ਮਿੱਟੀ ਨੇ ‘ਵਾਜ ਮਾਰੀ ਹੈ (ਪਾਲ ਕੌਰ)

ਮਿੱਟੀ ਨੇ ‘ਵਾਜ ਮਾਰੀ ਹੈ (ਪਾਲ ਕੌਰ)

ਦਿੱਸਦੀਆਂ ਸਨ ਪਹਿਲਾਂ ਸੜਕਾਂ ‘ਤੇ,

ਕਾਰਾਂ, ਬੱਸਾਂ, ਟਰੱਕ

ਪਰ ਅੱਜ ਕੱਲ ਲੱਭਦੀਆਂ ਨੇ ਅੱਖਾਂ,

ਰੱਜਦੀਆਂ ਨੇ ਅੱਖਾਂ ਵੇਖ ਵੇਖ,

ਛੱਤਾਂ ਵਾਲੇ ਟਰਾਲੀ-ਘਰ…

ਤੁਰੇ ਜਾਂਦੇ, ਚੀਰਦੇ ਜਾਂਦੇ

ਹਰ ਰੋੜਾ, ਪੱਥਰ, ਪਹਾੜ….

ਤੇ ਝੁਕ ਜਾਂਦਾ ਹੈ ਸਿਰ !

ਬਹੁਤ ਵਿਖਾ ਲਏ ਕਾਲੇ ਝੰਡੇ

ਤੇ ਬਹੁਤ ਬਾਲ ਲਈਆਂ ਮੋਮਬੱਤੀਆਂ ,

ਹੁਣ ਤਾਂ ਥਾਂ ਥਾਂ ਝੁੱਲਦੇ,

ਚਿੱਟੇ, ਹਰੇ, ਲਾਲ, ਕੇਸਰੀ ਝੰਡੇ…

ਤੇ ਬਲਦੀਆਂ ਮਸ਼ਾਲਾਂ ਵੇਖ,

ਝੁਕ ਜਾਂਦਾ ਸਿਰ !

ਇੱਕ ਰੰਗ, ਇਕ ਫੁੱਲ, ਇੱਕ ਨਿਸ਼ਾਨ,

ਇੱਕ ਬਾਤ, ਇੱਕ ਜ਼ੁਬਾਨ ਨੇ,

ਹੌਲੀ ਹੌਲੀ ਦੱਬ ਦਿੱਤੀ ਸੀ ਜ਼ਮੀਨ ‘ਚ,

ਕਿੰਨੀ ਅਗਨ,

ਕਿ ਫੁੱਟ ਨਿਕਲਿਆ ਹੈ ਲਾਵਾ !

ਮਿੱਟੀ ਦੀ ਆਵਾਜ਼ ਸੁਣ

ਝੁਕ ਜਾਂਦਾ ਹੈ ਸਿਰ !

ਕਿੰਨੀਆਂ ਮਹਾਂਮਾਰੀਆਂ ਨੇ, ਮੂੰਹ ਬੰਨ੍ਹ ਕੇ,

ਕੈਦ ਕਰ ਦਿੱਤਾ ਸੀ ਅੰਦਰ ।

ਉਨ੍ਹਾਂ ਸੋਚਿਆ ਸੀ,

ਮਹਾਮਾਰੀ ਦੀ ਬੁੱਕਲ਼ ਵਿੱਚ

ਜਿਹੜੇ ਚੁੱਕ ਦਿੱਤੇ ਸਨ ਸ਼ਾਮਿਆਨੇ,

ਹੁਣ ਨਹੀਂ ਲੱਗਣੇ ਦੁਬਾਰਾ !

ਅਸੀਂ ਵੀ ਫ਼ੋਨ ਦੀ ਇੱਕ ਕਾਲ,

ਉਂਗਲ ਦੀ ਇੱਕ ਛੋਹ ਨਾਲ,

ਘਰ ਬੁਲਾ ਲਿਆ ਸੀ ਬਾਜ਼ਾਰ …

ਨਿੱਕਾ ਵੱਡਾ ਸਭ,

ਵੱਡੇ ਸੇਠਾਂ ਦਾ ਮਾਲ !

ਮਿੱਟੀ ਨੇ ‘ਵਾਜ ਮਾਰੀ ਤਾਂ ਯਾਦ ਆਇਆ

ਕਿ ਪਤਾ ਨਹੀਂ ਕਿੱਥੇ ਭੁੱਲ ਆਏ ਹਾਂ,

ਖੇਤ, ਨੁੱਕਰ ਦੀ ਹੱਟੀ, ਸਬਜ਼ੀ ਦੀ ਰੇਹੜੀ,

ਬਜਾਜ ਤੇ ਸਭ ਨਿੱਕ-ਸੁੱਕ ਦੁਕਾਨ !

ਅੱਜ ‘ਵਾਜ ਮਾਰੀ ਹੈ ਮਿੱਟੀ ਨੇ,

ਤਾਂ ਸਭ ਉਡਾ ਦਿੱਤੇ ਹਵਾਵਾਂ ਨੇ,

ਉੱਚੇ ਦੁਕਾਨ, ਫਿੱਕੇ ਪਕਵਾਨ !

ਖੌਰੇ ਭੁੱਲੇ ਵੀ ਨਹੀਂ ਸਾਂ,

ਮਨਾਉਂਦੇ ਸਾਂ, ਹਰ ਸ਼ਹੀਦੀ ਦਿਹਾੜਾ, ਹਰ ਸਾਲ ..

ਪਰ ਇਸ ਵਾਰ ਜਾਗ ਪਿਆ ਹੈ

ਇਤਿਹਾਸ ਦਾ ਇੱਕ ਇਕ ਅੱਖਰ !

‘ਬਾਬਰਵਾਣੀ’ ਫਿਰ ਗੂੰਜੀ ਹੈ,

ਮੁੜ ਕੀਤੀ ਹੈ ਅਸੀਂ ,

ਅਨੰਦਪੁਰ ਸਾਹਿਬ ਤੋਂ, ਦਿੱਲੀ ਤੱਕ ਦੀ ਯਾਤਰਾ !

‘ਠੰਢੇ ਬੁਰਜ’ ਨੇ ਫਿਰ, ਦਿੱਤਾ ਹੈ ਨਿੱਘ !

ਰੋਹ ਨਾਲ, ਤਲਵਾਰ ਦੀ ਨੋਕ ਨੇ,

ਫਿਰ ਖੋਦੀ ਹੈ ਮਿੱਟੀ ….

ਜਿੱਥੇ ਜਿੱਥੇ ਪਹੁੰਚਿਆ ਹੈ,

ਜ਼ਮੀਨ ਦਾ ਕਾਂਬਾ………….

ਬੰਦਾ ਤੇ ਬਘੇਲ ਸਿਹੁੰ ,

ਹਰ ਪੱਗ , ਹਰ ਸਿਰ ਵਿੱਚ,

ਚੜ੍ਹ ਕੇ ਆਇਆ ਹੈ !

ਕਿੰਨੇ ਭਗਤ ਸਿੰਘਾਂ ਤੇ ਭਾਗੋ ਮਾਈਆਂ ਨੇ,

ਪਾ ਲਏ ਨੇ,

ਬਸੰਤੀ ਭਾ ਮਾਰਦੇ,

ਹਰੀਆਂ ਪੱਗਾਂ ਦੁਪੱਟੇ !

ਮਿੱਟੀ ਨੇ ‘ਵਾਜ ਮਾਰੀ ਹੈ,

ਤਾਂ ਸਿਰਾਂ ਵਾਲ਼ਿਆਂ ਨੇ,

ਲਾਹ ਕੇ ਤਮਗੇ, ਫ਼ੀਤੇ, ਵਰਦੀਆਂ ,

ਮਿੱਟੀ ਨੂੰ ਸਿਰ ਨਿਵਾਇਆ ਹੈ !

ਉਘੜ ਆਇਆ ਹੈ ਜੋ ਲਿਖਿਆ ,

ਆਈਲੈਟਸ ਤਾਂ ਵਿਛਾਏ ਸੀ ਉਨ੍ਹਾਂ….

ਟੀਕੇ ਤੇ ਪੁੜੀਆਂ ਵਰਤਾਏ ਸੀ ਉਨ੍ਹਾਂ….

ਡੋਬ ਨਹੀਂ ਸਕੇ ਉਹ ਹੋਸ਼ ਤੇ ਜੋਸ਼,

ਜ਼ਿਆਦਾ ਦਿਨ——

ਮਿੱਟੀ ਨੇ ‘ਵਾਜ ਮਾਰੀ ਹੈ,

ਤਾਂ ਝੁਕ ਗਏ ਨੇ ਸਿਰ !

ਮਿੱਟੀ ਮਾਰਦੀ ਹੈ ਆਵਾਜ਼

ਤਾਂ ਉੱਠ ਹੀ ਜਾਂਦੇ ਨੇ ਸਿਰ !

ਪਾਲ ਕੌਰ