ਮਾਨਵ-ਚੇਤਨਾ ਸੰਵਾਦ (ਡਾ. ਦੇਵਿੰਦਰ ਸੈਫ਼ੀ)

ਮਾਨਵ-ਚੇਤਨਾ ਸੰਵਾਦ

– ਡਾ. ਦੇਵਿੰਦਰ ਸੈਫ਼ੀ

 

ਚੇਤਨਾ : ਉੱਡਣਾ ਸੀ ਤੂੰ ਅੰਬਰੀਂ ਕਿਉਂ ਰੇਂਗਦਾ ਰਹਿਨੈਂ

ਕਿਉਂ ਏਨੀ ਬੇਗ਼ਾਨਗੀ ਤੇ ਤਿੜਕਣ ਸਹਿਨੈਂ

ਦਰਿਆ ਤੇਰੀ ਜ਼ਾਤ ਹੈ ਛੱਪੜ ਬਣ ਬਹਿਨੈਂ

ਕਿਉਂ ਕੰਡਿਆਲੇ ਜਾਲ ਨੂੰ ਹੀ ‘ਹੋਣੀ’ ਕਹਿਨੈਂ ?

ਮਾਨਵ : ਕੀ ਮੇਰੇ ਤੋਂ ਗੁੰਮਿਆ ਤੇ ਕਾਹਦਾ ਲੱਗਾ ਵਿਯੋਗ

ਪਤਾ ਨੀਂ ਕਿਹੜੀ ਘਾਟ ਹੈ ਤੇ ਕਿਹੜਾ ਲੱਗਾ ਰੋਗ

ਦਿਲ ਦਾ ਪੰਛੀ ਭਾਲਦਾ ਪਤਾ ਨੀਂ ਕਿਹੜੀ ਚੋਗ

ਸਭ ਕੁਝ ਹੁੰਦਿਆਂ ਸੁੰਦਿਆਂ ਵੀ ਰਹੇ ਪੱਸਰਿਆ ਸੋਗ |

ਚੇਤਨਾ : ਤੈਥੋਂ ਤੂੰ ਹੀ ਗੁੰਮਿਆ ਤੇਰਾ ਤੈਨੂੰ ਵਿਯੋਗ

ਮ੍ਰਿਗਤ੍ਰਿਸ਼ਨਾ ਵਿੰਨ੍ਹ ਕੇ ਲਾ ਤਾ ਤੈਨੂੰ ਰੋਗ

ਮੋਈ ਜਦੋਂ ਸੰਵੇਦਨਾ ਗੁੰਮ ਗੀ ਦਿਲ ਦੀ ਚੋਗ

ਪੱਥਰ ਧਰਲੇ ਰੂਹ ‘ਤੇ ਪੱਸਰਿਆ ਫਿਰ ਸੋਗ |

ਮਾਨਵ : ਅਣਚਾਹੇ ਮੈਂ ਆ ਗਿਆ ਦੱਸੇ ਮੇਰਾ ਗਿਆਨ

ਕੀ ਮਕਸਦ ਜਿੰਦਾ ਰਹਾਂ ਪੁੱਛੇ ਮੇਰਾ ਈਮਾਨ

ਖੇਡ ਰਹੇ ਸੀ ਖੇਡ ਉਹ ਲੈ ਆਪਣੇ ਅਰਮਾਨ

ਮੈਂ ਨਤੀਜਾ ਖੇਡ ਦਾ ਬਿਨ ਸੱਦਿਆ ਮਹਿਮਾਨ ।

ਚੇਤਨਾ : ਮਕਸਦ ਲੱਭੇ ਜੀਣ ਦਾ ਮਨ ਦੀ ਟੱਪ ਲਕੀਰ

ਫੁੱਲ ਕਮਲ ਦਾ ਟਹਿਕਦਾ ਚਿੱਕੜ-ਸੀਨਾ ਚੀਰ

ਤੇਰਾ ਉੱਚ-ਮੁਕਾਮ ਹੈ ਕਿਉਂ ਹੋਵੇਂ ਦਿਲਗੀਰ

ਅਣਚਾਹਿਆ, ਚਾਹਿਆ ਬਣੂ ਤਕ ਆਪਣੀ ਤਸਵੀਰ ।

ਮਾਨਵ : ਬੇਵਿਸਾਹੇ ਦੌਰ ਵਿਚ ਟੁੱਟ ਗਿਆ ਮੇਰਾ ਵਿਸਾਹ

ਤੋਰ ਮੇਰੀ ਦੇ ਹਿੱਸੇ ਆਏ ਕਿਉਂ ਇਹੋ ਜੇ ਰਾਹ

ਜਿੰਦ ਇਕੱਲੀ ਬੋਝ ਕਈ ਕੀਕਣ ਦੇਵਾਂ ਲਾਹ

ਕਦੋਂ ਸਮਾਂ ਸਾਥੀ ਬਣੂੰ ਕਦ ਆਊ ਸੁਖ ਦਾ ਸਾਹ ?

ਚੇਤਨਾ : ਤਾਜੇ ਪੱਤਾਂ ਵਾਸਤੇ ਜਿਉਂ ਪੱਤਝੜ ਦੀ ਲੋੜ

ਜੀਵਨ ਦੇ ਸਭ ਰਾਹਾਂ ਦਾ ਹੀ ਇਹੋ ਜਿਹਾ ਜੋੜ

ਚਾਲ ਸਮੇਂ ਦੀ ਸਮਝਣੀ ਤਾਂ ਸਮਝ ਏਸਦੇ ਮੋੜ

ਕੰਡੇ ਬਹਿ ਵੇਖ ਲੈ ਇਸ ਦਰਿਆ ਦਾ ਰੋੜ੍ਹ |

ਮਾਨਵ : ਦਿਲ ਮੇਰੇ ਦੀਆਂ ਕਲੀਆਂ ਉੱਤੇ ਟੁੱਟ ਪੈਂਦਾ ਏ ਕਹਿਰ

ਰੀਝਾਂ ਵਾਲੀ ਫ਼ਸਲ ‘ਤੇ ਛਿੜਕ ਦਏ ਕੋਈ ਜ਼ਹਿਰ

ਰੋੜ੍ਹ ਕੇ ਲੈ ਜਾਏ ਖੁਸ਼ੀ ਨੂੰ ਨਿੱਤ ਗਮੀ ਦੀ ਲਹਿਰ

ਰੋਜ਼ ਲੁਕਾਵਾਂ ਜੱਗ ਤੋਂ ਨੈਣੀਂ ਉੱਤਰੀ ਗਹਿਰ |

ਚੇਤਨਾ : ਤੀਰ ਬਿਨਾਂ ਬੇਕਾਰ ਹੈ ਸੋਨੇ ਜੜ੍ਹੀ ਕਮਾਨ

ਲੈ ਸਦੀਆਂ ਦੀ ਰੇਤ ‘ਚੋਂ ਸੁੱਚਾ ਗੌਹਰ-ਗਿਆਨ

ਟੁਕੜੇ ਹੋਏ ਪੂਰਨ ਦੇ ਪਰ ਸਾਬਤ ਰਿਹਾ ਈਮਾਨ

ਹਾਰੇ ਹੋਏ ਪੋਰਸ ਦਾ ਵੀ ਜਿੱਤ ਗਿਆ ਸਵੈਮਾਨ |

ਮਾਨਵ : ਦੁਬਿਧਾ ਸਹਿਮ ਤੇ ਸ਼ੱਕ ਦਾ ਹੋਵਾਂ ਨਿੱਤ ਸ਼ਿਕਾਰ

ਜਿਉਂ ਜਿਉਂ ਪੜ੍ਹਦਾਂ ਪੋਥੀਆਂ ਤਿਉਂ ਤਿਉਂ ਵੱਧਦਾ ਭਾਰ

ਬੋਝ ਇਕੱਠੇ ਕਰ ਲਏ ਕੀਕਣ ਦਿਆਂ ਉਤਾਰ

ਸੰਸਿਆਂ ਵਾਲੀ ਨਦੀ ‘ਚੋਂ ਕੌਣ ਲੰਘਾਵੇ ਪਾਰ ?

ਚੇਤਨਾ : ਸਾਹਸ ਬਿਨਾਂ ਬੇਕਾਰ ਹੈ ਤੇਰਾ ਸਾਰਾ ਗਿਆਨ

ਬਿਨ ਤਲਵਾਰ ਬੇਕਾਰ ਜਿਉਂ ਹੱਥ ‘ਚ ਫੜੀ ਮਿਆਨ

ਸੁੱਚੇ ਕਰਤਵ ਕਰਮ ਦਾ ਜੇ ਨਾ ਰਹੇ ਧਿਆਨ

ਸੁੰਨੇ ਖਾਲੀ ਖੋਖਲੇ ਸਾਰੇ ਸ਼ਬਦ ਬਿਆਨ |

ਮਾਨਵ : ਉਮਰੋਂ ਵੱਡੇ ਚੱਕਰ ਮੈਥੋਂ ਖੋਹ ਲੈਣ ਮੇਰੀ ਡੋਰ

ਸੋਚਾਂ ਦਾ ਜੰਗਾਲ ਹੀ ਦਿੰਦਾ ਮੈਨੂੰ ਭੋਰ

ਤਾਂ ਹੀ ਅੱਖਾਂ ਮੇਰੀਆਂ ਹੋ ਜਾਵਣ ਕਮਜ਼ੋਰ

ਖ਼ਾਬਾਂ ਪਿੱਛੇ ਤੁਰ ਰਿਹਾਂ ਸੱਪਾਂ ਵਾਲੀ ਤੋਰ ।

ਚੇਤਨਾ : ਖ਼ਾਬਾਂ ਦੇ ਇਸ ਮਹਿਲ ਨੂੰ ਤੂੰ ਸਮਝੇਂ ਅਣਮੋਲ

ਏਸ ਮਹਿਲ ‘ਚੋਂ ਨਿਕਲ ਕੇ ਅਸਲੀ ਤਾਕੀ ਖੋਲ੍ਹ

ਗੁੰਮੇ ਆਪਣੇ ਬਾਜ ਨੂੰ ਇਸ ਜੰਗਲ ‘ਚੋਂ ਟੋਲ

ਕਥਨੀ ਜਦ ਕਰਨੀ ਬਣੀ ਮਹਿਕ ਪੈਣਗੇ ਬੋਲ।

ਮਾਨਵ : ਹਰ ਪਲ ਪਾਰੇ ਵਾਂਗਰਾਂ ਚਿੱਤ ਰਿਹਾ ਏ ਡੋਲ

ਬਾਹਰੋਂ ਪੱਛਣ ਹਾਦਸੇ ਤੇ ਅੰਦਰ ਚੱਲੇ ਘੋਲ

ਨਿੱਤ ਕੰਨਾਂ ਵਿਚ ਵੱਜਦੇ ਕਿਰਚਾਂ ਵਰਗੇ ਬੋਲ

ਹਵਾ ‘ਚ ਜ਼ਹਿਰੀ ਡੰਗ ਨੇ ਤੁਰਸਾਂ ਕਿਵੇਂ ਅਡੋਲ ?

ਚੇਤਨਾ : ਰੋਕੇ ਜਿਹੜੇ ਚਿਰਾਂ ਤੋਂ ਖੂਹ ਨੈਣਾਂ ਦੇ ਗੇੜ

ਢੱਕ ਢੱਕ ਜਿਹੜੇ ਰੱਖਦੈਂ ਸਾਰੇ ਜ਼ਖ਼ਮ ਉਚੇੜ

ਬਹੁਤੇ ਜ਼ਹਿਰੀ ਜਾਪਦੇ ਜੋ ਉਹੀ ਫ਼ਨੀਅਰ ਛੇੜ

ਤਾਂ ਹੀ ਜਾਗੂ ਸੁੱਤੀ ਸੁਰਤੀ ਖ਼ਤਰੇ ਨਵੇਂ ਸਹੇੜ |

ਮਾਨਵ : ਮੈਂ ਚਾਹਾਂ ਧਰਵਾਸ ਦੀ ਕੋਈ ਕਰ ਦਏ ਜਿੰਦ ਨੂੰ ਵਾੜ

ਮੇਰੇ ਅੰਦਰ ਹਾਂਡੀ ਉੱਬਲੇ ਰਹੀ ਕਿਨਾਰੇ ਸਾੜ

ਸਿਰ ‘ਤੇ ਵੱਖਰਾ ਬੋਝ ਹੈ ਜੋ ਰਿਹਾ ਸੁਰਤ ਵਿਗਾੜ

ਸਾਰੀ ਰਾਤ ਹਵਾਂਕਦਾ ਮੇਰੀ ਨੀਂਦਰ ਵਿਚ ‘ਉਜਾੜ’ |

ਚੇਤਨਾ : ਅੰਨ੍ਹੀ ਬੋਲੀ ਦੌੜ ‘ਚੋਂ ਖ਼ੁਦ ਨੂੰ ਵੇਖ ਖਲ੍ਹਾਰ

ਚੁੱਕੇ ਜਿਹੜੇ ਫ਼ਜ਼ੂਲ ਹੀ ਮੁਰਦੇ ਸਿਰੋਂ ਉਤਾਰ

ਤੇਰੀ ਤਪਦੀ ਹੋਂਦ ਵਿਚ ਨਦੀਆਂ ਬੇਸ਼ੁਮਾਰ

ਚੂਲੀ ਚੂਲੀ ਨੀਰ ਲਈ ਕਿਉਂ ਰਿਹੈਂ ਅਰਜ਼ ਗੁਜ਼ਾਰ |

ਮਾਨਵ : ਸਿੱਖਿਆ ਮੈਂ ਸਮਾਜ ਤੋਂ ਸਿੱਕਿਆਂ ਵਰਗੀ ਚਾਲ

ਆਪੋਧਾਪੀ ਵੇਖ ਕੇ ਹੁੰਦਾ ਰਹਾਂ ਬੇਹਾਲ

ਮੱਥੇ ਚਾੜ੍ਹਨ ਸਿਲਵਟਾਂ ਨਿੱਤ ਨਵੇਂ ਹੀ ਜਾਲ

ਲੱਭਦਾਂ ਨਿੱਤ ਹੀ ਜਿੰਦ ਲਈ ਬਣਜੇ ਕੋਈ ਢਾਲ |

ਚੇਤਨਾ : ਲੈ ਅਗਨੀ ਸੰਕਲਪ ‘ਚੋਂ ਮਸਤਕ ਜੋਤ ਜਗਾ

ਭਰਮਾਂ ਦੇ ਸਭ ਜਾਲ ਇਹ ਪਲ ਵਿਚ ਹੋਣ ਤਬਾਹ

ਮਾਰ ਹਲੂਣਾ ਜ਼ੁਅਰਤ ਨੂੰ ਥਹੁ ਆਪਣੀ ਪਾ

ਪਰਦੇ ਸਾਰੇ ਪਾੜ ਕੇ ਬੰਦਿਓਂ ਰੱਬ ਹੋ ਜਾਹ |

ਮਾਨਵ : ਜਿਹੜੇ ਮੇਰੇ ਸਾਥੀ ਹੁਣ ਤਕ ਉਹ ਵੀ ਲਵਾਂ ਗੁਆ

ਪਰਦਿਆਂ ਬਾਝ ਨਾ ਰਹਿ ਸਕੇ ਹੋਵੇ ਚਾਹੇ ਖ਼ੁਦਾ

ਸਿੱਖੀ ਜੋ ਮਰਿਆਦਾ ਹੁਣ ਤਕ ਦੇਵਾਂ ਕਿਵੇਂ ਭੁਲਾ !

ਕਿਹੜਾ ਏਥੇ ਜਰ ਲਊ ਏਹੋ ਜਿਹਾ ਸ਼ੁਦਾ !!

ਚੇਤਨਾ : ਕੇਹੇ ਤੇਰੇ ਤਰਕ ਨੇ ਕੇਹੇ ਤੇਰੇ ਜਵਾਬ !

ਨੈਣੀਂ ਖੋਭੇਂ ਛਿਲਤਰਾਂ ਤੇ ਓੜ ਲਵੇਂ ਨਕਾਬ

ਸਰਮਦ, ਲੱਲਾ, ਰਾਬੀਆ ਨੂੰ ਆਖੀਂ ਕਦੇ ਆਦਾਬ

ਪਰਦਿਆਂ ਹੇਠ ਜੋ ਪਲ ਰਹੇ ਦਿਖ ਜਾਣੇ ਆਜ਼ਾਬ |

ਮਾਨਵ : ਪਰਦਿਆਂ ਵਾਲੀ ਪੋਟਲੀ ਦੀ ਜੇ ਨਾ ਕਰਾਂ ਸੰਭਾਲ

ਮੇਰੇ ਸਾਰੇ ਜੀਵਨ ਦੀ ਹੀ ਵਿਗੜ ਜਾਏਗੀ ਚਾਲ

ਮਸਾਂ ਬਣਾਏ ਰੁਤਬੇ ਦਾ ਵੀ ਰੱਖਣਾ ਪਵੇ ਖਿਆਲ

ਮੇਰੇ ਸਾਰੇ ਮਾਣ ਤਾਣ ਹੀ ਜੁੜੇ ਨੇ ਇਹਦੇ ਨਾਲ |

ਚੇਤਨਾ : ਸੋਨੇ ‘ਤੇ ਨਈਂ ਸ਼ੋਭਦੀ ਕਿਸੇ ਕਿਸਮ ਦੀ ਝੋਲ

ਪਰਦਿਆਂ ਦੀ ਜੋ ਅਸਲ ਜੜ੍ਹ ਉਹਨੂੰ ਕਦੇ ਫ਼ਰੋਲ

ਜੜ੍ਹ ਹੇਠਾਂ ਜੋ ਨੱਪਿਆ ਉਸ ‘ਆਪੇ’ ਨੂੰ ਟੋਲ

ਆਦਿ ਅੰਤ ਤੂੰ ਆਪ ਹੈਂ ਬੰਦ ਪਰਾਂ ਨੂੰ ਖੋਲ੍ਹ |

                             ਪਿੰਡ ਤੇ ਡਾਕ. – ਮੋਰਾਂਵਾਲੀ

                                       ਜ਼ਿਲ੍ਹਾ – ਫਰੀਦਕੋਟ

                                       94178 26954

             devindersaifee5@gmail.com