ਉਮਰ ਕਰੀਬ ਸੱਤ ਅੱਠ ਸਾਲ ਦੀ ਹੋਣੀ ਆ। ਉਹਨਾਂ ਦਿਨਾਂ ਵਿਚ ਛੋਟੀ ਮਸ਼ੀਨ ਨਾਲ ਕਣਕਾਂ ਗਾਹੁੰਦੇ ਹੁੰਦੇ ਸੀ ਤੇ ਸਾਰੀ ਰਾਤ ਮਸ਼ੀਨ ਚੱਲੇ ਤਾਂ ਵੀ ਰਾਤੋ ਰਾਤ ਇਕੋ ਕਿੱਲੇ ਦੀ ਗਹਾਈ ਹੁੰਦੀ ਸੀ। ਮੇਰੀ ਡਿਉਟੀ ਮਸ਼ੀਨ ਹੇਠੋਂ ਦਾਣੇ ਪਰਾਂ ਕਰਨ ਦੀ ਹੁੰਦੀ ਸੀ ਤੇ ਤਿੰਨਾਂ ਵੇਲਿਆਂ ਦੀ ਰੋਟੀ ਢੋਣ ਦੀ। ਕਣਕਾਂ ਦੇ ਵੱਢ ਵਿਚੋ ਸੂਲਾਂ ਚੁਭਣ ਦੇ ਡਰੋ ਪੈਰ ਏਸ ਹਿਸਾਬ ਨਾਲ ਰੱਖੀਦਾ ਸੀ ਕਿ ਚੱਪਲਾਂ ਵਿਚੋ ਵੀ ਕੋਈ ਸੂਲ ਪੈਰ ਲਾਲ ਨਾ ਕਰ ਦੇਵੇ। ਸਮੇਂ ਸਧਾਰਨ ਸਨ ਜਿਸ ਕਰਕੇ ਕਈ ਵਾਰ ਟੁੱਟੀਆਂ ਚੱਪਲਾਂ ਨਾਲ ਵੀ ਛੇ ਮਹੀਨੇ ਨਿਕਲ ਜਾਂਦੇ। ਇਕ ਪਾਸੇ ਕਣਕ ਦੀਆਂ ਭਰੀਆਂ ਦਾ ਢੇਰ ਲੱਗਾ ਹੋਣਾ ਤੇ ਦੂਜੇ ਪਾਸੇ ਪੋਲੀ ਪੋਲੀ ਤੂੜੀ ਦਾ। ਕੰਡ ਬੜੀ ਲੜਨੀ ਤੇ ਕਈ ਵਾਰ ਗੁੱਸਾ ਵੀ ਆਉਣਾ ਕਿ ਕੰਡ ਲੜਦੀ ਏ ਪਰ ਫਿਰ ਵੀ ਖੇਡਦੇ ਮੱਲਦੇ ਡੰਗ ਟਪਾਉਣਾ। ਇਹੋ ਜਿਹੇ ਇਕ ਦਿਨ ਵਿਚ ਜਿੰਦਗੀ ਦਾ ਬੜਾ ਵੱਡਾ ਸਬਕ ਮੇਰੇ ਦਾਦਾ ਜੀ ਸ੍. ਮਹਿੰਦਰ ਸਿੰਘ ਹੋਰਾਂ ਮੈਨੂੰ ਦਿਤਾ । ਸਰਦੀ ਅਜੇ ਗਈ ਨਹੀ ਸੀ ਤੇ ਗਰਮੀ ਅਜੇ ਆਈ ਨਹੀ ਸੀ। ਬੱਦਲ ਮੰਡਰਾ ਰਹੇ ਸਨ ਜਿਸ ਕਰਕੇ ਡੈਡੀ ਹੋਰਾਂ ਨੇ ਕਣਕ ਪੱਕੀ ਹੋਣ ਕਰਕੇ ਮਸ਼ੀਨ ਲਾ ਲਈ।
ਡੈਡੀ ਹੋਰਾਂ ਨੇ ਲੇਬਰ ਵੀ ਸੱਦ ਲਈ ਤੇ ਮੈਨੂੰ ਜਿੰਮੇਵਾਰੀ ਦਿੱਤੀ ਕਿ ਤੂੰ ਦੁਪਿਹਰ ਦੀ ਰੋਟੀ ਲੈ ਕੇ ਆ ਜਾਵੀਂ। ਦੁਪਿਹਰੇ ਮੈਂ ਦਾਲ ਰੋਟੀ, ਅੰਬ ਦਾ ਅਚਾਰ ਤੇ ਗੁੱੜ ਗੰਢਾ ਲੈ ਕੇ ਬੰਬੀ ਤੇ ਚਲਾ ਗਿਆ। ਲੇਬਰ ਰੋਟੀ ਖਾ ਰਹੀ ਸੀ ਤੇ ਮੈਂ ਮਸ਼ੀਨ ਹੇਠੋ ਦਾਣੇ ਹਟਾ ਰਿਹਾ ਸੀ। ਦਾਣੇ ਹਟਾਉਦਿਆਂ ਮੇਰੇ ਹੱਥ ਕਾਗਜ਼ ਦਾ ਪੰਜਾਂ ਰੁਪੱਈਆਂ ਵਾਲਾ ਨੋਟ ਆ ਗਿਆ। ਮੈਂ ਖੁਸ਼ ਹੋਇਆ ਕਿ ਜਿਹੜੇ ਬੱਚੇ ਨੂੰ ਰੁਪੱਈਆ ਤਰਲਿਸਅਂ ਨਾਲ ਮਿਲਦਾ ਏ ਉਸ ਨੂੰ ਪੰਜ ਰੁਪੱਈਏ ਇਕੱਠੇ ਮਿਲ ਗਏ। ਮੈਂ ਚੁੱਪ ਚਾਪ ਉਹ ਨੋਟ ਜੇਬ ਵਿਚ ਪਾ ਲਿਆ ਤੇ ਜੇਬ ਵਿਚ ਪਾਉਂਦਿਆ ਮੈਨੂੰ ਕਿਸੇ ਮਜਦੂਰ ਨੇ ਵੇਖ ਵੀ ਲਿਆ ਜਿਸ ਦਾ ਮੈਨੂੰ ਪਤਾ ਨਾ ਲੱਗਾ। ਰਾਤ ਦਾਦਾ ਜੀ ਤੇ ਡੈਡੀ ਹੋਰੀ ਘਰੇ ਆਏ ਤੇ ਆਦਤ ਅਨੁਸਾਰ ਮੈਨੂੰ ਕਲਾਵੇ ਵਿਚ ਲਿਆ। ਮੈ ਵੀ ਦਾਦਾ ਜੀ ਨੂੰ ਭੱਜ ਕੇ ਜੱਫੀ ਪਾਈ। ਦਾਦਾ ਜੀ ਨੇ ਬੜੇ ਪਿਆਰ ਨਾਲ ਪੁੱਛਿਆ ਕਿ ਭਾਉ ਰੱਤੂ (ਮਜਦੂਰ ਦਾ ਨਾਮ) ਦੇ ਪੰਜ ਰੁਪੱਈਏ ਗਵਾਚੇ ਹਨ ਕਿਤੇ ਤੇਰੇ ਕੋਲ ਤਾਂ ਨਹੀ? ਮੈਂ ਸਾਫ ਮੁੱਕਰ ਗਿਆ। ਬਾਪੂ ਜੀ ਨੇ ਪਿਆਰ ਨਾਲ ਸਮਝਾਇਆ ਕਿ ਮੇਰੇ ਕੋਲੋਂ ਵੀਹ ਰੁਪਏ ਲੈ ਲਾ ਤੇ ਭਾਉ ਦੇ ਪੈਸੇ ਦੇ ਦੇ ਜੇ ਤੇਰੇ ਕੋਲ ਹੈਗੇ ਆ ਤੇ। ਮੈਂ ਦਵਾ ਦਵ ਅੰਦਰ ਗਿਆ ਤੇ ਰਾਤ ਨੂੰ ਸੌਣ ਵਾਲੇ ਬਿਸਤਰਿਆਂ ਵਿਚੋਂ ਪੰਜਾਂ ਦਾ ਨੋਟ ਕੱਢ ਕੇ ਬਾਪੂ ਜੀ ਨੂੰ ਦੇ ਦਿੱਤਾ। ਉਧਰੋਂ ਪੰਜਾਂ ਦਾ ਨੋਟ ਹੱਥੋਂ ਗਿਆ ਤੇ ਉਧਰੋਂ ਖੱਬੇ ਹੱਥ ਦਾ ਥੱਪੜ ਮੇਰੀ ਗੱਲ ਲਾਲ ਕਰ ਗਿਆ। ਮੈਨੂੰ ਸਮਝ ਆ ਗਿਆ ਸੀ ਕਿ ਸ਼ਾਇਦ ਇਹ ਕੰਮ ਗਲਤ ਹੁੰਦਾ ਹੋਵੇਗਾ ਨਹੀ ਤਾਂ ਬਾਲ ਮਨ ਨੂੰ ਕੀ ਪਤਾ ਲੱਗਦਾ ਕਿ ਕਿਹਾ ਕੰਮ ਗਲਤ ਏ ਤੇ ਕਿਹੜਾ ਸਹੀ! ਬਾਪੂ ਜੀ ਨੇ ਡੌਰ ਭੌਰ ਹੋਏ ਨੂੰ ਗੋਦੀ ਵਿਚ ਬਿਠਾ ਕੇ ਬੜੇ ਪਿਆਰ ਨਾਲ ਚੋਰੀ ਦੀ ਪਰਿਭਾਸ਼ਾ ਸਮਝਾਈ ਤੇ ਅੱਗੇ ਤੋਂ ਕੋਈ ਵੀ ਅਜਿਹਾ ਕੰਮ ਨਾ ਕਰਨ ਲਈ ਕਿਹਾ ਜਿਹੜਾ ਕੰਮ ਤੁਹਾਡੇ ਵੱਡਿਆਂ ਦਾ ਸਿਰ ਝੁਕਾ ਜਾਵੇ। ਉਸ ਦਿਨ ਤੋਂ ਬਾਦ ਨਿਯਮਤ ਤੌਰ ਤੇ ਮੇਰੀ ਕਲਾਸ(ਸਕੂਲ ਕਲਾਸ ਤੋਂ ਵੱਖਰੀ) ਲੱਗਣੀ ਸ਼ੁਰੂ ਹੋਈ ਜਿਸ ਵਿਚ ਸਮਾਜ ਵਿਚ ਕਿਵੇ ਵਿਚਰਨਾ ਏ ਉਸ ਬਾਰੇ ਬਾਪੂ ਜੀ ਮੈਨੂੰ ਦੱਸਦੇ ਰਹੇ, ਉਹਨਾਂ ਦੀਆਂ ਗੱਲਾਂਬਾਤਾਂ ਵਿਚ ਭਰਭੂਰ ਤਜ਼ੁਰਬਾ ਸੀ। ਤਜ਼ੁਰਬਾ ਸੀ ਸਾਂਝਾਂ ਨਿਭਾਉਣ ਦਾ, ਰਿਸ਼ਤੇ ਮਜਬੂਤ ਕਰਨ ਦਾ, ਇਖ਼ਲਾਕ ਉੱਚਾ ਕਰਨ ਦਾ। ਇਨਸਾਨ ਬਣਨ ਦਾ ਸਫਰ ਅਸਲ ਵਿਚ ਉਸੇ ਕਲਾਸ ਤੋਂ ਸ਼ੁਰੂ ਹੋਇਆ ਜਿਸ ਦੇ ਹੈਡਮਾਸਟਰ ਮੇਰੇ ਦਾਦਾ ਜੀ ਸਨ। ਦਾਦਾ ਜੀ ਪਾਕਿਸਤਾਨ ਦੇ ਦਸਵੀਂ ਪਾਸ ਸਨ ਪਰ ਭਾਰਤ ਆਉਦੇ ਹੀ ਸਭ ਤੋਂ ਵੱਡੀ ਚੁਣੌਤੀ ਆਪਣੇ ਪੈਰਾਂ ਸਿਰ ਹੋਣ ਦੀ ਸੀ, ਪੰਝੀ ਮੁਰੱਬੇ ਭੌਏਂ ਨੂੰ ਕੱਟ ਲਗਾ ਕੇ ਸਰਕਾਰ ਨੇ ਕੁਲ ਚਾਲੀ ਕੁ ਕਿਲੇ ਅਲਾਟ ਕੀਤੇ ਤੇ ਉਹ ਵੀ ਤਿੰਨ ਥਾਵਾਂ ਤੇ,। ਜਿੰਨਾ ਵਿਚ ‘ਸ਼ਾਹਬਾਦ ਮਾਰਕੰਡਾ’, ‘ਸਾਡੇ ਜੱਦੀ ਪਿੰਡ ਇੱਬਣ ਕਲਾਂ’ ਅਤੇ ਮੌਜੂਦਾ ਪਿੰਡ ‘ਮੱਝਵਿੰਡ ਗੋਪਾਲਪੁਰਾ’,। ਕੱਲਰ ਰੱਜ ਕੇ ਸੀ ਤੇ ਗੁਜ਼ਾਰਾ ਔਖਾ ਸੀ। ਬਾਪੂ ਜੀ ਨੇ ਰਿਸ਼ਤੇਦਾਰਾਂ ਨਾਲ ਟਰੱਕ ਤੇ ਸਾਰਾ ਭਾਰਤ ਗਾਹ ਦਿੱਤਾ ਤੇ ਉੱਚਕੋਟੀ ਦੇ ਡਰਾਇਵਰ ਬਣੇ। ਸਮੇਂ ਦੇ ਨਾਲ ਜਮੀਨ ਵੀ ਇਕੱਠੀ ਕੀਤੀ ਤੇ ਕੱਲਰ ਵੀ ਮਾਰਿਆ। ਸਾਨੂੰ ਪੈਰਾਂ ਸਿਰ ਕੀਤਾ ਤੇ ਜਿੰਦਗੀ ਵਿਚ ਸਿਰ ਚੁੱਕ ਕੇ ਜੀਣ ਦਾ ਵਲ ਵੀ ਦੱਸਿਆ। ਮੈਂ ਦਾਅਵੇ ਨਾਲ ਕਹਿ ਸਕਦਾ ਕਿ ਅਸੀ ਸਾਰੇ ਉਸ ਪੀੜੀ ਦਾ ਦੇਣਾ ਕਦੇ ਵੀ ਨਹੀਂ ਦੇ ਸਕਦੇ। ਅਸੀਂ ਉਸ ਪੀੜੀ ਤੇ ਜਿੰਨਾ ਮਾਣ ਕਰੀਏ ਉਨਾ ਹੀ ਥੋੜਾ ਏ
-ਕਰਮਦੀਪ ਗੋਪਾਲਪੁਰ