ਮਨੀਪੁਰ ਦੇ ਰੂ-ਬਰੂ-ਸੁਖਪਾਲ

ਮਨੀਪੁਰ ਦੇ ਰੂ-ਬਰੂ …
___________________
1.
ਮਨੀਪੁਰ ਵਿਚ ਚੋਣਾਂ ਸਨ – ਪ੍ਰਧਾਨ ਮੰਤਰੀ ਦੇ ਰੋਜ਼ ਬਿਆਨ ਆਉਂਦੇ ਸਨ। ਹੁਣ ਕਿੰਨੇ ਹੀ ਦਿਨ-ਹਫ਼ਤੇ ਹੋ ਗਏ – ਮਨੀਪੁਰ ਵਿਚ ਹਿੰਸਾ ਹੁੰਦਿਆਂ, ਪ੍ਰਧਾਨ ਮੰਤਰੀ ਦਾ ਕੋਈ ਬਿਆਨ ਨਹੀਂ ਆਉਂਦਾ। 60 ਦਿਨ ਹੋ ਜਾਂਦੇ ਹਨ – ਬਲਾਤਕਾਰ ਦੀ ਸ਼ਿਕਾਇਤ ਪੁਲਸ ਕੋਲ ਕੀਤਿਆਂ ਪਰ FIR ਦਰਜ ਨਹੀਂ ਹੁੰਦੀ।
ਪ੍ਰਧਾਨ ਮੰਤਰੀ ਦਾ ਬਿਆਨ ਆਉਂਦਾ ਹੈ ਤੇ FIR ਦਰਜ ਹੁੰਦੀ ਹੈ ਓਦੋਂ – ਜਦੋਂ 60 ਦਿਨਾਂ ਮਗਰੋਂ ਵੀਡੀਓ ਕੁੱਲ ਦੁਨੀਆਂ ਵਿਚ ਨਸ਼ਰ ਹੁੰਦੀ ਹੈ, BBC ਜਾਂ Washington Post ਵਿਚ ਖ਼ਬਰ ਛਪਦੀ ਹੈ, ਦੋ ਔਰਤਾਂ ਨਹੀਂ – ਬਲਕਿ ‘ਵਿਸ਼ਵਗੁਰੂ’ ਵਿਸ਼ਵ ਅੱਗੇ ਨੰਗਾ ਹੁੰਦਾ ਹੈ …
ਅਰਥਾਤ – ਹਿੰਦੁਸਤਾਨ ਦੇ ਕਿਸੇ ਪਿੰਡ ਸ਼ਹਿਰ ਕਸਬੇ ਵਿਚ ਆਪਣੇ ਨਾਲ ਹੋਏ ਧੱਕੇ ਵਾਸਤੇ FIR ਦਰਜ ਕਰਵਾਉਣ ਲਈ ਹੁਣ ਸਾਨੂੰ ਲੰਡਨ ਜਾਂ ਵਾਸ਼ਿੰਗਟਨ ਦੇ ਕਿਸੇ ਅਖ਼ਬਾਰ ਦੇ ਦਫ਼ਤਰ ਵਿਚ ਜਾ ਕੇ ਨੰਗਾ ਹੋਣਾ ਪਿਆ ਕਰੇਗਾ ….
2.
ਪ੍ਰਧਾਨ ਮੰਤਰੀ ਕਹਿੰਦੇ ਹਨ : “ਦੇਸ਼ ਦੇ ਸਭ 140 ਕਰੋੜ ਲੋਕਾਂ ਨੂੰ ‘ਦੁੱਖ’ ਹੋਇਆ ਹੈ, ਉਨ੍ਹਾਂ ਦਾ ਸਿਰ ਸ਼ਰਮ ਨਾਲ ਝੁਕਿਆ ਹੈ”।
ਇਹ ਸੱਚ ਨਹੀਂ। ਜੇ ਸਾਨੂੰ ਸਾਰਿਆਂ ਨੂੰ ਹੀ ਅਜਿਹਾ ਦੁੱਖ ਹੋ ਸਕਦਾ, ਤਾਂ ਅਜਿਹੀ ਘਟਨਾ ਇਕ ਵਾਰੀ ਵੀ ਸਾਡੀ ਧਰਤੀ ਤੇ ਨਹੀਂ ਵਾਪਰ ਸਕਦੀ। ਸਾਡੇ ਵਿਚੋਂ ਬਹੁਤ ਸਾਰੇ ਅਜੋਕੇ ਨਵੇਂ ਦੇਸ਼-ਭਗਤਾਂ ਨੂੰ ਅਜਿਹਾ ਕੋਈ ਦੁੱਖ ਨਹੀਂ ਹੁੰਦਾ ਜਦ ਉਹ ਲੋਕ ਮਾਰੇ ਜਾਂ ਬਲਾਤਕਾਰੇ ਜਾਣ ਜਿੰਨ੍ਹਾਂ ਨੂੰ ਉਨ੍ਹਾਂ ਨੇ ‘ਦੇਸ਼-ਦ੍ਰੋਹੀ’ ਮਿੱਥ ਰੱਖਿਆ ਹੈ …।
ਸੱਤਾ ਦਾ ਨਵੀਨ ਫ਼ਾਰਮੂਲਾ ਹੈ: ਦੇਸ਼ ਵਿਚ ਦੇਸ਼-ਭਗਤੀ ਦੀ ਧਾਰਣਾ ਫ਼ੈਲਾ ਦਿਉ। ਫਿਰ ਦੇਸ਼ ਨੂੰ ਦੇਸ਼-ਭਗਤਾਂ ਤੇ ਦੇਸ਼-ਦ੍ਰੋਹੀਆਂ ਵਿਚ ਵੰਡ ਦਿਉ। ਜਿਹੜਾ ਗੱਦੀ ਦਾ ਦਾਵੇਦਾਰ ਬਣੇ, ਉਸਨੂੰ ਦੇਸ਼-ਦ੍ਰੋਹੀ ਦਾ ਲੇਬਲ ਲਾ ਦਿਓ। ਦੇਸ਼-ਭਗਤਾਂ ਨੂੰ ਖੁਲ੍ਹੀ ਤਾਕਤ ਦੇ ਦਿਉ, ਉਹ ਆਪੇ ਦੇਸ਼-ਦ੍ਰੋਹੀਆਂ ਨੂੰ ‘ਸਾਂਭ’ ਲੈਣਗੇ। ਗੱਦੀ ਨੂੰ ਕੋਈ ਫ਼ਿਕਰ ਨਹੀਂ ਰਹੇਗਾ। ਗੱਦੀ ਦਾ ਕੋਈ ਦਾਵੇਦਾਰ ਨਾ ਵੀ ਹੋਵੇ ਤਾਂ ਵੀ ਕੁਝ ਲੋਕਾਂ ਨੂੰ ਦੇਸ਼-ਦ੍ਰੋਹੀ ਗਰਦਾਨ ਦਿਓ। ਉਨ੍ਹਾਂ ਨੂੰ ‘ਸਾਂਭਣਾ’ ਸੱਤਾਧਾਰੀਆਂ ਦੀ ਪ੍ਰਾਪਤੀ ਬਣ ਜਾਏਗੀ, ਦੇਸ਼ ਨੂੰ ਉਸਾਰਣ ਦੀ ਖੇਚਲ ਨਹੀਂ ਕਰਨੀ ਪਏਗੀ, ਰਾਜਗੱਦੀ ਹਰ ਪੰਜ ਸਾਲੀਂ ਮੁੜ ਮਿਲਦੀ ਰਹੇਗੀ …
ਲਾਓ-ਤ-ਸੂ ਦੇ 2500 ਸਾਲ ਪਹਿਲਾਂ ਉਚਾਰੇ ਸ਼ਬਦ ਸਹੀ ਜਾਪਦੇ ਹਨ :
“ਜਦ ਤੁਸੀਂ ਤਾਓ (ਕੁਦਰਤ ਦੇ ਨਿਯਮ) ਵਿਚ ਜੀਂਦੇ ਹੋ – ਚੰਗਿਆਈ ਆਪਣੇ ਆਪ ਤੁਹਾਡੇ ਹਿਰਦੇ ਵਿਚੋਂ ਉਪਜਦੀ ਹੈ ਤੇ ਹੱਥੋਂ ਵਾਪਰਦੀ ਹੈ। ਜਦ ਤਾਓ ਵਿੱਸਰ ਜਾਂਦਾ ਹੈ ਤਾਂ ਦਇਆ ਅਤੇ ਨਿਆਂ ਦੇ ਕਾਨੂੰਨ ਬਣਾਉਣੇ ਪੈਂਦੇ ਹਨ। ਜੇ ਤੁਹਾਨੂੰ ਦਇਆ ਜਾਂ ਨਿਆਂ ਕਰਨ ਵਾਸਤੇ ਕਾਨੂੰਨੀ ਹੁਕਮ ਦੀ ਲੋੜ ਹੈ ਤਾਂ ਪੱਕੀ ਗੱਲ ਹੈ – ਤੁਹਾਡੇ ਅੰਦਰੋਂ ਚੰਗਿਆਈ ਅਲੋਪ ਹੈ। ਅਜਿਹੇ ਸਮਾਜ ਵਿਚ ਪਾਖੰਡ ਦਾ ਬੋਲਬਾਲਾ ਹੁੰਦਾ ਹੈ, ਧਰਮ ਪਾਲਣ ਲਈ ਰਸਮਾਂ ਲਾਗੂ ਹੁੰਦੀਆਂ ਹਨ, ਸਰਕਾਰੀ ਵਫ਼ਾਦਾਰ ਪ੍ਰਗਟ ਹੁੰਦੇ ਹਨ ਅਤੇ ਦੇਸ਼-ਭਗਤੀ ਦੀ ਧਾਰਨਾ ਮਜ਼ਬੂਤ ਕੀਤੀ ਜਾਂਦੀ ਹੈ …”
3.
ਮਨੀਪੁਰ ਦੇ ਮੁਜਰਿਮ ਬਾਅਦ ਵਿਚ ਫ਼ੜੇ ਜਾਣਗੇ। ਸਜ਼ਾ-ਯਾਫ਼ਤਾ ਹੋਣਗੇ ਕਿ ਨਹੀਂ – ਅਦਾਲਤ ਦੀ ਥਾਂ ਹੁਣ ਸਰਕਾਰ ਨਿਰਣਾ ਕਰੇਗੀ। ਪਹਿਲਾ ਮੁਜਰਿਮ ਫ਼ੜ ਲਿਆ ਗਿਆ ਹੈ – ਟਵਿੱਟਰ ! ਉਹ ਜ਼ਿੰਮੇਵਾਰ ਹੈ – ਘ੍ਰਿਣਿਤ ਖ਼ਬਰ ਫ਼ੈਲਾਉਣ ਲਈ। ਹੁਕਮ ਹੋਇਆ ਹੈ – ਖ਼ਬਰ ਨੂੰ ‘ਡਿਲੀਟ’ ਕਰੇ !
ਬਲਾਤਕਾਰ ਛੋਟਾ ਜੁਰਮ ਹੈ, ਉਸਦੀ ਖ਼ਬਰ ਦੇਣਾ ਵੱਡਾ ਜੁਰਮ, ਉਸਦਾ ਨਿਆਂ ਮੰਗਣਾ – ਸਭ ਤੋਂ ਵਡਾ ਜੁਰਮ ! ਰਵੀਸ਼ ਕੁਮਾਰ ਠੀਕ ਕਹਿੰਦਾ ਹੈ – ਜੇ ਹੋਰ ਕੁਝ ਨਹੀਂ ਕਰ ਸਕਦੇ ਤਾਂ ਇਹ (ਜੁਰਮ) ਕਰੋ – ਜਿਹੜਾ ਵੀ ਮਿਲੇ, ਉਸਨੂੰ ਇਹ ਖ਼ਬਰ ਦਿਓ – ‘ਸਾਡੇ ਨਾਲ ਏਹ ਹੋਇਆ ਹੈ’ … !
4.
ਏਨੇ ਸਾਲ ਜੀਅ ਕੇ, ਏਨੀਆਂ ਥਾਵਾਂ ਤੇ ਰਹਿ ਕੇ, ਏਨੇ ਵੱਖਰੇ ਲੋਕਾਂ ਨੂੰ ਮਿਲ ਕੇ ਵੀ – ਤਿੰਨ ਗੱਲਾਂ ਧਰਤੀ ਦੇ ਕਿਸੇ ਖਿੱਤੇ ਤੇ ਜਾਂ ਕਿਸੇ ਸਮੇਂ ਵੀ ਵਾਪਰਦੀਆਂ ਨਹੀਂ ਦੇਖੀਆਂ :
– ਡਾਢਾ ਕਮਜ਼ੋਰ ਤੇ ਕਦੇ ਕਦਾਈਂ ਤਰਸ ਕਰ ਲੈਂਦਾ ਹੈ, ਪਰ ਉਹਨੂੰ ਆਦਰ ਨਹੀਂ ਦੇਂਦਾ।
– ਅਮੀਰ ਗਰੀਬ ਤੇ ਦਇਆ ਕਰ ਸਕਦਾ ਹੈ, ਉਹਨੂੰ ਆਪਣੇ ਬਰਾਬਰ ਨਹੀਂ ਸਮਝ ਸਕਦਾ।
– ਇਕ ਸਭਿਅਤਾ, ਸਥਾਨ ਜਾਂ ਧਰਮ ਦੇ ਬੰਦੇ – ਦੂਜੀ ਥਾਂ, ਮਜ਼ਹਬ, ਰੰਗ ਜਾਂ ਧਰਮ ਦੇ ਬੰਦੇ ਨੂੰ ਕਦੀ ਆਪਣੇ ਵਿਚ ਸ਼ਾਮਲ ਨਹੀਂ ਕਰਦੇ, ਉਹ ਭਾਵੇਂ ਕਿੰਨਾ ਵੀ ਚੰਗਾ ਹੋਵੇ, ਕਿੰਨੇ ਵੀ ਯਤਨ ਕਰੇ।
ਜਿਸਨੂੰ ਅਸੀਂ ਆਪਣੇ ‘ਬਰਾਬਰ’ ਨਹੀਂ ਗਿਣਦੇ, ਉਸ ਨਾਲ ਅਨਿਆਂ ਦੀ ਸਾਨੂੰ ਨੈਤਿਕ ਖੁਲ੍ਹ ਮਿਲ ਜਾਂਦੀ ਹੈ। ਨਾ-ਬਰਾਬਰੀ ਮਿੱਥਣ ਲਈ ਸਾਡੇ ਕੋਲ ਅਨੰਤ ਤਰੀਕੇ ਹਨ ਤੇ ਬਦਲੇ ਲੈਣ ਦੇ ਵੀ। ਬਦਲਾ ਲੈਣ ਦਾ ਮੁਢਲਾ ਸਿਧਾਂਤ ਏਹ ਹੈ – ਬੰਦੇ ਕੋਲੋਂ ਉਹ ਖੋਹ ਲਉ ਜਿਸਦਾ ਉਹ ਮਾਲਕ ਹੈ : ਜਾਨ, ਜਾਇਦਾਦ, ਘਰ, ਪਰਵਾਰ, ਸਰੀਰ, ਵਸਤਾਂ, ਰੁਤਬਾ, ਇੱਜ਼ਤ …
5.
ਬਲਾਤਕਾਰ – ਏਸ ਲਈ ਹੁੰਦੇ ਹਨ ਕਿਉਂਕਿ ਮਨੁੱਖੀ ਸਭਿਅਤਾ ਨੇ ਏਹ ਬਦਲੇ, ਸ਼ਕਤੀ, ਅਤੇ Dominance ਦੀ ਨੀਤੀ ਵਜੋਂ ਸਵੀਕਾਰ ਕੀਤੇ ਹੋਏ ਹਨ – ਵਰਨਾ ਅਸੰਭਵ ਹੁੰਦੇ। ਸਭਿਅਤਾ ਦੇ ਆਰੰਭ ਵਿਚ ਇਸਤ੍ਰੀ ਕਿੰਨੇ ਵੀ ਮਰਦਾਂ ਨਾਲ ਸਹਿਵਾਸ ਕਰ ਸਕਦੀ ਸੀ। ਉਸਦੀ ਕੁੱਖੋਂ ਪੈਦਾ ਹੋਇਆ ਬੱਚਾ ਅਸਲ ਵਿਚ ਕਿਸਦਾ ਸੀ, ਕਈ ਵਾਰੀ ਉਸਨੂੰ ਵੀ ਪਤਾ ਨਹੀਂ ਸੀ। ਜੀਵਨ ਕਮਿਊਨ ਵਿਚ ਵਾਪਰਦਾ ਸੀ, ਜਿਸ ਵਿਚ ਜੀਣ ਦੇ ਸਭ ਸੋਮੇ ਸਾਂਝੇ ਸਨ, ਸਮੇਤ ਮਰਦ-ਔਰਤ ਦੇ। ਬਲਾਤਕਾਰ ਵਿਰੁੱਧ ਬਣਾਏ ਕਾਨੂੰਨਾਂ ਦਾ ਸਭ ਤੋਂ ਪੁਰਾਣਾ ਹਵਾਲਾ ਸਵਾ ਚਾਰ ਹਜ਼ਾਰ ਸਾਲ ਪਹਿਲਾਂ ‘ਸਿੱਪਰ ਦੇ ਉਰ-ਨਾਮੂ’ ਦਾ ਮਿਲਦਾ ਹੈ। ਇਹ ਉਹ ਸਮਾਂ ਸੀ ਜਦ ਖੇਤੀ ਸਦਕਾ ਮਾਲਕੀਅਤ ਜਾਂ ਜਾਇਦਾਦ ਦੀ ਧਾਰਣਾ ਸਥਾਪਤ ਹੋ ਚੁੱਕੀ ਸੀ। ਮਾਲਕੀਅਤ ਨੂੰ ਸਾਂਭੀ ਰੱਖਣ ਅਤੇ ਆਪਣੇ ਪਰਵਾਰ ਵਿਚ ਸੀਮਤ ਰੱਖਣ ਵਾਸਤੇ ‘ਅਸਲੀ ਵਾਰਿਸ’ ਪੈਦਾ ਕਰਨ ਖ਼ਾਤਰ ਇਸਤ੍ਰੀ ਨੂੰ ਇਕ ਮਰਦ ਤਕ ਸੀਮਤ ਕੀਤਾ ਗਿਆ। ਮਰਦ ਇਕ ਇਸਤ੍ਰੀ ਤਕ ਸੀਮਤ ਨਹੀਂ ਸੀ। ਏਸ ਮੁਕਾਮ ਤੇ ਇਸਤ੍ਰੀ, ਉਹਦਾ ਕੁਆਰਪਣ ਤੇ ਉਹਦੇ ਅੰਗ – ਮਰਦ ਦੀ ਜਾਇਦਾਦ ਬਣ ਗਏ। ਮਨੀਪੁਰ ਵਿਚ ਇਕ ਕਬੀਲੇ ਦੇ ਬੰਦਿਆਂ ਨੇ ਬਦਲੇ-ਵਸ ਦੂਜੇ ਕਬੀਲੇ ਦੀਆਂ ਔਰਤਾਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਦੇ ਮਰਦਾਂ ਦੀ “ਜਾਇਦਾਦ” ਖੋਹੀ ਹੈ …
ਸੰਨ 1965 ਤਕ ਆਸਟ੍ਰੇਲੀਆ ਵਿਚ ਓਥੋਂ ਦੇ ਮੂਲ-ਨਿਵਾਸੀਆਂ ਦਾ ਸ਼ੁਮਾਰ ਜੰਗਲੀ ਪਸ਼ੂਆਂ ਵਿਚ ਕੀਤਾ ਜਾਂਦਾ ਸੀ। ਗੋਰੇ ਬੰਦਿਆਂ ਨੂੰ ਇਜਾਜ਼ਤ ਸੀ – ਉਹ ਸ਼ਿਕਾਰੀ ਕੁੱਤਿਆਂ ਤੇ ਬੰਦੂਕਾਂ ਜਾਂ ਤੀਰਾਂ ਨਾਲ ਲੈਸ ਹੋ ਕੇ ਜੰਗਲਾਂ ਵਿਚ ਜਾ ਕੇ ਉਨ੍ਹਾਂ ਨਿਵਾਸੀਆਂ ਨੂੰ ਸਹਿਆਂ ਗਿੱਦੜਾਂ ਹਰਨਾਂ ਵਾਂਗ ਭਜਾਅ ਭਜਾਅ ਕੇ ਉਨ੍ਹਾਂ ਦਾ ਸ਼ਿਕਾਰ ਕਰ ਲੈਣ ! ਉਹ ਜੀਂਦੇ ਜਾਗਦੇ ਮੂਲ-ਨਿਵਾਸੀ ਲੋਕ, ਉਹ ਸਵੈ-ਨਿਰਭਰ ਕੌਮ – ਗੋਰੀ ਨਸਲ ਦੀ “ਜਾਇਦਾਦ” ਸਨ, ਮਾਲਕ ਕੋਲ਼ ਆਪਣੀ ‘ਜਾਇਦਾਦ’ ਨੂੰ ਕੁਝ ਵੀ ਕਰਨ ਦਾ ਹੱਕ ਹੁੰਦਾ ਹੈ …
ਜਦ ਤਕ ਇਸ ਧਰਤੀ ਤੇ ਜਾਇਦਾਦ ( Property ) ਅਤੇ ਮਾਲਕੀਅਤ ( Ownership ) ਦੀ ਧਾਰਣਾ ( Concept ) ਬਣੀ ਰਹੇਗੀ, ਏਥੇ ਕਮਜ਼ੋਰਾਂ ਦੇ ਬਲਾਤਕਾਰ ਹੁੰਦੇ ਰਹਿਣਗੇ। ਉਹ ਭਾਵੇਂ ਉਨ੍ਹਾਂ ਦੇ ਸਰੀਰ ਨਾਲ ਹੋਣ, ਭਾਵੇਂ ਉਨ੍ਹਾਂ ਨੂੰ ਸ਼ੂਦਰ ਬਣਾ ਕੇ ਧਨ ਮਨ ਅਤੇ ਸਭਿਅਤਾ ਨਾਲ, ਭਾਵੇਂ ਗੋਰੀ ਨਸਲ ਵੱਲੋਂ ਕਾਲੀ ਨਸਲ ਨੂੰ ਗ਼ੁਲਾਮ ਬਣਾ ਬਣਾ ਮੰਡੀਆਂ ਵਿਚ ਵੇਚ ਕੇ, ਜਾਂ ਹਿੰਦੁਸਤਾਨੀ ਔਰਤਾਂ ਨੂੰ ਫ਼ਾਰਸ ਦੇ ਬਜ਼ਾਰਾਂ ਵਿਚ ਖ਼ਰੀਦ ਵੇਚ ਕੇ, ਜਾਂ ਭਾਵੇਂ ਪੱਛਮੀ ਕਾਰਪੋਰੇਸ਼ਨਾਂ ਵੱਲੋਂ ਕੋਲੰਬੀਆ ਤੇ ਗੁਆਟੇਮਾਲਾ ਦੇ ਗਰੀਬ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਕੌਡੀ ਮੁੱਲ ਤਾਰ ਤਾਰ ਕੇ …।
ਮਾਰਕਸਵਾਦ ਨੇ ਬਹੁਤ ਬਾਅਦ ਵਿਚ ਇਹ ਗੱਲ ਕੀਤੀ ਸੀ, ਤੇ ਸਫ਼ਲ ਵੀ ਨਾ ਹੋਇਆ। ਇਸਦੇ ਦੋਵੇਂ ਥੰਮ੍ਹ – ਰੂਸ ਤੇ ਚੀਨ – ਅੱਜ ਮਲਕੀਤੀ ਜਾਇਦਾਦੀ ਦੇਸ ਹਨ। ਏਨ੍ਹਾਂ ਤੋਂ ਕਈ ਸਦੀਆਂ ਪਹਿਲਾਂ ਐਸਕੀਮੋ ਲੋਕਾਂ ਨੇ ਇਉਂ ਕੀਤਾ ਸੀ – ਜਿਸ ਦਿਨ ਉਨ੍ਹਾਂ ਦਾ ਨਵਾਂ ਸਾਲ ਚੜ੍ਹਦਾ, ਹਰ ਪਰਵਾਰ ਆਪਣੇ ਘਰ ਦਾ ਸਾਰਾ ਸਾਮਾਨ ਬਾਹਰਲੇ ਬੂਹੇ ਤੇ ਲਿਆ ਕੇ ਰੱਖ ਦੇਂਦਾ ਸੀ। ਜਿਸਨੂੰ ਜੋ ਚਾਹੀਦਾ ਹੋਵੇ – ਲੈ ਜਾਵੇ ! ਅਗਲੇ ਦਿਨ ਉਹ ਮੁੱਢ ਤੋਂ ਘਰ ਆਰੰਭ ਕਰਦੇ ਸਨ। ਜਦ ਕਦੀ ਕੁਝ ਖਰੀਦਣ, ਸਾਂਭਣ ਜਾਂ ਰੱਖਣ ਲਗਦੇ, ਉਨ੍ਹਾਂ ਨੂੰ ਯਾਦ ਆ ਜਾਂਦਾ – ਏਹ ਥੋੜ੍ਹੇ ਚਿਰ ਲਈ ਹੀ ਉਨ੍ਹਾਂ ਕੋਲ ਹੈ! ਕੋਈ ਹੈਰਾਨੀ ਵਾਲ਼ੀ ਗੱਲ ਨਹੀਂ – ਅਜਿਹੇ ਲੋਕਾਂ ਨੂੰ ਮਰਨ ਵੇਲੇ ਕੋਈ ਤਣਾਅ ਜਾਂ ਉਦਾਸੀ ਨਹੀਂ ਹੁੰਦੀ ਹੋਣੀ। ਉਨ੍ਹਾਂ ਨੂੰ ਪਤਾ ਸੀ – ਇਹ ਆਪਣੀ ਜਾਨ – ਥੋੜ੍ਹਾ ਚਿਰ ਹੀ ਆਪਣੀ ਹੁੰਦੀ ਹੈ, ਫਿਰ ਦੇਣੀ ਹੁੰਦੀ ਹੈ …
ਜਿਸ ਦਿਨ ਅਸੀਂ ਏਦਾਂ ਜੀਣ ਲੱਗਾਂਗੇ ਕਿ ਸੰਸਾਰ ਵਿਚੋਂ ਨਿਰੰਤਰ ਲੰਘਦਿਆਂ ਏਸਨੂੰ ਛੋਹਾਂਗੇ, ਸੁੰਘਾਂਗੇ, ਦੇਖਾਂਗੇ, ਮਾਣਾਂਗੇ – ਪਰ ਬਿਨਾ ਕਿਸੇ ਵੀ ਚੀਜ਼ ਨੂੰ ਆਪਣੀ ਬਣਾਇਆਂ, ਹਾਸਲ ਕੀਤਿਆਂ ਜਾਂ ਮਾਲਕ ਬਣਿਆਂ ਅੱਗੇ ਲੰਘ ਜਾਵਾਂਗੇ – ਅਗਲੀ ਚੀਜ਼ ਨੂੰ ਮਾਣਨ ਲਈ, ਉਸ ਦਿਨ ਸਾਡੇ ਹੱਥੋਂ ਬਲਾਤਕਾਰ ਨਹੀਂ ਹੋਇਆ ਕਰੇਗਾ … ਨਾ ਕਿਸੇ ਫੁੱਲ ਦਾ, ਨਾ ਕਿਸੇ ਇਸਤ੍ਰੀ ਦਾ, ਨਾ ਕਿਸੇ ਕਮਜ਼ੋਰ ਦਾ ….
6.
ਲੰਮਾ ਅਰਸਾ ਪਹਿਲਾਂ ‘ਨਾਗਮਣੀ’ ਵਿਚ ਅੰਮ੍ਰਿਤਾ ਨੇ ਰਾਜਸਥਾਨ ਦੇ ਧੁਰ ਅੰਦਰਲੇ ਇਲਾਕੇ ਵਿਚ ਜੰਮੇ ਪਲੇ ਹਿੰਦੀ ਲੇਖਕ ਮਣੀ ਮਧੁਕਰ ਨਾਲ ਮੁਲਾਕਾਤ ਛਾਪੀ ਜੋ (ਮੇਰੇ ਚੇਤੇ ਅਨੁਸਾਰ) ਕੁਝ ਏਸਤਰ੍ਹਾਂ ਸੀ :
ਅੰਮ੍ਰਿਤਾ : ਤੁਹਾਡੇ ਇਲਾਕੇ ਵਿਚ ਵਿਆਹ ਕਿਵੇਂ ਹੁੰਦਾ ਹੈ ?
ਮਣੀ : ਜਿਹੜੇ ਵੀ ਮਰਦ ਔਰਤ ਵਿਆਹ ਕਰਨਾ ਚਾਹੁਣ, ਉਹ ਪਿੰਡ ਦੇ ਮੁਖੀਏ ਨੂੰ ਦਸ ਦੇਂਦੇ ਹਨ। ਕੁਝ ਦਿਨਾਂ ਦੇ ਅੰਦਰ ਹੀ ਉਹ ਪਿੰਡਵਾਸੀ ਇਕੱਠੇ ਕਰਕੇ ਸਭ ਨੂੰ ਦਸਦਾ ਹੈ। ਕਿਸੇ ਨੂੰ ਵਾਜਬ ਇਤਰਾਜ਼ ਨਾ ਹੋਵੇ ਤਾਂ ਉਨ੍ਹਾਂ ਨੂੰ ਪਤੀ-ਪਤਨੀ ਐਲਾਨ ਦਿੰਦਾ ਹੈ ! ਉਹ ਇਕ ਦੂਜੇ ਦੇ ਗਲ਼ ਵਿਚ ਫੁੱਲਾਂ ਦੀ ਮਾਲਾ ਪਾ ਦੇਂਦੇ ਹਨ, ਰਲ ਕੇ ਸਭ ਜਣੇ ਨੱਚ ਲੈਂਦੇ ਹਨ, ਦਾਵਤ ਕਰ ਲੈਂਦੇ ਹਨ, ਤੇ ਇਕੱਠੇ ਰਹਿਣ ਲਗਦੇ ਹਨ, ਬਸ !
ਅੰਮ੍ਰਿਤਾ : ਤੇ ਜੇ ਅੱਡ ਹੋਣਾ ਹੋਵੇ ?
ਮਣੀ : ਵਿਆਹ ਲਈ ਤਾਂ ਦੋ ਜਣਿਆਂ ਦਾ ਰਾਜ਼ੀ ਹੋਣਾ ਜ਼ਰੂਰੀ ਹੈ। ਪਰ ਜੇ ਇਕ ਬੰਦਾ – ਮਰਦ ਜਾਂ ਔਰਤ – ਕੋਈ ਵੀ ਮੁਖੀਏ ਨੂੰ ਜਾ ਕੇ ਕਹਿ ਦੇਵੇ ਕਿ ਉਹ ਵਿਆਹ ਵਿਚ ਖੁਸ਼ ਨਹੀਂ, ਤਾਂ ਮੁਖੀਆ ਵਿਆਹ ਮੁਲਤਵੀ ਕਰ ਦੇਂਦਾ ਹੈ। ਦੂਜਾ ਬੰਦਾ ਵਿਆਹ ਚਾਲੂ ਰਖਣਾ ਚਾਹੇ ਵੀ ਤਾਂ ਉਹਨੂੰ ਸਵੀਕਾਰ ਕਰਨਾ ਪੈਂਦਾ ਹੈ।
ਅੰਮ੍ਰਿਤਾ : ਤੇ ਅੱਡ ਹੋਣ ਦੀ ਸੂਰਤ ਵਿਚ ਬੱਚਿਆਂ ਦਾ ਨਿਰਣਾ ਕਿਵੇਂ ਹੁੰਦਾ ਹੈ ?
ਮਣੀ : ਬੱਚਾ ਸਿਰਫ਼ ਮਾਂ ਬਾਪ ਦੀ ਨਹੀਂ, ਪੂਰੇ ਪਿੰਡ ਦੀ ਜ਼ਿੰਮੇਵਾਰੀ ਹੁੰਦਾ ਹੈ। ਸਾਡੇ ਇਲਾਕੇ ਵਿਚ ਆਮ ਤੌਰ ਤੇ ਕਾਲ਼ ਪੈ ਜਾਂਦਾ ਹੈ। ਔਖੇ ਸੌਖੇ ਸਾਲ ਭਰ ਕੱਢ ਲਈਦਾ ਹੈ। ਅਗਲੇ ਸਾਲ ਵੀ ਮੀਂਹ ਨਾ ਪਵੇ ਤਾਂ ਮਰਦ ਦੂਜੇ ਪ੍ਰਦੇਸ਼ਾਂ ਵਿਚ ਕੰਮ ਲੱਭਣ ਚਲੇ ਜਾਂਦੇ ਹਨ। ਹੋਰ ਸਾਲ ਭਰ ਔੜ ਲੱਗੀ ਰਹੇ ਤਾਂ ਔਰਤਾਂ ਵੀ ਨਾਲ ਦੇ ਪ੍ਰਾਂਤਾਂ ਵਿਚ ਕੰਮ ਲਈ ਚਲੀ਼ਆਂ ਜਾਂਦੀਆਂ ਹਨ। ਪਿੰਡ ਵਿਚ ਸਿਰਫ਼ ਬਜ਼ੁਰਗ ਤੇ ਬੱਚੇ ਰਹਿ ਜਾਂਦੇ ਹਨ। ਮਰਦ ਕਿਤੇ ਹੋਰ ਗਏ ਹੁੰਦੇ ਹਨ, ਔਰਤਾਂ ਕਿਤੇ ਹੋਰ। ਦੋਹਾਂ ਨੂੰ ਇਕ ਦੂਜੇ ਦਾ ਬਹੁਤੀ ਵਾਰੀ ਪਤਾ ਹੀ ਨਹੀਂ ਹੁੰਦਾ ਕਿ ਉਹ ਕਿੱਥੇ ਹੈ ? ਚਾਰ ਪੰਜ ਵਰ੍ਹੇ ਮਗਰੋਂ ਕਾਲ ਮੁੱਕਦਾ ਹੈ, ਮੀਂਹ ਪੈਂਦਾ ਹੈ ਤਾਂ ਖ਼ਬਰ ਸੁਣ ਕੇ ਸਭ ਮੁੜ ਆਉਂਦੇ ਹਨ। ਔਰਤਾਂ ਜਿੱਥੇ ਰਹਿ ਕੇ ਆਈਆਂ ਹੁੰਦੀਆਂ ਹਨ, ਓਥੇ ਉਨ੍ਹਾਂ ਲਈ ਆਪਣੀ ਰਾਖੀ ਕਰਨਾ ਸਦਾ ਸੰਭਵ ਨਹੀਂ ਹੁੰਦਾ। ਉਨ੍ਹਾਂ ਦੀਆਂ ਸਰੀਰਕ ਇੱਛਾਵਾਂ ਵੀ ਹੁੰਦੀਆਂ ਹਨ। ਜਿਹੜੇ ਮਰਦ ਬਾਹਰ ਜਾਂਦੇ ਹਨ, ਓਹ ਵੀ ਤਾਂ ਆਪਣੀਆਂ ਸਰੀਰਕ ਲੋੜਾਂ ਕਿਤੇ ਪੂਰੀਆਂ ਕਰਦੇ ਹਨ ! ਔਰਤਾਂ ਜਦ ਵਾਪਸ ਆਉਂਦੀਆਂ ਹਨ ਤਾਂ ਉਨ੍ਹਾਂ ਨਾਲ ਪਰਦੇਸ ਵਿਚ ਜੰਮੇ ਬੱਚੇ ਵੀ ਹੁੰਦੇ ਹਨ। ਉਨ੍ਹਾਂ ਬੱਚਿਆਂ ਨੂੰ ਪਿੰਡ ਵਿਚ ਸਹਿਜ ਸਵੀਕਾਰਿਆ ਜਾਂਦਾ ਹੈ, ਉਸੇ ਪਿਤਾ ਦਾ ਨਾਂ ਮਿਲਦਾ ਹੈ ਜਿਸ ਨਾਲ ਉਹ ਔਰਤ ਵਿਆਹੀ ਹੁੰਦੀ ਹੈ। ਸਾਡੇ ਸਮਾਜ ਵਿਚ ‘ਹਰਾਮੀ ਬੱਚਾ’ ਵਰਗੀ ਕੋਈ ਧਾਰਣਾ ਨਹੀਂ …
ਅੰਮ੍ਰਿਤਾ : ਏਹ ਕੰਮ ਤੁਸੀਂ ਏਨੇ ਸਹਿਜ ਨਾਲ ਕਿਵੇਂ ਕਰ ਲਿਆ ਜਿਹੜੇ ਕਹਿੰਦੇ ਕਹਾਉਂਦੇ ਸਭਿਅਤ ਸਮਾਜ ਅਜੇ ਤਕ ਨਹੀਂ ਕਰ ਸਕੇ?
ਮਣੀ ਮਧੁਕਰ ਨੇ ਜੁਆਬ ਦਿੱਤਾ : “ਅਸੀਂ ਏਦਾਂ ਨਾ ਕਰਦੇ ਤਾਂ ਸਦੀਆਂ ਪਹਿਲਾਂ ਮਰ ਜਾਂਦੇ …”
7.
ਤੀਹ ਸਾਲ ਪਹਿਲਾਂ ਮੈਡੀਕਲ ਸਾਇੰਸ ਦੇ ਇਤਿਹਾਸ ਨਾਲ ਸਬੰਧਤ ਹੌਵਰਡ ਹੈਗਾਰਡ ਦੀ ਲਿਖ਼ੀ ਕਿਤਾਬ ਪੜ੍ਹੀ – ‘Devils, Drugs and Doctors’. ਪਹਿਲੇ ਪੰਨਿਆਂ ਤੇ ਲਿਖਿਆ ਸੀ :
“ਸੈਂਕੜੇ ਸਾਲ ਔਰਤਾਂ ਲਈ ਬੱਚਾ ਜੰਮਣਾ ਅਗਲੇ ਜਹਾਨ ਜਾਣ ਵਾਲੀ ਗੱਲ ਸੀ। ਜੇ ਬੱਚਾ ਕੁਦਰਤੀ ਤਰੀਕੇ ਪੂਰੇ ਸਮੇਂ ਤੇ ਸਹਿਜ ਸੁਭਾਏ ਪੈਦਾ ਹੋ ਜਾਵੇ ਤਾਂ ਵਾਹ ਭਲੀ। ਜੇ ਪੈਦਾ ਹੋਣ ਨੂੰ ਦੇਰ ਹੋ ਜਾਵੇ ਤਾਂ ਨਿਰਦਈ ਤਰੀਕੇ ਵਰਤੇ ਜਾਂਦੇ ਸਨ : ਕਈ ਸਭਿਅਤਾਵਾਂ ਵਿਚ ਔਰਤ ਨੂੰ ਕਈ ਦਿਨ ਭੁੱਖਾ ਰੱਖਿਆ ਜਾਂਦਾ ਸੀ। ਇਸ ਵਿਸ਼ਵਾਸ ਨਾਲ ਕਿ ਬੱਚਾ ਵੀ ਭੁੱਖਾ ਰਹੇਗਾ ਤਾਂ ਆਪੇ ਬਾਹਰ ਆਵੇਗਾ। ਇਹ ਗਿਆਨ ਹੀ ਨਹੀਂ ਸੀ ਕਿ ਬੱਚਾ ਕਦੀ ਭੁੱਖਾ ਨਹੀਂ ਰਹਿੰਦਾ। ਮਾਂ ਦਾ ਸਰੀਰ ਖੁਰ ਖੁਰ ਕੇ ਬੱਚੇ ਦੀ ਲੋੜ ਪੂਰੀ ਕਰਦਾ ਰਹੇਗਾ। ਇਹ ਮਾਂ ਹੈ ਜਿਹੜੀ ਦੁੱਖ ਵਿਚੋਂ ਲੰਘੇਗੀ …। ਗਰਮ ਦੇਸ਼ਾਂ ਵਿਚ ਔਰਤ ਨੂੰ ਕਈ ਦਿਨ ਬਲਦੀ ਅੱਗ ਕੋਲ, ਜਾਂ ਠੰਢੇ ਦੇਸ਼ਾਂ ਵਿਚ ਔਰਤ ਨੂੰ ਹਫ਼ਤੇ-ਬੱਧੀ ਬਰਫ਼ ਲਾਗੇ ਬਿਠਾ ਦਿੱਤਾ ਜਾਂਦਾ – ਕਿ ਮਾਂ ਅੰਦਰਲੇ ਬੱਚੇ ਨੂੰ ਕਸ਼ਟ ਹੋਏਗਾ ਤਾਂ ਬਾਹਰ ਆਵੇਗਾ। ਕਈ ਥਾਈਂ ਤਾਂ ਪੂਰੇ ਦਿਨਾਂ ਤੇ ਆਈ ਗਰਭਵਤੀ ਔਰਤ ਨੂੰ ਪਿੰਡ ਦੇ ਬਾਹਰ ਲਿਜਾਅ ਕੇ ਰੁੱਖ ਨਾਲ ਬੰਨ੍ਹ ਦਿੱਤਾ ਜਾਂਦਾ। ਕੋਈ ਘੋੜਸਵਾਰ ਪੂਰੀ ਤੇਜ਼ੀ ਨਾਲ ਘੋੜਾ ਦੁੜਾਉਂਦਾ ਔਰਤ ਵੱਲ ਆਉਂਦਾ ਜਿਵੇਂ ਉਹਨੂੰ ਦਰੜ ਦੇਣਾ ਹੈ, ਆਖ਼ਰੀ ਵੇਲ਼ੇ ਪਾਸੇ ਕਰਕੇ ਲੰਘ ਜਾਂਦਾ।
ਇਹ ਸਭ ਵਿਧੀਆਂ ਲਗਭਗ ਸਦਾ ਕੰਮ ਕਰਦੀਆਂ ਕਿਉਂਕਿ ਜਦ ਮਾਂ ਦਾ ਸਰੀਰ ਕਸ਼ਟ ਵਿਚੋਂ ਲੰਘਦਾ ਸੀ ਤਾਂ ਉਸ ਦੀਆਂ Adrenal ਗ੍ਰੰਥੀਆਂ ਵਿਚੋਂ Cortisone ਹਾਰਮੋਨ ਰਿਲੀਜ਼ ਹੁੰਦੇ (ਜਿਹੜੇ ਕਿਸੇ ਵੀ ਤਣਾਅ ਵੇਲੇ ਸਦਾ ਹੀ ਨਿਕਲਦੇ ਹਨ)। Cortisone ਮਾਂ ਦੀ ਬੱਚੇਦਾਨੀ ਨਾਲੋਂ ਬੱਚੇ ਦਾ Placenta ਅਲਹਿਦਾ ਕਰ ਦੇਂਦੇ, ਤੇ ਬੱਚਾ ਜੰਮ ਪੈਂਦਾ।
ਸੈਂਕੜੇ ਲੋਕਾਂ ਨੇ ਦਹਾਕਿਆਂ ਬੱਧੀ ਮਿਹਨਤ ਕਰਕੇ ਉਹ ਖੋਜਾਂ ਕੀਤੀਆਂ ਕਾਢਾਂ ਕੱਢੀਆਂ ਜਿੰਨ੍ਹਾਂ ਨਾਲ ਬੱਚੇ ਦਾ ਸੌਖਿਆਈ ਨਾਲ਼ ਜਨਮ ਲੈਣਾ ਤੇ ਮਾਂ ਦਾ ਮੌਤੋਂ ਬਚੇ ਰਹਿਣਾ ਸੰਭਵ ਹੋਇਆ। ਏਨ੍ਹਾਂ ਵਿਚ Obstetrics, Anesthesia, Radiology, Surgery ਵਰਗੇ ਵਿਸ਼ਿਆਂ ਤੇ ਹੋਇਆ ਮਣਾਂ-ਮੂੰਹੀ ਕੰਮ ਹੈ। ਪਰ ਤੁਹਾਡੇ ਵਿਚੋਂ ਕੀ ਕਿਸੇ ਨੂੰ ਅਜਿਹੇ ਪੰਜ ਬੰਦਿਆਂ ਵਿਗਿਆਨੀਆਂ ਜਾਂ ਡਾਕਟਰਾਂ ਦਾ ਨਾਓਂ ਪਤਾ ਹੈ ਜਿੰਨ੍ਹਾਂ ਇਹ ਸੌਖਿਆਈਆਂ ਸਾਡੇ ਲਈ ਪੈਦਾ ਕੀਤੀਆਂ ? ਨਹੀਂ ਹੋਣਾ ! ਤੁਹਾਨੂੰ ਸਦਾ ਇਹੀ ਪੜ੍ਹਾਇਆ ਗਿਆ ਹੈ – ਸੰਸਾਰ ਵਿਚ ਕਿਹੜੇ ਬਾਦਸ਼ਾਹ ਨੇ ਕਿਸ ਦੇਸ਼ ਤੇ ਕਿੰਨੇ ਸਾਲ ਰਾਜ ਕੀਤਾ, ਕਿਹੜੇ ਕਿਹੜੇ ਦੇਸ਼ ਜਿੱਤੇ, ਉਹਦੀਆਂ ਕਿੰਨੀਆਂ ਰਾਣੀਆਂ ਤੇ ਕਿੰਨੇ ਬੱਚੇ ਸਨ, ਤੇ ਉਹਨੂੰ ਕਿਸ ਨੇ ਮਾਰਿਆ ….?”
ਤੇ ਅਸੀਂ ਅੱਜ ਵੀ ਏਹੀ ਪੜ੍ਹੀ ਜਾ ਰਹੇ ਹਾਂ …
8.
ਜਦ ਕਿਤੇ ਵੀ ਜ਼ੁਲਮ ਹੁੰਦਾ ਹੈ, ਇਹ ਪੁਕਾਰ ਉਠਦੀ ਹੈ ਕਿ ਉਸਦਾ ਟਾਕਰਾ ਕਰਨ ਲਈ ਸ਼ਕਤੀਸ਼ਾਲੀ ਹੋਇਆ ਜਾਵੇ। ਲੋਕ ਹਿੰਮਤ ਕਰਦੇ ਹਨ, ਹਥਿਆਰਬੰਦ ਹੁੰਦੇ ਹਨ, ਬਾਦਸ਼ਾਹ ਮਾਰ ਦੇਂਦੇ ਹਨ, ਸਲਤਨਤ ਡੋਬ ਦੇਂਦੇ ਹਨ, ਜਾਂ ਹਿੰਦੁਸਤਾਨ ਵਾਂਗ ਹਥਿਆਰਬੰਦ + ਸ਼ਾਂਤਮਈ ਸੰਘਰਸ਼ ਕਰਕੇ ਹੁਕਮਰਾਨਾਂ ਨੂੰ ਦੇਸੋਂ ਕੱਢ ਦੇਂਦੇ ਹਨ।
ਜਿਹੜਾ ਨਵਾਂ ਬੰਦਾ ਜਾਂ ਬੰਦੇ ਅੱਗੇ ਆਉਂਦੇ ਹਨ – 100 ਵਿਚੋਂ 99 ਵਾਰੀ ਪਿਛਲਿਆਂ ਨਾਲੋਂ ਵਧ ਜਾਬਰ ਸਾਬਤ ਹੁੰਦੇ ਹਨ। ਹਰ ਲੜਾਈ ਇਨਕਲਾਬ ਅਤੇ ਹੱਲ ਆਰਜ਼ੀ ਸਾਬਤ ਹੁੰਦੇ ਹਨ, ਸਾਧਾਰਣ ਬੰਦੇ ਓਵੇਂ ਹੀ ਪਿਸਦੇ ਰਹਿੰਦੇ ਹਨ। ਕੋਈ ਹੈਰਾਨੀ ਵਾਲ਼ੀ ਗੱਲ ਨਹੀਂ ! ਹਿੰਸਕ ਨੂੰ ਮਾਰਨ ਵਾਲਾ ਓਦੂੰ ਵਧ ਹਿੰਸਕ ਹੋਵੇ – ਤਦ ਹੀ ਸਫ਼ਲ ਹੁੰਦਾ ਹੈ ! ਫਿਰ ਉਹ ਆਪਣੀ ਹਿੰਸਕ ਬਿਰਤੀ ਦਾ ਕੀ ਕਰੇਗਾ ? ਸਾਡੇ ਤੇ, ਆਪਣੀ ਪਰਜਾ ਤੇ ਵਰਤੇਗਾ !! ਉਦਾਹਰਣਾਂ ਅਨੰਤ ਹਨ : ਹਿੰਦੁਸਤਾਨ, ਪਾਕਿਸਤਾਨ, ਰੂਸ, ਅਫ਼ਗਾਨਿਸਤਾਨ, ਇਜ਼ਰਾਈਲ, ਅਮਰੀਕਾ …
ਇਉਂ ਜਾਪਦਾ ਹੈ – ਨੇਤਾਵਾਂ ਯੋਧਿਆਂ ਜਾਂ ਇਨਕਲਾਬੀਆਂ ਦਾ ਮਕਸਦ ਅਨਿਆਂ ਨੂੰ ਸਮਾਪਤ ਕਰਨਾ ਨਹੀਂ, ਬਲਕਿ ਸਿਰਫ਼ ਉਸੇ ਅਨਿਆਈ ਗੱਦੀ ਤੇ ਆਪ ਬਹਿਣ ਦਾ ਹੈ ! ਬਾਦਸ਼ਾਹਤ ਨੂੰ ਹਟਾਉਣਾ ਨਹੀਂ, ਖ਼ੁਦ ਬਾਦਸ਼ਾਹ ਬਣਨਾ ਹੈ ! ਯੁੱਧ ਅਨਿਆਂ ਵਿਰੁੱਧ ਨਹੀਂ, ਤਾਕਤ ਹਾਸਲ ਕਰਨ ਦਾ ਹੈ – ਬਸ …
9..
ਦਸ ਹਜ਼ਾਰ ਸਾਲ ਤੋਂ ਮਨੁੱਖੀ ਸਭਿਅਤਾ ਇਕੋ ਧੁਰੇ ਤੇ ਖੜੀ ਹੈ – ਤਾਕਤ ਦੇ …
ਡਾਢੇ ਦਾ ਸੱਤੀਂ ਵੀਹੀਂ ਸੌ ਹੈ। ਜਿਹੜਾ ਖੋਹ ਕੇ ਖਾ ਸਕਦਾ ਹੈ – ਉਹਦੀ ਸਰਵਾਈਵਲ ਯਕੀਨੀ ਹੈ, ਲੰਮੀ-ਦੇਰ ਨਹੀਂ ਤਾਂ ਥੋੜ੍ਹੀ-ਦੇਰ ਲਈ ਜ਼ਰੂਰ ਹੀ। ਰਾਜ ਸਦਾ ਤਾਕਤਵਰ ਦਾ ਹੋਏਗਾ, ਸਿਆਣੇ ਦਾ ਨਹੀਂ। ਜਿਹੜਾ ਵੀ ਕਮਜ਼ੋਰ ਹੈ – ਸ਼ੂਦਰ, ਔਰਤ, ਜਾਂ ਵਿਰੋਧੀ ਮਰਦ – ਉਸਨੂੰ ਨਸ਼ਟ ਕੀਤਾ ਜਾ ਸਕਦਾ ਹੈ, ਇਉਂ ਕਰਨਾ ਜਾਇਜ਼ ਠਹਿਰਾਇਆ ਜਾ ਸਕਦਾ ਹੈ, ਸਦੀਆਂ ਤਕ ਅਜਿਹੇ ਕਰਮ ਦੀ ਉਸਤਤ ਵੀ ਕੀਤੀ ਜਾ ਸਕਦੀ ਹੈ।
ਪਹਿਲਾਂ ਤਾਕਤ ਬਾਹੂ-ਬਲ ਨਾਲ ਹਾਸਲ ਕੀਤੀ ਜਾਂਦੀ ਸੀ। ਮੁਢ ਕਦੀਮ ਵਿਚ ਤਾਕਤ ਵਾਸਤੇ ਘੱਟੋ-ਘੱਟ ਬਾਹੂ ਬਲ ਤਾਂ ਆਪਣੇ ਅੰਦਰ ਆਪ ਪੈਦਾ ਕਰਨਾ ਹੀ ਪੈਂਦਾ ਸੀ। ਧਨ ਦੀ ਕਾਢ ਮਗਰੋਂ – ਸ਼ਸਤਰ ਖਰੀਦਣਾ ਅਤੇ ਬਾਹੂ-ਬਲੀ ਨੂੰ ਭਾੜੇ ਤੇ ਲੈਣਾ ਸੰਭਵ ਹੋ ਗਏ, ਅਰਥਾਤ – ਹੁਣ ਚਾਲਾਕ ਅਤੇ ਕਮਜ਼ੋਰ ਵੀ ਰਾਜ ਕਰ ਸਕਦਾ ਹੈ। ਕਿਸੇ ਵੀ ਦੇਸ ਜਾਂ ਸਭਿਅਤਾ ਵਿਚ ਅੱਜ ਚਲੇ ਜਾਓ – ਸੰਸਾਰ ਹੁਣ ਧਨ ਅਤੇ ਸ਼ਕਤੀ ਦੇ ਦੋ ਪੈਰਾਂ ਵਾਲ਼ੇ ਧੁਰੇ ਤੇ ਹੀ ਖੜਾ ਹੈ।
ਬਾਰ ਬਾਰ ਸੁਆਲ ਕੀਤਾ ਜਾਂਦਾ ਹੈ – ਸਾਹਿਤ ਦਾ ਕੀ ਉਦੇਸ਼ ਹੈ ? ਲਿਖਣ ਦਾ ਕੀ ਮਕਸਦ ਹੈ ? ਜੁਆਬ ਬਹੁਤ ਹਨ, ਤੇ ਸਹੀ ਵੀ ਹਨ। ਪਰ ਆਪਣੇ ਸਭ ਸਾਹਿਤਕ ਵਖਰੇਵਿਆਂ ਜਾਂ ਝਗੜਿਆਂ ਨੂੰ ਪਾਸੇ ਰਖ ਕੇ – ਅੱਜ ਦੀ ਤਾਰੀਖ਼ ਵਿਚ ਜੇ ਧਰਤੀ ਦੇ ਸਭ ਲੇਖਕ ਰਲ਼ ਕੇ, ਜਾਂ ਇਕੱਲ੍ਹੇ ਇਕੱਲ੍ਹੇ ਆਪੋ ਆਪਣੇ ਉੱਦਮ ਨਾਲ਼, ਇਸ ਸਮਾਜ ਦੇ ਧੁਰੇ ਨੂੰ ਤਾਕਤ ਤੋਂ ਹਿਲਾ ਕੇ – ਕਰੁਣਾ, ਜਾਂ ਗਿਆਨ, ਜਾਂ ਸਾਦਗੀ, ਜਾਂ ਰਚਨਾਤਮਕਤਾ, ਜਾਂ ਸਭ ਦੇ ਜੀਣ ਦਾ ਅਧਿਕਾਰ ਜਾਂ ਸਰਬੱਤ ਦਾ ਭਲਾ – ਕਿਸੇ ਇਕ ਤੇ ਵੀ ਲਿਆ ਕੇ ਟਿਕਾਅ ਦੇਣ – ਤਾਂ ਧਰਤੀ ਉਤੇ ਸਭ ਤੋਂ ਵੱਡਾ ਪੁੰਨ ਵਾਪਰੇਗਾ …
ਆਦਰ – ਤਾਕਤਵਰਾਂ ਡਾਢਿਆਂ ਜਾਂ ਸਿਆਸਤਦਾਨਾਂ ਦੀ ਥਾਂ ਉਨ੍ਹਾਂ ਦਾ ਹੋਣ ਲੱਗੇ ਜਿਹੜੇ – ਦੂਜਿਆਂ ਦਾ ਜੀਵਨ ਸੁਖ਼ੀ ਕਰਨ ਲਈ ਆਪਣਾ ਸਰੀਰ ਮਿਹਨਤ ਗਿਆਨ ਤੇ ਉੱਦਮ ਵਰਤਦੇ ਹਨ। ਜੋ ਖੋਜਾਂ ਕਰਦੇ ਹਨ, ਨਵੀਂ ਰਚਨਾ ਰਚਦੇ ਹਨ, ਜੀਵਨ ਦੇ ਭੇਦ ਖੋਲ੍ਹਦੇ ਹਨ, ਜੀਵਨ ਸੌਖਾ ਜਾਂ ਸਿਹਤਮੰਦ ਕਰਦੇ ਹਨ, ਦੂਜਿਆਂ ਨੂੰ ਕਲਾ ਜਾਂ ਖੇਡਾਂ ਰਾਹੀਂ ਆਨੰਦ ਦੇਂਦੇ ਹਨ, ਸਾਡੇ ਅੰਦਰ ਲੁੱਕਿਆ ਰੱਬ ਲਭਦੇ ਹਨ, ਸਾਨੂੰ ਰੱਬ ਹੋਣ ਦੇਂਦੇ ਹਨ …
10.
ਇਰੋਮ ਚਾਨੂੰ ਸ਼ਰਮੀਲਾ ਦੇ – ਮਨੀਪੁਰ ਦੀ ਲੜਾਈ ਤੇ ਮਨੀਪੁਰ ਲਈ ਲੜਾਈ – ਓਥੋਂ ਸ਼ੁਰੂ ਹੁੰਦੀ ਹੈ ਜਿੱਥੇ ਅਸੀਂ ਖੜੇ ਹਾਂ …
ਅਸੀਂ ਤਾਕਤਵਰਾਂ ਦਾ ਆਦਰ ਕਰਨਾ ਬੰਦ ਕਰੀਏ …
ਸੰਸਥਾਵਾਂ ਜਾਂ ਗੁਰਦੁਆਰਿਆਂ ਦੇ ਪ੍ਰਧਾਨ ਕਿਸੇ ਨੂੰ ਸਿਰਫ਼ ਅਮੀਰ ਹੋਣ ਕਰਕੇ ਨਾ ਚੁਣੀਏ। ਸਾਹਿਤਕ ਜਾਂ ਹੋਰ ਕੋਈ – ਪ੍ਰੋਗਰਾਮਾਂ ਦੇ ਮੁੱਖ ਮਹਿਮਾਨ ਕਿਸੇ ਨੂੰ ਏਸ ਲਈ ਨਾ ਸੱਦੀਏ ਕਿ ਉਹ ਕਿਸੇ ਰੁਤਬੇ ਤੇ ਹੈ ਜਾਂ ਸਾਨੂੰ ਚਾਰ ਟੁਕੜੇ ਪਾ ਸਕਦਾ ਹੈ। ਸਿਆਸੀ ਬੰਦਿਆਂ ਨੂੰ ਪਿੰਡ ਵਿਚ ਵੜਣ ਵਾਸਤੇ ਸਾਡੀ ਆਗਿਆ ਲੈਣੀ ਪਵੇ। ਕਿਸਾਨ ਮੋਰਚੇ ਨੇ ਇਹ ਬਾਖ਼ੂਬੀ ਕਰ ਕੇ ਵਿਖਾਇਆ ਸੀ। ਢਾਈ ਸਦੀਆਂ ਪਹਿਲਾਂ ਜਦ ਲਾਹੌਰ ਦੇ ਨਾਜ਼ਮ ਜ਼ਕਰੀਆ ਖ਼ਾਨ ਨੇ ਸਿੱਖਾਂ ਨਾਲ ਸਮਝੌਤਾ ਕਰਨ ਵਾਸਤੇ ਨਵਾਬੀ ਭੇਜੀ, ਤਾਂ ਕੋਈ ਵੀ ਸਿੱਖ ਜਰਨੈਲ ਉਹਨੂੰ ਸਵੀਕਾਰ ਕਰਨ ਲਈ ਤਿਆਰ ਨਾ ਹੋਇਆ। ਹਰਕਾਰੇ ਵਕੀਲ ਸੁਬੇਗ ਸਿੰਘ ਨੇ ਬਹੁਤ ਇਸਰਾਰ ਕੀਤਾ ਤਾਂ ਉਹ ਖ਼ਿਲਅਤ ਘੋੜਿਆਂ ਦੀ ਲਿੱਦ ਚੁੱਕਣ ਵਾਲੇ ਕਪੂਰ ਸਿੰਘ ਨੂੰ ਦੇ ਦਿੱਤੀ ਗਈ। ਅੱਜ ਉਹ ਫ਼ੈਜ਼ਲਪੁਰੀਆ ਮਿਸਲ ਦੇ ਨਵਾਬ ਕਪੂਰ ਸਿੰਘ ਵਜੋਂ ਯਾਦ ਕੀਤੇ ਜਾਂਦੇ ਹਨ। ਜ਼ਕਰੀਆ ਖ਼ਾਨ ਨੂੰ ਸੁਨੇਹਾ ਦਿੱਤਾ ਗਿਆ – ਸਾਡੇ ਤਾਂ ਲਿੱਦ ਚੁੱਕਣ ਵਾਲ਼ੇ ਵੀ ਤੇਰੀ ਨਵਾਬੀ ਨਾਲੋਂ ਵੱਡੇ ਬੰਦੇ ਹਨ ! ਸਾਨੂੰ ਅੱਜ ਅਤੇ ਹਰ ਸਮੇਂ ਵਿਚ ਓਸ ਤਰ੍ਹਾਂ ਦੇ ਮਾਣ ਨਾਲ ਜੀਣ ਦੀ ਲੋੜ ਹੈ। ਸਾਡੇ ਪਿੰਡ ਵਿਚ ਥਾਣੇਦਾਰ ਨਾਲੋਂ ਵਧ ਆਦਰ ਓਸ ਬੱਚੇ ਦਾ ਹੋਵੇ ਜਿਹੜਾ ਖੇਡ ਵਿਚ ਤਮਗਾ ਜਿੱਤ ਕੇ ਲਿਆਇਆ ਹੈ।
32 ਸਾਲ ਪਹਿਲਾਂ ਮੈਂ ਕੈਨੇਡਾ ਪੜ੍ਹਣ ਆਇਆ। ਕਾਲਜ ਵਿਚ ਕਿਸੇ ਵੱਡੇ ਵਿਗਿਆਨੀ ਦਾ ਲੈਕਚਰ ਸੀ। ਹਾਲ ਭਰ ਗਿਆ। ਕਾਲਜ ਦਾ ਡੀਨ 5 ਮਿੰਟ ਦੇਰ ਨਾਲ ਆਇਆ। ਉਹ ਅਗਲੇ 45 ਮਿੰਟ ਕੰਧ ਨਾਲ ਢੋਅ ਲਾ ਕੇ ਖੜ੍ਹਾ ਲੈਕਚਰ ਸੁਣਦਾ ਰਿਹਾ। ਸਭ ਨੇ ਉਹਨੂੰ ਵੇਖਿਆ ਪਰ ਕਿਸੇ ਇੱਕ ਨੇ ਵੀ ਉੱਠ ਕੇ ਆਪਣੀ ਕੁਰਸੀ ਪੇਸ਼ ਨਹੀਂ ਕੀਤੀ। ਉਹਦਾ ਕਾਲਜ ਦਾ ਮੁਖੀ ਹੋਣਾ ਕਿਸੇ ਖਾਸ ਰਿਆਇਤ ਦਾ ਹੱਕਦਾਰ ਨਹੀਂ ਸੀ। ਉਸਨੂੰ ਕੋਈ ਚਪੜਾਸੀ ਨਹੀਂ ਮਿਲਿਆ ਸੀ। ਦੁਪਹਿਰੇ ਉਹ ਓਸੇ ਲਾਈਨ ਵਿਚ ਲੱਗ ਕੇ ਕੌਫ਼ੀ ਖ਼ਰੀਦਦਾ ਜਿਸ ਵਿਚ ਅਸੀਂ ਲੱਗੇ ਹੁੰਦੇ। ਇਕ ਵਾਰੀ ਉਸਦੇ ਅੱਗੇ ਖਲੋਤਿਆਂ ਮੈਂ ਉਹਨੂੰ ਪਹਿਲਾਂ ਕੌਫ਼ੀ ਲੈਣ ਲਈ ਪੇਸ਼ਕਸ਼ ਕੀਤੀ, ਉਸ ਨਾਂਹ ਕਰ ਦਿੱਤੀ।
ਤਾਕਤਵਰ ਲੋਕ ਸਦਾ ਬੁਰੇ ਨਹੀਂ ਹੁੰਦੇ। ਪਰ ਉਨ੍ਹਾਂ ਦਾ ਆਦਰ ਉਨ੍ਹਾਂ ਦੀ ਚੰਗਿਆਈ ਕਰਕੇ ਹੋਵੇ, ਆਪਣੀ ਸਮਰੱਥਾ ਨਾਲ ਦੂਜਿਆਂ ਦੇ ਕੀਤੇ ਭਲ਼ੇ ਕਰਕੇ ਹੋਵੇ – ਨਾ ਕਿ ਉਨ੍ਹਾਂ ਦੀ ਤਾਕਤ ਕਰਕੇ। ਵਧੇਰੇ ਤਾਕਤਵਰ ਆਪਣਾ ਆਦਰ ਕਰਵਾਉਣ ਲਈ ਉਨ੍ਹਾਂ ਪੈਸਿਆਂ ਅਤੇ ਵਸੀਲਿਆਂ ਤੇ ਕਬਜ਼ਾ ਰਖ਼ਦੇ ਹਨ ਜਿਸ ਦੀ ਆਮ ਬੰਦਿਆਂ ਨੂੰ ਲੋੜ ਹੁੰਦੀ ਹੈ। ਅਸੀਂ ਸਵੈ-ਨਿਰਭਰ ਹੋਈਏ, ਸਾਦਗੀ ਨਾਲ ਕੰਮ ਸਾਰ ਲਈਏ, ਪੱਲਿਓਂ ਚਾਹ ਪੀ ਲਈਏ, ਘਾਹ ਤੇ ਬਹਿ ਕੇ ਕਵੀ ਦਰਬਾਰ ਕਰ ਲਈਏ। ਮਹਿੰਗੇ ਸੰਗਮਰੀਮਰੀ ਗੁਰਦਵਾਰਿਆਂ ਵਿਚ ਜਾ ਕੇ, ਜਿਸਦੇ ਪ੍ਰਧਾਨ ਅਮੀਰ ਜਾਂ ਤਾਕਤਵਰ ਲੋਕ ਹਨ, ਓਥੇ ਰੁਪਈਆਂ ਦੇ ਮੱਥੇ ਟੇਕਣ ਨਾਲੋਂ ਪੰਜ ਬੰਦੇ ਇਕ ਘਰ ਵਿਚ ਇਕੱਠੇ ਬਹਿ ਕੇ ਪਾਠ ਕਰ ਲੈਣ, ਫ਼ੋਨ ਲਾ ਕੇ ਕੀਰਤਨ ਸੁਣ ਲੈਣ, ਮਕਸਦ ਤਾਂ ਗੁਰੂ ਨਾਲ ਇਕਮਿਕ ਹੋਣ ਦਾ ਹੈ ! ਰਲ ਕੇ ਪੈਸੇ ਇਕੱਠੇ ਕਰ ਕੇ ਆਪਣੇ ਸਕੂਲ, ਲਾਇਬ੍ਰੇਰੀਆਂ, ਖੇਡ ਮੈਦਾਨ, ਪਿੰਡ, ਪਹੇ – ਜਿੱਥੋਂ ਤਕ ਹੋ ਸਕੇ, ਆਪ ਹੀ ਸੰਭਾਲੀਏ। ਪੰਜਾਬ ਨੇ ਸਦਾ ਹੀ ਹੜ੍ਹਾਂ ਜਾਂ ਅਜਿਹੀਆਂ ਆਫ਼ਤਾਂ ਵਿਚ ਆਪ ਨੂੰ ਆਪੇ ਸੰਭਾਲਿਆ ਹੈ। ਜਿਸ ਦਿਨ ਮੇਰੀ ਮਾਂ ਆਪਣੀ ਪ੍ਰਾਇਮਰੀ ਸਕੂ਼ਲ ਦੀ ਨੌਕਰੀ ਤੋਂ ਰਿਟਾਇਰ ਹੋਏ ਤਾਂ ਉਸੇ ਦਿਨ ਉਨ੍ਹਾਂ ਦੇ ਜ਼ਿਲਾ ਸਿੱਖਿਆ ਅਫ਼ਸਰ ਵੀ ਰਿਟਾਇਰ ਹੋਏ। ਖੱਦਰ ਦਾ ਕੁੜਤਾ ਪਜਾਮਾ ਪਾਈ ਸਹਿਜ ਬੋਲਦੇ ਤੁਰਦੇ ਉਸ ਬੰਦੇ ਨੇ ਆਪਣੇ ਵਿਦਾਈ ਭਾਸ਼ਨ ਵਿਚ ਕਿਹਾ :
“ਸਾਡਾ ਸਕੂਲ ਲੁਧਿਆਣੇ ਦੇ ਇੰਡਸਟ੍ਰੀਅਲ ਏਰੀਏ ਵਿਚ ਹੈ। ਏਥੇ ਅਨਪੜ੍ਹ ਮਜ਼ਦੂਰ ਰਹਿੰਦੇ ਹਨ। ਇਕ ਘਰ ਵਿਚ ਸੱਤ ਅੱਠ ਬੱਚੇ ਹਨ। ਜੇ ਉਨ੍ਹਾਂ ਵਿਚੋਂ ਇਕ ਵੀ ਪੜ੍ਹ ਜਾਵੇ ਤਾਂ ਸਾਰੇ ਪਰਵਾਰ ਦੀ ਗਰੀਬੀ ਤਾਰ ਸਕਦਾ ਹੈ। ਪਰ ਸਾਡੇ ਕੋਲ ਚਾਕ ਵੀ ਨਹੀਂ ਹੁੰਦੇ, ਕਈ ਵਾਰੀ ਰਜਿਸਟਰ ਵੀ ਨਹੀਂ। ਆਪਣੀ ਤਨਖਾਹ ਵਿਚੋਂ ਪੈਸੇ ਖਰਚ ਕੇ ਲਿਆਈਦੇ ਹਨ। ਤੁਸੀਂ ਸਭ ਦਿਨ ਤਿਉਹਾਰ ਜਾਂ ਮਰਨੇ-ਪਰਨੇ ਦੇ ਦਾਨ ਦੇਂਦੇ ਹੋ। ਮੰਦਰਾਂ ਗੁਰਦਵਾਰਿਆਂ ਵਿਚ ਬਿਸਤਰੇ ਦੇਂਦੇ ਹੋ। ਜ਼ਰੂਰ ਦਿਉ – ਜੇ ਤੁਹਾਡੇ ਮਨ ਨੂੰ ਚੈਨ ਮਿਲਦਾ ਹੈ ਤਾਂ। ਸਾਨੂੰ ਪੈਸੇ ਨਾ ਦਿਉ, ਪਰ ਕਦੀ ਕੁਝ ਪੈਸੇ ਬਚਾਅ ਕੇ ਉਸੇ ਦਾਨ ਵਿਚੋਂ ਇੰਨ੍ਹਾਂ ਬੱਚਿਆਂ ਲਈ ਕੋਈ ਕਾਪੀ, ਪੈਨਸਿਲ, ਚਾਕ, ਰਜਿਸਟਰ ਆਪੇ ਖਰੀਦ ਕੇ ਸਾਨੂੰ ਦੇ ਦਿਉ – ਸੱਚਮੁੱਚ ਦਾ ਪੁੰਨ ਹੋਵੇਗਾ …”
ਕੈਨੇਡਾ ਵਿਚ ਮੈ ਜਿਸ ਵੀ ਗੋਰੇ ਬੰਦੇ ਦੀ ਅੰਤਮ ਰਸਮ ਵਿਚ ਸ਼ਾਮਲ ਹੋਣ ਗਿਆ, ਉਸਦੇ ਪਰਵਾਰ ਵੱਲੋਂ ਬੇਨਤੀ ਸੀ ਕਿ ਸਾਡੇ ਬੰਦੇ ਦੀ ਯਾਦ ਵਿਚ ਤੁਸੀਂ ਐਸ ਸਮਾਜਿਕ ਸੰਸਥਾ ਨੂੰ ਆਪਣੀ ਵਿੱਤ ਮੁਤਾਬਕ ਦਾਨ ਦੇ ਦੇਣਾ। ਅੱਧੀ ਵਾਰੀ ਤਾਂ ਉਹ ਵਿਗਿਆਨਕ ਜਾਂ ਮੈਡੀਕਲ ਖੋਜ ਜਾਂ ਬਿਮਾਰੀਆਂ ਦੇ ਇਲਾਜ ਲਈ ਕੰਮ ਕਰਦੀਆਂ ਸੰਸਥਾਵਾਂ ਹੁੰਦੀਆਂ ਸਨ। ਇਕ ਬੰਦੇ ਨੂੰ ਛਡ ਕੇ, ਕਿਸੇ ਵੀ ਪਰਵਾਰ ਨੇ ਕਿਸੇ ਚਰਚ ਨੂੰ ਦਾਨ ਦੇਣ ਦੀ ਗੱਲ ਕਦੇ ਨਹੀਂ ਕੀਤੀ।
ਜਿਹੜੇ ਲੋਕ ਏਹ ਗੀਤ ਲਿਖ਼ਦੇ ਤੇ ਗਾਉਂਦੇ ਹਨ – “ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ, ਜੱਟ ਓਸ ਪਿੰਡ ਨੂੰ ਬਿਲੌਂਗ ਕਰਦਾ …” – ਉਹ ਸਿਰਫ਼ ਬੰਦੂਕਧਾਰੀ ਤਾਕਤਵਰਾਂ ਨੂੰ ਪੱਕਾ ਕਰ ਰਹੇ ਹਨ। ਏਹ ਗਾਿਇਕ ਜਾਂ ਲੇਖਕ ਵੇਖਣ ਨੂੰ ਕਿੰਨੇ ਵੀ ਸ਼ਾਨਾਂਮੱਤੇ ਜਾਪਣ, ਏਹ ਓਸੇ ਦਰਿਆ ਵਿਚ ਪਾਣੀ ਪਾ ਰਹੇ ਹਨ ਜਿਸਦੇ ਹੜ੍ਹ ਵਿਚ ਮਨੀਪੁਰ ਦੀਆਂ ਔਰਤਾਂ ਡੁੱਬੀਆਂ ਹਨ। ਏਨ੍ਹਾਂ ਦੀਆਂ ਤਸਵੀਰਾਂ ਲਾ ਕੇ, ਏਨ੍ਹਾਂ ਲਈ ਹੁਮ-ਹੁਮਾ ਕੇ, ਏਨ੍ਹਾਂ ਨੂੰ ਸੁਣ ਕੇ, ਏਨ੍ਹਾਂ ਦੇ ਭੋਗਾਂ ਤੇ ਜਾ ਕੇ, ਏਨ੍ਹਾਂ ਦੀਆਂ ਤਸਵੀਰਾਂ ਦੇ ਵਾੱਲ-ਪੇਪਰ ਆਪਣੇ ਫ਼ੋਨਾਂ ਤੇ ਲਾ ਕੇ – ਅਸੀਂ ਵੀ ਓਸੇ ਦਰਿਆ ਵਿਚ ਤੈਰ ਰਹੇ ਹਾਂ …
ਸਾਡੇ ਸਕੂਲਾਂ ਵਿਚ ਤਾਂ ਉਹੀ ਇਤਿਹਾਸ ਪੜ੍ਹਾਇਆ ਜਾਣਾ ਹੈ ਜਿਹੜਾ ਸਰਕਾਰਾਂ ਤਹਿ ਕਰਨਗੀਆਂ। ਇੰਟਰਨੈੱਟ ਦੀ ਮਦਦ ਨਾਲ਼ ਅਸੀਂ ਆਪ ਪੜ੍ਹੀਏ – ਉਨ੍ਹਾਂ ਹਜ਼ਾਰਾਂ ਬਾਰੇ ਜਿੰਨ੍ਹਾਂ ਨੇ ਕਲਾ, ਸਾਹਿਤ, ਵਿਗਿਆਨ, ਖੋਜਾਂ, ਵਿਚਾਰ ਤੇ ਅਜਿਹੇ ਹੋਰ ਖੇਤਰਾਂ ਵਿਚ ਸਾਰੀ ਲੁਕਾਈ ਲਈ ਕੰਮ ਕੀਤਾ ਹੈ ਜਾਂ ਸਭ ਦੀ ਸਿਆਸੀ ਆਰਥਿਕ ਸਮਾਜਿਕ ਸੁਤੰਤਰਤਾ ਲਈ ਲੜਾਈ ਕੀਤੀ। ਫਿਰ ਆਪਣੇ ਬੱਚਿਆਂ ਨੂੰ ਦੱਸੀਏ – ‘ਏਹ ਹਨ ਸਾਡੇ ਅਸਲੀ ਆਦਰਯੋਗ ਲੋਕ …’
11.
ਚਾਰ ਸਾਲ ਪਹਿਲਾਂ ਤਿੰਨ ਲੜਕੇ ਦੋ ਹਫ਼ਤੇ ਵਾਸਤੇ ਮੇਰੇ ਕੋਲ ਏਥੇ ਟੋਰਾਂਟੋ ਰਹਿਣ ਆਏ। ਤਿੰਨੇ ਹਿੰਦੂ ਸਨ, ਵੱਖੋ ਵੱਖਰੇ ਸੂਬਿਆਂ ਵਿਚੋਂ ਸਨ ਤੇ ਹਿੰਦੁਸਤਾਨ ਦੇ ਸਭ ਤੋਂ ਵੱਡੇ ਰੁਤਬੇ ਵਾਲ਼ੇ ਲਾਅ ਕਾਲਜ ਵਿਚ ਪੜ੍ਹ ਰਹੇ ਸਨ। ਤਿੰਨੇ ਰਾਜ ਕਰ ਰਹੀ ਕੇਂਦਰੀ ਸਰਕਾਰ ਦੇ ਸਖ਼ਤ ਖ਼ਿਲਾਫ਼ ਸਨ। ਮੈਨੂੰ ਹੈਰਾਨੀ ਹੋਈ – IIT ਵਿਚੋਂ ਨਿਕਲੇ ਵਧੇਰੇ ਪਾੜ੍ਹੇ ਤਾਂ ਮੌਜੂਦਾ ਸਰਕਾਰ ਦੀ ਸੇਵਾ ਕਰਦਿਆਂ ਉਨ੍ਹਾਂ ਦੇ ਆਈ.ਟੀ. ਸੈੱਲ ਸੰਭਾਲ ਰਹੇ ਹਨ ਤੇ ਸੋਸ਼ਲ ਮੀਡੀਆ ਦੀ ਫੌਜ ਬਣੇ ਹੋਏ ਹਨ। ਇਹ ਤਿੰਨ ਬੱਚੇ ਵੱਖਰੇ ਕਿਉਂ ਹਨ ? ਮੈਂ ਕਾਰਣ ਪੁੱਛਿਆ ਤਾਂ ਉਨ੍ਹਾਂ ਕਿਹਾ –
“ਸਾਨੂੰ ਸਿਰਫ਼ ਕਾਨੂੰਨ ਹੀ ਨਹੀਂ, Sociology, Anthropology, Psychology ਤੇ ਸਾਹਿਤ ਆਦਿ ਵਿਸ਼ੇ ਵੀ ਪੜ੍ਹਾਏ ਜਾਂਦੇ ਹਨ। ਸਾਡਾ ਸਭ ਤੋਂ ਪਹਿਲਾ ਕੋਰਸ ਸੀ – What is Feminism ? ਸਾਡੀ ਹੈਰਾਨੀ ਵੇਖ਼ ਕੇ ਪ੍ਰੋਫ਼ੈਸਰ ਨੇ ਕਿਹਾ – ‘ਤੁਸੀਂ ਵਕੀਲ ਬਣੋਗੇ, ਕੋਈ ਔਰਤ ਆਏਗੀ – ਕਿਸੇ ਮਰਦ ਨੇ ਉਹਦੇ ਨਾਲ ਜ਼ਿਆਦਤੀ ਕੀਤੀ ਹੈ। ਤੁਹਾਨੂੰ, ਖਾਸ ਕਰਕੇ ਮਰਦ ਵਿਦਿਆਰਥੀਆਂ ਨੂੰ – ਪਤਾ ਹੋਣਾ ਚਾਹੀਦਾ ਹੈ ਕਿ ਔਰਤ ਕਿਸ ਕਿਸ ਗੱਲ ਨੂੰ ਜ਼ਿਆਦਤੀ ਸਮਝਦੀ ਹੈ। ਵਰਨਾ ਤੁਸੀਂ ਆਪਣੇ ਮਰਦਾਵੇਂ Stereotype ਵਿਚੋਂ ਉਸਦਾ ਦੁੱਖ ਸੁਣੋਗੇ ਤਾਂ ਸ਼ਾਇਦ ਸਮਝ ਹੀ ਨਾ ਸਕੋ, ਉਸਨੂੰ ਨਿਆਂ ਲੈ ਕੇ ਦੇਣਾ ਤਾਂ ਦੂਰ ਦੀ ਗੱਲ ਹੈ ! ਪਰ IIT ਵਿਚ ਸਿਰਫ਼ ਵਿਗਿਆਨ ਪੜ੍ਹਾਇਆ ਜਾਂਦਾ ਹੈ। ਉਨ੍ਹਾਂ ਦੀ ਸਮਾਜਿਕ ਚੇਤਨਾ ਉਸਾਰਣ ਲਈ ਉਂਨ੍ਹਾਂ ਦੀ ਪੜ੍ਹਾਈ ਬਹੁਤ ਵਸੀਲੇ ਉਨ੍ਹਾਂ ਨੂੰ ਨਹੀਂ ਦੇਂਦੀ। ਉਥੇ ਪੜ੍ਹੇ ਬਹੁਤੇ ਲੋਕ ਵੱਡੀ ਕਮਾਈ ਤਾਂ ਕਰ ਸਕਦੇ ਹਨ, ਪਰ …”
ਆਪਣੇ ਨਿਜੀ ਤਜਰਬੇ ਤੋਂ ਮੈਂ ਕਹਿ ਸਕਦਾ ਹਾਂ – ਜੇ ਮੈਂ ਅੰਮ੍ਰਿਤਾ ਪ੍ਰੀਤਮ ਨੂੰ ਨਹੀਂ ਪੜ੍ਹਿਆ ਹੁੰਦਾ ਤਾਂ ਸ਼ਾਇਦ ਇਸਤ੍ਰੀ ਦੀ ਤਕਲੀਫ਼ ਨੂੰ ਸੰਵੇਦਨਾ ਨਾਲ ਨਾ ਸਮਝ ਸਕਦਾ। ਅੰਮ੍ਰਿਤਾ ਦੀਆਂ ਸੌ ਕਮਜ਼ੋਰੀਆਂ ਹੋਣਗੀਆਂ, ਪਰ ਉਹਦੀ ਕਲਮ ਦੀ ਤਾਕਤ ਸੀ ਕਿ ਉਹਨੂੰ ਸ਼ਿੱਦਤ ਨਾਲ ਪੜ੍ਹਣ ਵਾਲ਼ਾ ਛੇਤੀ ਕਿਤੇ ਔਰਤ ਦਾ ਅਪਮਾਨ ਨਹੀਂ ਕਰ ਸਕਦਾ।
ਪੰਜਾਬ ਵਿਚ ਪਿਛਲੇ 50 ਸਾਲਾਂ ਵਿਚ ਇਹ ਤ੍ਰਾਸਦੀ ਵੀ ਵਾਪਰੀ ਕਿ ਜਿਹੜਾ ਬੱਚਾ ਪੜ੍ਹਣ ਜੋਗਾ ਹੁੰਦਾ, ਮਾਂ ਬਾਪ ਉਸਨੂੰ ਵਿਗਿਆਨ ਦੇ ਵਿਸ਼ੇ ਲੈ ਦੇਂਦੇ – ਡਾਕਟਰ ਜਾਂ ਇੰਜੀਨੀਅਰ ਬਣਾਉਣ ਲਈ। ਸਿਵਲ ਸਰਵਿਸ ਤੋਂ ਇਲਾਵਾ ਇਹ ਰੁਝਾਨ ਸ਼ਾਇਦ ਅੱਜ ਵੀ ਕਾਇਮ ਹੈ। ਬੱਚਿਆਂ ਦੀ ਸਾਹਿਤ ਅਤੇ ਕਲਾ ਤੋਂ ਦੂਰੀ ਨਿਰੰਤਰ ਵਧਦੀ ਗਈ। ਮੈਂ ਵੀ ਸਾਇੰਸ ਦਾ ਵਿਦਿਆਰਥੀ ਬਣਾਇਆ ਗਿਆ। ਸਾਨੂੰ ਆਪਣੇ ਹਰ ਬੱਚੇ ਨੂੰ, ਉਹ ਰੋਜ਼ੀ ਰੋਟੀ ਲਈ ਭਾਵੇਂ ਕੋਈ ਵੀ ਵਿਸ਼ਾ ਪੜ੍ਹ ਰਿਹਾ ਹੋਵੇ – ਸਾਹਿਤ ਦੇ ਲੜ ਲਾਉਣ ਦੀ ਲੋੜ ਹੈ। ਉਸ ਵਾਸਤੇ ਸਾਨੂੰ ਆਪ ਸਾਹਿਤ ਨਾਲ ਵਾਬਸਤਾ ਰਹਿਣ ਦੀ ਲੋੜ ਹੈ … ਰੋਟੀ ਵਾਂਗ ! ਜੇ ਏਹ ਬੱਚੇ ਆਈਲੈਟਸ ਕਰਕੇ ਚਲੇ ਵੀ ਜਾਣ, ਪਰ ਉਸ ਤੋਂ ਪਹਿਲਾਂ ਦਸ ਸਾਲ ਵੀ ਸਾਹਿਤ ਨਾਲ ਜੁੜ ਜਾਣ, ਤਾਂ ਸ਼ਾਇਦ ਸਾਰੀ ਉਮਰ ਆਪਣੇ ਆਪ ਨਾਲ ਜੁੜੇ ਰਹਿਣਗੇ ਅਤੇ ਦੂਜਿਆਂ ਨੂੰ ਪੈਰਾਂ ਹੇਠ ਦੇਣ ਦੀ ਥਾਂ ਕਿਸੇ ਡਿਗਦੇ ਪੈਰ ਦਾ ਆਸਰਾ ਬਣਨਗੇ।
ਸਾਹਿਤ ਸਾਨੂੰ ਐਸੇ ਵਿਵੇਕਸ਼ੀਲ ‘ਬੰਦੇ’ ਬਣਾਉਂਦਾ ਹੈ ਜਿੰਨ੍ਹਾਂ ਨੂੰ ਪਤਾ ਹੁੰਦਾ ਹੈ – ਬਲਾਤਕਾਰ ਕਿਉਂ ਨਹੀਂ ਕਰਨਾ ਹੁੰਦਾ … ਤੇ ਬਲਾਤਕਾਰੀ ਨਿਜ਼ਾਮਾਂ ਦਾ ਸਾਥ ਕਿਉਂ ਨਹੀਂ ਦੇਣਾ ਹੁੰਦਾ …?
***
ਸੁਖਪਾਲ
24 ਜੁਲਾਈ 2023