ਬੰਗਾਲੀ ਕਹਾਣੀ : ਤਾਜ ਮਹਲ ਵਿੱਚ ਇੱਕ ਕੱਪ ਚਾਹ -ਸੁਨੀਲ ਗੰਗੋਪਾਧਯਾਯ

ਉਸਤਾਦ ਜੀ, ਰਾਮ-ਰਾਮ ਕੋਈ ਖ਼ੁਸ਼ਖ਼ਬਰੀ ਸੁਣਾਓ, ਉਸਤਾਦੀ ਚੋਲੇ ਵਰਗੀ ਪੁਸ਼ਾਕ ਪਾ ਕੇ ਰੱਖਦਾ ਹੈ, ਉਹ ਵੀ ਥਾਂ-ਥਾਂ ਤੋਂ ਪਾਟੀ ਹੋਈ, ਟਾਕੀਆਂ ਲੱਗੀ, ਸਿਰ ਤੇ ਸਾਫ਼ਾ, ਚਿਹਰੇ ਤੇ ਪੰਜ-ਸੱਤ ਦਿਨਾਂ ਦੀ ਦਾੜ੍ਹੀ, ਉਮਰ ਪੰਜਾਹ ਦੇ ਕਰੀਬ, ਉਸਦਾ ਆਪਣੇ ਕੋਈ ਘਰ, ਪਤਨੀ ਤੇ ਬਾਲ-ਬੱਚੇ ਹਨ ਜਾਂ ਨਹੀਂ, ਕੋਈ ਨਹੀਂ ਜਾਣਦਾ, ਪੁੱਛਣ `ਤੇ ਹਲਕਾ ਜਿਹਾ ਮੁਸਕਰਾ ਦਿੰਦੇ।
ਵਿੱਚ-ਵਿੱਚ ਹਾਜ਼ਿਰ ਹੁੰਦਾ ਹੈ। ਮੰਜੇ `ਤੇ ਬੈਠ ਕੇ ਪਿੰਡ ਦੇ ਲੋਕਾਂ ਨਾਲ ਸੁੱਖ-ਦੁੱਖ ਦੀਆਂ ਗੱਲਾਂ ਕਰਦਾ ਰਹਿੰਦੈ। ਕਿਸੇ ਤੇ ਕੋਈ ਬਿਪਤਾ ਪਈ ਹੋਵੇ ਤਾਂ ਸਲਾਹ-ਮਸ਼ਵਰਾ ਦਿੰਦਾ ਹੈ। ਇੱਕ-ਦੋ ਦਿਨ ਜਿਸ ਕਿਸੇ ਦੇ ਘਰ ਟਿਕਾਣਾ ਕਰਦੈ, ਸੱਤੂ ਜਾਂ ਰੋਟੀ ਤੇ ਭਿੰਡੀ ਦੀ ਸਬਜ਼ੀ ਵਗੈਰਾ ਜੋ ਵੀ ਮਿਲ ਜਾਵੇ, ਉਹੀ ਆਨੰਦ ਨਾਲ ਪਾ ਲੈਂਦਾ ਹੈ, ਫਿਰ ਪਤਾ ਨਹੀਂ ਕਿੱਧਰ ਗਾਇਬ ਹੋ ਜਾਂਦਾ ਹੈ।
ਪਿਛਲੇ ਸਾਲ ਫ਼ਸਲ ਮਾਰੀ ਗਈ ਸੀ, ਉਦੋਂ ਪਿੰਡ ਦਾ ਠੇਕੇਦਾਰ, ਜੋ ਬਹੁਤਾ ਹੀ ਬੇਸ਼ਰਮ ਹੈ, ਗ਼ਲਤ ਢੰਗ ਨਾਲ ਪੇਸ਼ ਆਇਆ ਸੀ। ਅਜਿਹੇ ਵੇਲ਼ੇ ਬੰਨ਼ ਦਾ ਕੰਮ ਬੰਦ ਰੱਖਣਾ ਕੀ ਠੀਕ ਸੀ? ਖੇਤ `ਚ ਫ਼ਸਲ ਨਹੀਂ, ਹੱਥ `ਚ ਪੈਸਾ ਨਹੀਂ, ਉੱਤੋਂ ਕੋਈ ਸਰਕਾਰੀ ਮਦਦ ਵੀ ਨਾ ਮਿਲੇ ਤਾਂ ਲੋਕ ਜਿਉਂਦੇ ਕਿਵੇਂ ਰਹਿਣਗੇ? ਉਸੇ ਵਕਤ ਉਸਤਾਦ ਨੇ ਆ ਕੇ ਉਸ ਠੇਕੇਦਾਰ ਦੇ ਬੱਚੇ ਨੂੰ ਜੱਮਕੇ ਮੱਤ ਦਿੱਤੀ ਸੀ। ਸਾਰਿਆਂ ਨੇ ਇੱਕਠੇ ਹੋ ਕੇ ਉਸਨੂੰ ਇੱਕ ਖ਼ਜੂਰ ਦੇ ਤਣੇ ਨਾਲ ਬੰਨ੍ਹ ਕੇ ਰੱਖਿਆ ਸੀ ਅਤੇ ਚੌਵੀ ਘੰਟੇ ਤੱਕ ਬਿਲਕੁਲ ਰੁੱਖਾ ਪਿਆਸਾ ਰੱਖਿਆ।
ਉਸਤਾਦ ਜਿਹੜੇ ਇੱਕ-ਦੋ ਦਿਨ ਰਹਿੰਦਾ ਹੈ, ਉਹ ਬਹੁਤ ਮਜ਼ੇਦਾਰ ਹੁੰਦੇ ਹਨ। ਸਾਰਾ ਦਿਨ ਭੱਜ-ਦੌੜ ਮੱਚੀ ਰਹਿੰਦੀ ਹੈ, ਜਦੋਂ ਤੱਕ ਇੱਕਦਮ ਅੱਖਾਂ ਬੰਦ ਨਾ ਹੋ ਜਾਣ ਉਦੋਂ ਤੱਕ ਜਿਉਣ ਲਈ ਸੰਘਰਸ਼ ਕਰਦੇ ਹੀ ਰਹਿਣਾ ਹੈ, ਇਹੀ ਰੱਬ ਦੀ ਮਰਜ਼ੀ ਹੈ ਪਰ ਹੱਡ ਭੰਨਵੀਂ ਮਿਹਨਤ ਕਰਦਿਆਂ ਮੌਜ-ਮਸਤੀ ਦੀ ਗੱਲ ਦਾ ਖਿਆਲ ਹੀ ਕਿੱਥੇ ਰਹਿੰਦੈ? ਉਸਤਾਦ ਆ ਕੇ ਏਸੇ ਗੱਲ ਵੱਲ ਧਿਆਨ ਖਿੱਚ ਕੇ ਲੈ ਜਾਂਦਾ ਹੈ। ਪਿੱਠ `ਤੇ ਜ਼ੋਰ ਨਾਲ ਥਾਪੀ ਮਾਰ ਕੇ ਕਹਿੰਦਾ ਹੈ, “ਓ, ਕੰਮ-ਕੁੰਮ ਤਾਂ ਚਲਦਾ ਈ ਰਹਿੰਦੈ, ਇਹਦਾ ਮਤਲਬ ਇਹ ਤਾਂ ਨਈਂ ਕਿ ਮੌਜ-ਮਸਤੀ ਨਾ ਕਰੋ, ਦੇਖੋ, ਜੰਗਲ ਦੇ ਜਾਨਵਰ ਤੇ ਆਸਮਾਨ ਵਿੱਚ ਉੱਡਦੇ ਪੰਛੀ ਤੱਕ ਸਾਰੇ ਖ਼ੁਸ਼ੀ ਮਨਾਉਂਦੇ ਨੇ, ਨੱਚਦੇ-ਗਾਉਂਦੇ ਨੇ।“
ਉਸਤਾਦ ਸ਼ਾ ਨੂੰ ਸਭ ਨਾਲ ਮਿਲਕੇ ਮਹਫ਼ਿਲ ਲਗਾਉਂਦਾ ਹੈ, ਉਹ ਖੁਦ ਗਾਉਂਦਾ ਹੈ, ਅਵਾਜ਼ ਵਿੱਚ ਉਹ ਮਧੁਰਤ ਨਹੀਂ ਫਿਰ ਵੀ ਜਦੋਂ ਉਹ ਕੰਨ `ਤੇ ਹੱਥ ਰੱਖਕੇ ਤਾਨ ਖਿੱਚਦਾ ਹੈ ਤਾਂ ਕਮਾਲ ਲਗਦਾ ਹੈ, ਦੂਜਾ ਹੱਕ ਸਾਹਮਣੇ ਵੱਲ ਕੱਢਕੇ ਰੱਖਦਾ ਹੈ। ਇਸੇ ਕਿਰਦਾਰ ਕਰਕੇ ਲੋਕ ਉਹਨੂੰ ਉਸਤਾਦ ਕਹਿੰਦੇ ਹਨ।
ਉਸਤਾਦ ਨੇ ਮੋੜ ਕੇ ਅਖ਼ਬਾਰ ਚੋਲ਼ੇ ਦੀ ਜੇਬ ਵਿੱਚ ਪਾਇਆ ਹੋਇਆ ਹੈ। ਉਹ ਪੜ੍ਹਨਾ-ਲਿਖਣਾ ਜਾਣਦਾ ਹੈ। ਇਸ ਪਿੰਡ ਦੇ ਬਾਹਰ ਵੀ ਇੱਕ ਦੇਸ਼ ਹੈ, ਜੋ ਧਰਤੀ ਹੈ, ਉਸਦੀ ਖ਼ਬਰ-ਸਾਰ ਉਹਨੂੰ ਰਹਿੰਦੀ ਹੈ। ਅਜਿਹੇ ਵਿੱਚ ਹੀ ਇੱਕ ਦਿਨ ਉਸਨੇ ਆਸਮਾਨ ਵੱਲ ਉਂਗਲ ਕਰਕੇ ਕਿਹਾ ਸੀ, ਇਹ ਆਸਮਾਨ ਹੈ, ਬਹੁਤ-ਬਹੁਤ ਦੂਰ ਜਿੱਥੋਂ ਤੱਕ ਨਜ਼ਰ ਨਹੀਂ ਜਾਂਦੀ, ਸੁਣਿਐਂ ਓਥੇ ਵੀ ਆਦਮੀ ਲੜਾਈ ਲਈ ਤਿਆਰ ਬੈਠੇ ਨੇ। ਪਤਾ ਨਹੀਂ, ਉਸਤਾਦ ਇਹ ਸਭ ਕਹਿਕੇ ਮਜ਼ਾਕ ਕਰਦਾ ਹੈ ਕਿ ਨਹੀਂ।
ਉਸਤਾਦ ਦੇ ਗਾਉਣ ਦੀ ਆਵਾਜ਼ ਸੁਣਕੇ ਦੋ-ਚਾਰ ਹੋਰ ਲੋਕ ਆ ਜੁੜਦੇ ਹਨ। ਉਹ ਬੁੱਢੇ ਰਾਮਖੇਲਾਵਨ ਦੀ ਮੰਜੀ ਦਵਾਲੇ ਘੇਰਾ ਬਣਾ ਕੇ ਖੜ੍ਹ ਜਾਂਦੇ ਹਨ ਜਾਂ ਚੌਂਕੜੀ ਮਾਰ ਕੇ ਬੈਠ ਜਾਂਦੇ ਹਨ। ਸਾਰੇ ਆ ਕੇ ਪਹਿਲਾਂ `ਰਾਮ-ਰਾਮ` ਕਹਿੰਦੇ ਹਨ, ਫਿਰ ਪੁੱਛਦੇ ਹਨ, “ਹੋਰ ਸੁਣਾਓ ਉਸਤਾਦ ਜੀ, ਤੁਹਾਡੇ ਅਖ਼ਬਾਰ ਵਿੱਚ ਕੀ ਵਧੀਆ ਖ਼ਬਰ ਹੈ, ਹੈ ਕੋਈ ਖ਼ੁਸ਼ਖ਼ਬਰੀ?“ (ਕੀ ਚੰਗੀ ਖ਼ਬਰ ਹੈ, ਕੀ ਖ਼ੁਸ਼ਖ਼ਬਰੀ ਹੈ?“)
ਉਸਤਾਦ ਮੰਜੀ ਦੀ ਇੱਕ ਨੁੱਕਰੇ ਬੈਠਾ-ਬੈਠਾ ਬੋਲਦਾ ਹੈ, ਓਏ, ਅਖ਼ਬਾਰ ਮੇਰੇ-ਤੇਰੇ ਵਰਗੇ ਗ਼ਰੀਬਾਂ ਦੀ ਗੱਲ ਨੀ ਲਿਖਦੇ, ਇਹਨਾਂ `ਚ ਤਾਂ ਵੱਡੇ-ਵੱਡੇ ਸੇਠਾਂ ਤੇ ਮਨਿਸਟਰਾਂ ਦੀਆਂ ਗੱਲਾਂ ਹੀ ਛਪਦੀਆਂ ਨੇ, ਉਹ ਸੁਣਕੇ ਕੀ ਕਰੋਗੇ?“
ਉਸ ਦਿਨ ਰਾਮਖੇਲਾਵਨ ਨੇ ਆਪਣੇ ਪੋਪਲੇ ਮੂੰਹ ਨਾਲ ਹੱਸਕੇ ਪੁੱਛਿਆ, “ਉਸਤਾਦ ਜੀ, ਗ਼ਰੀਬਾਂ ਦੇ ਜੀਵਨ `ਚ ਹੈ ਹੀ ਕੀ, ਜਿਹੜਾ ਅਖ਼ਬਾਰਾਂ `ਚ ਆਵੇ? ਗ਼ਰੀਬ ਦੀ ਖ਼ਬਰ ਸੁਣਕੇ ਅਸੀਂ ਕੀ ਕਰਾਂਗੇ? ਤੁਸੀਂ ਸੇਠਾਂ ਅਤੇ ਮਨਿਸਟਰਾਂ ਕਿੱਸੇ ਹੀ ਸੁਣਾਓ ਨਾ।“
ਫੁਲਸਰੀਆ ਨੂੰਹ ਬੋਲੀ, “ਪਿੱਛੇ ਜਿਹੇ ਤੁਸੀਂ ਅਮ੍ਰਿਕਾ ਨਾਂ ਦੇ ਕਿਸੇ ਪਿੰਡ ਬਾਰੇ ਬੜੀ ਮਜ਼ੇਦਾਰ ਕਹਾਣੀ ਸੁਣਾਈ ਸੀ। ਉਸੇ ਵਰਗੀ ਇੱਕ ਹੋਰ ਕਹਾਣੀ ਸੁਣਾਓ।“
ਉਸਦੇ ਆਦਮੀ ਧਨੀਆ ਨੇ ਕਿਹਾ, “ਅੱਛਾ ਉਸਤਾਦ ਜੀ, ਇੰਦਰਾ ਜੀ ਦੇ ਲੜਕੇ ਰਾਜੀਵ ਜੀ ਤਾਂ ਹੁਣ ਗੱਦੀ `ਤੇ ਬੈਠੇ ਨੇ, ਗੱਲ ਠੀਕ ਹੈ ਨਾ? ਰਾਜੀਵ ਜੀ ਦੇ ਕਿੰਨੇ ਬਾਲ ਬੱਚੇ ਨੇ? ਕਿੰਨੇ ਕੁ ਵੱਡੇ ਨੇ? ਅੱਛਾ ਮੰਨ ਲਓ, ਰੱਬ ਨਾ ਕਰੇ, ਰਾਜੀਵ ਜੀ ਅਚਾਨਕ ਪੂਰੇ…….“
ਅੱਜ ਕੋਈ ਹੋਰ ਕੰਮ ਨਹੀਂ ਹੈ। ਆਸਮਾਨ ਬਿਲਕੁਲ ਸਾਫ਼ ਸੀ, ਇਸ ਲਈ ਖੇਤੀ ਸ਼ੁਰੂ ਨਹੀਂ ਹੋਈ, ਹੁਣ ਜਦੋਂ ਤੱਕ ਮੀਂਹ ਨਹੀਂ ਸੀ ਪੈਂਦਾ ਓਦੋਂ ਤੱਕ ਸਮਾਂ ਬੇਕਾਰ ਜਾ ਰਿਹਾ ਸੀ।
ਕਈ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ-ਕਰਦੇ ਉਸਤਾਦ ਜ਼ੋਰ ਨਾਲ ਬੋਲਿਆ, “ਕੋਈ ਇੱਕ ਕੱਪ ਚਾਹ ਪਿਆ ਸਕਦੈ?“
ਸਾਰੇ ਇੱਕ ਦੂਜੇ ਦਾ ਮੂੰਹ ਦੇਖਣ ਲੱਗੇ, ਚੁੱਪਚਾਪ ਸਹਿਮ ਜਿਹੇ ਗਏ। ਕਿੰਨੀ ਸ਼ਰਮ ਦੀ ਗੱਲ ਹੈ, ਉਸਤਾਦ ਨੇ ਆਪਣੇ ਮੂੰਹੋਂ ਕਿਹਾ ਹੈ ਸਿਰਫ਼ ਇੱਕ ਕੱਪ ਚਾਹ ਲਈ ਪਰ ਕਿਵੇਂ ਇੱਕ ਕੱਪ ਚਾਹ ਦਾ ਇੰਤਜ਼ਾਮ ਕੀਤਾ ਜਾਵੇ? ਏਥੇ ਤਾਂ ਕਿਸੇ ਦੇ ਘਰ ਚਾਹ ਬਣਦੀ ਹੀ ਨਹੀਂ।
ਇੱਕ ਨੌਜਵਾਨ ਉੱਠਕੇ ਬੋਲਿਆ, “ਪੱਕੀ `ਚ ਇੱਕ ਸਰਦਾਰ ਜੀ ਦੀ ਦੁਕਾਨ ਹੈ, ਓਥੋਂ ਚਾਹ ਬਣਵਾ ਲਿਆਉ ਨਾਂ, ਕੋਈ ਭਾਂਡਾ ਦੇ ਦਿਓ।“
ਪੱਕੀ ਮਤਲਬ ਪੱਕੀ ਸੜਕ, ਹਾਈਵੇ, ਏਥੋਂ ਢਾਈ ਮੀਲ ਦੂਰ ਹੈ, ਇਹ ਜਵਾਨ ਭੱਜਿਆ ਜਾਏਗਾ ਤੇ ਲੈ ਆਏਗਾ।
ਧਨੀਆ ਬੋਲਿਆ, “ਏਨੀ ਦੂਰੋਂ ਚਾਹ ਲਿਆਵੇਂਗਾ, ਓਦੋਂ ਤੱਕ ਮੇਰਾ ਸਰੀਰ ਤਾਂ ਜ਼ਰੂਰ ਗਰਮ ਹੋ ਜਾਊ ਪਰ ਚਾਹ ਪਾਣੀ ਵਾਂਗੂੰ ਠੰਡੀ ਹੋਜੂ ਤੇ ਠੰਢੀ ਚਾਹ ਤਾਂ ਬਿੱਲੀ ਦੇ ਪਿਸ਼ਾਬ ਵਰਗੀ ਲਗਦੀ ਐ।“ ਉਹਨੇ ਇਸ ਤਰ੍ਹਾਂ ਮੂੰਹ ਬਣਾਕੇ ਕਿਹਾ ਜਿਵੇਂ ਸੱਚ-ਮੁੱਚ ਉਸਨੇ ਕਦੇ ਬਿੱਲੀ ਦੇ ਪਿਸ਼ਾਬ ਦਾ ਸਵਾਦ ਦੇਖਿਆ ਹੋਵੇ। ਉਹਦੀ ਗੱਲ ਸੁਣਕੇ ਸਾਰੇ ਹੱਸ ਪਏ ਸੀ।
ਫੁਲਸਰਿਆ ਚਿੜ੍ਹ ਕੇ ਬੋਲੀ, “ਕਿਉਂ, ਮੈਂ ਚਾਹ ਗਰਮ ਨੀਂ ਕਰ ਸਕਦੀ? ਜਾ-ਜਾ ਭੱਜ ਕੇ ਲੈ ਆ।“
ਰਾਮਖੇਲਾਵਨ ਨੇ ਕਿਹਾ, “ਭਾਂਡਾ ਕੋਈ ਵੱਡਾ ਲੈ ਜਾ, ਥੋੜੀ ਵੱਧ ਈ ਲੈ ਆਈ।“
ਉਸਤਾਦ ਨੇ ਨੌਜਵਾਨ ਵੱਲ ਹੱਥ ਕਰਕੇ ਰੋਕਿਆ, “ਰੁਕ ਜ਼ਰਾ।“ ਇਸਤੋਂ ਬਾਅਦ ਥੋੜੀ ਦੇਰ ਲਈ ਚੁੱਪ ਰਿਹਾ। ਕੁਝ ਨਹੀਂ ਬੋਲਿਆ। ਉਸਦੇ ਚਿਹਰੇ ਉੱਤੇ ਕਿਸੇ ਚਿੰਤਾ ਦੀਆਂ ਰੇਖਾਵਾਂ ਖੇਡ ਰਹੀਆਂ ਸੀ। ਥੋੜੀ ਦੇਰ ਬਾਅਦ ਮੰਜੀ ਤੋਂ ਉੱਠਿਆ, ਫਿਰ ਬੋਲਿਆ, “ਤੂੰ ਇੱਕਲਾ ਕਿਉਂ ਜਾਏਂਗਾ? ਰੁਕ, ਅਸੀਂ ਸਾਰੇ ਚਲਦੇ ਹਾਂ, ਏਥੇ ਬੈਠੇ-ਬੈਠੇ ਵੀ ਕੀ ਕਰਾਂਗੇ? ਪੱਕੀ ਤੇ ਕਿੰਨੀਆਂ ਗੱਡੀਆਂ ਚਲਦੀਆਂ ਨੇ, ਕਿੰਨੇ ਟਰੱਕ, ਹਜ਼ਾਰ-ਦੋ ਹਜ਼ਾਰ ਦੀ ਦੂਰੀ ਤਹਿ ਕਰਦੇ ਨੇ, ਦੇਖਕੇ ਮਨ ਨੂੰ ਵੀ ਰਵਾਨੀ ਜਿਹੀ ਮਿਲਦੀ ਐ, ਚੰਗਾ ਲਗਦੈ, ਠੀਕ ਕਿਹੈ ਨਾ।“
ਬਹੁਗਿਣਤੀ ਲੋਕ ਉੱਠ ਖੜੇ ਫਿਰ ਜ਼ੋਰ-ਜ਼ੋਰ ਨਾਲ ਕਹਿਣ ਲੱਗੇ, “ਚਲੋ, ਚਲੋ, ਚਲੋ…..“
ਇਸ ਤਰ੍ਹਾਂ ਤੀਹ-ਪੈਂਤੀ ਲੋਕ ਸ਼ਾਮਿਲ ਹੋ ਗਏ, ਖ਼ਬਰ ਉੱਡਦੇ ਹੀ ਦੋ-ਚਾਰ ਹੋਰ ਆ ਜੁੜੇ। ਰਾਮਖੇਲਾਵਨ ਬੋਲਿਆ, “ਓਏ, ਐਨੇ ਲੋਕਾਂ ਨੂੰ ਕਿਵੇਂ ਲਿਜਾਇਆ ਜਾ ਸਕਦੈ? ਏਨੀ ਚਾਹ ਦੇ ਪੈਸੇ ਕੌਣ ਦਿਉ?
ਉਸਤਾਦ ਨੇ ਹੱਥ ਉੱਪਰ ਕਰਕੇ ਕਿਹਾ, “ਆਉਣ ਦਿਉ, ਸਾਰੇ ਚੱਲੋ, ਪੈਸੇ ਵੀ ਆ ਜਾਣਗੇ।“
ਫੁਲਸਰਿਆ ਬੋਲੀ, “ਉਸਤਾਦ ਜੀ ਜਦੋਂ ਕਹਿ ਰਹੇ ਨੇ ਫੇਰ ਕਾਹਤੋਂ ਰੌਲਾ ਪਾਇਐ? ਉਸਤਾਦ ਜੀ ਦੀ ਗੱਲ ਕੋਈ ਮੁੱਲ ਹੀ ਨਈਂ?“
ਹੁਣ ਇੱਕ ਬੇ ਮਕਸਦ ਜਲੂਸ, ਨਿਕੰਮੇ ਹੋਏ ਆਲਮੀ ਲੋਕਾਂ ਲਈ ਅਚਾਨਕ ਹੀ ਪਿਕਨਿਕ ਦੀ ਯੋਜਨਾ ਬਣਾਉਣ ਜਾ ਰਿਹਾ ਸੀ। ਪੱਕੀ ਤੇ ਖੜ੍ਹ ਕੇ ਪਤਾ ਲਗਦਾ ਹੈ ਕਿ ਇੱਧਰ-ਉੱਧਰ ਦੂਰ-ਦੂਰ ਤੱਕ ਦੂਜੇ ਦੇਸ਼ ਵੀ ਹਨ। ਸੜਕ ਤੇ ਇੱਕ ਪਾਸੇ ਜਾਣ ਨਾਲ ਇਹਨਾਂ ਦੇਸ਼ਾਂ ਦੀ ਇੱਕ ਰਾਜਧਾਨੀ ਵੀ ਹੈ। ਮੀਲਾਂ ਦੇ ਹਿਸਾਬ ਨਾਲ ਪੱਚੀ-ਤੀਹ ਮੀਲ ਦੀ ਦੂਰੀ ਅਸਲ ਵਿੱਚ ਘੱਟ ਨਹੀਂ ਹੈ।
ਪੱਕੀ ਤੇ ਅੱਧਾ ਮੀਲ ਪਾਸੇ ਚੱਲ ਕੇ ਸਰਦਾਰ ਜੀ ਦੀ ਦੁਕਾਨ ਆਉਂਦੀ ਸੀ। ਪਰ ਉਹ ਦੁਕਾਨ ਬੰਦ ਸੀ। ਦੇਖਣ ਤੋਂ ਇੰਝ ਲਗਦਾ ਹੈ ਜਿਵੇਂ ਇਹ ਦੁਕਾਨ ਕਈ ਦਿਨਾਂ ਤੋਂ ਖੁੱਲ੍ਹੀ ਨਹੀਂ ਹੈ।
ਧਨਿਆ ਨੇ ਮੱਥੇ ਤੇ ਹੱਥ ਮਾਰਿਆ, “ਹਾਏ ਰਾਮ। ਇਹ ਤਾਂ ਮੈਨੂੰ ਯਾਦ ਹੀ ਨੀ ਆਇਆ, ਅੰਮ੍ਰਿਤਸਰ ਵਿੱਚ ਕੋਈ ਰੌਲ਼ਾ-ਗੌਲ਼ਾ ਹੋਇਆ ਸੀ, ਸਰਦਾਰ ਵੀ ਬਹੁਤ ਗੁੱਸੇ `ਚ ਨੇ। ਕਾਫੀ ਸਰਦਾਰ ਤਾਂ ਭੱਜੇ ਹੋਏ ਨੇ। ਇੰਦਰਾ ਜੀ ਦੇ ਕਤਲ ਤੋਂ ਬਾਅਦ ਸਰਦਾਰ ਜੀ ਦਾ ਕੋਈ ਅਤਾ-ਪਤਾ ਨਹੀਂ।
ਸਾਰਿਆਂ ਦੇ ਚਿਹਰਿਆਂ `ਤੇ ਉਦਾਸੀ ਛਾ ਗਈ ਸੀ, ਹੁਣ ਕੀ ਕਰੀਏ? ਪਿਕਨਿਕ ਬੇਕਾਰ ਗਈ, ਉਸਤਾਦ ਅੱਜ ਖ਼ੁਦ ਹੀ ਸਭ ਨੂੰ ਚਾਹ ਪਿਆਉਣ ਲੱਗਾ ਸੀ।
ਉਸਤਾਦ ਨੇ ਕਿਹਾ, “ਕੋਈ ਚਿੰਤਾ ਨੀਂ, ਤਾਂ ਕੀ ਹੋਇਆ ਜੇ ਇਹ ਦੁਕਾਨ ਬੰਦ ਹੈ, ਹੋਰ ਵੀ ਤਾਂ ਦੁਕਾਨਾਂ ਨੇ, ਚਲੋ ਅੱਗੇ ਚਲਦੇ ਹਾਂ।“
ਰਾਮਖੇਲਾਵਨ ਬੋਲਿਆ, “ਹੁਣ ਹੋਰ ਕਿੱਥੇ ਜਾਵਾਂਗੇ ਉਸਤਾਦ ਜੀ, ਜਿੰਨਾ ਅੱਗੇ ਜਾਵਾਂਗੇ ਓਨਾ ਹੀ ਸ਼ਹਿਰ ਦੇ ਨੇੜੇ ਹੁੰਦੇ ਜਾਵਾਂਗੇ। ਓਥੋਂ ਦੀਆਂ ਦੁਕਾਨਾਂ ਤੇ ਚਾਹ ਮਹਿੰਗੀ ਹੋਵੇਗੀ। ਨਾਂ ਹੀ ਅਸੀਂ ਕਮੀਜ਼ ਵਗੈਰਾ ਪਾ ਕੇ ਆਏ ਹਾਂ, ਪੈਰਾਂ `ਚ ਜੁੱਤੇ ਵੀ ਨਹੀਂ, ਦੁਕਾਨਦਾਰ ਤੇ ਸਾਨੂੰ ਅੰਦਰ ਹੀ ਨਹੀਂ ਵੜਨ ਦੇਣਾ।“
ਬਾਕੀ ਲੋਕ ਵੀ ਉਦਾਸ ਖੜ੍ਹੇ ਸੀ। ਉਨ੍ਹਾਂ ਦੇ ਮਨ ਵਿੱਚ ਵੀ ਇਹ ਸਾਰੀਆਂ ਗੱਲਾਂ ਘੁੰਮ ਰਹੀਆਂ ਸਨ। ਰਾਹ ਕਿਨਾਰੇ ਖੜ੍ਹ ਕੇ ਭਾਵੇਂ ਇਸ ਹਾਲਤ ਵਿੱਚ ਚਾਹ ਪੀਤੀ ਜਾ ਸਕਦੀ ਸੀ ਪਰ ਚੰਗੀ ਦੁਕਾਨ `ਚ ਤਾਂ ਉਹਨਾਂ ਨੂੰ ਕੋਈ ਵੜਨ ਹੀ ਨਹੀਂ ਦੇਵੇਗਾ।
ਉਸਤਾਦ ਨੇ ਝਿੜਕਿਆ, “ਉਏ, ਚਾਹ ਕਿਹੜਾ ਕਮੀਜ਼ ਤੇ ਜੁੱਤੀਆਂ ਪੀਣਗੇ, ਆਦਮੀ ਪੀਣਗੇ।“
ਪਲ ਭਰ ਵਿੱਚ ਹੀ ਚਿਹਰੇ ਤੇ ਖ਼ੁਸ਼ੀ ਛਾ ਗਈ ਜਿਵੇਂ ਕਿ ਉਸਦੇ ਮਨ ਵਿੱਚ ਕੋਈ ਨਵੀਂ ਯੋਜਨਾ ਤਿਆਰ ਹੋ ਗਈ ਹੋਵੇ। ਪਾਕੇਟ `ਚੋਂ ਅਖ਼ਬਾਰ ਦੇ ਪੰਨੇ ਕੱਢ ਕੇ ਉਸਨੂੰ ਗੋਲ ਕੀਤਾ ਫਿਰ ਮੂੰਹ ਕੋਲ ਕਰਕੇ ਉਸਨੂੰ ਦੋ ਬਾਰ ਚੁੰਮਿਆਂ। ਉਸਤੋਂ ਬਾਅਦ ਬੋਲਿਆ, “ਚਲੋ, ਅੱਜ ਤੁਹਾਨੂੰ ਤਾਜ ਮਹਲ `ਚ ਚਾਹ ਪਿਆਉਂਗਾ।“
ਉਸਤਾਦ ਵਿੱਚ-ਵਿੱਚ ਕਈ ਅਜਿਹੀਆਂ ਬੇ ਸਿਰ-ਪੈਰ ਗੱਲਾਂ ਕਰ ਜਾਂਦਾ ਹੈ ਜਿੰਨ੍ਹਾਂ ਦਾ ਕੋਈ ਸਿਰਾ ਨਹੀਂ ਹੰੁਦਾ। ਤਾਜਮਹਿਲ ਆਖ਼ਿਰ ਕੀ ਚੀਜ਼ ਹੈ? ਸਾਰੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ।
ਧਨਿਆ ਨੂੰ ਸਭ ਪਤਾ ਹੈ, ਅਜਿਹਾ ਲੱਗ ਰਿਹਾ ਸੀ ਉਹਦੇ ਹਾਵ-ਭਾਵ ਤੋਂ। ਉਹ ਬੋਲਿਆ, “ਤਾਜ ਮਹਿਲ ਇੱਕ ਬਾਦਸ਼ਾਹ ਦੀ ਬਹੁਤ ਵੱਡੀ ਦੁਕਾਨ ਹੈ, ਮੈਂ ਫੋਟੋ `ਚ ਦੇਖਿਐ, ਠੇਕੇਦਾਰ ਬਾਬੂ ਦੇ ਘਰ ਇੱਕ ਕਲੈਂਡਰ ਹੈ, ਉਹਦੇ `ਚ।“
ਉਸਤਾਦ ਬੋਲਿਆ, “ਠੀਕ ਕਿਹੈ ਤੂੰ, ਤੁਸੀਂ ਅਕਬਰ ਬਾਦਸ਼ਾਹ ਦਾ ਨਾਂ ਸੁਣਿਐਂ? ਨਹੀਂ ਸੁਣਿਆ? ਉਸੇ ਅਕਬਰ ਦੇ ਦਾਦੇ ਨੇ ਬੇਗ਼ਮ ਲਈ ਇੱਕ ਵਿਸ਼ਾਲ ਕੋਠੀ ਬਣਵਾਈ ਸੀ। ਇਸ ਧੁੱਪ ਵਾਂਗ ਚਕਮਕ।“
ਇੱਕ ਨੇ ਮਜ਼ਾਕ ਕੀਤਾ, “ਉਥੇ ਅਸੀਂ ਕਿਉਂ ਜਾਵਾਂਗੇ? ਬਾਦਸ਼ਾਹ ਨੇ ਸਾਨੂੰ ਕੀ ਦਾਵਤ ਦਿੱਤੀ ਐ?“
ਧਨਿਆ ਬੋਲਿਆ, “ਉਏ, ਬਾਦਸ਼ਾਹ-ਬੇਗਮ ਦਾ ਟਾਇਮ ਖ਼ਤਮ, ਉਹ ਸਾਰੇ ਹੁਣ ਬਚੇ ਥੋੜਾ ਨੇ? ਤੈਨੂੰ ਇਹ ਪਤਾ ਨੀਂ?“
ਇੱਕ ਨੇ ਕਿਹਾ, “ਫੇਰ ਤਾਂ ਜ਼ਰੂਰ ਉਥੇ ਮੰਤਰੀ ਜੀ ਆਪਣੇ ਬੀਵੀ-ਬੱਚਿਆਂ ਨਾਲ ਰਹਿੰਦੇ ਹੋਣਗੇ?“
ਉਸਤਾਦ ਬੋਲਿਆ, “ਓ ਨਹੀਂ, ਉਹ ਕੋਠੀ ਤਾਂ ਹੁਣ ਪਬਲਿਕ ਲਈ ਹੈ, ਸਾਡੇ ਵਰਗੇ ਬੇਕਾਰ ਲੋਕ ਵੀ ਉਥੇ ਜਾ ਸਕਦੇ ਨੇ।“
ਫਿਰ ਵੀ ਲੋਕ ਹਾਲੇ ਦੁਬਿਧਾ ਵਿੱਚ ਸਨ, “ਉਹ ਹਾਲੇ ਕਿੰਨੀ ਦੂਰ ਹੈ? ਉੱਥੇ ਚਾਹ ਦੇ ਕਿੰਨੇ ਪੈਸੇ ਲੱਗਣਗੇ? ਵਾਪਿਸੀ ਫਿਰ ਕਦੋਂ ਤੱਕ ਹੋਵੇਗੀ?“
ਉਸਤਾਦ ਨੂੰ ਅੰਦਰੋਂ-ਅੰਦਰ ਹਾਸਾ ਆ ਰਿਹਾ ਸੀ। ਉਸਨੇ ਤੁਰੰਤ ਇੱਕ ਸੌ ਦਾ ਨੋਟ ਕੱਢਿਆ ਅਤੇ ਮੂੰਹ ਦੇ ਸਾਹਮਣੇ ਕਰਕੇ ਹਿਲਾਉਣ ਲੱਗਿਆ।
ਓ, ਕਮਾਲ ਐ। ਉਸਤਾਦ ਨੇ ਟਾਕੀਆਂ ਲੱਗੇ ਚੋਲ਼ੇ ਦੀ ਜੇਬ `ਚੋਂ ਇੱਥ ਕੱਢਿਆ ਸੌ ਦਾ ਨੋਟ? ਇਹ ਵੀ ਜਾਦੂ ਟੂਣੇ ਦਾ ਖੇਡ ਜਾਣਦੈ? “ਕੀ ਮਾਮਲਾ ਹੈ ਉਸਤਾਦ ਜੀ? ਕਿੱਥੋਂ ਮਿਲਿਆ?“
“ਤੁਸੀਂ ਲੋਕਾਂ ਨੇ ਮੈਨੂੰ ਸਮਝ ਕੀ ਰੱਖਿਐ? ਮੈਂ ਬਿਲਕੁਲ ਹੀ ਫਾਲਤੂ ਹਾਂ? ਇਹ ਮੈਨੂੰ ਗਾਣਾ ਗਾਉਣ ਦੇ ਇਨਾਮ `ਚ ਮਿਲਿਐ।“
ਮਾਹੌਲ ਫਿਰ ਤੋਂ ਸਹਜ ਹੋ ਗਿਆ। ਜ਼ਿਆਦਾਤਰ ਲੋਕ ਹੱਸ ਰਹੇ ਸਨ। ਉਸਤਾਦ ਦੇ ਗਾਣੇ ਤੋਂ ਖ਼ੁਸ਼ ਹੋ ਕੇ ਕਿਸੇ ਨੇ ਪੈਸੇ ਦਿੱਤੇ ਸੀ, ਇਹ ਤਾਂ ਵੈਸੇ ਹੀ ਵਿਸ਼ਵਾਸ ਨੀ ਹੁੰਦਾ, ਪਰ ਇਹ ਨੋਟ ਤਾਂ ਸੱਚ ਹੈ। ਹਵਾ `ਚ ਤੈਰ ਕੇ ਤਾਂ ਨਾ ਆਇਆ।
ਧਨਿਆ ਬੋਲਿਆ, “ਉਸਤਾਦ ਜੀ, ਤੁਸੀਂ ਇਹ ਨੋਟ ਸਾਨੂੰ ਚਾਹ ਪਿਆਉਣ ਤੇ ਖਰਚ ਕਰੋਗੇ?“
“ਮੈਂ ਰੁਪਏ ਜਮ੍ਹਾਂ ਤਹੀਂ ਕਰਦਾ, ਅਚਾਨਕ ਮਿਲਿਆ ਹੈ, ਤਾਂ ਇੱਕ ਦਿਨ `ਚ ਖਰਚ ਵੀ ਕਰ ਸਕਦਾਂ।“
“ਤਾਂ ਇੱਕ ਕੰਮ ਕਰੋ, ਐਨੇ ਰੁਪੱਈਆਂ ਦੀ ਚਾਹ ਪੀ ਕੇ ਕੀ ਹੋ ਜਾਉ? ਮੰਦਿਰ `ਚ ਪੂਜਾ ਕਰਵਾ ਦਿਓ।“
“ਜਾ ਪਾਗ਼ਲ। ਮੈਂ ਸਿਰਫ਼ ਪੇਟ ਪੂਜਾ ਦੀ ਗੱਲ ਜਾਣਦਾਂ, ਹੋਰ ਕਿਸੇ ਪੂਜਾ ਨੂੰ ਨੀਂ ਮੈਂ ਮੰਨਦਾ।“
“ਗੱਲ ਸੁਣੋ, ਦੇਵਤਾ ਲਈ ਇੱਕ ਬੱਕਰੀ ਜਾਂ ਭੇਡੂ ਦੀ ਮੰਨਤ ਮੰਨ ਲਉ, ਫੇਰ ਆਪਾਂ ਸਾਰੇ ਮਿਲਕੇ ਮੀਟ ਰਿੰਨ੍ਹ ਕੇ ਖਾਵਾਂਗੇ।“
“ਇੱਕ ਸੌ `ਚ ਬੱਕਰੀ ਜਾਂ ਭੇਡੂ, ਹੂੰਅ? ਇੱਕ-ਦੋ ਸੌ ਚਚੂੰਧਰ ਖਰੀਦਿਆ ਜਾ ਸਕਦੈ।“
ਫੁਲਸਰਿਆ ਬੋਲੀ, “ਮੇਰਾ ਬੰਦਾ ਤਾਂ ਹਰ ਵੇਲੇ ਫਾਲਤੂ ਗੱਲਾਂ ਹੀ ਕਰਦੈ, ਮੀਟ-ਮੂਟ ਛੱਡੋ, ਜਿਉਂਦੇ ਰਹੇ ਤਾਂ ਕਦੀ ਨਾ ਕਦੀ ਮੀਟ ਖਾਣ ਨੂੰ ਮਿਲ ਹੀ ਜਾਣੈ। ਉਸਤਾਦ ਜੀ ਨੇ ਜਿਹੜਾ ਹਵਾਮਹਿਲ, ਮਤਲਬ ਜਿਹੜੇ ਵੀ ਮਹਲ ਦੀ ਗੱਲ ਕੀਤੀ ਹੈ, ਅਸੀਂ ਉਥੇ ਹੀ ਜਾ ਕੇ ਚਾਹ ਪੀਵਾਂਗੇ।
ਬਹੁਗਿਣਤੀ ਲੋਕਾਂ ਨੇ ਹਾਮੀ ਭਰੀ, ਘਰ ਮੁੜਨ ਦੀ ਕੋਈ ਜਲਦਬਾਜੀ ਨਹੀਂ ਸੀ। ਇਸ ਲਈ ਪਿੰਡ ਦੀ ਇਹ ਫੌਜ ਅੱਗੇ ਵੱਲ ਚੱਲ ਪਈ, ਰਾਜਧਾਨੀ ਵੱਲ। ਥੋੜੀ ਦੂਰ ਜਾਣ ਤੋਂ ਬਾਅਦ ਉਹਨਾਂ ਲੋਕਾਂ ਨੇ ਦੇਖਿਆ ਕਿ ਇੱਕ ਆਦਮੀ ਡੁਗਡੁਗੀ ਬਜਾਉਂਦਾ ਜਾ ਰਿਹਾ ਸੀ। ਉਸਦੇ ਨਾਲ ਇੱਕ ਮਾੜਚੂ ਜਿਹਾ ਭਾਲੂ ਤੇ ਦੋ ਬਾਂਦਰ ਵੀ ਸੀ। ਉਸਤਾਦ ਅੱਗੇ ਵਧਕੇ ਉਸਦੇ ਮੋਢੇ `ਤੇ ਹੱਥ ਰੱਖ ਕੇ ਬੋਲਿਆ, “ਕੀ ਹਾਲ ਐ ਮਿੱਤਰਾ, ਕਿੱਧਰ ਜਾ ਰਿਹੈ?“
ਉਹ ਆਦਮੀ ਉਸਤਾਦ ਨੂੰ ਪਹਿਚਾਣਦਾ ਸੀ। ਉਹ ਬੋਲਿਆ, ਮੇਰਾ ਕੋਈ ਪੱਕਾ ਨਹੀਂ, ਜਿੱਧਰ ਜੀਅ ਕਰੇ, ਨਿਕਲ ਜਾਈਦੈ। ਤੁਸੀਂ ਇਹ ਟੋਲੀ ਲੈ ਕੇ ਕਿੱਧਰ ਚੱਲੇ ਹੋ?
ਉਸਤਾਦ ਨੇ ਕਿਹਾ, “ਅਸੀਂ ਸਾਰੇ ਇੱਕ ਥਾਂ ਚਾਹ ਪੀਣ ਜਾ ਰਹੇ ਹਾਂ। ਤੂੰ ਵੀ ਚੱਲ ਸਾਡੇ ਨਾਲ ਤੂੰ ਮਿਲ ਗਿਆ ਇਹ ਵੀ ਚੰਗਾ ਹੋਇਆ।“
ਮਦਾਰੀ ਬੋਲਿਆ, “ਐਨੇ ਆਦਮੀ ਸਿਰਫ਼ ਚਾਹ ਪੀਣ ਜਾ ਰਹੇ ਨੇ?“
“ਚੱਲ ਵੀ ਸਹੀ, ਵਧੀਆ ਚਾਹ ਮਿਲੂ। ਏਸ ਤਰ੍ਹਾਂ ਦੀ ਚਾਹ ਕਦੀ ਪਿਓ ਨੇ ਵੀ ਨੀ ਪਿਆਈ ਹੋਣੀ।“
ਉਨ੍ਹਾਂ ਚੋਂ ਕਿਸੇ ਨੇ ਚੀਕ ਕੇ ਕਿਹਾ, “ਅਸੀਂ ਤਾਜਮਹਲ `ਚ ਚਾਹ ਪੀਣ ਜਾ ਰਹੇ ਹਾਂ“ ਮਦਾਰੀ ਠਠੰਭਰ ਕੇ ਖੜ੍ਹ ਗਿਆ। ਮੋਢੇ ਤੋਂ ਉਸਤਾਦ ਦਾ ਹੱਥ ਹਟਾ ਕੇ ਥੋੜੀ ਦੇਰ ਤੱਕ ਉਹਦੇ ਚਿਹਰੇ ਵੱਲ ਦੇਖਦਾ ਰਿਹਾ। ਉਸਤਾਦ ਤਾਂ ਦੂਰ ਅੰਦੇਸ਼ੀ ਆਦਮੀ ਹੈ। ਉਹ ਆਦਮੀ ਨੂੰ ਪਹਿਚਾਨਣ ਵਿੱਚ ਭੁੱਲ ਨਹੀਂ ਕਰ ਸਕਦਾ। ਉਸਨੇ ਪੁੱਛਿਆ, “ਓਸ ਆਦਮੀ ਨੇ ਤਾਜਮਹਲ ਦੀ ਗੱਲ ਕੀਤੀ ਐ ਨਾ? ਕਿੱਥੇ ਪੀਣ ਜਾ ਰਹੇ ਹੋ ਤੁਸੀਂ ਸਾਰੇ?“
ਉਸਤਾਦ ਨੇ ਮੁਸਕੁਰਾ ਕੇ ਕਿਹਾ, “ਤਾਜਮਹਲ।“
ਮਦਾਰੀ ਨੇ ਝੂੰਝਲਾ ਕੇ ਕਿਹਾ, “ਤੁਸੀਂ ਮੈਨੂੰ ਸਮਝ ਕੀ ਰੱਖਿਐ? ਕੀ ਮੈਂ ਤਾਜਮਹਲ ਨਹੀਂ ਪਛਾਣਦਾ? ਮੈਂ ਸਭ ਜਾਣਦਾ। ਤਾਜਮਹਲ ਤਾਂ ਬਹੁਤ ਦੂਰ ਹੈ। ਇਸ ਪਾਸੇ, ਜਿੱਧਰ ਜਾ ਰਹੇ ਹੋ ਓਧਰ ਤਾਂ ਰਾਜਧਾਨੀ ਹੈ।
ਉਸਤਾਦ ਨੇ ਕਿਹਾ, “ਓ, ਚੱਲ ਤਾਂ ਸਹੀ ਦੋਸਤ। ਤੂੰ ਹੀ ਤਾਂ ਕਿਹੈ ਕਿ ਤੂੰ ਕਿਤੇ ਵੀ ਜਾ ਸਕਦੈਂ। ਰਾਜਧਾਨੀ ਜਾਣ `ਚ ਕੀ ਪਰਹੇਜ਼ ਹੈ?
“ਤਾਂ ਕੀ ਰਾਜਧਾਨੀ ਵੀ ਤੁਸੀਂ ਸਾਰੇ ਪੈਦਲ ਹੀ ਜਾਓਗੇ? ਆਦਮੀ ਦੀ ਤਾਂ ਗੱਲ ਛੱਡੋ ਮੇਰੇ ਭਾਲੂ ਤੇ ਬਾਂਦਰ ਵੀ ਨਹੀਂ ਜਾ ਸਕਦੇ।“
“ਤਾਂ ਫੇਰ ਕਿਉਂ ਨਾ ਇੱਕ ਹੋਰ ਕੰਮ ਕੀਤਾ ਜਾਵੇ?“
ਦੂਜੇ ਪਾਸਿਓਂ ਤਿੰਨ-ਤਿੰਨ ਟਰੱਕ ਆ ਰਹੇ ਹਨ। ਉਸਤਾਦ ਦੋਨੋਂ ਹੱਥ ਫੈਲਾ ਕੇ ਰਾਸਤੇ ਦੇ ਵਿਚਕਾਰ ਖੜ੍ਹ ਗਿਆ। ਉਸਦੀ ਦੇਖਾ-ਦੇਖੀ ਦੂਰੇ ਲੋਕ ਵੀ ਖੜੇ ਹੋ ਗਏ। ਏਸ ਪਾਸੇ ਰਾਸਤੇ ਵਿੱਚ ਜੇ ਇੱਕ ਦੋ ਆਦਮੀ ਸਾਹਮਣੇ ਲੰਮੇ ਪੈ ਜਾਣ ਤਾਂ ਟਰੱਕ ਰੁਕਦਾ ਨਹੀਂ, ਕੁਚਲ਼ ਕੇ ਨਿਕਲ ਜਾਂਦੈ। ਪਰ ਹੁਣ ਤਾਂ ਲਗਪਗ ਚਾਲੀ ਲੋਕ ਖੜੇ ਸੀ, ਆਦਮੀ ਔਰਤਾਂ ਸਭ ਮਿਲਾਕੇ। ਜਬਰਦਸਤ ਝਟਕੇ ਨਾਲ ਟਰੱਕ ਰੁਕ ਗਏ। ਤਿੰਨਾਂ ਟਰੱਕਾਂ ਵਿੱਚ ਬੱਕੀਆਂ ਲੱਦੀਆਂ ਹੋਈਆਂ ਸਨ। ਟਰੱਕਾਂ ਦੇ ਡਰਾਇਵਰ ਹੇਠਾਂ ਉਤਰ ਕੇ ਸੋਚ ਰਹੇ ਸੀ, ਹੁਣ ਹੋਰ ਕਿਹੜੀ ਪਾਰਟੀ ਦਾ ਚੰਦਾ ਇੱਕਠਾ ਕਰਨ ਲਈ ਖੜੇ ਨੇ ਇਹ ਲੋਕ?
ਫਲਸਰਿਆ ਨੇ ਪੁੱਛਿਆ, “ਉਸਤਾਦ ਜੀ, ਇਹ ਐਨੀਆਂ ਸਾਰੀਆਂ ਬੱਕਰੀਆਂ ਕਿੱਥੇ ਲਿਜਾ ਰਹੇ ਨੇ?
ਉਸਤਾਦ ਨੇ ਕਿਹਾ, “ਰਾਜਧਾਨੀ ਹੋਰ ਕਿੱਥੇ? ਉੱਥੋਂ ਦੇ ਲੋਕਾਂ ਨੂੰ ਭੁੱਖ ਜਿਆਦਾ ਹੀ ਲੱਗਦੀ ਐ। ਐਨੇ ਕੁ ਨਾਲ ਉਨ੍ਹਾਂ ਦਾ ਢਿੱਡ ਨੀ ਭਰਦਾ। ਇਹ ਲੋਕ ਉਨ੍ਹਾਂ ਲਈ ਪਿੰਡਾਂ `ਚੋਂ ਚੁਣ-ਚੁਣ ਕੇ ਬੱਕੀਆਂ,ਮੁਰਗ਼ੀਆਂ, ਗਾਵਾਂ, ਮੱਛੀਆਂ, ਦੁੱਧ ਸਭ ਭਰਕੇ ਲੈ ਜਾਂਦੇ ਨੇ। ਔਰਤਾਂ ਵੀ ਲੈ ਜਾਂਦੇ ਨੇ।“
“ਔਰਤਾਂ ਨੂੰ ਵੀ ਖਾਂਦੇ ਨੇ?“
“ਹਾ, ਹਾ, ਹਾ, ਹਾ। ਤੂੰ ਨਾ ਡਰ ਫਲਸਰੀਆ। ਅਸੀਂ ਐਨੇ ਸਾਰੇ ਆਂ, ਤੈਨੂੰ ਕੋਈ ਵੀ ਖਾ ਸਕਦਾ।“
ਅੱਗੇ ਹੋ ਕੇ ਉਸਤਾਦ ਨੇ ਟਰੱਕ ਡਰਾਇਵਰ ਨੂੰ ਹੱਥ ਜੋੜਕੇ ਕਿਹਾ, “ਭਾਈ ਸਾਹਬ, ਮੇਰੇ ਦੋਸਤ, ਮਿਹਰਬਾਨੀ ਕਰਕੇ ਸਾਨੂੰ ਸਾਰਿਆਂ ਨੂੰ ਰਾਜਧਾਨੀ ਪਹੁੰਚਾ ਦਿਓਗੇ?“
ਇਹ ਬੇਨਤੀ ਸੁਣਕੇ ਟਰੱਕ ਡਰਾਇਵਰਾਂ ਨੂੰ ਕੋਈ ਖ਼ੁਸ਼ੀ ਨਹੀਂ ਹੋਈ। ਇਨ੍ਹਾਂ ਹਰਾਮਜ਼ਾਦਿਆਂ ਦੇ ਰਾਸਤਾ ਰੋਕ ਕੇ ਖੜ੍ਹੇ ਰਹਿਣ ਨਾਲ ਟਰੱਕ ਤੋਰਨੇ ਸੰਭਵ ਨਹੀਂ ਸੀ। ਪੁਲਿਸ ਦੇ ਆਉਣ ਤੇ ਇਨ੍ਹਾਂ ਨੂੰ ਪਾਸੇ ਕਰਨ `ਤੇ ਘੱਟੋ ਘੱਟ ਚੌਵੀ ਘੰਟੇ ਤਾਂ ਲੱਗਣਗੇ। ਉੱਤੋਂ ਖਰਚਾ ਤੇ ਖ਼ੁਸ਼ਾਮਦ। ਇਨ੍ਹਾਂ ਨੂੰ ਤਾਂ ਫੇਰ ਚੰਦੇ-ਚੁੰਦੇ ਨਾਲ ਵੀ ਕੋਈ ਮਤਲਬ ਨੀਂ।
ਪਹਿਲਾਂ ਤਾਂ ਟਰੱਕ `ਚ ਜਗਹ ਨਾ ਹੋਣ ਦਾ ਬਹਾਨਾ ਲਾਇਆ। ਉਸਤੋਂ ਬਾਅਦ ਡਰਾਇਵਰ ਨੇ ਥੋੜਾ ਬਹੁਤ ਕਿਰਾਇਆ ਦੇਣ ਵੱਲ ਇਸ਼ਾਰਾ ਕੀਤਾ। ਉਸਤਾਦ ਨੇ ਕਿਹਾ, “ਸਾਡੇ ਲੋਕ ਤੁਹਾਡੀਆਂ ਬੱਕਰੀਆਂ ਨੂੰ ਗੋਦੀ `ਚ ਰੱਖ ਲੈਣਗੇ ਇਹਦੇ ਨਾਲ ਜਗ੍ਹਾ ਬਣਜੂ। ਕਿਰਾਏ-ਭਾੜੇ ਨੂੰ ਗੋਲੀ ਮਾਰੋ, ਹਾਂ, ਰਾਜਧਾਨੀ ਪਹੁੰਚ ਕੇ ਚਾਹ ਪਿਆ ਸਕਦਾ।“
ਆਖ਼ਿਰਕਾਰ ਡਰਾਇਵਰ ਨੇ ਹਾਮੀ ਭਰੀ, ਪਰ ਭਾਲੂ ਤੇ ਬਾਂਦਰ ਨੂੰ ਚੜ੍ਹਾਉਣ ਤੋਂ ਇਨਕਾਰ ਕਰ ਦਿੱਤਾ। ਉਸਤਾਦ ਬੋਲਿਆ, “ਸਰਦਾਰ ਜੀ, ਭਾਲੂ ਬੇਚਾਰੇ ਦਾ ਮੂੰਹ ਦੇਖਿਐ? ਤੁਹਾਡੀ ਕੱਲੀ-ਕੱਲੀ ਬੱਕਰੀ ਤਾਂ ਇਹਤੋਂ ਦੁੱਗਣੀ ਲਗਦੀਐ, ਇਹਨੂੰ ਦੇਖ ਕੇ ਉਨ੍ਹਾਂ ਕੀ ਡਰਨੈ, ਚੱਲੋ ਤੁਸੀਂ ਐਵੇਂ ਹੋਰ ਦੇਰ ਨਾ ਕਰੋ।“
ਫਲਸਰੀਆ ਤੇ ਕੁਝ ਹੋਰ ਔਰਤਾਂ ਖ਼ੁਸ਼ੀ ਵਿੱਚ ਟੱਪ ਉੱਠੀਆਂ, ਨਿੱਤ ਦੇ ਅਕੇਵਿਆਂ `ਚ ਅੱਜ ਮਜ਼ਾ ਆਗਿਆ। ਉਸਤਾਦ ਤੋਂ ਬਿਨਾ ਹੋਰ ਕੌਣ ਏਸ ਤਰ੍ਹਾਂ ਸੋਚ ਸਕਦਾ ਸੀ। ਕਿੱਥੇ ਜਾਣੈ, ਇਹ ਪਤਾ ਨੀ, ਪਰ ਕੋਈ ਪਰਵਾਹ ਸੀ। ਦੂਰੋਂ ਰਾਜਧਾਨੀ ਦੇ ਸਿਰਫ਼ ਝਲਕਾਰੇ ਨਾਲ ਹੀ ਸਾਰਿਆਂ ਵਿੱਚ ਇੱਕ ਅਜੀਬ ਜਿਹੀ ਸੁੰਨ ਪੱਸਰ ਗਈ। ਲੋਕ ਸਾਹ ਖਿੱਚਕੇ ਬੈਠ ਗਏ। ਜਿਵੇਂ ਸਵਰਗਲੋਕ ਜਾ ਰਹੇ ਹੋਣ ਤੇ ਜਿਵੇਂ ਆਸਮਾਨ ਝੁਕ ਆਇਆ ਹੋਵੇ। ਵੈਸੇ ਏਸ ਦੇ ਦਲ ਦੇ ਕੁੱਝ ਲੋਕ ਪਹਿਲਾਂ ਵੀ ਕਈ ਵਾਰ ਰਾਜਧਾਨੀ ਹੋ ਆਏ ਸਨ-ਮਜਦੂਰੀ ਲਈ। ਪਰ ਉਹ ਹੋਰ ਗੱਲ ਸੀ। ਅੱਜ ਤਾਂ ਜਿਵੇਂ ਰਾਜਧਾਨੀ ਜਿੱਤਣ ਜਾ ਰਹੇ ਸੀ।
ਫ਼ਲਸਰੀਆ ਨੇ ਪੁੱਛਿਆ, “ਉਸਤਾਦ ਜੀ, ਤਾਜਮਹਲ ਤਾਂ ਸਭ ਤੋਂ ਵੱਡੀ ਕੋਠੀ ਐ, ਉਹ ਏਥੋਂ ਨੀ ਦਿਖਣੀ?“
“ਓ, ਥੋੜਾ ਹੌਂਸਲਾ ਕਰ, ਦੇਖੇਂਗੀ, ਤਾਂ ਤੇਰੀਆਂ ਅੱਖਾਂ ਅੱਡੀਆਂ ਰਹਿ ਜਾਣਗੀਆਂ ਫਲਸਰੀਆ।“
ਰਾਜਧਾਨੀ ਤੋਂ ਥੋੜ੍ਹਾ ਦੂਰ ਪਿੱਛੇ ਹੀ ਟਰੱਕ ਡਰਾਇਵਰ ਨੇ ਇਨ੍ਹਾਂ ਨੂੰ ਉਤਾਰ ਦਿੱਤਾ। ਟਰੱਕ ਅੱਗੇ ਲੈ ਜਾਣਾ ਮਨ੍ਹਾ ਹੈ। ਉਸਤਾਦ ਦੀ ਚਾਹ ਪਿਆਉਣ ਦੀ ਪੇਸ਼ਕਸ਼ ਤਿੰਨਾ ਡਰਾਇਵਰਾਂ ਨੇ ਹੱਸ ਕੇ ਟਾਲ੍ਹ ਦਿੱਤੀ। ਉਸ ਮਾਇਆ-ਨਗਰੀ ਵਿੱਚ ਉਸਤਾਦ ਦਾ ਦਲ ਅੱਗੇ ਵਧਿਆ। ਬਾਪ-ਰੇ-ਬਾਪ ਐਨੀਆਂ ਗੱਡੀਆਂ ਤੇ ਪੁਲਿਸ। ਉਸਤਾਦ ਨੇ ਪਹਿਲਾਂ ਦੇਖਿਆ ਹੁੰਦਾ ਤਾਂ ਵਧੀਆ-ਵਧੀਆ ਕੱਪੜੇ ਪਾ ਕੇ ਆਉਂਦੇ। ਫਲਸਰੀਆ ਕੋਲ ਇੱਕ ਗੁਲਾਬ ਦੇ ਫੁੱਲਾਂ ਵਾਲੀ ਸਾੜੀ ਸੀ। ਉਸਦੇ ਮੁਕਾਬਲੇ ਹੁਣ ਉਸਨੇ ਸਧਾਰਨ ਕਿਸਮ ਦੀ ਪੀਲੀ ਸਾੜੀ ਪਹਿਨੀ ਹੋਈ ਸੀ। ਉਹ ਵੀ ਕਿਤੋਂ-ਕਿਤੋਂ ਪਾਟੀ ਹੋਈ। ਇਹ ਵੀ ਕੋਈ ਗਲ ਹੋਈ।
ਉਸਤਾਦ ਵਿੱਚ-ਵਿੱਚ ਰੁਕ ਕੇ ਕਿਸੇ-ਕਿਸੇ ਨੂੰ ਪਤਾ ਨਹੀਂ ਕੀ ਪੁੱਛ ਰਿਹਾ ਸੀ। ਉਹਨੂੰ ਡਰ ਨਹੀਂ ਲੱਗਦਾ, ਉਹ ਪੁਲਿਸ ਨਾਲ ਗੱਲ ਕਰਨ ਤੋਂ ਵੀ ਨਹੀਂ ਝਿਜਕਦਾ। ਚਲਦੇ-ਚਲਦੇ ਇੱਕ ਵੱਡੇ ਮੋੜ `ਤੇ ਆ ਕੇ ਉਸਤਾਦ ਖੜ੍ਹ ਗਿਆ, ਤੇ ਬੋਲਿਆ, “ਰੁਕੋ, ਇਹ ਹੈ ਤਾਜਮਹਲ।“
ਜਿਆਦਾਤਰ ਲੋਕ ਨਿਰਾਸ਼ ਹੋਏ, ਉਨ੍ਹਾਂ ਨੇ ਸੋਚਿਆ ਸੀ ਬਾਦਸ਼ਾਹ ਬੇਗਮ ਦੀ ਗੱਲ ਹੈ, ਸੱਚਮੁੱਚ ਹੀ ਕੋਈ ਹੈਰਾਨੀਜਨਕ ਗੱਲ ਹੋਵੇਗੀ। ਇਹ ਮਕਾਨ ਵੱਡਾ ਤਾਂ ਜ਼ਰੂਰ ਹੈ, ਪਰ ਇਸ ਤਰ੍ਹਾਂ ਦੇ ਮਕਾਨ ਤਾਂ ਰਾਸਤੇ ਵਿੱਚ ਆਉਂਦੇ ਹੋਏ ਹੋਰ ਵੀ ਦੇਖੇ ਸੀ, ਬਲਕਿ ਇਸਤੋਂ ਵੀ ਵੱਡੇ ਮਕਾਨ ਤੇ ਨਜ਼ਰ ਪਈ ਸੀ ਉਹਨਾਂ ਦੀ। ਧੁੱਪ ਵਾਂਗ ਉਨਾਂ ਸਫ਼ੈਦ ਵੀ ਤਾਂ ਨਹੀਂ।
ਧਨਿਆ ਬੋਲਿਆ, “ਓ, ਤਾਂ ਇਹੀ।“
ਮਦਾਰੀ ਨੇ ਉਸਤਾਦ ਨੂੰ ਕਿਹਾ, “ਕਿਉਂ ਮਜ਼ਾਕ ਕਰਦੇ ਓ ਉਸਤਾਦ? ਇਹੀ ਤੁਹਾਡਾ ਤਾਜ ਮਹਲ ਹੈ? ਇਹ ਤਾਂ ਹੋਟਲ ਐ।
ਉਸਤਾਦ ਨੇ ਹਾਮੀ ਭਰੀ, “ਹਾਂ। ਹੋਟਲ ਹੀ ਤਾਂ ਹੈ। ਹੋਟਲ ਤੋਂ ਬਿਨਾਂ ਚਾਹ ਹੋਰ ਕਿੱਥੇ ਮਿਲੇਗੀ?
“ਇਹੀ ਗੱਲ ਸੀ ਤਾਂ ਪਹਿਲਾਂ ਕਿਉਂ ਨੀ ਦੱਸਿਆ?“
“ਪਹਿਲਾਂ ਦੱਸਦਾ ਤਾਂ ਸਾਡੇ ਇਹ ਸਾਰੇ ਸਾਥੀ ਡਰ ਜਾਂਦੇ, ਪਰ ਮੈਂ ਕੋਈ ਝੂਠ ਨੀ ਬੋਲਿਆ। ਇਸ ਹੋਟਲ ਦਾ ਨਾਮ ਤਾਜ ਮਹਲ ਹੈ, ਵਿਸ਼ਵਾਸ ਨਹੀਂ ਤਾਂ ਉਸ ਦਰਬਾਨ ਨੂੰ ਪੁੱਛ ਲਓ।“
ਹੋਟਲ ਦੀ ਗੱਲ ਸੁਣਕੇ ਸਾਰੇ ਘਬਰਾਏ ਹੋਏ ਸੀ। ਐਨੇ ਵੱਡੇ ਹੋਟਲ `ਚ ਜਾਣ ਦੀ ਕਿਸੇ `ਚ ਹਿੰਮਤ ਨਹੀਂ ਸੀ। ਉਸਤਾਦ ਨੇ ਇੱਕ ਸੌ ਦਾ ਨੋਟ ਦਿਖਾਇਆ ਤਾਂ ਜ਼ਰੂਰ ਸੀ, ਇੱਕ ਸੌ ਘੱਟ ਨੀ ਹੁੰਦਾ ਪਰ ਜਿਆਦਾ ਵੀ ਨਹੀਂ ਸੀ। ਐਨੇ ਪੈਸਿਆਂ `ਚ ਤਾਂ ਇੱਕ ਬੱਕਰੀ ਜਾਂ ਭੇਡ ਵੀ ਨੀ ਖਰੀਦੀ ਜਾ ਸਕਦੀ ਸੀ। ਐਨੇ ਵੱਡੇ ਸਾਹਬ ਦੇ ਹੋਟਲ `ਚ ਐਨੇ ਪੈਸਿਆਂ `ਚ ਚਾਹ ਮਿਲੂਗੀ? ਜੇ ਮਿਲ ਵੀ ਜਾਵੇ ਤਾਂ ਕੀ ਅੰਦਰ ਵੜਨ ਦੇਣਗੇ?
ਹੋਟਲ ਦੇ ਮੁੱਖ ਦਰਵਾਜ਼ੇ ਤੇ ਖੜੇ ਹੈਡ ਦਰਬਾਨ ਦੇ ਚਿਹਰਾ ਬੀਤੇ ਵੇਲੇ ਦੇ ਕਿਸੇ ਨਵਾਬ ਬਾਦਸ਼ਾਹ ਜਿਹਾ ਲੱਗ ਰਿਹਾ ਸੀ। ਨੱਕ ਦੇ ਹੇਠਾਂ ਕਸੀਆਂ ਹੋਈਆਂ ਮੁੱਛਾਂ, ਸਿਰ ਤੇ ਰਾਜਿਆਂ ਵਰਗੀ ਪੱਗ, ਸਰੀਰ ਤੇ ਮਖ਼ਮਲੀ ਪੁਸ਼ਾਕ, ਹੱਥ ਵਿੱਚ ਇੱਕ ਜ਼ਬਰਦਸਤ ਛੋਟੀ-ਮੋਟੀ, ਜਿਸਦਾ ਮੁੱਠਾ ਪਿੱਤਲ ਦਾ ਪਰ ਸੋਨੇ ਵਾਂਗ ਚਕਾਚਕ। ਐਨੇ ਸਾਰੇ ਗੰਦੇ ਤੇ ਪਾਟੇ ਕੱਪੜਿਆਂ ਵਾਲੇ ਪੈਰੋਂ ਨੰਗੇ ਭਿਖਾਰੀਆਂ ਨੂੰ ਦੇਖਕੇ ਉਹ ਚੀਕਿਆ “ਉਏ, ਭੱਜੋ ਏਥੋਂ।“
ਉਸਦੀ ਸਖ਼ਤ ਝਿੜਕ ਸੁਣਕੇ ਉਨ੍ਹਾਂ ਵਿਚਲੇ ਜਿਆਦਾਤਰ ਲੋਕਾਂ ਦੇ ਚਿਹਰੇ ਪੀਲੇ ਪੈ ਗਏ। ਕਈ ਤਾਂ ਇੱਕ ਦੂਜੇ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰਨ ਲੱਗ ਗਏ, ਅਸਲ `ਚ ਸਾਰੇ ਹੀ ਪਿੱਛੇ ਲੁਕਣਾ ਚਾਹੁੰਦੇ ਸੀ।
ਪਰ ਉਸਤਾਦ ਅੱਗੇ ਵਧਿਆ, ਐਨ ਹੈੱਡ ਦਰਬਾਨ ਦੇ ਸਾਹਮਣੇ, ਬਿਨ੍ਹਾਂ ਝਿਜਕੇ, ਉਹਨੇ ਮਖ਼ਮਲ ਪਹਿਲੇ ਦਰਬਾਨ ਦੀ ਛਾਤੀ `ਤੇ ਹੱਥ ਰੱਖਦੇ ਹੋਏ ਹੱਸਕੇ ਕਿਹਾ, “ਅਸੀਂ ਕਸਟਮਰ ਹਾਂ, ਕਸਟਮਰ, ਪੈਸੇ ਦੇਵਾਂਗੇ, ਖਾਵਾਂ-ਪੀਵਾਂਗੇ। ਤੁਸੀਂ ਭਜਾ ਕਿਉਂ ਰਹੇ ਹੋ?“
ਹੈੱਡ ਦਰਬਾਨ ਨੇ ਫਿਰ ਕਹਾ, “ਭੱਜੋ ਇੱਥੋਂ, ਗੇਟ ਕਲੀਅਰ ਕਰੋ।“
ਉਸਤਾਦ ਬੋਲਿਆ, “ਓ ਭਾਈ, ਤੁਸੀ ਕਸਟਮਰ ਨੂੰ ਮੋੜ ਰਹੇ ਹੋ? ਬੁਲਾਓ ਆਪਣੇ ਮਾਲਿਕ ਨੂੰ ਉਹਦੇ ਨਾਲ ਗੱਲ ਕਰਦਾਂ।“
ਉਦੋਂ ਤੱਕ ਹੋਟਲ `ਚ ਭਗਦੜ ਮੱਚ ਗਈ, ਸਟੂਅਰਡ, ਛੋਟੇ ਮੈਨੇਜਰ, ਵੱਡੇ ਮੈਨੇਜਰ, ਸਭ ਮੁਸਤੈਦੀ ਨਾਲ ਸਲਾਹ ਮਸ਼ਵਰਾ ਕਰ ਰਹੇ ਸੀ, ਇਹ ਕਿਹੋ ਜਿਹਾ ਹਮਲਾ ਹੈ? ਇਨ੍ਹਾਂ ਨੂੰ ਰੋਕਿਆ ਕਿਵੇਂ ਜਾਵੇ? ਹੋਟਲ ਦੇ ਆਪਣੇ ਗਾਰਡ ਹਨ, ਫੇਰ ਵੀ ਫੋਨ ਕੀਤਾ ਗਿਆ। ਹੋਟਲ ਵਿੱਚ ਕਿੰਨੇ ਸਾਰੇ ਸਾਹਬ-ਮੇਮਾਂ ਰਹਿ ਰਹੇ ਨੇ, ਕਿੰਨੇ ਸੇਠ-ਅਮੀਰ ਲੋਕ ਨੇ, ਉਨ੍ਹਾਂ ਦੀ ਸੁਰੱਖਿਆ ਚਾਹੀਦੀ ਹੈ, ਏਸ ਹੋਟਲ ਨੇ ਆਖ਼ਿਰ ਕੀ ਗੁਨਾਹ ਕੀਤਾ ਹੈ ਕਿ ਪਿੰਡ ਦੇ ਗੁੰਡੇ-ਬਦਮਾਸ਼ਾਂ ਨੂੰ ਭੇਜਿਆ ਗਿਆ, ਹਮਲਾ ਕਰਨ ਲਈ।
ਹੋਟਲ ਦੇ ਛੋਟੇ ਮੈਨੇਜਰ ਪਹਿਲੀ ਮੰਜ਼ਿਲ ਦੀ ਬਾਲਕੋਨੀ `ਚੋਂ ਗਾਰਡ ਅਤੇ ਪੁਲਿਸ ਨੂੰ ਨਿਰਦੇਸ਼ ਦੇ ਰਹੇ ਹਨ, “ਰਿਮੂਵ ਦੈਮ। ਕਲੀਅਰ ਦ ਗੇਟਸ।“
ਉਸਤਾਦ ਨੇ ਚੀਖ਼ ਕੇ ਕਿਹਾ, “ਕੀ ਕਹਿ ਰਹੇ ਹੋ ਮੈਨੇਜਰ ਸਾਹਿਬ? ਇੰਗਲਿਸ਼ ਵਿੱਚ ਕੀ ਬਕ-ਬਕ ਕਰ ਰਹੇ ਹੋ? ਕਿਸੇ ਸਾਹਿਬ ਦੇ ਸਾਹਿਬਜ਼ਾਦੇ ਹੋ? ਡੁਹਾਡਾ ਰੰਗ ਤਾਂ ਸਾਡੇ ਵਰਗਾ ਹੀ ਹੈ।“
ਛੋਟਾ ਮੈਨੇਜਰ ਬੋਲਿਆ, “ਤੁਸੀਂ ਏਥੋਂ ਹਟ ਜਾਓ, ਹੱਲਾ ਨਾ ਕਰੋ, ਨਹੀਂ ਤਾਂ ਤੁਹਾਨੂੰ ਪੁਲਿਸ ਪੁਸ਼ ਕਰੇਗੀ।“
ਉਸਤਾਦ ਬੋਲਿਆ, “ਇਹ ਕੀ ਅਜੀਬ ਗੱਲ ਕਰ ਰਹੇ ਹੋ, ਮੈਨੇਜਰ ਸਾਹਿਬ? ਤੁਸੀਂ ਕਸਟਮਰ ਨੂੰ ਭਜਾ ਰਹੇ ਹੋ? ਮੈਂ ਕੰਸਟੀਟਿਯੂਸ਼ਨ ਪੜਿਆ ਹੈ, ਉਹਦੇ ਵਿੱਚ ਕਿਤੇ ਵੀ ਨੀ ਲਿਖਿਆ ਕਿ ਹੋਟਲ ਵਿੱਚ ਜਾਣ ਲਈ ਪੈਰਾਂ `ਚੋਂ ਜੁੱਤੀ ਪਹਿਨਣਾ ਜ਼ਰੂਰੀ ਹੈ, ਪੈਸਾ ਦਿਉਂਗਾ, ਖਾਉਂਗਾ, ਬਸ ਹੋਰ ਕੀ?
“ਏਸ ਹੋਟਲ `ਚ ਤੁਸੀਂ ਲੋਕ ਨੀ ਖਾ-ਪੀ ਸਕਦੇ, ਕਿਸੇ ਹੋਰ ਹੋਟਲ `ਚ ਜਾਓ।“
“ਕਿਉਂ ਨੀ ਖਾ ਸਕਦਾ? ਸਾਰੇ ਕਸਟਮਰਜ਼ ਨੂੰ ਤੁਸੀਂ ਕੀ ਕਹਿੰਦੇ ਹੋ, ਪਹਿਲਾਂ ਰੁਪਏ ਦਿਖਾਓ, ਕੰਸਟੀਟਿਯੂਸ਼ਨ `ਚ ਇਹ ਲਿਖਿਆ ਤਾਂ ਨੀ ਹੋਇਆ।“
ਛੋਟਾ ਮੈਨੇਜਰ ਵੱਡੇ ਠਾਣੇ `ਚ ਫੋਨ ਕਰਨ ਲਈ ਓਥੋਂ ਖਿਸਕ ਗਿਆ, ਕੁੱਝ ਹੀ ਸਮੇਂ ਅੰਦਰ ਪੁਲਿਸ ਦੀਆਂ ਭਰੀਆਂ ਗੱਡੀਆਂ ਆ ਗਈਆਂ ਤੇ ਉਨ੍ਹਾਂ ਦੇ ਵੱਡੇ-ਵੱਡੇ ਹੁਕਮਰਾਨ ਆ ਗਏ।
ਪੁਲਿਸ ਦੇ ਏਨੀ ਭੀੜ ਦੇਖਕੇ ਪਿੰਡ ਦੇ ਇਹ ਸਾਰੇ ਲੋਕ ਬੁਰੀ ਤਰ੍ਹਾਂ ਘਬਰਾ ਗਏ ਸੀ, ਉਹ ਜ਼ੋਰ-ਜ਼ੋਰ ਨਾਲ ਉਸਤਾਦ ਨੂੰ ਕਹਿ ਰਹੇ ਸੀ, “ਇਹ ਕੀ ਕੀਤਾ ਉਸਤਾਦ ਜੀ? ਤੁਹਾਡੀਆਂ ਗੱਲਾਂ `ਚ ਆ ਕੇ ਅਸੀਂ ਸਾਰੇ ਐਨੀ ਦੂਰ ਆਏ ਸੀ। ਚਾਹ ਪਿਆਉਣ ਦਾ ਬਹਾਨਾ ਬਣਾਕੇ ਮਾਰ ਖਵਾਉਣ ਲੈ ਆਏ ਹੋ? ਪੁਲਿਸ ਜੇਕਰ ਸਾਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ ਤਾਂ ਖੇਤੀਬਾੜੀ ਦਾ ਕੀ ਬਣੂੰ? ਬਾਲ-ਬੱਚੇ ਕੀ ਖਾਣਗੇ?“
ਮਦਾਰੀ ਦੇ ਹੱਥ `ਚੋਂ ਡੁਗਡੁਗੀ ਫੜ੍ਹਕੇ, ਡੁਗਡੁਗ ਡੁਗਡੁਗ ਬਜਾਉਂਦੇ ਤੇ ਦੂਜਾ ਹੱਥ ਉੱਪਰ ਉਠਾ ਕੇ ਉਸਤਾਦ ਨੇ ਕਿਹਾ, “ਸੁਣੋ, ਭੈਣੋ ਤੇ ਭਰਾਵੋ, ਮਰਦ ਦੀ ਜ਼ੁਬਾਨ, ਮੈਂ ਤੁਹਾਡੇ ਨਾਲ ਵਾਅਦਾ ਕੀਤਾ ਹੈ ਕਿ ਤੁਹਾਨੂੰ ਤਾਜਮਹਲ ਹੋਟਲ ਵਿੱਚ ਚਾਹ ਪਿਆਉਂਗਾ, ਅਜਿਹੀ ਚਾਹ ਤੁਸੀਂ ਜ਼ਿੰਦਗੀ ਭਰ ਨੀਂ ਪੀਤੀ ਹੋਣੀ। ਜੋ ਡਰਪੋਕ ਨੇ ਉਹ ਪਿੱਛੇ ਹਟ ਜਾਣ ਤੇ ਜਿਹੜੇ ਮੇਰੇ ਤੇ ਭਰੋਸਾ ਕਰਦੇ ਹਨ, ਉਹ ਮੇਰੇ ਨਾਲ ਰਹਿਣ।“
ਇੱਕ ਬਾਰ ਹਲਚਲ ਜਿਹੀ ਹੋਈ ਤੇ ਡੇਰ ਥਮ ਗਈ। ਕੋਈ ਵੀ ਆਪਣੀ ਥਾਂ ਤੋਂ ਨਹੀਂ ਹਿੱਲਿਆ। ਡਰਪੋਕ ਕਹਾ ਕੇ ਬਦਨਾਮ ਕੌਣ ਹੋਵੇ? ਉਸਤਾਦ ਉਹਨਾਂ ਨੂੰ ਚੰਗੀ ਨਜ਼ਰ ਨਾਲ ਦੇਖਦੇ ਹਨ, ਜਾਣ ਬੁੱਝ ਕੇ ਉਹਨਾਂ ਨੂੰ ਕਿਸੇ ਬਿਪਤਾ ਵਿੱਚ ਨਹੀਂ ਪਾਉਣਗੇ। ਇਹ ਵੀ ਠੇਕੇਦਾਰ ਦੀ ਘੇਰਾਬੰਦੀ ਕਰਨ ਵਰਗਾ ਹੀ ਮਜ਼ੇਦਾਰ ਕਿੱਸਾ ਹੈ।
ਪੁਲਿਸ ਦਾ ਵੱਡਾ ਅਫ਼ਸਰ ਅੱਗੇ ਆਇਆ ਉਸਤਾਦ ਨੂੰ ਕਹਿਣ ਲੱਗਿਆਂ “ਤੂੰ ਇਹਨਾਂ ਦਾ ਲੀਡਰ ਹੈਂ? ਤੂੰ ਇੱਧਰ ਆ, ਤੇਰੇ ਨਾਲ ਗੱਲ ਕਰਨੀ ਹੈ।“
ਉਸਤਾਦ ਬੋਲਿਆ, “ਤੁਹਾਡੇ ਜਿਹੇ ਛੋਟੇ-ਮੋਟੇ ਦਰੋਗੇ ਨਾਲ ਮੈਂ ਕੀ ਗੱਲ ਕਰਾਂ? ਕਮਿਸ਼ਨਰ ਸਾਹਿਬ ਨੂੰ ਬੁਲਾਓ, ਨਹੀਂ ਤਾਂ ਪ੍ਰਾਇਮ ਮਨਿਸਟਰ ਜੀ ਨੂੰ ਬੁਲਾਓ, ਜੀਹਨੇ ਕੰਸਟੀਟਿਯੂਸ਼ਨ ਪੜ੍ਹਿਆ ਹੈ ਉਹਦੇ ਨਾਲ ਹੀ ਗੱਲ ਕਰਾਂਗਾ।“
ਫਾਲਤੂ ਲੋਕਾਂ ਦੀ ਇਹ ਹਿੰਮਤ ਦੇਖ ਕੇ ਪੁਲਿਸ ਅਫ਼ਸਰ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ। ਇਹ ਕੁਛ ਜੇਕਰ ਕਿਤੇ ਬਾਹਰ ਹੋਇਆ ਹੁੰਦਾ ਤਾਂ ਕੁੱਟ-ਕੁੱਟ ਕੇ ਇਨ੍ਹਾਂ ਦਾ ਭੁੜਥਾ ਬਣਾ ਦਿੰਦੇ, ਦੋ-ਚਾਰ ਦੀ ਮੌਤ ਵੀ ਹੋ ਜਾਂਦੀ ਤਾਂ ਵੀ ਕੋਈ ਫਰਕ ਨਹੀਂ ਸੀ ਪੈਣਾ, ਪਰ ਇਹ ਰਾਜਧਾਨੀ ਹੈ। ਇੱਥੇ ਅਨੇਕਾਂ ਦੂਤਾਵਾਸ ਨੇ, ਕਿੰਨੇ ਅਖ਼ਬਾਰ ਵਾਲੇ ਹਨ। ਗੱਲ ਕਿਤੇ ਦੀ ਕਿਤੇ ਪਹੁੰਚ ਜਾਵੇਗੀ। ਹੋਮ ਮਨਿਸਟਰ ਸਾਹਿਬ ਧੜਾਧੜ ਸਸਪੈਂਡ ਕਰ ਦੇਣਗੇ।
ਪੁਲਿਸ ਦੇ ਵੱਡੇ ਅਫ਼ਸਰਾਂ ਨਾਲ ਹੋਟਲ ਦੇ ਮੈਨੇਜਰ ਸਾਹਿਬਾਨ ਨੇ ਸਲਾਹ ਮਸ਼ਵਰਾ ਕੀਤਾ। ਇਸ ਝਮੇਲੇ ਤੋਂ ਬਚਣ ਦਾ ਇੱਕੋ ਹੀ ਹੱਲ ਹੈ, ਜਿੰਨੀ ਜਲਦੀ ਹੋ ਸਕੇ ਇਹਨਾਂ ਨੂੰ ਇੱਥੋਂ ਵਿਦਾਅ ਕੀਤਾ ਜਾਵੇ ਕਿਉਂਕਿ ਇਹਨਾਂ ਭਿਖਾਰੀਆਂ ਦੀ ਵਜਹ ਨਾਲ ਇਸ ਹੋਟਲ ਦੀ ਸ਼ੋਭਾ ਖ਼ਰਾਬ ਹੋ ਰਹੀ ਹੈ।
ਇਸ ਬਾਰ ਵੱਡੇ ਮੈਨੇਜਰ ਸਾਹਿਬ ਬਾਲਕੋਨੀ `ਚ ਖੜ੍ਹਕੇ ਬੋਲ, “ਠੀਕ ਹੈ, ਤੁਸੀਂ ਲੋਕ ਚਾਹ ਪੀਣ ਆਏ ਹੋ, ਇਸ ਹੋਟਲ ਦਾ ਮੈਨੇਜਮੈਂਟ, ਐਜ ਏ ਗੁਡਵਿਲ ਜੇਸਚਰ ਚਾਹ ਪਿਲਾਉਣ ਲਈ ਰਾਜੀ ਹੈ। ਫਰੀ ਆਫ ਕੋਸਟ। ਤੁਸੀਂ ਸਾਰੇ ਗੇਟ ਦੇ ਬਾਹਰ ਖੜ੍ਹੇ ਰਹੋ, ਚਾਹ ਭੇਜੀ ਜਾਵੇਗੀ।“
ਪੇਂਡੂ ਲੋਕਾਂ ਦੇ ਚਿਹਰੇ `ਤੇ ਖ਼ੁਸ਼ੀ ਦੀ ਲਹਿਰ ਦੋੜ ਗਈ। ਉਸਤਾਦ ਦੀ ਜਿੱਤ ਹੋਈ ਹੈ। ਹੁਣ ਉਹਨਾਂ ਨੂੰ ਸੱਚਮੁੱਚ ਚਾਹ ਪੀਣ ਲਈ ਮਿਲੇਗੀ।
ਉਸਤਾਦ ਨੇ ਹੱਥ ਉਠਾ ਕੇ ਉਹਨਾਂ ਨੂੰ ਰੋਕਦਿਆਂ ਵਿਅੰਗਮਈ ਲਹਿਜੇ ਵਿੱਚ ਕਿਹਾ, “ਉਏ, ਰਹਿਣ ਦਿਓ, ਅਸੀਂ ਕੀ ਭਿਖਾਰੀ ਹਾਂ, ਜਿਹੜਾ ਰਸਤੇ `ਚ ਖਲੋ ਕੇ ਚਾਹ ਪੀਵਾਂਗੇ? ਸਥਾਨਕ ਨਾਗਰਿਕ ਹਾਂ, ਪੈਸੇ ਦੇ ਕੇ ਚਾਹ ਪੀਵਾਂਗੇ, ਅੰਦਰ ਕੁਰਸੀਆਂ `ਤੇ ਬੈਠਾਂਗੇ, ਟੇਬਲ ਤੇ ਕੂਹਣੀ ਰੱਖ ਕੇ ਆਰਾਮ ਨਾਲ ਪੀਵਾਂਗੇ।“ ਉਸਤਾਦ ਨੇ ਆਪਣੇ ਸਾਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, “ਚਲੋ, ਚਲੋ, ਅੰਦਰ ਚਲੋ।“

ਅਨੁਵਾਦ : ਅਮਨ ਫ਼ਾਰਿਦ