਰ ਆਇਆ ਈ। ਤੈਨੂੰ ਕੋਈ ਨਹੀਂ ਮਿਲਦਾ ਮੈਂ ਮਿਲਾਂਗਾ ਤੇਰਾ ਵੀਰ ਬਿੰਦ। ਜਿਨੂੰ ਤੂੰ ਬਚਪਨ ਦੀਆਂ ਲੋਰੀਆਂ ਦੇ ਕੇ ਪਾਲਿਆ, ਪਿਆਰ ਅਤੇ ਲਾਡ ਦੀਆਂ ਲਾਡੀਆਂ ਕੀਤੀਆਂ। ਯਾਦ ਨੇ ਉਹ ਦਿਨ ਭੂਆ। ਮੇਰੇ ਜਿਹਨ ਵਿੱਚ ਮਹਿਫੂਜ ਨੇ ਪਵਿੱਤਰ ਪਿਆਰ ਦੀ ਤਰ੍ਹਾਂ ਉਹ ਦਿਨ ਤੇ ਕਈ ਕੁਝ ਆਪ ਮੁਹਾਰੇ ਹੀ ਬੋਲਦਾ ਗਿਆ, ਬੋਲਦਾ ਗਿਆ ਤੇ ਫਿਰ ਚੁੱਪ ਹੋ ਗਿਆ। ਚਾਰੇ ਪਾਸੇ ਨਜ਼ਰ ਦੌੜਾਅ ਕੇ ਵੇਖਿਆ ਕਿ ਮੈਨੂੰ ਕੋਈ ਵੇਖ ਤਾਂ ਨਹੀਂ ਰਿਹਾ……। ਕਿਉਂ ਟੁੱਟ ਜਾਂਦੇ ਹਨ ਰਿਸ਼ਤੇ….. ਨਹੀਂ, ਰਿਸ਼ਤੇ ਨਹੀਂ ਟੁੱਟਦੇ….. ਦੂਰੀਆਂ ਪੈ ਜਾਂਦੀਆਂ ਹਨ…. ਪਰ ਦੂਰੀਆਂ ਵੀ ਕਿਉਂ ਪੈਦੀਆਂ ਹਨ?…… ਰਿਸ਼ਤੇ ਨਾਂ ਤਾਂ ਟੁੱਟਦੇ ਹਨ ਤੇ ਦਰਮਿਆਨ ਨਾ ਹੀ ਦੂਰੀਆਂ ਪੈਦੀਆਂ ਹਨ…..ਮਜਬੂਰੀਆਂ ਸਵਾਰਥ ਤੇ ਨਫਰਤ ਨਾਲ ਇਹ ਰਿਸ਼ਤੇ ਖੋਖਲੇ ਹੋ ਜਾਂਦੇ ਹਨ ਪਰ ਇਨ੍ਹਾਂ ਦੀ ਬੁਨਿਆਦ ਨਹੀਂ ਮਰਦੀ। ਭੂਆ ਦਾ ਰਿਸ਼ਤਾ ਤਾਂ ਰੱਬ ਨਾਲੋਂ ਵੀ ਵੱਡਾ ਰਿਸ਼ਤਾ ਹੁੰਦਾ ਹੈ ਸ਼ਾਇਦ। ਮੈਂ ਤਾਂ ਭੂਆ ਦੇ ਪਵਿੱਤਰ ਰਿਸ਼ਤੇ ਨੂੰ ਰੱਬ ਵਾਂਗ ਹੀ ਮੰਨਦਾ ਹਾਂ। ਮਨੁੱਖ ਆਪਣੇ ਸਵਾਰਥਾ ਲਈ ਰਿਸ਼ਤਿਆਂ ਨੂੰ ਕਿਉਂ ਤਿਲਾਜਲੀ ਦੇ ਦਿੰਦਾ ਹੈ। ਸਵਾਰਥ ਦੀ ਕੋਈ ਬੁਨਿਆਦ ਨਹੀਂ ਹੁੰਦੀ। ਰਿਸ਼ਤਿਆਂ ਦੀ ਬੁਨਿਆਦ ਪੱਕੀ ਤੇ ਪਵਿੱਤਰ ਹੁੰਦੀ ਏ।ਇੱਕ ਰਿਸ਼ਤਾ ਜਦ ਬਣਦਾ ਹੈ ਤਾਂ ਉਸ ਤੇ ਮੋਹ ਦੇ ਸੂਰਜ ਦੀ ਲਕੀਰ ਉਗ ਪੈਂਦੀ ਹੈ ਜਿਸ ਦੀ ਰੋਸ਼ਨੀ ਫਿਰ ਕਦੀ ਨਹੀਂ ਮਰਦੀ। ਸਵਾਰਥ, ਨਫ਼ਰਤ, ਮਜਬੂਰੀ ਤਾਂ ਮੌਕੇ ਤੇ ਉਗੀ ਮੌਸਮੀ ਘਾਹ ਵਾਂਗ ਹੁੰਦੀ ਹੈ, ਜੋ ਸਮੇਂ ਦੇ ਨਾਲ ਆਪੇ ਹੀ ਬਰਬਾਦ ਹੋ ਜਾਂਦੀ ਹੈ। ਪਰ ਰਿਸ਼ਤੇ ਨਹੀਂ ਮਰਦੇ। ਜਿਸਮਾਂ ਦੀਆਂ ਜੜ੍ਹਾਂ ਤੋਂ ਮੋਹ ਦੀਆਂ ਨਾਜੁਕ ਟਾਹਣੀਆਂ ਤੇ ਰਿਸ਼ਤਿਆਂ ਦੇ ਜੋ ਖੂਬਸੂਰਤ ਫੁੱਲ ਖਿੜਦੇ ਹਨ ਉਨ੍ਹਾਂ ਦੀ ਖਸ਼ਬੂਅ ਕਦੀ ਨਹੀਂ ਮਰਦੀ।
ਬੱਸ ਦੂਰੋ ਭੂਆ ਦੇ ਪਿੰਡ ਨੂੰ ਵੇਖ ਰਿਹਾ ਸਾ ਤੇ ਸਕੂਟਰ ਤੇ ਬੈਠਾ ਸੋਚੀ ਜਾ ਰਿਹਾ ਸਾਂ। ਮੈਨੂੰ ਯਾਦ ਆ ਗਏ ਉਹ ਦਿਨ….. ਆਦਮੀ ਦੀ ਜ਼ਿੰਦਗੀ `ਚੋਂ ਬਚਪਨ ਕਦੀ ਮਨਫੀ ਨਹੀਂ ਹੁੰਦਾ। ਆਦਮੀ ਸਭ ਕੁਝ ਭੁੱਲ ਸਕਦਾ ਹੈ ਪਰ ਬਚਪਨ ਦੀਆਂ ਯਾਦਾਂ ਨਹੀਂ ਭੁਲਦਾ। ਮਰਨ ਵੇਲੇ ਵੀ ਇੰਸਾਨ ਨੂੰ ਸਭ ਤੋਂ ਪਹਿਲਾਂ ਆਪਣੇ ਬਚਪਨ ਤੇ ਜਵਾਨੀ ਦੀਆਂ ਯਾਦਾਂ ਹੀ ਆਉਂਦੀਆਂ ਹਨ। ਮੈਨੂੰ ਯਾਦ ਹੈ ਅੱਜ ਤੋਂ ਲਗਭਗ 30 ਸਾਲ ਪਹਿਲਾਂ ਜਦੋਂ ਭੂਆ ਦਾ ਵਿਆਹ ਹੋਇਆ ਸੀ। ਮੈਂ ਬਹੁਤ ਛੋਟਾ ਸਾਂ ਪਰ ਮੈਨੂੰ ਥੋੜ੍ਹੀ ਥੋੜ੍ਹੀ ਹੋਸ਼ ਜ਼ਰੂਰ ਸੀ।ਭੂਆ ਮੈਨੂੰ ਨਾਲ ਲੈਕੇ ਆਇਆ ਕਰਦੀ ਸੀ ਆਪਣੇ ਸਹੁਰੇ ਪਿੰਡ। ਭੂਆ ਮੈੈਨੂੰ ਲਾਡੀਆਂ ਕਰਦੀ, ਸਾਰਾ-ਸਾਰਾ ਦਿਨ ਮੇਰੇ ਨਾਲ ਖੇਡਦੀ ਰਹਿੰਦੀ ਤੇ ਘਰ ਦਾ ਕੰਮ ਵੀ ਨਾਲ-ਨਾਲ ਕਰਦੀ ਰਹਿੰਦੀ। ਭੂਆ ਇੱਕ ਵੱਡੇ ਸੰਯੁਕਤ ਪਰਿਵਾਰ ਵਿੱਚ ਵਿਆਹੀ ਗਈ ਸੀ। ਫੁੱਫੜ ਸਿਹਤ ਵਿਭਾਗ ਵਿੱਚ ਮੁਲਾਜ਼ਿਮ ਸੀ ਤੇ ਉਸ ਤੇ ਬਾਕੀ ਚਾਰ ਭਰਾ ਵਿਊਪਾਰ ਕਰਦੇ ਸਨ। ਖਾਂਦਾ-ਪੀਂਦਾ, ਰੱਚਿਆ-ਪੁਜਿਆ ਘਰ ਸੀ।ਖੁਲ੍ਹਾ ਵਿਹੜਾ, ਕਈ ਕਮਰੇ। ਮੱਝਾਂ-ਗਾਵਾਂ ਰੱਖੀਆਂ ਹੋਇਆਂ ਸੀ। ਭੂਆ ਮੈਨੂੰ ਚੋਰੀ-ਚੋਰੀ ਕਾੜਨੀ ਦਾ ਨਿੱਘਾ ਗਰਮ-ਗਰਮ ਬਦਾਮੀ ਰੰਗ ਦਾ ਦੁੱਧ ਮਲਾਈ ਸਣੇ, ਕੜੇ ਦੇ ਗਲਾਸ ਵਿੱਚ ਭਰ ਕੇ ਦਿੰਦੀ ਤੇ ਕਹਿੰਦੀ ਪੀ ਲੈ ਮੇਰਾ ਵੀਰ ਜਲਦੀ-ਜਲਦੀ ਤੇ ਮੈਂ ਡੀਕ ਲਾ ਕੇ ਦਵਾ ਦਵ ਪੀ ਲੈਂਦਾ। ਭੂਆ ਖੁਸ਼ ਹੋ ਜਾਂਦੀ। ਮੇਰਾ ਮੂੰਹ ਚੰੁਮਦੀ ਤੇ ਕਹਿੰਦੀ ਮੇਰਾ ਪਿਆਰਾ ਵੀਰ ਬਿੰਦ।
ਭੂਆ ਇਸ ਇਲਾਕੇ ਦੀ ਸਭ ਤੋਂ ਸੋਹਣੀ, ਉਚੇ ਲੰਮੇ ਕੱਦ ਵਾਲੀ ਪੰਜਾਬਣ ਮੁਟਿਆਰ ਸੀ। ਸਾਰੇ ਘਰ ਦਾ ਕੰਮ ਉਹ ਚੁਟਕੀ ਨਾਲ ਹੀ ਸਮੇਟ ਲੈਂਦੀ ਸੀ। ਘਰ ਵਿੱਚ ਜਦੋਂ ਕੋਈ ਖਾਣ ਪੀਣ ਵਾਲੀ ਚੀਜ਼ ਆਉਂਦੀ ਤਾ ਸਭ ਤੋਂ ਪਹਿਲਾਂ ਬੜੇ ਹੀ ਪਿਆਰ ਨਾਲ ਮੈਨੂੰ ਹੀ ਦਿੰਦੀ ਤੇ ਬਾਰ-ਬਾਰ ਕਹਿੰਦੀ ਮੇਰਾ ਸੋਹਣਾ ਵੀਰ ਬਿੰਦ। ਮੈਨੂੰ ਉਸ ਦਾ ਇੰਝ ਕਹਿਣਾ ਬੜਾ ਚੰਗਾ ਲੱਗਦਾ। ਮੋਹ ਦਾ ਮੁਕੰਮਲ ਅਹਿਸਾਸ। ਸੰਪੂਰਨ ਮੋਹ।
30 ਸਾਲ ਬਾਅਦ ਪਹਿਲਾਂ ਦਾ ਪਿੰਫ ਹੁਣ ਬਦਲਿਆ-ਬਦਲਿਆ ਨਜ਼ਰ ਆਉਂਦਾ ਸੀ। ਪੱਕੀਆਂ ਸੜਕਾਂ, ਨਹਿਰ ਜੋ ਭੂਆ ਦੇ ਪਿੰਡ ਦੇ ਲਾਗੋ ਲੰਘਦੀ ਸੀ ਹੁਣ ਪੱਕੀ ਕਰ ਦਿੱਤੀ ਗਈ ਸੀ। ਮੁੱਖ ਸੜਕ ਦੀ ਨਹਿਰ ਤੇ ਛੋਟਾ ਜਿਹਾ ਪੁੱਲ ਵੀ ਬਣਿਆ ਹੋਇਆ ਸੀ ਸਾਰੇ ਘਰ ਪੱਕੇ ਨਜ਼ਰ ਆਉਂਦੇ ਸੀ। ਪਰ ਦੂਰੋਂ ਭੂਆ ਦੇ ਘਰ ਦੇ ਸਾਹਮਣੇ ਵਾਲਾ ਬੋਹੜ ਉਵੇਂ ਦਾ ਉਵੇਂ ਹੀ ਨਜ਼ਰ ਆ ਰਿਹਾ ਸੀ। ਮੈਨੂੰ ਯਾਦ ਏ…….। ਫੁੱਫੜ ਲਗਭਗ ਸ਼ਹਿਰੋਂ ਡਿਊਟੀ ਦੇ ਕੇ ਰਾਤ ਦੇਰ ਨਾਲ ਹੀ ਆਉਂਦਾ ਸੀ ਪਰ ਉਹ ਜਦੋਂ ਆਉਂਦਾ ਸੀ ਮੇਰੇ ਲਈ ਕੋਈ ਨਾ ਕੋਈ ਨਵੀਂ ਚੀਜ਼ ਜ਼ਰੂਰ ਲਿਆਉਂਦਾ ਸੀ। ਇਸ ਚੀਜ਼ ਦੇੇ ਲਾਲਚ ਕਰਕੇ ਮੈਂ ਭੂਆ ਦੇ ਨਾਲ ਦੇਰ ਰਾਤ ਤੱਕ ਫੁੱਫੜ ਦਾ ਰਾਹ ਦੇਖਦਾ ਰਹਿੰਦਾ। ਪਿੰਡ ਵਿੱਚ ਬਿਜਲੀ ਨਹੀਂ ਸੀ। ਲੈਪਾਂ ਹੁੰਦੀਆਂ ਸਨ। ਕੱਚੀ ਨਹਿਰ ਸੀ। ਪਾਣੀ ਥੋੜਾ ਹੁੰਦਾ ਤਾਂ ਲੋਕੀ ਨਹਿਰ ਪਾਰ ਕਰਕੇ ਆ ਜਾਂਦੇ। ਜਦੋਂ ਫੁੱਫੜ ਨੇ ਰਾਤ ਨਹਿਰ ਪਾਰ ਕਰਕੇ ਆਉਣਾ ਹੁੰਦਾ ਤਾਂ ਉਹ ਦੂਰੋ ਖਲੋ੍ਹ ਕੇ ਅਵਾਜ਼ ਦੇ ਦਿੰਦਾ, ਨਹਿਰ ਪਿੰਡ ਦੇ ਬਿਲਕੁੱਲ ਨਜ਼ਦੀਕ ਸੀ। ਭੂਆ ਤੇ ਮੈਂ ਲੈਂਪ ਲੈਕੇ ਨਹਿਰ `ਚੋਂ ਫੁੱਫੜ ਨੂੰ ਨਾਲ ਲੈ ਕੇ ਆਉਂਦੇ।ਫੁੱਫੜ ਮੈਨੂੰ ਚੁੱਕ ਲੈਂਦਾ ਪਾਰਿਆਂ ਕਰਦਾ ਤੇ ਮੇਰੀ ਚੀਜ਼ ਮੈਨੂੰ ਫੜਾ ਦਿੰਦਾ। ਮੈਂ ਖੁਸ਼ੀ ਵਿੱਚ ਉਥੇ ਹੀ ਉਸ ਚੀਜ਼ ਨੂੰ ਵੇਖਣ ਦੀ ਕੋਸ਼ਿਸ਼ ਕਰਦਾ। ਘਰ ਆ ਕੇ ਮੈਂ ਉਹ ਚੀਜ਼ ਪਾ ਕੇ ਖੁਸ਼ ਹੰੰੰੁਦਾ ਤੇ ਸਵਾਦ ਨਾਲ ਖਾਂਦਾ।ਰਾਤ ਨੂੰ ਸੋਣ ਲਗਿਆ ਭੂਆ ਮੇਰਾ ਸਿਰ ਪਲੋਸਦੀ ਤੇ ਲੋਰੀਆਂ ਨਾਲ ਮੈਨੂੰ ਸੁਲਾ ਦਿੰਦੀ।ਇਸ ਤਰ੍ਹਾਂ ਮੈਂ ਕਈ-ਕਈ ਦਿਨ ਭੂਆ ਕੋਲ ਰਹਿੰਦਾ। ਜਦੋਂ ਮੈਨੂੰ ਕੋਈ ਘਰੋਂ ਲੈਣ ਆਉਂਦਾ ਤਾਂ ਮੈਂ ਰੋਂਦਾ ਹੋਇਆ ਭੂਆ ਨਾਲ ਚਿੰਬੜ ਜਾਂਦਾ। ਬਸ ਰੋ-ਰੋ ਕੇ ਬੇਹਾਲ ਹੋ ਜਾਂਦਾ ਤੇ ਭੂਆ ਦੀਆਂ ਅੱਖਾਂ ਚੋਂ ਵੀ ਹੰਝੂ ਆ ਜਾਂਦੇ ਤੇ ਉਹ ਕਹਿੰਦੀ ਅੱਛਾ ਬਿੰਦ ਹੁਣ ਚੱਲ ਮੈਂ ਜਲਦੀ-ਜਲਦੀ ਫੇਰ ਤੈਨੂੰ ਲੈਣ ਆਵਾਂਗੀ ਤੇ ਇੰਝ ਆਖਦੀ ਹੋਈ ਉਹ ਕਈ ਵਾਰੀ ਸਿਰ ਤੋਂ ਵਾਰੀ ਘੋਲੀ ਜਾਂਦੀ।
ਅੱਜ ਸੋਚ ਰਿਹਾ ਸੀ ਰਿਸ਼ਤਿਆਂ ਵਿੱਚ ਸਵਾਰਥ ਮਜ਼ਬੂਰੀਆਂ ਦੀ ਦੀਵਾਰ ਖੜੀ ਹੋ ਜਾਂਦੀ ਹੈ ਪਰ ਮਨੁੱਖ ਨੂੰ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਰਿਸ਼ਤਿਆਂ ਨੂੰ ਤਿਲਾਜਲੀ ਨਹੀਂ ਦੇਣੀ ਚਾਹੀਦੀ। ਸਮਾਜ ਵਿੱਚ ਰਹਿਦਿਆਂ ਉਨ੍ਹੀ ਇਕੀ ਹੁੰਦੀ ਰਹਿੰਦੀ ਹੈ। ਦੁੱਖ ਮੁਸੀਬਤਾਂ ਆਉਂਦੇ ਜਾਂਦੇ ਰਹਿੰਦੇ ਹਨ। ਪਰ ਰਿਸ਼ਤਿਆਂ ਨੂੰ ਮੋਹ ਨੂੰ ਬਿਲਕੁਲ ਹੀ ਤਿਆਗ ਨਹੀਂ ਦੇਣਾ ਚਾਹੀਦਾ। ਮਨੁੱਖੀ ਸਵਾਰਥਾਂ ਨਾਲੋਂ ਮਾਨਵਤਾ ਵੱਡੀ ਏ। ਸਵਾਰਥ ਸਮੇਂ ਦੇ ਨਾਲ ਪੁੱਗਰਦੇ ਹਨ ਅਤੇ ਸਮੇਂ ਦੇ ਨਾਲ ਹੀ ਝੜ ਜਾਂਦੇ ਹਨ ਜੇ ਸਵਾਰਥ ਅਤੇ ਜ਼ਰੂਰਤਾਂ ਨੂੰ ਰਿਸ਼ਤਿਆਂ ਦੇ ਨਾਲ ਖੂਬਸੂਰਤ ਢੰਗ ਨਿਭਾਦੇ ਜਾਈਏ, ਜਿਸ ਨਾਲ ਰਿਸ਼ਤਿਆਂ ਵਿੱਚ ਤਰੇੜਾਂ ਨਾ ਪੈਣ ਤਾਂ ਜ਼ਿੰਦਗੀ ਵਿੱਚ ਮੋਹ ਪਿਆਰ ਦੇ ਸੁਗੰਧਿਤ ਫੁੱਲ ਖਿੜ੍ਹਦੇ ਹਨ। ਜਿਨ੍ਹਾਂ ਦੀ ਖੁਸ਼ਬੂਆਂ ਮਨ ਨੂੰ ਹੀ ਨਹੀਂ, ਗੈਰਾਂ ਨੂੰ ਵੀ ਸੁਗੰਧਿਤ ਕਰਕੇ ਇੱਕ ਜਿਉਣ ਦਾ ਸਬਕ ਦੇਂਦੀ ਹੈ।
ਭੂਆ ਨੂੰ ਮੇਰੇ ਪਿਤਾ ਜੀ ਨਹੀਂ ਸੀ ਮਿਲਦੇ। ਜਿਸ ਭੈਣ ਨੂੰ ਰੀਝਾਂ ਚਾਵਾਂ ਨਾਲ ਵਿਆਹੀਆ ਹੋਵੇ ਉਸ ਨੂੰ ਬਿਲਕੁਲ ਨਾਲੋਂ ਲਾਹ ਕੇ ਸੁੱਟ ਦੇਣਾ ਠੀਕ ਨਹੀਂ। ਘਰ ਵਿੱਚ ਗੱਲਾਂ ਦਾ ਪਤਾ ਲਗਦਾ ਰਹਿੰਦਾ ਸੀ। ਪਿਤਾ ਜੀ ਅਤੇ ਚਾਚੇ ਵਿੱਚ ਕੁਝ ਤਕਰਾਰ ਪੈਦਾ ਹੋ ਗਏ ਸਨ। ਹਾਈ ਕੋਰਟ ਤੱਕ ਕੇਸ ਲੜਦੇ ਰਹੇ। ਇਹ ਦੋਵੇਂ ਭਰਾ ਵਧੀਆਂ ਨੌਕਰੀਆਂ ਕਰਦੇ ਸੀ। ਪਰ ਲੋਕਾਂ ਅਤੇ ਕੁਝ ਸ਼ਰਾਰਤੀ ਰਿਸ਼ਤੇਦਾਰਾਂ ਨੇ ਦੋਵਾਂ ਭਰਾਵਾਂ ਵਿੱਚ ਜ਼ਮੀਨ ਜਾਇਦਾਦ ਦੀ ਅਤੇੇ ਘਰੇਲੂ ਗੱਲਾਂ ਦੀ ਲੜਾਈ ਪੁਆ ਦਿੱਤੀ ਜੋ ਵੱੱਧ ਕੇ ਬੜੀ ਦੂਰ ਤੱਕ ਗਈ। ਇਸ ਦਰਮਿਆਨ ਭੂਆ ਦੋਵਾਂ ਭਰਾਵਾਂ ਦੀ ਮਦਦ ਕਰਦੀ ਰਹਿੰਦੀ। ਪਰ ਪਿਤਾ ਜੀ ਨੇ ਭੂਆ ਨੂੰ ਕਹਿ ਦਿੱਤਾ ਸੀ ਕਿ ਕੁੜੀਏ ਜਾ ਛੋਟੇ ਨੂੰ ਮਿਲ ਜਾਂ ਮੈਨੂੰ। ਭੂਆ ਹੁਣ ਦੁਚਿੱਤੀ ਵਿੱਚ ਪੈ ਗਈ ਸੀ ਤੇ ਆਖਿਰ ਉਸਨੂੰ ਆਪਣੇ ਪਤੀ ਦੀ ਮੰਨਣੀ ਸੀ। ਹੋਰ ਉਹ ਵਿਚਾਰੀ ਕਰਦੀ ਵੀ ਕੀ? ਅਤੇ ਵੈਸੇ ਵੀ ਚਾਚੇ ਦਾ ਆਪਣੀਆਂ ਭੈਣਾਂ ਤੇ ਦਬਦਬਾ ਤੇ ਪੂਰਾ ਪ੍ਰਭਾਵ ਸੀ। ਭੂਆ ਮਜ਼ਬੂਰ ਹੋ ਗਈ ਤੇ ਉਹ ਦਿਨ ਤਿਉਹਾਰ ਦੁਖ ਸੁਖ ਵਿੱਚ ਚਾਚੇ ਨਾਲ ਹੀ ਮੇਲ-ਮਿਲਾਪ ਰੱਖਦੀ। ਪਿਤਾ ਜੀ ਨੇ ਬਿਲਕੁਲ ਮਿਲਣਾ ਛੱਡ ਦਿੱਤਾ।ਅਸੀਂ ਛੋਟੇ ਸਾਂ। ਸਾਡਾ ਵੀ ਆਣਾ ਜਾਣਾ ਬੰਦ ਹੋ ਗਿਆ ਦੂਸਰਾ ਪੜਾਈ ਵਿੱਚ ਰੁੱਝ ਗਏ। ਨੌਕਰੀ ਲੱਗ ਗਏ, ਵਿਆਹੇ ਗਏ, ਬੱਚੇ ਹੋ ਗਏ।ਅੱਜ ਭੂਆ ਨੂੰ ਮਿਲਿਆ 30 ਸਾਲ ਹੋ ਗਏ ਸਨ। ਮੈਂ ਅੱਜ ਮਨ ਬਣਾ ਲਿਆ ਸੀ ਕਿਕ ਭੂਆ ਨੂੰ ਮਿਲ ਕੇ ਹੀ ਜਾਣਾ ਹੈ। ਭੂਆ ਕਿੰਝ ਦੀ ਹੋਵੇਗੀ? ਉਹ ਮੈਨੂੰ ਪਹਿਚਾਨੇਗੀ ਕਿ ਨਹੀਂ ਉਸ ਦੇ ਬੱਚੇ ਕੀ ਕਰਦੇ ਹਨ ਆਦਿ। ਕਈ ਸਵਾਲ ਜਿਹਨ ਵਿੱਚ ਫੁੱਟ ਗਏ।
ਆਖਿਰ ਮੈਂ ਸਕੂਟਰ ਸਟਾਰਟ ਕੀਤਾ। ਤੇ ਸਾਹਮਣੇ ਨਜ਼ਰ ਆ ਰਹੇ ਭੂਆ ਦੇ ਪਿੰਡ ਵੱਲ ਪਾ ਲਿਆ। ਨਹਿਰ ਦਾ ਪੁੱਲ ਲੰਘ ਕੇ ਮੈਂ ਉਸੇ ਪੁਰਾਣੇ ਬੋਹੜ ਦੇ ਥੱਲੇ ਖੂਹ ਦੇ ਨਾਲ ਸਕੂਟਰ ਖੜਾ ਕਰ ਦਿੱਤਾ ਤੇ ਬੋਹੜ ਸਾਹਮਣੇ ਭੂਆ ਦਾ ਘਰ ਸੀ ਜੋ ਹੁਣ ਪੱਕਾ ਤੇ ਵਧੀਆ ਦਿਸ ਰਿਹਾ ਸੀ। ਮੈਂ ਅੰਦਾਜ਼ਾ ਲਾ ਲਿਆ ਕਿ ਉਹ ਹੁਣ ਸੁਹਰਿਆਂ ਨਾਲੋਂ ਵੱਖ ਹੋ ਚੁੱਕੀ ਹੈ। ਅੰਦਾਜ਼ੇ ਨਾਲ ਅੱਗੇ ਵਧਿਆ ਤਾਂ ਅੱਧਖੜ ਉਮਰ ਦੀ ਔਰਤ ਵਿਹੜੇ ਵਿੱਚ ਚੌਲ ਛੱਟ ਰਹੀ ਸੀ। ਭਾਵੇਂ ਹੁਣ ਭੂਆ ਦਾ ਸਰੀਰ ਥੁਲਥੁਲਾ ਜਿਹਾ ਹੋ ਗਿਆ ਸੀ।ਚਿਹਰੇ ਤੇ ਚੁਰੜੀਆਂ ਨੇ ਲਕੀਰਾਂ ਖਿੱਚ ਲਈਆਂ ਸਨ। ਸਮੇਂ ਨੇ ਕਰਵਟ ਲੈਕੇ ਉਮਰ ਨੂੰ ਹਲਾਤਾਂ ਨਾਲ ਜਰਬਾ-ਤਕਸੀਮਾਂ ਦੇ ਦਿੱਤੀ ਸਨ।
ਮੈਂ ਭੂਆ ਦੇ ਬਿਲਕੁਲ ਨਜ਼ਦੀਕ ਜਾ ਕੇ ਚੁਪਚਾਪ ਖੜਾ ਹੋ ਗਿਆ ਉਹ ਵੇਖ ਕੇ ਹੈਰਾਨ ਜਹੀ ਹੋ ਗਈ ਤੇ ਕਹਿਣ ਲੱਗੀ “ਵੇਖਦਾ ਕੀ ਏ, ਔਹ ਈ ਦਰਵਾਜ਼ੇ ਉਹਲੇ ਮੀਟਰ ਲੱਗਾ ਦਾ, ਮੂੰਹ ਚ ਕੁੰਗਨੀਆਂ ਪਾਈਆਂ ਨੇ, ਦਵਾ-ਦਵ ਲੰਘੀ ਆਉਨਾ ਏ, ਦਰਵਾਜ਼ਾ ਨਈਂ ਖੜਕਾਇਆ ਜਾਂਦਾ, ਔਹ ਈ ਮੀਟਰ….. ਵੇਖ ਲੈ ਜਾ ਕੇ… ਜਾਹ-ਜਾਹ, ਮੇਰੇ ਮੂੰਹ ਵੱਲ ਕੀ ਵੇਖ ਰਿਹਾ ਹੈ ਬਿਟਰ ਬਿਟਰ।“…. ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਮੈਂ ਅੱਖਾਂ ਵਿੱਚੋਂ ਟਪਕਣ ਨਾ ਦਿੱਤੇ ਬੜੀ ਮੁਸ਼ਕਿਲ ਨਾਲ ਹੰਝੂ ਰੋਕੇ ਭੂਆ ਨੂੰ ਨਜ਼ਦੀਕ ਤੋਂ ਵੇਖ ਕੇ। ਉਸ ਨੇ ਫਿਰ ਕਿਹਾ, “ਪਾਗਲ ਏਂ ਤੈਨੂੰ ਸੁਣਦਾ ਨਹੀਂ, ਔਹ ਈ ਮੀਟਰ“। ਭੂਆ ਨੇ ਮੈਨੂੰ ਮੀਟਰ ਰੀਡਰ ਸਮਝਿਆ ਸੀ।
ਮੈਂ ਭੂਆ ਨੂੰ ਗਹੁ ਨਾਲ ਨਜ਼ਰਾਂ ਟਿਕਾ ਕੇ ਵੇਖਿਆ ਤੇ ਮੋਢੇ ਤੋਂ ਫੜਕੇ ਕਿਹਾ, “ਭੂਆ, ਮੈਂ ਬਿੰਦ ਹਾਂ। ਮੇਰਾ ਨਾਂਅ ਸੁਣਦੇ ਹੀ ਭੂਆ ਦੀ ਚੀਕ ਨਿਕਲ ਗਈ। ਉਸ ਨੇ ਮੋਹ ਨਾਲ ਘੁਟ ਕੇ ਗਲੇ ਨਾਲ ਲਾ ਲਿਆ।ਛੱਜ ਕਿਤੇ… ਚੌਲ ਕਿਤੇ…. ਚੰੁਨੀ ਕਿਤੇ ਜਾ ਪਈ। ਰਮਲੀ-ਕਮਲੀ ਹੋਈ ਭੂਆ ਨੇ ਸਾਰੇ ਪਿੰਡ ਵਿੱਚ ਦੁਹਾਈ ਪਾ ਦਿੱਤੀ…. ਲੋਕੋ ਮੇਰੇ ਪੇਕੇ ਆਏ ਜੇ…. ਲੋਕੋ ਮੇਰੇ ਪੇਕੇ ਆਏ ਜੇ… ਮੇਰਾ ਵੀਰ ਬਿੰਦ ਆਇਆ ਲੋਕੋ… ਲੋਕੋ ਮੇਰੇ ਪੈਕੇ ਆਏ। ਭੂਆ ਦੀ ਉਚੀ ਆਵਾਜ਼ ਸੁਣ ਕੇ ਉਸ ਦੀਆਂ ਦਰਾਣੀਆਂ, ਜਠਾਣੀਆਂ ਜਿਸ ਹਾਲ ਵਿੱਚ ਸਨ ਦੌੜ ਆਈਆਂ। ਮੇਰੇ ਪੇਕੇ ਆਏ ਲੋਕੋ….। ਭੂਆ ਖੁਸ਼ੀ ਵਿੱਚ ਜਿਵੇਂ ਪਾਗਲ ਹੋ ਗਈ ਹੋਵੇ।ਮੇਰੀਆਂ ਅੱਖਾਂ ਵਿੱਚ ਹੰਝੂਆਂ ਦੀ ਝੱੜੀ ਲੱਗ ਗਈ ਤੇ ਭੂਆ ਦੇ ਹੰਝੂ ਵਹਿ ਤੂਰੇ। ਭੂਆ ਸਭ ਨੂੰ ਕਹਿ ਰਹਿ ਸੀ ਮੇਰਾ ਵੀਰ ਬਿੰਦ ਆਇਆ ਏ…. ਲੋਕੋ ਮੇਰੇ ਪੇਕੇ ਆਏ। ਭੂਆ ਨੇ ਤੇਲ ਦੀ ਕੜਾਹੀ ਰੱਖ ਦਿੱਤੀ ਪਕੋੜਿਆਂ ਲਈ। ਇੱਕ ਜਨਾਨੀ ਬਜ਼ਾਰ ਭੇਜ ਦਿੱਤੀ।
ਭੂਆ ਦਾ ਚਾਅ ਜਿਵੇਂ ਸੱਤ ਅਸਮਾਨਾਂ ਨੂੰ ਚੀਰ ਗਿਆ ਹੋਵੇ ਤੇ ਉਸ ਨੂੰ ਸਾਬਿਤ ਕਰ ਦਿੱਤਾ ਕਿ ਰਿਸ਼ਤਿਆਂ ਦੀ ਮਹਿਕ ਲੋਕੋ ਨਹੀਂ ਮਰਦੀ।
ਖਾਣ ਪੀਣ ਵਾਲੀਆਂ ਕਈ ਚੀਜ਼ਾਂ ਭੂਆ ਨੇ ਮੇਰੇ ਅੱਗੇ ਰੱਖ ਦਿੱਤੀਆਂ। ਭੂਆ ਮੇਰੇ ਕੋਲ ਬੈਠ ਗਈ। ਸਭਨਾ ਦੀ ਸੁੱਖ-ਖੈਰ ਪੁੱਛੀ। ਮੇਰੇ ਬਾਰੇ ਪੁਛਿਆ, ਤੂੰ ਕੀ ਕਰਦਾ ਏ, ਬੱਚੇ ਕਿੰਨੇ ਹਨ? ਕੀ ਕਰਦੇ ਹਨ? ਭਰਜਾਈ ਦਾ ਕੀ ਹਾਲ ਏ? ਕਈ ਸਵਾਲ ਦਾਗ ਦਿੱਤੇ ਉਸ ਨੇ ਤੇ ਆਖ਼ਿਰ ਉਸ ਨੇ ਆਪਣੀ ਜਗਿਆਸਾ ਸ਼ਾਂਤ ਕਰਕੇ ਹੀ ਗੱਲ ਮੁਕਾਈ। ਮੈਂ ਭੂਆ ਨੂੰ ਕਈ ਸਵਾਲ ਕੀਤੇ। ਬੱਚਿਆਂ ਪ੍ਰਤੀ, ਪਰਿਵਾਰ ਪ੍ਰਤੀ, ਦੁੱਖ-ਸੁੱਖ ਪ੍ਰ਼ਤੀ ਆਦਿ। ਭੂਆ ਘਰ ਵਿੱਚ ਕੱਲੀ ਸੀ। ਉਸਦੇ ਦੋਵੇ ਲੜਕੇ ਚੰਗੇ ਪੜ੍ਹ ਲਿਖ ਕੇ ਨੌਕਰੀ ਕਰਦੇ ਸਨ? ਦੋਵੇ ਲੜਕੀਆਂ ਵਿਆਹੀਆਂ ਹੋਈਆਂ ਸਨ। ਫੁੱਫੜ ਨੌਕਰੀ ਤੇ ਗਿਆ ਹੋਇਆ ਸੀ।
ਮੈਂ ਭੂਆ ਨੂੰ ਕਿਹਾ, “ਭੂਆ ਅਸੀਂ ਕਦੀ ਯਾਦ ਆਏ, ਭੂਆ ਭੁੱਬੀ-ਭੁੱਬੀ ਰੋਣ ਲੱਗ ਗਈ। ਡੁਸਕਦੀ ਹੋਈ ਚੁੰਨੀ ਨਾਲ ਹੰਝੂ ਪੂੰਝਦੀ ਹੋਈ ਨੇ ਕਿਹਾ, “ਬਿੰਦ, ਪੇਕਿਆਂ ਦੀ ਕਿਸ ਧੀ ਨੂੂੰ ਯਾਦ ਨਹੀਂ ਆਉਂਦੀ। ਯਾਦ ਕਰ-ਕਰ ਕੇ ਰੋ ਛੱਡਦੀ ਸਾਂ। ਰਿਸ਼ਤੇਦਾਰਾਂ ਕੋਲ ਸੁਖ-ਸਾਂਦ ਪੁੱੱਛ ਛੱਡਦੀ ਸਾਂ। ਧੀਆਂ ਜਦੋਂ ਬਿਗਾਨੇ ਘਰ ਚਲੀਆਂ ਜਾਂਦੀਆਂ ਨੇ ਨਾ ਬਿੰਦ ਫਿਰ ਉਨ੍ਹਾਂ ਦੀ ਮਰਜ਼ੀ ਨਹੀਂ ਚਲਦੀ। ਮੈਂ ਮਜ਼ਬੂਰ ਸਾਂ, ਕੀ ਕਰ ਸਕਦੀ ਸਾਂ। ਯਾਦ ਤਾਂ ਸਾਰੀਆਂ ਦੀ ਬੜੀ ਆਉਂਦੀ ਏ, ਭਰਜਾਈ ਨੇ ਤਾਂ ਮਾਵਾਂ ਤੋਂ ਵੱਧ ਪਿਆਰ ਦਿੱਤਾ ਏ, ਕਿੰਝ ਭੁੱਲਾ ਸਕਦੀ ਏ ਕੋਈ ਧੀ ਆਪਣੇ ਪੇਕਿਆਂ ਨੂੰ ਬਿੰਦ।“
ਮੈਨੂੰ ਜਲਦੀ ਵੀ ਸੀ। ਮੈਂ ਭੂਆ ਨੂੰ ਕਿਹਾ ਕਿ ਮੈਂ ਹੁਣ ਫਿਰ ਕਿਤੇ ਆਵਾਂਗਾ। ਲੇਟ ਹੋ ਰਿਹਾ ਹਾਂ। ਬਾਰਡਰ ਦੇ ਇੱਕ ਪਿੰਡ ਵਿਖੇ ਜ਼ਰੂਰੀ ਕੰਮ ਮਹਿਕਮੇ ਵੱਲੋਂ ਆਇਆ ਹਾਂ। ਉਸਨੇ ਮੋਢੇ ਤੇ ਹੱਥ ਰੱਖਦਿਆਂ ਹੋਇਆ ਕਿਹਾ ਬਿੰਦ, ਤੂੰ ਤਾਂ ਹੁਣ ਮਿਲਿਆ ਗਿਲਿਆ ਕਰ ਨਾ। ਵਹੁਟੀ ਨੂੰ ਲਿਆਈ, ਬੱਚਿਆਂ ਨੂੰ ਲਿਆਈ, ਭਰਜਾਈ ਤੇ ਭਰਾ ਜੀ ਨੂੰ ਮੇਰੀ ਸਤਿ ਸ੍ਰੀ ਆਕਾਲ ਕਹੀਂ ਤੇ ਉਹ ਫਿਰ ਭੁੱਬੀ-ਭੁੱਬੀ ਰੋ ਪਈ ਤੇ ਮੇਰੇ ਹੰਝੂ ਵੀ ਨਿਕਲ ਆਏ। ਮੈਂ ਭੂਆ ਦੇ ਪੈਰ੍ਹੀ ਹੱਥ ਲਾਇਆ। ਉਸ ਨੂੰ ਮੋਹ ਭਰੀ ਗਲਵਕੜੀ ਵਿੱਚ ਲਿਆ। ਉਸ ਨੇ ਮੇਰਾ ਮੱਥਾ ਚੁੰਮ ਕੇ ਮੈਨੂੰ ਕਈ ਅਸੀਸਾਂ ਦਿੱਤੀਆਂ।
ਮੈਂ ਸਕੂਟਰ ਸਟਾਰਟ ਕਰਕੇ ਨਹਿਰ ਟੱਪ ਕੇ ਮੁੜ ਸੜਕ ਤੇ ਸਕੂਟਰ ਖੜ੍ਹਾ ਕਰਕੇ ਫਿਰ ਪਿੱਛੇ ਵੇਖਿਆ ਤਾਂ ਭੂਆ ਦਰਵਾਜ਼ੇ ਵਿੱਚ ਮੇਰੇ ਵੱਲ ਨਜ਼ਰਾਂ ਗਡੀ ਖੜ੍ਹੀ ਸੀ ਉਹ ਅਜੇ ਵੀ ਦਰਵਾਜੇ ਵਿੱਚ ਖੜ੍ਹੀ ਸੀ। ਰਿਸ਼ਤਿਆਂ ਦੀ ਮਜ਼ਬੂਤ ਦਹਿਲੀਜ਼ ਤੇ ਜਿਨ੍ਹਾਂ ਦੀ ਖੁਸ਼ਬੂਅ ਕਦੀ ਨਹੀਂ ਮਰਦੀ… ਕਦੀ ਨਹੀਂ ਮਰਦੀ।
ਬਲਵਿੰਦਰ ਬਾਲਮ ਗੁਰਦਾਸਪੁਰ