ਭਾਸ਼ੋ ਦੀਆਂ ਕਵਿਤਾਵਾਂ

ਕੰਪਿਊਟਰੀਕਰਣ

ਕੰਪਿਊਟਰ ਕੀ-ਕੀ ਕਰੇਗਾ?
ਕੀ ਕੰਪਿਊਟਰ ਮੋਹ ਕਰੇਗਾ?
ਕੀ ਕੰਪਿਊਟਰ ਹਮਦਰਦੀ ਵੀ ਕਰੇਗਾ?

ਕੰਪਿਊਟਰ ਤਾਂ ਬਣਾ ਲਿਆ ਮਨੁੱਖ ਨੇ
ਪਰ ਨਹੀਂ ਬਣਾ ਸਕਦਾ ਕੰਪਿਊਟਰ-
ਕਦੇ ਵੀ
ਮਨੁੱਖ ਨੂੰ
ਰੁੱਖ ਨੂੰ
ਤੇ ਧੁੱਪ ਨੂੰ

ਨਹੀਂ ਪ੍ਰਗਟਾਅ ਸਕਦਾ ਕੰਪਿਊਟਰ
ਕਦੇ ਵੀ ਮਨੁੱਖ ਦੇ ਮੋਹ ਨੂੰ
ਜੀਅ-ਜੰਤ ਦੀ ਭੁੱਖ ਨੂੰ
ਤੇ ਮੱਥੇ ਅੰਦਰਲੇ ਚਿੰਤਨ ਨੂੰ

ਕੀ-ਕੀ ਦੇ ਸਕੇਗਾ ਇਹ ਕੰਪਿਊਟਰ?

ਕੀ ਇਹ ਸੱਥਬਰ `ਤੇ ਬੈਠੇਗਾ?
ਕੀ ਇਹ ਅਰਥੀ ਚੁੱਕ ਸਕੇਗਾ?

ਮਨੁੱਖ ਨੂੰ ਤਾਂ ਪਵੇਗੀ ਹੀ ਲੋੜ
ਫੁੱਲਾਂ ਦੀ
ਖੰਭਾਂ ਦੀ
ਖੁਰਲੀਆਂ ਦੀ
ਧੁੱਪ-ਰੰਗਾਂ ਦੀ
ਤੇ ਹੋਰ ਘਰਾਂ ਦੀ ਵੀ……..

ਕੁਦਰਤ-ਕਾਵਿ ਪੜ੍ਹਦਿਆਂ

ਆਲ਼ੇ-ਦੁਆਲ਼ੇ ਨੀਝਣਾ

ਪਿੱਪਲਾਂ, ਟਾਹਣੀਆਂ ਤੇ ਨਿੰਮਾਂ ਹੇਠ
ਸੁਨਹਿਰੀ ਮੱਖੀਆਂ ਭਿਣ-ਭਿਣਾਉਂਦੀਆਂ
ਤੰਦਰੁਸਤ ਤੁਰਦੇ ਸਾਜ਼ ਜਿਉਂ

ਕਿਸੇ ਰੁੱਖ਼ ਨੂੰ ਵੀ ਬਣਾਇਆ ਹੋਇਐ
ਗੁਲਮੋਹਰ
ਫੁੱਲਾਂ ਨੇ ਖਿੜ-ਖਿੜ ਭਿੜ-ਭਿੜ
ਰੰਗ-ਰੂਪ-ਮਹਿਕ ਖਿੜਾਅ-ਖਿੰਡਾਅ
ਝੁੰਡ `ਚੋਂ ਵੀ ਝਾਕ ਰਿਹਾ ਗੁਲਮੋਹਰ
ਝਰਨਿਆਂ ਵੱਲ
ਮਿੱਟੀ ਇੱਟਾਉਂਦੇ ਪਥੇਰਿਆਂ ਵੱਲ
ਤੇ ਪਹਾੜੇ ਪੜ੍ਹਦੇ ਬਸਤਿਆਂ ਵੱਲ

ਬਾਬਾ ਬੋਹੜ ਵੀ ਬਾਰ-ਬਾਰ ਬੋਲਿਆ
ਪੱਤਿਆਂ `ਚੋਂ ਰਾਗ ਛਣ ਰਿਹਾ
ਕੋਈ ਪੰਛੀ ਕੋਇਲ ਬਣ ਰਿਹਾ

ਸੂਰਜ ਸੁਣਦਿਆਂ
ਧੁੱਪ ਹੰਢਾਉਂਦਿਆਂ
ਮਨੁੱਖ ਸਹਿਜ-ਆਨੰਦ ਹੋ ਰਿਹਾ……….

 

ਨਾਨਕਤਾ

ਪੌਣ, ਪੈੜਾਂ ਤੇ ਡੰਡੀਆਂ `ਚੋਂ
ਦੋਵੇਂ ਦਿਸਦੇ
ਗੁਰੂ ਨਾਨਕ ਤੇ ਮਰਦਾਨਾ

ਗਾ ਰਹੇ ਸੱਚ ਨਗਰ-ਨਗਰ
ਹੋ ਰਹੇ ਸੱਚ ਸਫ਼ਰ-ਸਫ਼ਰ

ਮਰਦਾਨਾ ਜਦੋਂ
ਮਰਦਾਨਾ ਨਾ ਰਹਿੰਦਾ
ਸਾਰੀ-ਰਬਾਬ ਹੀ ਹੋ ਜਾਂਦਾ
ਕੁਝ-ਨਾਨਕ ਵੀ ਹੋ ਜਾਂਦਾ
ਉਦੋਂ ਸੰਗਤ ਸੰਗੀਤ ਹੋ ਜਾਂਦੀ
ਰੋਮ-ਰੋਮ ਰਮਦਾ ਰਾਗ-ਰਾਗ….

ਜਿਸਮ ਜਪਦੇ ਜਾਪਦੇ
ਹੋਣੇ-ਹੋਣੇ ਆਨੰਦ-ਆਕਾਰ….
ਕਣ-ਕਣ ਚੋਂ ਸੁਣਾ
ਰਸਿਆ-ਰਸਿਆ ਅਨਹਦ-ਨਾਦ
ੴ ੴ ੴ

ਸੱਚ-ਸੱਚ ਦੋਵੇਂ
ਦੋਵੇ-ਦੋਵੇ ਨਾਨਕਤਾ

 

ਝੁੱਗੀਆਂ

ਝੁੱਗੀਆਂ
ਗ਼ਰੀਬੀ ਦਾ ਮੂਲ-ਮੰਤਰ

ਝੁੱਗੀਆਂ ਵੇਖ
ਹੋਰ-ਹੋਰ ਸੁੱਚਾ ਹੋ ਜਾਈਦਾ

ਝੁੱਗੀ ਹੇਠ ਨਹੀਂ ਹੁੰਦੀਆਂ ਨੀਹਾਂ
ਝੁੱਗੀ ਵਿੱਚ ਸੌਂਦੀਆਂ ਮਜ਼ਬੂਰੀਆਂ
ਵਧੇ ਨਹੁੰਆਂ ਵਾਲੀਆਂ ਬਿਆਈਆਂ
ਮੁੱਛਾਂ ਭੂਰੀਆਂ ਤੇ ਜਟੂਰੀਆਂ
ਜਾਂ ਕਿਧਰੇ-ਕਿਧਰੇ
ਛਲਕਦੀ ਛਾਤੀ ਤੇ ਅੱਖਾਂ ਨੂਰੀਆਂ….

ਝੁੱਗੀ ਕਿਸੇ ਦੀ ਮੌਜ ਹੁੰਦੀ
ਝੁੱਗੀ ਕਿਸੇ ਦਾ ਮਹਿਲ ਵੀ…
ਝੁੱਗੀ `ਚ ਡਾਕ ਨਹੀਂ ਆਉਂਦੀ
ਝੁੱਗੀ `ਚ ਡਾਕੂ ਨਹੀਂ ਆਉਂਦਾ

ਛੋਟੇ-ਛੋਟੇ ਸਿਰਾਂ ਲਈ
ਵੱਡਾ ਸਾਰਾ ਘਰ ਝੁੱਗੀਆਂ

ਮਨੁੱਖ

ਉਸਦੇ ਘਰ ਨੂੰ ਰੋਟੀ ਮਿਲਦੀ
ਮਰੇ ਹੋਏ ਡੰਗਰਾਂ ਕਾਰਣ

ਉਹ ਹਰ ਰੋਜ਼ ਉਥੇ
ਧੂਫ ਬਾਲ ਆਉਂਦਾ
ਸੁੱਖ ਮੰਗਦਾ
ਉਸ ਥਾਂ ਦੀ
ਤੇ ਡੰਗਰਾਂ ਦੇ ਭਾਰ-ਮੁਕਤ ਹੋਣ ਲਈ

ਕਿਸੇ ਦਾ ਕੋਈ ਡੰਗਰ ਮਰੇ ਤੋਂ
ਉਸਨੂੰ ਮਜ਼ਬੂਰੀ-ਵੱਸ
ਉਦਾਸ ਹੋਣਾ ਪੈਂਦਾ

 

ਬਿੰਦੂ-ਸਮਰੱਥਾ

ਮਨੁੱਖ ਦੇ ਵੀ ਅੰਦਰ ਹੁੰਦਾ ਹੈ
ਧੁੱਪ ਦਾ ਇੱਕ ਹਿੱਸਾ
ਧੁੱਪ ਦਾ ਇੱਕ ਟੋਟਾ
ਸਫ਼ਰ ਸ਼ਬਦਾਂ ਦਾ ਵੀ
ਤੇ ਸ਼ਬਦ-ਸੰਸਾਰ ਦਾ ਕੋਈ ਕੋਸ਼
ਸਿਮਟਿਆ ਹੁੰਦਾ
ਛੁਪਿਆ ਹੁੰਦਾ
ਇੱਕੋ ਹੀ ਬਿੰਦੂ `ਚ…

ਢੇਰ ਸਾਰਾ
ਸਾਰਾ-ਕੁੱਝ
ਤਲਾਸ਼ਣ ਲਈ ਗੁਆਚਣਾ
ਤੇ ਗੁਆਚ ਹੀ ਜਾਣਾ

ਸੂਰਜ ਨੂੰ ਧਿਆਨਣਾ ਕਿੰਨੇ ਕੁ ਚਾਹੁਣਗੇ?
ਧੁੱਪ ਨੂੰ ਮਾਣਨਾ ਕਿੰਨੇ ਕੁ ਚਾਹੁਣਗੇ?

ਔਖਾ ਹੈ
ਵੱਡੇ ਨੂੰ ਵੱਡਾ ਆਖਣਾ
ਵੱਡੇ ਨੂੰ ਵੱਡਾ ਮੰਨਣਾ
ਜਾਂ ਕਿਸੇ ਪ੍ਰ਼ਕਾਸ਼-ਕੁੰਡਲ ਵਾਲੇ
ਚਿਹਰੇ ਨੂੰ ਧਿਆਨਣਾ
ਤੇ ਸ਼ਰਧਾ ਰੱਖਣੀ

ਪਰ ਬਹੁਤ ਹੀ ਔਖੀ ਹੈ
ਗਰਭ-ਛਾਤੀਆਂ ਦੀ ਸੇਵਾ ਕਰਨੀ
ਸ਼ਬਦ ਦੀ ਪੂਰਾ ਕਰਨੀ
ਤੇ ਗੁਰੂ ਦੀ ਪੂਜਾ ਕਰਨੀ
ਅੰਤਰ-ਬਿੰਦੂ `ਚੋਂ
ਸੰਪੂਰਨ-ਸਮਰੱਥਾ ਸਮੇਤ

 

ਮਨੁੱਖ ਲਈ

ਮੱਥੇ `ਚ ਜੋਤ ਜਗਦੀ

ਮੋਢੇ ਤਕੜੇ ਰਹਿਣ
ਹੱਥਾਂ ਦੀ ਪਕੜ ਮਜ਼ਬੂਤ ਰਹੇ
ਅਰਥੀਆਂ ਚੁੱਕਣ ਲਈ
ਅਰਥੀਆਂ ਸਾਂਭਣ ਲਈ
ਤੇ ਅਰਥੀਆਂ ਅਰਥਾਉਣ ਲਈ

ਬੰਦਾ ਬੰਦੇ ਦਾ ਦਾਰੂ ਹੁੰਦਾ
ਬੰਦਾ ਬੰਦੇ ਦਾ ਦੁੱਖ ਵੰਡਾਉਂਦਾ
ਘਰੋਂ ਤੁਰ ਘਰ ਤੱਕ ਆਉਂਦਾ
ਬੰਦਾ ਬੰਦੇ ਦਾ ਸੁੱਖ ਵਧਾਉਂਦਾ

ਮਨੁੱਖ ਜਿਉਂਦਿਆਂ ਨੂੰ ਮੱਥਾ ਟੇਕਦਾ
ਮਨੁੱਖ ਜਿਉ਼ਦਿਆਂ ਨੂੰ ਮੋਢੇ ਚੁੱਕਦਾ
ਮਨੁੱਖ ਮਨੁੱਖ ਨੂੰ ਮੋਢਾ ਦਿੰਦਾ

ਮਨੁੱਖ ਅਰਥੀਆਂ ਨੂੰ `ਘਰ` ਅਰਥਾਅ ਪਰਤੇ
ਮਨੁੱਖ ਅਰਥੀਆਂ ਨੂੰ ਅਰਥਾਅ ਪਰਤੇ ਘਰ

 

 

ਭਿਅੰਕਰ

ਬਹੁਤ ਭਿਅੰਕਰ ਹੈ
ਕਿਸੇ ਬੂਹੇ ਦਾ
ਹਉਕੇ ਭਰਨਾ
ਤੇ ਉਦਾਸ ਹੋਣਾ
ਗਲੋਬੀ-ਆਫ਼ਤਾਂ `ਤੇ
ਘਰ ਦੀਆਂ ਕੰਧਾਂ-ਛੱਤਾਂ ਟੁੱਟਣ-ਡਿੱਗਣ `ਤੇ

ਪਰ ਚੰਗਾ ਹੈ ਕਰਨਾ ਫੇਰ ਹੋਂਸਲਾ
ਉਸਦਾ ਭਾਣਾ ਮੰਨਣ ਲਈ
ਉਸਦੀ ਰਜ਼ਾ `ਚ ਰਾਜ਼ੀ ਰਹਿਣ ਲਈ
ਤੇ ਮੁੜ ਬਣਾਉਣ ਲਈ
ਪਹਿਲਾਂ ਵਰਗਾ ਘਰ

ਬਹੁਤ-ਬਹੁਤ ਹੀ ਭਿਅੰਕਰ ਹੈ
ਸ਼ਬਦ ਨੂੰ ਵੇਚਣ ਤੁਰ ਪੈਣਾ
ਸ਼ੁਦ ਬਾਰੇ ਬਕਵਾਸ ਕਰਨਾ
ਮਾਸੂਮ ਚਿਹਰਿਆਂ ਨੂੰ ਅਸ਼ੁੱਧ ਪੜ੍ਹਾਉਣਾ
ਤੇ ਗੁਰੂ ਦੀ ਚੁਗਲੀ ਕਰਨੀ

ਕਿਸਮ

ਕੋਈ ਸਫ਼ਰ ਚੱਲ ਕੇ ਤਹਿ ਹੁੰਦਾ
ਕੋਈ ਸਫ਼ਰ ਚੁੱਪ ਹੋ ਕੇ ਮੁੱਕੇ

ਹਊਮੈਂ `ਚ ਲੜਦਾ ਹੋਇਆ ਵਿਅਕਤੀ
ਤੇ ਲਹੂ-ਲੁਹਾਨ ਹੋਏ ਚਿਹਰੇ
ਪਿੱਛੇ ਵੱਲ ਹੀ ਨੇ ਪਰਤਦੇ

ਮਨੁੱਖ ਵੇਖਦਾ ਰਿਹਾ
ਮਨੁੱਖ ਵੇਖ ਰਿਹਾ
ਤੇ ਮਨੁੱਖ ਸਦੀਆਂ ਤੋਂ ਸੋਚ ਰਿਹਾ…

ਘਰ ਢਹਿਣਾ

ਸਭ ਤੋ ਵੱਧ ਖ਼ਤਰਨਾਕ ਹੈ
ਪ੍ਰਿਥਵੀ `ਤੇ
ਕਿਸੇ ਘਰ ਦਾ
ਕਿਸੇ ਰਸੋਈ ਦਾ
ਇੱਕ ਕੋਠਾ ਹੋ ਜਾਣਾ
ਤੇ ਬਾਕੀ ਜੀਆਂ ਦਾ ਬੇਵੱਸ ਹੋ
ਤਕਦੇ ਰਹਿਣਾ
ਕੁਲਝਦੇ ਰਹਿਣਾ
ਝੁਰਦੇ ਰਹਿਣਾ
ਪਲ-ਪਲ ਖੁਦ ਨੂੰ
ਮਰਦੇ ਤੱਕਣਾ
ਤੇ ਘਰ ਨੂੰ ਢਹਿੰਦਿਆਂ ਹੋਇਆ…