ਬੁੱਝੇ ਦੀਵੇ – ਡਾ. ਸੁਰਜੀਤ ਸਿਘ

ਇਹ ਸ਼ਾਇਦ 1975 ਦੀ ਗੱਲ ਹੈ। ਸਾਡਾ ਪਰਿਵਾਰ ਖੰਨਾ ਵਿਖੇ, ਲਲਹੇੜੀ ਰੋਡ ‘ਤੇ ਆਦਰਸ਼ ਸਿਨੇਮਾ ਦੇ ਸਾਹਮਣੇੇ ਇੱਕ ਮੁਹੱਲੇ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ। ਉਸ ਦਿਨ ਦਿਵਾਲੀ ਸੀ। ਅਸੀਂ ਚਾਰ ਭੈਣ ਭਰਾ ਪਟਾਕੇ ਲੈਣ ਬਾਰੇ ਆਪਣੀਆਂ ਜ਼ਿੱਦਾਂ ਪੁਗਾ ਰਹੇ ਸਾਂ ਤੇ ਮਾਂ-ਬਾਪ ਆਪਣੇ ਆਰਥਿਕ ਸਾਧਨਾ ਅਨੁਸਾਰ ਸਾਨੂੰ ਖ਼ੁਸ਼ ਕਰਨ ਲਈ ਪੂਰੀ ਵਾਹ ਲਾ ਰਹੇ ਸਨ। ਉਨ੍ਹਾਂ ਦਿਨਾਂ ਵਿਚ ਖੰਨੇ ਵਿਚ ਆਮ ਦੁਕਾਨਾਂ ਤੋਂ ਪਟਾਕੇ ਨਹੀਂ ਮਿਲਦੇ ਸਨ ਸਗੋਂ ਸ਼ਹਿਰ ਵਿਚੋਂ ਗ਼ੁਜ਼ਰਦੀ ਜੀ.ਟੀ. ਰੋਡ ਉੱਤੇ ਪਟਾਕਿਆਂ ਦੀਆਂ ਫੜੀਆਂ ਲੱਗਦੀਆਂ ਸਨ। ਸਾਰਾ ਸ਼ਹਿਰ ਉੱਥੋਂ ਪਟਾਕੇ ਲੈ ਕੇ ਜਾਂਦਾ ਸੀ। ਅਸੀਂ ਆਪਣੇ ਹਿੱਸੇ ਦੇ ਪਟਾਕੇ ਲਿਆ ਚੁੱਕੇ ਸਾਂ ਅਤੇ ਰਾਤ ਹੋਣ ਦੀ ਉਡੀਕ ਕਰ ਰਹੇ ਸਾਂ। ਉਦੋਂ ਪਟਾਕੇ ਹੁਣ ਵਾਂਗ ਸਾਰਾ ਦਿਨ ਨਹੀਂ ਚੱਲਦੇ ਸਨ, ਜ਼ਿਆਦਾਤਰ ਲੋਕ ਸ਼ਾਮ ਢਲੇ ਆਪੋ ਆਪਣੇ ਤਰੀਕੇ ਨਾਲ ਪੂਜਾ ਪਾਠ ਕਰਦੇ ਸਨ, ਦੀਵਾ-ਬੱਤੀ ਹੁੰਦੀ ਸੀ ਤੇ ਫ਼ੇਰ ਬੱਚੇ-ਵੱਡੇ ਪਟਾਕਿਆਂ ਵੱਲ ਹੁੰਦੇ ਸਨ। ਉਦੋਂ ਨੂੰ ਦੁਕਾਨਾਂ ਬੰਦ ਹੋ ਜਾਂਦੀਆਂ ਸਨ ਤੇ ਸੜਕ ਉੱਤੋਂ ਪਟਾਕਿਆਂ ਦੀਆਂ ਫੜੀਆਂ ਵੀ ਚੁੱਕੀਆਂ ਜਾਂਦੀਆਂ ਸਨ। ਕਿਸੇ ਵਿਰਲੇ ਟਾਵੇਂ ਪਰਿਵਾਰ ਦੇ ਬੱਚੇ-ਵੱਡੇ, ਜਿਨ੍ਹਾਂ ਕੋਲ ਪਟਾਕਿਆਂ ਉੱਤੇ ਖ਼ਰਚਣ ਲਈ ਕੁਝ ਜ਼ਿਆਦਾ ਹੀ ਪੈਸੇ ਹੁੰਦੇ ਹਨ, ਉਹ ਸ਼ਾਮ ਢਲੇ ਤੋਂ ਪਹਿਲਾਂ ਵੀ ਆਪਣਾ ਸ਼ੌਂਕ ਪੂਰਾ ਕਰਨ ਲੱਗ ਜਾਂਦੇ ਸਨ। 1975 ਦੀ ਉਸ ਦਿਵਾਲੀ ਵਾਲੇ ਦਿਨ ਹਾਲੇ ਸ਼ਾਮ ਪੂਰੀ ਤਰ੍ਹਾਂ ਢਲੀ ਨਹੀਂ ਸੀ ਕਿ ਇੱਕਦਮ ਬਹੁਤ ਸਾਰੇ ਇਕੱਠੇ ਪਟਾਕੇ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਹ ਸਾਡੇ ਲਈ ਡਾਢੀ ਹੈਰਾਨੀ ਵਾਲੀ ਗੱਲ ਸੀ। ਪਤਾ ਲੱਗਾ ਕਿ ਇਹ ਪਟਾਕੇ ਜੀ.ਟੀ. ਰੋਡ ਉੱਤੇ ਚੱਲੇ ਹਨ। ਸਾਡੇ ਘਰ ਤੋਂ ਜੀ.ਟੀ. ਰੋਡ ਕੋਈ ਬਹੁਤੀ ਦੂਰ ਨਹੀਂ ਸੀ। ਉਧਰੋਂ ਆਉਂਦੇ ਕਿਸੇ ਬੰਦੇ ਨੇ ਦੱਸਿਆ ਕਿ ਉੱਥੇ ਇੱਕ ਫੜੀ ਉੱਤੇ ਕੋਈ ਆਤਿਸ਼ਬਾਜ਼ੀ ਡਿੱਗ ਗਈ ਗਈ ਸੀ ਤੇ ਉਸ ਦੇ ਸਾਰੇ ਪਟਾਕੇ ਚੱਲ ਗਏ ਸਨ। (ਜਿਸ ਨੂੰ ਅੱਜ ਕੱਲ੍ਹ ਰੌਕੇਟ ਕਹਿੰਦੇ ਹਾਂ ਅਸੀਂ ਉਸ ਨੂੰ ਆਤਿਸ਼ਬਾਜ਼ੀ ਕਹਿੰਦੇ ਹੁੰਦੇ ਸੀ) ਉਸ ਦੇ ਨੇੜੇ ਦੀਆਂ ਕੁਝ ਫੜੀਆਂ ਉੱਤੇ ਪਏ ਪਟਾਕੇ ਵੀ ਅੱਗ ਫੜ ਗਏ ਸਨ। ਫੜੀਆਂ ਵਾਲੇ ਆਪਣੀਆਂ ਜਾਨਾਂ ਬਚਾਉਂਦੇ ਦੂਰ ਭੱਜ ਗਏ ਸਨ ਪਰ ਇੱਕ ਫੜੀ ਵਾਲੇ ਦੀ ਪੈਸਿਆਂ ਦੀ ਗੁਥਲੀ ਫੜੀ ਕੋਲ ਹੀ ਪਈ ਰਹਿ ਗਈ ਸੀ। ਉਹ ਆਪਣੀ ਗੁਥਲੀ ਵਿਚ ਪਏ ਪੈਸਿਆਂ ਨੂੰ ਅੱਗ ਤੋਂ ਬਚਾਉਣ ਲਈ ਮੁੜ ਫੜੀ ਵੱਲ ਚਲਾ ਗਿਆ ਸੀ ਤੇ ਚੱਲਦੇ ਪਟਾਕਿਆਂ ਦੀ ਲਪੇਟ ਵਿਚ ਆ ਗਿਆ ਸੀ। ਉਹ ਬੁਰੀ ਤਰ੍ਹਾਂ ਝੁਲਸ ਗਿਆ ਸੀ। ਇਹ ਖ਼ਬਰ ਸੁਣ ਕੇ ਸਾਰਾ ਸ਼ਹਿਰ ਜੀ.ਟੀ. ਰੋਡ ਵੱਲ ਹੋ ਤੁਰਿਆ ਸੀ। ਥੋੜ੍ਹੀ ਦੇਰ ਬਾਅਦ ਉਸ ਬੰਦੇ ਦੇ ਮਰਨ ਦੀ ਖ਼ਬਰ ਆ ਗਈ ਤਾਂ ਸਾਰਾ ਸ਼ਹਿਰ ਅਫ਼ਸੋਸ ਵਿਚ ਡੁੱਬ ਗਿਆ। ਇੱਕ ਇਨਸਾਨ ਦਿਵਾਲੀ ਵਾਲੇ ਦਿਨ ਮਰ ਗਿਆ ਸੀ ਤਾਂ ਸਾਰਿਆਂ ਦੇ ਮਨਾਂ ਅੰਦਰਲੇ ਦੀਵੇ ਵੀ ਬੁਝ ਗਏ ਸਨ। ਮੈਨੂੰ ਯਾਦ ਨਹੀਂ ਕਿ ਅਸੀਂ ਪਟਾਕੇ ਮੋੜ ਆਏ ਸੀ ਜਾਂ ਉਂਝ ਹੀ ਪਾਸੇ ਰੱਖ ਦਿੱਤੇ ਸੀ ਪਰ ਅਸੀਂ ਉਸ ਦਿਨ ਇੱਕ ਇਨਸਾਨ ਦੀ ਮੌਤ ਉੱਤੇ ਦਿਵਾਲੀ ਨਹੀਂ ਮਨਾ ਸਕੇ ਸਾਂ ਤੇ ਕਿਸੇ ਨੇ ਕੋਈ ਪਟਾਕਾ ਨਹੀਂ ਚਲਾਇਆ ਸੀ। ਸ਼ਹਿਰ ਵਿਚੋਂ ਵੀ ਬਹੁਤ ਘੱਟ ਪਟਾਕਿਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਅਗਲੇ ਸਾਲ ਤੋਂ ਅਸੀਂ ਬੱਚਿਆਂ ਨੇ ਪਟਾਕਿਆਂ ਦੀ ਮੰਗ ਕਰਨੀ ਛੱਡ ਦਿੱਤੀ ਸੀ। ਦਿਵਾਲੀ ਵਾਲੇ ਦਿਨ ਹੋਏ ਇਸ ਹਾਦਸੇ ਵਿਚ ਇੱਕ ਬੰਦੇ ਦੇ ਮਰ ਜਾਣ ਦਾ ਅਫ਼ਸੋਸ ਸਾਡੇ ਦਿਲਾਂ ਵਿਚ ਡੂੰਘਾ ਲਹਿ ਗਿਆ ਸੀ। ਉਸ ਤੋਂ ਬਾਅਦ ਮੈਨੂੰ ਕੋਈ ਦਿਵਾਲੀ ਯਾਦ ਨਹੀਂ ਜਿਸ ਵਿਚੋਂ ਇਸ ਹਾਦਸੇ ਦਾ ਪਰਛਾਵਾਂ ਮਨਫ਼ੀ ਹੋ ਗਿਆ ਹੋਵੇ। ਹੁਣ ਵੀ ਦਿਵਾਲੀ ਵਾਲੇ ਦਿਨ ਜਾਂ ਉਸ ਤੋਂ ਪਹਿਲਾਂ ਉਸ ਇੱਕ ਬੰਦੇ ਦੀ ਮੌਤ ਯਾਦ ਆਉਂਦੀ ਹੈ ਤੇ ਮਨ ਬੁਝ ਜਾਂਦਾ ਹੈ। ਉਸ ਤੋਂ ਬਾਅਦ 80ਵਿਆਂ ਦੇ ਦਹਾਕੇ ਵਿਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ-ਬਾਜ਼ਾਰਾਂ ਵਿਚ, ਸੜਕਾਂ-ਬੀਆਬਾਨਾਂ ਵਿਚ ਬੰਦਿਆਂ ਦੇ ਪਟਾਕੇ ਪਾਉਣ ਦੀ ਖੇਡ ਚੱਲ ਪਈ ਸੀ ਤਾਂ ਹੌਲੀ ਹੌਲੀ ਸਾਡੇ ਆਲੇ ਦੁਆਲੇ ਲੋਕ ਮੌਤਾਂ ਦੇ ਆਦੀ ਹੋ ਗਏ ਸਨ। ਕਈ ਕਈ ਬੰਦਿਆਂ ਦੇ ਮਰਨ ਦੀਆਂ ਖ਼ਬਰਾਂ ਨੇ ਬਹੁੁਤ ਸਾਰੇ ਲੋਕਾਂ ਦੇ ਮਨ-ਮਸਤਕ ਉੱਤੇ ਉਹ ਅਸਰ ਕਰਨਾ ਬੰਦ ਕਰ ਦਿੱਤਾ ਸੀ, ਜੋ ਅਸਰ ਦਿਵਾਲੀ ਵਾਲੇ ਦਿਨ ਮਰੇ ਇੱਕ ਬੰਦੇ ਦੀ ਮੌਤ ਨੇ ਖੰਨੇ ਸ਼ਹਿਰ ਦੇ ਵਾਸੀਆਂ ਉੱਤੇ ਕੀਤਾ ਸੀ। ਪੰਜਾਬ ਬਦਲ ਰਿਹਾ ਸੀ। ਬਹੁਤ ਸਾਰੇ ਬੇਦੋਸ਼ੇ ਉਸ ਦੌਰ ਵਿਚ ਮਾਰੇ ਗਏ। ਪੰਜਾਬ ਦੋ ਧਾਰੀ ਤਲਵਾਰ ਦਾ ਜਬਰ ਜਰਦਾ ਜਰਦਾ ਸਖ਼ਤ-ਕੁਰੱਖ਼ਤ ਹੋ ਰਿਹਾ ਸੀ। ਸੰਵੇਦਨਸ਼ੀਲ ਬੰਦਿਆਂ ਨੂੰ ਇਨਸਾਨ ਦਾ ਮਰਨਾ ਹਮੇਸ਼ਾਂ ਦੁਖ ਦਿੰਦਾ ਹੈ, ਉਸ ਅੰਦਰਲੇ ਦੀਵਿਆਂ ਨੂੰ ਬੁਝਾਉਂਦਾ ਹੈ। ਇਨਸਾਨ ਦੇ ਇਨਸਾਨ ਹੱਥੋਂ ਜਾਂ ਗ਼ੈਰ-ਕੁਦਰਤੀ ਤਰੀਕੇ ਨਾਲ ਮਰਨ ਤੋਂ ਵੱਡਾ ਕੋਈ ਦੁਖਾਂਤ ਨਹੀਂ, ਉਹ ਇਨਸਾਨ ਭਾਵੇਂ ਕਿਸੇ ਵੀ ਧਿਰ ਨਾਲ ਸੰਬੰਧਿਤ ਕਿਉਂ ਨਾ ਹੋਵੇ। ਗੱਲ ਲੰਮੀ ਹੋਣ ਦੇ ਡਰੋਂ ਇੱਥੇ ਬੰਦ ਕਰਦਾ ਹਾਂ ਕਿ ਉਸ ਦਿਵਾਲੀ ਵਾਲੇ ਦਿਨ ਤੋਂ ਬਾਅਦ ਅੱਜ 46 ਸਾਲ ਹੋ ਗਏ ਹਨ, ਮੇਰੇ ਤੋਂ ਕਦੇ ਦਿਵਾਲੀ ਨਹੀਂ ਮਨਾਈ ਗਈ। ਉਸ ਬੇਨਾਮ ਤੇ ਅਣਜਾਣ ਬੰਦੇ ਦੀ ਮੌਤ ਮੇਰੇ ਤੋਂ ਵਿਸਾਰੀ ਨਹੀਂ ਗਈ। ਪਹਿਲਾਂ ਪਹਿਲ ਸਾਡਾ ਪਰਿਵਾਰ ਦੀਵਾ-ਬੱਤੀ ਕਰਦਾ ਰਿਹਾ ਪਰ ਮੈਨੂੰ ਯਾਦ ਹੈ ਦੀਵੇ ਜਗਾਉਂਦੇ ਹੋਏ ਵੀ ਇੱਕ ਅਣਜਾਣ ਉਦਾਸੀ ਦਾ ਪਰਛਾਵਾਂ ਮਹਿਸੂਸ ਹੁੰਦਾ ਸੀ। ਮੈਂ ਹੁਣ ਪਿਛਲੇ 10-15 ਸਾਲਾਂ ਤੋਂ ਕੋਈ ਦੀਵਾ-ਬੱਤੀ ਵੀ ਨਹੀਂ ਕਰਦਾ। ਇਸ ਦਿਨ ਇੱਕ ਗਹਿਰੀ ਉਦਾਸੀ ਮਨ-ਮਸਤਕ ਉੱਤੇ ਤਾਰੀ ਹੋ ਜਾਂਦੀ ਹੈ, ਜੋ ਵੀ ਕਰਦਾ ਰਹਾਂ, ਹੱਸਦਿਆਂ-ਕੰਮ ਕਰਦਿਆਂ, ਲੋਕਾਂ ਨੂੰ ਮਿਲਦਿਆਂ ਜਾਂ ਬਾਜ਼ਾਰ ਵਿਚ ਸੌਦਾ-ਪੱਤਾ ਖ਼ਰੀਦਦਿਆਂ ਅੰਦਰ ਇੱਕ ਅਣਜਾਣ-ਬੇਨਾਮ ਉਦਾਸੀ ਧੁਖਦੀ ਰਹਿੰਦੀ ਹੈ। ਦੀਵੇ ਅੰਦਰ ਬੁਝੇ ਰਹਿੰਦੇ ਹਨ ਤਾਂ ਕਿਸੇ ਨੂੰ ਨਾ ਮੁਬਾਰਕ ਕਹਿਣ ਨੂੰ ਜੀ ਕਰਦਾ ਹੈ ਨਾ ਸੁਣਨ ਨੂੰ।