ਬੇ-ਲਿਹਾਜ ਹੋ ਕੇ ਲਿਖੋ ਸ਼ਬਦ ਚਿੱਤਰ
-ਨਿਰੰਜਣ ਬੋਹਾ
ਬੜਾ ਔਖਾ ਕੰਮ ਹੈ ਕਿਸੇ ਲੇਖਕ ਦਾ ਸ਼ਬਦ ਚਿਤਰ ਲਿਖਣਾ । ਇਸ ਲਈ ਸਬੰਧਤ ਲੇਖਕ ਦੇ ਜੀਵਨ ਦੇ ਕੇਵਲ ਦਿੱਸਦੇ ਤੇ ਬਾਹਰੀ ਯਥਾਰਥ ਦੇ ਵੇਰਵੇ ਲਿਖ ਦੇਣ ਨਾਲ ਹੀ ਪਾਠਕ ਸਤੁੰਸ਼ਟ ਨਹੀ ਹੋ ਜਾਂਦਾ ਸਗੋਂ ਉਹ ਸ਼ਬਦ ਚਿੱਤਰ ਦਾ ਕੇਂਦਰ ਬਿੰਦੂ ਬਣੇ ਲੇਖਕ ਦੇ ਜੀਵਨ ਦੀਆਂ ਉਨ੍ਹਾਂ ਲੁੱਕਵੀਆਂ ਪਰਤਾਂ ਬਾਰੇ ਵੀ ਜਾਨਣਾ ਚਾਹੁੰਦਾ ਹੈ, ਜਿਹੜੀਆਂ ਉਸ ਅਜੇ ਤਕ ਜਨਤਕ ਨਹੀਂ ਕੀਤੀਆਂ ਹੁੰਦੀਆਂ । ਪਾਠਕਾਂ ਦੇ ਸੁਹਜ ਸੁਆਦ ਅਨੁਸਾਰ ਜੇ ਸ਼ਬਦ ਚਿੱਤਰ ਉਸ ਲੇਖਕ ਦੇ ਅੰਤਰੀਵੀ ਯਥਾਰਥ ਨੂੰ ਇਮਾਨਦਾਰੀ ਨਾਲ ਪੇਸ਼ ਕਰਦਾ ਹੈ ਤਾਂ ਕਈ ਵਾਰ ਲੇਖਕ ਦੇ ਸਮਾਜਿਕ ਅਕਸ ਨੂੰ ਨੁਕਸਾਨ ਪਹੁੰਚਣ ਦਾ ਤੌਖਲਾ ਪੈਦਾ ਹੋ ਜਾਂਦਾ ਹੈ । ਜੇ ਉਹ ਕੇਵਲ ਲੇਖਕ ਦੇ ਸ਼ਾਨ ਵਿਚ ਕਸ਼ੀਦੇ ਹੀ ਪੜ੍ਹਦਾ ਹੈ ਤਾਂ ਇਹ ਗੱਲ ਪਾਠਕ ਨੂੰ ਪਸੰਦ ਨਹੀਂ ਆਉਂਦੀ। ਇਸ ਲਈ ਉਸਨੂੰ ਸ਼ਬਦ ਚਿੱਤਰ ਲਿਖਣ ਵੇਲੇ ਉਸਨੂੰ ਪਾਠਕਾਂ ਦੀਆਂ ਸੁਹਜ ਬਿਰਤੀਆਂ ਤੇ ਲੇਖਕ ਦੇ ਸਮਾਜਿਕ ਯਥਾਰਥ ਦੀ ਪੇਸ਼ਕਾਰੀ ਕਰਨ ਵੇਲੇ ਇਕ ਵਿਸੇਸ਼ ਪ੍ਰਕਾਰ ਦਾ ਸਤੁੰਲਣ ਬਣਾ ਕੇ ਰੱਖਣਾ ਪੈਂਦਾ ਹੈ।
ਸ਼ਬਦ ਚਿੱਤਰ ਵਧੇਰੇ ਕਰਕੇ ਵੱਡੇ ਲੇਖਕਾਂ ਦੇ ਲਿਖੇ ਜਾਂਦੇ ਹਨ ਤੇ ਲਿਖੇ ਵੀ ਉਨ੍ਹਾਂ ਦੀ ਦੋਸਤੀ ਦੇ ਦਾਇਰੇ ਵਿਚ ਆਉਂਦੇ ਦੇ ਉਨ੍ਹਾਂ ਦੇ ਸਮਕਾਲੀ ਲੇਖਕਾਂ ਵੱਲੋਂ ਹਨ । ਇਸ ਲਈ ਇਹਨਾਂ ਸ਼ਬਦ ਚਿੱਤਰਾਂ ਦੇ ਲੇਖਕ ਭਾਵੇ ਸਹਿੰਦੇ ਜਿਹੇ ਢੰਗ ਨਾਲ ਸਬੰਧਤ ਲੇਖਕਾਂ ਦੀ ਸ਼ਖਸੀਅਤ ਦੇ ਕੰਮਜੋਰ ਪੱਖ ਤੇ ਉਂਗਲ ਧਰਦੇ ਹਨ ਪਰ ਵਧੇਰੇ ਕਰਕੇ ਇਨ੍ਹਾਂ ਸ਼ਬਦ ਚਿੱਤਰਾ ਵਿਚ ਵਰਤੇ ਗਏ ਸ਼ਬਦਾ ਦੀ ਸੁਰ ਪ੍ਰਸੰਸਾਮਈ ਤੇ ਸਿਹਰਾ ਪੜ੍ਹਣ ਵਰਗੀ ਹੀ ਹੁੰਦੀ ਹੈ। ਸ਼ਬਦ ਚਿੱਤਰ ਲਿਖਣ ਦੇ ਖੇਤਰ ਵਿਚ ਵਿਸ਼ੇਸ਼ ਪ੍ਰਸਿਧੀ ਖੱਟਣ ਵਾਲੇ ਲੇਖਕ ਨਰਿੰਦਰ ਘੁਗਿਆਨਵੀ ਜੇ ਕੁਝ ਵੱਡੇ ਲੇਖਕਾਂ ਨਾਲ ਆਪਣੇ ਨੇੜਲੇ ਸਬੰਧਾਂ ਨੂੰ ਇਕ ਪਾਸੇ ਰੱਖ ਕੇ ਉਨ੍ਹਾ ਦੇ ਸ਼ਬਦ ਚਿੱਤਰ ਲਿਖਦਿਆਂ ਉਂਨ੍ਹਾ ਦੇ ਸਮਾਜਿਕ ਅਕਸ, ਸੁਭਾਅ, ਵਰਤੋ ਵਿਵਾਰ ਤੇ ਅੰਤਰੀਵੀ ਸੋਚ ਬਾਰੇ ਆਪਣੇ ਹਿੱਸੇ ਦਾ ਅਦਬੀ ਸਚ ਬੋਲਦਾ ਹੈ ਤਾਂ ਸਥਿਤੀ ਇਨ੍ਹਾਂ ਲੇਖਕਾਂ ਨਾਲ ਉਸ ਦੇ ਆਪਣੇ ਸਬੰਧਾਂ ਵਿਚ ਵਿਗਾੜ ਪੈਣ ਦੀ ਬਣ ਜਾਂਦੀ ਹੈ। ਪਰ ਕੁਲ ਮਿਲਾ ਕੇ ਨਿੰਦਰ ਲਈ ਇਸ ਤਰ੍ਹਾਂ ਦਾ ਸੱਚ ਬੋਲਣ ਦਾ ਸੌਦਾ ਲਾਹੇਵੰਦ ਹੀ ਰਿਹਾ ਹੈ । ਆਪਣੀ ਕਲਮ ਦੀ ਨੋਕ ਨੇਠ ਆਏ ਜਿਨ੍ਹਾਂ ਵੱਡੇ ਲੇਖਕਾਂ ਦੇ ਸ਼ਬਦ ਚਿੱਤਰ ਨਿੰਦਰ ਵੱਲੋਂ ਸਾਹਿਤਕ ਇਮਾਨਦਾਰੀ ਕਾਇਮ ਰੱਖਦਿਆਂ ਸੱਚੋ ਸੱਚ ਲਿਖੇ ਗਏ ਨੇ ਉਹ ਪਾਠਕਾਂ ਵੱਲੋਂ ਵਧੇਰੇ ਪੜ੍ਹੇ ਤੇ ਸਰਾਹੇ ਵੀ ਗਏ ਨੇ । ਜਿੰਨੀਂ ਚਰਚਾ ਕਿਸੇ ਆਮ ਸ਼ਬਦ ਚਿੱਤਰ ਲੇਖਕ ਨੂੰ ਪੂਰੀ ਕਿਤਾਬ ਲਿਖ ਕੇ ਮਿਲਦੀ ਹੈ ਉਸਤੋਂ ਕਈ ਗੁਣਾ ਵੱਧ ਚਰਚਾ ਉਸਨੂੰ ਇਕ ਸ਼ਬਦ ਚਿੱਤਰ ਲਿਖ ਕੇ ਹਾਸਿਲ ਹੁੰਦੀ ਰਹੀ ਹੈ। ।
ਸ਼ਬਦ ਚਿਤਰ ਲੇਖਕਾਂ ਵਿੱਚੋਂ ਬਲਵੰਤ ਗਾਰਗੀ ਨੇ ਆਪਣੇ ਸਮਕਾਲੀ ਲੇਖਕਾਂ ਬਾਰੇ ਸ਼ਬਦ ਚਿੱਤਰ ਲਿਖਣ ਵੇਲੇ ਨਿਰਪੱਖ ਦ੍ਰਿਸ਼ਟੀਕੋਨ ਅਪਣਾ ਕੇ ਕਾਫੀ ਨਾਮਣਾ ਖੱਟਿਆ ਸੀ ਤੇ ਉਸਦੀ ਸ਼ਬਦ ਚਿੱਤਰ ਸੰਗ੍ਰਹਿ ‘ਸੁਰਮੇ ਵਾਲੀ ਅੱਖ” ਆਪਣੇ ਸਮੇਂ ਵਿਚ ਵੱਧ ਤੋਂ ਵੱਧ ਪੜ੍ਹੀਆਂ ਜਾਣ ਵਾਲੀਆਂ ਪੁਸਤਕਾਂ ਵਿਚ ਸ਼ਾਮਿਲ ਰਹੀ ਹੈ । ਕਹਾਣੀਕਾਰ ਪ੍ਰੇਮ ਪ੍ਰਕਾਸ਼ ਨੇ ਭਾਵੇਂ ਆਪਣੇ ਸਮਕਾਲੀ ਲੇਖਕਾਂ ਬਾਰੇ ਗਿਣਤੀ ਦੇ ਹੀ ਸ਼ਬਦ ਚਿੱਤਰ ਲਿਖੇ ਹਨ ਪਰ ਸਮਕਾਲੀ ਲੇਖਕਾਂ ਦੇ ਅੰਤਰੀਵਤਾ ਦਾ ਐਕਸਰਾ ਪੇਸ਼ ਕਰਨ ਦੀ ਸੰਬਧੀ ਉਸ ਜਿਹੀ ਬੇਬਾਕੀ ਕਿਸੇ ਵਿਰਲੇ ਲੇਖਕ ਕੋਲ ਹੀ ਹੋ ਸਕਦੀ ਹੈ। ਆਪਣੇ ਸਮੇ ਦੇ ਪ੍ਰਸਿੱਧ ਵਿਅੰਗਕਾਰ ਗੁਰਦੇਵ ਸਿੰਘ ਮਾਨ ਵੱਲੋਂ ਆਪਣੇ ਸਮਕਾਲੀ ਲੇਖਕਾਂ ਦੇ ਸ਼ਬਦ ਚਿੱਤਰ ਦੀ ਕਿਤਾਬ “ ਚੱਕਰ ਚਿਹਨ ਔਰ ਬਰਣ ਜਾਤਿ” ਵੀ ਮੈਨੂੰ ਨਾਮਵਰ ਲੇਕਾਂ ਦੀ ਮਾਨਸਿਕਤਾ ਦਾ ਗੰਭੀਰ ਅਧਿਐਨ ਕਰਨ ਤੋਂ ਬਾਦ ਲਿਖੀ ਹੋਈ ਲੱਗੀ ਹੈ। ਗੁਰਬਚਨ ਭੁੱਲਰ ਵੀ ਆਪਣੀ ਦੋਸਤੀ ਦੇ ਦਾਇਰੇ ਵਿਚ ਆਉਣ ਵਾਲੇ ਲੇਖਕਾਂ ਅੰਦਰ ਝਾਤ ਮਾਰਨ ਵਿੱਚ ਕਾਫੀ ਸਫਲ ਰਿਹਾ ਹੈ। ਜਿਸ ਸ਼ਿੱਦਤ ਨਾਲ ਇੰਨ੍ਹਾਂ ਲੇਖਕ ਨੇ ਆਪਣੇ ਸਮਕਾਲੀ ਲੇਖਕ ਦੇ ਜੀਵਨ ਵਿਚੋ ਆਦਰਸ਼ਵਾਦੀ . ਮਾਨਵਤਾ ਪੱਖੀ ਤੇ ਲੋਕ ਹਿਤੈਸ਼ੀ ਗੁਣ ਤਲਾਸ਼ ਕੀਤੇ ਹਨ , ਉਸੇ ਤਰ੍ਹਾਂ ਦੀ ਦਲੇਰੀ ਨਾਲ ਉਨ੍ਹਾਂ ਲੇਖਕਾਂ ਅੰਦਰਲੀਆਂ ਗੈਰ ਮਨੁੱਖੀ ਪ੍ਰਵਿਰਤੀਆਂ ਬਾਰੇ ਬੇਬਾਕ ਤੇ ਬੇ -ਲਿਹਾਜ ਟਿਪਣੀਆਂ ਕੀਤੀਆਂ ਹਨ। ਪ੍ਰਬੁੱਧ ਕਹਾਣੀਕਾਰ ਗੁਰਮੇਲ ਮਡਾਹੜ ਨੇ ਵੀ ਇਕ ਸ਼ਬਦ ਚਿੱਤਰ ਲੇਖਕ ਵਜੋ ਆਪਣੀ ਉਘੜਵੀਂ ਪਛਾਣ ਬਣਾ ਲਈ ਸੀ। ਸਮਾਕਾਲੀ ਲੇਖਕਾਂ ਬਾਰੇ ਭਾਵੇਂ ਉਹ ਸਹਿੰਦਾ ਸੱਚ ਹੀ ਬੋਲਦਾ ਸੀ ਪਰ ਉਹ ਕੇਵਲ ਉਨ੍ਹਾਂ ਲੇਖਕਾਂ ਬਾਰੇ ਹੀ ਸ਼ਬਦ ਚਿੱਤਰ ਲਿਖਦਾ ਸੀ ਜਿਨ੍ਹਾਂ ਰਗ ਰਗ ਤੋਂ ਉਹ ਜਾਣੂ ਹੋਵੇ ਤੇ ਜੋ ਵਿਚਾਰਧਾਰਕ ਤੌਰ ਤੇ ਉਸਨੂੰ ਆਪਣੇ ਵਰਗੇ ਹੀ ਲੱਗਦੇ ਹੋਣ ।
ਸ਼ਬਦ ਚਿਤਰ ਲਿਖਣ ਵਾਲੇ ਲੇਖਕ ਦੀ ਦੂਸਰੇ ਲੇਖਕ ਦੀ ਸ਼ਖਸ਼ੀਅਤ ਬਾਰੇ ਲਿਖਣ ਦੀ ਆਪਣੀ ਇਕ ਸੀਮਾ ਹੁੰਦੀ ਹੈ । ਉਹ ਕਿਸੇ ਲੇਖਕ ਦੇ ਜੀਵਨ ਦੇ ਉਸ ਹਿੱਸੇ ਬਾਰੇ ਹੀ ਆਪਣੇ ਪ੍ਰਤੀਕ੍ਰਮ ਦੀ ਸ਼ਿੱਦਤ ਬਿਆਨੀ ਕਰ ਸਕੇਗਾ ਜਿਸ ਹਿੱਸੇ ਨਾਲ ਉਸਦਾ ਆਪਣਾ ਨੇੜਲਾ ਸਬੰਧ ਰਿਹਾ ਹੈ। ਲੇਖਕ ਦੀ ਵਿਚਾਰਧਾਰਾ ਦੇ ਬਹੁਤ ਸਾਰੇ ਸਰੋਤ ਉਸਦੇ ਬਚਪਨ ਨਾਲ ਵੀ ਜੁੜੇ ਹੁੰਦੇ ਹਨ ਤੇ ਉਸਦੇ ਬਚਪਨ ਬਾਰੇ ਤਾ ਉਸਦੇ ਹਾਣੀ ਹੀ ਜਾਣਦੇ ਹਨ ।ਇਸ ਲਈ ਕੋਈ ਕਈ ਵੀ ਸ਼ਬਦ ਚਿੱਤਰ ਕਿਸੇ ਸਾਹਿਤਕ ਸ਼ਖਸ਼ੀਅਤ ਦੇ ਸਾਰੇ ਪਸਾਰਾਂ ਤੇ ਸਰੋਕਾਰਾਂ ਨਾਲ ਪੂਰਾ ਨਿਆਂ ਨਹੀਂ ਕਰ ਸਕਦਾ । ਮੇਰੇ ਆਪਣੇ ਬਾਰੇ ਵੀ ਕੁਝ ਸ਼ਬਦ ਚਿੱਤਰ ਲਿਖੇ ਹਨ ਪਰ ਇਸ ਵਿਚੋ ਮੇਰਾ ਬਚਪਨ ਗਾਇਬ ਸੀ । ਇਕ ਦਿਨ ਮੇਰੇ ਸਕੂਲ ਦੇ ਜਮਾਤੀ ਰਹੇ ਪੰਜਾਬ ਦੇ ਪ੍ਰਸਿੱਧ ਕੱਬਡੀ ਖਿਡਾਰੀ ਤੇ ਖੇਡ ਕੁਮੈਂਟਰੀ ਕਰਨ ਵਾਲੇ ਕੁਲਵੰਤ ਸਿੰਘ ਬੁਢਲਾਡਾ ਨੇ ਕਿਹਾ ‘ਤੇਰਾ ਸ਼ਬਦ ਚਿੱਤਰ ਮੈਂ ਲਿਖਾਂਗਾ’ । ਉਸਦੀ ਨੇੜਤਾ ਮੇਰੇ ਬਚਪਨ ਦੀ ਉਮਰ ਨਾਲ ਰਹੀ ਹੋਣ ਕਾਰਨ ਉਸ ਕਮਾਲ ਦਾ ਸ਼ਬਦ ਚਿੱਤਰ “ ਨੰਨ੍ਹੀ ਤੋ ਨਿਰੰਜਣ ਬੋਹਾ” ਤੱਕ ਲਿਖਿਆ ਤਾਂ ਮੈਨੂੰ ਲੱਗਿਆ ਕਿ ਇਹ ਸ਼ਬਦ ਚਿੱਤਰ ਤਾਂ ਕੇਵਲ ਕੁਲਵੰਤ ਹੀ ਲਿਖ ਸਕਦਾ ਸੀ । ਲਿਖਾਰੀਆਂ ਵੱਲੋਂ ਤਾਂ ਖਿਡਾਰੀਆਂ ਬਾਰੇ ਬਹੁਤ ਸਾਰੇ ਸ਼ਬਦ ਚਿੱਤਰ ਲਿਖੇ ਗਏ ਹੋਣਗੇ ਪਰ ਪੰਜਾਬੀ ਜਾਗਰਣ ਦੇ ਐਤਵਾਰੀ ਅੰਕ ਵਿਚ ਛਪਿਆ ਸ਼ਾਇਦ ਇਹ ਪਹਿਲਾ ਸ਼ਬਦ ਚਿੱਤਰ ਹੈ ਜੋ ਇਕ ਖਿਡਾਰੀ ਨੇ ਇਕ ਲਿਖਾਰੀ ਬਾਰੇ ਲਿਖਿਆ ਹੈ। ਪਿਛਲੇ ਦਿਨੀ ਇਕ ਲੇਖਕ ਨੇ ਮੇਰੇ ਕੋਲ ਵੀ ਆਪਣਾ ਸ਼ਬਦ ਚਿੱਤਰ ਲਿਖਣ ਦੀ ਸਿਫਾਰਸ਼ ਕੀਤੀ । ਪਰ ਮੈਨੂੰ ਲੱਗਿਆ ਕਿ ਮੈ ਉਸਦੇ ਜੀਵਨ ਦੇ ਹਨੇਰਿਆਂ ਤੇ ਸਵੇਰਿਆਂ ਬਾਰੇ ਬਹੁਤ ਘੱਟ ਜਾਣਦਾ ਹਾਂ , ਇਸ ਲਈ ਨਾਂ ਤਾਂ ਮੈਂ ਉਸ ਨਾਲ ਨਿਆਂ ਕਰ ਸਕਾਂਗਾ ਤੇ ਨਾ ਹੀ ਪਾਠਕਾਂ ਨਾਲ। ਇਸ ਲਈ ਮੈਂ ਨਿਰਮਤਾ ਸਹਿਤ ਉਸ ਤੋਂ ਮੁਆਫੀ ਮੰਗ ਲਈ ।
ਜੇ ਸਵੈ ਸ਼ਬਦ ਚਿੱਤਰ ਦੀ ਗੱਲ ਕਰੀਏ ਤਾਂ ਤਾਂ ਮੇਰੇ ਅਨੁਭਵ ਅਨੁਸਾਰ ਉਹੀ ਸ਼ਬਦ ਚਿੱਤਰ ਪਾਠਕਾਂ ਵੱਲੋਂ ਵਧੇਰੇ ਪਸੰਦ ਕੀਤੇ ਗਏ ਹਨ ਜਿਨ੍ਹਾਂ ਵਿਚ ਲੇਖਕ ਨੇ ਆਪਣੇ ਬਾਰੇ ਸਾਰੇ ਪਰਦੇ ਬੇ- ਝਿਜਕ ਹੋ ਕੇ ਚੁੱਕੇ ਹਨ। । ਪਾਠਕਾਂ ਨੂੰ ਭਾਵੇ ਲੇਖਕ ਦੁਆਰਾਂ ਆਪਣੇ ਬਾਰੇ ਬੋਲਿਆ ਨੰਗਾ ਸੱਚ ਇਕ ਵਾਰ ਚੰਗਾ ਨਾ ਵੀ ਲੱਗੇ ਪਰ ਉਹ ਲੇਖਕ ਦੀ ਬੇਬਾਕੀ ਤੇ ਸੱਚ ਬੋਣ ਦੀ ਦਲੇਰੀ ਦਾ ਪ੍ਰਸੰਸਕ ਜਰੂਰ ਬਣ ਜਾਂਦਾ ਹੈ । ਜੇ ਅਸੀਂ ਸਵੈ ਜੀਵਨੀਆਂ ਨੂੰ ਸਵੈ ਸ਼ਬਦ ਚਿੱਤਰਾ ਦਾ ਹੀ ਵਿਸਥਾਰਿਤ ਰੂਪ ਮੰਨ ਲਈਏ ਤਾਂ ਨੰਗੀ ਧੁੱਪ , ਮੱਲ੍ਹੇ ਝਾੜੀਆਂ ਤੇ ਰਸੀਦੀ ਟਿੱਕਟ ਵਰਗੀਆਂ ਸਵੈ ਜੀਵਨੀਆਂ ਉਨ੍ਹਾਂ ਦੇ ਲੇਖਕਾਂ ਵੱਲੋ ਦੇ ਆਪਣੇ ਬਾਰੇ ਬੋਲੇ ਬੇ-ਬਾਕ ਸੱਚ ਕਾਰਨ ਹੀ ਵੱਧ ਪੜ੍ਹੀਆਂ ਗਈਆਂ ਹਨ ਜਦੋ ਕਿ ਸਵੈ- ਪ੍ਰਸੰਸਾ ਵਾਲੀਆਂ ਸਵੈ ਜੀਵਨੀ ਨੂੰ ਇਨ੍ਹਾਂ ਦੇ ਮੁਕਾਬਲੇ ਬਹੁਤ ਘਟ ਪਾਠਕ ਨਸੀਬ ਹੋਏ ਹਨ। ਪਿੱਛੇ ਜਿਹੇ ਸਾਹਿਤਕ ਪਰਚੇ ‘ਹੁਣ’ ਨੇ ਲੇਖਕ ਤੇ ਪ੍ਰਕਾਸ਼ਕ ਰਜਿੰਦਰ ਬਿਮਲ ਨਾਲ ਇੱਕ ਇੰਟਰਵਿਊ ਪ੍ਰਕਾਸ਼ਿਤ ਕੀਤੀ। ਇਸ ਇੰਟਰਵਿਊ ਵਿਚ ਬਿਮਲ ਨੇ ਆਪਣੇ ਨੇੜਲੇ ਰਿਸ਼ਤਿਆਂ ਬਾਰੇ ਐਨਾਂ ਬੇਬਾਕ ਸੱਚ ਬੋਲਿਆ ਕਿ ਪਰਚਾ ਭਾਲ ਭਾਲ ਕੇ ਪੜ੍ਹਿਆ ਜਾਣ ਲੱਗਾ ਤੇ ਮਕਬੂਲੀਅਤ ਦੇ ਮਾਮਲੇ ਵਿਚ ਇਹ ਇੰਟਰਵਿਊ ਪਰਚੇ ਵਿਚਲੀਆਂ ਸਾਰੀਆ ਲਿਖਤਾਂ ਤੇ ਭਾਰੂ ਪੈ ਗਈ।
ਕੱਕੜ ਕਾਟੇਜ਼, ਮਾਡਲ ਟਾਊਨ
ਬੋਹਾ ( ਮਾਨਸਾ) 151503