2010-2011 ਦੌਰਾਨ ਮਰਹੂਮ ਭੰਡਾਰੀ ਹੁਰਾਂ ਦਾ ਰੇਖਾ ਚਿਤਰ
ਕੁਝ ਦਿਨ ਪਹਿਲਾਂ ਹੀ ਲੁਧਿਆਣਾ ਵਿਚ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੌਣਾਂ ਹੋਈਆਂ ਹਨ।ਇਹ ਇਕ ਕਿਸਮ ਦਾ ਪੰਜਾਬੀ ਸਾਹਿਤਕਾਰਾਂ ਵਾਸਤੇ ‘ਕੁੰਭ ਦਾ ਮੇਲਾ’ ਹੈ, ਜਿਹੜਾ ਬਾਰੀਂ ਸਾਲੀਂ ਨਹੀਂ ਸਗੋਂ ਹਰ ਦੋ ਸਾਲਾਂ ਬਾਅਦ ਆਉਂਦਾ ਹੈ।ਇਸਦਾ ਇੱਕੋ ਇੱਕ ਸਭ ਤੋਂ ਵਧੀਆ ਲਾਭ ਇਹ ਹੁੰਦਾ ਹੈ ਕਿ ਸਾਰਾ ਲੇਖਕ ਭਾਈਚਾਰਾ ਇਕ ਦੂਸਰੇ ਨੂੰ ਮਿਲ ਜੁਲ ਲੈਂਦਾ ਹੈ।ਤਿੰਨ ਚਾਰ ਵਾਰੀ ਮੈਂ ਵੀ ਇਸ ਕੁੰਭ ਵਿਚ ਚੁੱਬੀ ਲਗਾ ਆਇਆ ਹਾਂ।ਇਸ ਵਾਰ ਮੋਹਨ ਭੰਡਾਰੀ ਸਾਹਬ ਇਸ ਮੇਲੇ ਵਿਚ ਮੈਨੂੰ ਵਿਖਾਈ ਨਹੀਂ ਦਿੱਤੇ।ਦੋਸਤਾਂ ਮਿੱਤਰਾਂ ਤੋਂ ਪਤਾ ਚਲਿਆ ਕਿ ਉਹਨਾਂ ਦੀ ਤਬੀਅਤ ਢਿੱਲੀ ਚੱਲ ਰਹੀ ਹੈ। ਫੋਨ ਰਾਹੀਂ ਉਹਨਾਂ ਦੀ ਤੰਦਰੁਸਤੀ ਦਾ ਪਤਾ ਕਰ ਕੇ ਮਨ ਨੂੰ ਤਸੱਲੀ ਹੋ ਗਈ।
ਮੈਨੂੰ ਯਾਦ ਆਇਆ ਕਿ ਪਿਛਲੀ ਵਾਰ ਇਸ ਕੁੰਭ ਦੇ ਮੇਲੇ ਤੋਂ ਰੁਖਸਤ ਹੋ ਕੇ ਲੁਧਿਆਣਾ ਤੋਂ ਮੈਂ ਰੰਗਾਂ ਦੇ ਪਾਰਖੂ ਤੇ ਕਵੀ ਮਿੱਤਰ ਸਵੀ ਸਵਰਨਜੀਤ ਕੋਲੋਂ ਦਾਰੂ ਦੇ ਦੋ ਪੈੱਗ ਲਗਾ ਕੇ ਰਾਤ ਨੂੰ ਗਿਆਰਾਂ ਕੁ ਵਜੇ ਜਦੋਂ ਪਰਤਣ ਲੱਗਾ ਤਾਂ ਉਥੇ ਖੜੇ ਆਲੋਚਕ ਡਾ. ਸਰਬਜੀਤ ਸਿੰਘ ਨੇ ਕਿਹਾ,“ ਗੱਬੀ, ਭੰਡਾਰੀ ਸਾਹਬ ਨੂੰ ਘਰ ਦੀ ਦਹਿਲੀਜ਼ ਦੇ ਅੰਦਰ ਕਰ ਕੇ ਹੀ ਆਪਣੇ ਘਰ ਜਾਵੀਂ।”
ਇਕ ਪਾਸੇ ਦਾਰੂ ਤੇ ਦੂਸਰਾ ਭੰਡਾਰੀ ਸਾਹਬ ਦੀਆਂ ਗੱਲਾਂ ਦਾ ਐਸਾ ਸਰੂਰ ਚੜ੍ਹਿਆ ਕਿ ਪਤਾ ਹੀ ਨਹੀਂ ਚਲਿਆ ਕਿ ਅਸੀਂ ਕਦੋਂ ਲੁਧਿਆਣਾ ਛੱਡਿਆ ਤੇ ਕਦੋਂ ਚੰਡੀਗੜ੍ਹ ਪਹੁੰਚ ਗਏ।ਜਦੋਂ ਅੱਧੀ ਰਾਤ ਨੂੰ ਪਹੁੰਚੇ ਤਾਂ ਸੈਕਟਰ ਚੌਤਾਲੀ ਵਿਚ ਪੈਂਦੇ ਪਹਿਲੀ ਮੰਜ਼ਲ ’ਤੇ ਸਥਿਤ ਉਹਨਾਂ ਦੇ ਫਲੈਟ ਦੀ ਦਹਿਲੀਜ਼ ’ਤੇ ਖੜੀ ਭੰਡਾਰੀ ਸਾਹਬ ਦੀ ਧਰਮ ਪਤਨੀ ਨਿਰਮਲਾ ਉਡੀਕ ਕਰਦੀ ਵਿਖਾਈ ਦਿੱਤੀ।ਮੈਨੂੰ ਇਹ ਦੇਖ ਕੇ ਬਹੁਤ ਅੱਛਾ ਲੱਗਿਆ ਕਿ ਉਮਰ ਦੇ ਇਸ ਪੜਾਅ ਵਿਚ ਵੀ ਪਤਨੀਆਂ ਆਪਣੇ ਪਤੀ ਨੂੰ ਉਡੀਕਦੀਆਂ ਹਨ।ਉਹ ਵੀ ਉਦੋਂ ਜਦੋਂ ਪਤੀ ਮੋਹਨ ਭੰਡਾਰੀ ਵਰਗਾ ਮਸ਼ਹੂਰ ਕਹਾਣੀਕਾਰ ਹੋਵੇ।
ਮੈਂ ਭੰਡਾਰੀ ਸਾਹਬ ਨੂੰ ਸੰਨ 1998 ਤੋਂ ਜਾਣਦਾ ਸਾਂ ਪਰ ਕੁਝ ਦੂਰੋਂ ਦੂਰੋਂ ਹੀ।ਇਸ ਸਫਰ ਦੌਰਾਣ ਮੈਨੂੰ ਉਹਨਾਂ ਬਾਰੇ ਬਹੁਤ ਕੁਝ ਨਵਾਂ ਪਤਾ ਚਲਿਆ।ਜਦੋਂ ਮੈਂ ਉਹਨਾਂ ਕੋਲੋਂ ਜ਼ਿੰਦਗੀ ਜਿਉਣ ਦੇ ਵਸੀਲੇ ਖ਼ਾਤਰ ਕਲਰਕੀ ਤੋਂ ਸ਼ੁਰੂ ਹੋਇਆ ਸੰਘਰਸ਼ ਤੇ ਸਾਹਿਤ ਦੀ ਰਚਨ ਕਿਰਿਆ ਦੀ ਸ਼ੁਰੂਆਤ ਤੇ ਫਿਰ ਬੁਲੰਦੀ ਛੂਹਣ ਬਾਰੇ ਜਾਣਿਆਂ ਤਾਂ ਮੈਨੂੰ ਆਪਣੇ ਬਚਪਨ ਵਿਚ ਖੇਲੀ ਜਾਂਦੀ ਇਕ ਖੇਡ ਬਹੁਤ ਯਾਦ ਆਈ।ਖੇਡ ਵਿਚ ਅਸੀਂ ਬਹੁਤ ਸਾਰੇ ਬੱਚੇ ਇਕ ਨੂੰ ਬਿਠਾ ਕੇ ਉਸਦੇ ਸਿਰ ਉਪਰ ਆਪਣੀਆਂ ਮੁੱਠੀਆਂ ਇਕ ਦੂਸਰੇ ਦੀਆਂ ਮੁੱਠੀਆਂ ਉਪਰ ਰੱਖਦੇ ਤੇ ਫਿਰ ਸਾਰੇ ਇਕੱਠੇ ਬੋਲਦੇ, “ਭੰਡਾ ਭੰਡਾਰੀਆ ਕਿੰਨਾ ਕੁ ਭਾਰ…।” ਤਾਂ ਹੇਠਾਂ ਬੈਠਾ ਆੜੀ ਜਵਾਬ ਦਿੰਦਾ,“ਇਕ ਮੁੱਠੀ ਚੁੱਕ ਲੈ ਦੂਜੀ ਤਿਆਰ…।”
ਸਚਮੁਚ ਹੀ ਭੰਡਾਰੀ ਸਾਹਬ ਨੇ ਤਮਾਮ ਉਮਰ ਬਹੁਤ ਸਾਰਾ ਭਾਰ ਆਪਣੇ ਪਿੰਡੇ ਉੱਤੇ ਚੁੱਕੀ ਰੱਖਿਆ।ਉਹ ਭਾਰ ਚਾਹੇ ਜੀਵਨ ਜਾਪਣ ਦੇ ਵਸੀਲੇ ਦਾ ਹੋਵੇ ਤੇ ਭਾਵੇਂ ਸਾਹਿਤ ਰਚਣ ਦਾ।ਉਹ ਭਾਵੇਂ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ ਨੌਕਰੀ ਤੋਂ ਇਲਾਵਾ ਅਨੁਵਾਦ ਦਾ ਕੰੰਮ ਕਰਨਾ ਹੋਵੇ ਤੇ ਭਾਵੇਂ ਕਿਤਾਬਾਂ ਸੰਪਾਦਤ ਕਰਨ ਦਾ।ਉਹ ਆਪਣੇ ਪਰਿਵਾਰ ਨਾਲ ਕਿਸ ਕਦਰ ਜੁੜੇ ਹਨ, ਇਸਦਾ ਨਮੂਨਾ ਉਹਨਾਂ ਦਾ ਚੇਤਨਾ ਪ੍ਰਕਾਸ਼ਨ, ਲੁਧਿਆਣਾ ਵੱਲੋਂ ਛਾਪਿਆ ਕਹਾਣੀ ਸੰਗ੍ਰਹਿ ‘ਕਥਾ ਵਾਰਤਾ’ ਦੇ ਸਮਰਪਣ ਵਿਚ ਪੜ੍ਹ ਕੇ ਪਤਾ ਚਲਦਾ ਹੈ।ਉਹ ਲਿਖਦੇ ਹਨ: ‘ਆਪਣੇ ਪੋਤੇ ਪੁੰਨੂੰ, ਗੁੱਗੂ, ਪੋਤੀ ਸਾਇਸ਼ਾ, ਮੁਸਕਾਨ, ਅਤੇ ਉਹਨਾਂ ਦੀ ਦਾਦੀ-ਮੇਰੀ ਜੀਵਨ ਸਾਥਣ, ਨਿਰਮਲਾ ਦੇਵੀ ਨੂੰ, ਜਿਹਨਾਂ ਦਾ ‘ਕਰਜ਼’ ਜਿਉਂਦੇ ਜੀਅ, ਮੈਤੋਂ ਉਤਾਰਿਆ ਨਹੀਂ ਜਾਣਾ।’
ਉਹ ਆਪ ਕਦੇ ਥੱਕੇ ਨਹੀਂ ਤੇ ਦੂਸਰੇ ਦੋਸਤ ਮਿੱਤਰ ਜਿਹੜੇ ਥੋੜਾ ਬਹੁਤਾ ਭਾਰ ਚੁੱਕਣ ਲਈ ਅੱਗੇ ਆਉਂਦੇ, ਉਹਨਾਂ ਨੂੰ ਹੱਲਾ ਸ਼ੇਰੀ ਦੇਣ ਤੋਂ ਪਿੱਛੇ ਹਟੇ ਨਹੀਂ।ਹਰ ਉਹ ਸਖਸ਼ ਜਿਸਨੇ ਵੀ ਕਲਮ ਚੁੱਕੀ ਉਸਦੀ ਪਿੱਠ ’ਤੇ ਥਾਪੜਾ ਦਿੱਤਾ ਹੀ ਦਿੱਤਾ।ਜਦੋਂ ਹੋਰ ਲੋਕ ਕਿਸੇ ਨਵੇਂ ਨਵੇਂ ਬਣੇ ਸਾਹਿਤਕਾਰ ਦੀ ਪਲੇਠੀ ਕਿਤਾਬ ਉਪਰ ਹੀ ਉਸ ਪਿੱਛੇ ਸ਼ਬਦਾਂ ਤੇ ਬੋਲਾਂ ਦੀਆਂ ਬਰਛੀਆਂ ਤੇ ਕਿਰਪਾਨਾਂ ਲੈ ਕੇ ਪੈ ਜਾਂਦੇ ਤਦ ਉਹ ਹਮੇਸ਼ਾਂ ਕਹਿੰਦੇ,“ਯਾਰ, ਕਿਉਂ ਪਿੱਛੇ ਪੈ ਗਏ ਹੋ…ਇੰਨਾ ਥੋੜਾ ਹੈ ਕਿ ਇਸਨੇ ਕਲਮ ਚੁੱਕੀ ਤਾਂ ਸਹੀ…ਕੁਝ ਲਿਖਿਆ ਤਾਂ ਹੈ…ਅੱਜ ਬਹੁਤਾ ਚੰਗਾ ਨਹੀਂ ਲਿਖਿਆ ਪਰ ਕੱਲ ਨੂੰ ਕੀ ਪਤਾ ਖੌਰੇ ਇਹੀ ਮੰਟੋ, ਕ੍ਰਿਸ਼ਨ ਚੰਦਰ ਜਾਂ ਰਾਜਿੰਦਰ ਸਿੰਘ ਬੇਦੀ ਬਣ ਜਾਏ…ਜਮਾਂਦਰੂ ਸੋਲ੍ਹਾਂ ਕਲਾਂ ਸੰਪੂਰਨ ਤਾਂ ਕੋਈ ਨਈਂ ਹੁੰਦਾ…ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਪਹਿਲਾਂ ਹੀ ਕਈ ਖਤਰੇ ਘੇਰ ਕੇ ਖੜੇ ਨੇ ਤੇ ਤੁਸੀਂ ਇਸ ਨੂੰ ਹੱਲਾ ਸ਼ੇਰੀ ਦੇਣ ਦੀ ਥਾਂ ਨਿਰਉਤਸਾਹਿਤ ਕਰ ਰਹੇ ਹੋ…ਕੁਝ ਤਾਂ ਸਮਝਦਾਰੀ ਕੋਲੋਂ ਕੰਮ ਲਓ।” ਸ਼ਾਇਦ ਇਹੋ ਕਾਰਨ ਹੈ ਕਿ ਮੇਰੇ ਵਰਗਾ ਨੌਸਿਖੀਆ ਅੱਜ ਭੰਡਾਰੀ ਸਾਹਬ ਦਾ ਰੇਖਾ ਚਿਤਰ ਲਿਖਣ ਦੀ ਜ਼ੁੱਰਅਤ ਕਰ ਰਿਹਾ ਹੈ।
ਸੰਨ 1998 ਤੀਕ ਮੈਨੂੰ ਇਹ ਇਲਮ ਨਹੀਂ ਸੀ ਕਿ ਦਸਵੀਂ ਜਮਾਤ ਵਿਚ ਜਿਹੜੀ ਕਹਾਣੀ ‘ਮੈਨੂੰ ਟੈਗੋਰ ਬਣਾ ਦੇ ਮਾਂ’ ਤੋਂ ਪ੍ਰਭਾਵਤ ਹੋ ਕੇ ਮੈਂ ਇੰਜੀਨੀਅਰ ਬਣ ਸਕਿਆ ਸਾਂ।ਜ਼ਿੰਦਗੀ ਵਿਚ ਕਾਮਯਾਬ ਹੋਇਆ ਸਾਂ।ਮੈਂ ਉਸੇ ਸ਼ਹਿਰ ਵਿਚ ਰਹਿੰਦਾ ਹਾਂ, ਜਿਥੇ ਉਸੇ ਕਹਾਣੀ ਦਾ ਰਚੇਤਾ ਮੋਹਨ ਭੰਡਾਰੀ ਵੀ ਰਹਿੰਦਾ ਹੈ।
ਭੰਡਾਰੀ ਸਾਹਬ ਹੁਰਾਂ ਤੋਂ ਹੀ ਮੈਨੂੰ ਪਤਾ ਚਲਿਆ ਕਿ ਉਹ ਪੰਜਾਬੀ ਸਾਹਿਤ ਦੇ ਸਿਰਮੌਰ ਕਵੀ ਸ਼ਿਵ ਬਟਾਲਵੀ ਦੇ ਕਰੀਬੀ ਦੋਸਤਾਂ ਵਿੱਚੋਂ ਇਕ ਸਨ।ਸ਼ਿਵ, ਭੂਸ਼ਨ ਤੇ ਹੋਰ ਆੜੀਆਂ ਨਾਲ ਭੰਡਾਰੀ ਸਾਹਬ ਕਦੇ ਸੈਕਟਰ ਬਾਈ ਵਾਲੇ ਪ੍ਰੀਤਮ ਘੜੀਸਾਜ਼, ਕਦੇ ਸੈਕਟਰ ਸਤਾਰਾਂ ਦੇ ਕੌਫੀ ਹਾਊਸ ਜਾਂ ਕਾਮਰੇਡ ਪ੍ਰਤਾਪ ਮਹਿਤਾ ਦੇ ‘ਲੋਕਾਇਤ ਪ੍ਰਕਾਸ਼ਨ’ ਦੇ ਕੋਲ ਜਾ ਕੇ ਬਰਾਬਰ ਦੇ ਪੈਸੇ ਪਾ ਕੇ ਦਾਰੂ ਪੀਂਦੇ ਹੁੰਦੇ ਸਨ। ਇਕ ਦੂਸਰੇ ਨੂੰ ਲੁੱਚੇ ਲੁੱਚੇ ਚੁਟਕਲੇ ਸੁਣਾਉਂਦੇ ਸਨ।ਇਸ਼ਕ ਦੇ ਝੂਠੇ ਮੂਠੇ ਕਿੱਸੇ ਵੀ।ਇਕ ਦੂਸਰੇ ਨਾਲ ਕਿਸੇ ਕਵਿਤਾ ਜਾਂ ਕਹਾਣੀ ਨੂੰ ਲੈ ਕੇ ਖਹਿਬੜ ਵੀ ਪੈਂਦੇ ਸਨ।ਰੁਸਵਾਈਆਂ ਵੀ ਹੁੰਦੀਆਂ ਤੇ ਬਾਅਦ ਵਿਚ ਮੰਨਵਾਈਆਂ ਵੀ।ਇਕ ਵਾਰ ਸ਼ਿਵ ਨੇ ਭੰਡਾਰੀ ਸਾਹਬ ਦਾ ਰੇਖਾ ਚਿੱਤਰ ਲਿਖਿਆ।ਉਸ ਰੇਖਾ ਚਿੱਤਰ ਨੇ ਭੰਡਾਰੀ ਤੇ ਸ਼ਿਵ ਦੇ ਰਿਸ਼ਤਿਆਂ ਵਿਚ ਬਹੁਤ ਉਥਲ ਪੁਥਲ ਮਚਾ ਦਿੱਤੀ ਸੀ ਕਿਉਂਕਿ ਸ਼ਿਵ ਨੇ ਰੇਖਾ ਚਿੱਤਰ ਦਾ ਸਿਰਲੇਖ: ‘ਫੁਲਵਹਿਰੀ ਵਾਲੇ ਹੱਥ’ ਰੱਖ ਦਿੱਤਾ ਸੀ।ਦੇਰ ਤਕ ਇਕ ਦੂਸਰੇ ਨਾਲ ਰੁੱਸੇ ਰਹੇ ਪਰ ਫਿਰ ਸਮਾਂ ਪਾ ਕੇ ਇਕ ਮਿਕ ਹੋ ਗਏ।
ਭੂਸ਼ਨ ਨਾਲ ਵੀ ਭੰਡਾਰੀ ਸਾਹਬ ਦੀ ਬਹੁਤ ਨੇੜਤਾ ਰਹੀ ਹੈ।ਉਹ ਗੁਆਂਢੀ ਵੀ ਸਨ।ਅਕਸਰ ਸਾਹਿਤ ਨੂੰ ਲੈ ਕੇ ਉਹਨਾਂ ਦੇ ਵਿਚਾਰਕ ਸਿੰਗ ਭਿੜੇ ਰਹਿੰਦੇ ਸਨ।ਭੰਡਾਰੀ ਸਾਹਬ ਕੋਲ ਸ਼ਹਿਣ ਸ਼ਕਤੀ ਦਾ ਭੰਡਾਰ ਬਹੁਤ ਜ਼ਿਆਦਾ ਹੈ।ਥੋੜੀ ਕਿਤੇ ਉਹ ਕਿਸੇ ਨਾਲ ਨਰਾਜ਼ ਨਹੀਂ ਹੁੰਦੇ।ਭੂਸ਼ਨ ਨਾਲ ਵੀ ਨਹੀਂ।ਇਥੋਂ ਤੀਕ ਕਿ ਉਸਦੇ ਬਹੁਤ ਵੱਡੇ ਆਲੋਚਕ ਗੁਰਬਚਨ ਨਾਲ ਵੀ ਨਹੀਂ।
ਪਿਛਲੇ ਸਾਲ ਭੂਸ਼ਨ ਹੁਰਾਂ ਦੇ ਸਸਕਾਰ ਵੇਲੇ ਜੋ ਸਖਸ਼ ਸਾਰਿਆਂ ਤੋਂ ਵੱਧ ਦੁਖੀ ਸੀ,ਉਹ ਮੋਹਨ ਭੰਡਾਰੀ ਹੀ ਸੀ। ਮੈਂ ਪਹਿਲੀ ਵਾਰ ਉਹਨਾਂ ਨੂੰ ਭੁੱਬੀਂ ਰੋਦਿਆਂ ਦੇਖਿਆ ਸੀ।
ਲੇਖਕਾਂ ਵਿਚੋਂ ਭੰਡਾਰੀ ਸਾਹਬ ਦੀ ਸਭ ਤੋਂ ਵੱਧ ਨੇੜਤਾ ਰਘਬੀਰ ਢੰਡ ਨਾਲ ਰਹੀ ਹੈ।ਉਸਨੂੰ ਉਹ ਵੱਡਾ ਭਾਈ, ਵੱਡਾ ਸਾਹਿਤਕਾਰ ਤੇ ਬਹੁਤ ਵੱਡਾ ਵਿਦਵਾਨ ਮੰਨਦਾ ਸੀ।ਭੰਡਾਰੀ ਦੁਆਰਾ ਰਘਬੀਰ ਢੰਡ ਉਪਰ ਲਿਖਿਆ ਰੇਖਾ ਚਿਤਰ ਬਹੁਤ ਮਸ਼ਹੂਰ ਹੋਇਆ ਸੀ।ਇਕ ਵਾਰ ਢੰਡ ਨਾਲ ਦੋਸਤੀ ਦੇ ਚਲਦਿਆਂ ਉਹ ਆਪਣੇ ਦੋਸਤ ਪ੍ਰੇਮ ਪ੍ਰਕਾਸ਼ ਨਾਲ ਰੁੱਖਾ ਵੀ ਹੋ ਗਿਆ ਸੀ।ਇਹ ਰੁੱਖਾਪਨ ਸ਼ਾਇਦ ਰਘਬੀਰ ਢੰਡ, ਗੁਰਬਚਨ ਭੁੱਲਰ, ਗੁਰਦੇਵ ਰੁਪਾਣਾ, ਪ੍ਰੇਮ ਪ੍ਰਕਾਸ਼ ਤੇ ਭੰਡਾਰੀ ਦੁਆਰਾ ਇੱਕਠਿਆਂ ਰਲ ਕੇ ਕਿਸੇ ਕਿਤਾਬ ਦੇ ਛਾਪਣ ਨੂੰ ਲੈ ਕੇ ਸੀ।
ਸੰਨ 1996 ਵਿਚ ਜਦੋਂ ਸਾਹਿਤ ਦੇ ਪਿੜ ਵਿੱਚ ਕੁੱਦਿਆ ਤਾਂ ਮੈਂ ਚੋਰੀ ਛੁੱਪੇ ਰੋਜ਼ ਗਾਰਡਨ ਵਾਲੇ ਕਲਾ ਭਵਨ ਤੇ ਹੋਰ ਥਾਵਾਂ ’ਤੇ ਹੁੰਦੀਆਂ ਸਾਹਿਤ ਸਭਾਵਾਂ ਵਿਚ ਚੁਪਚਾਪ ਵਿਚਰਣ ਲੱਗਾ।ਮੈਂ ਕਿਸੇ ਨੂੰ ਨਹੀਂ ਜਾਣਦਾ ਸਾਂ ਸਿਵਾਏ ਦੋ ਚਾਰ ਸਾਹਿਤਕਾਰ ਤੇ ਪੱਤਰਕਾਰ ਮਿੱਤਰਾਂ ਦੇ।ਸਮਾਗਮਾਂ ਵਿਚ ਹੋ ਰਹੀਆਂ ਸਰਗਰਮੀਆਂ ਨੂੰ ਨਿਹਾਰਦਾ ਤੇ ਵਾਚਦਾ ਰਹਿੰਦਾ।ਇਕ ਦਿਨ ਕਿਸੇ ਸਮਾਗਮ ਵਿਚ ਬਹੁਤ ਸਾਰੇ ਪ੍ਰਬੰਧਕੀ ਸੱਜਣ ਕੁਝ ਪਰੇਸ਼ਾਨ ਵਿਖਾਈ ਦੇ ਰਹੇ ਸਨ। ਮੈਂ ਇਕ ਸਜਣ ਨੂੰ ਇਹ ਕਹਿੰਦਿਆਂ ਸੁਣ ਲਿਆ ਕਿ ਜਦ ਤੀਕ ਅੱਜ ਦੇ ਸਮਾਗਮ ਦੇ ਪ੍ਰ੍ਰਧਾਨ ਨਹੀਂ ਆ ਜਾਂਦੇ ਅਸੀਂ ਸਮਾਗਮ ਕਿੱਦਾਂ ਸ਼ੁਰੂ ਕਰ ਦਈਏ।ਮੈਂ ਬੜਾ ਹੈਰਾਨ ਕਿ ਇਹ ਪ੍ਰਧਾਨ ਭਲਾ ਕੀ ਸ਼ੈਅ ਹੋਈ ਜਿਸਦੇ ਬਿਨਾਂ ਸਮਾਗਮ ਸ਼ੁਰੂ ਨਹੀਂ ਹੋ ਸਕਦਾ।
ਖ਼ੈਰ, ਕੁਝ ਦੇਰ ਬਾਅਦ ਬੋਚ ਬੋਚ ਕੇ ਕਦਮ ਧਰਦੇ,ਹਲਕੇ ਬਦਾਮੀ ਰੰਗ ਦੀ ਲੋਈ ਦੀ ਬੁਕਲ ਮਾਰੀ, ਨਿੱਕੀ ਨਿੱਕੀ ਕੱਕੀ ਦਾਹੜੀ ਤੇ ਲਾਲ ਸੂਹੇ ਮੂੰਹ, ਤਿੱਖੀਆਂ ਅੱਖਾਂ ਤੇ ਸੱਜੇ ਹੱਥ ਦੀਆਂ ਉਂਗਲਾਂ ਵਿਚ ਸੁਲਗਦੀ ਹੋਈ ਸਿਗਰਟ ਫਸਾਈ, ਕਲਾ ਭਵਨ ਦੇ ਅੰਦਰਲੇ ਵਿਹੜੇ ਵਿਚ ਦਾਖਲ ਹੋ ਰਹੇ, ਇਕ ਅੰਗਰੇਜ਼ ਨੁਮਾਂ ਸਖਸ਼ ਉਪਰ ਮੇਰੀ ਨਜ਼ਰ ਅਚਾਨਕ ਰੁਕ ਗਈ।ਸਮਾਗਮ ਦਾ ਸੰਚਾਲਣ ਕਰਨ ਵਾਲਾ ਸੱਜਣ ਤੇਜ਼ੀ ਨਾਲ ਬੋਲਿਆ, “ਸਾਡੇ ਅੱਜ ਦੇ ਸਮਾਗਮ ਦੇ ਪ੍ਰਧਾਨ ਮੋਹਨ ਭੰਡਾਰੀ ਜੀ ਪਹੁੰਚ ਗਏ ਹਨ, ਅਸੀਂ ਜਲਦ ਹੀ ਸਮਾਗਮ ਦਾ ਆਗ਼ਾਜ਼ ਕਰਨ ਜਾ ਰਹੇ ਹਾਂ..।” “ਇਹ ਹੈ ਮੋਹਨ ਭੰਡਾਰੀ!” ਮੇਰੇ ਮੁਹੋਂ ਅਚਾਨਕ ਨਿਕਲਿਆ।
ਸਮਾਗਮ ਖਤਮ ਹੋਇਆ।ਜਦੋਂ ਮੈਂ ਦੇਖਿਆ ਕਿ ਮੋਹਨ ਭੰਡਾਰੀ ਹੁਣ ਕੁਝ ਪਲਾਂ ਲਈ ਇੱਕਲੇ ਖੜੇ ਹਨ, ਮੈਂ ਉਸਨਾਂ ਸਾਹਮਣੇਂ ਹਾਜ਼ਰ ਹੋ ਗਿਆ।ਕੁਝ ਪਲਾਂ ਵਿਚ ਹੀ ਮੈਂ ਪੰਜਾਬੀ ਦੇ ਬਹੁਤ ਵੱਡੇ ਕਹਾਣੀਕਾਰ ਦਾ ਨਿੱਕਾ ਜਿਹਾ ਆੜੀ ਬਣ ਗਿਆ ਸਾਂ।ਜਦੋਂ ਮੈਂ ਦੱਸਿਆ ਕਿ ਮੈਂ ਵੀ ਕਵਿਤਾਵਾਂ ਲਿਖਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਉਹਨਾਂ ਨੇ ਮੈਨੂੰ ਥਾਪੜਾ ਦਿੰਦਿਆਂ ਕਿਹਾ,“ਇਮਾਨਦਾਰੀ ਨਾਲ ਲੱਗਿਆ ਰਹਿ…ਇਕ ਦਿਨ ਗੱਲ ਜ਼ਰੂਰ ਬਣੂਗੀ।”
ਉਸ ਤੋਂ ਬਾਅਦ ਮੇਰੀ ਭੰਡਾਰੀ ਸਾਹਬ ਨਾਲ ਐਸੀ ਦੋਸਤੀ ਪਈ ਕਿ ਲਗਭਗ ਹੁਣ ਤਕ ਚੰਡੀਗੜ੍ਹ ਵਿਚ ਜਦੋਂ ਕਦੇ ਵੀ ਮੈਂ ਕੋਈ ਸਾਹਿਤਕ ਸਮਾਗਮ ਜਾਂ ਨਾਟਕ ਆਦਿ ਦੇਖਣ ਜਾਣਾ ਹੋਵੇ ਤਾਂ ਭੰਡਾਰੀ ਸਾਹਬ ਨੂੰ ਫੋਨ ਕਰਕੇ ਜਾਣ ਬਾਰੇ ਪੁਛ ਲੈਂਦਾ ਹਾਂ।“ਹਾਂ, ਨਿਰਮਲਾ ਕਹਿੰਦੀ ਮੈਂ ਵੀ ਜਾਣੈ…ਭੂਸ਼ਨ ਨੂੰ ਵੀ ਫੋਨ ਕਰ ਦਈਂ,ਉਸਨੇ ਵੀ ਜਾਣੈ!” ਭੰਡਾਰੀ ਸਾਹਬ ਜਵਾਬ ਦੇਣਗੇ।ਕਈ ਵਾਰ ਉਹਨਾਂ ਦਾ ਫੋਨ ਆ ਜਾਂਦੈ,“ਗੱਬੀ, ਫਲਾਣੀ ਥਾਂ ਸਮਾਗਮ ਹੋ ਰਿਹੈ, ਤੂੰ ਜਾ ਰਿਹੈਂ?” ਉਹਨਾਂ ਦੇ ਘਰ ਦੇ ਨਜਦੀਕ ਹੀ ਜਿਥੋਂ ਅਕਸਰ ਮੈਂ ਭੰਡਾਰੀ ਸਾਹਬ, ਭੂਸ਼ਨ ਨੂੰ ਆਪਣੀ ਗੱਡੀ ਬਿਠਾਉਂਦਾ ਸਾਂ(ਹਾਂ) ਅਸੀਂ ਉਸ ਥਾਂ ਦਾ ਨਾਂ ‘ਭੰਡਾਰੀ ਚੌਕ’ ਰੱਖ ਲਿਆ ਹੈ। ਅਕਸਰ ਮੈਂ ਫੋਨ ’ਤੇ ਕਹਿ ਦਿੰਦਾਂ, “ਪੰਜਾਂ ਮਿੰਟਾਂ ’ਚ ਭੰਡਾਰੀ ਚੌਕ ’ਤੇ ਪਹੁੰਚ ਜਾਓ, ਸਰ ਜੀ..।”
ਅਸੀਂ ਪਿਛਲੇ ਪੰਦਰਾਂ ਸਾਲਾਂ ਤੋਂ ਆਪਣੀ ਸੰਸਥਾ ‘ਕਾਇਨਾਤ ਆਰਟਸ’ ਦੇ ਬੈਨਰ ਹੇਠਾਂ ਹਰ ਸਾਲ ਛੇ ਮਈ ਨੂੰ ਸ਼ਿਵ ਬਟਾਲਵੀ ਦੀ ਬਰਸੀ ਲਗਾਤਾਰ ਮਣਾ ਰਹੇ ਹਾਂ।ਉਸਦੀਆਂ ਯਾਦਾਂ ਸਾਂਝੀਆਂ ਕਰਦੇ ਹਾਂ।ਉਸਦੀਆਂ ਰਚਨਾਵਾਂ ਗਾਉਂਦੇ ਹਾਂ। ਐਸਾ ਕੋਈ ਸਮਾਗਮ ਨਹੀਂ ਗਿਆ ਜਿਸ ਵਿਚ ਭੰਡਾਰੀ ਸਾਹਬ ਤੇ ਭੂਸ਼ਨ ਹੁਰੀਂ ਹਾਜ਼ਰ ਨਾ ਹੋਏ ਹੋਣ।ਇਸ ਵਾਰ ਵੀ ਜਦੋਂ ਮੈਂ ਭੰਡਾਰੀ ਸਾਹਬ ਨੂੰ ਫੋਨ ਕੀਤਾ ਤਾਂ ਉਹਨਾਂ ਕਿਹਾ,“ ਗੱਬੀ, ਵੈਸੇ ਤਾਂ ਮੇਰੀ ਸਿਹਤ ਬਹੁਤ ਖਰਾਬ ਚਲ ਰਹੀ ਹੈ…ਮੈਂ ਲੁਧਿਆਣੇ ਵੀ ਨਹੀਂ ਗਿਆ ਵੋਟਾਂ ਪਾਣ ਪਰ ਸ਼ਿਵ ਦੇ ਪ੍ਰੋਗਰਾਮ ਵਿਚ ਜ਼ਰੂਰ ਹਾਜ਼ਰੀ ਲਗਾਵਾਂਗਾ।” ਲੇਕਿਨ ਇਸ ਵਾਰ ਭੂਸ਼ਨ ਹੁਰਾਂ ਦੀ ਗ਼ੈਰਮੌਜੂਦਗੀ ਨੇ ਸਾਰਿਆਂ ਦਾ ਮਨ ਬਹੁਤ ਉਦਾਸ ਕਰ ਦਿੱਤਾ।
ਸਮਾਗਮ ਸਾਡਾ ਹੋਵੇ ਤੇ ਭਾਵੇਂ ਕਿਸੇ ਹੋਰ ਦਾ ਜਦੋਂ ਸਾਡੀ ਗੱਡੀ ਚੌਤਾਲੀ ਸੈਕਟਰ ਦੀ ਮਾਰਕਿਟ ਨੇੜੇ ਆਉਂਦੀ ਹੈ ਤਾਂ ਹਰ ਵਾਰ ਪਿਛਲੀ ਸੀਟ ’ਤੇ ਬੈਠੇ ਭੰਡਾਰੀ ਸਾਹਬ ਦੀ ਆਵਾਜ਼ ਆਏਗੀ,“ਗੱਬੀ, ਦੇਖੀਂ ਜ਼ਰਾ ਉਸ ਰੁੱਖ ਥੱਲੇ ਸਿਗਰਟਾਂ ਵਾਲਾ ਭਾਈ ਬੈਠੈ?” ਰਾਤ ਜ਼ਿਆਦਾ ਹੋਣ ਕਰਕੇ ਜੇ ਸਿਗਰਟਾਂ ਵਾਲਾ ਭਾਈ ਉਥੇ ਨਾ ਵਿਖਾਈ ਦੇਵੇ ਤਾਂ ਭੰਡਾਰੀ ਸਾਹਬ ਕਹਿਣਗੇ “ਇੰਜ ਕਰ ਥੋੜਾ ਹੋਰ ਅੱਗੇ ਚੱਲ…ਇਕ ਥਾਂਓ ਹੋਰ ਵੀ ਹੈ।” ਜੇ ਉਥੇ ਤੇ ਦੋ ਤਿੰਨ ਥਾਵਾਂ ’ਤੇ ਵੀ ਨਾ ਮਿਲੇ ਤਾਂ ਫਿਰ ਕਹਿਣਗੇ,“ਗੱਬੀ ਇਕ ਕੰਮ ਕਰ ਗੱਡੀ ਠੇਕੇ ਵੱਲ ਮੋੜ, ਉਸਦੇ ਬਾਹਰ ਤਾਂ ਜ਼ਰੂਰ ਬੈਠਾ ਹੋਉਗਾ।” ਸਿਗਰਟਾਂ ਵਾਲੇ ਭਾਈ ਨੂੰ ਵੇਖਦੇ ਸਾਰ ਹੀ ਭੰਡਾਰੀ ਸਾਹਬ ਦੀਆਂ ਵਾਸ਼ਾਂ ਖਿਲ ਜਾਣਗੀਆਂ ਤੇ ਉਹ ਬੋਲਣਗੇ,“ਗੱਬੀ, ਦੋ ਡੱਬੀਆਂ ਗੋਲਡ ਫਲੈਕ ਦੀਆਂ ਫੜੀਂ।” ਭੰਡਾਰੀ ਸਾਹਬ ਇਕ ਡੱਬੀ ਆਪਣੇ ਕੁਰਤੇ ਦੇ ਖੀਸੇ ਵਿਚ ਪਾ ਲੈਣਗੇ ਤੇ ਦੂਸਰੀ ਵਿਚੋਂ ਸਿਗਰਟ ਕੱਢ ਕੇ ਸੁਲਗਾ ਲੈਣਗੇ ਤੇ ਕਹਿਣਗੇ,“ ਯਾਰ ਜੇ ਤੁਸੀਂ ਗੁੱਸਾ ਨਾ ਕਰੋ ਤਾਂ ਮੈਂ…….ਸ਼ੀਸ਼ੇ ਥੋੜੇ ਹੇਠਾਂ ਨੂੰ ਖਿਸਕਾ ਲਓ?”
ਪਿੱਛੇ ਜਿਹੇ ਕਿਸੇ ਸਮਾਗਮ ਤੋਂ ਬਾਅਦ ਹੋਈ ਕੌੜੀ ਮਹਿਫਲ ਦਾ ਆਨੰਦ ਮਾਣ ਕੇ ਜਦੋਂ ਘਰ ਨੂੰ ਪਰਤ ਰਹੇ ਸਾਂ ਤਾਂ ਪਿਛਲੀ ਸੀਟ ’ਤੇ ਬੈਠੇ ਭੰਡਾਰੀ ਸਾਹਬ ਦੀ ਆਵਾਜ਼ ਆਈ, “ ਗੱਬੀ ਦੇਖੀਂ ਜ਼ਰਾ….।” ਮੇਰੇ ਨਾਲ ਅਗਲੀ ਸੀਟ ਉਪਰ ਬੈਠੇ ਮੋਹਾਲੀ ਵਾਲੇ ਪ੍ਰੋਫੈਸਰ ਕੁਲਵੰਤ ਸਾਹਬ ਮੈਨੂੰ ਅੱਖ ਮਾਰਦੇ ਬੋਲੇ,“ਗੱਬੀ ਤੂੰ ਬੈਠ ਮੈਂ ਲੈ ਕੇ ਆਉਨਾਂ…ਭੰਡਾਰੀ ਸਾਹਬ, ਕੱਢੋ ਪੈਸੇ…?” ਭੰਡਾਰੀ ਸਾਹਬ ਨੇ ਪੰਜਾਹਾਂ ਦਾ ਨੌਟ ਪ੍ਰੋਫੈਸਰ ਨੂੰ ਫੜਾਇਆ।ਜਦੋਂ ਪ੍ਰੋਫੈਸਰ ਸਾਹਬ ਸਿਗਰਟਾਂ ਦੀਆਂ ਡੱਬੀਆਂ ਲੈਣ ਚਲੇ ਗਏ ਤਾਂ ਮੋਹਨ ਭੰਡਾਰੀ ਜੀ ਹੌਲੇ ਜਿਹੇ ਬੋਲੇ,“ਗੱਬੀ ਤੂੰ ਆਪ ਜਾਇਆ ਕਰ…ਇਕ ਪਗੜੀਧਾਰੀ ਸਰਦਾਰ ਚੰਗਾ ਲਗਦੈ ਸਿਗਰਟਾਂ ਦੀਆਂ ਡੱਬੀਆਂ ਖਰੀਦਦਾ ਹੋਇਆ!”
“ਅਸਲ ਵਿਚ ਭੰਡਾਰੀ ਨੂੰ ਕਾਇਮ ਰੱਖਣ ਵਿਚ ਨਿਰਮਲਾ ਭੈਣਜੀ ਦਾ ਬੜਾ ਵੱਡਾ ਯੋਗਦਾਨ ਹੈ।ਉਹਨੇ ਭੰਡਾਰੀ ਨੂੰ ਸਮੌਹ ਕੇ ਰੱਖਿਆ ਹੈ।ਭੈਣਜੀ ਦਾ ਖਿੜੇ ਮੱਥੇ ਮਿਲਣਾ ਹੀ ਸਾਡੀ ਦੋਸਤੀ ਨੂੰ ਤੀਹ ਸਾਲਾਂ ਤਕ ਪੁਰਾਣਾ ਕਰ ਸਕਿਆ ਹੈ।ਭੰਡਾਰੀ ਹੁਰਾਂ ਦਾ ਕਹਾਣੀਕਾਰ ਦੀ ਸਿਖਰ ਤੀਕ ਪਹੁੰਚਣ ਵਿਚ ਵੀ ਨਿਰਮਲਾ ਭੈਣਜੀ ਦਾ ਬਹੁਤ ਵੱਡਾ ਕਿਰਦਾਰ ਹੈ।ਇਕ ਵਾਰ ਚੰਡੀਗੜ੍ਹ ਕਿਸੇ ਸਮਾਗਮ ਵਿਚ ਮੈਂ ਭੰਡਾਰੀ ਨੂੰ ਨਾਲ ਲੈ ਕੇ ਜਾਣਾ ਸੀ ਤਾਂ ਮੈਂ ਭੈਣਜੀ ਹੁਰਾਂ ਨੂੰ ਕਿਹਾ ਕਿ ਤੁਸੀਂ ਨਾਲ ਜ਼ਰੂਰ ਚਲਣਾ ਹੈ।ਉਹ ਕਹਿਣ ਕਿ ਮੈਨੂੰ ਅੱਜ ਘਰ ਵਿਚ ਬਹੁਤ ਜ਼ਰੂਰੀ ਕੰਮ ਹੈ, ਤੁਸੀਂ ਭੰਡਾਰੀ ਜੀ ਨੂੰ ਲੈ ਜਾਓ ਤੇ ਬਾਅਦ ਵਿਚ ਛੱਡ ਜਾਇਓ। ਮੈਂ ਕਿਹਾ ਕਿ ਭੈਣਜੀ ਇਸੇ ਕਰਕੇ ਤਾਂ ਤੂਹਾਨੂੰ ਲਿਜਾ ਰਹੇ ਹਾਂ ਕਿ ਜਾਣ ਲੱਗੇ ਤਾਂ ਰਸਤਾ ਭੰਡਾਰੀ ਸਾਹਬ ਦੱਸ ਦੇਣਗੇ ਪਰ ਰਾਤੀਂ ਮੁੜਦੇ ਹੋਏ ਤੁਹਾਡੇ ਘਰ ਦਾ ਰਸਤਾ ਕੌਣ ਦੱਸੇਗਾ।ਭੰਡਾਰੀ ਜੀ ਮਨੁੱਖ ਬਹੁਤ ਚੰਗੇ ਨੇ।ਉਹਨਾਂ ਵਿਚ ਮੋਹ ਬਹੁਤ ਹੈ।ਦੋਸਤੀ ਵਿਚ ਸਚਾਈ ਹੈ।ਲਫ਼ਜ਼ਾਂ ਵਿਚ ਇਮਾਨਦਾਰੀ ਘੁਟ ਘੁਟ ਕੇ ਭਰੀ ਹੋਈ ਹੈ।ਜਦੋਂ ਮੈਂ ਆਪਣੀ ਪਤਨੀ ਦੇ ਬਿਮਾਰ ਹੋਣ ਵੇਲੇ ਬਹੁਤ ਗ਼ਮਗ਼ੀਨ ਹੋ ਗਿਆ ਸਾਂ ਤਾਂ ਭੰਡਾਰੀ ਹੁਰਾਂ ਮੈਨੂੰ ਬਹੁਤ ਹੌਸਲਾ ਦਿੱਤਾ।ਗ਼ਮਖੋਰੀ ਤੋਂ ਉਭਾਰਿਆ।ਉਹ ਕਹਾਣੀਕਾਰ ਦੇ ਤੌਰ ’ਤੇ ਆਪਣੇ ਹੋਰ ਸਮਕਾਲੀ ਕਹਾਣੀਕਾਰਾਂ ਕੋਲੋਂ ਵੀ ਮੈਨੂੰ ਇਸ ਕਰਕੇ ਚੰਗੇ ਲਗਦੇ ਨੇ ਕਿਉਂਕਿ ਉਹ ਧਰਤੀ ਨਾਲ ਜੁੜੇ ਕਹਾਣੀਕਾਰ ਨੇ।ਜਿਸਦਾ ਸਬੂਤ ਪਿੱਛੇ ਜਿਹੇ ਜਦੋਂ ਭੰਡਾਰੀ ਸਾਹਬ ਉੱਤੇ ਜਸਵੰਤ ਦੀਦ ਜਲੰਧਰ ਦੂਰਦਰਸ਼ਨ ਲਈ ਡਾਕੂਮੈਂਟਰੀ ਬਣਾ ਰਿਹਾ ਸੀ ਤਾਂ ਉਹਨਾਂ ਦੇ ਪਿੰਡ ਬਨਭੌਰੇ ਦੇ ਲੋਕਾਂ ਨੇ ਉਸਨੂੰ ਆਪਣੀਆਂ ਪਲਕਾਂ ’ਤੇ ਬਿਠਾ ਲਿਆ ਸੀ।ਇੰਨਾਂ ਮਾਣ ਬਖਸ਼ਿਆ ਕਿ ਮੈਂ ਹੈਰਾਨ ਰਹਿ ਗਿਆ ਕਿ ਇਤਨੀ ਦੇਰ ਤੋਂ ਛੱਡੇ ਪਿੰਡ ਦੇ ਲੋਕ ਅੱਜ ਵੀ ਭੰਡਾਰੀ ਨੂੰ ਇੰਨਾਂ ਪਿਆਰ ਕਰਦੇ ਹਨ।ਇਕ ਹੋਰ ਗੱਲ ਜਿਹੜੀ ਭੰਡਾਰੀ ਸਾਹਬ ਵਿਚ ਵੱਖਰੀ ਹੈ ਉਹ ਇਹ ਕਿ ਜਦੋਂ ਪੰਜਾਬ ਸੰਕਟ ਚਲ ਰਿਹਾ ਸੀ ਤਾਂ ਕਈ ਕਹਿੰਦੇ ਕੁਹਾਂਦੇ ਕਹਾਣੀਕਾਰਾਂ ਨੇ ਕਈ ਤਰ੍ਹਾਂ ਦੇ ਮੁਖੌਟੇ ਚੜ੍ਹਾ ਲਏ ਸਨ ਪਰ ਉਸ ਵੇਲੇ ਵੀ ਮੋਹਨ ਭੰਡਾਰੀ ਇਕ ਨਿਰੋਲ ਕਹਾਣੀਕਾਰ ਬਣ ਕੇ ਵਿਚਰਿਆ। ਉਸ ਸਮੇਂ ਦੌਰਾਣ ਉਸਨੇ ਜੋ ਵੀ ਕਹਾਣੀਆਂ ਲਿਖੀਆਂ ਉਹ ਇਕ ਖਾਲਸ ਕਹਾਣੀਕਾਰ ਦੇ ਨਾਤੇ ਲਿਖੀਆਂ ਨਾ ਕਿ ਇਕ ਖਾਸ ਧਰਮ ਜਾਂ ਖਿੱਤੇ ਨਾਲ ਸਬੰਧਤ ਮਨੁੱਖ ਬਣ ਕੇ।ਮੈਂ ਹਾਲਾਂਕਿ ਭੰਡਾਰੀ ਸਾਹਬ ਦਾ ਕੀ ਸੁਆਰਿਆ ਹੈ ਜਾਂ ਮੈਂ ਸੁਆਰ ਵੀ ਕੀ ਸਕਦਾਂ ਪਰ ਜਦੋਂ ਉਹਨਾਂ ਉਪਰ ਡਾਕੂਮੈਂਟਰੀ ਬਣਾਉਣ ਦੀ ਵਾਰੀ ਆਈ ਤਾਂ ਉਹਨਾਂ ਕਿਹਾ ਕਿ ਡਾਕੂਮੈਂਟਰੀ ਦੀ ਪਟਕਥਾ ਤੂੰ ਹੀ ਲਿਖੇਂਗਾ।ਮੈਂ ਭੰਡਾਰੀ ਸਾਹਬ ਵੱਲੋਂ ਬਖਸ਼ੇ ਇਸ ਮਾਣ ਨੂੰ ਭਵਸਾਗਰ ਪਾਰ ਕਰਨ ਵਾਂਗ ਮਹਿਸੂਸ ਕੀਤਾ।ਦੂਸਰੀ ਗੱਲ ਕਿ ਭੰਡਾਰੀ ਸਾਹਬ ਸਾਰੀ ਉਮਰ ਨਿਰਲੇਪ ਰਹੇ ਹਨ। ਕਿਸੇ ਸਕੈਂਡਲ ਵਿਚ ਨਹੀਂ ਫਸੇ।ਨਾ ਕੋਈ ਸਨਮਾਨ ਲੈਣ ਜਾਂ ਹੱਥਿਆਣ ਵਿਚ।ਮੈਂ ਭੰਡਾਰੀ ਸਾਹਬ ਲਈ ਲੰਮੀ ਉਮਰ ਤੇ ਚੰਗੀ ਸੇਹਤਜਾਬੀ ਦੀ ਕਾਮਨਾ ਕਰਦਾ ਹਾਂ।” ਇਹ ਵਿਚਾਰ ਮੋਹਨ ਭੰਡਾਰੀ ਦੇ ਚਹੇਤੇ ਦੋਸਤ ਪਟਿਆਲੇ ਵਾਲੇ ਸੁਰਿੰਦਰ ਸ਼ਰਮਾ ਦੇ ਹਨ।
ਇਕ ਵਾਰ ਜਦੋਂ ਮੈਂ ਉਹਨਾਂ ਕੋਲੋਂ ਉਹਨਾਂ ਦੀ ਕਹਾਣੀ ਰਚਨ ਕਿਰਿਆ ਬਾਰੇ ਪੁੱਛਿਆ ਤਾਂ ਉਹਨਾਂ ਦੱਸਿਆ, “1965 ਵਿਚ ਛਪੇ ਆਪਣੇ ਪ੍ਰਥਮ ਕਹਾਣੀ -ਸੰਗ੍ਰਹਿ ‘ਤਿਲਚੌਲੀ’ ਦੇ ਵੇਲੇ ਵੀ ਕਿਹਾ ਤੇ ਲਿਖਿਆ ਵੀ ਸੀ। ਮੈਂ ਆਪਣੀਆਂ ਕਹਾਣੀਆਂ ਦੀ ਵਕਾਲਤ ਨਹੀਂ ਕਰਦਾ, ਸਗੋਂ ਇਹ ਮੇਰੀ ਵਕਾਲਤ ਕਰਦੀਆਂ ਨੇ।ਮੇਰੇ ਮਤ ਅਨੁਸਾਰ ਚੰਗਾ ਲੇਖਕ ਉਹ ਹੈ ਜੋ ਚੰਗਾ ਲਿਖੇ।ਪ੍ਰਵਾਨ ਹੋਣ ਲਈ ਕਿਸੇ ਗੱਦੀ ਤੋਂ ਹੁਕਮ ਹੋਣਾ ਜ਼ਰੂਰੀ ਨਹੀਂ। ਇਹ ਰਾਏ ਮੇਰੀ ਹੁਣ ਵੀ ਹੈ।”
ਚੰਡੀਗੜ੍ਹ ਦੇ ਚੌਤਾਲੀ ਸੈਕਟਰ ਵਿਚ ਪੰਜਾਬੀ ਤੇ ਹਿੰਦੀ ਦੇ ਬਹੁਤ ਸਾਰੇ ਸਾਹਿਤਕਾਰਾਂ ਤੇ ਪੱਤਰਕਾਰਾਂ ਦੇ ਆਲ੍ਹਣੇ ਹਨ।ਦਫਤਰ ਤੋਂ ਘਰ ਜਾਂਦਾ ਹੋਇਆ ਅਕਸਰ ਮੈਂ ਇਥੇ ਹੀ ਰਹਿੰਦੇ ਗੁਲ ਚੌਹਾਨ ਦੇ ਆਲ੍ਹਣੇ ਵਿਚ ਚਲਾ ਜਾਨਾਂ।ਉਹ ਮੈਨੂੰ ਨੇੜੇ ਪੈਂਦੇ ਪਾਰਕ ਵਿਚ ਸੈਰ ਕਰਨ ਲੈ ਜਾਂਦੈ।ਕਈ ਵਾਰ ਮਲਕੀਤ ਆਰਟਿਸਟ ਵੀ ਸਾਡੇ ਨਾਲ ਹੋ ਜਾਂਦੈ।ਸਾਲ ਕੁ ਪਹਿਲਾਂ ਤਕ ਮੋਹਨ ਭੰਡਾਰੀ ਤੇ ਭੂਸ਼ਨ ਆਪਣੀਆਂ ਧਰਮ ਪਤਨੀਆਂ ਨਾਲ ਉਸ ਪਾਰਕ ਵਿਚ ਸੈਰ ਕਰਦੇ ਜਾਂ ਸੈਰ ਕਰਨ ਤੋਂ ਬਾਅਦ ਅਰਾਮ ਕਰਦੇ ਅਕਸਰ ਮਿਲ ਜਾਂਦੇ ਸਨ।ਇਹ ਦੋਨੋਂ ਤਾਂ ਇਕ ਦੋ ਚੱਕਰ ਲਗਾ ਕੇ ਪਾਰਕ ਵਿਚ ਬਣੇ ਬੈਂਚਾਂ ਉਪਰ ਬੈਠ ਕੇ ਸੈਰ ਕਰ ਰਹੀਆਂ ਔਰਤਾਂ ਨੂੰ ਨਿਹਾਰਦੇ ਰਹਿੰਦੇ ਤੇ ਆਪਣੀਆਂ ਪਤਨੀਆਂ ਨੂੰ ਇਕ ਹੋਰ ਚੱਕਰ ਲਗਾ ਲੈਣ ਦੀ ਸਲਾਹ ਦੇ ਕੇ ਭੇਜ ਦਿੰਦੇ।ਹੁਣ ਭੂਸ਼ਨ ਜੀ ਤਾਂ ਸਾਡੇ ਵਿਚਕਾਰ ਰਹੇ ਨਹੀਂ ਪਰ ਭੰਡਾਰੀ ਸਾਹਬ ਹੁਣ ਵੀ ਆਪਣੀ ਧਰਮ ਪਤਨੀ ਨਾਲ ਸੈਰ ਕਰਦੇ ਵਿਖਾਈ ਦੇ ਜਾਂਦੇ ਹਨ।ਪਿੱਛੇ ਜਿਹੇ ਅਸੀਂ ਉਹਨਾਂ ਨੂੰ ਅੱਸੀਆਂ ਨੂੰ ਟੱਪੀਆਂ ਬਜ਼ੁਰਗ ਦਸ ਪੰਦਰਾਂ ਔਰਤਾਂ ਦੀ ਟੋਲੀ ਵਿਚ ਇਕੱਲੇ ਬੈਠੇ ਉਹਨਾਂ ਕੋਲੋਂ ‘ਹਰੇ ਰਾਮਾ ਹਰੇ ਕ੍ਰਿਸ਼ਨਾ’ ਤੇ ਸ਼ਿਵਜੀ ਭਗਵਾਨ ਦੀ ਮਹਿਮਾਂ ਦੇ ਭਜਨ ਸੁਣਦਿਆਂ ਫੜਿਆ ।ਜਦੋਂ ਅਸੀਂ ਪੁੱਛਿਆ ਕਿ ਭੰਡਾਰੀ ਸਾਹਬ ਇਥੇ ਕੀ ਕਰਦੇ ਪਏ ਹੋ ਤਾਂ ਉਹ ਅੱਗੋਂ ਵੱਡਾ ਸਾਰਾ ਖੜਾਕਾ ਮਾਰ ਕੇ ਹਸਦੇ ਹੋਏ ਬੋਲੇ, “ਉਂਜ ਹੀ ਨਿਰਮਲਾ ਇਕ ਹੋਰ ਚੱਕਰ ਲਗਾਉਣ ਗਈ ਸੀ ਮੈਂ ਸੋਚਿਆ, ਸੁਣਦਿਆਂ ਆਹ ਬੀਬੀਆਂ ਕੀ ਗਾਉਂਦੀਆਂ ਨੇ ਰੋਜ਼ ਇਥੇ ਬੈਠ ਕੇ…ਕੀ ਪਤਾ ਕੋਈ ਕਹਾਣੀ ਕੁਹਣੀ ਹੀ ਨਿਕਲ ਪਵੇ ਜਾਂ ਉਪਰ ਵਾਲੇ ਨੂੰ ਪਾਣ ਦਾ ਕੋਈ ਸੌਖਾ ਰਾਹ ਹੀ ਲੱਭ ਪਵੇ!”
ਜ਼ਿਆਦਾਤਰ ਸਮਾਗਮਾਂ ਵਿਚ ਨਿਰਮਲਾ ਉਹਨਾਂ ਨਾਲ ਸ਼ਿਰਕਤ ਕਰਦੀ ਹੈ।ਕੁਝ ਦੇਰ ਪਹਿਲਾਂ ਹੀ ਇਕ ਵਾਰੀ ਮੈਂ ਦੇਖਿਆ ਕਿ ਸਮਾਗਮ ਖਤਮ ਹੋਣ ਤੋਂ ਬਾਅਦ ਭੰਡਾਰੀ ਦੀ ਹੀ ਉਮਰ ਦੀ ਨਾਟੇ ਜਿਹੇ ਕਦ ਪਰ ਸੋਹਣੇ ਨੈਣ ਨਕਸ਼ਾਂ ਵਾਲੀ ਇਕ ਕਹਾਣੀਕਾਰਾ ਭੰਡਾਰੀ ਦੇ ਨੇੜੇ ਹੋ ਹੋ ਕੇ ਗੁਫਤਗੂ ਕਰ ਰਹੀ ਸੀ।ਕਦੇ ਉਹ ਆਪਣੇ ਕੰਨ ਭੰਡਾਰੀ ਸਾਹਬ ਦੇ ਮੂੰਹ ਅੱਗੇ ਕਰ ਦੇਵੇ ਤੇ ਕਦੇ ਆਪਣਾ ਮੂੰਹ ਭੰਡਾਰੀ ਸਾਹਬ ਦੇ ਕੰਨਾਂ ਅੱਗੇ।ਮੇਰੀ ਪਤਨੀ ਰਾਜ ਕੁਮਾਰੀ ਵੀ ਨਾਲ ਸੀ। ਉਹ ਮੇਰੀ ਪਤਨੀ ਦੇ ਨੇੜੇ ਹੋ ਕੇ ਕਹਿੰਦੀ, “ਦੇਖੀਂ ਰਾਜ, ਇਹ ਤਿਤਲੀ ਕਿੰਝ ਤੇਰੇ ਅੰਕਲ ਉਪਰ ਮੰਡਰਾ ਰਹੀ ਏ…ਕਲ ਵਾਲੇ ਸਮਾਗਮ ਵਿਚ ਇਹ ਗੁਲਜ਼ਾਰ ਸਿੰਘ ਸੰਧੂ ਦੇ ਆਲੇ ਦੁਆਲੇ ਵੀ ਚੱਕਰ ਲਗਾ ਰਹੀ ਸੀ…।” ਇਹ ਬੋਲ ਮੇਰੇ ਕੰਨੀ ਵੀ ਪੈ ਗਏ।“ਆਂਟੀ ਜੀ, ਇਸ ਉਮਰ ਵਿਚ ਵੀ ਤੁਸੀਂ ਭੰਡਾਰੀ ਸਾਹਬ ਉਪਰ ਸ਼ੱਕ ਕਰਦੇ ਹੋ..? ਤੁਸੀਂ ਇਸੇ ਕਰਕੇ ਸ਼ਾਇਦ ਹਰ ਵਾਰ ਨਾਲ ਆਉਂਦੇ ਹੋ…?” ਮੈਂ ਵਿਅੰਗਮਈ ਤਰੀਕੇ ਨਾਲ ਪੁੱਛਿਆ।“ਨਈਂ ਗੱਬੀ ਪੁੱਤ, ਭੰਡਾਰੀ ਸਾਹਬ ਉਪਰ ਤਾਂ ਮੈਨੂੰ ਪੂਰਾ ਭਰੋਸਾ ਹੈ ਪਰ ਇਹਨਾਂ ਤਿਤਲੀਆਂ ਦਾ ਕੀ ਪਤਾ ਕਿਹੜੇ ਫੁੱਲ ਵਿਚੋਂ ਸ਼ਹਿਦ ਚੂਸਣ ਲੱਗ ਪੈਣ…।” ਨਿਰਮਲਾ ਆਂਟੀ ਹਸਦੀ ਹੋਈ ਬੋਲ ਰਹੀ ਸੀ।
“ਮੈਂ ਦੱਸ ਦਿੱਤਾ ਕਿ ਮੈਨੂੰ ਉਹਦੀ ਕੋਈ ਵੀ ਕਹਾਣੀ ਨਹੀਂ ਜਚਦੀ।ਇਹ ਗੱਲ ਭੰਡਾਰੀ ਦੇ ਮਨ ਵਿਚ ਗੱਠ ਬਣ ਕੇ ਬਹਿ ਗਈ।ਜਦ ਉਸਨੇ ਕਈ ਵਰ੍ਹੇ ਕੁਝ ਨਹੀਂ ਲਿਖਿਆ।ਉਹਦੀ ਮਾਨਸਿਕਤਾ ਹੋਰ ਉਲਝ ਗਈ।ਉਹ ਕੁਝ ਪਰੇਸ਼ਾਨ ਰਹਿਣ ਲੱਗ ਪਿਆ।ਮੈਂ ਉਸਨੂੰ ਤਿੰਨ ਕਹਾਣੀਆਂ ਕੱਚੀਆਂ ਕਰ ਕੇ ਦਿੱਤੀਆਂ ਪਰ ਉਹ ਉਸਾਰ ਨਾ ਸਕਿਆ।ਮੈਂ ਰਲ ਕੇ ਕਹਾਣੀ ਲਿਖਣ ਦੀ ਪੇਸ਼ਕਸ਼ ਕੀਤੀ ਪਰ ਉਹ ਸਕੀਮ ਵੀ ਸਿਰੇ ਨਾ ਚੜ੍ਹ ਸਕੀ।ਬੜੇ ਚਿਰਾਂ ਬਾਅਦ ਉਹਨੇ ਕਹਾਣੀ ‘ਕਬੁਤਰ’ ਲਿਖੀ ਤਾਂ ਮੈਨੂੰ ਬੜੀ ਹੈਰਾਨੀ ਹੋਈ।ਵਧੀਆ ਤੇ ਏਸ ਵਿਸ਼ੇ ਬਾਰੇ ਇਹ ਉਹਦੀ ਪਹਿਲੀ ਤੇ ਆਖਰੀ ਕਹਾਣੀ ਸੀ।ਮੋਹਨ ਨੇ ਇਹ ਕਹਾਣੀ ਆਪਣੀ ਕਲਪਨਾ ਦੇ ਜ਼ੋਰ ਲਿਖ ਦਿੱਤੀ ਸੀ।ਅੱਤਵਾਦ ਦੇ ਕਾਲੇ ਦਿਨਾਂ ਦੀਆਂ ਘਟਨਾਵਾਂ ਨੇ ਮੋਹਨ ਨੂੰ ਅੱਡੀ ਲਾਉਣ ਦਾ ਕੰਮ ਕੀਤਾ ਸੀ।ਜਦੋਂ ਉਸਨੇ ‘ਸਾਂਝ’ ਤੇ ‘ਕੇਸ ਵਾਹ ਜਿਉਣੀਏ’ ਵਰਗੀਆਂ ਕਹਾਣੀਆਂ ਲਿਖੀਆਂ ਤਾਂ ਮੈਂ ਉਸਨੂੰ ਲੰਮੀ ਤਾਰੀਫੀ ਚਿਠੀ ਲਿਖੀ।ਸਾਰੀ ਉਮਰ ਚੰਡੀਗੜ੍ਹ ਲੰਘਾ ਕੇ ਵੀ ਉਹਦਾ ਸੁਭਾਅ ਪੇਂਡੂ ਈ ਰਿਹਾ ਏ।ਇਹ ਗੱਲ ਓਸੇ ’ਤੇ ਨਹੀਂ, ਵਿਰਕ, ਰੁਪਾਣਾ, ਗੁਰਬਚਨ ਭੁੱਲਰ,ਵਰਿਆਮ ਸੰਧੂ ’ਤੇ ਵੀ ਢੁਕਦੀ ਏ।ਸ਼ਹਿਰ ਉਹਨਾਂ ਦੇ ਸੁਭਾਅ ਤੇ ਸੋਚ ਦਾ ਹਿੱਸਾ ਬਣਿਆ ਈ ਨਹੀਂ।ਏਸੇ ਤਰ੍ਹਾਂ ਗਰੀਬੀ ਦਾ ਦੁਖ ਵੀ ਉਹਦੇ ਅੰਦਰ ਹੱਡਾਂ ’ਚ ਵੜ ਕੇ ਬੈਠਾ ਹੋਇਆ ਏ।ਮੈਨੂੰ ਉਹਨੇ ਇਕ ਦੋ ਵਾਰ ਦੱਸਿਆ ਵੀ ਏ ਕਿ ਕਿਵੇਂ ਉਹਦਾ ਬਚਪਨ ਗਰੀਬੀ ’ਚ ਲੰਘਿਆ ਸੀ।ਉਹਨੂੰ ਛੋਟੀ ਉਮਰ ਵਿਚ ਹੀ ਕਮਾਈ ਕਰਨੀ ਪਈ ਸੀ।ਉਹਦੇ ਘਰ ਵਾਲੇ ਉਸਨੂੰ ਭੱਲੇ ਪਕਾ ਦਿੰਦੇ।ਉਹ ਛਾਬੜੀ ਵਿਚ ਰੱਖ ਕੇ ਵੇਚਦਾ ਹੁੰਦਾ ਸੀ।…ਭੰਡਾਰੀ ਹੁਣ ਤੁਰਣ ਲੱਗਾ ਪੈਰ ਬੋਚ ਬੋਚ ਧਰਦਾ ਏ।ਜੇ ਮੈਂ ਤੇਜ਼ ਤੁਰਾਂ ਤਾਂ ਉਹ ਲੱਤਾਂ ਘੜੀਸਦਾ ਚੱਲਦਾ ਏ।ਬਗਾਨੀ ਸ਼ਰਾਬ ਪੀਂਦਾ ਹੋਏ ਭੰਡਾਰੀ ਦੀ ਆਪਣੀ ਡੱਬੀ ਵਿਚ ਸਿਗਰਟ ਹੁੰਦੇ ਹੋਏ ਵੀ ਉਸਦਾ ਹੱਥ ਦੂਸਰੇ ਦੀ ਡੱਬੀ ਵਿਚੋਂ ਸਿਗਰਟ ਕੱਢ ਲੈਂਦਾ ਏ।ਮੋਹਨ ਲਾ-ਗ੍ਰੈਜੂਏਟ ਏ ਪਰ ਲੱਗਦਾ ਨਹੀਂ।ਸ਼ਾਇਦ ਉਸਦੇ ਸੁਭਾਅ ਦਾ ਹਿੱਸਾ ਨਹੀਂ।ਉਹ ਰਿਟਾਇਰ ਹੋ ਕੇ ਪ੍ਰਧਾਨਗੀਆਂ ਕਰਕੇ ਬਜ਼ੁਰਗੀ ਦਾ ਮਾਣ ਪ੍ਰਾਪਤ ਕਰ ਰਿਹਾ ਏ। ਪ੍ਰਧਾਨਗੀ ਭਾਸ਼ਨ ’ਚ ਹਮੇਸ਼ਾ ਰਾਜਿੰਦਰ ਸਿੰਘ ਬੇਦੀ, ਮੰਟੋ, ਕ੍ਰਿਸ਼ਨ ਚੰਦਰ ਤੇ ਚੈਖਫ ਦਾ ਜ਼ਿਕਰ ਕਰਕੇ ਪੰਜਾਬੀ ਲੇਖਕਾਂ ਤੇ ਪਾਠਕਾਂ ਨੂੰ ਪ੍ਰਭਾਵਤ ਕਰਨ ਦਾ ਢੰਗ ਭੰਡਾਰੀ ਨੂੰ ਆਉਂਦਾ ਏ।
ਭੰਡਾਰੀ ਨੇ ਮੇਰੇ ਨਾਲ ਕਦੇ ਔਰਤਾਂ ਨਾਲ ਸਬੰਧਾਂ ਦੀ ਗੱਲ ਨਹੀਂ ਕੀਤੀ।ਜਿਵੇਂ ਕਾਮ ਦੀ ਗੱਲ ਕਰਨੀ ਉਸਨੂੰ ‘ਗੰਦੀ ਗੱਲ’ ਲਗਦੀ ਏ।ਮੈਨੂੰ ਨਹੀਂ ਪਤਾ ਕਿ ਕੋਈ ਔਰਤ ਉਹਦੇ ਮਨ ’ਚ ਵਸੀ ਹੋਵੇ ਜਾਂ ਉਹਨੇ ਕਿਸੇ ਪਰਾਈ ਤੀਵੀਂ ਨਾਲ ਸੰਬੰਧ ਰੱਖੇ ਹੋਣ।…ਉਹਦੇ ਮਨ ਦੀ ਇਸ ਗੰਢ ਦਾ ਉਦੋਂ ਮਾੜਾ ਜਿਹਾ ਪਤਾ ਲਗਦਾ ਏ, ਜਦੋਂ ਉਹ ਅੱਖਾਂ ਚਮਕਾ ਕੇ ਗੱਲ ਕਰ ਰਹੀ ਲੇਖਕਾ ਵੱਲ ਨੂੰ ਉਲਰਣ ਲੱਗ ਪੈਂਦਾ ਏ।
ਜਦੋਂ ਮੈਨੂੰ ਸਾਹਿਤ ਅਕਾਦਮੀ ਦਾ ਐਵਾਰਡ ਭੰਡਾਰੀ ਕੋਲੋਂ ਪਹਿਲਾਂ ਮਿਲਿਆ ਤਾਂ ਮੋਹਨ ਬੜਾ ਸੜਿਆ।ਮੇਰੇ ਉਪਰ ਅੰਮ੍ਰਿਤਾ ਕੋਲੋਂ ਸਿਫਾਰਸ਼ਾਂ ਕਰਾਓਣ ਦੇ ਦੂਸ਼ਣ ਵੀ ਲਾਏ।ਮੇਰੇ ਐਵਾਰਡ ਦੀ ਸਚਾਈ ਦਾ ਪਤਾ ਉਹਨੂੰ ਤਦ ਲੱਗਾ ਜਦੋਂ ਉਹਨੂੰ ਵੀ ਐਵਾਰਡ ਮਿਲਿਆ।ਮੋਹਨ ਬਗਾਨੀਆਂ ਥਾਵਾਂ ’ਤੇ ਸ਼ਰਾਬ ਰੱਜ ਕੇ ਪੀਂਦਾ ਏ।ਟੇਢੇ ਹੋ ਜਾਣ ਦੀ ਹਾਲਾਤ ਤੀਕ।ਦਾਰੂ ਪੀ ਕੇ ਆਪਣੇ ਘਰ ਦਾ ਰਸਤਾ ਤੀਕ ਭੁਲ ਜਾਂਦਾ ਏ।” ਉਪਰੋਕਤ ਸਾਰਾ ਕੁਝ ਮੈਨੂੰ ਜਾਲੰਧਰ ਵਾਲੇ ਪ੍ਰੇਮ ਪ੍ਰਕਾਸ਼ ਦਸਦੇ ਹਨ ਜਦੋਂ ਮੈਂ ਉਹਨਾਂ ਨੰਹ ਫੋਨ ਕਰਕੇ ਭੰਡਾਰੀ ਨਾਲ ਨੇੜਤਾ ਬਾਰੇ ਪੁੱਛਦਾ ਹਾਂ।
ਜਦੋਂ ਮੈਂ ਭੰਡਾਰੀ ਸਾਹਬ ਨੂੰ ਪੁਛਦਾ ਹਾਂ ਕਿ ਤੁਸੀਂ ਪੰਜ ਮੌਲਿਕ ਕਹਾਣੀ ਸੰਗ੍ਰਹਿ ਤੇ ਦੋ ਸੰਪਾਦਤ ਕਹਾਣੀ ਸੰਗ੍ਰਹਿ ਲਿਖੇ ਹਨ।ਹੋਰ ਵੀ ਬਹੁਤ ਕੁਝ ਲਿਖਿਆ ਏ।ਤੁਹਾਡੀਆਂ ਕਈ ਕਹਾਣੀਆਂ ਪਿਛਲੇ ਤਿੰਨ ਦਹਾਕਿਆਂ ਤੋਂ ਸਕੂਲਾਂ ਕਾਲਜਾਂ ਤੇ ਯੁਨੀਵਰਸੀਟੀਆਂ ਦੇ ਸਲੇਬਸ ਵਿਚ ਲੱਗੀਆਂ ਹਨ।ਤੁਹਾਨੂੰ ਛੋਟੇ ਮੋਟੇ ਬਹੁਤ ਸਾਰੇ ਐਵਾਰਡ ਤੇ ਸਨਮਾਨ ਮਿਲ ਚੁੱਕੇ ਹਨ।ਇਥੋਂ ਤੀਕ ਕਿ 1998 ਵਿਚ ਭਾਰਤੀ ਸਾਹਿਤ ਅਕਾਦਮੀ ਦਿੱਲੀ ਵਾਲਾ ਐਵਾਰਡ ਵੀ ਤੁਹਾਡੀ ਕਿਤਾਬ ‘ਮੂਨ ਦੀ ਅੱਖ’ ਨੂੰ ਮਿਲ ਚੁੱਕਿਆ ਹੈ ਪਰ ਜਦੋਂ ਸੂਬੇ ਦਾ ਭਾਸ਼ਾ ਵਿਭਾਗ ਹਰ ਜਣੇ ਖਣੇ ਨੂੰ ਸ਼੍ਰੋਮਣੀ ਸਨਮਾਨ ਦੇ ਸਕਦਾ ਹੈ ਤਾਂ ਕਿ ਉਹਨਾਂ ਨੂੰ ਭੰਡਾਰੀ ਸਾਹਬ ਦਾ ਨਾਮ ਜਾਂ ਸਾਹਿਤਕ ਕਦ ਇਸ ਇਨਾਮ ਦੇ ਕਾਬਲ ਨਹੀਂ ਲਗਦਾ ਤਾਂ ਭੰਡਾਰੀ ਸਾਹਬ ਖੜਾਕਾ ਮਾਰ ਕੇ ਹਸਦੇ ਹੋਏ ਜਵਾਬ ਦਿੰਦੇ ਹਨ,“ਜਿਥੇ ਇਨਾਮ ਦੇਣ ਵਾਲੇ ਆਪ ਇਨਾਮ ਲਈ ਜਾਂਦੇ ਹੋਣ ਉਥੇ ਭੰਡਾਰੀ ਭਲਾ ਕੀ ਕਰ ਸਕਦੈ…ਚਲੋ ਫਿਰ ਵੀ ਕੋਈ ਗਿਲਾ ਨਹੀਂ…ਹੋ ਸਕਦੈ ਭਾਸ਼ਾ ਵਿਭਾਗ ਦਾ ਇਨਾਮ ਲੈਣ ਵਾਲਾ ਮੇਰਾ ਕੱਦ ਅਜੇ ਉਹਨਾਂ ਦੀ ਨਜ਼ਰਾਂ ਵਿਚ ਉਸ ਉਚਾਈ ਤਕ ਨਹੀਂ ਪਹੁੰਚਿਆ ਹੋਵੇ…ਉਹਨਾਂ ਦੀ ਨਜ਼ਰ ਅਜੇ ’ਤਾਂਹ ਹੀ ਰਹਿੰਦੀ ਹੋਵੇ…ਜਾਂ ਨਜ਼ਰ ਵਿਚ ਹੀ ਕੋਈ ਨੁਕਸ ਹੋਵੇ, ਵੈਸੇ ਵੀ ਅੱਜ ਕਲ ਕਾਲਾ ਮੋਤੀਆ ਬੜੀ ਜਲਦੀ ਉਤਰ ਆਉਂਦਾ ਏ…ਇਨਾਮਾਂ ਸਨਮਾਨਾਂ ਦਾ ਕੀ ਏ…ਅਸਲੀ ਸਨਮਾਨ ਤਾਂ ਤੁਹਾਡੇ ਪਾਠਕਾਂ ਦਾ ਪਿਆਰ ਹੁੰਦੈ ਤੇ ਇਹ ਪਿਆਰ ਮੈਨੂੰ ਇੰਨਾ ਜ਼ਿਆਦਾ ਮਿਲਿਆ ਏ ਕਿ ਮੇਰੇ ਕੋਲੋਂ ਸੰਭਾਲਿਆਂ ਨਹੀਂ ਸੰਭਲਦਾ…ਆ ਦੇਖਣਾ ਜਦੋਂ ਮੇਰਾ ਰੇਖਾ ਚਿੱਤਰ ਛਪੇਗਾ ਤਾਂ ਸਵੇਰੇ ਛੇ ਵਜੇ ਤੋਂ ਹੀ ਫੋਨ ਖੜਕਣੇ ਸ਼ੁਰੂ ਹੋ ਜਾਣਗੇ….ਚਲੋ ਰੱਬ ਸਾਰਿਆਂ ਨੂੰ ਸਲਾਮਤ ਰੱਖੇ…ਸੁਮਤਿ ਦੇਵੇ…ਪੰਜਾਬੀ ਭਾਸ਼ਾ ਤੇ ਸਾਹਿਤ ਦਿਨ ਦੁਗਣੀ ਤੇ ਰਾਤ ਚੁਗਣੀ ਤੱਰਕੀਆਂ ਕਰੇ…ਆਮੀਨ।”
ਆਲ੍ਹਣਾ, 433 ਫੇਜ 9 ਮੁਹਾਲੀ 9417173700(ਮ)