ਮੋਈ ਹੋਈ ਝਾਂਜਰ – “ਸਾਰਾ ਸ਼ਗੁਫ਼ਤਾ”
ਮੈਂ ਛੇਵੀਂ ਵਿਚ ਪੜ੍ਹਦੀ ਸਾਂ ਜਦੋਂ ਮੇਰੀ ਸ਼ਾਦੀ ਕਰ ਦਿੱਤੀ ਗਈ ਸੀ। ਚੌਦਾਂ ਵਰਿਆਂ ਦੀ ਸਾਂ ਤਿੰਨ ਬੱਚੇ ਹੋਏ….ਪਹਿਲਾ ਲੜਕਾ ਦੂਜੀ ਲੜਕੀ ਤੇ ਤੀਸਰਾ ਬੱਚਾ ਫੇਰ ਲੜਕਾ। ਇਹ ਤੀਸਰਾ ਬੱਚਾ ਇਕ ਹਫਤੇ ਦਾ ਸੀ। ਹਸਪਤਾਲ ਤੋਂ ਘਰ ਆਈ ਸਾਂ। ਉਨ੍ਹਾਂ ਦਿਨਾਂ ਵਿਚ ਮੇਰੀ ਉਮਰ ਦੀ ਮੇਰੇ ਤੋਂ ਤਿੰਨ ਕੁ ਵਰੇ ਛੋਟੀ ਮੇਰੀ ਭਣੇਵੀਂ ਮੇਰੀ ਮਦਦ ਲਈ ਮੇਰੇ ਘਰ ਆਈ ਹੋਈ ਸੀ। ਮੈਂ ਇਕ ਹਫਤੇ ਦੇ ਬੱਚੇ ਨੂੰ ਝੋਲੀ ਵਿਚ ਪਾ ਕੇ ਬੈਠੀ ਹੋਈ ਸਾਂ ਕਿ ਮੇਰੇ ਖਾਵੰਦ ਨੇ ਸਾਫ਼ ਹਰਫ਼ਾਂ ਵਿਚ ਆਖਿਆ ਕਿ ਉਹ ਰਾਤ ਨੂੰ ਮੇਰੀ ਭਣੇਵੀਂ ਨਾਲ ਸੌਣਾ ਚਾਹੁੰਦਾ ਹੈ !! ਮੈਂ ਤੜਪ ਕੇ ਇਕ ਵਰੇ ਦੀ ਧੀ ਉਹਦੇ ਸਾਹਮਣੇ ਰਖ ਦਿਤੀ !! ਆਖਿਆ,”ਮੇਰੀ ਭਣੇਵੀ ਮੇਰੀ ਧੀ ਵਾਂਗ ਮੇਰੇ ਘਰ ਆਈ ਹੈ ਜਹੀ ਉਹ ਤਹੀ ਇਹ ! ਜੇ ਤੂੰ ਸੌਣਾ ਹੈ ਤਾ ਉਹਦੇ ਨਾਲ ਨਹੀ ਇਸ ਆਪਣੀ ਧੀ ਨਾਲ ਸੌਂ ਲੈ !!?
ਉਹ ਵੀ ਗੁਸੇ ਵਿਚ ਆ ਗਿਆ ਮੈੰ ਵੀ ਤੇ ਉਹਨੇ ਤਿੰਨ ਵਾਰੀ ਤਲਾਕ ਤਲਾਕ ਕਹਿ ਕੇ ਮੈਨੂੰ ਉਸ ਰਾਤ ਤਲਾਕ ਦੇ ਦਿਤਾ। ਰਾਤ ਦਾ ਵੇਲਾ ਸੀ ਕਿਤੇ ਨਹੀ ਸਾਂ ਜਾ ਸਕਦੀ। ਕਮਰੇ ਦੀ ਕੁੰਡੀ ਅੰਦਰੋਂ ਦੀ ਬੰਦ ਕਰਕੇ ਸੌਂ ਗਈ। ਸਵੇਰੇ ਉਠ ਕੇ ਇਕ ਹਫਤੇ ਦੇ ਬੱਚੇ ਨੂੰ ਵੀ ਚੁੱਕਿਆ ਤੇ ਵਰੇ ਦੀ ਕੁੜੀ ਨੂੰ ਵੀ ਤੇ ਘਰ ਵਿਚੋਂ ਬਾਹਰ ਨਿਕਲ ਆਈ।
(ਕਿਤਾਬ ‘ਇੱਕ ਸੀ ਸਾਰਾ’ ਵਿੱਚੋਂ)
ਸਾਰਾ ਸ਼ਗੁਫ਼ਤਾ ਦੀ ਉਰਦੂ ਨਜ਼ਮ ਦਾ ਅਨੁਵਾਦ :
ਔਰਤ ਅਤੇ ਨਮਕ / ਜਸਪਾਲ ਘਈ
————–
ਇੱਜ਼ਤ ਦੀਆਂ ਕਈ ਕਿਸਮਾਂ ਹਨ :
ਘੁੰਡ, ਥੱਪੜ, ਕਣਕ
ਇੱਜ਼ਤ ਦੇ ਤਾਬੂਤ ਵਿਚ ਠੁਕੀਆਂ ਨੇ
ਕੈਦ ਦੀਆਂ ਮੇਖਾਂ
ਘਰ ਤੋਂ ਫੁੱਟਪਾਥ ਤਕ
ਕੁਝ ਵੀ ਨਹੀਂ ਸਾਡਾ
ਇੱਜ਼ਤ :
ਸਾਡੇ ਗੁਜ਼ਾਰੇ ਲਈ ਏ
ਇੱਜ਼ਤ ਦੇ ਨੇਜ਼ੇ ਤੇ
ਟੰਗਿਆ ਜਾਂਦਾ ਏ ਸਾਨੂੰ
ਇੱਜ਼ਤ ਦੀ ਕਣੀ
ਸ਼ੁਰੂ ਹੁੰਦੀ ਏ ਸਾਡੀ ਜ਼ੁਬਾਨ ਤੋਂ
ਕੋਈ ਇਕ ਰਾਤ ਸਾਡਾ ਨਮਕ ਚੱਖ ਲਵੇ
ਤਾਂ ਪੂਰੀ ਜ਼ਿੰਦਗੀ ਲਈ
ਸਾਡਾ ਨਾਂ ਹੋ ਜਾਂਦੈ – ‘ਬੇਸੁਆਦ ਰੋਟੀ’
ਕਿੱਦਾਂ ਦਾ ਹੈ ਇਹ ਬਾਜ਼ਾਰ
ਕਿ ਫਿੱਕਾ ਪੈ ਗਿਐ ਲਲਾਰੀ
ਖ਼ਲਾਅ ਦੀ ਹਥੇਲੀ ਤੇ
ਮਰ ਰਹੀਆਂ ਨੇ ਪਤੰਗਾਂ
ਮੈਂ ਕੈਦ ਚ ਬੱਚੇ ਜਣਦੀ ਹਾਂ
ਜਾਇਜ਼ ਔਲਾਦ ਦੇ ਉਗਮਣ ਲਈ
ਖਿਲੰਦੜੀ ਜ਼ਮੀਨ ਹੋਣੀ ਚਾਹੀਦੀ ਏ
ਤੂੰ ਡਰ ਕੇ ਬੱਚੇ ਜਣਦੀ ਏਂ
ਇਸੇ ਲਈ ਅੱਜ ਕੋਈ ਨਸਲ ਨਹੀਂ ਤੇਰੀ
ਤੈਨੂੰ ਪੁਕਾਰਿਆ ਜਾਂਦੈ
ਜਿਸਮ ਦੇ ਇਕ ਅੰਗ ਨਾਲ
ਤੇਰੀ ਹੈਸੀਅਤ ਨਾਲ ਖੇਡੀਆਂ ਜਾਂਦੀਆਂ ਨੇ ਗੋਟੀਆਂ
ਚੱਲੀਆਂ ਜਾਂਦੀਆਂ ਹਨ ਚਾਲਾਂ :
ਤੇਰੇ ਹੋਠਾਂ ਤੇ ਤਰਾਸ਼ ਦਿੱਤੀ ਜਾਂਦੀ ਏ ਮੁਸਕਾਨ
ਤੂੰ ਸਦੀਆਂ ਤੋਂ ਰੋਈ ਨਹੀਂ ?
ਕੀ ਅਜਿਹੀ ਹੁੰਦੀ ਏ ਮਾਂ ?
ਤੇਰੇ ਬੱਚੇ ਫਿੱਕੇ ਕਿਉਂ ਪੈ ਗਏ ਨੇ ?
ਕਿਸ ਕੁਨਬੇ ਦੀ ਮਾਂ ਏਂ ਤੂੰ :
ਰੇਪ ਦੀ ? ਕੈਦ ਦੀ ? ਵਟੇ ਹੋਏ ਜਿਸਮਾਂ ਦੀ ?
ਜਾਂ ਇੱਟਾਂ ਚ ਚਿਣੀਆਂ ਧੀਆਂ ਦੀ ?
ਬਾਜ਼ਾਰ ਚ ਤੇਰੀਆਂ ਬੇਟੀਆਂ
ਲਹੂ ਸੰਗ ਭੁੱਖ ਗੁੰਨ੍ਹਦੀਆਂ
ਤੇ ਆਪਣਾ ਗੋਸ਼ਤ ਖਾਂਦੀਆਂ ।
ਇਹ ਤੇਰੀਆਂ ਕੇਹੀਆਂ ਅੱਖਾਂ ਨੇ ਬੰਦਿਆ !
ਕੇਹੀ ਚਿਣਾਈ ਏ ਤੇਰੇ ਘਰ ਦੀ ਦੀਵਾਰ ਦੀ !
ਤੂੰ ਮੇਰੇ ਹਾਸੇ ਨੂੰ ਮੇਰਾ ਤੁਆਰਫ਼ ਬਣਾਇਆ
ਤੇ ਬੇਟੇ ਨੂੰ ‘ਵਕਤ ਦਾ ਸਿੱਕਾ’ ਕਹਿ ਕੇ ਬੁਲਾਇਆ
ਅੱਜ ਤੇਰੀ ਬੇਟੀ ਕਰੇ ਐਲਾਨ
ਕਿ ਦਾਗ ਦੇਵੇਗੀ
ਆਪਣੀਆਂ ਬੇਟੀਆਂ ਦੀ ਜ਼ਬਾਨ
ਰੱਤ ਥੁੱਕਦੀ ਇਹ ਔਰਤ ਕੋਈ ਧਾਤ ਨਹੀਂ
ਨਾ ਚੂੜੀਆਂ ਦੀ ਚੋਰ ਹੈ
ਇਸ ਵਿਚ ਇਹ ਕਹਿਣ ਦਾ ਜ਼ੋਰ ਹੈ :
ਮੈਦਾਨ ਮੇਰਾ ਹੌਸਲਾ
ਅੰਗਿਆਰ ਮੇਰੀ ਖ਼ਾਹਿਸ਼
ਮੈਂ ਤੇ ਸਿਰ ਤੇ ਕਫ਼ਨ ਬੰਨ੍ਹ ਕੇ ਜੰਮੀ ਹਾਂ
ਕੋਈ ਅੰਗੂਠੀ ਪਹਿਨ ਕੇ ਨਹੀਂ ਜੰਮੀ
ਜਿਸ ਨੂੰ ਚੋਰੀ ਕਰ ਲਵੇਂਗਾ ਤੂੰ ।
—-