ਮੁਹੱਬਤ ਵੇਲਾ
(ਨਾਵਲ ਅੰਸ਼)
ਰਾਤ ਦੇ ਦਸ ਵੱਜ ਗਏ ਸਨ। ਸਿਆਲ ਦੀ ਇਸ ਠੰਢੀ ਰਾਤ ਵਿੱਚ ਕੋਈ ਟਾਵਾਂ-ਟਾਵਾਂ ਹੀ ਜਾਗਦਾ ਰਹਿ ਗਿਆ ਸੀ, ਬਾਕੀ ਸਾਰੇ ਘੂਕ ਸੌਂ ਗਏ ਸਨ। ਪਿੰਡ ਦੇ ਅਵਾਰਾ ਕੁੱਤੇ ਅਤੇ ਡੰਗਰ ਕੰਧਾਂ ਤੇ ਗੁਹਾਰਿਆਂ ਦੀ ਓਟ ਵਿੱਚ ਜਾ ਦੁੱਬਕੇ ਸਨ। ਇਸੇ ਵੇਲੇ ਆਸਿਫ਼ ਸਾਈਕਲ ਦੀ ਟੋਕਰੀ ਵਿੱਚ ਦੁੱਧ ਦੀ ਬੋਤਲ ਅਤੇ ਚਾਹ-ਖੰਡ ਰੱਖੀਂ ਖੇਤ ਨੂੰ ਜਾ ਰਿਹਾ ਸੀ। ਟੋਭੇ ਦੇ ਪਾਣੀ ਵਿੱਚੋਂ ਮੁਰਗਾਬੀਆਂ ਦੇ ਉੱਡਣ ਦਾ ਖੜਕਾ ਹੋਇਆ ਤਾਂ ਇੱਕ ਪਲ ਉਸ ਨੇ ਹਨੇਰੇ ਵਿੱਚ ਡੁੱਬੇ ਟੋਭੇ ਵੱਲ ਨਿਗਾ ਮਾਰੀ। ਗੁਰੂ ਘਰ ਦੇ ਨਿਸ਼ਾਨ ਸਾਹਿਬ ਦਾ ਚਾਨਣ ਟੋਭੇ ਦੀ ਹਿੱਕ ’ਤੇ ਚਮਕ ਰਿਹਾ ਸੀ। ਜਾਨਵਰਾਂ ਦੇ ਉੱਡਣ ਨਾਲ ਹੁਣ ਇਹ ਚਾਨਣ ਨਿੱਕੀਆਂ-ਨਿੱਕੀਆਂ ਲਹਿਰਾਂ ਉੱਪਰ ਡੋਲ ਰਿਹਾ ਸੀ। ਆਸਿਫ਼ ਦਾ ਧਿਆਨ ਇੱਧਰੋਂ ਹਟ ਕੇ ਨਿਸ਼ਾਨ ਸਾਹਿਬ ਦੇ ਬੱਲਬ ਵੱਲ ਗਿਆ, ਅਸਮਾਨ ਵਿੱਚ ਇਹ ਵੱਡੇ ਤਾਰੇ ਵਾਂਗ ਚਮਕ ਰਿਹਾ ਸੀ। ਉਹ ਗੁਰੂ ਘਰ ਕੋਲੋਂ ਲੰਘਦਾ ਸੂਏ ਦੀ ਪਟੜੀ ਚੜ ਗਿਆ। ਸੂਏ ਦੇ ਪਾਣੀ ਵਿੱਚੋਂ ਉੱਠਦੀ ਭਾਫ਼ ਹਨੇਰੇ ਨੂੰ ਹੋਰ ਗਾੜਾ ਕਰ ਰਹੀ ਸੀ। ਪਟੜੀ ਦੇ ਖੱਬੇ ਹੱਥ ਖੇਤਾਂ ਵਿੱਚ ਦੂਰ ਤੱਕ ਹਨੇਰਾ ਹੀ ਹਨੇਰਾ ਪਸਰਿਆ ਸੀ ਜਿਵੇਂ ਹਰ ਪਾਸੇ ਕੁਦਰਤ ਨੇ ਕਾਲਖ ਦਾ ਬੁਰਸ਼ ਫੇਰ ਦਿੱਤਾ ਹੋਵੇ।
ਆਸਿਫ਼ ਖੇਤ ਆਉਣਾ ਤਾਂ ਜਲਦੀ ਚਾਹੁੰਦਾ ਸੀ ਪਰ ਮਾਮਲਾ ਹੀ ਅਜਿਹਾ ਸੀ ਕਿ ਉਹ ਅੱਧ-ਵਿਚਕਾਰ ਛੱਡ ਕੇ ਵੀ ਨਹੀਂ ਆ ਸਕਦਾ ਸੀ। ਉਸਨੇ ਸਹਿਜ ਨੂੰ ਵੀ ਮੈਸੇਜ ਕਰ ਦਿੱਤਾ ਸੀ ਕਿ ਉਹ ਅੱਜ ਲੇਟ ਗੱਲ ਕਰੇਗਾ। ਸਹਿਜ ਨੇ ਪੁੱਛਿਆ ਸੀ, “ਕਿਉਂ?” ਆਸਿਫ਼ ਨੇ, “ਬਾਅਦ ’ਚ ਦੱਸੂੰ।” ਕਹਿ ਕੇ ਫੋਨ ਕੱਟ ਦਿੱਤਾ ਸੀ। ਹੁਣ ਜਦੋਂ ਉਹ ਵਿਹਲਾ ਹੋਇਆ ਸੀ ਤਾਂ ਦਸ ਵੱਜ ਗਏ ਸਨ।
ਅੱਜ ਤਰਨ ਤੇ ਰੀਤ ਦੇ ਵਿਆਹ ਦੀ ਗੱਲ ਉਸਦੇ ਡੈਡੀ ਨਾਲ ਕਰਨ ਲਈ ਉਹ ਸਾਰੇ ਮਿੱਤਰ ਹੌਸਲਾ ਜਿਹਾ ਕਰ ਕੇ ਤਰਨ ਦੇ ਘਰ ਗਏ ਸਨ। ਤਰਨ ਨੇ ਰੀਤ ਬਾਰੇ ਹੌਲੀ-ਹੌਲੀ ਆਪਣੀ ਮਾਂ ਅਤੇ ਛੋਟੀ ਭੈਣ ਨੂੰ ਤਾਂ ਦੱਸ ਦਿੱਤਾ ਸੀ ਪਰ ਆਪਣੇ ਪਿਤਾ ਨੂੰ ਦੱਸਣ ਦਾ ਉਸਨੂੰ ਹੌਸਲਾ ਨਹੀਂ ਪਿਆ ਸੀ। ਇਸੇ ਕਰਕੇ ਉਸ ਨੇ ਇਸ ਕੰਮ ਲਈ ਆਪਣੇ ਦੋਸਤਾਂ ਦੀ ਡਿਊਟੀ ਲਗਾ ਦਿੱਤੀ ਸੀ। ਆਸਿਫ਼ ਹੋਰਾਂ ਨੇ ਪਹਿਲਾਂ ਦਿਨ ਵੇਲੇ ਉਸਦੀ ਮਾਂ ਨਾਲ ਗੱਲ ਕੀਤੀ। ਉਸਦੀ ਮਾਂ ਵੱਲੋਂ ਤਾਂ ਹਰੀ ਝੰਡੀ ਸੀ। ਉਸਦੀ ਭੈਣ ਵੀ ਰੀਤ ਨੂੰ ਭਾਬੀ ਕਹਿਣ ਲਈ ਕਾਹਲੀ ਪਈ ਹੋਈ ਸੀ। ਹੁਣ ਬੱਸ ਉਸਦੇ ਪਿਤਾ ਅੱਗੇ ਗੱਲ ਖੋਲਣੀ ਬਾਕੀ ਸੀ। ਇਹ ਗੱਲ ਖੋਲਣ ਲਈ ਹੀ ਉਹ ਸਾਰੇ ਅੱਜ ਸ਼ਾਮ ਨੂੰ ਤਰਨ ਦੇ ਘਰ ਆਏ ਸਨ।
“ਤਾਇਆ! ਥੋੜਾ ਜਾ ਇੱਧਰ ਨੂੰ ਆਈਂ।” ਆਸਿਫ਼ ਨੇ ਤਰਨ ਦੇ ਪਿਤਾ ਨੂੰ ਇੱਕ ਕਮਰੇ ਵਿੱਚ ਬੁਲਾ ਲਿਆ। ਬਾਕੀ ਸਾਰੇ ਵੀ ਉਸਦੇ ਆਲੇ-ਦੁਆਲੇ ਬੈਠ ਗਏ। ਉਹ ਪਹਿਲਾਂ ਤਾਂ ਇੱਧਰ-ਉੱਧਰ ਦੀਆਂ ਗੱਲਾਂ ਕਰਦੇ ਰਹੇ ਜਦੋਂ ਮਾਹੌਲ ਸਾਜਗਾਰ ਦਿਸਿਆ ਤਾਂ ਆਸਿਫ਼ ਅਸਲ ਮੁੱਦੇ ਉੱਪਰ ਆ ਗਿਆ।
“ਤਾਇਆ, ਅਸੀਂ ਤਾਂ ਤਰਨ ਨੂੰ ਜ਼ੋਰ ਪਾਉਣ ਆਏ ਸੀ ਕਿ ਹੁਣ ਤੇਰਾ ਲੱਡੂ ਖਵਾਉਣ ਦਾ ਟੈਂਮ ਹੋ ਗਿਐ।”
“ਥੋਡਾ ਮਿੱਤਰ ਐ, ਥੋਡੀ ਮੰਨੂ। ਸਾਡੀ ਤਾਂ ਇਹ ਕਿੱਥੇ ਮੰਨਦੈ। ਸਗੋਂ ਜੇ ਹੁਣ ਇਹ ਵਿਆਹ ਕਰਵਾਵੇ ਤਾਂ ਇਹਦੀ ਮਾਂ ਨੂੰ ਵੀ ਰੋਟੀ-ਟੁੱਕ ਦਾ ਸੌਖਾ ਹੋਜੇ।” ਤਰਨ ਦਾ ਪਿਤਾ ਵੀ ਮੁੰਡਾ ਵਿਆਹੁਣ ਲਈ ਕਾਹਲਾ ਸੀ।
“ਵਿਆਹ ਤਾਂ ਇਹਦਾ ਹੁਣ ਕਰ ਦਿੰਨਿਆਂ ਜੀ ਬੱਸ ਥੋਡੀ ਇਜਾਜ਼ਤ ਚਾਹੀਦੀ ਐ।” ਨੰਦੂ ਨੇ ਤਰਨ ਦੇ ਪਿਤਾ ਦੇ ਮੂੰਹ ਵੱਲ ਵੇਖਦਿਆਂ ਕਿਹਾ।
“ਲੈ ਮੇਰੀ ਤਾਂ ਇਜਾਜ਼ਤ ਈ ਇਜਾਜ਼ਤ ਐ। ਇਹ ਕਰਵਾਉਣ ਆਲਾ ਬਣੇ।” ਸਰਦੂਲ ਨੇ ਨੀਵੀਂ ਪਾਈ ਬੈਠੇ ਤਰਨ ਵੱਲ ਵੇਖਿਆ।
“ਕੁੜੀ ਤੁਸੀਂ ਆਪਣੀ ਪਸੰਦ ਦੀ ਲਓਂਗੇ ਜਾਂ ਇਹਦੇ ਪਸੰਦ ਦੀ ਜੀ?” ਆਸਿਫ਼ ਨੇ ਗੱਲ ਨੂੰ ਅਸਲ ਮੁੱਦੇ ਦੇ ਹੋਰ ਨੇੜੇ ਕਰ ਲਿਆ।
“ਪਹਿਲੀ ਪਸੰਦ ਤਾਂ ਇਸੇ ਦੀ ਓ ਚੱਲੂ। ਉਮਰ ਤਾਂ ਇਹਨੇ ਕੱਢਣੀ ਐ ਉਹਦੇ ਨਾਲ।” ਸਰਦੂਲ ਦਾ ਹੁੰਗਾਰਾ ਹਾਂ ਪੱਖੀ ਸੀ। ਉਹ ਹੁਣ ਕੁਝ-ਕੁਝ ਗੱਲ ਸਮਝ ਗਿਆ ਸੀ ਕਿ ਅਸਲ ਮਾਮਲਾ ਕੀ ਹੋ ਸਕਦਾ ਹੈ। ਕਿਉਂ ਇਸ ਪੂਰੀ ਜੁੰਡਲੀ ਨੇ ਮੇਰੇ ’ਤੇ ਧਾਵਾ ਬੋਲਿਆ ਹੈ?
“ਸਹੀ ਗੱਲ ਤਾਂ ਤਾਇਆ ਇਹ ਐ ਕਿ ਇਹਨੇ ਇੱਕ ਕੁੜੀ ਪਸੰਦ ਕਰ ਰੱਖੀ ਐ। ਉਹਨੂੰ ਮੈਂ ਵੀ ਜਾਣਦਾਂ। ਕੁੜੀ ਬਹੁਤ ਸ਼ਰੀਫ਼ ਐ। ਪੜਾਈ ’ਚ ਹੁਸ਼ਿਆਰ ਐ। ਸਿਆਣੀ ਐ।” ਸਕੀਮੀ ਇਸ ਤਰਾਂ ਤਾਰੀਫ਼ ਕਰਨ ਲੱਗ ਪਿਆ ਜਿਵੇਂ ਉਹ ਉਸਦੀ ਭੂਆ ਦੀ ਕੁੜੀ ਹੋਵੇ।
“ਸੋਹਣੀ ਵੀ ਐ?” ਅਸਲ ਗੱਲ ਸਮਝਦਿਆਂ ਸਰਦੂਲ ਦੀ ਹਾਸੀ ਨਿੱਕਲ ਗਈ।
“ਕਾਹਨੂੰ ਪੁੱਛਦੈ ਤਾਇਆ। ਫੁੱਟ ਵਰਗੀ ਪਈ ਐ।” ਸਕੀਮੀ ਦਾ ਲਾਇਆ ਪੈੱਗ ਬੋਲ ਪਿਆ। ਸਾਰਿਆਂ ਦੀ ਹਾਸੀ ਵੀ ਛੁੱਟ ਗਈ ਤੇ ਆਸਿਫ਼ ਨੇ ਉਸ ਵੱਲ ਅੱਖਾਂ ਵੀ ਕੱਢੀਆਂ ਕਿ ਐਵੇਂ ਨਾ ਕੋਈ ਹੋਰ ਹੀ ਸਟੇਸ਼ਨ ਫੜ ਲਵੀਂ।
“ਕਿੱਥੇ ਦੀ ਐ ਓਏ? ਤੇਰੇ ਨਾਲ ਪੜਦੀ ਐ?” ਸਰਦੂਲ ਨੇ ਮੰਦ-ਮੰਦ ਮੁਸਕਰਾਉਂਦਿਆਂ ਤਰਨ ਤੋਂ ਪੁੱਛਿਆ।
“ਨਾ ਜੀ, ਮੋਗੇ ਕਣੀਂ ਦੀ ਐ।”
“ਤੂੰ ਕਿਮੇਂ ਜਾਣਦੈਂ ਉਹਨੂੰ? ਕਿੱਥੇ ਮਿਲੀ ਸੀ ਤੈਨੂੰ”
“ਸਾਡੇ ਕਾਲਜ ਆਈ ਸੀ ਪ੍ਰੋਗਰਾਮ ’ਤੇ।” ਅਗਲਾ ਜਵਾਬ ਤਰਨ ਤੋਂ ਪਹਿਲਾਂ ਹੀ ਕਾਹਲੀ ਨਾਲ ਸਕੀਮੀ ਨੇ ਦੇ ਦਿੱਤਾ।
“ਕਿੰਨਾਂ ਦੀ ਕੁੜੀ ਐ?”
“ਮਿਸਤਰੀਆਂ ਦੀ ਐ ਜੀ।” ਸਕੀਮੀ ਦਾ ਲਾਇਆ ਪੈੱਗ ਉਸ ਨੂੰ ਤੋਤੇ ਵਾਂਗ ਬੁਲਾ ਰਿਹਾ ਸੀ।
“ਸਾਲਿਆ ਕੋਈ ਜੱਟੀ ਨੀ ਥਿਆਈ?” ਸਰਦੂਲ ਦੇ ਮੱਥੇ ਤਿਊੜੀਆਂ ਪੈ ਗਈਆਂ। ਸਾਰਿਆਂ ਦਾ ਦਿਲ ਧੱਕ-ਧੱਕ ਕਰਨ ਲੱਗ ਪਿਆ। ਹੁਣ ਪਤਾ ਨਹੀਂ ਕੀ ਜਵਾਬ ਆਵੇਗਾ? ਪਰ ਸਰਦੂਲ ਏਨਾ ਕਹਿ ਕੇ ਚੁੱਪ ਹੋ ਗਿਆ। ਸਰਦੂਲ ਨੂੰ ਚੁੱਪ ਹੋਇਆ ਵੇਖ ਕੇ ਅਗਲੀ ਗੱਲ ਆਸਿਫ਼ ਨੇ ਸੰਭਾਲ ਲਈ।
“ਤਾਇਆ, ਅੱਜ-ਕੱਲ ਜਾਤਾਂ ਨੂੰ ਕੌਣ ਪੁੱਛਦੈ। ਦੋਵੇਂ ਜੀਆਂ ਦੀ ਸੁਰ ਮਿਲਦੀ ਰਹੇ ਇਹ ਤੋਂ ਵੱਧ ਹੋਰ ਕੀ ਐ? ਆਹ ਤੇਰੇ ਕੋਲੇ ਟੋਭੇ ਆਲਿਆਂ ਦੀ ਬਹੂ ਦੇਖਲੈ। ਵੱਡੀ ਜੱਟੀ ਵਿਆਹ ਕੇ ਲਿਆਏ ਸੀ। ਉਹ ਅਦਾਲਤਾਂ ਤੱਕ ਪਹੁੰਚਗੇ ਕੇਸ। ਸਾਰੇ ਟੱਬਰ ਦਾ ਨਾਸੀਂ ਧੂੰਆਂ ਲਿਆ ’ਤਾ। ਦੋ ਕਿੱਲੇ ਬੈਅ ਕਰ ਕੇ ਪੈਂਡਾ ਛੁੱਟਿਆ।”
“ਲੋਕਾਂ ਦਾ ਕਿਹੜਾ ਆਪਾਂ ਮੂੰਹ ਫੜਲਾਂਗੇ, ਉਹਨਾਂ ਨੇ ਤਾਂ ਮਿਹਣਾ ਮਾਰ ਏ ਦੇਣੈ।” ਸਰਦੂਲ ਦੇ ਮੱਥੇ ਦੀ ਤਿਊੜੀ ਥੋੜੀ ਢਿੱਲੀ ਹੋ ਗਈ ਸੀ।
“ਕੋਈ ਨੀ ਮਿਹਣਾ ਮਾਰਦਾ। ਤੇਰੀ ਸੇਵਾ ਜੱਟੀਆਂ ਨਾਲੋਂ ਵੱਧ ਕਰੂਗੀ। ਆਹ ਤਰਨ ਸੁਣਦੈ, ਜੇ ਦੋਮਾਂ ’ਚੋਂ ਕੋਈ ਬੋਲਿਆ ਤਾਂ ਸਾਨੂੰ ਚਾਹੇ ਅੱਧੀ ਰਾਤ ਨੂੰ ਸੁਨੇਹਾ ਲਾ ਦੀਂ ਤਾਇਆ। ਨਾਲੇ, ਇਹ ਆਪਣੀ ਮਰਜੀ ਨਾਲ ਵਿਆਹ ਕਰਵਾ ਰਿਹੈ। ਕੱਲ ਨੂੰ ਜੇ ਇਹ ਪੰਜ-ਤਿੰਨ ਕਰਨਗੇ ਵੀ, ਤਾਂ ਤੁਸੀਂ ਕਹਿਣ ਜੋਕਰੇ ਤਾਂ ਹੋਮੋਂਗੇ ਕਿ ਆਪ ਤਾਂ ਤੂੰ ਆਪਣੀ ਪਸੰਦ ਦਾ ਵਿਆਹ ਕਰਵਾਇਐ। ਇਹ ਦੋਵੇਂ ਆਪਣੇ ਮੂਹਰੇ ਬੋਲਣ ਜੋਕਰੇ ਨੀ ਹੋਣੇ।” ਆਸਿਫ਼ ਨੇ ਬੜੀ ਸਿਆਣਪ ਨਾਲ ਗੱਲ ਨੂੰ ਗੇੜਾ ਦੇ ਲਿਆ।
ਉਹ ਇੱਕ ਘੰਟਾ ਸਰਦੂਲ ਨੂੰ ਆਪਣੇ ਪੱਖ ’ਚ ਕਰਨ ਲਈ ਦਲੀਲਾਂ ਦਿੰਦੇ ਰਹੇ। ਅਖੀਰ ਸਰਦੂਲ ਨੇ ਉਹਨਾਂ ਦੀਆਂ ਦਲੀਲਾਂ ਅੱਗੇ ਆਪਣੇ ਹਥਿਆਰ ਸੁੱਟਦਿਆਂ ਕਹਿ ਦਿੱਤਾ,“ਜਿਹੋ ਜਿਹੀ ਵਾਅ, ਓਹੋ ਜਿਹਾ ਓਹਲਾ। ਨਵਾਂ ਜ਼ਮਾਨੈ ਭਾਈ ਥੋਡਾ। ਮਰਜੀ ਐ ਭਾਈ ਇਹਨਾਂ ਦੀ। ਚੰਗਾ ਮਾੜਾ ਇਹਨਾਂ ਨੇ ਹੀ ਵਿਚਾਰਨੈ। ਜਿਵੇਂ ਇਹਨਾਂ ਦਾ ਦਿਲ ਕਰਦੈ, ਕਰ ਲੈਣ ਦਿਓ ਫੇਰ।”
ਸਰਦੂਲ ਦੀ ਗੱਲ ਸੁਣ ਕੇ ਸਾਰਿਆਂ ਦਾ ਮਨ ਖਿੜ ਗਿਆ। ਤਰਨ ਦਾ ਦਿਲ ਬਾਗੋ-ਬਾਗ ਹੋ ਗਿਆ। ਉਸਦੇ ਅੰਦਰਲੀ ਖੁਸ਼ੀ ਮੁਸਕਾਨ ਰਾਹੀਂ ਬੁੱਲਾਂ ’ਤੇ ਆ ਨੱਚੀ। ਜਦੋਂ ਇਹਨਾਂ ਦੀ ਸਭਾ ਖਤਮ ਹੋਈ ਤਾਂ ਇਹ ਖੁਸ਼ੀ ਸਭ ਤੋਂ ਪਹਿਲਾਂ ਰੀਤ ਨੂੰ ਮੈਸੇਜ ਕਰ ਕੇ ਦੱਸ ਦਿੱਤੀ। ਤਰਨ ਤੋਂ ਕਿਸੇ ਦਿਨ ਵੱਡੀ ਪਾਰਟੀ ਲੈਣ ਦਾ ਵਾਅਦਾ ਕਰ ਕੇ ਉਹ ਆਪੋ-ਆਪਣੇ ਘਰਾਂ ਦੇ ਰਾਹ ਪੈ ਗਏ। ਆਸਿਫ਼ ਨੇ ਖੇਤ ਮੋਟਰ ’ਤੇ ਆਉਣਾ ਸੀ। ਉਹ ਘਰੋਂ ਦੁੱਧ, ਚਾਹ ਤੇ ਖੰਡ ਲੈ ਕੇ ਖੇਤ ਨੂੰ ਤੁਰ ਪਿਆ ਸੀ।
ਆਸਿਫ਼ ਨੇ ਸਾਈਕਲ ਸੂਏ ਦੀ ਪਟੜੀ ਤੋਂ ਖੇਤ ਵਾਲੀ ਪਹੀ ਉਤਾਰ ਲਿਆ ਸੀ। ਠੰਢ ਨਾਲ ਉਸ ਦੇ ਸਾਈਕਲ ਦੇ ਹੈਂਡਲ ਨੂੰ ਪਾਏ ਹੱਥ ਠਰ ਗਏ ਸਨ। ਖੇਤ ਪਹੰੁਚ ਕੇ ਉਸ ਨੇ ਸਾਈਕਲ ਮੋਟਰ ਦੇ ਕੋਠੇ ਨਾਲ ਲਗਾ ਦਿੱਤਾ। ਮੋਬਾਈਲ ਦੀ ਲਾਇਟ ਲਗਾ ਕੇ ਉਹ ਜਿੰਦਰਾ ਖੋਲਣ ਦੀ ਕੋਸ਼ਿਸ਼ ਕਰਨ ਲੱਗਿਆ। ਠਰੇ ਹੋਏ ਹੱਥਾਂ ਨਾਲ ਜਿੰਦਰਾ ਮਸਾਂ ਖੁੱਲਿਆ। ਕੋਠੇ ਅੰਦਰ ਰੇਹ ਪਈ ਵੇਖ ਕੇ ਉਸਦੇ ਯਾਦ ਆਇਆ ਕਿ ਉਹ ਤਰਨ ਦਾ ਫੋਨ ਆਉਣ ਤੇ ਉਸਦੇ ਘਰ ਜਾਣ ਲਈ ਏਨਾ ਕੁ ਕੰਮ ਵਿਚਕਾਰ ਛੱਡ ਕੇ ਹੀ ਚਲਾ ਗਿਆ ਸੀ। ਸੋਚਿਆ ਸੀ, ਉਧਰੋਂ ਜਲਦੀ ਮੁੜ ਕੇ ਸੁੱਟ ਲਵਾਂਗਾ ਪਰ ਗੱਲਾਂ-ਗੱਲਾਂ ਵਿੱਚ ਹੀ ਰਾਤ ਦੇ ਦਸ ਵੱਜ ਗਏ ਸਨ। ਕਣਕ ਰਮਾਉਣੀ ਵੀ ਇੱਧਰੋਂ ਹੀ ਸ਼ੁਰੂ ਕਰਨੀ ਸੀ ਜਿਸ ਪਾਸੇ ਰੇਹ ਸੁੱਟਣਾ ਰਹਿੰਦਾ ਸੀ।
‘ਚਲੋ ਹੁਣ ਸੁੱਟ ਦਿੰਨੇਆਂ, ਦੋ ਮਿੰਟਾਂ ਦਾ ਕੰਮ ਐ।’ ਉਸ ਨੇ ਸੋਚਦਿਆਂ ਕਿੱਲੇ ਟੰਗਿਆ ਝਲੂਗਾ ਅਜੇ ਉਤਾਰਿਆ ਹੀ ਸੀ ਕਿ ਸਹਿਜ ਦਾ ਫੋਨ ਆ ਗਿਆ।
“ਹੈਲੋ।”
“ਏਨੀ ਲੇਟ?” ਸਹਿਜ ਹੈਰਾਨ ਸੀ ਕਿ ਅਜੇ ਤੱਕ ਆਸਿਫ਼ ਨੇ ਫੋਨ ਕਿਉਂ ਨਹੀਂ ਕੀਤਾ ਸੀ।
“ਯਾਰ, ਬੱਸ ਥੋੜੀ ਜੀ ਹੋਰ ’ਡੀਕ ਕਰ। ਤੈਨੂੰ ਇੱਕ ਖੁਸ਼ਖ਼ਬਰੀ ਦੇਣੀ ਐ।”
“ਕੀ?”
“ਤੂੰ ਖੜ ਜਾ ਇੱਕ ਮਿੰਟ, ਕੰਮ ਕਰਲਾਂ ਥੋੜਾ ਜਾ।”
“ਓਕੇ। ਜਲਦੀ ਕਰੀਂ।”
“ਓਕੇ ਬਾਏ।”
ਆਸਿਫ਼ ਰੇਹ ਦਾ ਝਲੂਗਾ ਭਰ ਕੇ ਕੋਠੇ ਤੋਂ ਬਾਹਰ ਆ ਗਿਆ। ਗਿੱਠ-ਗਿੱਠ ਹੋਈ ਕੋਰ ਕਣਕ ਇੰਝ ਨਜ਼ਰ ਆ ਰਹੀ ਸੀ ਜਿਵੇਂ ਹਨੇਰੇ ਦੀ ਬੁੱਕਲ ਮਾਰੀਂ ਸੁੱਤੀ ਪਈ ਹੋਵੇ। ਨਹਿਰ ਦੇ ਉੱਚੇ ਸਫੈਦਿਆਂ ਤੋਂ ਪਾਰ ਲਿਸ਼ਕਦੀ ਅਸਮਾਨੀ ਬਿਜਲੀ ਝਾਤੀਆਂ ਮਾਰ ਰਹੀ ਸੀ। ਆਸਿਫ਼ ਨੇ ਅਸਮਾਨ ਵੱਲ ਵੇਖਿਆ, ਸਾਰਾ ਅਸਮਾਨ ਕਾਲੇ ਬੱਦਲਾਂ ਨਾਲ ਘਿਰਿਆ ਖੜਾ ਸੀ। ਝਲੂਗੇ ਵਾਲੇ ਮੋਢੇ ਵਿੱਚ ਬੈਟਰੀ ਪਾ ਕੇ ਉਸ ਨੇ ਕੱਛ ਹੇਠ ਦਬਾ ਲਈ। ਬੈਟਰੀ ਦਾ ਚਾਨਣ ਐਨ ਸਾਹਮਣੇ ਪੈ ਰਿਹਾ ਸੀ। ਉਸ ਨੇ ਮੁੱਠੀ ਭਰ ਕੇ ਪਹਿਲਾ ਛਾਣਾ ਦਿੱਤਾ ਤਾਂ ਕਣਕ ਦੇ ਪੱਤਿਆਂ ’ਤੇ ਵੱਜਦੇ ਰੇਹ ਦੇ ਦਾਣਿਆਂ ਨੇ ਆਪਣਾ ਸੰਗੀਤ ਛੇੜ ਦਿੱਤਾ। ਨੰਗੇ ਪੈਰੀਂ, ਨੰਗੀ ਧਰਤੀ ’ਤੇ ਤੁਰਦਿਆਂ ਅਤੇ ਤ੍ਰੇਲ ਭਿੱਜੀ ਕਣਕ ਨੇ ਉਸ ਦੇ ਪੈਰ ਸੁੰਨ ਕਰ ਦਿੱਤੇ। ਉਸ ਨੂੰ ਲੱਗਿਆ ਜਿਵੇਂ ਉਹ ਬਰਫ਼ ਦੀਆਂ ਸਿੱਲੀਆਂ ’ਤੇ ਤੁਰ ਰਿਹਾ ਹੋਵੇ। ਰੇਹ ਦਾ ਆਖਰੀ ਝਲੂਗਾ ਸੁੱਟਦਿਆਂ ਲਾਇਟ ਆ ਗਈ। ਆਲੇ-ਦੁਆਲੇ ਖੇਤਾਂ ਵਾਲੇ ਬੱਲਬ ਤਾਰਿਆਂ ਵਾਂਗ ਜਗ ਪਏ। ਆਸਿਫ਼ ਦੀ ਮੋਟਰ ਨੇ ਵੀ ਖੱਪ-ਖੱਪ ਕਰਦਿਆਂ ਪਾਣੀ ਦੀ ਧਾਰ ਖੇਲ ਵਿੱਚ ਮਾਰੀ। ਆਸਿਫ਼ ਨੇ ਕਾਹਲੀ ਨਾਲ ਪਾਣੀ ਅੱਗੇ ਕਰ ਕੇ ਹੱਥ ਪੈਰ ਧੋ ਲਏ। ਨਿੱਘੇ ਪਾਣੀ ਨਾਲ ਉਸ ਨੂੰ ਆਰਾਮ ਜਿਹਾ ਆ ਗਿਆ। ਆਸਿਫ਼ ਨੇ ਇੱਧਰੋਂ ਵਿਹਲਾ ਹੋ ਕੇ ਸਹਿਜ ਨੂੰ ਫੋਨ ਲਾ ਲਿਆ।
“ਹੂੰ…..।” ਸਹਿਜ ਦੀ ਨੀਂਦ ’ਚ ਘੁਲੀ ਹੋਈ ਹੌਲੀ ਜਿਹੀ ਅਵਾਜ਼ ਆਈ।
“ਹਾਂ ਸਹਿਜ। ਸੌਂ ਗਈ ਸੀ?”
“ਨਹੀਂ। ਜਾਗਦੀ ਉਡੀਕ ਕਰ ਰਹੀ ਸੀ। ਤੂੰ ਏਨਾ ਟੈਂਮ ਕਿੱਥੇ ਲਾ ’ਤਾ?”
“ਓਹ ਯਾਰ…. ਰੇਹ ਸਿੱਟਣੀ ਰਹਿ ਗੀ ਸੀ ਦਿਨੇ। ਹੁਣ ਸਿੱਟੀ ਐ।”
“ਦਿਨੇ ਸੁੱਟ ਦਿੰਦਾ। ਹੁਣ ਅੱਧੀ ਰਾਤ ਨੂੰ ਜ਼ਰੂਰੀ ਸੀ ਕੋਈ।”
“ਕਣਕ ਰਮਾਉਣ ਤੋਂ ਪਹਿਲਾਂ ਸਿਟਣੀ ਪੈਂਦੀ ਐ।”
“ਕਿਉਂ?”
“ਚਲ ਛੱਡ। ਤੈਨੂੰ ਨੀ ਇਹਨਾਂ ਗੱਲਾਂ ਦਾ ਪਤਾ ਹੈਗਾ। ਇੱਕ ਖੁਸ਼ਖ਼ਬਰੀ ਸੁਣ।” ਆਸਿਫ਼ ਨੇ ਗੱਲ ਨੂੰ ਮੋੜਾ ਦੇ ਦਿੱਤਾ।
“ਹਾਂ ਜੀ, ਦੱਸੋ!” ਸਹਿਜ ਵੀ ਉਤਸੁਕਤਾ ਨਾਲ ਭਰ ਗਈ।
“ਤਰਨ ਤੇ ਰੀਤ ਦੇ ਵਿਆਹ ਵਾਸਤੇ ਤਰਨ ਦਾ ਡੈਡੀ ਮੰਨ ਗਿਆ।”
“ਅੱਛਾ! ਵਾਓ….। ਵੈਰੀ ਨਾਈਸ।” ਸਹਿਜ ਸੁਣ ਕੇ ਖੁਸ਼ ਹੋ ਗਈ।
“ਅੱਜ ਠੰਢ ਬਹੁਤ ਐ।” ਪਾਣੀ ਦੇਖਣ ਲਈ ਬਾਹਰ ਨਿੱਕਲੇ ਆਸਿਫ਼ ਨੂੰ ਠੰਢੀ ਹਵਾ ਨੇ ਕਾਂਬਾ ਚਾੜ ਦਿੱਤਾ। ਉਹ ਗੱਲਾਂ ਕਰਦਾ ਕਿਆਰੇ ਦੇ ਨੱਕੇ ਤੱਕ ਪਾਣੀ ਦੇਖ ਕੇ ਵਾਪਸ ਮੁੜ ਆਇਆ। ਹੁਣ ਕੋਈ-ਕੋਈ ਕਣੀ ਵੀ ਡਿੱਗਣ ਲੱਗ ਪਈ ਸੀ।
“ਮੈਨੂੰ ਲਗਦੈ ਮੀਂਹ ਆਊਗਾ।” ਆਸਿਫ਼ ਇੱਕ ਹੱਥ ਨਾਲ ਕੱਪੜੇ ਵਿਛਾਉਣ ਲੱਗ ਪਿਆ।
“ਹਾਂ ਸਾਡੇ ਵੀ ਆਥਣੇ ਜਿਹੇ ਖ਼ਾਸੇ ਬੱਦਲ ਹੋ ਗਏ ਸੀ।” ਸਹਿਜ ਨੇ ਹਾਮੀ ਭਰੀ।
ਉਹਨਾਂ ਦੇ ਗੱਲਾਂ ਕਰਦਿਆਂ ਛੱਤ ਉੱਤੇ ਕਣੀਆਂ ਪੈਣ ਦੀ ਅਵਾਜ਼ ਆਉਣ ਲੱਗ ਪਈ। ਆਸਿਫ਼ ਨੇ ਕੋਠੇ ਦਾ ਬਾਰ ਖੋਲ ਕੇ ਵੇਖਿਆ। ਤੇਜ਼ ਮੀਂਹ ਉੱਤਰ ਆਇਆ ਸੀ।
“ਉਰੇ ਤਾਂ ਉੱਤਰ ਆਇਆ ਮੀਂਹ।” ਆਸਿਫ਼ ਨੇ ਮੋਟਰ ਦੀ ਸਵਿੱਚ ਬੰਦ ਕਰ ਦਿੱਤੀ।
“ਸਾਡੇ ਵੀ ਆ ਗਿਆ। ਚਲ ਤੇਰਾ ਕੰਮ ਰੱਬ ਕਰ ਦਿਊਗਾ।”
“ਹਾਂ ਮੈਂ ਤਾਂ ਮੋਟਰ ਬੰਦ ਕਰ ’ਤੀ।”
“ਚਲ ਮੈਂ ਥੱਲੇ ਜਾਨੀ ਆਂ। ਕੱਲ ਗੱਲ ਕਰਾਂਗੇ। ਹੁਣ ਸੌਂ ਜਾ ਰਜਾਈ ਦੱਬ ਕੇ।” ਸਹਿਜ ਨੇ ਇਜਾਜ਼ਤ ਮੰਗੀ।
“ਕਿਹੜੀ ਰਜਾਈ? ਇੱਕ ਕੰਬਲ ਐ ਸੜਿਆ ਜਾ।”
“ਰਜਾਈ ਚੱਕ ਲਿਆਉਂਦਾ ਘਰੋਂ। ਹੁਣ ਇੱਥੇ ਪਾਲੇ ਮਰੇਂਗਾ।” ਸਹਿਜ ਨੇ ਉਸ ਉੱਪਰ ਫਿਕਰ ਭਰਿਆ ਗੁੱਸਾ ਕੀਤਾ।
“ਨਾ, ਐਂ ਤਾਂ ਗਰਮ ਕੰਬਲ ਐ।”
“ਹੁਣ ਮੈਂ ਕੱਟਦੀ ਆਂ। ਆਪਣਾ ਖਿਆਲ ਰੱਖੀਂ। ਓਕੇ ਬਾਏ।” ਸਹਿਜ ਫੋਨ ਕੱਟ ਕੇ ਹੇਠਾਂ ਉੱਤਰ ਗਈ।
ਤੇਜ਼ ਹਵਾ ਨਾਲ ਮੀਂਹ ਵੀ ਹੋਰ ਤੇਜ਼ ਹੋ ਗਿਆ ਸੀ। ਕਣੀਆਂ ਕੋਠੇ ਦੀਆਂ ਕੰਧਾਂ ਨਾਲ ਟੱਕਰਾਂ ਮਾਰ ਰਹੀਆਂ ਸਨ। ਖਿੜਕੀ ਦੀ ਥਾਂ ਇੱਕ ਪਾਸੇ ਲੱਗੇ ਛੋਟੇ ਜਿਹੇ ਰੌਸ਼ਨਦਾਰ ਵਿੱਚੋਂ ਠੰਢੀ ਹਵਾ ਸ਼ੂਕਦੀ ਅੰਦਰ ਆ ਰਹੀ ਸੀ। ਕੰਬਲ ਵਿੱਚ ਪਏ ਆਸਿਫ਼ ਨੂੰ ਕਾਂਬਾ ਚੜ ਰਿਹਾ ਸੀ। ‘ਹੁਣ ਇਸ ਦਾ ਕੀ ਲਾਜ ਕਰਾਂ?’ ਆਸਿਫ਼ ਨੇ ਸੋਚਦਿਆਂ ਮੋਬਾਈਲ ਦੇ ਮੱਧਮ ਚਾਨਣੇ ਸਾਰੇ ਕੋਠੇ ਵਿੱਚ ਨਜ਼ਰ ਦੌੜਾਈ। ਉਸਦੀ ਰੇਹ ਵਾਲੀਆਂ ਖ਼ਾਲੀ ਬੋਰੀਆਂ ’ਤੇ ਨਜ਼ਰ ਜਾ ਪਈ ਤਾਂ ਉਸ ਨੇ ਉਹਨਾਂ ਦਾ ਗੋਲਾ ਜਿਹਾ ਬਣਾ ਕੇ ਰੌਸ਼ਨਦਾਨ ਵਿੱਚ ਲਗਾ ਦਿੱਤਾ। ਰੌਸ਼ਨਦਾਨ ਵਿੱਚੋਂ ਹਵਾ ਆਉਣੀ ਬੰਦ ਹੋ ਗਈ। ਆਸਿਫ਼ ਨੂੰ ਮੰਜੇ ਦੇ ਹੇਠੋਂ ਠੰਢ ਮਹਿਸੂਸ ਹੋਈ ਤਾਂ ਉਸਨੇ ਆਪਣੇ ਸਿਰਹਾਣੇ ਰੱਖੀ ਲੋਈ ਦਰੀ ਉੱਪਰੋਂ ਦੀ ਵਿਛਾ ਲਈ ਅਤੇ ਕੰਬਲ ਵਿੱਚ ਲਿਪਟ ਕੇ ਪੈ ਗਿਆ।
ਪਏ-ਪਏ ਅਚਾਨਕ ਉਸ ਨੂੰ ਆਪਣੇ ਦਾਦੇ ਦੀਆਂ ਗੱਲਾਂ ਚੇਤੇ ਆ ਗਈਆਂ। ਉਸਦਾ ਦਾਦਾ ਦੱਸਦਾ ਹੁੰਦਾ ਸੀ ਕਿ ਸੰਤਾਲੀ ਵੇਲੇ ਮੁਸਲਮਾਨਾਂ ਦੀ ਕਿਵੇਂ ਵੱਢ-ਟੁੱਕ ਹੋਈ ਸੀ। ਕਿਵੇਂ ਹਾਣੀਪੁਰ ਵਾਲਿਆਂ ਨੇ ਉਸ ਦੇ ਦਾਦੇ ਹੋਰਾਂ ਦੀ ਆਪਣੇ ਸਕੇ ਭਰਾਵਾਂ ਵਾਂਗ ਰੱਖਿਆ ਕੀਤੀ ਸੀ। ਉਸਦੇ ਦਾਦੇ ਹੋਰੀਂ ਆਪਣੇ ਘਰ, ਆਪਣੀਆਂ ਫ਼ਸਲਾਂ, ਆਪਣੇ ਖੇਤ ਛੱਡ ਕੇ ਜਾਣ ਲਈ ਤਿਆਰ ਨਹੀਂ ਹੋਏ ਸਨ। ਇਹ ਉਹਨਾਂ ਦਾ ਮਿੱਟੀ ਨਾਲ ਮੋਹ ਸੀ। ਦਾਦੇ ਦੀਆਂ ਦੱਸੀਆਂ ਕਿੰਨੀਆਂ ਹੀ ਗੱਲਾਂ ਉਸਦੇ ਮਨ-ਮਸਤਕ ’ਤੇ ਉੱਭਰ ਆਈਆਂ ਸਨ। ਫਿਰ ਉਸ ਨੂੰ ਖ਼ਿਆਲ ਆਇਆ, ‘ਮੈਨੂੰ ਇਸ ਮਿੱਟੀ ਦਾ, ਇਹਨਾਂ ਖੇਤਾਂ ਦਾ ਏਨਾ ਮੋਹ ਕਿਉਂ ਹੈ? ਕਿਉਂ ਮੇਰਾ ਖੇਤਾਂ ਬਿਨਾਂ ਜੀਅ ਨਹੀਂ ਲਗਦਾ?’ ਉਸਦੇ ਸਵਾਲ ਦਾ ਜਵਾਬ ਉਸਦੇ ਆਪੇ ਨੇ ਹੀ ਦਿੱਤਾ ਸੀ, ‘ਮੇਰੇ ਬਾਪੂ, ਮੇਰੇ ਦਾਦੇ, ਮੇਰੇ ਦਾਦੇ ਦੇ ਦਾਦੇ ਤੇ ਹੋਰ ਪਤਾ ਨਹੀਂ ਮੇਰੀਆਂ ਕਿੰਨੀਆਂ ਕੁ ਪੀੜੀਆਂ ਦਾ ਮੁੜਕਾ ਲਹੂ ਬਣ ਕੇ ਇਸ ਧਰਤੀ ਵਿੱਚ ਸਮਾਇਆ ਹੈ। ਉਸੇ ਮੁੜਕੇ ਵਿੱਚੋਂ ਪੈਦਾ ਹੋਇਆ ਅੰਨ ਸਾਡਾ ਢਿੱਡ ਭਰਦਾ ਹੈ। ਮੇਰੀਆਂ ਕਿੰਨੀਆਂ ਪੀੜੀਆਂ ਦੀਆਂ ਪੈੜਾਂ ਹਲ ਵਾਹੁੰਦਿਆਂ ਇਸ ਧਰਤੀ ਦੀ ਹਿੱਕ ’ਤੇ ਪਈਆਂ ਹੋਣਗੀਆਂ। ਉਹਨਾਂ ਦੇ ਹਾਸੇ, ਦੁੱਖ-ਸੁੱਖ ਇਸ ਧਰਤੀ ਨਾਲ ਜੁੜੇ ਹੋਣਗੇ। ਮੇਰੇ ਲਈ ਇਹ ਖੇਤ ਸਿਰਫ ਮਿੱਟੀ ਨਹੀਂ, ਮੇਰੇ ਪੁਰਖਿਆਂ ਦਾ ਅੰਸ਼ ਵੀ ਇਸ ਵਿੱਚ ਰਲਿਆ ਹੋਇਆ ਹੈ।’
ਬੱਦਲਾਂ ਦੀ ਤੇਜ਼ ਗਰਜ ਨਾਲ ਉਹ ਖ਼ਿਆਲਾਂ ਵਿੱਚੋਂ ਬਾਹਰ ਨਿੱਕਲਿਆ। ਹੁਣ ਉਸਦਾ ਕਾਂਬਾ ਉੱਤਰ ਗਿਆ ਸੀ। ਉਸ ਨੂੰ ਪਿਸ਼ਾਬ ਦੀ ਹਾਜਤ ਹੋਈ। ਬਾਹਰ ਮੀਂਹ ਪੈ ਰਿਹਾ ਸੀ। ਆਸਿਫ਼ ਨੇ ਮੋਬਾਈਲ ਦੀ ਲਾਇਟ ਜਗਾ ਕੇ ਬੋਰੀ ਲੱਭੀ। ਬੋਰੀ ਦਾ ਝੁੱਲ ਬਣਾ ਕੇ ਉੱਪਰ ਲੈ ਲਿਆ। ਜਦ ਕੋਠੇ ਦਾ ਬਾਰ ਖੋਲਿਆ ਤਾਂ ਠੰਢੀ ਹਵਾ ਉਸਦੀ ਹਿੱਕ ਚੀਰ ਗਈ। ਬਿਜਲੀ ਲਿਸ਼ਕੀ। ਬਾਹਰ ਪਾਣੀ ਚਮਕਿਆ। ਇਸ ਪਾਣੀ ਤੋਂ ਉਸ ਨੇ ਅੰਦਾਜ਼ਾ ਲਗਾ ਲਿਆ, ‘ਮੀਂਹ ਚੰਗਾ ਪੈ ਗਿਆ ਹੈ।’ ਬਾਹਰ ਤੇਜ਼ ਝਖੇੜੇ ਨਾਲ ਦਰੱਖਤ ਇੰਝ ਝੂਲ ਰਹੇ ਸਨ ਜਿਵੇਂ ਕਿਸੇ ਸਿਆਣੇ ਅੱਗੇ ਕੋਈ ਆਪਣਾ ਝਾਟਾ ਖੋਲੀਂ ਇੱਧਰ-ਉੱਧਰ ਸਿਰ ਘੁਮਾ ਰਿਹਾ ਹੋਵੇ। ਦਰੱਖਤਾਂ ਦੇ ਪੀਲੇ ਪੱਤੇ ਹਵਾ ਨਾਲ ਕਿਰ ਕੇ, ਮੀਂਹ ਨਾਲ ਧਰਤੀ ’ਤੇ ਚਿਪਕੇ ਪਏ ਸਨ।
ਉਸਨੇ ਪਿਸ਼ਾਬ ਕਰ ਕੇ ਕੋਠੇ ਅੰਦਰੋਂ ਮੋਬਾਈਲ ਚੁੱਕਿਆ ਤੇ ਫਿਰ ਕਿਸੇ ਇੰਤਜ਼ਾਰ ਵਿੱਚ ਕੋਠੇ ਦੇ ਬਾਰ ਵਿੱਚ ਆ ਖੜਿਆ। ‘ਕੜ-ਕੜ’ ਕਰਦੀ ਬਿਜਲੀ ਲਿਸ਼ਕੀ। ਚਾਰੇ ਪਾਸੇ ਚਾਨਣ ਦਾ ਛਿੱਟਾ ਆਇਆ। ਇਸੇ ਹੀ ਪਲ ਉਸ ਨੇ ਦੋ ਫੋਟੋਆਂ ਕਲਿੱਕ ਕਰ ਲਈਆਂ। ਬਾਰ ਅੜਾ ਕੇ ਉਹ ਬਿਸਤਰੇ ਵਿੱਚ ਆ ਬੈਠਿਆ। ਫੇਸਬੁੱਕ ਖੋਲ ਕੇ ਇਹ ਫੋਟੋਆਂ ਫੇਸਬੁੱਕ ਉੱਪਰ ਅੱਪ-ਲੋਡ ਕਰ ਦਿੱਤੀਆਂ। ਉੱਪਰ ਲਿਖ ਦਿੱਤਾ, ‘ਮੇਰੇ ਖੇਤ, ਮੇਰੇ ਪੁਰਖੇ।’ ਮੋਬਾਈਲ ਸਵਿੱਚ ਆਫ ਕੀਤਾ ਤੇ ਕੰਬਲ ਚਾਰੇ ਪਾਸਿਓਂ ਦੱਬ ਲਿਆ। ਉਸਦਾ ਦਾਦਾ ਫਿਰ ਉਸ ਦੇ ਖ਼ਿਆਲਾਂ ਵਿੱਚ ਆ ਖੜਿਆ। ਉਹ ਦਾਦੇ ਨਾਲ ਵਾਰਤਾ ਕਰਦਾ ਪਤਾ ਨਹੀਂ ਕਿਹੜੇ ਵੇਲੇ ਸੌਂ ਗਿਆ।
ਪਰਗਟ ਸਿੰਘ ਸਤੌਜ
9417241787