ਪੰਜਾਬੀ ਦਾ ਸੱਤਿਆਨਾਸ- ਅਮਰਜੀਤ ਚੰਦਨ

ਪੰਜਾਬੀ ਦਾ ਸੱਤਿਆਨਾਸ-  ਅਮਰਜੀਤ ਚੰਦਨ
ਸ਼ਬਦ ਦੇ ਪੂਰਣ ਗਿਆਨ ਤੇ ਸਹੀ ਵਰਤੋਂ ਨਾਲ਼ ਲੋਕ-ਪਰਲੋਕ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ । – (ਪਾਤੰਜਲੀ)
(1) “ਇਕ” ਦੀ ਦੁਰਵਰਤੋਂ :- ਠੇਠ ਪੰਜਾਬੀ ਦਾ ਸਰੂਪ 19ਵੀਂ ਸਦੀ ਦੇ ਅੱਧ ‘ਚ ਬਾਈਬਲ ਦੇ ਪੰਜਾਬੀ ਵਿਚ ਛਪੇ ਉਲੱਥੇ ਨਾਲ਼ ਵਿਗੜਨ ਲੱਗਾ ਸੀ । ਚਾਰ-ਪੰਜ ਦਹਾਕਿਆਂ ‘ਚ ਪੰਜਾਬੀ ਅੰਗਰੇਜ਼ੀ ਪੜ੍ਹ-ਸਿਖ ਕੇ ਜਦ ਸਾਹਿਤਕਾਰੀ ਪੱਤਰਕਾਰੀ ਕਰਨ ਲੱਗੇ, ਤਾਂ ਉਹ ਅਚੇਤ ਹੀ ਅਪਣੀ ਬੋਲੀ ਦਾ ਵਾਕ ਅੰਗਰੇਜ਼ੀ ਵਾਂਙ ਬੰਨ੍ਹਣ ਲੱਗੇ ਨਾਲ਼ ਹੀ ਅੰਗਰੇਜ਼ੀ ਆਰਟੀਕਲ
‘ਏ’ ‘ਐਨ’ (a, an) ਦੀ ਰੀਸੇ “ਇਕ” ਦੀ ਐਸੀ ਪੋਹਲ਼ੀ ਉੱਗੀ ਕਿ ਹੁਣ ਇਹਨੂੰ ਪੁੱਟ ਸੁੱਟਣਾ ਬੜਾ ਔਖਾ ਹੈ । ਭਾਈ ਵੀਰ ਸਿੰਘ ਦੀ ਲਿਖਤ ਤੋਂ ਲੈ ਕੇ ਅਜੋਕੀ ਹਰ ਲਿਖਤ “ਇਕ” ਦੇ ਕੋਕੜੂਆਂ ਨਾਲ਼ ਭਰੀ ਪਈ ਮਿਲ਼ਦੀ ਹੈ । ਖ਼ਾਸ ਕਰਕੇ ‘ਅੰਮ੍ਰਿਤਾ ਪ੍ਰੀਤਮ’ ਤੇ ‘ਸੰਤ ਸਿੰਘ ਸੇਖੋਂ’ ਦੀ ਲਿਖਤ ਵਿਚ “ਇਕ” ਦੀ ਭਰਮਾਰ ਹੁੰਦੀ ਹੈ । ਕਵਿਤਾ ਤੇ ਨਾਟਕ ਵਿਚ ਇਕ ਦੀ ਲੱਗੀ ਹਿਚਕੀ ਨਾਲ਼ ਤਾਂ ਬਹੁਤ ਬੇਸਵਾਦੀ ਹੁੰਦੀ ਹੈ ।
ਉਸਤਾਦ ਪਹਿਲੀ ਜਮਾਤ ‘ਚ ਬੱਚੇ ਨੂੰ ਸਬਕ ਸਿਖਾਉਂਦਾ ਹੈ
– ਦਿਸ ਇਜ਼ ਏ ਬੁਕ – ਇਹ ਇਕ ਕਿਤਾਬ ਹੈ ।
? ਉਹ ਪੰਜਾਬੀ ਨਹੀਂ ਪੜ੍ਹਾਉਂਦਾ ਕਿ :-
– ਇਹ ਕਿਤਾਬ ਹੈ ।
ਇਹ ਪੱਕੀ ਗੱਲ ਹੈ ਕਿ ਕਵੀ ਹੀ ਚੰਗੀ ਨਸਰ ਲਿਖ ਸਕਦਾ ਹੈ ਕਵੀ ਨੂੰ ਬੋਲੀ ਦੇ ਸੰਗੀਤ ਦਾ ਵੱਧ ਪਤਾ ਹੁੰਦਾ ਹੈ । ਲਿਖਿਆ ਵਾਕ ਸੁਰਲਿਪੀ ਹੀ ਤਾਂ ਹੁੰਦਾ ਹੈ । ਕਵੀ ਪੂਰਨ ਸਿੰਘ ਤੋਂ ਲੈ ਕੇ ਅਜੋਕੇ ਕਹਿੰਦੇ-ਕਹਾਉਂਦੇ ਕਵੀਆਂ ਦੀ ਲਿਖਤ ਦਾ ਇਹ ਵੱਡਾ ਦੋਸ਼ ਹੈ । ਮੈਂ “ਇਕ” ਦੇ ਵਿਪਰੀਤਸੁਰ ਦੀ ਬੀਮਾਰੀ ਦਾ “ਪਟਿਆਲ਼ੇ ਵਾਲ਼ੇ” ਪ੍ਰੋਫ਼ੈਸਰ ਪ੍ਰੀਤਮ ਸਿੰਘ ਨੂੰ ਪੁੱਛਿਆ, ਤਾਂ ਇਨ੍ਹਾਂ ਦੇ ਦਿੱਤੇ ਜਵਾਬ ਨਾਲ਼ ਮੈਂ ਬੋਲਣ ਜੋਗਾ ਨਾ ਰਿਹਾ । ਇਨ੍ਹਾਂ ਨੇ ਮੈਨੂੰ ਈਮੇਲ ਲਿਖੀ – ਮੈਂ ਹੁਣ ਤੱਕ “ਇਕ” ਅਚੇਤ ਹੀ ਵਰਤਦਾ ਰਿਹਾ ਹਾਂ; ਅੱਗੋਂ ਤੋਂ ਨਹੀਂ ਵਰਤਦਾ !
– ਪਰ ਪ੍ਰੋਫ਼ੈਸਰ ਪ੍ਰੀਤਮ ਸਿੰਘ “ਇਕ” ਦੀ ਦੁਰਵਰਤੋਂ ਕਰਨੋਂ ਨਹੀਂ ਹਟੇ ।“ਇਕ” ਦੀ ਕਸਰ ਮੈਨੂੰ ਵੀ ਸੀ, ਪਰ ਸੰਨ 1975 ਵਿਚ ਸੁਰਜੀਤ ਹਾਂਸ ਦੀ ਦਿੱਤੀ ਮੱਤ ਮੇਰੇ ਖ਼ਾਨੇ ਪੈ ਗਈ ।
* ਵੰਨਗੀਆਂ :- ਸੇਖੋਂ ਨੇ ਸਵੈ-ਜੀਵਨੀ ਉਮਰ ਦਾ ਪੰਧ (ਗੁਰੂ ਨਾਨਕ ਦੇਵ ਯੂਨੀਵਰਸਟੀ। 1989) ਦੇ ਸਫ਼ੇ 195 ਵਿਚ “ਇਕ” ਗਿਆਰਾਂ ਵਾਰ ਬੇਲੋੜਾ ਵਰਤਿਆ ਹੈ :-
– ਮੈਂ ਸਰਦਾਰ ਗੁਰਦਿਆਲ ਸਿੰਘ ਨੂੰ ਮਿਲਿਆ ਜੋ ਉਸੇ ਦਿਨ ਹੀ ਨਿਸਬਿਤ ਰੋਡ ਉੱਤੇ ਇਕ ਵੱਡੇ ਸਾਰੇ ਘਰ ਤੋਂ ਐਬਟ ਰੋਡ ਉੱਤੇ ਇਕ ਕੋਠੀ ਵਿਚ ਪ੍ਰਸਥਾਨ ਕਰ ਰਿਹਾ ਸੀ। ਕੁਝ ਦਿਨਾਂ ਪਿੱਛੋਂ ਮੈਂ ਆਪਣੀ ਪਤਨੀ ਨੂੰ, ਜਿਸ ਕੋਲ ਸਾਡਾ ਦੋ ਢਾਈ ਮਹੀਨੇ ਦਾ ਇਕ ਬਾਲਕ ਸੀ, ਲਾਹੌਰ ਲੈ ਆਇਆ ਤੇ ਅਸੀਂ ਨਿਸਬਿਤ ਰੋਡ ਉੱਤੇ ਇਕ ਮਕਾਨ ਦਾ ਕੁੱਝ ਹਿੱਸਾ ਲੈ ਕੇ ਰਹਿਣ ਲੱਗ ਪਏ। ਉਥੇ ਸਾਡੇ ਘਰ ਦੀ ਸਫ਼ਾਈ ਇਕ ਬਾਲਮੀਕੀ ਯੁਵਤੀ ਪ੍ਰਕਾਸ਼ੋ ਕਰਦੀ ਸੀ। ਹਰਚਰਨ ਸਿੰਘ ਬਾਜਵਾ ਪਾਸ ਉਸਦਾ ਇਕ ਭਾਣਜਾ ਤੇ ਕੁਝ ਹੋਰ ਮੁੰਡੇ ਆ ਕੇ ਰਿਹਾ ਕਰਦੇ ਸਨ। ਥੋੜ੍ਹੇ ਦਿਨਾਂ ਪਿਛੋਂ ਹੀ ਸਾਨੂੰ ਲਾਹੌਰ ਸ਼ਹਿਰ ਦੇ ਬਾਹਰ-ਬਾਹਰ ਆਰੀਆ ਨਗਰ ਦੀ ਬਸਤੀ ਵਿਚ ਇਕ ਕੋਠੀ ਦਾ ਇਕ ਛੋਟਾ ਭਾਗ, ਦੋ ਕਮਰੇ ਇਕ ਸਟੋਰ, ਇਕ ਗੁਸਲਖਾਨਾ ਤੇ ਇਕ ਵੱਖਰੀ ਰਸੋਈ ਪੰਦਰਾਂ ਰੂਪਏ ਮਹੀਨਾ ਕਰਾਏ ਉੱਤੇ ਮਿਲ ਗਏ ।
ਅੰਗਰੇਜ਼ੀ ਵਿਚ ਸੋਚਦਿਆਂ ਲਿਖੇ ਉਪਰਲੇ ਬੰਦ ਵਿਚ ਇਕ ਤੋਂ ਛੁੱਟ ਕੁਚੱਜੀ ਬੋਲੀ ਦੀ ਕਸਰ ਵੀ ਹੈ ।
ਇਹ ਠੇਠ ਪੰਜਾਬੀ ਵਿਚ ਇਸ ਤਰ੍ਹਾਂ ਲਿਖਿਆ ਜਾ ਸਕਦਾ ਸੀ ।
– ਮੈਂ ਸਰਦਾਰ ਗੁਰਦਿਆਲ ਸਿੰਘ ਨੂੰ ਮਿਲ਼ਿਆ, ਜੋ ਉਸੇ ਦਿਨ ਹੀ ਨਿਸਬਿਤ ਰੋਡ ਵਾਲ਼ਾ ਵੱਡਾ-ਸਾਰਾ ਘਰ ਛੱਡ ਕੇ ਐਬਟ ਰੋਡ ਵਾਲ਼ੀ ਕੋਠੀ ਨੂੰ ਚੱਲਿਆ ਸੀ । ਕੁਝ ਦਿਨਾਂ ਪਿੱਛੋਂ ਮੈਂ ਅਪਣੀ ਪਤਨੀ ਨੂੰ ਲਾਹੌਰ ਲੈ ਆਇਆ ਓਦੋਂ ਉਹਦੇ ਕੁੱਛੜ ਸਾਡਾ
ਦੋ-ਢਾਈ ਮਹੀਨੇ ਦਾ ਬਾਲ ਸੀ ਤੇ ਅਸੀਂ ਨਿਸਬਿਤ ਰੋਡ ’ਤੇ ਕਿਸੇ ਮਕਾਨ ਦੇ ਇਕ ਹਿੱਸੇ ਵਿਚ ਰਹਿਣ ਲੱਗ ਪਏ । ਉਥੇ ਸਾਡੇ ਘਰ ਦੀ ਸਫ਼ਾਈ ਬਾਲਮੀਕੀ ਕੁੜੀ ਪ੍ਰਕਾਸ਼ੋ ਕਰਦੀ ਸੀ । ਹਰਚਰਨ ਸਿੰਘ ਬਾਜਵੇ ਕੋਲ਼ ਉਹਦਾ ਭਾਣਜਾ ਤੇ ਕੁਝ ਹੋਰ ਮੁੰਡੇ ਆ ਕੇ ਰਹਿੰਦੇ ਹੁੰਦੇ ਸਨ । ਥੋੜ੍ਹੇ ਦਿਨਾਂ ਪਿੱਛੋਂ ਹੀ ਸਾਨੂੰ ਲਾਹੌਰ ਸ਼ਹਿਰ ਦੇ ਬਾਹਰ-ਬਾਹਰ ਆਰੀਆ ਨਗਰ ਦੀ ਬਸਤੀ ਵਿਚ ਪੰਦਰਾਂ ਰੁਪਏ ਮਹੀਨਾ ਕਿਰਾਏ ’ਤੇ ਕੋਠੀ ਮਿਲ਼ ਗਈ ਜਿਸ ਵਿਚ ਦੋ ਕਮਰੇ, ਸਟੋਰ, ਗ਼ੁਸਲਖ਼ਾਨਾ ਤੇ ਵੱਖਰੀ ਰਸੋਈ ਸੀ ।
– ਅੰਮ੍ਰਿਤਾ ਪ੍ਰੀਤਮ ਦੀ ਸਾਰੀ ਨਜ਼ਮ ਤੇ ਨਸਰ ਵਿਚ “ਇਕ” ਦੀ ਭਰਮਾਰ ਹੈ।
ਵੰਨਗੀ :- ਇਹਦੀ ਛੇ ਸਤਰਾਂ ਦੀ ਕਵਿਤਾ
ਇਮਰੋਜ਼ ਚਿਤ੍ਰਕਾਰ ਹੈ, ਜਿਸ ਵਿਚ ਪੰਜ ਵਾਰ ਬੇਲੋੜਾ “ਇਕ” ਵਰਤਿਆ ਹੈ ।
ਮੇਰੇ ਸਾਹਮਣੇ ਈਜ਼ਲ ਦੇ ਉੱਤੇ
ਇਕ ਕੈਨਵਸ ਪਈ ਹੈ
ਕੁਝ ਇੰਜ ਜਾਪਦਾ
ਕਿ ਕੈਨਵਸ ਤੇ ਲੱਗਾ ਰੰਗ ਦਾ ਟੋਟਾ
ਇਕ ਲਾਲ ਟਾਕੀ ਬਣ ਕੇ ਹਿਲਦਾ ਹੈ
ਤੇ ਹਰ ਇਨਸਾਨ ਦੇ ਅੰਦਰ ਦਾ ਪਸ਼ੂ
ਇਕ ਸਿੰਗ ਚੁੱਕਦਾ ਹੈ ।
ਸਿੰਗ ਤਣਦਾ ਹੈ ਤੇ ਹਰ ਕੂਚਾ ਗਲੀ ਬਾਜ਼ਾਰ
ਇਕ ‘ਰਿੰਗ’ ਬਣਦਾ ਹੈ ।
ਤੇ ਮੇਰੀਆਂ ਪੰਜਾਬੀ ਰਗਾਂ ਵਿਚ
ਇਕ ਸਪੇਨੀ ਰਵਾਇਤ ਖ਼ੌਲਦੀ ਹੈ …
–( ਮੈਂ ਜਮ੍ਹਾ ਤੂੰ. ਨਾਗਮਣੀ ਪ੍ਰਕਾਸ਼ਨ. 1977)
ਪਿਛਲੇ ਦੋ ਦਹਾਕਿਆਂ ‘ਚ ਪੰਜਾਬੀ ਪੱਤਰਕਾਰੀ ਦੀ ਬੋਲੀ ਇਕਦਮ ਬਦਲ ਗਈ ਹੈ । ਚੰਡੀਗੜ੍ਹ, ਪਟਿਆਲ਼ੇ ਤੇ ਲੁਧਿਆਣੇ ਵਾਲ਼ੀਆਂ ਯੂਨੀਵਰਸਟੀਆਂ ਨੇ ਪਤ੍ਰਕਾਰੀ ਦੇ ਵਿਭਾਗ ਖੋਲ੍ਹੇ ਹੋਏ ਹਨ । ਇਨ੍ਹਾਂ ਦੇ ਸਿਖਾਏ ਬੋਲੀ ਦਾ ਅੱਗੇ ਹੋਰ ਘਾਣ ਕਰੀ ਜਾਂਦੇ ਹਨ । ਇਸ ਮਸਲੇ ਦੀ ਜੜ੍ਹ ਵੀ ਅੰਗਰੇਜ਼ੀ ਹੀ ਹੈ । ਅਖ਼ਬਾਰਾਂ ਦੀਆਂ ਤਕਰੀਬਨ ਸਾਰੀਆਂ ਖ਼ਬਰਾਂ ਅੰਗਰੇਜ਼ੀ ਤੋਂ ਉਲਥਾਈਆਂ ਹੁੰਦੀਆਂ ਹਨ । ਕੰਮ ਦੇ ਗਾੜ੍ਹ ਕਰਕੇ ਤੇ ਅਪਣੀ ਕਿਰਤ ਤੇ ਬੋਲੀ ਨਾਲ਼ ਪਿਆਰ ਨਾ ਹੋਣ ਕਰਕੇ ਖ਼ਬਰਚੀ ਵਗਾਰ ਪੂਰੀ ਕਰ-ਕਰ ਰੋਜ਼ਾਨਾ ਅਖ਼ਬਾਰ ਦਾ ਖੂਹ ਜਿੱਡਾ ਢਿੱਡ ਭਰ ਕੇ ਸੁੱਖ ਦੀ ਨੀਂਦ ਸੌਂ ਜਾਂਦੇ ਹਨ। (ਪਤ੍ਰਕਾਰ ਤੁਰਕੀ ‘ਚ ਖ਼ਬਰਚੀ ਹੁੰਦਾ ਹੈ ਓਵੇਂ ਜਿਵੇਂ ਪੰਜਾਬੀ ‘ਚ ਤੁਰਕੀ ਦੇ ਸ਼ਬਦ ਮਿਸ਼ਾਲਚੀ, ਨਿਸ਼ਾਨਚੀ, ਖ਼ਜ਼ਾਨਚੀ ਵਗ਼ੈਰਾ ਸਮਾਏ ਹੋਏ ਹਨ) ਪੰਜਾਬੀ ਖ਼ਬਰਚੀਆਂ ਤੇ ਯੂਨੀਵਰਸਟੀ ਦੇ ਉਸਤਾਦਾਂ ਦੀ ਬੋਲੀ ਭਾਵੇਂ ਰਲ਼ਦੀ-ਮਿਲ਼ਦੀ ਹੈ ਪਰ ਅਜੋਕੀ ਅਖ਼ਬਾਰੀ ਬੋਲੀ ਦੀਆਂ ਕੁਝ ਮਿਸਾਲਾਂ ਹਨ :-
– ਹਿੰਦੀ ਅਖ਼ਬਾਰਾਂ ਤੇ ਟੈਲੀਵੀਜ਼ਨ ਦੀ ਰੀਸੇ ਪੰਜਾਬੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਮਦਾਰੀ-ਜਮੂਰੇ ਵਾਂਙ ਬੋਲਦੀਆਂ ਹਨ :-
1) ਬਸਪਾ ਦੇ ਚੋਣ ਗੱਠਜੋੜ ਬਾਰੇ ਭੰਬਲਭੂਸਾ ਕਾਇਮ ਰੱਖਿਆ ਮਾਇਆਵਤੀ ਨੇ ਲਾਲਪੁਰ ਨੇ ਦਿੱਤਾ ਪੀ ਏ ਸੀ ਤੋਂ ਅਸਤੀਫ਼ਾ (ਨਵਾਂ ਜ਼ਮਾਨਾ, 7 ਮਾਰਚ 2004);
2) ਦੇਰ ਤਕ ਯਾਦ ਰਹੇਗਾ ਪੱਖੋਕੇ ‘ਚ
ਲੱਗਿਆ ਮੇਲਾ (ਪੰਜਾਬੀ ਟ੍ਰਿਬਿਊਨ, 7 ਮਾਰਚ, 2004)।
3) ਪੰਜਾਬੀ ਅਖ਼ਬਾਰ ਪੰਜਾਬੀ ਵਿਆਕਰਣ ਦੇ ਵਿਕਾਰੀ ਰੂਪ ਦਾ ਨਿਯਮ (ਰੂਲ ਆੱਵ ਔਬਲੀਕ ਫ਼ੌਰਮ) ਤਿਆਗ ਕੇ ਹਿੰਦੀ ਦੇ ਰੀਸੇ ਲੁਧਿਆਣੇ ‘ਚ ਕਤਲ ਦੀ ਥਾਂ ਲੁਧਿਆਣਾ ‘ਚ ਕਤਲ ਲਿਖਣ ਲਗ ਪਏ ਹਨ। ਪੰਜਾਬ ਦੀ ਆਵਾਜ਼ ਅਜੀਤ ਦੀ ਵੈੱਬਸਾਈਟ ‘ਤੇ 20 ਮਾਰਚ 2004 ਨੂੰ ਇਹ ਖ਼ਬਰ ਲੱਗੀ:…
* ਕੋਟਕਪੂਰਾ ਦੇ ਨੌਜਵਾਨ ਨਾਲ ਠੱਗੀ ।
ਇਹ ਤਾਂ ਖ਼ਬਰ ਲਿਖਣ ਵਾਲ਼ਾ ਹੀ ਦਸ ਸਕਦਾ ਹੈ ਕਿ ਉਹਨੇ ਪੰਜਾਬੀ ਦਾ ਮੁਹਾਵਰਾ ਵਰਤਦਿਆਂ…ਕੋਟਕਪੂਰੇ ਦੇ ਨੌਜਵਾਨ ਨਾਲ ਠੱਗੀ ਕਿਉਂ ਨਹੀਂ ਲਿਖਿਆ
? ਕਿਸੇ ਪੰਜਾਬੀ ਨੂੰ ਪੰਜਾਬੀ ਦੀ ਵਿਆਕਰਣ ਚਿਤਾਰਨ ਨਾਲ਼ੋਂ ਉਦਾਸ ਗੱਲ ਹੋਰ ਕਿਹੜੀ ਹੋਣੀ ਹੈ! ਨਿਯਮ ਤਾਂ ਇਹ ਹੈ ਕਿ ਪੰਜਾਬੀ ਦੇ ਪੁਲਿੰਗ ਸ਼ਬਦ ਦੇ ਆਖ਼ਿਰ ਚ ‘ਆ’ ਸੰਬੰਧਕ (ਪੋਸਟ ਪੁਜ਼ੀਸ਼ਨ) ਲਗਦਾ ਹੈ, ਤਾਂ ਆ ਤੋਂ ‘ਏ’ ਬਣ ਜਾਂਦਾ ਹੈ। (ਇਹ ਨੇਮ ਕੁਝ ਸ਼ਬਦਾਂ ‘ਤੇ ਨਹੀਂ ਢੁੱਕਦਾ; ਜਿਵੇਂ ਪਰਮਾਤਮਾ, ਅੱਲ੍ਹਾ ਜਾਂ ਭਰਾ ਵਗ਼ੈਰਾ।) ਸ਼ਾਇਦ ਕਿਸੇ ਦਿਨ ਸਾਡੇ ਖ਼ਬਰਚੀ
“ਉਹਨੂੰ ਕੁੱਤੇ ਨੇ ਵੱਢਿਆ” ਦੀ ਥਾਂ “ਉਸਨੂੰ ਕੁੱਤਾ ਨੇ ਕੱਟਿਆ” ਲਿਖਣ ਲਗ ਜਾਣ !
ਹੁਣ ਅਖ਼ਬਾਰ “ਪਟਿਆਲਿਓਂ” ਆਈਆਂ ਖ਼ਬਰਾਂ ਨਹੀਂ ਛਾਪਦੇ, “ਪਟਿਆਲਾ ਤੋਂ” ਆਈਆਂ ਖ਼ਬਰਾਂ ਛਾਪਦੇ ਹਨ ।
3) ਆਮ ਗ਼ਲਤੀਆਂ:- “ਕਹਿਣਾ ਚਾਹੁੰਦਾ ਹਾਂ” ਦੀ ਥਾਂ “ਕਹਿਣਾ ਚਾਹਵਾਂਗਾ”—– “ਕਰਨ ਲੱਗਾ ਹਾਂ” ਦੀ ਥਾਂ “ਕਰਨ ਜਾ ਰਿਹਾ ਹਾਂ”।
“ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ ? ਦੀ ਥਾਂ “ਤੁਸੀਂ ਇਸਨੂੰ ਕਿਵੇਂ ਲੈਂਦੇ ਹੋ”।
“ਫ਼ੈਸਲਾ ਕਰਨਾ” ਹੁਣ “ਫ਼ੈਸਲਾ ਲੈਣਾ” ਹੋ ਚੁੱਕਾ ਹੈ । ਹਿੰਦੀ ਦੇ ਸ਼ਬਦ ਦਵਾਰਾ ਤੇ ਅੰਗਰੇਜ਼ੀ ਦੇ ਬਾਈ (by) ਦੀ ਰੀਸੇ “…ਦੀ ਲਿਖੀ ਕਿਤਾਬ” ਨੂੰ “…ਵੱਲੋਂ ਲਿਖੀ ਕਿਤਾਬ” ਛਪਿਆ ਹੁੰਦਾ ਹੈ। ਅੰਗਰੇਜ਼ੀ ਸ਼ਬਦ ਔਨ/ਐਟ (on/at) ਬਿਨਾਂ ਸੋਚਿਆਂ ‘ਉੱਤੇ’ ਇਸ ਤਰ੍ਹਾਂ ਬਣਾਇਆ ਹੁੰਦਾ ਹੈ – ਕਹਾਣੀ ਉੱਤੇ ਫ਼ਿਲਮ/ ਫ਼ਲਾਨੀ ਕਿਤਾਬ ਉੱਤੇ ਗੋਸ਼ਟੀ ।
ਬਲਵੰਤ ਗਾਰਗੀ ਨੇ ਦੇਰ ਹੋਈ ਲੇਖ ਲਿਖਿਆ ਸੀ – ਸੁਰਿੰਦਰ ਕੌਰ ਉੱਤੇ ਫ਼ਿਲਮ ।
ਮੈਂ ਇਹਨੂੰ ਚਿੱਠੀ ਲਿਖੀ ਸੀ ਕਿ ਤੁਸੀਂ ਸੁਰਿੰਦਰ ਕੌਰ ਦੀ ਫ਼ਿਲਮ ਬਣਾਈ ਹੋਣੀ ਹੈ, ਨਾ ਕਿ ਉਹਦੇ ਉੱਤੇ !
– ਅਮਰਜੀਤ ਚੰਦਨ